Numbers

ਗਿਣਤੀ

ਭੂਮਿਕਾ

ਗਿਣਤੀ ਦੀ ਪੁਸਤਕ ਦੇ ਵਿੱਚ ਇਸਰਾਏਲੀਆਂ ਦੇ ਚਾਲੀ ਸਾਲ ਦੇ ਇਤਿਹਾਸ ਦਾ ਵਰਨਣ ਮਿਲਦਾ ਹੈ । ਇਸ ਵਿੱਚ ਸੀਨਈ ਪਹਾੜ ਤੋਂ ਕੂਚ ਤੋਂ ਲੈ ਕੇ ਪਰਮੇਸ਼ੁਰ ਦੇ ਦੁਆਰਾ ਵਾਅਦਾ ਕੀਤੇ ਹੋਏ ਦੇਸ ਦੀ ਪੂਰਬੀ ਸੀਮਾ ਤੱਕ ਪਹੁੰਚਣ ਦਾ ਵਰਨਣ ਹੈ । ਇਸ ਪੁਸਤਕ ਦਾ ਨਾਮ ਇਸ ਦੇ ਵਰਨਣ ਦੀ ਇੱਕ ਮੁੱਖ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ, ਜੋ ਮੂਸਾ ਨੇ ਸੀਨਈ ਪਹਾੜ ਤੋਂ ਕੂਚ ਤੋਂ ਪਹਿਲਾਂ ਇਸਰਾਏਲੀਆਂ ਦੀ ਗਿਣਤੀ ਕੀਤੀ ਸੀ ਅਤੇ ਦੁਬਾਰਾ ਇੱਕ ਪੀੜ੍ਹੀ ਤੋਂ ਬਾਅਦ ਯਰਦਨ ਦੇ ਪੂਰਬ ਵੱਲ ਮੋਆਬ ਵਿੱਚ ਕੀਤੀ ਸੀ । ਇਹਨਾਂ ਦੋਵਾਂ ਮਰਦਸ਼ੁਮਾਰੀਆਂ ਦੇ ਵਿੱਚ ਇਸਰਾਏਲੀ ਕਨਾਨ ਦੇਸ ਦੀ ਦੱਖਣੀ ਸੀਮਾ ਤੇ ਪਹੁੰਚੇ, ਪਰ ਉੱਥੋਂ ਵਾਅਦਾ ਕੀਤੇ ਹੋਏ ਦੇਸ ਵਿੱਚ ਦਾਖਲ ਨਾ ਹੋ ਸਕੇ । ਉਸ ਖੇਤਰ ਦੇ ਵਿੱਚ ਕਈ ਸਾਲ ਰਹਿਣ ਤੋਂ ਬਾਅਦ, ਉਹ ਯਰਦਨ ਨਦੀ ਦੇ ਪੂਰਬੀ ਖੇਤਰ ਦੇ ਵੱਲ ਗਏ । ਉੱਥੇ ਇਸਰਾਏਲੀਆਂ ਦੇ ਕੁਝ ਗੋਤ ਵੱਸ ਗਏ ਅਤੇ ਉੱਥੇ ਹੀ ਬਾਕੀ ਗੋਤਾਂ ਨੇ ਕਨਾਨ ਦੇਸ ਵਿੱਚ ਜਾਣ ਦੀ ਤਿਆਰੀ ਕੀਤੀ ।

ਗਿਣਤੀ ਦੇ ਕਿਤਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਾਤੀ ਦਾ ਵਰਨਣ ਮਿਲਦਾ ਹੈ ਜੋ ਮੁਸ਼ਕਿਲਾਂ ਦੇ ਕਾਰਨ ਨਿਰਾਸ਼ ਹੋ ਗਈ ਸੀ ਅਤੇ ਘਬਰਾ ਗਈ ਸੀ । ਉਸ ਨੇ ਪਰਮੇਸ਼ੁਰ ਅਤੇ ਪਰਮੇਸ਼ੁਰ ਦੁਆਰਾ ਠਹਿਰਾਏ ਗਏ ਆਗੂ ਮੂਸਾ ਦੇ ਵਿਰੁੱਧ ਵਿਦਰੋਹ ਕੀਤਾ ਸੀ । ਇਹ ਉਸ ਦੇ ਲੋਕਾਂ ਦੀਆਂ ਕਮਜ਼ੋਰੀਆਂ ਅਤੇ ਅਣ-ਆਗਿਆਕਾਰੀ ਦੇ ਬਾਵਜੂਦ ਉਹਨਾਂ ਦੇ ਲਈ ਪਰਮੇਸ਼ੁਰ ਦੇ ਵਿਸ਼ਵਾਸ ਜੋਗ ਹੋਣ ਅਤੇ ਲਗਾਤਾਰ ਉਹਨਾਂ ਦੀ ਦੇਖਭਾਲ ਕਰਨ ਦਾ ਵਰਨਣ ਹੈ । ਇਹ ਪਰਮੇਸ਼ੁਰ ਅਤੇ ਲੋਕਾਂ ਦੇ ਲਈ ਮੂਸਾ ਦੇ ਸੰਪੂਰਨ ਸਮਰਪਣ ਦਾ ਵਰਨਣ ਵੀ ਹੈ, ਭਾਵੇਂ ਕਿ ਕਦੇ ਕਦੇ ਉਹ ਬੇਚੈਨ ਹੋ ਜਾਂਦਾ ਸੀ ।

ਰੂਪ-ਰੇਖਾ

ਇਸਰਾਏਲੀਆਂ ਦੁਆਰਾ ਸੀਨਈ ਪਹਾੜ ਤੋਂ ਕੂਚ ਦੀ ਤਿਆਰੀ 1:1 - 9:23

ਪਹਿਲੀ ਮਰਦਸ਼ੁਮਾਰੀ 1:1 - 4:49

ਅਲੱਗ-ਅਲੱਗ ਨਿਯਮ ਅਤੇ ਕਨੂੰਨ 5:1 - 8:26

ਪਸਾਹ ਦਾ ਦੂਸਰਾ ਪਰਬ 9:1 – 23

ਸੀਨਈ ਪਹਾੜ ਤੋਂ ਮੋਆਬ ਤੱਕ 10:1 – 21:35

ਮੋਆਬ ਵਿੱਚ ਵਾਪਰੀਆਂ ਘਟਨਾਵਾਂ 22:1 – 32:42

ਮਿਸਰ ਤੋਂ ਮੋਆਬ ਤੱਕ ਦੇ ਯਾਤਰਾ ਦਾ ਸੰਖੇਪ ਵਰਨਣ 33:1 – 49

ਯਰਦਨ ਨਦੀ ਪਾਰ ਕਰਨ ਤੋਂ ਪਹਿਲਾਂ ਦਿੱਤੇ ਗਏ ਨਿਰਦੇਸ਼ 33:50 – 36:13

1

ਇਸਰਾਏਲੀਆਂ ਦੀ ਪਹਿਲੀ ਮਰਦਸ਼ੁਮਾਰੀ

1ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮਿਲਾਪ ਵਾਲੇ ਤੰਬੂ ਵਿੱਚ ਯਹੋਵਾਹ ਨੇ ਮੂਸਾ ਨੂੰ ਕਿਹਾ 2ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਇੱਕ-ਇੱਕ ਪੁਰਖ ਦੀ ਗਿਣਤੀ ਨਾਮ ਲੈ-ਲੈ ਕੇ ਕਰ । 3ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਇਸਰਾਏਲ ਲਈ ਯੁੱਧ ਕਰ ਸਕਦੇ ਹਨ, ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਦਲਾਂ ਦੇ ਅਨੁਸਾਰ ਕਰੋ । 4ਤੁਹਾਡੇ ਨਾਲ ਹਰੇਕ ਗੋਤ ਦਾ ਇੱਕ-ਇੱਕ ਮਨੁੱਖ ਹੋਵੇ ਜਿਹੜਾ ਆਪਣੇ ਪੁਰਖਿਆਂ ਦੇ ਪਰਿਵਾਰ ਵਿੱਚ ਮੁਖੀਆ ਹੋਵੇ । 5ਉਨ੍ਹਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੇ ਨਾਲ ਖੜ੍ਹੇ ਹੋਣਗੇ ਇਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤਰ ਅਲੀਸੂਰ । 6ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ । 7ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ । 8ਯਿੱਸਾਕਾਰ ਲਈ ਸੂਆਰ ਦਾ ਪੁੱਤਰ ਨਥਨਿਏਲ । 9ਜ਼ਬੂਲੁਨ ਲਈ ਹੇਲੋਨ ਦਾ ਪੁੱਤਰ ਅਲੀਆਬ । 10ਯੂਸੁਫ਼ ਦੇ ਪੁੱਤਰਾਂ ਵਿੱਚੋਂ ਅਫ਼ਰਈਮ ਲਈ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ । ਮਨੱਸ਼ਹ ਲਈ ਪਦਾਹਸੂਰ ਦਾ ਪੁੱਤਰ ਗਮਲੀਏਲ । 11ਬਿਨਯਾਮੀਨ ਲਈ ਗਿਦਓਨੀ ਦਾ ਪੁੱਤਰ ਅਬੀਦਾਨ । 12ਦਾਨ ਲਈ ਅੰਮੀਸ਼ਦਾਈ ਦਾ ਪੁੱਤਰ ਅਹੀਅਜ਼ਰ । 13ਆਸ਼ੇਰ ਲਈ ਆਕਰਾਨ ਦਾ ਪੁੱਤਰ ਪਗੀਏਲ । 14ਗਾਦ ਲਈ ਦਊਏਲ ਦਾ ਪੁੱਤਰ ਅਲਯਾਸਾਫ਼ । 15ਨਫ਼ਤਾਲੀ ਲਈ ਏਨਾਨ ਦਾ ਪੁੱਤਰ ਅਹੀਰਾ । 16ਇਹ ਮੰਡਲੀ ਤੋਂ ਸੱਦੇ ਹੋਏ ਆਪਣੇ ਪਿਉ-ਦਾਦਿਆਂ ਦੇ ਗੋਤਾਂ ਵਿੱਚ ਪ੍ਰਧਾਨ ਸਨ ਅਤੇ ਇਹ ਇਸਰਾਏਲੀਆਂ ਵਿੱਚ ਹਜ਼ਾਰਾਂ ਦੇ ਪ੍ਰਧਾਨ ਸਨ ।

17ਮੂਸਾ ਅਤੇ ਹਾਰੂਨ ਨੇ ਇਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਜਿਨ੍ਹਾਂ ਦੇ ਨਾਮ ਦਾ ਉੱਤੇ ਜ਼ਿਕਰ ਕੀਤਾ ਗਿਆ ਹੈ 18ਪੁਰਖਿਆਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਆਪਣੇ ਕੁੱਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਜਿਹੜੇ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਉਨ੍ਹਾਂ ਦੇ ਨਾਮ ਦੀ ਗਿਣਤੀ ਕਰਵਾ ਕੇ ਆਪਣੀ ਵੰਸ਼ਾਵਲੀ ਲਿਖਵਾਈ । 19ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਸਨੇ ਸੀਨਈ ਦੀ ਉਜਾੜ ਵਿੱਚ ਉਨ੍ਹਾਂ ਦੀ ਗਿਣਤੀ ਕੀਤੀ ।

20ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਆਦਮੀ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 21ਰਊਬੇਨ ਦੇ ਗੋਤ ਦੇ ਗਿਣੇ ਹੋਏ ਪੁਰਖ ਛਿਆਲੀ ਹਜ਼ਾਰ ਪੰਜ ਸੌ ਸਨ ।

22ਸ਼ਿਮਓਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਪੁਰਖ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 23ਸ਼ਿਮਓਨ ਦੇ ਗੋਤ ਦੇ ਗਿਣੇ ਹੋਏ ਪੁਰਖ ਉਣਾਹਠ ਹਜ਼ਾਰ ਤਿੰਨ ਸੌ ਸਨ ।

24ਗਾਦ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 25ਗਾਦ ਦੇ ਗੋਤ ਦੇ ਗਿਣੇ ਹੋਏ ਪੁਰਖ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ ।

26ਯਹੂਦਾਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਨ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ । 27ਅਤੇ ਯਹੂਦਾਹ ਦੇ ਗੋਤ ਦੇ ਗਿਣੇ ਹੋਏ ਪੁਰਖ ਚੁਹੱਤਰ ਹਜ਼ਾਰ ਛੇ ਸੌ ਸਨ ।

28ਯਿੱਸਾਕਾਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 29ਅਤੇ ਯਿੱਸਾਕਾਰ ਦੇ ਗੋਤ ਦੇ ਗਿਣੇ ਹੋਏ ਚੁਰੰਜਾ ਹਜ਼ਾਰ ਚਾਰ ਸੌ ਸਨ ।

30ਜ਼ਬੂਲੁਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 31ਅਤੇ ਜ਼ਬੂਲੁਨ ਦੇ ਗੋਤ ਦੇ ਗਿਣੇ ਹੋਏ ਸਤਵੰਜਾ ਹਜ਼ਾਰ ਚਾਰ ਸੌ ਸਨ ।

32ਯੂਸੁਫ਼ ਦੇ ਪੁੱਤਰ ਅਫ਼ਰਈਮ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 33ਅਤੇ ਅਫ਼ਰਈਮ ਦੇ ਗੋਤ ਦੇ ਗਿਣੇ ਹੋਏ ਚਾਲ੍ਹੀ ਹਜ਼ਾਰ ਪੰਜ ਸੌ ਪੁਰਖ ਸਨ ।

34ਮਨੱਸ਼ਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 35ਅਤੇ ਮਨੱਸ਼ਹ ਦੇ ਗੋਤ ਦੇ ਗਿਣੇ ਹੋਏ ਪੁਰਖ ਬੱਤੀ ਹਜ਼ਾਰ ਦੋ ਸੌ ਸਨ ।

36ਬਿਨਯਾਮੀਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 37ਅਤੇ ਬਿਨਯਾਮੀਨ ਦੇ ਗੋਤ ਦੇ ਗਿਣੇ ਹੋਏ ਪੁਰਖ ਪੈਂਤੀ ਹਜ਼ਾਰ ਚਾਰ ਸੌ ਸਨ ।

38ਦਾਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 39ਅਤੇ ਦਾਨ ਦੇ ਗੋਤ ਦੇ ਗਿਣੇ ਹੋਏ ਪੁਰਖ ਬਾਹਠ ਹਜ਼ਾਰ ਸੱਤ ਸੌ ਸਨ ।

40ਆਸ਼ੇਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 41ਅਤੇ ਆਸ਼ੇਰ ਦੇ ਗੋਤ ਦੇ ਗਿਣੇ ਹੋਏ ਪੁਰਖ ਇੱਕਤਾਲੀ ਹਜ਼ਾਰ ਪੰਜ ਸੌ ਸਨ ।

42ਨਫ਼ਤਾਲੀ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ । 43ਅਤੇ ਨਫ਼ਤਾਲੀ ਦੇ ਗੋਤ ਦੇ ਗਿਣੇ ਹੋਏ ਪੁਰਖ ਤਰਵੰਜਾ ਹਜ਼ਾਰ ਚਾਰ ਸੌ ਸਨ ।

44ਇਹ ਉਹ ਹਨ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ, ਹਾਰੂਨ ਅਤੇ ਇਸਰਾਏਲ ਦੇ ਬਾਰਾਂ ਪ੍ਰਧਾਨਾਂ ਨੇ ਗਿਣਿਆ ਉਹ ਆਪਣੇ-ਆਪਣੇ ਪੁਰਖਿਆਂ ਦੇ ਪਰਿਵਾਰ ਲਈ ਸਨ । 45ਸੋ ਉਹ ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਵੀਹ ਸਾਲਾਂ ਜਾਂ ਉਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਯੁੱਧ ਕਰਨ ਦੇ ਯੋਗ ਸਨ । 46ਸਾਰੇ ਜਿਹੜੇ ਗਿਣੇ ਗਏ ਛੇ ਲੱਖ ਤਿੰਨ ਹਜ਼ਾਰ ਪੰਜ ਸੋ ਪੰਜਾਹ ਸਨ ।

47ਪਰ ਲੇਵੀ ਆਪਣੇ ਪਿਉ-ਦਾਦਿਆਂ ਦੇ ਗੋਤ ਅਨੁਸਾਰ ਉਨ੍ਹਾਂ ਵਿੱਚ ਨਾ ਗਿਣੇ ਗਏ । 48ਯਹੋਵਾਹ ਨੇ ਮੂਸਾ ਨੂੰ ਆਖਿਆ 49ਕਿ ਸਿਰਫ਼ ਲੇਵੀਆਂ ਦੇ ਗੋਤ ਨੂੰ ਤੂੰ ਨਾ ਗਿਣੀਂ ਅਤੇ ਉਨ੍ਹਾਂ ਦੀ ਗਿਣਤੀ ਇਸਰਾਏਲੀਆਂ ਵਿੱਚ ਨਾ ਕਰੀਂ । 50ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਨਿਯੁੱਕਤ ਕਰੀਂ । ਉਹ ਡੇਰੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਉਹ ਉਸ ਦੀ ਸੇਵਾ ਕਰਨ ਅਤੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ । 51ਜਦ ਡੇਰੇ ਨੂੰ ਅੱਗੇ ਲੈ ਕੇ ਜਾਣਾ ਹੋਵੇ ਤਾਂ ਲੇਵੀ ਉਸ ਨੂੰ ਹੇਠਾਂ ਉਤਾਰਨ ਅਤੇ ਜਦ ਡੇਰੇ ਨੂੰ ਲਾਉਣਾ ਹੋਵੇ ਤਾਂ ਉਹ ਨੂੰ ਖੜ੍ਹਾ ਕਰਨ ਪਰ ਜੇ ਕੋਈ ਅਜਨਬੀ ਜਿਹੜਾ ਉਸ ਦੇ ਨੇੜੇ ਆਵੇ ਮਾਰ ਦਿੱਤਾ ਜਾਵੇ । 52ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ । 53ਪਰ ਲੇਵੀ ਸਾਖੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂ ਜੋ ਇਸਰਾਏਲੀਆਂ ਦੀ ਮੰਡਲੀ ਉੱਤੇ ਯਹੋਵਾਹ ਦਾ ਕ੍ਰੋਧ ਨਾ ਭੜਕੇ ਅਤੇ ਲੇਵੀ ਸਾਖੀ ਦੇ ਡੇਰੇ ਦੀ ਰਾਖੀ ਕਰਨ । 54ਇਸਰਾਏਲੀਆਂ ਨੇ ਇਸ ਤਰ੍ਹਾਂ ਹੀ ਕੀਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਕੀਤਾ ।

2

ਡੇਰੇ ਵਿੱਚ ਗੋਤਾਂ ਦੀ ਵੰਡ

1ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ 2ਕਿ ਇਸਰਾਏਲੀਆਂ ਦਾ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਨਿਸ਼ਾਨਾਂ ਨਾਲ ਆਪਣਾ ਤੰਬੂ ਖੜ੍ਹਾ ਕਰੇ । ਮੰਡਲੀ ਦੇ ਤੰਬੂ ਦੇ ਸਾਹਮਣੇ ਅਤੇ ਆਲੇ-ਦੁਆਲੇ ਉਹ ਤੰਬੂ ਲਾਉਣ । 3ਜਿਹੜੇ ਸੂਰਜ ਦੇ ਚੜ੍ਹਦੇ ਪਾਸੇ ਡੇਰਾ ਲਾਉਣ, ਜਿਹੜੇ ਯਹੂਦਾਹ ਦੇ ਡੇਰੇ ਦੇ ਹੋਣ ਉਹ ਆਪਣੀਆਂ ਸੈਨਾਂ ਅਨੁਸਾਰ ਯਹੂਦਾਹ ਦੇ ਝੰਡੇ ਦੇ ਹੋਣ ਅਤੇ ਯਹੂਦਾਹ ਦੇ ਲੋਕਾਂ ਦਾ ਪ੍ਰਧਾਨ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੋਵੇ । 4ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਹੱਤਰ ਹਜ਼ਾਰ ਛੇ ਸੌ ਸਨ । 5ਜਿਹੜੇ ਉਸ ਦੇ ਕੋਲ ਡੇਰਾ ਲਾਉਣ ਉਹ ਯਿੱਸਾਕਾਰ ਦੇ ਗੋਤ ਦੇ ਹੋਣ ਅਤੇ ਯਿੱਸਾਕਾਰ ਦੇ ਲੋਕਾਂ ਦਾ ਪ੍ਰਧਾਨ ਸੂਆਰ ਦਾ ਪੁੱਤਰ ਨਥਨਿਏਲ ਹੋਵੇ । 6ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚੁਰੰਜਾ ਹਜ਼ਾਰ ਚਾਰ ਸੌ ਸਨ । 7ਜ਼ਬੂਲੁਨ ਦੇ ਗੋਤ ਯਿੱਸਾਕਾਰ ਦੇ ਕੋਲ ਰਹਿਣ, ਜ਼ਬੂਲੁਨ ਦੇ ਲੋਕਾਂ ਦਾ ਪ੍ਰਧਾਨ ਹੇਲੋਨ ਦਾ ਪੁੱਤਰ ਅਲੀਆਬ ਹੋਵੇ । 8ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਸਤਵੰਜਾ ਹਜ਼ਾਰ ਚਾਰ ਸੌ ਸਨ । 9ਯਹੂਦਾਹ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਛਿਆਸੀ ਹਜ਼ਾਰ ਚਾਰ ਸੌ, ਉਨ੍ਹਾਂ ਦੀਆਂ ਸੈਨਾ ਅਨੁਸਾਰ ਸਨ । ਪਹਿਲਾਂ ਉਹ ਕੂਚ ਕਰਨ ।

10ਰਊਬੇਨ ਦੇ ਡੇਰੇ ਦਾ ਝੰਡਾ ਦੱਖਣ ਵੱਲ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਰਊਬੇਨ ਦੇ ਲੋਕਾਂ ਦਾ ਪ੍ਰਧਾਨ ਸ਼ਦੇਊਰ ਦਾ ਪੁੱਤਰ ਅਲੀਸੂਰ ਹੋਵੇ । 11ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਛਿਆਲੀ ਹਜ਼ਾਰ ਪੰਜ ਸੌ ਸਨ । 12ਜਿਹੜੇ ਉਸ ਕੋਲ ਡੇਰਾ ਲਾਉਣ ਉਹ ਸ਼ਿਮਓਨ ਦੇ ਗੋਤ ਦੇ ਹੋਣ ਅਤੇ ਸ਼ਿਮਓਨ ਦੇ ਲੋਕਾਂ ਦਾ ਪ੍ਰਧਾਨ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਹੋਵੇ । 13ਉਹ ਦੀ ਸੈਨਾ ਦੇ ਗਿਣੇ ਹੋਏ ਲੋਕ ਉਣਾਹਠ ਹਜ਼ਾਰ ਤਿੰਨ ਸੌ ਸਨ । 14ਫੇਰ ਗਾਦ ਦਾ ਗੋਤ ਅਤੇ ਗਾਦ ਦੇ ਲੋਕਾਂ ਦਾ ਪ੍ਰਧਾਨ ਦਊਏਲ ਦਾ ਪੁੱਤਰ ਅਲਯਾਸਾਫ਼ ਹੋਵੇ । 15ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ । 16ਰਊਬੇਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਇਕਵੰਜਾ ਹਜ਼ਾਰ ਚਾਰ ਸੌ ਪੰਜਾਹ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਸਨ ਅਤੇ ਦੂਜੇ ਉਹ ਕੂਚ ਕਰਨ ।

17ਫੇਰ ਮਿਲਾਪ ਵਾਲੇ ਤੰਬੂ ਦਾ ਕੂਚ ਹੋਵੇ ਅਤੇ ਲੇਵੀਆਂ ਦਾ ਡੇਰਾ ਡੇਰਿਆਂ ਦੇ ਵਿਚਕਾਰ ਹੋਵੇ । ਜਿਵੇਂ ਉਨ੍ਹਾਂ ਨੇ ਡੇਰੇ ਲਾਏ ਉਸੇ ਤਰ੍ਹਾਂ ਉਹ ਕੂਚ ਕਰਨ । ਹਰ ਮਨੁੱਖ ਆਪਣੇ ਥਾਂ ਵਿੱਚ ਆਪਣੇ ਝੰਡਿਆਂ ਕੋਲ ਹੋਵੇ ।

18ਅਫ਼ਰਈਮ ਦੇ ਡੇਰੇ ਦਾ ਝੰਡਾ ਉਨ੍ਹਾਂ ਦੀਆਂ ਸੈਨਾਂ ਅਨੁਸਾਰ ਪੱਛਮ ਪਾਸੇ ਵੱਲ ਹੋਵੇ ਅਤੇ ਅਫ਼ਰਈਮ ਦੇ ਲੋਕਾਂ ਦਾ ਪ੍ਰਧਾਨ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੋਵੇ । 19ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਚਾਲ੍ਹੀ ਹਜ਼ਾਰ ਪੰਜ ਸੌ ਸਨ । 20ਫੇਰ ਉਹ ਦੇ ਨੇੜ੍ਹੇ ਮਨੱਸ਼ਹ ਦਾ ਗੋਤ ਹੋਵੇ ਅਤੇ ਮਨੱਸ਼ਹ ਦੇ ਲੋਕਾਂ ਦਾ ਪ੍ਰਧਾਨ ਪਦਾਹਸੂਰ ਦਾ ਪੁੱਤਰ ਗਮਲੀਏਲ ਹੋਵੇ । 21ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਬੱਤੀ ਹਜ਼ਾਰ ਦੋ ਸੌ ਸਨ । 22ਫੇਰ ਬਿਨਯਾਮੀਨ ਦਾ ਗੋਤ ਹੋਵੇ ਅਤੇ ਬਿਨਯਾਮੀਨ ਦੇ ਲੋਕਾਂ ਦਾ ਪ੍ਰਧਾਨ ਗਿਦਓਨੀ ਦਾ ਪੁੱਤਰ ਅਬੀਦਾਨ ਹੋਵੇ । 23ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਪੈਂਤੀ ਹਜ਼ਾਰ ਚਾਰ ਸੌ ਸਨ । 24ਅਫ਼ਰਈਮ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਅੱਠ ਹਜ਼ਾਰ ਇੱਕ ਸੌ, ਉਨ੍ਹਾਂ ਦੀਆਂ ਸੈਨਾਂ ਦੇ ਅਨੁਸਾਰ ਸਨ । ਤੀਜੇ ਉਹ ਕੂਚ ਕਰਨ ।

25ਦਾਨ ਦੇ ਡੇਰੇ ਦਾ ਝੰਡਾ ਉੱਤਰ ਦੇ ਪਾਸੇ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਹੋਵੇ ਅਤੇ ਦਾਨ ਦੇ ਲੋਕਾਂ ਦਾ ਪ੍ਰਧਾਨ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੋਵੇ । 26ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਬਾਹਠ ਹਜ਼ਾਰ ਸੱਤ ਸੌ ਸਨ । 27ਜਿਹੜੇ ਉਹ ਦੇ ਕੋਲ ਡੇਰਾ ਲਾਉਣ ਉਹ ਆਸ਼ੇਰ ਦੇ ਗੋਤ ਦੇ ਹੋਣ ਅਤੇ ਆਸ਼ੇਰ ਦੇ ਲੋਕਾਂ ਦਾ ਪ੍ਰਧਾਨ ਆਕਰਾਨ ਦਾ ਪੁੱਤਰ ਪਗੀਏਲ ਹੋਵੇ । 28ਅਤੇ ਉਸ ਦੀ ਸੈਨਾ ਦੇ ਗਿਣੇ ਹੋਏ ਲੋਕ ਇੱਕਤਾਲੀ ਹਜ਼ਾਰ ਪੰਜ ਸੌ ਸਨ । 29ਫੇਰ ਨਫ਼ਤਾਲੀ ਦਾ ਗੋਤ ਅਤੇ ਨਫ਼ਤਾਲੀ ਦੇ ਲੋਕਾਂ ਦਾ ਪ੍ਰਧਾਨ ਏਨਾਨ ਦਾ ਪੁੱਤਰ ਅਹੀਰਾ ਹੋਵੇ । 30ਉਹ ਦੀ ਸੈਨਾ ਦੇ ਗਿਣੇ ਹੋਏ ਲੋਕ ਤਿਰਵੰਜਾ ਹਜ਼ਾਰ ਚਾਰ ਸੌ ਸਨ । 31ਦਾਨ ਦੇ ਡੇਰੇ ਦੇ ਸਾਰੇ ਗਿਣੇ ਹੋਏ ਲੋਕ ਇੱਕ ਲੱਖ ਸਤਵੰਜਾ ਹਜ਼ਾਰ ਛੇ ਸੌ ਸਨ । ਉਹ ਸਭ ਦੇ ਪਿੱਛੋਂ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ ।

32ਇਹ ਉਹ ਇਸਰਾਏਲੀ ਹਨ, ਜਿਹੜੇ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਅਨੁਸਾਰ ਗਿਣੇ ਗਏ, ਡੇਰਿਆਂ ਦੇ ਸਾਰੇ ਗਿਣੇ ਹੋਏ, ਉਨ੍ਹਾਂ ਦੀਆਂ ਸੈਨਾਂ ਅਨੁਸਾਰ ਛੇ ਲੱਖ ਤਿੰਨ ਹਜ਼ਾਰ ਪੰਜ ਸੌ ਪੰਜਾਹ ਸਨ । 33ਪਰ ਲੇਵੀ ਇਸਰਾਏਲੀਆਂ ਵਿੱਚ ਗਿਣੇ ਨਾ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

34ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ, ਇਸਰਾਏਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਆਪਣੇ-ਆਪਣੇ ਝੰਡਿਆਂ ਦੇ ਕੋਲ ਡੇਰਿਆਂ ਨੂੰ ਖੜ੍ਹਾ ਕਰਦੇ ਅਤੇ ਕੂਚ ਕਰਦੇ ਸਨ ।

3

ਹਾਰੂਨ ਦੇ ਪੁੱਤਰ

1ਇਹ ਹਾਰੂਨ ਅਤੇ ਮੂਸਾ ਦੀ ਵੰਸ਼ਾਵਲੀ ਹੈ, ਜਿਸ ਦਿਨ ਯਹੋਵਾਹ ਸੀਨਈ ਪਹਾੜ ਉੱਤੇ ਮੂਸਾ ਨਾਲ ਬੋਲਿਆ । 2ਹਾਰੂਨ ਦੇ ਪੁੱਤਰਾਂ ਦੇ ਨਾਮ ਇਹ ਹਨ, ਪਹਿਲੌਠਾ ਨਾਦਾਬ, ਫ਼ੇਰ ਅਬੀਹੂ, ਅਲਆਜ਼ਾਰ ਅਤੇ ਈਥਾਮਾਰ । 3ਇਹ ਹਾਰੂਨ ਦੇ ਪੁੱਤਰਾਂ ਦੇ ਨਾਮ ਹਨ, ਉਹ ਜਾਜਕ ਜਿਹੜੇ ਮਸਹ ਕੀਤੇ ਗਏ ਅਤੇ ਜਿਨ੍ਹਾਂ ਨੂੰ ਉਸ ਨੇ ਜਾਜਕਾਈ ਲਈ ਥਾਪਿਆ । 4ਨਾਦਾਬ ਅਤੇ ਅਬੀਹੂ ਯਹੋਵਾਹ ਦੇ ਸਨਮੁਖ ਮਰ ਗਏ ਜਦ ਉਹ ਸੀਨਈ ਦੀ ਉਜਾੜ ਵਿੱਚ ਯਹੋਵਾਹ ਦੇ ਸਨਮੁਖ ਅਯੋਗ ਅੱਗ ਲਿਆਏ ਅਤੇ ਉਨ੍ਹਾਂ ਦੇ ਪੁੱਤਰ ਨਹੀਂ ਸਨ ਇਸ ਲਈ ਅਲਆਜ਼ਾਰ ਅਤੇ ਈਥਾਮਾਰ ਆਪਣੇ ਪਿਤਾ ਹਾਰੂਨ ਦੇ ਅੱਗੇ ਜਾਜਕਾਈ ਦਾ ਕੰਮ ਕਰਦੇ ਸਨ ।

ਜਾਜਕਾਂ ਦੀ ਸੇਵਾ ਦੇ ਲਈ ਲੇਵੀ

5ਯਹੋਵਾਹ ਨੇ ਮੂਸਾ ਨੂੰ ਆਖਿਆ 6ਕਿ ਲੇਵੀ ਦੇ ਗੋਤ ਨੂੰ ਨੇੜੇ ਲਿਆ ਅਤੇ ਉਨ੍ਹਾਂ ਨੂੰ ਹਾਰੂਨ ਜਾਜਕ ਦੇ ਅੱਗੇ ਖੜ੍ਹਾ ਕਰ ਤਾਂ ਜੋ ਉਹ ਉਸ ਦੀ ਸੇਵਾ ਕਰਨ । 7ਅਤੇ ਉਹ ਉਸਦਾ ਫ਼ਰਜ਼ ਅਤੇ ਸਾਰੀ ਮੰਡਲੀ ਦਾ ਫ਼ਰਜ਼ ਮਿਲਾਪ ਵਾਲੇ ਤੰਬੂ ਦੇ ਅੱਗੇ ਪੂਰਾ ਕਰਨ, ਜੋ ਉਹ ਡੇਰੇ ਦੀ ਟਹਿਲ ਸੇਵਾ ਕਰਨ । 8ਉਹ ਮਿਲਾਪ ਵਾਲੇ ਤੰਬੂ ਦੇ ਸਾਰੇ ਸਾਮਾਨ ਨਾਲੇ ਇਸਰਾਏਲੀਆਂ ਦਾ ਫ਼ਰਜ਼ ਪੂਰਾ ਕਰਨ ਅਤੇ ਰਖਵਾਲੀ ਕਰਨ, ਇਸ ਤਰ੍ਹਾਂ ਉਹ ਡੇਰੇ ਦੀ ਟਹਿਲ ਸੇਵਾ ਕਰਨ । 9ਤੂੰ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਦੇਈਂ । ਇਹ ਇਸਰਾਏਲੀਆਂ ਦੀ ਵੱਲੋਂ ਹਾਰੂਨ ਨੂੰ ਪੂਰੀ ਰੀਤੀ ਨਾਲ ਸਮਰਪਣ ਹੋਣ । 10ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਜਾਜਕਾਈ ਲਈ ਠਹਿਰਾਈਂ ਤਾਂ ਜੋ ਉਹ ਆਪਣੀ ਜਾਜਕਾਈ ਨੂੰ ਸਾਂਭਣ ਅਤੇ ਜੇ ਕੋਈ ਅਜਨਬੀ ਨੇੜੇ ਆਵੇ ਉਹ ਮਾਰਿਆ ਜਾਵੇ ।

11ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 12ਵੇਖ, ਮੈਂ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਸਾਰੇ ਪਹਿਲੌਠਿਆਂ ਦੇ ਥਾਂ ਜਿਹੜੇ ਇਸਰਾਏਲ ਵਿੱਚ ਹਨ, ਲੈ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹੋਣਗੇ । 13ਕਿਉਂ ਜੋ ਹਰ ਇੱਕ ਪਹਿਲੌਠਾ ਮੇਰਾ ਹੈ ਜਿਸ ਦਿਨ ਤੋਂ ਮੈਂ ਮਿਸਰ ਦੇਸ ਵਿੱਚ ਹਰ ਇੱਕ ਪਹਿਲੌਠਾ ਮਾਰਿਆ । ਮੈਂ ਆਪਣੇ ਲਈ ਹਰ ਇੱਕ ਪਹਿਲੌਠਾ ਇਸਰਾਏਲ ਵਿੱਚ ਆਦਮੀ ਤੋਂ ਲੈ ਕੇ ਡੰਗਰ ਤਕ ਪਵਿੱਤਰ ਕੀਤਾ, ਉਹ ਮੇਰੇ ਹੋਣਗੇ । ਮੈਂ ਯਹੋਵਾਹ ਹਾਂ ।

ਲੇਵੀਆਂ ਦੀ ਮਰਦਸ਼ੁਮਾਰੀ

14ਫੇਰ ਯਹੋਵਾਹ ਮੂਸਾ ਨਾਲ ਸੀਨਈ ਦੀ ਉਜਾੜ ਵਿੱਚ ਬੋਲਿਆ, 15ਲੇਵੀਆਂ ਵਿਚੋਂ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹੋਣ ਉਹਨਾਂ ਨੂੰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣ । 16ਤਦ ਮੂਸਾ ਨੇ ਜਿਵੇਂ ਉਹ ਨੂੰ ਹੁਕਮ ਮਿਲਿਆ ਉਨ੍ਹਾਂ ਨੂੰ ਯਹੋਵਾਹ ਦੇ ਕਹੇ ਅਨੁਸਾਰ ਗਿਣਿਆ । 17ਇਹ ਲੇਵੀ ਦੇ ਪੁੱਤਰਾਂ ਦੇ ਨਾਮ ਸਨ, ਗੇਰਸ਼ੋਨ, ਕਹਾਥ ਅਤੇ ਮਰਾਰੀ । 18ਇਹ ਗੇਰਸ਼ੋਨ ਦੇ ਪੁੱਤਰਾਂ ਦੇ ਨਾਮ ਹਨ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਲਿਬਨੀ ਅਤੇ ਸ਼ਿਮਈ । 19ਕਹਾਥ ਦੇ ਪੁੱਤਰ, ਉਨ੍ਹਾਂ ਦੇ ਟੱਬਰਾਂ ਅਨੁਸਾਰ, ਅਮਰਾਮ, ਯਿਸਹਾਰ, ਹਬਰੋਨ ਅਤੇ ਉੱਜ਼ੀਏਲ । 20ਮਰਾਰੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਮਹਲੀ ਅਤੇ ਮੂਸ਼ੀ । ਇਹ ਲੇਵੀ ਦੇ ਪਰਿਵਾਰ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਨ ।

21ਲਿਬਨੀਆਂ ਦਾ ਪਰਿਵਾਰ ਅਤੇ ਸ਼ਿਮਈਆਂ ਦਾ ਪਰਿਵਾਰ, ਗੇਰਸ਼ੋਨ ਦੇ ਹਨ । ਇਹ ਗੇਰਸ਼ੋਨੀਆਂ ਦੇ ਪਰਿਵਾਰ ਹਨ । 22ਅਤੇ ਪੁਰਖ ਜਿਹੜੇ ਗਿਣਤੀ ਵਿੱਚ ਆਏ ਇੱਕ ਮਹੀਨੇ ਤੋਂ ਉੱਪਰ ਦੇ ਸੱਤ ਹਜ਼ਾਰ ਪੰਜ ਸੌ ਗਿਣੇ ਗਏ । 23ਗੇਰਸ਼ੋਨੀਆਂ ਦੇ ਪਰਿਵਾਰ ਡੇਰੇ ਦੇ ਮਗਰ ਪੱਛਮ ਵਾਲੇ ਪਾਸੇ ਡੇਰਾ ਲਾਉਣ । 24ਅਤੇ ਗੇਰਸ਼ੋਨੀਆਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਲਾਏਲ ਦਾ ਪੁੱਤਰ ਅਲਯਾਸਾਫ਼ ਹੋਵੇ । 25ਗੇਰਸ਼ੋਨੀਆਂ ਦੀ ਜ਼ਿੰਮੇਵਾਰੀ ਵਿੱਚ, ਮਿਲਾਪ ਵਾਲੇ ਤੰਬੂ ਵਿੱਚ ਡੇਰਾ ਅਤੇ ਤੰਬੂ, ਉਹ ਦਾ ਪਰਦਾ ਅਤੇ ਮੰਡਲੀ ਦੇ ਦਰਵਾਜ਼ੇ ਦਾ ਪਰਦਾ ਹੋਣ । 26ਨਾਲ ਹੀ ਵਿਹੜੇ ਦੀ ਕਨਾਤ ਅਤੇ ਵਿਹੜੇ ਦੇ ਦਰਵਾਜ਼ੇ ਦਾ ਪਰਦਾ ਜਿਹੜਾ ਡੇਰੇ ਦੇ ਕੋਲ ਅਤੇ ਜਗਵੇਦੀ ਦੇ ਕੋਲ ਅਤੇ ਆਲੇ-ਦੁਆਲੇ ਅਤੇ ਉਹ ਦੀਆਂ ਡੋਰੀਆਂ ਜੋ ਉਸ ਦੇ ਕੰਮ ਆਉਂਦੀਆਂ ਸਨ ।

27ਕਹਾਥ ਵਿੱਚੋਂ ਅਮਰਾਮੀਆਂ ਦਾ ਪਰਿਵਾਰ ਅਤੇ ਯਿਸਹਾਰੀਆਂ ਦਾ ਪਰਿਵਾਰ ਅਤੇ ਹਬਰੋਨੀਆਂ ਦਾ ਪਰਿਵਾਰ ਅਤੇ ਉੱਜ਼ੀਏਲੀਆਂ ਦਾ ਪਰਿਵਾਰ ਸੀ । ਇਹ ਕਹਾਥ ਦੇ ਸਨ । 28ਸਾਰੇ ਪੁਰਖਾਂ ਦੀ ਗਿਣਤੀ ਜਿਹੜੇ ਇੱਕ ਮਹੀਨੇ ਅਤੇ ਇਸ ਤੋਂ ਉੱਪਰ ਦੇ ਸਨ, ਅੱਠ ਹਜ਼ਾਰ ਛੇ ਸੌ ਸੀ ਜਿਹੜੇ ਪਵਿੱਤਰ ਸਥਾਨ ਦੇ ਜ਼ਿੰਮੇਵਾਰ ਸਨ । 29ਕਹਾਥੀਆਂ ਦੇ ਪਰਿਵਾਰ ਡੇਰੇ ਦੇ ਦੱਖਣ ਵੱਲ ਆਪਣਾ ਡੇਰਾ ਲਾਉਣ । 30ਕਹਾਥੀਆਂ ਦੇ ਟੱਬਰਾਂ ਅਨੁਸਾਰ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਉੱਜ਼ੀਏਲ ਦਾ ਪੁੱਤਰ ਅਲੀਸਾਫ਼ਾਨ ਹੋਵੇ । 31ਅਤੇ ਜਿਹਨਾਂ ਵਸਤਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਅਰਥਾਤ ਸੰਦੂਕ, ਮੇਜ਼, ਸ਼ਮਾਦਾਨ, ਜਗਵੇਦੀਆਂ ਅਤੇ ਪਵਿੱਤਰ ਸਥਾਨ ਦਾ ਸਮਾਨ ਜਿਨ੍ਹਾਂ ਨਾਲ ਉਹ ਸੇਵਾ ਟਹਿਲ ਕਰਦੇ ਸਨ ਅਤੇ ਪਰਦਾ ਅਤੇ ਪਵਿੱਤਰ ਸਥਾਨ ਵਿੱਚ ਕੰਮ ਆਉਣ ਵਾਲਾ ਸਾਰਾ ਸਮਾਨ ਸ਼ਾਮਿਲ ਸੀ । 32ਅਤੇ ਲੇਵੀਆਂ ਦੇ ਹਾਕਮਾਂ ਦਾ ਪ੍ਰਧਾਨ ਹਾਰੂਨ ਜਾਜਕ ਦਾ ਪੁੱਤਰ ਅਲਆਜ਼ਾਰ ਹੋਵੇ ਅਤੇ ਉਹ ਪਵਿੱਤਰ ਸਥਾਨ ਦੇ ਰਖਵਾਲਿਆਂ ਦਾ ਮੁਖੀਆ ਹੋਵੇ ।

33ਮਹਲੀਆਂ ਦਾ ਪਰਿਵਾਰ ਅਤੇ ਮੂਸ਼ੀਆਂ ਦਾ ਪਰਿਵਾਰ, ਮਰਾਰੀ ਦੇ ਵਿੱਚੋਂ ਸਨ । ਇਹ ਮਰਾਰੀ ਦੇ ਪਰਿਵਾਰ ਸਨ । 34ਸਾਰੇ ਪੁਰਖਾਂ ਦੀ ਗਿਣਤੀ ਜੋ ਇੱਕ ਮਹੀਨੇ ਜਾਂ ਇੱਕ ਮਹੀਨੇ ਤੋਂ ਉੱਪਰ ਦੇ ਸੀ, ਛੇ ਹਜ਼ਾਰ ਦੋ ਸੌ ਸਨ । 35ਮਰਾਰੀ ਦੇ ਟੱਬਰਾਂ ਅਨੁਸਾਰ ਉਨ੍ਹਾਂ ਦੇ ਪੁਰਖਿਆਂ ਦੇ ਪਰਿਵਾਰ ਦਾ ਪ੍ਰਧਾਨ ਅਬਿਹਾਯਿਲ ਦਾ ਪੁੱਤਰ ਸੂਰੀਏਲ ਹੋਵੇ । ਡੇਰੇ ਦੇ ਉੱਤਰ ਵੱਲ ਉਹ ਆਪਣਾ ਡੇਰਾ ਲਾਉਣ । 36ਅਤੇ ਜੋ ਵਸਤਾਂ ਮਰਾਰੀਆਂ ਨੂੰ ਦੇਖਭਾਲ ਲਈ ਦਿੱਤੀਆਂ ਗਈਆਂ ਉਹਨਾਂ ਦੀ ਰਖਵਾਲੀ ਕਰਨ, ਡੇਰੇ ਦੀਆਂ ਫੱਟੀਆਂ, ਉਸ ਦੇ ਕੁੰਡੇ ਉਸ ਦੀਆਂ ਥੰਮ੍ਹੀਆਂ, ਉਸ ਦੇ ਕਬਜ਼ੇ ਅਤੇ ਉਸ ਦਾ ਸਾਰਾ ਸਾਮਾਨ ਅਤੇ ਉਸ ਦੀ ਸਾਰੀ ਸੇਵਾ ਹੋਣ । 37ਨਾਲ ਹੀ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ ਅਤੇ ਉਹਨਾਂ ਦੇ ਕਬਜ਼ੇ ਅਤੇ ਉਨ੍ਹਾਂ ਦੀਆਂ ਕੀਲੀਆਂ ਅਤੇ ਉਨ੍ਹਾਂ ਦੀਆਂ ਰੱਸੀਆਂ ।

38ਜਿਹੜੇ ਡੇਰੇ ਦੇ ਸਾਹਮਣੇ ਪੂਰਬ ਵੱਲ ਮਿਲਾਪ ਵਾਲੇ ਤੰਬੂ ਅੱਗੇ ਚੜ੍ਹਦੇ ਪਾਸੇ ਆਪਣੇ ਤੰਬੂ ਲਾਉਣ, ਉਹ ਮੂਸਾ, ਹਾਰੂਨ ਅਤੇ ਉਹ ਦੇ ਪੁੱਤਰ ਹੋਣ । ਉਹ ਪਵਿੱਤਰ ਸਥਾਨ ਦੀ ਉਸ ਜ਼ਿੰਮੇਵਾਰੀ ਦੀ ਸੰਭਾਲ ਕਰਨ ਵਾਲੇ ਹੋਣ ਜਿਹੜੀ ਇਸਰਾਏਲੀਆਂ ਲਈ ਜ਼ਿੰਮੇਵਾਰੀ ਹੈ । ਪਰ ਜੇ ਕੋਈ ਅਜਨਬੀ ਨੇੜੇ ਆਵੇ ਤਾਂ ਉਹ ਮਾਰਿਆ ਜਾਵੇ । 39ਲੇਵੀਆਂ ਦੀ ਸਾਰੀ ਗਿਣਤੀ ਜਿਹੜੀ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਤੇ ਕੀਤੀ, ਉਨ੍ਹਾਂ ਦੇ ਟੱਬਰਾਂ ਅਨੁਸਾਰ ਅਰਥਾਤ ਸਾਰੇ ਪੁਰਖ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉਪਰ ਦੇ ਸਨ ਬਾਈ ਹਜ਼ਾਰ ਸੀ ।

ਜੇਠਿਆਂ ਨੂੰ ਛੁਡਾਉਣਾ

40ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਪੁਰਖ ਗਿਣ, ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਹਨ ਅਤੇ ਉਨ੍ਹਾਂ ਦੇ ਨਾਮਾਂ ਦੀ ਗਿਣਤੀ ਕਰ । 41ਤੂੰ ਮੇਰੇ ਲਈ ਸਾਰੇ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੇਵੀਆਂ ਨੂੰ, ਇਸਰਾਏਲੀਆਂ ਦੇ ਡੰਗਰਾਂ ਦੇ ਪਹਿਲੌਠਿਆਂ ਦੀ ਥਾਂ ਲੇਵੀਆਂ ਦੇ ਡੰਗਰਾਂ ਨੂੰ ਲੈ ਲਈਂ । ਮੈਂ ਯਹੋਵਾਹ ਹਾਂ । 42ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਮੂਸਾ ਨੇ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਗਿਣੇ । 43ਅਤੇ ਸਾਰੇ ਪੁਰਖ ਪਹਿਲੌਠਿਆਂ ਦੇ ਨਾਮ ਦੀ ਗਿਣਤੀ ਜਿਹੜੇ ਇੱਕ ਮਹੀਨੇ ਜਾਂ ਇਸ ਤੋਂ ਉੱਪਰ ਦੇ ਸਨ, ਬਾਈ ਹਜ਼ਾਰ ਦੋ ਸੌ ਤਿਹੱਤਰ ਸੀ ।

44ਯਹੋਵਾਹ ਨੇ ਮੂਸਾ ਨੂੰ ਆਖਿਆ, 45ਇਸ ਤਰ੍ਹਾਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਅਤੇ ਲੇਵੀਆਂ ਦੇ ਡੰਗਰਾਂ ਨੂੰ ਉਨ੍ਹਾਂ ਦੇ ਡੰਗਰਾਂ ਦੇ ਥਾਂ ਲੈ ਲਈਂ ਅਤੇ ਇਸ ਤਰ੍ਹਾਂ ਲੇਵੀ ਮੇਰੇ ਲਈ ਹੋਣਗੇ । ਮੈਂ ਯਹੋਵਾਹ ਹਾਂ । 46ਅਤੇ ਉਨ੍ਹਾਂ ਦੋ ਸੌ ਤਿਹੱਤਰ ਇਸਰਾਏਲੀ ਪਹਿਲੌਠਿਆਂ ਦੇ ਛੁਟਕਾਰੇ ਲਈ ਜਿਹੜੇ ਲੇਵੀਆਂ ਤੋਂ ਵਧੀਕ ਹਨ, 47ਤੂੰ ਪੰਜ ਪੰਜ ਰੁਪਏ ਹਰੇਕ ਪੁਰਖ ਦੇ ਲਈ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਲਵੀਂ ( ਅਰਥਾਤ ਇੱਕ ਸ਼ੇਕਲ ਵੀਹ ਗੇਰਾਹ ਦਾ ਹੋਵੇ ) 48ਤੂੰ ਉਹ ਚਾਂਦੀ ਹਾਰੂਨ ਅਤੇ ਉਹ ਦੇ ਪੁੱਤਰਾਂ ਨੂੰ ਦੇਈਂ । ਉਹ ਉਨ੍ਹਾਂ ਦੇ ਛੁਟਕਾਰੇ ਲਈ ਹੋਵੇ ਜਿਹੜੇ ਉਨ੍ਹਾਂ ਤੋਂ ਵਧੀਕ ਹਨ । 49ਉਪਰੰਤ ਮੂਸਾ ਨੇ ਛੁਟਕਾਰੇ ਦੀ ਚਾਂਦੀ ਉਨ੍ਹਾਂ ਤੋਂ ਲਈ, ਜਿਹੜੇ ਲੇਵੀਆਂ ਦੇ ਛੁਡਾਏ ਹੋਇਆਂ ਤੋਂ ਵਧੀਕ ਸਨ । 50ਇਸਰਾਏਲ ਦੇ ਪਹਿਲੌਠਿਆਂ ਤੋਂ ਉਸ ਨੇ ਇਹ ਚਾਂਦੀ ਲਈ, ਇੱਕ ਹਜ਼ਾਰ ਤਿੰਨ ਸੌ ਪੈਂਹਠ ਰੁਪਏ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਵਸੂਲ ਕੀਤੇ । 51ਮੂਸਾ ਨੇ ਛੁਡਾਏ ਹੋਇਆਂ ਦੀ ਚਾਂਦੀ, ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਯਹੋਵਾਹ ਦੇ ਆਖੇ ਅਨੁਸਾਰ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

4

ਲੇਵੀਆਂ ਦੇ ਕਹਾਥੀ ਕੁਲ ਦੇ ਕਰਤੱਬ

1ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, 2ਲੇਵੀਆਂ ਦੇ ਵਿੱਚੋਂ ਕਹਾਥੀਆਂ ਦੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰੋ । 3ਤੀਹ ਸਾਲ ਤੋਂ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ, ਉਹ ਮਿਲਾਪ ਵਾਲੇ ਤੰਬੂ ਦੀ ਟਹਿਲ ਸੇਵਾ ਕਰਨ । 4ਕਹਾਥੀਆਂ ਦੀ ਸੇਵਾ ਮਿਲਾਪ ਵਾਲੇ ਤੰਬੂ ਵਿੱਚ ਅੱਤ ਪਵਿੱਤਰ ਚੀਜ਼ਾਂ ਵਿਖੇ ਇਹ ਹੈ । 5ਹਾਰੂਨ ਅਤੇ ਉਸ ਦੇ ਪੁੱਤਰ ਕੂਚ ਦੇ ਵੇਲੇ ਅੰਦਰ ਜਾਣ ਅਤੇ ਪਵਿੱਤਰ ਸਥਾਨ ਅਤੇ ਅੱਤ ਪਵਿੱਤਰ ਸਥਾਨ ਦਾ ਪਰਦਾ ਲਾਹੁਣ ਅਤੇ ਉਸ ਵਿੱਚ ਸਾਖੀ ਦੇ ਸੰਦੂਕ ਨੂੰ ਲਪੇਟਣ । 6ਨਾਲੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਪਰਦਾ ਉਸ ਉੱਤੇ ਰੱਖਣ ਅਤੇ ਉਸ ਉੱਤੇ ਨੀਲੇ ਰੰਗ ਦਾ ਕੱਪੜਾ ਵਿਛਾਉਣ ਅਤੇ ਉਸ ਦੇ ਡੰਡੇ ਪਾਉਣ । 7ਫੇਰ ਹਜ਼ੂਰੀ ਦੀ ਰੋਟੀ ਦੀ ਮੇਜ਼ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਉੱਤੇ ਥਾਲੀਆਂ, ਕੌਲੀਆਂ, ਗੜ੍ਹਵੇ ਅਤੇ ਭੇਟਾਂ ਵਰਤਾਉਣ ਵਾਲੇ ਕੜਛੇ ਰੱਖਣ ਅਤੇ ਸਦਾ ਕਾਲ ਦੀ ਰੋਟੀ ਉਸ ਉੱਤੇ ਪਈ ਰਹੇ । 8ਉਨ੍ਹਾਂ ਦੇ ਉੱਤੇ ਕਿਰਮਚੀ ਕੱਪੜੇ ਵਿਛਾਉਣ ਅਤੇ ਉਸ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਨਾਲ ਕੱਜਣ ਅਤੇ ਉਸ ਦੀਆਂ ਚੋਬਾਂ ਪਾਉਣ । 9ਫੇਰ ਉਹ ਨੀਲਾ ਕੱਪੜਾ ਲੈ ਕੇ ਚਾਨਣ ਦੇਣ ਵਾਲਾ ਸ਼ਮਾਦਾਨ ਢੱਕਣ ਨਾਲੇ ਉਸ ਦੇ ਦੀਵੇ, ਉਸ ਦੇ ਗੁਲਤਰਾਸ਼, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ । 10ਤਦ ਉਸ ਦੇ ਸਾਰੇ ਸਮਾਨ ਸਮੇਤ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਰੱਖਣ ਅਤੇ ਉਹ ਉਸ ਨੂੰ ਚੋਬਾ ਉੱਤੇ ਧਰਨ । 11ਸੋਨੇ ਦੀ ਜਗਵੇਦੀ ਉੱਤੇ ਨੀਲਾ ਕੱਪੜਾ ਵਿਛਾਉਣ ਅਤੇ ਉਸ ਨੂੰ ਬੱਕਰਿਆਂ ਦੀਆਂ ਖੱਲਾਂ ਦੇ ਢੱਕਣ ਨਾਲ ਢੱਕ ਦੇਣ ਅਤੇ ਉਸ ਦੇ ਡੰਡੇ ਪਾਉਣ । 12ਫੇਰ ਉਹ ਉਪਾਸਨਾ ਦੀ ਸੇਵਾ ਦੇ ਸਾਰੇ ਭਾਂਡੇ, ਜਿਨ੍ਹਾਂ ਨਾਲ ਉਹ ਪਵਿੱਤਰ ਸਥਾਨ ਵਿੱਚ ਉਪਾਸਨਾ ਕਰਦੇ ਹਨ ਲੈ ਕੇ ਨੀਲੇ ਕੱਪੜੇ ਵਿੱਚ ਪਾਉਣ ਅਤੇ ਉਨ੍ਹਾਂ ਨੂੰ ਸਮੁੰਦਰੀ ਜੀਵ ਦੀਆਂ ਖੱਲਾਂ ਦੇ ਵਿੱਚ ਕੱਜਣ ਅਤੇ ਉਨ੍ਹਾਂ ਨੂੰ ਡੰਡੇ ਉੱਤੇ ਰੱਖਣ । 13ਤਦ ਉਹ ਜਗਵੇਦੀ ਦੀ ਸੁਆਹ ਕੱਢ ਕੇ ਉਸ ਉੱਤੇ ਬੈਂਗਣੀ ਕੱਪੜਾ ਵਿਛਾਉਣ । 14ਅਤੇ ਉਸ ਉੱਤੇ ਸਾਰੇ ਭਾਂਡੇ ਰੱਖਣ ਜਿਨ੍ਹਾਂ ਨਾਲ ਉਹ ਉਸ ਉੱਤੇ ਉਪਾਸਨਾ ਕਰਦੇ ਹਨ ਅਰਥਾਤ ਅੰਗੀਠੀਆਂ, ਕਾਂਟੇ, ਕੜਛੇ, ਬਾਟੀਆਂ ਅਤੇ ਜਗਵੇਦੀ ਦਾ ਸਾਰਾ ਸਾਮਾਨ ਅਤੇ ਉਹ ਦੇ ਉੱਤੇ ਬੱਕਰਿਆਂ ਦੀਆਂ ਖੱਲਾਂ ਵਿਛਾਉਣ ਅਤੇ ਉਸ ਦੀਆਂ ਚੋਬਾਂ ਪਾਉਣ । 15ਜਦ ਹਾਰੂਨ ਅਤੇ ਉਸ ਦੇ ਪੁੱਤਰ ਪਵਿੱਤਰ ਸਥਾਨ ਅਤੇ ਉਸ ਦੇ ਸਾਰੇ ਸਮਾਨ ਨੂੰ ਢੱਕਣ ਦਾ ਕੰਮ ਕਰ ਚੁੱਕਣ ਅਤੇ ਜਦ ਡੇਰੇ ਦਾ ਕੂਚ ਹੋਣ ਵਾਲਾ ਹੋਵੇ, ਉਦੋਂ ਹੀ ਕਹਾਥੀ ਆਣ ਕੇ ਉਹ ਨੂੰ ਚੁੱਕਣ ਪਰ ਉਹ ਕਿਸੇ ਪਵਿੱਤਰ ਵਸਤੂ ਨੂੰ ਨਾ ਛੂਹਣ ਅਜਿਹਾ ਨਾ ਹੋਵੇ ਕਿ ਉਹ ਮਰ ਜਾਣ ! ਮੰਡਲੀ ਦੇ ਤੰਬੂ ਵਿੱਚੋਂ ਕਹਾਥੀਆਂ ਲਈ ਇਹ ਭਾਰ ਉਠਾਉਣ ਲਈ ਇਹ ਹੀ ਵਸਤਾਂ ਹਨ ।

16ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਚਾਨਣ ਕਰਨ ਲਈ ਤੇਲ, ਸੁਗੰਧੀ ਧੂਪ, ਸਦਾ ਕਾਲ ਦੀ ਮੈਦੇ ਦੀ ਭੇਟ ਅਤੇ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ, ਅਤੇ ਪਵਿੱਤਰ ਸਥਾਨ ਅਤੇ ਉਸ ਦੇ ਸਾਮਾਨ ਦੀ ਦੇਖਭਾਲ ਕਰੇ ।

17ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, 18ਤੁਸੀਂ ਕਹਾਥੀਆਂ ਦੇ ਟੱਬਰਾਂ ਦੇ ਗੋਤਾਂ ਨੂੰ ਲੇਵੀਆਂ ਦੇ ਵਿੱਚੋਂ ਨਾਸ ਨਾ ਹੋਣ ਦੇਣਾ । 19ਪਰ ਤੁਸੀਂ ਉਨ੍ਹਾਂ ਲਈ ਇਹ ਕਰੋ ਜਦ ਉਹ ਅੱਤ ਪਵਿੱਤਰ ਚੀਜ਼ਾਂ ਕੋਲ ਜਾਣ ਤਦ ਉਹ ਨਾ ਮਰਨ ਪਰ ਜੀਉਂਦੇ ਰਹਿਣ । ਤਦ ਹਾਰੂਨ ਅਤੇ ਉਸ ਦੇ ਪੁੱਤਰ ਅੰਦਰ ਜਾ ਕੇ ਉਨ੍ਹਾਂ ਦੇ ਹਰ ਇੱਕ ਮਨੁੱਖ ਲਈ ਉਸ ਦੀ ਟਹਿਲ ਸੇਵਾ ਅਤੇ ਉਹਨਾਂ ਦਾ ਭਾਰ ਠਹਿਰਾਉਣ । 20ਉਹ ਇੱਕ ਪਲ ਲਈ ਵੀ ਅੰਦਰ ਜਾ ਕੇ ਪਵਿੱਤਰ ਸਥਾਨ ਨੂੰ ਨਾ ਵੇਖਣ ਕਿਤੇ ਅਜਿਹਾ ਨਾ ਹੋਵੇ ਕਿ ਉਹ ਮਰ ਜਾਣ ।

ਲੇਵੀਆਂ ਗੇਰਸ਼ੋਨੀ ਕੁਲ ਦੇ ਕਰਤੱਬ

21ਯਹੋਵਾਹ ਨੇ ਮੂਸਾ ਨੂੰ ਆਖਿਆ, 22ਗੇਰਸ਼ੋਨੀਆਂ ਦੀ ਵੀ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਤੇ ਟੱਬਰਾਂ ਅਨੁਸਾਰ ਗਿਣਤੀ ਕਰ । 23ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਤੂੰ ਉਨ੍ਹਾਂ ਨੂੰ ਗਿਣ, ਉਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਯੋਗ ਹੋਣ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ । 24ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਅਰਥਾਤ ਭਾਰ ਚੁੱਕਣ ਦੀ ਟਹਿਲ ਸੇਵਾ ਇਹ ਹੈ, 25ਉਹ ਡੇਰੇ ਦੇ ਪਰਦਿਆਂ ਨੂੰ ਚੁੱਕਣ ਨਾਲੇ ਮੰਡਲੀ ਦਾ ਤੰਬੂ, ਉਸ ਦੇ ਢੱਕਣ ਸਣੇ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਜਿਹੜਾ ਉਸ ਉੱਤੇ ਹੈ ਅਤੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦਾ ਪਰਦਾ । 26ਅਤੇ ਵਿਹੜੇ ਦੀਆਂ ਕਨਾਤਾਂ ਤੇ ਵਿਹੜੇ ਦੇ ਫਾਟਕ ਦੇ ਦਰਵਾਜ਼ੇ ਦਾ ਪਰਦਾ ਜਿਹੜੀ ਡੇਰੇ ਅਤੇ ਜਗਵੇਦੀ ਦੇ ਕੋਲ ਆਲੇ-ਦੁਆਲੇ ਹੈ ਅਤੇ ਉਨ੍ਹਾਂ ਦੀਆਂ ਡੋਰੀਆਂ ਅਤੇ ਉਨ੍ਹਾਂ ਦੀ ਸੇਵਾ ਦਾ ਸਾਰਾ ਸਾਮਾਨ ਅਤੇ ਸਭ ਕੁਝ ਜੋ ਉਨ੍ਹਾਂ ਲਈ ਕਰਨਾ ਹੋਵੇ ਸੋ ਉਹ ਇਹ ਟਹਿਲ ਸੇਵਾ ਕਰਨ । 27ਇਸ ਤਰ੍ਹਾਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਹੁਕਮ ਨਾਲ ਗੇਰਸ਼ੋਨੀਆਂ ਦੀ ਸਾਰੀ ਟਹਿਲ ਸੇਵਾ ਹੋਵੇ ਅਰਥਾਤ ਉਨ੍ਹਾਂ ਦਾ ਸਾਰਾ ਭਾਰ ਅਤੇ ਟਹਿਲ ਸੇਵਾ । ਇਸ ਤਰ੍ਹਾਂ ਤੁਸੀਂ ਉਨ੍ਹਾਂ ਉੱਤੇ ਉਨ੍ਹਾਂ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਠਹਿਰਾਓ । 28ਮੰਡਲੀ ਦੇ ਤੰਬੂ ਵਿੱਚ ਇਹ ਗੇਰਸ਼ੋਨੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਹੋਵੇਗੀ ਅਤੇ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਇਖ਼ਤਿਆਰ ਵਿੱਚ ਉਨ੍ਹਾਂ ਦੀ ਦੇਖਭਾਲ ਹੋਵੇਗੀ ।

ਲੇਵੀਆਂ ਦੇ ਮਰਾਰੀ ਕੁਲ ਦੇ ਕਰਤੱਬ

29ਮਰਾਰੀਆਂ ਨੂੰ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਤੀ ਕਰਨਾ । 30ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਤੂੰ ਉਹਨਾਂ ਨੂੰ ਗਿਣ, ਉਹ ਸਾਰੇ ਜਿਹੜੇ ਟਹਿਲ ਸੇਵਾ ਕਰਨ ਯੋਗ ਹੋਣ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ । 31ਭਾਰਾਂ ਲਈ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਇਹ ਹੈ, ਡੇਰੇ ਦੀਆਂ ਫੱਟੀਆਂ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਉਸ ਦੀਆਂ ਚੀਥੀਆਂ । 32ਨਾਲੇ ਵਿਹੜੇ ਦੇ ਆਲੇ-ਦੁਆਲੇ ਦੀਆਂ ਥੰਮ੍ਹੀਆਂ, ਉਨ੍ਹਾਂ ਦੀਆਂ ਚੀਥੀਆਂ, ਉਨ੍ਹਾਂ ਦੀਆਂ ਕੀਲੀਆਂ, ਉਨ੍ਹਾਂ ਦੀਆਂ ਡੋਰੀਆਂ, ਉਨ੍ਹਾਂ ਦਾ ਸਾਰਾ ਸਾਮਾਨ ਅਤੇ ਉਨ੍ਹਾਂ ਦੀ ਸਾਰੀ ਟਹਿਲ ਸੇਵਾ । ਤੁਸੀਂ ਨਾਮਾਂ ਅਨੁਸਾਰ ਸਾਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ । 33ਇਹ ਮਰਾਰੀਆਂ ਦੇ ਟੱਬਰਾਂ ਦੀ ਟਹਿਲ ਸੇਵਾ ਮੰਡਲੀ ਦੇ ਤੰਬੂ ਵਿੱਚ ਉਨ੍ਹਾਂ ਦੀ ਸਾਰੀ ਟਹਿਲ ਸੇਵਾ ਅਨੁਸਾਰ ਹੋਵੇ ਅਤੇ ਹਾਰੂਨ ਜਾਜਕ ਦੇ ਪੁੱਤਰ ਈਥਾਮਾਰ ਦੇ ਹੱਥ ਵਿੱਚ ਹੋਵੇ ।

ਲੇਵੀਆਂ ਦੀ ਮਰਦਸ਼ੁਮਾਰੀ

34ਫੇਰ ਮੂਸਾ ਅਤੇ ਹਾਰੂਨ ਅਤੇ ਮੰਡਲੀ ਦੇ ਪ੍ਰਧਾਨਾਂ ਨੇ ਕਹਾਥੀਆਂ ਨੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣਿਆ । 35ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ । 36ਇਹ ਉਹ ਹਨ ਜਿਹੜੇ ਆਪਣੇ ਘਰਾਣਿਆਂ ਅਨੁਸਾਰ ਗਿਣੇ ਗਏ, ਦੋ ਹਜ਼ਾਰ ਸੱਤ ਸੌ ਪੰਜਾਹ ਸਨ । 37ਕਹਾਥੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਦੇ ਸਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ ।

38ਗੇਰੋਸ਼ੋਨੀ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ । 39ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਹੋਣ ਕਿ ਉਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ । 40ਅਤੇ ਉਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਦੋ ਹਜ਼ਾਰ ਛੇ ਸੌ ਤੀਹ ਸਨ । 41ਗੇਰਸ਼ੋਨੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਅਰਥਾਤ ਸਾਰੇ ਜਿਹੜੇ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਗਿਣਿਆ ।

42ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਆਪਣੇ ਟੱਬਰਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ । 43ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਸੇਵਾ ਕਰਨ ਯੋਗ ਸਨ ਤਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਟਹਿਲ ਸੇਵਾ ਕਰਨ । 44ਉਹ ਜਿਹੜੇ ਉਨ੍ਹਾਂ ਦੇ ਟੱਬਰਾਂ ਅਨੁਸਾਰ ਗਿਣੇ ਗਏ ਤਿੰਨ ਹਜ਼ਾਰ ਦੋ ਸੌ ਸਨ । 45ਮਰਾਰੀਆਂ ਦੇ ਟੱਬਰਾਂ ਦੇ ਜਿਹੜੇ ਗਿਣੇ ਗਏ ਏਹੋ ਹੀ ਸਨ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਯਹੋਵਾਹ ਦੇ ਹੁਕਮ ਨਾਲ ਮੂਸਾ ਦੇ ਰਾਹੀਂ ਗਿਣਿਆ ।

46ਸਾਰੇ ਲੇਵੀ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਅਤੇ ਇਸਰਾਏਲ ਦੇ ਪ੍ਰਧਾਨਾਂ ਨੇ ਗਿਣਿਆ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ । 47ਤੀਹ ਸਾਲ ਤੋਂ ਉੱਪਰ ਪੰਜਾਹ ਸਾਲ ਤੱਕ ਸਾਰੇ ਜਿਹੜੇ ਟਹਿਲ ਸੇਵਾ ਕਰਨ ਅਤੇ ਭਾਰ ਚੁੱਕਣ ਲਈ ਮੰਡਲੀ ਦੇ ਤੰਬੂ ਵਿੱਚ ਆਉਣ । 48ਇਹ ਗਿਣੇ ਗਏ ਅਤੇ ਅੱਠ ਹਜ਼ਾਰ ਪੰਜ ਸੌ ਅੱਸੀ ਸਨ । 49ਇਸ ਤਰ੍ਹਾਂ ਯਹੋਵਾਹ ਦੇ ਹੁਕਮ ਨਾਲ ਅਤੇ ਮੂਸਾ ਦੇ ਰਾਹੀਂ ਉਹ ਗਿਣੇ ਗਏ, ਹਰ ਮਨੁੱਖ ਉਸ ਦੀ ਟਹਿਲ ਸੇਵਾ ਅਤੇ ਭਾਰ ਅਨੁਸਾਰ । ਇਸ ਤਰ੍ਹਾਂ ਉਹ ਗਿਣੇ ਗਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

5

ਅਸ਼ੁੱਧ ਮਨੁੱਖ

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਡੇਰੇ ਵਿੱਚੋਂ ਸਾਰੇ ਕੋੜ੍ਹੀਆਂ ਨੂੰ ਅਤੇ ਸਾਰੇ ਧਾਂਤ ਵਗਣ ਵਾਲਿਆਂ ਨੂੰ ਅਤੇ ਸਾਰੇ ਜਿਹੜੇ ਲਾਸ਼ਾਂ ਤੋਂ ਅਸ਼ੁੱਧ ਹੋਣ, 3ਭਾਵੇਂ ਪੁਰਖ ਭਾਵੇਂ ਇਸਤਰੀ ਤੁਸੀਂ ਉਨ੍ਹਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਕੱਢਿਓ ਤਾਂ ਜੋ ਉਹ ਉਨ੍ਹਾਂ ਦੇ ਡੇਰਿਆਂ ਨੂੰ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ ਅਸ਼ੁੱਧ ਨਾ ਕਰਨ । 4ਤਦ ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਨ੍ਹਾਂ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ । ਜਿਵੇਂ ਯਹੋਵਾਹ ਨੇ ਮੂਸਾ ਨੂੰ ਆਖਿਆ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ ।

ਨੁਕਸਾਨ ਦੀ ਭਰਪਾਈ ਦਾ ਨਿਯਮ

5ਯਹੋਵਾਹ ਨੇ ਮੂਸਾ ਨੂੰ ਆਖਿਆ, 6ਇਸਰਾਏਲੀਆਂ ਨੂੰ ਬੋਲ ਕਿ ਜਦ ਕੋਈ ਪੁਰਖ ਜਾਂ ਇਸਤਰੀ ਕੋਈ ਪਾਪ ਕਰੇ ਜਿਹੜਾ ਇਨਸਾਨ ਕਰਦਾ ਹੈ ਕਿ ਉਹ ਯਹੋਵਾਹ ਤੋਂ ਬੇਈਮਾਨ ਹੋ ਜਾਵੇ ਅਤੇ ਉਹ ਪ੍ਰਾਣੀ ਦੋਸ਼ੀ ਠਹਿਰੇ, 7ਤਦ ਉਹ ਆਪਣੇ ਪਾਪ ਦਾ ਇਕਰਾਰ ਕਰੇ ਜਿਹੜਾ ਉਸ ਨੇ ਕੀਤਾ ਹੈ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰੇ ਅਤੇ ਉਹ ਉਸ ਦੇ ਨਾਲ ਪੰਜਵਾਂ ਹਿੱਸਾ ਵੱਧ ਪਾ ਕੇ ਉਹ ਨੂੰ ਦੇਵੇ ਜਿਸ ਦੇ ਵਿਰੁੱਧ ਉਹ ਦੋਸ਼ੀ ਹੋਇਆ । 8ਜੇ ਉਸ ਮਨੁੱਖ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਜਿਸ ਨੂੰ ਉਸ ਦੇ ਦੋਸ਼ ਦਾ ਹਰਜਾਨਾ ਮੋੜਿਆ ਜਾਵੇ ਤਾਂ ਉਹ ਦੋਸ਼ ਦਾ ਹਰਜਾਨਾ ਜਿਹੜਾ ਯਹੋਵਾਹ ਦਾ ਹੈ, ਜਾਜਕ ਨੂੰ ਦਿੱਤਾ ਜਾਵੇ ਨਾਲੇ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ । 9ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਵਿੱਚੋਂ ਜਿਹੜੀਆਂ ਉਹ ਜਾਜਕ ਕੋਲ ਲਿਆਉਣ ਚੁੱਕਣ ਦੀ ਭੇਟ ਉਸੇ ਦੀ ਹੋਵੇਗੀ । 10ਹਰ ਮਨੁੱਖ ਦੀਆਂ ਪਵਿੱਤਰ ਚੀਜ਼ਾਂ ਉਸ ਦੀਆਂ ਹੋਣ । ਜੋ ਕੁਝ ਕੋਈ ਮਨੁੱਖ ਜਾਜਕ ਨੂੰ ਦੇਵੇ ਉਹ ਉਸਦਾ ਹੋਵੇ ।

ਵਿਭਚਾਰ ਦੀ ਜਾਂਚ

11ਯਹੋਵਾਹ ਨੇ ਮੂਸਾ ਨੂੰ ਆਖਿਆ, 12ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕਿਸੇ ਮਨੁੱਖ ਦੀ ਪਤਨੀ ਕੁਰਾਹੀ ਹੋ ਜਾਵੇ ਅਤੇ ਉਸ ਨਾਲ ਬੇਈਮਾਨੀ ਕਰੇ । 13ਜੇ ਕੋਈ ਮਨੁੱਖ ਉਸ ਨਾਲ ਲੇਟੇ ਅਤੇ ਬਦਕਾਰੀ ਕਰੇ, ਭਾਵੇਂ ਇਹ ਗੱਲ ਉਸ ਦੇ ਪਤੀ ਦੀਆਂ ਅੱਖਾਂ ਤੋਂ ਲੁੱਕੀ ਰਹੇ ਅਤੇ ਉਹ ਇਸ ਬਾਰੇ ਨਾ ਜਾਣਦਾ ਹੋਵੇ, ਭਾਵੇਂ ਕੋਈ ਉਸ ਦੇ ਵਿਰੁੱਧ ਗਵਾਹ ਨਾ ਹੋਵੇ ਅਤੇ ਉਹ ਫੜੀ ਨਾ ਗਈ ਹੋਵੇ, ਤਾਂ ਵੀ ਉਹ ਭ੍ਰਿਸ਼ਟ ਹੋ ਚੁੱਕੀ ਹੈ । 14ਪਰ ਉਸ ਦੇ ਪਤੀ ਦੇ ਮਨ ਵਿੱਚ ਜਲਨ ਪੈਦਾ ਹੋਵੇ ਅਤੇ ਉਹ ਆਪਣੀ ਪਤਨੀ ਨਾਲ ਜਲਨ ਕਰੇ ਕਿਉਂ ਜੋ ਉਹ ਭ੍ਰਿਸ਼ਟ ਹੋ ਗਈ,ਜਾਂ ਉਸ ਨਾਲ ਫਿਰ ਵੀ ਜਲਨ ਕਰੇ ਕਿ ਉਹ ਆਪਣੀ ਪਤਨੀ ਨਾਲ ਜਲਨ ਰਖੇ ਪਰ ਉਹ ਭ੍ਰਿਸ਼ਟ ਨਾ ਹੋਈ ਹੋਵੇ । 15ਤਦ ਉਹ ਮਨੁੱਖ ਆਪਣੀ ਪਤਨੀ ਨੂੰ ਜਾਜਕ ਕੋਲ ਲਿਆਵੇ ਨਾਲੇ ਉਹ ਉਸ ਦੇ ਲਈ ਏਫ਼ਾ ਦਾ ਦਸਵਾਂ ਹਿੱਸਾ, ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਦੇ ਉੱਤੇ ਤੇਲ ਨਾ ਡੋਹਲੇ ਨਾ ਉਸ ਉੱਤੇ ਲੁਬਾਨ ਪਾਵੇ ਕਿਉਂ ਜੋ ਉਹ ਜਲਨ ਦੀ ਭੇਟ ਹੈ, ਉਹ ਯਾਦਗਾਰੀ ਦੀ ਭੇਂਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਾਉਂਦੀ ਹੈ ।

16ਤਦ ਜਾਜਕ ਉਸ ਨੂੰ ਨੇੜੇ ਲਿਆ ਕੇ ਯਹੋਵਾਹ ਦੇ ਅੱਗੇ ਖੜ੍ਹੀ ਕਰੇ । 17ਫੇਰ ਜਾਜਕ ਪਵਿੱਤਰ ਜਲ ਮਿੱਟੀ ਦੇ ਭਾਂਡੇ ਵਿੱਚ ਲਵੇ ਅਤੇ ਡੇਰੇ ਦੇ ਫ਼ਰਸ਼ ਦੀ ਧੂੜ ਲੈ ਕੇ ਉਸ ਜਲ ਵਿੱਚ ਪਾਵੇ । 18ਫੇਰ ਜਾਜਕ ਉਸ ਇਸਤਰੀ ਨੂੰ ਯਹੋਵਾਹ ਦੇ ਅੱਗੇ ਖੜ੍ਹੀ ਕਰੇ ਅਤੇ ਉਸ ਦੇ ਸਿਰ ਦੇ ਵਾਲ ਖੁੱਲ੍ਹੇ ਰਹਿਣ ਦੇਵੇ ਅਤੇ ਉਸ ਦੇ ਹੱਥਾਂ ਉੱਤੇ ਯਾਦਗਾਰੀ ਦੀ ਭੇਟ ਰੱਖੇ ਜਿਹੜੀ ਜਲਨ ਦੀ ਭੇਟ ਵੀ ਹੈ, ਅਤੇ ਜਾਜਕ ਦੇ ਹੱਥ ਵਿੱਚ ਕੁੱੜਤਣ ਦਾ ਜਲ ਹੋਵੇ ਜਿਹੜਾ ਸਰਾਪ ਲਿਆਉਂਦਾ ਹੈ । 19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, ਜੇਕਰ ਕੋਈ ਮਨੁੱਖ ਤੇਰੇ ਸੰਗ ਨਹੀਂ ਲੇਟਿਆ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭ੍ਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ । 20ਪਰੰਤੂ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋਈ ਅਤੇ ਜੇਕਰ ਆਪਣੇ ਪਤੀ ਤੋਂ ਬਿਨ੍ਹਾਂ ਕਿਸੇ ਹੋਰ ਮਨੁੱਖ ਦੇ ਸੰਗ ਲੇਟ ਕੇ ਭ੍ਰਿਸ਼ਟ ਹੋ ਗਈ ਹੈਂ । 21ਤਦ ਜਾਜਕ ਉਸ ਤੀਵੀਂ ਨੂੰ ਸਰਾਪ ਦੀ ਸਹੁੰ ਦੇਵੇ ਅਤੇ ਜਾਜਕ ਉਸ ਤੀਵੀਂ ਨੂੰ ਆਖੇ ਕਿ ਯਹੋਵਾਹ ਤੈਨੂੰ ਸਰਾਪ ਅਤੇ ਸਹੁੰ ਲਈ ਤੇਰੇ ਲੋਕਾਂ ਵਿੱਚ ਠਹਿਰਾਵੇ ਅਤੇ ਯਹੋਵਾਹ ਤੇਰੇ ਪੱਟ ਨੂੰ ਸਾੜੇ ਅਤੇ ਤੇਰੇ ਢਿੱਡ ਨੂੰ ਸੁਜਾਵੇ । 22ਇਸ ਤਰ੍ਹਾਂ ਇਹ ਜਲ ਜਿਹੜਾ ਸਰਾਪ ਲਿਆਉਂਦਾ ਹੈ ਤੇਰੇ ਸਰੀਰ ਵਿੱਚ ਜਾ ਕੇ ਤੇਰੇ ਢਿੱਡ ਨੂੰ ਸੁਜਾਵੇ ਅਤੇ ਤੇਰੇ ਪੱਟ ਨੂੰ ਸਾੜੇ ਤਾਂ ਇਸਤਰੀ ਆਖੇ, "ਆਮੀਨ, ਆਮੀਨ ।’’

23ਤਦ ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ ਅਤੇ ਉਸ ਨੂੰ ਕੁੜੱਤਣ ਵਾਲੇ ਜਲ ਵਿੱਚ ਮਿਟਾਵੇ । 24ਅਤੇ ਉਹ ਕੁੜੱਤਣ ਵਾਲਾ ਜਲ ਜਿਹੜਾ ਸਰਾਪ ਦਾ ਕਾਰਨ ਹੈ, ਉਸ ਇਸਤਰੀ ਨੂੰ ਪਿਆਵੇ ਅਤੇ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਇਸਤਰੀ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ । 25ਫੇਰ ਜਾਜਕ ਉਸ ਤੀਵੀਂ ਦੇ ਹੱਥੋਂ ਜਲਨ ਵਾਲੇ ਮੈਦੇ ਦੀ ਭੇਟ ਲੈ ਕੇ ਯਹੋਵਾਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਉਸ ਨੂੰ ਜਗਵੇਦੀ ਦੇ ਨੇੜੇ ਲਿਆਵੇ । 26ਜਾਜਕ ਉਸ ਮੈਦੇ ਦੀ ਭੇਟ ਵਿੱਚੋਂ ਯਾਦਗਾਰੀ ਲਈ ਇੱਕ ਮੁੱਠ ਭਰ ਕੇ ਜਗਵੇਦੀ ਉੱਤੇ ਸਾੜੇ ਅਤੇ ਉਸ ਦੇ ਪਿੱਛੋਂ ਉਹ ਜਲ ਉਸ ਤੀਵੀਂ ਨੂੰ ਪਿਲਾਵੇ । 27ਜਦ ਉਹ ਜਲ ਤੀਵੀਂ ਨੂੰ ਪਿਲਾ ਦੇਵੇ ਤਾਂ ਐਉਂ ਹੋਵੇਗਾ ਕਿ ਜੇਕਰ ਤੀਵੀਂ ਭ੍ਰਿਸ਼ਟੀ ਗਈ ਹੈ ਅਤੇ ਉਸ ਨੇ ਆਪਣੇ ਪਤੀ ਦੇ ਵਿਰੁੱਧ ਦੋਸ਼ ਕੀਤਾ ਹੈ ਤਾਂ ਉਹ ਜਲ ਜਿਹੜਾ ਸਰਾਪ ਦਾ ਕਾਰਨ ਹੈ ਉਸ ਦੇ ਅੰਦਰ ਜਾ ਕੇ ਕੌੜਾ ਹੋ ਜਾਵੇਗਾ ਅਤੇ ਉਸ ਦਾ ਸਰੀਰ ਸੁੱਜ ਜਾਵੇਗਾ ਅਤੇ ਉਸ ਦੀ ਜਾਂਘ ਸੜ ਜਾਵੇਗੀ ਅਤੇ ਉਹ ਆਪਣੇ ਲੋਕਾਂ ਵਿੱਚ ਸਰਾਪਣ ਹੋਵੇਗੀ । 28ਪਰ ਜੇ ਤੀਵੀਂ ਭ੍ਰਿਸ਼ਟ ਨਹੀਂ ਹੋਈ ਹੋਵੇ ਸਗੋਂ ਸਾਫ਼ ਰਹੀ ਹੈ ਤਾਂ ਉਹ ਬਚੀ ਰਹੇਗੀ ਅਤੇ ਉਹ ਸੰਤਾਨ ਜਣੇਗੀ ।

29ਇਹ ਬਿਵਸਥਾ ਉਸ ਜਲਨ ਦੀ ਹੈ ਜਦ ਤੀਵੀਂ ਆਪਣੇ ਮਨੁੱਖ ਦੀ ਹੋਣ ਵਿੱਚ ਕੁਰਾਹੀ ਹੋ ਕੇ ਹੋਰ ਪਾਸੇ ਚਲੀ ਜਾਵੇ । 30ਜਦ ਕਿਸੇ ਮਨੁੱਖ ਦਾ ਜਲਨ ਦਾ ਸੁਭਾਵ ਹੋ ਜਾਵੇ ਅਤੇ ਉਸ ਨੂੰ ਆਪਣੀ ਤੀਵੀਂ ਦੀ ਜਲਨ ਹੋਵੇ ਤਾਂ ਉਹ ਉਸ ਤੀਵੀਂ ਨੂੰ ਯਹੋਵਾਹ ਅੱਗੇ ਖੜ੍ਹੀ ਕਰੇ ਅਤੇ ਜਾਜਕ ਉਸ ਉੱਤੇ ਇਹ ਸਾਰੀ ਬਿਵਸਥਾ ਵਰਤੇ । 31ਇਸ ਤਰ੍ਹਾਂ ਉਹ ਮਨੁੱਖ ਬਦੀ ਤੋਂ ਬਚਿਆ ਰਹੇ ਪਰ ਉਹ ਤੀਵੀਂ ਆਪਣੀ ਬਦੀ ਨੂੰ ਆਪ ਚੁੱਕੇਗੀ ।

6

ਨਜ਼ੀਰਾਂ ਦੀ ਨੀਤੀ

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਕੋਈ ਪੁਰਸ਼ ਜਾਂ ਇਸਤਰੀ ਨਜ਼ੀਰ ਦੀ ਖ਼ਾਸ ਸੁੱਖਣਾ ਸੁੱਖੇ ਅਰਥਾਤ ਯਹੋਵਾਹ ਲਈ ਆਪਣੇ ਆਪ ਨੂੰ ਅਰਪਣ ਕਰੇ । 3ਤਾਂ ਦਾਖ਼ਰਸ ਅਤੇ ਸ਼ਰਾਬ ਤੋਂ ਆਪਣੇ ਆਪ ਨੂੰ ਅੱਡ ਰੱਖੇ । ਉਹ, ਨਾ ਤਾਂ ਦਾਖਰਸ ਦਾ ਸਿਰਕਾ, ਨਾ ਸ਼ਰਾਬ ਦਾ ਸਿਰਕਾ ਪੀਵੇ ਅਤੇ ਉਹ ਕੋਈ ਦਾਖਰਸ ਨਾ ਪੀਵੇ ਨਾ ਕੋਈ ਦਾਖ ਸੁੱਕੀ ਜਾਂ ਤਾਜ਼ਾ ਖਾਵੇ । 4ਉਹ ਦੇ ਅਲੱਗ ਹੋਣ ਦੇ ਸਾਰੇ ਦਿਨ ਉਹ ਬੀਜ ਤੋਂ ਲੈ ਕੇ ਛਿਲਕੇ ਤੱਕ ਕੁਝ ਨਾ ਖਾਵੇ ਜਿਹੜਾ ਦਾਖ ਤੋਂ ਬਣਿਆ ਹੋਵੇ ।

5ਉਸ ਦੇ ਅੱਡ ਹੋਣ ਦੀ ਸੁੱਖਣਾ ਦੇ ਸਾਰੇ ਦਿਨ ਕੋਈ ਉਸਤਰਾ ਉਸ ਦੇ ਸਿਰ ਨੂੰ ਨਾ ਲੱਗੇ ਜਦ ਤੱਕ ਉਸ ਦੇ ਦਿਨ ਪੂਰੇ ਨਾ ਹੋਣ ਜਿਨ੍ਹਾਂ ਵਿੱਚ ਉਸ ਨੇ ਯਹੋਵਾਹ ਲਈ ਆਪਣੇ ਆਪ ਨੂੰ ਅੱਡ ਕੀਤਾ, ਉਹ ਪਵਿੱਤਰ ਰਹੇ ਅਤੇ ਆਪਣੇ ਸਿਰ ਦੇ ਵਾਲਾਂ ਦੀਆਂ ਲਟਾਂ ਵਧਣ ਦੇਵੇ । 6ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਤੱਕ ਉਹ ਕਿਸੇ ਵੀ ਲਾਸ਼ ਕੋਲ ਨਾ ਜਾਵੇ । 7ਉਹ ਆਪਣੇ ਪਿਤਾ, ਮਾਤਾ, ਭਰਾ ਜਾਂ ਭੈਣ ਲਈ, ਜਦ ਉਹ ਮਰ ਜਾਣ ਅਸ਼ੁੱਧ ਨਾ ਹੋ ਜਾਵੇ ਕਿਉਂ ਜੋ ਉਸ ਦੇ ਪਰਮੇਸ਼ੁਰ ਲਈ ਅੱਡ ਹੋਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਉੱਤੇ ਹੈ । 8ਉਸ ਦੇ ਅੱਡ ਹੋਣ ਦੇ ਸਾਰੇ ਦਿਨ ਯਹੋਵਾਹ ਲਈ ਪਵਿੱਤਰ ਹਨ ।

9ਜੇ ਕੋਈ ਉਸ ਦੇ ਕੋਲ ਅਚਾਨਕ ਮਰ ਜਾਵੇ ਅਤੇ ਉਸ ਦੇ ਅੱਡ ਹੋਣ ਦਾ ਸਮਾਂ ਅਸ਼ੁੱਧ ਹੋ ਜਾਵੇ ਤਾਂ ਉਹ ਆਪਣੇ ਸ਼ੁੱਧ ਹੋਣ ਦੇ ਦਿਨ ਆਪਣਾ ਸਿਰ ਮੁਨਾਵੇ, ਸੱਤਵੇਂ ਦਿਨ ਉਹ ਨੂੰ ਮੁਨਾਵੇ । 10ਫੇਰ ਅੱਠਵੇਂ ਦਿਨ ਉਹ ਜਾਜਕ ਕੋਲ ਮੰਡਲੀ ਦੇ ਤੰਬੂ ਦੇ ਦਰਵਜੇ ਉੱਤੇ ਦੋ ਘੁੱਗੀਆਂ ਜਾਂ ਦੋ ਕਬੂਤਰ ਦੇ ਬੱਚੇ ਲਿਆਵੇ । 11ਤਾਂ ਜਾਜਕ ਇੱਕ ਨੂੰ ਪਾਪ ਦੀ ਬਲੀ ਅਤੇ ਦੂਜੇ ਨੂੰ ਹੋਮ ਦੀ ਬਲੀ ਲਈ ਚੜ੍ਹਾਵੇ ਅਤੇ ਇਸ ਤਰ੍ਹਾਂ ਉਹ ਦੇ ਲਈ ਪ੍ਰਾਸਚਿਤ ਕਰੇ ਕਿਉਂ ਜੋ ਉਸ ਨੇ ਉਸ ਲਾਸ਼ ਦੇ ਕਾਰਨ ਪਾਪ ਕੀਤਾ ਤਾਂ ਉਹ ਆਪਣੇ ਸਿਰ ਨੂੰ ਉਸੇ ਦਿਨ ਪਵਿੱਤਰ ਕਰੇ । 12ਉਹ ਆਪਣੇ ਅੱਡ ਹੋਣ ਦੇ ਦਿਨ ਯਹੋਵਾਹ ਲਈ ਅੱਡ ਰੱਖੇ ਅਤੇ ਉਹ ਇੱਕ ਸਾਲ ਦਾ ਭੇਡ ਦਾ ਬੱਚਾ ਦੋਸ਼ ਦੀ ਭੇਟ ਲਈ ਲਿਆਵੇ ਪਰ ਉਸ ਦੇ ਪਿਛਲੇ ਦਿਨ ਵਿਅਰਥ ਹੋ ਗਏ ਕਿਉਂ ਜੋ ਉਹ ਆਪਣੇ ਅੱਡ ਰਹਿਣ ਦੇ ਸਮੇਂ ਦੌਰਾਨ ਭ੍ਰਿਸ਼ਟ ਹੋ ਗਿਆ ।

13ਇਹ ਨਜ਼ੀਰ ਲਈ ਬਿਵਸਥਾ ਹੈ, ਜਿਸ ਦਿਨ ਉਸ ਦੇ ਅੱਡ ਹੋਣ ਦੇ ਦਿਨ ਪੂਰੇ ਹੋਣ ਤਾਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆਂਦਾ ਜਾਵੇ । 14ਉਹ ਯਹੋਵਾਹ ਕੋਲ ਆਪਣੀ ਬਲੀ ਲਿਆਵੇ, ਇੱਕ ਸਾਲ ਦਾ ਦੋਸ਼ ਤੋਂ ਰਹਿਤ ਭੇਡ ਦਾ ਬੱਚਾ ਹੋਮ ਦੀ ਬਲੀ ਲਈ ਅਤੇ ਇੱਕ ਸਾਲ ਦੀ ਦੋਸ਼ ਤੋਂ ਰਹਿਤ ਲੇਲੀ ਪਾਪ ਦੀ ਬਲੀ ਲਈ ਅਤੇ ਇੱਕ ਦੋਸ਼ ਤੋਂ ਰਹਿਤ ਭੇਡ ਦਾ ਬੱਚਾ ਸੁਖ-ਸਾਂਦ ਦੀ ਬਲੀ ਲਈ ਲਿਆਵੇ । 15ਨਾਲੇ ਪਤੀਰੀਆਂ ਰੋਟੀਆਂ ਦੀ ਟੋਕਰੀ ਅਤੇ ਮੈਦੇ ਦੇ ਫੁਲਕੇ ਤੇਲ ਨਾਲ ਚੋਪੜੇ ਹੋਏ ਅਤੇ ਪਤੀਰੀਆਂ ਮੱਠੀਆਂ ਤੇਲ ਨਾਲ ਚੋਪੜੀਆਂ ਹੋਈਆਂ ਉਨ੍ਹਾਂ ਦੇ ਮੈਦੇ ਦੀ ਭੇਟ ਅਤੇ ਪੀਣ ਦੀਆਂ ਭੇਟਾਂ ਨਾਲ ਹੋਣ । 16ਫੇਰ ਜਾਜਕ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਲਿਆਵੇ ਅਤੇ ਉਹ ਦੇ ਪਾਪ ਦੀਆਂ ਅਤੇ ਉਹ ਦੇ ਹੋਮ ਦੀਆਂ ਬਲੀਆਂ ਚੜ੍ਹਾਵੇ । 17ਅਤੇ ਉਸ ਭੇਡ ਦੇ ਬੱਚੇ ਨੂੰ ਪਤੀਰੀਆਂ ਰੋਟੀਆਂ ਦੇ ਛਾਬੇ ਸਮੇਤ ਸੁਖ ਸਾਂਦ ਦੀ ਬਲੀ ਲਈ ਯਹੋਵਾਹ ਨੂੰ ਚੜ੍ਹਾਵੇ ਅਤੇ ਜਾਜਕ ਉਸ ਦੇ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਚੜ੍ਹਾਵੇ । 18ਤਾਂ ਨਜ਼ੀਰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਆਪਣੇ ਅੱਡ ਹੋਣ ਦਾ ਸਿਰ ਮੁਨਾਵੇ ਅਤੇ ਆਪਣੇ ਅੱਡ ਹੋਣ ਦੇ ਸਿਰ ਦੇ ਵਾਲ ਅੱਗ ਉੱਤੇ ਸੁੱਟੇ ਜਿਹੜੀ ਸੁਖ-ਸਾਂਦ ਦੀ ਬਲੀ ਹੇਠ ਹੈ । 19ਫੇਰ ਜਾਜਕ ਉਸ ਭੇਡ ਦੇ ਬੱਚੇ ਦਾ ਉਬਾਲਿਆ ਹੋਇਆ ਮੋਢਾ ਅਤੇ ਛਾਬੇ ਵਿੱਚੋਂ ਇੱਕ ਪਤੀਰੀ ਰੋਟੀ ਅਤੇ ਇੱਕ ਪਤੀਰੀ ਮੱਠੀ ਲੈ ਕੇ ਨਜ਼ੀਰ ਦੇ ਹੱਥਾਂ ਉੱਤੇ ਉਸ ਦੇ ਅੱਡ ਹੋਣ ਦੇ ਸਿਰ ਮੁੰਨਣ ਪਿੱਛੋਂ ਰੱਖੇ । 20ਫੇਰ ਜਾਜਕ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਹਿਲਾਵੇ । ਇਹ ਹਿਲਾਈ ਹੋਈ ਛਾਤੀ ਅਤੇ ਚੁੱਕਿਆ ਹੋਇਆ ਪੱਟ ਜਾਜਕ ਲਈ ਪਵਿੱਤਰ ਹੈ ਤਾਂ ਫੇਰ ਉਹ ਨਜ਼ੀਰ ਮਧ ਪੀ ਸਕੇਗਾ ।

21ਇਹ ਉਸ ਨਜ਼ੀਰ ਦੀ ਬਿਵਸਥਾ ਹੈ ਜਿਹੜਾ ਸੁੱਖਣਾ ਸੁੱਖੇ ਅਤੇ ਉਸ ਦੇ ਅੱਡ ਹੋਣ ਦੇ ਕਾਰਨ ਯਹੋਵਾਹ ਲਈ ਭੇਟ ਹੈ ਨਾਲੇ ਜੋ ਕੁਝ ਉਸ ਦੇ ਹੱਥ ਲੱਗੇ ਆਪਣੀ ਸੁੱਖਣਾ ਅਨੁਸਾਰ ਜਿਹੜੀ ਉਸ ਨੇ ਸੁੱਖੀ ਹੈ ਉਹ ਉਸੇ ਤਰ੍ਹਾਂ ਹੀ ਆਪਣੇ ਅੱਡ ਹੋਣ ਦੀ ਬਿਵਸਥਾ ਅਨੁਸਾਰ ਕਰੇ ।

ਜਾਜਕਾਂ ਦੇ ਅਸੀਸ ਦੇਣ ਦੀ ਵਿਧੀ

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 23ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਇਸ ਤਰ੍ਹਾਂ ਇਸਰਾਏਲੀਆਂ ਨੂੰ ਅਸੀਸ ਦੇ ਕੇ ਆਖਿਓ,

24" ਯਹੋਵਾਹ ਤੈਨੂੰ ਬਰਕਤ ਦੇਵੇ ਅਤੇ ਤੇਰੀ ਰਾਖੀ ਕਰੇ,

25ਯਹੋਵਾਹ ਆਪਣੇ ਮੁਖ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਯਾ ਕਰੇ,

26ਯਹੋਵਾਹ ਆਪਣਾ ਮੁਖ ਤੇਰੇ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ । "

27ਇਸ ਤਰ੍ਹਾਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਨ੍ਹਾਂ ਨੂੰ ਬਰਕਤ ਦਿਆਂਗਾ ।

7

ਵੇਦੀ ਦਾ ਅਭਿਸ਼ੇਕ ਅਤੇ ਪ੍ਰਧਾਨਾਂ ਦੀ ਭੇਂਟ

1ਜਿਸ ਦਿਨ ਮੂਸਾ ਡੇਰੇ ਨੂੰ ਖੜ੍ਹਾ ਕਰਨ, ਉਸ ਨੂੰ ਤੇਲ ਮਲਣ, ਉਸ ਨੂੰ ਉਸ ਦੇ ਸਾਰੇ ਸਾਮਾਨ ਸਮੇਤ ਪਵਿੱਤਰ ਕਰਨ ਦਾ ਅਤੇ ਜਗਵੇਦੀ ਨੂੰ ਸਾਰਿਆਂ ਭਾਂਡਿਆਂ ਸਮੇਤ ਤੇਲ ਮਲਣ ਅਤੇ ਪਵਿੱਤਰ ਕਰਨ ਦਾ ਕੰਮ ਪੂਰਾ ਕਰ ਚੁੱਕਿਆ । 2ਤਦ ਇਸਰਾਏਲੀਆਂ ਦੇ ਪ੍ਰਧਾਨ ਜਿਹੜੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ ਅਤੇ ਗੋਤਾਂ ਦੇ ਪ੍ਰਧਾਨ ਅਤੇ ਗਿਣਿਆਂ ਹੋਇਆਂ ਦੇ ਉੱਤੇ ਸਨ 3ਉਹ ਆਪਣੇ ਨਜ਼ਰਾਨੇ ਯਹੋਵਾਹ ਅੱਗੇ ਲਿਆਏ, ਉਹਨਾਂ ਦੇ ਨਾਲ ਛੇ ਛੱਤੇ ਹੋਏ ਗੱਡੇ ਅਤੇ ਬਾਰਾਂ ਬਲ਼ਦ ਅਰਥਾਤ ਇੱਕ ਗੱਡਾ ਦੋ ਹਾਕਮਾਂ ਵੱਲੋਂ ਅਤੇ ਇੱਕ-ਇੱਕ ਬਲ਼ਦ ਅਤੇ ਉਹ ਉਨ੍ਹਾਂ ਨੂੰ ਡੇਰੇ ਦੇ ਸਾਹਮਣੇ ਲਿਆਏ । 4ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 5ਉਨ੍ਹਾਂ ਤੋਂ ਉਹ ਵਸਤੂਆਂ ਲੈ ਲਵੋ ਤਾਂ ਜੋ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਹੋਣ ਅਤੇ ਤੂੰ ਉਹ ਲੇਵੀਆਂ ਨੂੰ ਹਰ ਇੱਕ ਦੀ ਟਹਿਲ ਸੇਵਾ ਅਨੁਸਾਰ ਵੰਡ ਦੇ । 6ਤਦ ਮੂਸਾ ਨੇ ਗੱਡੇ ਅਤੇ ਬਲ਼ਦ ਲੈ ਕੇ ਲੇਵੀਆਂ ਨੂੰ ਦੇ ਦਿੱਤੇ । 7ਗੇਰਸ਼ੋਨੀਆਂ ਨੂੰ ਦੋ ਗੱਡੇ ਅਤੇ ਚਾਰ ਬਲ਼ਦ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਦਿੱਤੇ । 8ਮਰਾਰੀਆਂ ਨੂੰ ਉਨ੍ਹਾਂ ਦੀ ਟਹਿਲ ਸੇਵਾ ਅਨੁਸਾਰ ਚਾਰ ਗੱਡੇ ਅਤੇ ਅੱਠ ਬਲ਼ਦ ਦਿੱਤੇ ਜਿਹੜੇ ਹਾਰੂਨ ਜਾਜਕ ਦੇ ਪੁੱਤਰ ਇਥਾਮਾਰ ਦੇ ਹੱਥ ਵਿੱਚ ਦਿੱਤੇ ਸੀ । 9ਪਰ ਕਹਾਥੀਆਂ ਨੂੰ ਕੁਝ ਨਾ ਦਿੱਤਾ ਤਾਂ ਜੋ ਪਵਿੱਤਰ ਸਥਾਨ ਦੇ ਭਾਰ ਦਾ ਕੰਮ ਜਿਹੜਾ ਉਨ੍ਹਾਂ ਦੀ ਟਹਿਲ ਸੇਵਾ ਦਾ ਸੀ ਉਹ ਆਪਣੇ ਮੋਢਿਆਂ ਉੱਤੇ ਚੁੱਕਿਆ ਕਰਨ ।

10ਫਿਰ ਜਦੋਂ ਜਗਵੇਦੀ ਦਾ ਸਮਰਪਣ ਹੋਇਆ, ਪ੍ਰਧਾਨ ਆਪਣੇ ਚੜ੍ਹਾਵੇ ਜਗਵੇਦੀ ਦੇ ਸਾਹਮਣੇ ਲਿਆਏ । 11ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਕਿ ਇੱਕਲਾ ਇੱਕਲਾ ਪ੍ਰਧਾਨ ਆਪਣੀ ਵਾਰੀ ਦੇ ਦਿਨ ਜਗਵੇਦੀ ਦੇ ਅਭਿਸ਼ੇਕ ਲਈ ਆਪਣੇ ਚੜਾਵੇ ਲਿਆਵੇ ।

12ਪਹਿਲੇ ਦਿਨ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਜੋ ਯਹੂਦਾਹ ਦੇ ਗੋਤ ਦਾ ਸੀ ਆਪਣਾ ਚੜ੍ਹਾਵਾ ਲਿਆਇਆ । 13ਉਸ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ, ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ 14ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ । 15ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ, 16ਇੱਕ ਬੱਕਰੇ ਦਾ ਬੱਚਾ ਪਾਪ ਦੀ ਬਲੀ ਲਈ । 17ਅਤੇ ਸੁੱਖ-ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਅੰਮੀਨਾਦਾਬ ਦੇ ਪੁੱਤਰ ਨਹਸ਼ੋਨ ਦਾ ਚੜ੍ਹਾਵਾ ਸੀ ।

18ਦੂਜੇ ਦਿਨ ਸੂਆਰ ਦਾ ਪੁੱਤਰ ਨਥਨਿਏਲ ਯਿੱਸਾਕਾਰ ਦਾ ਪ੍ਰਧਾਨ ਆਪਣਾ ਚੜ੍ਹਾਵਾ ਲਿਆਇਆ । 19ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦ੍ਹਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 20ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ । 21ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 22ਇੱਕ ਬਕਰੀ ਦਾ ਬੱਚਾ ਪਾਪ ਦੀ ਬਲੀ ਲਈ । 23ਅਤੇ ਸੁਖ- ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਸੁਆਰ ਦੇ ਪੁੱਤਰ ਨਥਨਿਏਲ ਦਾ ਚੜ੍ਹਾਵਾ ਸੀ ।

24ਤੀਜੇ ਦਿਨ ਜ਼ਬੂਲੁਨੀਆਂ ਦਾ ਪ੍ਰਧਾਨ ਹੇਲੋਨ ਦਾ ਪੁੱਤਰ ਅਲੀਆਬ ਆਪਣਾ ਚੜ੍ਹਾਵਾ ਲਿਆਇਆ । 25ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 26ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ । 27ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 28ਇੱਕ ਬੱਕਰੀ ਦਾ ਬੱਚਾ ਪਾਪ ਦੀ ਬਲੀ ਲਈ । 29ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਹੇਲੋਨ ਦੇ ਪੁੱਤਰ ਅਲੀਆਬ ਦਾ ਚੜ੍ਹਾਵਾ ਸੀ ।

30ਚੌਥੇ ਦਿਨ ਰਊਬੇਨੀਆਂ ਦਾ ਪ੍ਰਧਾਨ ਸ਼ਦੇਊਰ ਦਾ ਪੁੱਤਰ ਅਲੀਸੂਰ ਆਪਣਾ ਚੜ੍ਹਾਵਾ ਲਿਆਇਆ । 31ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 32ਦਸ ਤੋਲੇ ਸੋਨੇ ਦੀ ਇੱਕ ਕੌਲੀ ਧੂਪ ਨਾਲ ਭਰੀ ਹੋਈ । 33ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 34ਇੱਕ ਬੱਕਰੀ ਦਾ ਬੱਚਾ ਪਾਪ ਦੀ ਬਲੀ ਲਈ । 35ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਸ਼ਦੇਊਰ ਦੇ ਪੁੱਤਰ ਅਲੀਸੂਰ ਦਾ ਚੜ੍ਹਾਵਾ ਸੀ ।

36ਪੰਜਵੇਂ ਦਿਨ ਸ਼ਿਮਓਨੀਆਂ ਦਾ ਪ੍ਰਧਾਨ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ ਆਪਣਾ ਚੜ੍ਹਾਵਾ ਲਿਆਇਆ । 37ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 38ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 39ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 40ਇੱਕ ਬੱਕਰੀ ਦਾ ਬੱਚਾ ਪਾਪ ਦੀ ਬਲੀ ਲਈ । 41ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਸੂਰੀਸ਼ਦਾਈ ਦੇ ਪੁੱਤਰ ਸ਼ਲੁਮੀਏਲ ਦਾ ਚੜ੍ਹਾਵਾ ਸੀ ।

42ਛੇਵੇਂ ਦਿਨ ਗਾਦੀਆਂ ਦਾ ਪ੍ਰਧਾਨ ਦਊਏਲ ਦਾ ਪੁੱਤਰ, ਅਲਯਾਸਾਫ਼ ਆਪਣਾ ਚੜ੍ਹਾਵਾ ਲਿਆਇਆ । 43ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 44ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 45ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 46ਇੱਕ ਲੇਲਾ ਪਾਪ ਦੀ ਬਲੀ ਲਈ । 47ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਦਊਏਲ ਦੇ ਪੁੱਤਰ ਅਲਯਾਸਾਫ਼ ਦਾ ਚੜ੍ਹਾਵਾ ਸੀ । 48ਸੱਤਵੇਂ ਦਿਨ ਅਫ਼ਰਈਮ ਦਾ ਪ੍ਰਧਾਨ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣਾ ਚੜ੍ਹਾਵਾ ਲਿਆਇਆ । 49ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 50ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 51ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 52ਇੱਕ ਪੱਠਾ ਪਾਪ ਦੀ ਬਲੀ ਲਈ । 53ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਅੰਮੀਹੂਦ ਦੇ ਪੁੱਤਰ ਅਲੀਸ਼ਾਮਾ ਦਾ ਚੜ੍ਹਾਵਾ ਸੀ ।

54ਅੱਠਵੇਂ ਦਿਨ ਮਨੱਸ਼ੀਆਂ ਦਾ ਪ੍ਰਧਾਨ ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣਾ ਚੜ੍ਹਾਵਾ ਲਿਆਇਆ । 55ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 56ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 57ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 58ਇੱਕ ਪੱਠਾ ਪਾਪ ਦੀ ਬਲੀ ਲਈ । 59ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਪਦਾਹਸੂਰ ਦੇ ਪੁੱਤਰ ਗਮਲੀਏਲ ਦਾ ਚੜ੍ਹਾਵਾ ਸੀ ।

60ਨੌਵੇਂ ਦਿਨ ਬਿਨਯਾਮੀਨੀਆਂ ਦਾ ਪ੍ਰਧਾਨ ਗਿਦਓਨੀ ਦਾ ਪੁੱਤਰ ਅਬੀਦਾਨ ਆਪਣਾ ਚੜ੍ਹਾਵਾ ਲਿਆਇਆ । 61ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 62ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 63ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਇੱਕ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 64ਇੱਕ ਪੱਠਾ ਪਾਪ ਦੀ ਬਲੀ ਲਈ । 65ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦਾ ਭੇਡ ਦੇ ਬੱਚੇ । ਇਹ ਗਿਦਓਨੀ ਦੇ ਪੁੱਤਰ ਅਬੀਦਾਨ ਦਾ ਚੜ੍ਹਾਵਾ ਸੀ ।

66ਦਸਵੇਂ ਦਿਨ ਦਾਨੀਆਂ ਦਾ ਪ੍ਰਧਾਨ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਆਪਣਾ ਚੜ੍ਹਾਵਾ ਲਿਆਇਆ । 67ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 68ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 69ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 70ਇੱਕ ਪੱਠਾ ਪਾਪ ਦੀ ਬਲੀ ਲਈ । 71ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਅੰਮੀਸ਼ੱਦਾਈ ਦੇ ਪੁੱਤਰ ਅਹੀਅਜ਼ਰ ਦਾ ਚੜ੍ਹਾਵਾ ਸੀ ।

72ਗਿਆਰ੍ਹਵੇਂ ਦਿਨ ਆਸ਼ੇਰੀਆਂ ਦਾ ਪ੍ਰਧਾਨ ਆਕਰਾਨ ਦਾ ਪੁੱਤਰ ਪਗੀਏਲ ਆਪਣਾ ਚੜ੍ਹਾਵਾ ਲਿਆਇਆ । 73ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 74ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 75ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 76ਇੱਕ ਪੱਠਾ ਪਾਪ ਦੀ ਬਲੀ ਲਈ । 77ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਆਕਰਾਨ ਦੇ ਪੁੱਤਰ ਪਗੀਏਲ ਦਾ ਚੜ੍ਹਾਵਾ ਸੀ ।

78ਬਾਰ੍ਹਵੇਂ ਦਿਨ ਨਫ਼ਤਾਲੀਆਂ ਦਾ ਪ੍ਰਧਾਨ ਏਨਾਨ ਦਾ ਪੁੱਤਰ ਅਹੀਰਾ ਆਪਣਾ ਚੜ੍ਹਾਵਾ ਲਿਆਇਆ । 79ਉਹ ਦਾ ਚੜ੍ਹਾਵਾ ਚਾਂਦੀ ਦਾ ਇੱਕ ਥਾਲ ਸੀ ਜਿਸ ਦਾ ਤੋਲ ਇੱਕ ਸੇਰ ਦਸ ਛਟਾਂਕ ਸੀ ਅਤੇ ਚਾਂਦੀ ਦਾ ਇੱਕ ਕਟੋਰਾ ਚੌਦਾਂ ਛਟਾਂਕ ਦਾ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ । ਇਹ ਦੋਵੇਂ ਮੈਦੇ ਦੀ ਭੇਟ ਲਈ ਤੇਲ ਮਿਲੇ ਹੋਏ ਮੈਦੇ ਨਾਲ ਭਰੇ ਹੋਏ ਸਨ । 80ਇੱਕ ਕੌਲੀ ਸੋਨੇ ਦੀ ਦਸ ਤੋਲੇ ਦੀ ਧੂਪ ਨਾਲ ਭਰੀ ਹੋਈ । 81ਇੱਕ ਵਹਿੜਾ, ਇੱਕ ਭੇਡੂ, ਇੱਕ ਸਾਲ ਦਾ ਭੇਡ ਦਾ ਬੱਚਾ ਹੋਮ ਦੀ ਬਲੀ ਲਈ । 82ਬੱਕਰਾ ਪਾਪ ਦੀ ਬਲੀ ਲਈ । 83ਅਤੇ ਸੁਖ ਸਾਂਦ ਦੀ ਬਲੀ ਲਈ ਦੋ ਬਲ਼ਦ, ਪੰਜ ਭੇਡੂ, ਪੰਜ ਬੱਕਰੇ, ਪੰਜ ਇੱਕ ਸਾਲ ਦੇ ਭੇਡ ਦੇ ਬੱਚੇ । ਇਹ ਏਨਾਨ ਦੇ ਪੁੱਤਰ ਅਹੀਰਾ ਦਾ ਚੜ੍ਹਾਵਾ ਸੀ ।

84ਜਗਵੇਦੀ ਦੇ ਸਮਰਪਣ ਦੇ ਵੇਲੇ ਇਸਰਾਏਲ ਦੇ ਪ੍ਰਧਾਨਾਂ ਦੇ ਵੱਲੋਂ ਉਸ ਨੂੰ ਸਮਰਪਣ ਕੀਤੀਆਂ ਹੋਈਆਂ ਭੇਟਾਂ ਇਹ ਸਨ, ਅਰਥਾਤ ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਕਟੋਰੇ, ਸੋਨੇ ਦੀਆਂ ਬਾਰਾਂ ਕੌਲੀਆਂ । 85ਚਾਂਦੀ ਦਾ ਹਰ ਥਾਲ ਇੱਕ ਸੇਰ ਦਸ ਛਟਾਂਕ ਅਤੇ ਚਾਂਦੀ ਦਾ ਹਰ ਕਟੋਰਾ ਚੌਦਾਂ ਛਟਾਂਕ, ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਸਾਰੇ ਚਾਂਦੀ ਦੇ ਭਾਂਡੇ ਦੋ ਹਜ਼ਾਰ ਚਾਰ ਸੋ ਸ਼ੇਕਲ ਦੇ ਸਨ । 86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆਂ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਸੌ ਕੌਲੀਆਂ ਦਾ ਸਾਰਾ ਸੋਨਾ ਡੇਢ ਸੇਰ ਸੀ । 87ਹੋਮ ਦੀ ਬਲੀ ਦੇ ਸਾਰੇ ਪਸ਼ੂ ਬਾਰਾਂ ਵਹਿੜੇ, ਬਾਰਾਂ ਭੇਡੂ, ਬਾਰਾਂ ਭੇਡ ਦੇ ਬੱਚੇ, ਭੇਡਾਂ ਦੇ ਬੱਚੇ ਇੱਕ ਸਾਲ ਦੇ, ਉਨ੍ਹਾਂ ਦੀ ਮੈਦੇ ਦੀ ਭੇਟ ਸਮੇਤ ਬਾਰਾਂ ਪੱਠੇ ਪਾਪ ਦੀ ਬਲੀ ਲਈ । 88ਅਤੇ ਸੁਖ ਸਾਂਦ ਦੀ ਬਲੀ ਲਈ ਸਾਰੇ ਪਸ਼ੂ ਇਹ ਹਨ, ਚੌਵੀ ਬਲ਼ਦ, ਸੱਠ ਭੇਡੂ, ਸੱਠ ਬੱਕਰੇ, ਸੱਠ ਇੱਕ ਸਾਲ ਦੇ ਭੇਡਾਂ ਦੇ ਬੱਚੇ, ਇਹ ਜਗਵੇਦੀ ਦੇ ਸਮਰਪਣ ਲਈ ਤੇ ਉਸ ਦੇ ਸਮਰਪਣ ਦੀ ਭੇਂਟ ਸਨ । 89ਜਦ ਮੂਸਾ ਮੰਡਲੀ ਦੇ ਤੰਬੂ ਵਿੱਚ ਯਹੋਵਾਹ ਦੇ ਨਾਲ ਗੱਲਾਂ ਕਰਨ ਲਈ ਗਿਆ, ਤਦ ਉਸ ਨੇ ਉਸ ਆਵਾਜ਼ ਨੂੰ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੇ ਜਿਹੜਾ ਸਾਖੀ ਦੇ ਸੰਦੂਕ ਦੇ ਉੱਤੇ ਸੀ, ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਬੋਲਦੇ ਸੁਣਿਆ ਅਤੇ ਯਹੋਵਾਹ ਉਸ ਦੇ ਨਾਲ ਬੋਲਿਆ ।

8

ਦੀਵਿਆਂ ਨੂੰ ਜਲਾਉਣਾ

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਕਿ ਜਦ ਤੂੰ ਦੀਵੇ ਬਾਲੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ । 3ਤਾਂ ਹਾਰੂਨ ਨੇ ਉਸੇ ਤਰ੍ਹਾਂ ਹੀ ਕੀਤਾ । ਉਹ ਨੇ ਉਸ ਦੇ ਦੀਵੇ ਸ਼ਮਾਦਾਨ ਦੇ ਸਾਹਮਣੇ ਬਾਲੇ, ਜਿਵੇਂ ਯਹੋਵਾਹ ਨੂੰ ਮੂਸਾ ਨੂੰ ਹੁਕਮ ਦਿੱਤਾ ਸੀ । 4ਸ਼ਮਾਦਾਨ ਦੀ ਬਣਾਵਟ ਇਸ ਤਰ੍ਹਾਂ ਸੀ, ਉਹ ਹੇਠਾਂ ਤੋਂ ਲੈ ਕੇ ਉੱਪਰ ਫੁੱਲਾਂ ਤੱਕ ਸੋਨੇ ਨਾਲ ਬਣਾਇਆ ਗਿਆ ਸੀ । ਉਹ ਉਸ ਨਮੂਨੇ ਉੱਤੇ ਸੀ ਜਿਹੜਾ ਯਹੋਵਾਹ ਨੇ ਮੂਸਾ ਨੂੰ ਵਿਖਾਇਆ, ਉਸੇ ਤਰ੍ਹਾਂ ਉਸ ਨੇ ਸ਼ਮਾਦਾਨ ਨੂੰ ਬਣਾਇਆ ।

ਲੇਵੀਆਂ ਦਾ ਸ਼ੁੱਧੀਕਰਣ ਅਤੇ ਅਰਪਣ

5ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 6ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਲੈ ਕੇ ਪਵਿੱਤਰ ਕਰ । 7ਉਨ੍ਹਾਂ ਨੂੰ ਪਵਿੱਤਰ ਕਰਨ ਲਈ ਅਜਿਹਾ ਕਰੀਂ ਕਿ ਉਨ੍ਹਾਂ ਉੱਤੇ ਪਾਪ ਤੋਂ ਸ਼ੁੱਧ ਕਰਨ ਵਾਲਾ ਪਾਣੀ ਛਿੜਕ ਦੇ ਅਤੇ ਉਨ੍ਹਾਂ ਦੇ ਸਾਰੇ ਸਰੀਰ ਉੱਤੇ ਉਸਤਰਾ ਫਿਰਾ ਦੇ ਅਤੇ ਉਹ ਆਪਣੇ ਬਸਤਰ ਧੋਣ, ਇਸ ਤਰ੍ਹਾਂ ਉਹ ਸ਼ੁੱਧ ਹੋਣ । 8ਫੇਰ ਉਹ ਇੱਕ ਵਹਿੜਾ ਲੈਣ ਨਾਲੇ ਉਸ ਦੀ ਮੈਦੇ ਦੀ ਭੇਟ, ਬਰੀਕ ਮੈਦਾ ਤੇਲ ਨਾਲ ਰਲਿਆ ਹੋਇਆ ਅਤੇ ਤੂੰ ਦੂਜਾ ਵਹਿੜਾ ਪਾਪ ਦੀ ਬਲੀ ਲਈ ਲਵੀਂ । 9ਫੇਰ ਲੇਵੀਆਂ ਨੂੰ ਮੰਡਲੀ ਦੇ ਤੰਬੂ ਦੇ ਅੱਗੇ ਹਾਜ਼ਰ ਕਰੀਂ, ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਇਕੱਠਾ ਕਰੀਂ । 10ਤਦ ਤੂੰ ਲੇਵੀਆਂ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੀਂ ਅਤੇ ਇਸਰਾਏਲੀ ਲੇਵੀਆਂ ਉੱਤੇ ਆਪਣੇ ਹੱਥ ਧਰਨ । 11ਅਤੇ ਹਾਰੂਨ ਉਨ੍ਹਾਂ ਲੇਵੀਆਂ ਨੂੰ ਯਹੋਵਾਹ ਅੱਗੇ ਇਸਰਾਏਲੀਆਂ ਵੱਲੋਂ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੇ ਤਾਂ ਜੋ ਉਹ ਯਹੋਵਾਹ ਦੀ ਸੇਵਾ ਦਾ ਕੰਮ ਕਰਨ । 12ਫੇਰ ਲੇਵੀ ਆਪਣੇ ਹੱਥ ਵਹਿੜਿਆਂ ਦੇ ਸਿਰਾਂ ਉੱਤੇ ਧਰਨ ਅਤੇ ਤੂੰ ਇੱਕ ਨੂੰ ਪਾਪ ਦੀ ਬਲੀ ਲਈ ਅਤੇ ਦੂਜੇ ਨੂੰ ਹੋਮ ਦੀ ਭੇਟ ਲਈ ਚੜ੍ਹਾ ਤਾਂ ਜੋ ਉਹ ਲੇਵੀਆਂ ਦਾ ਪ੍ਰਾਸਚਿਤ ਹੋਵੇ । 13ਤਦ ਲੇਵੀਆਂ ਨੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਖੜ੍ਹਾ ਕਰੀਂ ਅਤੇ ਤੂੰ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਲਈ ਯਹੋਵਾਹ ਅੱਗੇ ਚੜ੍ਹਾਈਂ ।

14ਇਸ ਤਰ੍ਹਾਂ ਤੂੰ ਲੇਵੀਆਂ ਨੂੰ ਇਸਰਾਏਲੀਆਂ ਵਿੱਚੋਂ ਵੱਖਰਾ ਕਰੀਂ, ਇਸ ਤਰ੍ਹਾਂ ਲੇਵੀ ਮੇਰੇ ਹੋਣਗੇ । 15ਅਤੇ ਇਸ ਤੋਂ ਬਾਅਦ ਲੇਵੀ ਮੰਡਲੀ ਦੇ ਤੰਬੂ ਵਿੱਚ ਜਾ ਕੇ ਸੇਵਾ ਕਰਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸ਼ੁੱਧ ਕਰੀਂ ਅਤੇ ਉਨ੍ਹਾਂ ਨੂੰ ਹਿਲਾਉਣ ਦੀ ਭੇਟ ਕਰਕੇ ਚੜ੍ਹਾਵੀਂ । 16ਕਿਉਂਕਿ ਉਹ ਇਸਰਾਏਲੀਆਂ ਵਿੱਚੋਂ ਮੈਨੂੰ ਪੂਰੀ ਤਰ੍ਹਾਂ ਨਾਲ ਸਮਰਪਤ ਕੀਤੇ ਗਏ ਹਨ, ਮੈਂ ਉਹਨਾਂ ਨੂੰ ਸਾਰੇ ਇਸਰਾਏਲ ਵਿਚੋਂ ਸਾਰੇ ਪਹਿਲੌਠਿਆਂ ਦੇ ਬਦਲੇ ਆਪਣੇ ਲਈ ਲੈ ਲਿਆ ਹੈ । 17ਕਿਉਂ ਜੋ ਇਸਰਾਏਲੀਆਂ ਦੇ ਸਾਰੇ ਪਹਿਲੌਠੇ ਮੇਰੇ ਹਨ, ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ । ਜਿਸ ਦਿਨ ਤੋਂ ਮੈਂ ਮਿਸਰ ਦੇਸ ਦੇ ਸਾਰਿਆਂ ਪਹਿਲੌਠਿਆਂ ਨੂੰ ਮਾਰਿਆ, ਮੈਂ ਉਨ੍ਹਾਂ ਨੂੰ ਆਪਣੇ ਲਈ ਪਵਿੱਤਰ ਕੀਤਾ । 18ਇਸ ਤਰ੍ਹਾਂ ਮੈਂ ਲੇਵੀਆਂ ਨੂੰ ਇਸਰਾਏਲੀਆਂ ਦੇ ਸਾਰੇ ਪਹਿਲੌਠਿਆਂ ਦੇ ਥਾਂ ਲੈ ਲਿਆ ਹੈ । 19ਮੈਂ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਇਸਰਾਏਲੀਆਂ ਵਿੱਚੋਂ ਲੇਵੀ ਦਾਨ ਦਿੱਤੇ ਹਨ ਕਿ ਉਹ ਮੰਡਲੀ ਦੇ ਤੰਬੂ ਵਿੱਚ ਇਸਰਾਏਲੀਆਂ ਲਈ ਸੇਵਾ ਕਰਨ, ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਤਾਂ ਜੋ ਜਦ ਇਸਰਾਏਲੀ ਪਵਿੱਤਰ ਸਥਾਨ ਦੇ ਨੇੜੇ ਆਉਣ ਤਾਂ ਕੋਈ ਬਵਾ ਉਹਨਾਂ ਉੱਤੇ ਨਾ ਪਵੇ ।

20ਮੂਸਾ, ਹਾਰੂਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਨੇ ਲੇਵੀਆਂ ਨਾਲ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ । 21ਤਦ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਆਪਣੇ ਬਸਤਰ ਧੋਤੇ । ਤਦ ਹਾਰੂਨ ਨੇ ਉਨ੍ਹਾਂ ਨੂੰ ਯਹੋਵਾਹ ਅੱਗੇ ਹਿਲਾਉਣ ਦੀ ਭੇਟ ਕਰਕੇ ਚੜ੍ਹਾਇਆ ਅਤੇ ਹਾਰੂਨ ਨੇ ਉਨ੍ਹਾਂ ਦੀ ਪਵਿੱਤਰਤਾਈ ਲਈ ਪ੍ਰਾਸਚਿਤ ਕੀਤਾ । 22ਇਸ ਤੋਂ ਬਾਅਦ ਉਹ ਲੇਵੀ ਸੇਵਾ ਦੇ ਕੰਮ ਲਈ ਹਾਰੂਨ ਅਤੇ ਉਸ ਦੇ ਪੁੱਤਰਾਂ ਦੇ ਅੱਗੇ ਮੰਡਲੀ ਦੇ ਤੰਬੂ ਵਿੱਚ ਆਏ । ਜਿਵੇਂ ਯਹੋਵਾਹ ਨੇ ਮੂਸਾ ਨੂੰ ਲੇਵੀਆਂ ਦੇ ਵਿਖੇ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਹਨਾਂ ਨੇ ਉਨ੍ਹਾਂ ਨਾਲ ਕੀਤਾ ।

23ਯਹੋਵਾਹ ਨੇ ਮੂਸਾ ਨੂੰ ਆਖਿਆ, 24ਲੇਵੀਆਂ ਲਈ ਨਿਯਮ ਇਹ ਹੈ ਕਿ ਪੱਚੀ ਸਾਲ ਜਾਂ ਇਸ ਤੋਂ ਵੱਧ ਉਮਰ ਵਿੱਚ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਦੇ ਕੰਮ ਵਿੱਚ ਲੱਗੇ ਰਹਿਣ, 25ਅਤੇ ਜਦ ਉਹ ਪੰਜਾਹ ਸਾਲ ਦੇ ਹੋ ਜਾਣ ਤਦ ਉਹ ਸੇਵਾ ਦੇ ਕੰਮ ਤੋਂ ਰਹਿਤ ਕੀਤੇ ਜਾਣ ਅਤੇ ਉਹ ਹੋਰ ਸੇਵਾ ਦਾ ਕੰਮ ਨਾ ਕਰਨ । 26ਪਰ ਉਹ ਆਪਣੇ ਭਰਾਵਾਂ ਦੇ ਨਾਲ ਸੇਵਾ ਮੰਡਲੀ ਦੇ ਤੰਬੂ ਦੀ ਰਖਵਾਲੀ ਦਾ ਕੰਮ ਕਰਿਆ ਕਰਨ ਅਤੇ ਉਹ ਆਪ ਸੇਵਾ ਦਾ ਕੰਮ ਨਾ ਕਰਨ । ਲੇਵੀਆਂ ਨੂੰ ਜੋ ਜੋ ਕੰਮ ਦਿੱਤੇ ਜਾਣ ਉਹਨਾਂ ਦੇ ਵਿਖੇ ਅਜਿਹਾ ਹੀ ਕਰੀਂ ।

9

ਪਸਾਹ ਦਾ ਪਰਬ ਦੂਸਰੀ ਵਾਰ ਮਨਾਉਣਾ

1ਸੀਨਈ ਦੀ ਉਜਾੜ ਵਿੱਚ, ਦੂਜੇ ਸਾਲ ਦੇ ਪਹਿਲੇ ਮਹੀਨੇ ਇਸਰਾਏਲੀਆਂ ਦੇ ਮਿਸਰ ਦੇਸ ਵਿੱਚੋਂ ਨਿੱਕਲਣ ਤੋਂ ਬਾਅਦ ਯਹੋਵਾਹ ਮੂਸਾ ਨਾਲ ਬੋਲਿਆ, 2ਇਸਰਾਏਲੀ ਪਸਾਹ ਦੇ ਪਰਬ ਨੂੰ ਠਹਿਰਾਏ ਹੋਏ ਸਮੇਂ ਉੱਤੇ ਮਨਾਇਆ ਕਰਨ । 3ਇਸੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਠਹਿਰਾਏ ਹੋਏ ਸਮੇਂ ਉੱਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਰੀਤਾਂ ਅਨੁਸਾਰ ਉਸ ਨੂੰ ਮਨਾਇਆ ਕਰੋ । 4ਇਸ ਲਈ ਮੂਸਾ ਨੇ ਇਸਰਾਏਲੀਆਂ ਨੂੰ ਪਸਾਹ ਮਨਾਉਣ ਲਈ ਆਖਿਆ । 5ਉਪਰੰਤ ਉਨ੍ਹਾਂ ਨੇ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਸੀਨਈ ਦੀ ਉਜਾੜ ਵਿੱਚ ਪਸਾਹ ਨੂੰ ਮਨਾਇਆ, ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਇਸਰਾਏਲੀਆਂ ਨੇ ਕੀਤਾ । 6ਕਈ ਮਨੁੱਖ, ਜਿਹੜੇ ਕਿਸੇ ਆਦਮੀ ਦੀ ਲਾਸ਼ ਦੇ ਕਾਰਨ ਅਸ਼ੁੱਧ ਹੋ ਗਏ ਸਨ, ਉਹ ਪਸਾਹ ਦਾ ਪਰਬ ਨਾ ਮਨਾ ਸਕੇ ਤਦ ਉਹ ਮੂਸਾ ਅਤੇ ਹਾਰੂਨ ਦੇ ਕੋਲ ਆਏ, 7ਉਨ੍ਹਾਂ ਮਨੁੱਖਾਂ ਨੇ ਆਖਿਆ ਕਿ ਅਸੀਂ ਇੱਕ ਆਦਮੀ ਦੀ ਲਾਸ਼ ਦੇ ਕਾਰਨ ਅਸ਼ੁੱਧ ਹੋ ਗਏ ਹਾਂ, ਪਰ ਅਸੀਂ ਕਿਉਂ ਰੁਕੇ ਰਹੀਏ ਕਿ ਅਸੀਂ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਇਸਰਾਏਲੀਆਂ ਦੇ ਵਿੱਚ ਨਾ ਚੜ੍ਹਾਈਏ ? 8ਮੂਸਾ ਨੇ ਉਨ੍ਹਾਂ ਨੂੰ ਆਖਿਆ, ਰੁਕੋ, ਮੈਂ ਸੁਣ ਲਵਾਂ ਕਿ ਯਹੋਵਾਹ ਤੁਹਾਡੇ ਵਿਖੇ ਕੀ ਆਗਿਆ ਦਿੰਦਾ ਹੈ ।

9ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 10ਇਸਰਾਏਲੀਆਂ ਨੂੰ ਆਖ ਕਿ ਜੇ ਕੋਈ ਮਨੁੱਖ ਕਿਸੇ ਦੀ ਲਾਸ਼ ਦੇ ਕਾਰਨ ਜਾਂ ਕਿਸੇ ਦੂਰ ਸਫ਼ਰ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ, ਭਾਵੇਂ ਤੁਹਾਡੇ ਵਿੱਚੋਂ, ਭਾਵੇਂ ਤੁਹਾਡੀ ਅੰਸ ਵਿੱਚੋਂ ਤਾਂ ਵੀ ਉਹ ਯਹੋਵਾਹ ਦੇ ਲਈ ਪਸਾਹ ਨੂੰ ਮਨਾਵੇ । 11ਉਹ ਦੂਜੇ ਮਹੀਨੇ ਦੀ ਚੌਧਵੀਂ ਤਾਰੀਖ਼ ਦੀ ਸ਼ਾਮ ਨੂੰ ਉਹ ਨੂੰ ਮਨਾਉਣ, ਉਹ ਪਸਾਹ ਦੀ ਪਤੀਰੀ ਰੋਟੀ ਅਤੇ ਸਾਗ ਪੱਤ ਨਾਲ ਉਸ ਨੂੰ ਖਾਣ । 12ਉਹ ਸਵੇਰ ਤੱਕ ਕੁਝ ਵੀ ਬਾਕੀ ਨਾ ਛੱਡਣ ਅਤੇ ਨਾ ਹੀ ਉਸ ਦੀ ਹੱਡੀ ਤੋੜਨ ਅਤੇ ਪਸਾਹ ਦੀ ਸਾਰੀ ਬਿਧੀ ਅਨੁਸਾਰ ਉਹ ਨੂੰ ਮਨਾਉਣ । 13ਪਰੰਤੂ ਜਿਹੜਾ ਮਨੁੱਖ ਸ਼ੁੱਧ ਹੋਵੇ ਅਤੇ ਸਫ਼ਰ ਵਿੱਚ ਵੀ ਨਾ ਹੋਵੇ ਅਤੇ ਜੇਕਰ ਉਹ ਪਸਾਹ ਮਨਾਉਣ ਤੋਂ ਇਨਕਾਰ ਕਰੇ ਤਾਂ ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਕੱਢਿਆ ਜਾਵੇ ਕਿਉਂ ਜੋ ਉਸ ਨੇ ਯਹੋਵਾਹ ਦਾ ਚੜ੍ਹਾਵਾ ਠਹਿਰਾਏ ਹੋਏ ਸਮੇਂ ਉੱਤੇ ਨਹੀਂ ਚੜ੍ਹਾਇਆ, ਉਹ ਮਨੁੱਖ ਆਪਣਾ ਪਾਪ ਆਪ ਚੁੱਕੇਗਾ । 14ਜੇਕਰ ਤੁਹਾਡੇ ਵਿੱਚ ਕੋਈ ਪਰਦੇਸੀ ਰਹਿ ਰਿਹਾ ਹੋਵੇ ਅਤੇ ਉਹ ਯਹੋਵਾਹ ਲਈ ਪਸਾਹ ਮਨਾਉਣੀ ਚਾਹੇ ਤਾਂ ਉਹ ਪਸਾਹ ਦੀ ਬਿਧੀ ਅਤੇ ਉਹ ਦੀ ਰੀਤੀ ਅਨੁਸਾਰ ਮਨਾਵੇ । ਤੁਹਾਡੇ ਅਤੇ ਪਰਦੇਸੀ ਲਈ ਇੱਕੋ ਹੀ ਬਿਧੀ ਹੋਵੇ ।

ਨਿਵਾਸ ਸਥਾਨ ਉੱਤੇ ਬੱਦਲ

(ਕੂਚ 40:34-38)

15ਜਿਸ ਦਿਨ ਡੇਰਾ ਖੜ੍ਹਾ ਕੀਤਾ ਗਿਆ ਤਾਂ ਬੱਦਲ ਨੇ ਡੇਰੇ ਨੂੰ ਸਾਖੀ ਦੇ ਤੰਬੂ ਤੱਕ ਢੱਕ ਲਿਆ ਅਤੇ ਸ਼ਾਮ ਨੂੰ ਡੇਰੇ ਉੱਤੇ ਸਵੇਰ ਤੱਕ ਅੱਗ ਜਿਹੀ ਦਿੱਸਦੀ ਰਹੀ । 16ਇਸ ਤਰ੍ਹਾਂ ਸਦਾ ਹੀ ਹੁੰਦਾ ਸੀ । ਬੱਦਲ ਉਹ ਨੂੰ ਢੱਕਦਾ ਹੁੰਦਾ ਸੀ ਅਤੇ ਰਾਤ ਨੂੰ ਅੱਗ ਦਿੱਸਦੀ ਹੁੰਦੀ ਸੀ । 17ਜਦੋਂ ਵੀ ਬੱਦਲ ਤੰਬੂ ਦੇ ਉੱਤੋਂ ਚੁੱਕਿਆ ਜਾਂਦਾ ਸੀ ਤਾਂ ਉਸ ਦੇ ਪਿੱਛੇ ਇਸਰਾਏਲੀ ਕੂਚ ਕਰਦੇ ਸਨ ਅਤੇ ਜਿਸ ਥਾਂ ਬੱਦਲ ਠਹਿਰਦਾ ਸੀ ਉੱਥੇ ਇਸਰਾਏਲੀ ਡੇਰੇ ਲਾਉਂਦੇ ਸਨ । 18ਯਹੋਵਾਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ । ਜਿਨ੍ਹਾਂ ਚਿਰ ਬੱਦਲ ਡੇਰੇ ਦੇ ਉੱਤੇ ਠਹਿਰਦਾ ਸੀ ਉਨ੍ਹੀਂ ਦੇਰ ਤੱਕ ਆਪਣੇ ਡੇਰੇ ਵਿੱਚ ਰਹਿੰਦੇ ਸਨ । 19ਜਦ ਬੱਦਲ ਡੇਰੇ ਉੱਤੇ ਬਹੁਤੇ ਦਿਨਾਂ ਤੱਕ ਠਹਿਰਿਆ ਰਹਿੰਦਾ ਸੀ ਤਾਂ ਇਸਰਾਏਲੀ ਯਹੋਵਾਹ ਦੇ ਹੁਕਮ ਨੂੰ ਮੰਨਦੇ ਹੋਏ ਕੂਚ ਨਹੀਂ ਕਰਦੇ ਸਨ । 20ਕਦੀ ਕਦੀ ਬੱਦਲ ਥੋੜ੍ਹੇ ਦਿਨ ਡੇਰੇ ਦੇ ਉੱਤੇ ਰਹਿੰਦਾ ਸੀ ਤਦ ਯਹੋਵਾਹ ਦੇ ਹੁਕਮ ਅਨੁਸਾਰ ਉਹ ਡੇਰੇ ਵਿੱਚ ਹੀ ਰਹਿੰਦੇ ਸਨ ਅਤੇ ਫੇਰ ਯਹੋਵਾਹ ਦੇ ਹੁਕਮ ਅਨੁਸਾਰ ਕੂਚ ਕਰਦੇ ਸਨ । 21ਅਤੇ ਕਦੀ-ਕਦੀ ਬੱਦਲ ਸ਼ਾਮ ਤੋਂ ਸਵੇਰ ਤੱਕ ਹੁੰਦਾ ਸੀ ਤਾਂ ਜਦ ਸਵੇਰ ਨੂੰ ਬੱਦਲ ਚੁੱਕਿਆ ਜਾਂਦਾ ਸੀ ਤਾਂ ਉਹ ਕੂਚ ਕਰਦੇ ਸਨ । ਭਾਵੇਂ ਦਿਨ ਨੂੰ ਭਾਵੇਂ ਰਾਤ ਨੂੰ ਜਦ ਬੱਦਲ ਚੁੱਕਿਆ ਜਾਂਦਾ ਸੀ ਤਦ ਉਹ ਕੂਚ ਕਰਦੇ ਸਨ । 22ਭਾਵੇਂ ਦੋ ਦਿਨ, ਭਾਵੇਂ ਮਹੀਨਾ ਭਾਵੇਂ ਪੂਰਾ ਸਾਲ ਬੱਦਲ ਜਦ ਤੱਕ ਡੇਰੇ ਉੱਤੇ ਠਹਿਰਿਆ ਰਹਿੰਦਾ ਸੀ, ਉਦੋਂ ਤੱਕ ਇਸਰਾਏਲੀ ਆਪਣੇ ਡੇਰਿਆਂ ਵਿੱਚ ਰਹਿੰਦੇ ਹੁੰਦੇ ਸਨ ਅਤੇ ਕੂਚ ਨਹੀਂ ਕਰਦੇ ਸਨ ਪਰ ਜਦ ਬੱਦਲ ਚੁੱਕਿਆ ਜਾਂਦਾ ਸੀ, ਤਦ ਉਹ ਕੂਚ ਕਰਦੇ ਸਨ । 23ਯਹੋਵਾਹ ਦੇ ਹੁਕਮ ਨਾਲ ਉਹ ਡੇਰੇ ਲਾਉਂਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਉਹ ਕੂਚ ਕਰਦੇ ਸਨ । ਉਹ ਯਹੋਵਾਹ ਦੀ ਆਗਿਆ ਨੂੰ ਮੰਨਦੇ ਸਨ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਹੁਕਮ ਦਿੰਦਾ ਸੀ ।

10

ਚਾਂਦੀ ਦੀਆਂ ਦੋ ਤੁਰ੍ਹੀਆਂ

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਆਪਣੇ ਲਈ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ । ਉਨ੍ਹਾਂ ਨੂੰ ਘੜ ਕੇ ਬਣਾ ਤਾਂ ਜੋ ਉਹ ਤੇਰੇ ਲਈ ਮੰਡਲੀ ਨੂੰ ਸੱਦਣ ਲਈ ਅਤੇ ਡੇਰਿਆਂ ਦੇ ਕੂਚ ਕਰਨ ਲਈ ਹੋਣ । 3ਜਦ ਉਹ ਉਨ੍ਹਾਂ ਨੂੰ ਫੂਕਣ ਤਾਂ ਸਾਰੀ ਮੰਡਲੀ ਤੇਰੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇੱਕਠੀ ਹੋ ਜਾਵੇ । 4ਜੇਕਰ ਇੱਕੋ ਹੀ ਫੂਕਣ ਤਾਂ ਪ੍ਰਧਾਨ, ਜਿਹੜੇ ਇਸਰਾਏਲ ਵਿੱਚ ਹਜ਼ਾਰਾਂ ਦੇ ਮੁਖੀਏ ਹਨ, ਤੇਰੇ ਕੋਲ ਇੱਕਠੇ ਹੋ ਜਾਣ । 5ਜਦ ਤੁਸੀਂ ਸਾਹ ਖਿੱਚ ਕੇ ਫੂਕ ਮਾਰੋ ਤਾਂ ਪੂਰਬ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ । 6ਜਦ ਤੁਸੀਂ ਸਾਹ ਖਿੱਚ ਕੇ ਦੂਜੀ ਵਾਰ ਫੂਕ ਮਾਰੋ ਤਾਂ ਦੱਖਣ ਦਿਸ਼ਾ ਵੱਲ ਦੇ ਡੇਰੇ ਕੂਚ ਕਰਨ । ਇਸ ਤਰ੍ਹਾਂ ਦੇ ਕੂਚ ਕਰਨ ਲਈ ਉਹ ਸਾਹ ਖਿੱਚ ਕੇ ਫੂਕਣ । 7ਜਦ ਸਭਾ ਇਕੱਠੀ ਕਰਨੀ ਹੋਵੇ ਤਾਂ ਤੁਸੀਂ ਤੁਰ੍ਹੀ ਫੂਕੋ ਪਰ ਸਾਹ ਖਿੱਚ ਕੇ ਨਾ ਫੂਕੋ । 8ਅਤੇ ਹਾਰੂਨ ਦੇ ਪੁੱਤਰ ਜੋ ਜਾਜਕ ਹਨ ਉਹ ਤੁਰ੍ਹੀਆਂ ਫੂਕਣ ਅਤੇ ਉਹ ਤੁਹਾਡੇ ਲਈ ਸਦਾ ਤੱਕ ਤੁਹਾਡੀ ਪੀੜ੍ਹੀਓਂ ਪੀੜ੍ਹੀ ਲਈ ਇੱਕ ਬਿਧੀ ਹੋਵੇ । 9ਜਦ ਤੁਸੀਂ ਆਪਣੇ ਦੇਸ ਵਿੱਚ ਆਪਣੇ ਵੈਰੀਆਂ ਦੇ ਵਿਰੁੱਧ, ਜਿਹੜੇ ਤੁਹਾਨੂੰ ਸਤਾਉਂਦੇ ਹਨ ਯੁੱਧ ਕਰਨ ਕਰਨ ਲਈ ਜਾਓ ਤਾਂ ਤੁਸੀਂ ਤੁਰ੍ਹੀਆਂ ਨੂੰ ਸਾਹ ਖਿੱਚ ਕੇ ਫੂਕੋ, ਫੇਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਯਾਦ ਕੀਤੇ ਜਾਓਗੇ ਅਤੇ ਤੁਸੀਂ ਆਪਣੇ ਵੈਰੀਆਂ ਤੋਂ ਬਚਾਏ ਜਾਓਗੇ । 10ਆਪਣੇ ਅਨੰਦ ਦੇ ਦਿਨ, ਆਪਣੇ ਠਹਿਰਾਏ ਹੋਏ ਪਰਬਾਂ ਅਤੇ ਆਪਣੇ ਮਹੀਨਿਆਂ ਦੇ ਆਰੰਭ ਵਿੱਚ ਆਪਣੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਬਲੀਆਂ ਉੱਤੇ ਤੁਰ੍ਹੀਆਂ ਨੂੰ ਫੂਕੋ ਅਤੇ ਉਹ ਤੁਹਾਡੇ ਲਈ ਤੁਹਾਡੇ ਪਰਮੇਸ਼ੁਰ ਅੱਗੇ ਇੱਕ ਯਾਦਗਾਰੀ ਠਹਿਰਨ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

ਇਸਰਾਏਲੀਆਂ ਦੀ ਸੀਨਈ ਪਹਾੜ ਤੋਂ ਕੂਚ

11ਫੇਰ ਅਜਿਹਾ ਹੋਇਆ ਕਿ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ ਉਹ ਬੱਦਲ ਸਾਖੀ ਦੇ ਡੇਰੇ ਦੇ ਉੱਤੋਂ ਚੁੱਕਿਆ ਗਿਆ । 12ਤਾਂ ਇਸਰਾਏਲੀਆਂ ਨੇ ਸੀਨਈ ਦੀ ਉਜਾੜ ਤੋਂ ਆਪਣੇ ਸਫ਼ਰ ਲਈ ਕੂਚ ਕੀਤਾ ਅਤੇ ਬੱਦਲ ਪਾਰਾਨ ਨਾਮਕ ਉਜਾੜ ਵਿੱਚ ਠਹਿਰ ਗਿਆ । 13ਸੋ ਉਨ੍ਹਾਂ ਨੇ ਯਹੋਵਾਹ ਦੇ ਹੁਕਮ ਨਾਲ ਜਿਹੜਾ ਮੂਸਾ ਦੇ ਰਾਹੀਂ ਆਇਆ ਸੀ, ਪਹਿਲਾਂ ਕੂਚ ਕੀਤਾ । 14ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਸੀ । 15ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੂਆਰ ਦਾ ਪੁੱਤਰ ਨਥਨਿਏਲ ਸੀ । 16ਅਤੇ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਹੇਲੋਨ ਦਾ ਪੁੱਤਰ ਅਲੀਆਬ ਸੀ । 17ਫੇਰ ਡੇਰਾ ਉਤਾਰਿਆ ਗਿਆ ਅਤੇ ਗੇਰਸ਼ੋਨੀਆਂ ਅਤੇ ਮਰਾਰੀਆਂ ਨੇ ਜੋ ਡੇਰੇ ਨੂੰ ਚੁੱਕਦੇ ਸਨ, ਕੂਚ ਕੀਤਾ । 18ਫੇਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ । 19ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੁਰੀਸ਼ੱਦਾਈ ਦਾ ਪੁੱਤਰ ਸ਼ਲੁਮੀਏਲ ਸੀ । 20ਅਤੇ ਗਾਦ ਦੇ ਗੋਤ ਦਾ ਸੈਨਾਪਤੀ ਦਊਏਲ ਦਾ ਪੁੱਤਰ ਅਲਯਾਸਾਫ਼ ਸੀ । 21ਫੇਰ ਕਹਾਥੀਆਂ ਨੇ ਡੇਰੇ ਨੂੰ ਚੁੱਕ ਕੇ ਕੂਚ ਕੀਤਾ ਅਤੇ ਦੂਜਿਆਂ ਨੇ ਉਨ੍ਹਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ । 22ਫੇਰ ਅਫ਼ਰਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਸੀ । 23ਮਨੱਸ਼ਹ ਦੇ ਗੋਤ ਦਾ ਸੈਨਾਪਤੀ ਪਦਾਹਸੂਰ ਦਾ ਪੁੱਤਰ ਗਮਲੀਏਲ ਸੀ । 24ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਗਿਦਓਨੀ ਦਾ ਪੁੱਤਰ ਅਬੀਦਾਨ ਸੀ । 25ਫੇਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਨ੍ਹਾਂ ਦਾ ਸੈਨਾਪਤੀ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਸੀ । 26ਅਤੇ ਆਸ਼ੇਰ ਦੇ ਗੋਤ ਦਾ ਸੈਨਾਪਤੀ ਆਕਰਾਨ ਦਾ ਪੁੱਤਰ ਪਗੀਏਲ ਸੀ । 27ਅਤੇ ਨਫ਼ਤਾਲੀ ਦੇ ਗੋਤ ਦਾ ਸੈਨਾਪਤੀ ਏਨਾਨ ਦਾ ਪੁੱਤਰ ਅਹੀਰਾ ਸੀ । 28ਇਹ ਇਸਰਾਏਲੀ ਇਸੇ ਤਰ੍ਹਾਂ ਹੀ ਆਪਣੇ-ਆਪਣੇ ਦਲਾਂ ਦੇ ਅਨੁਸਾਰ ਕੂਚ ਕਰਦੇ ਸਨ ਅਤੇ ਅੱਗੇ ਵਧਿਆ ਕਰਦੇ ਸਨ ।

29ਮੂਸਾ ਨੇ ਆਪਣੇ ਸਹੁਰੇ ਰਊਏਲ ਮਿਦਯਾਨੀ ਦੇ ਪੁੱਤਰ ਹੋਬਾਬ ਨੂੰ ਆਖਿਆ ਕਿ ਅਸੀਂ ਉਸ ਥਾਂ ਨੂੰ ਜਿਹੜਾ ਯਹੋਵਾਹ ਨੇ ਸਾਨੂੰ ਦੇਣ ਨੂੰ ਆਖਿਆ ਹੈ ਕੂਚ ਕਰ ਰਹੇ ਹਾਂ । ਤੂੰ ਸਾਡੇ ਨਾਲ ਚੱਲ ਅਤੇ ਅਸੀਂ ਤੇਰੇ ਨਾਲ ਭਲਿਆਈ ਕਰਾਂਗੇ ਕਿਉਂ ਜੋ ਯਹੋਵਾਹ ਨੇ ਇਸਰਾਏਲ ਲਈ ਭਲਿਆਈ ਕਰਨ ਦੀ ਗੱਲ ਕੀਤੀ ਹੈ । 30ਉਸ ਨੇ ਆਖਿਆ, ਮੈਂ ਨਹੀਂ ਜਾਂਵਾਂਗਾ ਸਗੋਂ ਮੈਂ ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚ ਜਾਂਵਾਂਗਾ । 31ਤਾਂ ਮੂਸਾ ਨੇ ਆਖਿਆ, ਸਾਨੂੰ ਨਾ ਛੱਡ ਕਿਉਂ ਜੋ ਤੂੰ ਜਾਣਦਾ ਹੈਂ ਕਿ ਅਸੀਂ ਉਜਾੜ ਵਿੱਚ ਕਿਵੇਂ ਡੇਰੇ ਲਾਈਏ ਅਤੇ ਤੂੰ ਸਾਡੇ ਲਈ ਅੱਖਾਂ ਦਾ ਕੰਮ ਦੇਵੇਂਗਾ । 32ਅਤੇ ਅਜਿਹਾ ਹੋਵੇਗਾ ਕਿ ਜੇਕਰ ਤੂੰ ਸਾਡੇ ਨਾਲ ਚੱਲੇ ਤਾਂ ਜਿਹੜੀ ਭਲਿਆਈ ਯਹੋਵਾਹ ਸਾਡੇ ਨਾਲ ਕਰੇਗਾ ਉਹੀ ਭਲਿਆਈ ਅਸੀਂ ਵੀ ਤੇਰੇ ਨਾਲ ਕਰਾਂਗੇ ।

ਲੋਕਾਂ ਦੀ ਕੂਚ

33ਫੇਰ ਇਸਰਾਏਲੀਆਂ ਨੇ ਯਹੋਵਾਹ ਦੇ ਪਹਾੜ ਤੋਂ ਤਿੰਨ ਦਿਨਾਂ ਦਾ ਸਫ਼ਰ ਕੀਤਾ ਅਤੇ ਉਨ੍ਹਾਂ ਲਈ ਵਿਸਰਾਮ ਦੀ ਥਾਂ ਲੱਭਣ ਲਈ ਯਹੋਵਾਹ ਦੇ ਨੇਮ ਦੇ ਸੰਦੂਕ ਨੇ ਵੀ ਉਨ੍ਹਾਂ ਦੇ ਅੱਗੇ-ਅੱਗੇ ਤਿੰਨ ਦਿਨਾਂ ਦਾ ਸਫ਼ਰ ਕੀਤਾ । 34ਜਦ ਉਹ ਡੇਰੇ ਤੋਂ ਕੂਚ ਕਰਦੇ ਸਨ ਤਾਂ ਦਿਨ ਦੇ ਵੇਲੇ ਯਹੋਵਾਹ ਦਾ ਬੱਦਲ ਉਨ੍ਹਾਂ ਦੇ ਉੱਤੇ ਹੁੰਦਾ ਸੀ । 35ਇਸ ਤਰ੍ਹਾਂ ਹੁੰਦਾ ਸੀ, ਕਿ ਜਦ ਸੰਦੂਕ ਦਾ ਕੂਚ ਹੁੰਦਾ ਸੀ ਤਾਂ ਮੂਸਾ ਆਖਦਾ ਸੀ "ਹੇ ਯਹੋਵਾਹ, ਉੱਠ ਅਤੇ ਤੇਰੇ ਵੈਰੀ ਖਿੱਲਰ ਜਾਣ ਅਤੇ ਤੇਰੇ ਤੋਂ ਘਿਣ ਕਰਨ ਵਾਲੇ ਤੇਰੇ ਅੱਗੋਂ ਭੱਜ ਜਾਣ" । 36ਅਤੇ ਜਦ ਸੰਦੂਕ ਠਹਿਰਦਾ ਸੀ ਤਾਂ ਮੂਸਾ ਕਹਿੰਦਾ ਹੁੰਦਾ ਸੀ, ’’ਹੇ ਯਹੋਵਾਹ, ਇਸਰਾਏਲ ਦੇ ਲੱਖਾਂ ਹਜ਼ਾਰਾਂ ਵਿੱਚ ਮੁੜ ਆ" ।

11

ਇਸਰਾਏਲੀਆਂ ਦਾ ਵਿਦਰੋਹ ਕਰਨਾ ਅਤੇ ਉਸ ਦੀ ਸਜ਼ਾ ਪਾਉਣਾ

1ਹੁਣ ਪਰਜਾ ਦੇ ਲੋਕ ਯਹੋਵਾਹ ਦੇ ਸੁਣਦੇ ਹੋਏ ਬੁੜ-ਬੁੜਾਉਣ ਲੱਗੇ । ਯਹੋਵਾਹ ਨੇ ਸੁਣਿਆ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦੀ ਅੱਗ ਉਨ੍ਹਾਂ ਦੇ ਵਿਚਕਾਰ ਬਲ ਉੱਠੀ ਅਤੇ ਡੇਰੇ ਦੀਆਂ ਹੱਦਾਂ ਉੱਤੇ ਉਨ੍ਹਾਂ ਨੂੰ ਭਸਮ ਕਰਨ ਲੱਗੀ । 2ਫੇਰ ਪਰਜਾ ਨੇ ਮੂਸਾ ਅੱਗੇ ਦੁਹਾਈ ਦਿੱਤੀ ਅਤੇ ਮੂਸਾ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਤਾਂ ਅੱਗ ਬੁਝ ਗਈ । 3ਇਸ ਲਈ ਉਸ ਥਾਂ ਦਾ ਨਾਮ ਤਬਏਰਾਹ ਪੈ ਗਿਆ ਕਿਉਂ ਜੋ ਯਹੋਵਾਹ ਦੀ ਅੱਗ ਉਨ੍ਹਾਂ ਵਿੱਚ ਬਲ ਉੱਠੀ ਸੀ ।

ਮੂਸਾ ਦੁਆਰਾ ਸੱਤਰ ਆਗੂਆਂ ਦੀ ਚੋਣ

4ਫੇਰ ਰਲੀ ਮਿਲੀ ਭੀੜ ਜਿਹੜੀ ਉਨ੍ਹਾਂ ਨਾਲ ਸੀ ਬਹੁਤ ਹਾਬੜ ਗਈ ਅਤੇ ਇਸਰਾਏਲੀ ਰੋਏ ਅਤੇ ਆਖਣ ਲੱਗੇ, ਕੌਣ ਸਾਨੂੰ ਮਾਸ ਕੌਣ ਖਾਣ ਲਈ ਦੇਵੇਗਾ ? 5ਅਸੀਂ ਉਨ੍ਹਾਂ ਮੱਛੀਆਂ ਨੂੰ ਚੇਤੇ ਕਰਦੇ ਹਾਂ ਜਿਹੜੀਆਂ ਅਸੀਂ ਮਿਸਰ ਵਿੱਚ ਮੁਫ਼ਤ ਖਾਂਦੇ ਸੀ ਅਤੇ ਖੀਰੇ, ਖ਼ਰਬੂਜੇ, ਹਰਾ ਪਿਆਜ਼, ਪਿਆਜ਼ ਅਤੇ ਲਸਣ । 6ਪਰ ਹੁਣ ਸਾਡੀ ਭੁੱਖ ਮਰ ਗਈ ਹੈ । ਹੁਣ ਤਾਂ ਸਾਨੂੰ ਮੰਨੇ ਤੋਂ ਇਲਾਵਾ ਕੁਝ ਵੀ ਨਹੀਂ ਦਿੱਸਦਾ ! 7ਉਹ ਮੰਨਾ ਤਾਂ ਧਨੀਏ ਵਰਗਾ ਸੀ ਅਤੇ ਦੇਖਣ ਵਿੱਚ ਮੋਤੀ ਦੀ ਤਰ੍ਹਾਂ ਦਿੱਸਦਾ ਸੀ । 8ਲੋਕ ਇੱਧਰ-ਉੱਧਰ ਜਾ ਕੇ ਉਸ ਨੂੰ ਇਕੱਠਾ ਕਰਕੇ ਉਸ ਨੂੰ ਚੱਕੀ ਵਿੱਚ ਪੀਂਹਦੇ, ਉੱਖਲੀ ਵਿੱਚ ਕੁੱਟਦੇ ਸਨ, ਫੇਰ ਉਸ ਨੂੰ ਤਵੀਆਂ ਉੱਤੇ ਤਲ ਕੇ ਉਸ ਦੇ ਫੁਲਕੇ ਬਣਾ ਲੈਂਦੇ ਸਨ ਅਤੇ ਉਹ ਦਾ ਸੁਆਦ ਤੇਲ ਵਿੱਚ ਤਲੀਆਂ ਹੋਈਆਂ ਪੂੜੀਆਂ ਵਰਗਾ ਸੀ । 9ਜਦ ਰਾਤ ਨੂੰ ਡੇਰੇ ਉੱਤੇ ਤਰੇਲ ਪੈਂਦੀ ਸੀ ਤਦ ਮੰਨਾ ਵੀ ਉਸ ਨਾਲ ਉਤਰਦਾ ਸੀ । 10ਮੂਸਾ ਨੇ ਪਰਜਾ ਵਿੱਚੋਂ ਹਰ ਮਨੁੱਖ ਨੂੰ ਆਪਣੇ ਪਰਿਵਾਰ ਨਾਲ ਆਪੋ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਰੋਂਦੇ ਸੁਣਿਆ ਤਾਂ ਯਹੋਵਾਹ ਦਾ ਕ੍ਰੋਧ ਬਹੁਤ ਭੜਕਿਆ ਅਤੇ ਮੂਸਾ ਇਸ ਗੱਲ ਤੋਂ ਪਰੇਸ਼ਾਨ ਹੋਇਆ । 11ਤਦ ਮੂਸਾ ਨੇ ਯਹੋਵਾਹ ਨੂੰ ਪੁੱਛਿਆ, ਤੂੰ ਆਪਣੇ ਦਾਸ ਉੱਤੇ ਇਹ ਬਿਪਤਾ ਕਿਉਂ ਲਿਆਂਦੀ ਹੈ ? ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਕਿਉਂ ਨਹੀਂ ਰਹੀ ? ਜੋ ਤੂੰ ਇਸ ਸਾਰੀ ਪਰਜਾ ਦਾ ਭਾਰ ਮੇਰੇ ਉੱਤੇ ਪਾਉਂਦਾ ਹੈ ? 12ਕੀ ਮੈਂ ਹੀ ਇਸ ਪਰਜਾ ਨੂੰ ਗਰਭ ਵਿੱਚ ਲਿਆ ? ਕੀ ਮੈਂ ਹੀ ਉਨ੍ਹਾਂ ਨੂੰ ਜੰਮਿਆ ਜੋ ਤੂੰ ਮੈਨੂੰ ਆਖਦਾ ਹੈ ਕਿ ਉਨ੍ਹਾਂ ਨੂੰ ਆਪਣੀ ਛਾਤੀ ਉੱਤੇ ਚੁੱਕ ਕੇ ਲਈ ਫਿਰ, ਜਿਵੇਂ ਪਿਤਾ ਦੁੱਧ ਪੀਂਦੇ ਬੱਚੇ ਨੂੰ ਚੁੱਕੀ ਫਿਰਦਾ ਹੈ ਤੇ ਇਨ੍ਹਾਂ ਨੂੰ ਉਸ ਦੇਸ ਨੂੰ ਲੈ ਜਾਂਵਾਂ, ਜਿਸ ਦੇ ਦੇਣ ਦੀ ਸਹੁੰ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਹੈ ? 13ਮੈਂ ਐਨਾ ਮਾਸ ਕਿੱਥੋਂ ਲਿਆਵਾਂ ਕਿ ਮੈਂ ਇਸ ਸਾਰੀ ਪਰਜਾ ਨੂੰ ਖਾਣ ਲਈ ਦੇਵਾਂ ? ਕਿਉਂ ਜੋ ਉਹ ਇਹ ਆਖ ਕੇ ਮੇਰੇ ਅੱਗੇ ਰੋਂਦੇ ਹਨ ਕਿ ਸਾਨੂੰ ਮਾਸ ਦੇ, ਤਾਂ ਜੋ ਅਸੀਂ ਖਾਈਏ । 14ਮੈਂ ਇਕੱਲਾ ਇਸ ਸਾਰੀ ਪਰਜਾ ਨੂੰ ਨਹੀਂ ਸੰਭਾਲ ਸਕਦਾ, ਕਿਉਂ ਜੋ ਇਹ ਮੇਰੇ ਸਹਿਣ ਤੋਂ ਬਾਹਰ ਹੈ । 15ਜੇਕਰ ਤੂੰ ਮੇਰੇ ਨਾਲ ਅਜਿਹਾ ਹੀ ਕਰਨਾ ਹੈ, ਜੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਹੈ, ਤਾਂ ਮੈਨੂੰ ਮਾਰ ਸੁੱਟ ਕਿ ਮੈਂ ਆਪਣੀ ਦੁਰਦਸ਼ਾ ਨਾ ਵੇਖਾਂ !

16ਯਹੋਵਾਹ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਸੱਤਰ ਇਹੋ ਜਿਹੇ ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈਂ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਤੇਰੇ ਨਾਲ ਉੱਥੇ ਖੜ੍ਹੇ ਹੋ ਜਾਣ । 17ਤਦ ਮੈਂ ਉਤਰ ਕੇ ਤੇਰੇ ਨਾਲ ਉੱਥੇ ਗੱਲਾਂ ਕਰਾਂਗਾ ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ, ਉਨ੍ਹਾਂ ਉੱਤੇ ਪਾਵਾਂਗਾ ਅਤੇ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ । 18ਅਤੇ ਪਰਜਾ ਨੂੰ ਆਖ ਕਿ ਕੱਲ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਤਦ ਤੁਹਾਨੂੰ ਮਾਸ ਖਾਣ ਲਈ ਮਿਲੇਗਾ, ਕਿਉਂ ਜੋ ਤੁਸੀਂ ਯਹੋਵਾਹ ਦੇ ਸੁਣਨ ਵਿੱਚ ਇਹ ਆਖ ਕੇ ਰੋਂਦੇ ਸੀ ਕਿ ਕੌਣ ਸਾਨੂੰ ਮਾਸ ਖੁਆਵੇਗਾ ? ਅਸੀਂ ਮਿਸਰ ਵਿੱਚ ਸੁਖਾਲੇ ਸੀ । ਇਸ ਲਈ ਯਹੋਵਾਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਖਾਓਗੇ । 19ਫਿਰ ਇੱਕ ਦਿਨ, ਦੋ ਦਿਨ, ਪੰਜ ਦਿਨ, ਦਸ ਦਿਨ, ਜਾਂ ਵੀਹ ਦਿਨ ਤੱਕ ਨਹੀਂ, 20ਪਰ ਸਾਰਾ ਮਹੀਨਾ ਖਾਂਦੇ ਰਹੋਗੇ, ਜਦ ਤੱਕ ਉਹ ਤੁਹਾਡੀਆਂ ਨਾਸਾਂ ਦੇ ਵਿੱਚੋਂ ਦੀ ਬਾਹਰ ਨਾ ਨਿੱਕਲੇ ਅਤੇ ਉਹ ਤੁਹਾਡੇ ਲਈ ਘਿਣਾਉਣਾ ਨਾ ਹੋ ਜਾਵੇ, ਕਿਉਂ ਜੋ ਤੁਸੀਂ ਯਹੋਵਾਹ ਨੂੰ ਜਿਹੜਾ ਤੁਹਾਡੇ ਵਿੱਚ ਹੈ, ਤੁੱਛ ਗਿਣਿਆ ਹੈ ਅਤੇ ਤੁਸੀਂ ਉਹ ਦੇ ਅੱਗੇ ਇਹ ਆਖ ਕੇ ਰੋਂਦੇ ਸੀ ਕਿ ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ ?

21ਤਦ ਮੂਸਾ ਨੇ ਆਖਿਆ ਕਿ ਇਹ ਪਰਜਾ ਜਿਸ ਦੇ ਵਿੱਚ ਮੈਂ ਹਾਂ, ਛੇ ਲੱਖ ਪਿਆਦੇ ਹੀ ਹਨ ਅਤੇ ਤੂੰ ਮੈਨੂੰ ਆਖਦਾ ਹੈਂ ਕਿ ਮੈਂ ਉਨ੍ਹਾਂ ਨੂੰ ਮਾਸ ਦਿਆਂਗਾ ਅਤੇ ਉਹ ਪੂਰਾ ਮਹੀਨਾ ਖਾਣਗੇ ! 22ਕੀ ਉਹ ਇੱਜੜ ਅਤੇ ਵੱਗ ਉਨ੍ਹਾਂ ਲਈ ਮਾਰੇ ਜਾਣ ਜੋ ਉਨ੍ਹਾਂ ਨੂੰ ਮਾਸ ਮਿਲੇ ? ਜਾਂ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉਨ੍ਹਾਂ ਲਈ ਇਕੱਠੀਆਂ ਕੀਤੀਆਂ ਜਾਣ ਜੋ ਉਨ੍ਹਾਂ ਨੂੰ ਮਾਸ ਮਿਲੇ ?

23ਯਹੋਵਾਹ ਨੇ ਮੂਸਾ ਨੂੰ ਆਖਿਆ, ਕੀ ਯਹੋਵਾਹ ਦਾ ਹੱਥ ਛੋਟਾ ਹੋ ਗਿਆ ਹੈ ? ਹੁਣ, ਤੂੰ ਵੇਖੇਂਗਾ ਕਿ ਮੇਰੀ ਗੱਲ ਤੇਰੇ ਲਈ ਪੂਰੀ ਹੈ ਜਾਂ ਨਹੀਂ ! 24ਫੇਰ ਮੂਸਾ ਨੇ ਬਾਹਰ ਜਾ ਕੇ ਯਹੋਵਾਹ ਦੀਆਂ ਗੱਲਾਂ ਪਰਜਾ ਨੂੰ ਸੁਣਾਈਆਂ ਅਤੇ ਉਸ ਨੇ ਸੱਤਰ ਮਨੁੱਖ, ਜਿਹੜੇ ਪਰਜਾ ਦੇ ਬਜ਼ੁਰਗ ਸਨ, ਇਕੱਠੇ ਕਰਕੇ ਉਹਨਾਂ ਨੂੰ ਤੰਬੂ ਦੇ ਆਲੇ-ਦੁਆਲੇ ਖੜ੍ਹਾ ਕੀਤਾ । 25ਤਦ ਯਹੋਵਾਹ ਬੱਦਲ ਵਿੱਚ ਉਤਰਿਆ ਅਤੇ ਉਸ ਨੇ ਮੂਸਾ ਨਾਲ ਗੱਲ ਕੀਤੀ ਅਤੇ ਉਸ ਨੇ ਉਸ ਆਤਮਾ ਤੋਂ ਲੈ ਕੇ, ਜਿਹੜਾ ਉਹ ਦੇ ਉੱਤੇ ਸੀ, ਉਹਨਾਂ ਸੱਤਰ ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ ਅਤੇ ਜਦ ਆਤਮਾ ਉਹਨਾਂ ਉੱਤੇ ਉਤਰਿਆ, ਤਦ ਉਹ ਭਵਿੱਖਬਾਣੀ ਕਰਨ ਲੱਗ ਪਏ ਪਰ ਇਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਭਵਿੱਖਬਾਣੀ ਨਾ ਕੀਤੀ । 26ਪਰ ਡੇਰੇ ਵਿੱਚ ਦੋ ਮਨੁੱਖ ਰਹਿ ਗਏ, ਜਿਹਨਾਂ ਵਿੱਚੋਂ ਇੱਕ ਦਾ ਨਾਮ ਅਲਦਾਦ ਅਤੇ ਦੂਜੇ ਦਾ ਨਾਮ ਮੇਦਾਦ ਸੀ । ਆਤਮਾ ਉਨ੍ਹਾਂ ਉੱਤੇ ਵੀ ਉਤਰਿਆ ਅਤੇ ਇਹ ਵੀ ਉਹਨਾਂ ਵਿਚੋਂ ਸਨ ਜਿਹਨਾਂ ਦੇ ਨਾਮ ਲਿਖੇ ਗਏ ਸਨ, ਪਰ ਤੰਬੂ ਦੇ ਕੋਲ ਬਾਹਰ ਨਹੀਂ ਗਏ ਸਨ । ਉਹ ਡੇਰੇ ਵਿੱਚ ਹੀ ਭਵਿੱਖਬਾਣੀ ਕਰਨ ਲੱਗੇ । 27ਤਾਂ ਇੱਕ ਜਵਾਨ ਨੇ ਭੱਜ ਕੇ ਮੂਸਾ ਨੂੰ ਦੱਸਿਆ ਅਤੇ ਆਖਿਆ ਕਿ ਅਲਦਾਦ ਅਤੇ ਮੇਦਾਦ ਡੇਰੇ ਵਿੱਚ ਭਵਿੱਖਬਾਣੀ ਕਰਦੇ ਹਨ ! 28ਤਦ ਨੂਨ ਦੇ ਪੁੱਤਰ ਯਹੋਸ਼ੁਆ ਨੇ ਜਿਹੜਾ ਮੂਸਾ ਦਾ ਸੇਵਕ ਅਤੇ ਉਸ ਦੇ ਚੁਣੇ ਹੋਇਆਂ ਵਿੱਚੋਂ ਸੀ, ਉਹ ਨੇ ਮੂਸਾ ਨੂੰ ਆਖਿਆ ਹੇ ਮੇਰੇ ਸੁਆਮੀ, ਉਨ੍ਹਾਂ ਨੂੰ ਮਨ੍ਹਾ ਕਰ ਦਿਓ ! 29ਮੂਸਾ ਨੇ ਆਖਿਆ, ਕੀ ਤੂੰ ਮੇਰੇ ਲਈ ਖਿਝਦਾ ਹੈਂ ? ਕਾਸ਼ ਅਜਿਹਾ ਹੁੰਦਾ ਕਿ ਯਹੋਵਾਹ ਦੇ ਸਾਰੇ ਲੋਕ ਨਬੀ ਹੁੰਦੇ ਅਤੇ ਯਹੋਵਾਹ ਆਪਣਾ ਆਤਮਾ ਉਨ੍ਹਾਂ ਉੱਤੇ ਘੱਲਦਾ ! 30ਉਪਰੰਤ ਮੂਸਾ ਅਤੇ ਇਸਰਾਏਲ ਦੇ ਬਜ਼ੁਰਗ ਡੇਰੇ ਵੱਲ ਨੂੰ ਮੁੜੇ ।

ਯਹੋਵਾਹ ਦੇ ਵੱਲੋਂ ਬਟੇਰੇ

31ਤਦ ਯਹੋਵਾਹ ਵੱਲੋਂ ਇੱਕ ਵੱਡੀ ਹਨੇਰੀ ਵਗੀ ਅਤੇ ਸਮੁੰਦਰੋਂ ਬਟੇਰੇ ਉਡਾ ਕੇ ਡੇਰੇ ਉੱਤੇ ਸੁੱਟ ਗਈ । ਉਹ ਇੱਕ ਦਿਨ ਦੇ ਪੈਂਡੇ ਤੱਕ ਏਧਰ ਅਤੇ ਇੱਕ ਦਿਨ ਦੇ ਪੈਂਡੇ ਤੱਕ ਓਧਰ ਡੇਰੇ ਦੇ ਆਲੇ-ਦੁਆਲੇ ਦੋ-ਦੋ ਹੱਥ ਤੇ ਜ਼ਮੀਨ ਦੀ ਪਰਤ ਉੱਤੇ ਸਨ । 32ਤਦ ਪਰਜਾ ਨੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਅਤੇ ਸਾਰੇ ਦੂਜੇ ਦਿਨ ਉੱਠ ਕੇ ਉਨ੍ਹਾਂ ਬਟੇਰਿਆਂ ਨੂੰ ਇਕੱਠਾ ਕੀਤਾ ਅਤੇ ਜਿਸ ਘੱਟੋ ਘੱਟ ਇਕੱਠੇ ਕੀਤੇ ਸਨ ਉਹ ਦੇ ਦਸ ਹੋਮਾਰ ਹੋਏ ਅਤੇ ਉਨ੍ਹਾਂ ਨੇ ਉਹਨਾਂ ਨੂੰ ਆਪਣੇ ਲਈ ਡੇਰੇ ਦੇ ਆਲੇ-ਦੁਆਲੇ ਖਿਲਾਰ ਦਿੱਤਾ । 33ਜਦ ਉਹ ਮਾਸ ਅਜੇ ਉਨ੍ਹਾਂ ਦੇ ਦੰਦਾਂ ਵਿੱਚ ਹੀ ਸੀ ਅਤੇ ਉਹ ਨੂੰ ਚੱਬਿਆ ਵੀ ਨਹੀਂ ਸੀ ਤਦ ਯਹੋਵਾਹ ਦਾ ਕ੍ਰੋਧ ਪਰਜਾ ਉੱਤੇ ਭੜਕ ਉੱਠਿਆ ਅਤੇ ਯਹੋਵਾਹ ਨੇ ਪਰਜਾ ਨੂੰ ਅੱਤ ਵੱਡੀ ਬਵਾ ਨਾਲ ਮਾਰਿਆ । 34ਉਪਰੰਤ ਉਨ੍ਹਾਂ ਨੇ ਉਸ ਥਾਂ ਦਾ ਨਾਮ ਕਿਬਰੋਥ ਹੱਤਾਵਾਹ ਰੱਖਿਆ ਕਿਉਂ ਜੋ ਉੱਥੇ ਉਨ੍ਹਾਂ ਨੇ ਉਸ ਪਰਜਾ ਨੂੰ ਦੱਬਿਆ ਜਿਹਨਾਂ ਨੇ ਹੋਰ ਭੋਜਨ ਦੀ ਮੰਗ ਕੀਤੀ ਸੀ । 35ਕਿਬਰੋਥ ਹੱਤਾਵਾਹ ਤੋਂ ਇਸਰਾਏਲ ਨੇ ਹਸੇਰੋਥ ਨੂੰ ਕੂਚ ਕੀਤਾ ਅਤੇ ਹਸੇਰੋਥ ਵਿੱਚ ਠਹਿਰ ਗਏ ।

12

ਮੂਸਾ ਦੀ ਸ਼੍ਰੇਸ਼ਠਤਾ ਦਾ ਸਬੂਤ

1ਮੂਸਾ ਨੇ ਇੱਕ ਕੂਸ਼ੀ ਇਸਤਰੀ ਨਾਲ ਵਿਆਹ ਕਰ ਲਿਆ ਸੀ । ਇਸ ਲਈ ਮਿਰਯਮ ਅਤੇ ਹਾਰੂਨ, ਉਸ ਕੂਸ਼ੀ ਇਸਤਰੀ ਨਾਲ ਵਿਆਹ ਕਰਵਾਉਣ ਦੇ ਕਾਰਨ ਮੂਸਾ ਦੀ ਬੁਰਾਈ ਕਰਨ ਲੱਗੇ, 2ਉਨ੍ਹਾਂ ਨੇ ਆਖਿਆ ਕਿ ਭਲਾ, ਯਹੋਵਾਹ ਨੇ ਮੂਸਾ ਨਾਲ ਹੀ ਗੱਲਾਂ ਕੀਤੀਆਂ ਹਨ ਅਤੇ ਸਾਡੇ ਨਾਲ ਗੱਲਾਂ ਨਹੀਂ ਕੀਤੀਆਂ ? ਯਹੋਵਾਹ ਨੇ ਉਹਨਾਂ ਦੀਆਂ ਇਹ ਗੱਲਾਂ ਨੂੰ ਸੁਣਿਆ, 3ਹੁਣ ਮੂਸਾ ਸਾਰਿਆਂ ਆਦਮੀਆਂ ਨਾਲੋਂ ਜਿਹੜੇ ਧਰਤੀ ਉੱਤੇ ਵੱਸਦੇ ਸਨ, ਬਹੁਤ ਹੀ ਹਲੀਮ ਸੁਭਾਵ ਦਾ ਸੀ । 4ਫੇਰ ਯਹੋਵਾਹ ਨੇ ਇਕਦਮ ਮੂਸਾ, ਹਾਰੂਨ ਅਤੇ ਮਿਰਯਮ ਨੂੰ ਆਖਿਆ, ਤੁਸੀਂ ਤਿੰਨੋਂ ਮੰਡਲੀ ਦੇ ਤੰਬੂ ਕੋਲ ਆ ਜਾਓ, ਤਦ ਉਹ ਤਿੰਨੇ ਬਾਹਰ ਗਏ । 5ਤਦ ਯਹੋਵਾਹ ਬੱਦਲ ਦੇ ਥੰਮ੍ਹ ਵਿੱਚ ਉਤਰਿਆ ਅਤੇ ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹਾ ਹੋ ਗਿਆ ਅਤੇ ਹਾਰੂਨ ਅਤੇ ਮਿਰਯਮ ਨੂੰ ਸੱਦਿਆ ਤਾਂ ਉਹ ਦੋਵੇਂ ਬਾਹਰ ਆਏ । 6ਉਸ ਨੇ ਆਖਿਆ, ਮੇਰੀਆਂ ਗੱਲਾਂ ਸੁਣੋ । ਜੇ ਤੁਹਾਡੇ ਵਿੱਚ ਕੋਈ ਨਬੀ ਹੋਵੇ ਤਾਂ ਮੈਂ ਯਹੋਵਾਹ ਆਪਣੇ ਆਪ ਨੂੰ ਦਰਸ਼ਨ ਵਿੱਚ ਉਸ ਉੱਤੇ ਪ੍ਰਗਟ ਕਰਾਂਗਾ ਜਾਂ ਸੁਫ਼ਨੇ ਵਿੱਚ ਮੈਂ ਉਸ ਨਾਲ ਬੋਲਾਂਗਾ । 7ਪਰ ਮੇਰਾ ਦਾਸ ਮੂਸਾ ਇਹੋ ਜਿਹਾ ਨਹੀਂ । ਉਹ ਮੇਰੇ ਸਾਰੇ ਘਰ ਵਿੱਚ ਵਿਸ਼ਵਾਸਯੋਗ ਹੈ । 8ਮੈਂ ਉਹ ਦੇ ਨਾਲ ਆਹਮੋ ਸਾਹਮਣੇ ਖੁੱਲ੍ਹ ਕੇ ਗੱਲਾਂ ਕਰਾਂਗਾ, ਬੁਝਾਰਤਾਂ ਵਿੱਚ ਨਹੀਂ ਅਤੇ ਉਹ ਯਹੋਵਾਹ ਦਾ ਸਰੂਪ ਵੇਖੇਗਾ । ਫੇਰ ਤੁਸੀਂ ਮੇਰੇ ਦਾਸ ਮੂਸਾ ਦੇ ਵਿਰੁੱਧ ਬੋਲਣ ਤੋਂ ਕਿਉਂ ਨਾ ਡਰੇ ?

9ਤਦ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ ਅਤੇ ਉਹ ਚੱਲਿਆ ਗਿਆ । 10ਜਦ ਬੱਦਲ ਤੰਬੂ ਦੇ ਉੱਤੋਂ ਉੱਠ ਗਿਆ ਤਾਂ ਵੇਖੋ ਮਿਰਯਮ ਕੋੜ੍ਹਨ ਅਤੇ ਬਰਫ਼ ਵਾਂਗੂੰ ਚਿੱਟੀ ਹੋ ਗਈ ਅਤੇ ਹਾਰੂਨ ਨੇ ਮਿਰਯਮ ਨੂੰ ਦੇਖਿਆ ਕਿ ਉਹ ਕੋੜ੍ਹਨ ਹੋ ਗਈ ਸੀ ! 11ਉਪਰੰਤ ਹਾਰੂਨ ਨੇ ਮੂਸਾ ਨੂੰ ਆਖਿਆ, ਹੇ ਮੇਰੇ ਸੁਆਮੀ ਜੀ, ਇਹ ਪਾਪ ਸਾਡੇ ਉੱਤੇ ਨਾ ਲਾਓ ਜੋ ਅਸੀਂ ਇਹ ਮੂਰਖਤਾਈ ਕੀਤੀ ਹੈ । 12ਮਿਰਯਮ ਨੂੰ ਮਰੇ ਹੋਏ ਜਿਹਾ ਨਾ ਰਹਿਣ ਦੇ, ਜਿਸ ਦਾ ਸਰੀਰ ਜਮਾਂਦਰੂ ਹੀ ਅੱਧਾ ਗਲਿਆ ਹੋਇਆ ਹੋਵੇ । 13ਤਦ ਮੂਸਾ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਕਿ ਹੇ ਪਰਮੇਸ਼ੁਰ, ਮੇਰੀ ਮਿੰਨਤ ਹੈ, ਉਹ ਨੂੰ ਚੰਗਾ ਕਰ । 14ਯਹੋਵਾਹ ਨੇ ਮੂਸਾ ਨੂੰ ਆਖਿਆ, ਜੇ ਉਹ ਦੇ ਪਿਤਾ ਨੇ ਨਿਰਾ ਉਹ ਦੇ ਮੂੰਹ ਉੱਤੇ ਹੀ ਥੁੱਕਿਆ ਹੁੰਦਾ ਤਾਂ ਕੀ ਉਹ ਨੂੰ ਸੱਤਾਂ ਦਿਨਾਂ ਤੱਕ ਸ਼ਰਮ ਨਾ ਆਉਂਦੀ ? ਇਸ ਲਈ ਉਹ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੇ ਅਤੇ ਉਹ ਮੁੜ੍ਹ ਅੰਦਰ ਨਾ ਆਵੇ । 15ਇਸ ਲਈ ਮਿਰਯਮ ਸੱਤਾਂ ਦਿਨਾਂ ਤੱਕ ਡੇਰੇ ਤੋਂ ਬਾਹਰ ਰਹੀ, ਅਤੇ ਜਦ ਤੱਕ ਮਿਰਯਮ ਵਾਪਸ ਨਾ ਆਈ ਲੋਕਾਂ ਨੇ ਕੂਚ ਨਾ ਕੀਤਾ । 16ਇਸ ਦੇ ਬਾਅਦ ਇਸਰਾਏਲ ਨੇ ਹਸੇਰੋਥ ਤੋਂ ਕੂਚ ਕੀਤਾ ਅਤੇ ਪਾਰਾਨ ਦੀ ਉਜਾੜ ਵਿੱਚ ਡੇਰੇ ਲਾਏ ।

13

ਕਨਾਨ ਦੇਸ ਵਿੱਚ ਜਸੂਸ

(ਬਿਵਸਥਾ ਸਾਰ 1:19-33)

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਤੂੰ ਮਨੁੱਖਾਂ ਨੂੰ ਭੇਜ ਕਿ ਉਹ ਕਨਾਨ ਦੇਸ ਦਾ ਭੇਤ ਲੈਣ ਜਿਹੜਾ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ । ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਗੋਤਾਂ ਤੋਂ ਇੱਕ-ਇੱਕ ਮਨੁੱਖ ਜਿਹੜਾ ਉਨ੍ਹਾਂ ਵਿੱਚ ਪ੍ਰਧਾਨ ਹੋਵੇ ਤੁਸੀਂ ਉਸ ਨੂੰ ਭੇਜੋ । 3ਤਦ ਮੂਸਾ ਨੇ ਉਨ੍ਹਾਂ ਨੂੰ ਪਾਰਾਨ ਦੇ ਨਾਮ ਦੀ ਉਜਾੜ ਤੋਂ ਯਹੋਵਾਹ ਦੇ ਹੁਕਮ ਅਨੁਸਾਰ ਭੇਜਿਆ । ਇਹ ਸਾਰੇ ਮਨੁੱਖ ਇਸਰਾਏਲੀਆਂ ਦੇ ਮੁਖੀਏ ਸਨ । 4ਅਤੇ ਉਹਨਾਂ ਦੇ ਨਾਮ ਇਹ ਸਨ- ਰਊਬੇਨ ਦੇ ਗੋਤ ਤੋਂ ਜ਼ਕੂਰ ਦਾ ਪੁੱਤਰ ਸ਼ੰਮੂਆ । 5ਸ਼ਿਮਓਨ ਦੇ ਗੋਤ ਤੋਂ ਹੋਰੀ ਦਾ ਪੁੱਤਰ ਸ਼ਾਫਾਟ । 6ਯਹੂਦਾਹ ਦੇ ਗੋਤ ਤੋਂ ਯਫੁਨੰਹ ਦਾ ਪੁੱਤਰ ਕਾਲੇਬ । 7ਯਿੱਸਾਕਾਰ ਦੇ ਗੋਤ ਤੋਂ ਯੂਸੁਫ਼ ਦਾ ਪੁੱਤਰ ਯਿਗਾਲ । 8ਅਫ਼ਰਈਮ ਦੇ ਗੋਤ ਤੋਂ ਨੂਨ ਦਾ ਪੁੱਤਰ ਹੋਸ਼ੇਆ । 9ਬਿਨਯਾਮੀਨ ਦੇ ਗੋਤ ਤੋਂ ਰਾਫ਼ੂ ਦਾ ਪੁੱਤਰ ਪਲਟੀ । 10ਜ਼ਬੂਲੁਨ ਦੇ ਗੋਤ ਤੋਂ ਸੋਦੀ ਦਾ ਪੁੱਤਰ ਗੱਦੀਏਲ । 11ਯੂਸੁਫ਼ ਦੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਗੋਤ ਤੋਂ ਸੂਸੀ ਦਾ ਪੁੱਤਰ ਗੱਦੀ । 12ਦਾਨ ਦੇ ਗੋਤ ਤੋਂ ਗਮੱਲੀ ਦਾ ਪੁੱਤਰ ਅੰਮੀਏਲ । 13ਆਸ਼ੇਰ ਦੇ ਗੋਤ ਤੋਂ ਮੀਕਾਏਲ ਦਾ ਪੁੱਤਰ ਸਥੂਰ । 14ਨਫ਼ਤਾਲੀ ਦੇ ਗੋਤ ਤੋਂ ਵਾਫ਼ਸੀ ਦਾ ਪੁੱਤਰ ਨਹਬੀ । 15ਗਾਦ ਦੇ ਗੋਤ ਤੋਂ ਮਾਕੀ ਦਾ ਪੁੱਤਰ ਗਊਏਲ । 16ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੂਸਾ ਨੇ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਦਾ ਨਾਮ ਯਹੋਸ਼ੁਆ ਰੱਖਿਆ ।

17ਸੋ ਮੂਸਾ ਨੇ ਉਨ੍ਹਾਂ ਨੂੰ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਇੱਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਹਾੜ ਉੱਤੇ ਚੜ੍ਹੋ । 18ਅਤੇ ਉਸ ਦੇਸ ਨੂੰ ਵੇਖੋ, ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਹ ਲੋਕ ਜਿਹੜੇ ਉਸ ਵਿੱਚ ਵੱਸਦੇ ਹਨ ਤਕੜੇ ਹਨ ਜਾਂ ਕਮਜ਼ੋਰ ਹਨ ਅਤੇ ਥੋੜ੍ਹੇ ਹਨ ਜਾਂ ਬਹੁਤ ਸਾਰੇ ਹਨ । 19ਅਤੇ ਉਹ ਧਰਤੀ ਕਿਸ ਤਰ੍ਹਾਂ ਹੈ, ਜਿਹ ਦੇ ਵਿੱਚ ਉਹ ਵੱਸਦੇ ਹਨ, ਚੰਗੀ ਹੈ ਜਾਂ ਮਾੜੀ ਅਤੇ ਸ਼ਹਿਰ ਕਿਸ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਉਹ ਵੱਸਦੇ ਹਨ, ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ । 20ਅਤੇ ਧਰਤੀ ਕਿਹੋ ਜਿਹੀ ਹੈ, ਫ਼ਲਦਾਰ ਜਾਂ ਬੰਜਰ ਅਤੇ ਉਹ ਦੇ ਵਿੱਚ ਰੁੱਖ ਹਨ ਕਿ ਨਹੀਂ । ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫ਼ਲ ਤੋਂ ਕੁਝ ਲੈ ਕੇ ਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ਼ ਦਾ ਸੀ ।

21ਸੋ ਉਨ੍ਹਾਂ ਉੱਪਰ ਜਾ ਕੇ ਦੇਸ ਦੀ ਖ਼ੋਜ ਕੀਤੀ ਜੋ ਸੀਨ ਦੀ ਉਜਾੜ ਤੋਂ ਰਹੋਬ ਤੱਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ । 22ਤਾਂ ਉਹ ਦੱਖਣ ਵੱਲ ਚੜ੍ਹੇ ਅਤੇ ਹਬਰੋਨ ਤੱਕ ਆਏ ਅਤੇ ਉੱਥੇ ਆਨਾਕ ਦੀ ਅੰਸ਼ ਦੇ ਅਹੀਮਾਨ ਸ਼ੇਸ਼ਈ ਅਤੇ ਤਲਮਈ ਸਨ ਅਤੇ ਹਬਰੋਨ ਮਿਸਰ ਦੇ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਿਆ ਸੀ । 23ਫੇਰ ਉਹ ਅਸ਼ਕੋਲ ਦੀ ਘਾਟੀ ਤੱਕ ਆਏ ਅਤੇ ਉੱਥੇ ਦਾਖ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜ਼ੀਰ ਨੂੰ ਵੀ ਲਿਆਏ । 24ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ ।

25ਉਹ ਉਸ ਦੇਸ ਦਾ ਭੇਤ ਜਾਣ ਕੇ ਚਾਲ੍ਹੀਆਂ ਦਿਨਾਂ ਪਿੱਛੋਂ ਮੁੜੇ । 26ਉਹ ਤੁਰ ਕੇ ਮੂਸਾ ਹਾਰੂਨ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖ਼ਬਰ ਲਿਆਏ ਨਾਲੇ ਉਸ ਧਰਤੀ ਦਾ ਫ਼ਲ ਵਿਖਾਇਆ । 27ਅਤੇ ਉਨ੍ਹਾਂ ਨੇ ਉਹ ਨੂੰ ਨਿਰਣਾ ਕਰ ਕੇ ਆਖਿਆ ਕਿ ਅਸੀਂ ਉਸ ਦੇਸ ਨੂੰ ਗਏ ਜਿੱਥੇ ਤੁਸੀਂ ਸਾਨੂੰ ਭੇਜਿਆ ਸੀ । ਉੱਥੇ ਸੱਚ-ਮੁੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਇਹ ਉਹ ਦਾ ਫਲ ਹੈ । 28ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ-ਵੱਡੇ ਹਨ ਅਤੇ ਅਸੀਂ ਉੱਥੇ ਆਨਾਕ ਦੇ ਵਾਸੀਆਂ ਨੂੰ ਵੀ ਵੇਖਿਆ । 29ਉਸ ਦੇਸ ਦੇ ਦੱਖਣ ਵੱਲ ਅਮਾਲੇਕੀ ਵੱਸਦੇ ਹਨ ਅਤੇ ਹਿੱਤੀ, ਯਬੁਸੀ, ਅਤੇ ਅਮੋਰੀ ਪਹਾੜ ਉੱਤੇ ਵੱਸਦੇ ਹਨ ਅਤੇ ਕਨਾਨੀ ਸਮੁੰਦਰ ਕੋਲ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ ।

30ਤਦ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ । ਅਸੀਂ ਜ਼ਰੂਰ ਹੀ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ । 31ਪਰ ਉਨ੍ਹਾਂ ਮਨੁੱਖਾਂ ਨੇ ਜਿਹੜੇ ਉਹ ਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸਕਦੇ ਕਿਉਂ ਜੋ ਉਹ ਸਾਡੇ ਤੋਂ ਬਲਵਾਨ ਹਨ । 32ਉਹ ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖ਼ਬਰ ਲਿਆਏ ਜਿਸ ਦਾ ਉਨ੍ਹਾਂ ਨੇ ਭੇਤ ਪਾਇਆ ਸੀ ਅਤੇ ਆਖਣ ਲੱਗੇ, ਕਿ ਜਿਸ ਦੇਸ ਦੇ ਵਿਚ ਦੀ ਅਸੀਂ ਲੰਘੇ, ਉਸ ਦਾ ਭੇਤ ਜਾਣੀਏ, ਉਹ ਅਜਿਹਾ ਦੇਸ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਉਸ ਵਿੱਚ ਵੇਖਿਆ ਉਹ ਵੱਡੇ-ਵੱਡੇ ਕੱਦਾਂ ਵਾਲੇ ਮਨੁੱਖ ਹਨ । 33ਅਤੇ ਉੱਥੇ ਅਸੀਂ ਨਫ਼ੀਲੀਮ ਤੋਂ ਜਿਹੜੀ ਅਨਾਕ ਦੀ ਅੰਸ਼ ਹੈ, ਉੱਥੇ ਦੈਂਤ ਵੇਖੇ ਅਤੇ ਅਸੀਂ ਆਪਣੀ ਨਿਗਾਹ ਵਿੱਚ ਟਿੱਡੀਆਂ ਵਰਗੇ ਹਾਂ ਅਤੇ ਉਨ੍ਹਾਂ ਦੀ ਨਿਗਾਹ ਵਿੱਚ ਵੀ ਅਸੀਂ ਕੁਝ ਵੀ ਨਹੀਂ ਹਾਂ ।

14

ਲੋਕਾਂ ਦਾ ਬੁੜਬੜਾਉਣਾ

1ਸਾਰੀ ਮੰਡਲੀ ਨੇ ਆਪਣੀ ਅਵਾਜ਼ ਉੱਚੀ ਦਿੱਤੀ, ਰੌਲਾਂ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ । 2ਅਤੇ ਸਾਰੇ ਇਸਰਾਏਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਅਤੇ ਸਾਰੀ ਮੰਡਲੀ ਨੇ ਉਨ੍ਹਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ ਵਿੱਚ ਮਰ ਜਾਂਦੇ ਨਾ ਕਿ ਇਸ ਉਜਾੜ ਵਿੱਚ ਮਰ ਮੁੱਕਦੇ । 3ਯਹੋਵਾਹ ਸਾਨੂੰ ਕਿਉਂ ਇਸ ਦੇਸ ਵਿੱਚ ਲਿਆਇਆ ਕਿ ਅਸੀਂ ਤਲਵਾਰ ਨਾਲ ਡਿੱਗੀਏ ਅਤੇ ਸਾਡੀਆਂ ਪਤਨੀਆਂ ਅਤੇ ਸਾਡੇ ਨਿਆਣੇ ਲੁੱਟ ਦਾ ਮਾਲ ਹੋਣ ? ਕੀ ਸਾਡੇ ਲਈ ਚੰਗਾ ਨਹੀਂ, ਜੋ ਅਸੀਂ ਮਿਸਰ ਨੂੰ ਮੁੜ ਜਾਈਏ ? 4ਤਦ ਉਹ ਇੱਕ ਦੂਜੇ ਨੂੰ ਆਖਣ ਲੱਗੇ ਕਿ ਅਸੀਂ ਇੱਕ ਆਗੂ ਠਹਿਰਾ ਕੇ ਮਿਸਰ ਨੂੰ ਮੁੜ ਚੱਲੀਏ । 5ਤਦ ਮੂਸਾ ਅਤੇ ਹਾਰੂਨ ਆਪਣੇ ਮੂੰਹਾਂ ਦੇ ਭਾਰ ਇਸਰਾਏਲੀਆਂ ਦੀ ਮੰਡਲੀ ਦੀ ਸਭਾ ਅੱਗੇ ਡਿੱਗ ਪਏ । 6ਫੇਰ ਤਾਂ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫੁੰਨਹ ਦੇ ਪੁੱਤਰ ਕਾਲੇਬ ਨੇ ਜਿਹੜੇ ਧਰਤੀ ਦਾ ਭੇਤ ਲੈਣ ਵਾਲਿਆਂ ਵਿੱਚੋਂ ਸਨ ਆਪਣੇ ਕੱਪੜੇ ਪਾੜੇ । 7ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ ਕਿ ਉਹ ਧਰਤੀ ਜਿਸ ਦੇ ਵਿੱਚ ਦੀ ਅਸੀਂ ਭੇਤ ਲੈਣ ਲਈ ਗਏ, ਬਹੁਤ ਚੰਗੀ ਹੈ । 8ਜੇ ਯਹੋਵਾਹ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਉਸ ਦੇਸ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ । ਉਹ ਇੱਕ ਧਰਤੀ ਹੈ ਜਿਸ ਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ । 9ਤੁਸੀਂ ਸਿਰਫ਼ ਯਹੋਵਾਹ ਦੇ ਵਿਰੁੱਧ ਗਵਾਹੀ ਨਾ ਦੇਵੋ, ਨਾ ਹੀ ਤੁਸੀਂ ਉਸ ਦੇਸ ਦੇ ਲੋਕਾਂ ਤੋਂ ਡਰੋ ਕਿਉਂ ਜੋ ਉਹ ਤਾਂ ਸਾਡੇ ਲਈ ਮਾਮੂਲੀ ਹੀ ਹਨ । ਉਹਨਾਂ ਦੀ ਸੁਰੱਖਿਆ ਉਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ ਉਹਨਾਂ ਤੋਂ ਤੁਸੀਂ ਨਾ ਡਰੋ ! 10ਪਰ ਜਦ ਸਾਰੀ ਮੰਡਲੀ ਨੇ ਆਖਿਆ ਕਿ ਇਨ੍ਹਾਂ ਨੂੰ ਪੱਥਰਾਂ ਨਾਲ ਮਾਰੀਏ ਤਦ ਯਹੋਵਾਹ ਦੀ ਮਹਿਮਾ ਸਾਰੇ ਇਸਰਾਏਲੀਆਂ ਦੀ ਉੱਤੇ ਮੰਡਲੀ ਦੇ ਤੰਬੂ ਵਿੱਚ ਪਰਗਟ ਹੋਈ ।

ਲੋਕਾਂ ਦੇ ਲਈ ਮੂਸਾ ਦੀ ਪ੍ਰਾਰਥਨਾ

11ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਇਹ ਪਰਜਾ ਕਦੋਂ ਤੱਕ ਮੇਰੀ ਨਿਰਾਦਰੀ ਕਰਦੀ ਰਹੇਗੀ ? ਅਤੇ ਕਦੋਂ ਤੱਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ, ਵਿਸ਼ਵਾਸ ਨਾ ਕਰੇਗੀ ? 12ਮੈਂ ਉਨ੍ਹਾਂ ਨੂੰ ਮਰੀ ਨਾਲ ਮਾਰਾਂਗਾ, ਅਤੇ ਤੈਨੂੰ ਇੱਕ ਕੌਮ ਬਣਾਵਾਂਗਾ ਜੋ ਉਨ੍ਹਾਂ ਤੋਂ ਵੱਡੀ ਅਤੇ ਬਲਵੰਤ ਹੋਵੇਗੀ । 13ਪਰ ਮੂਸਾ ਨੇ ਯਹੋਵਾਹ ਨੂੰ ਆਖਿਆ, ਫੇਰ ਮਿਸਰੀ ਇਹ ਸੁਣਨਗੇ ਕਿਉਂ ਜੋ ਤੂੰ ਇਸ ਪਰਜਾ ਨੂੰ ਆਪਣੇ ਬਲ ਨਾਲ ਉਨ੍ਹਾਂ ਦੇ ਵਿੱਚੋਂ ਕੱਢ ਲਿਆਇਆ ਹੈਂ । 14ਅਤੇ ਉਹ ਇਸ ਦੇਸ ਦੇ ਵਸਨੀਕਾਂ ਨੂੰ ਦੱਸਣਗੇ । ਉਨ੍ਹਾਂ ਨੇ ਸੁਣਿਆ ਹੈ ਕਿ ਤੂੰ ਯਹੋਵਾਹ ਇਸ ਪਰਜਾ ਦੇ ਵਿੱਚ ਹੈਂ ਅਤੇ ਤੂੰ ਯਹੋਵਾਹ ਉਨ੍ਹਾਂ ਨੂੰ ਆਹਮੋ-ਸਾਹਮਣੇ ਵਿਖਾਈ ਦਿੰਦਾ ਹੈਂ ਅਤੇ ਤੇਰਾ ਬੱਦਲ ਉਨ੍ਹਾਂ ਦੇ ਉੱਤੇ ਖੜ੍ਹਾ ਰਹਿੰਦਾ ਹੈ ਅਤੇ ਤੂੰ ਉਨ੍ਹਾਂ ਦੇ ਅੱਗੇ-ਅੱਗੇ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਚੱਲਦਾ ਹੈਂ । 15ਜੇ ਤੂੰ ਇਸ ਪਰਜਾ ਨੂੰ ਇੱਕ ਮਨੁੱਖ ਵਾਂਗੂੰ ਮਾਰ ਸੁੱਟੇਂ ਤਾਂ ਕੌਮਾਂ ਜਿਨ੍ਹਾਂ ਨੇ ਤੇਰੀ ਮਹਿਮਾ ਸੁਣੀ ਹੈ, ਆਖਣਗੀਆਂ, 16ਇਸ ਲਈ ਕਿ ਯਹੋਵਾਹ ਇਸ ਪਰਜਾ ਨੂੰ ਉਸ ਦੇਸ ਵਿੱਚ ਪਹੁੰਚਾ ਨਾ ਸਕਿਆ ਜਿਸ ਦੇ ਦੇਣ ਦੀ ਸਹੁੰ ਖਾਧੀ ਸੀ ਤਾਂ ਹੀ ਤਾਂ ਉਸਨੇ ਉਨ੍ਹਾਂ ਨੂੰ ਉਜਾੜ ਵਿੱਚ ਬਰਬਾਦ ਕੀਤਾ । 17ਹੁਣ ਪ੍ਰਭੂ ਦਾ ਇਕਬਾਲ ਵੱਡਾ ਹੋਵੇ ਜਿਵੇਂ ਤੂੰ ਬੋਲਿਆ ਹੈਂ । 18ਕਿ ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਭਲਿਆਈ ਨਾਲ ਭਰਪੂਰ ਹੈ ਅਤੇ ਕੁਧਰਮ ਅਤੇ ਅਪਰਾਧ ਦਾ ਬਖਸ਼ਣਹਾਰ ਹੈ ਪਰ ਕੁਧਰਮੀ ਨੂੰ ਇਸ ਤਰ੍ਹਾਂ ਹੀ ਨਹੀਂ ਛੱਡ ਦਿੰਦਾ । ਉਹ ਪਿਤਾ ਦੇ ਕੁਧਰਮ ਦਾ ਬਦਲਾ ਉਨ੍ਹਾਂ ਦੇ ਪੁੱਤਰਾਂ ਉੱਤੋਂ ਤੀਜੀ ਚੌਥੀ ਪੀੜ੍ਹੀ ਤੱਕ ਲੈਣ ਵਾਲਾ ਹੈ । 19ਆਪਣੀ ਵੱਡੀ ਦਯਾ ਦੇ ਅਨੁਸਾਰ ਜਿਵੇਂ ਤੂੰ ਇਸ ਪਰਜਾ ਨੂੰ ਮਿਸਰ ਤੋਂ ਲੈ ਕੇ ਹੁਣ ਤੱਕ ਬਖਸ਼ਿਆ ਹੈ ਇਨ੍ਹਾਂ ਦਾ ਕੁਧਰਮ ਮਾਫ਼ ਕਰ ਦੇ ।

20ਤਾਂ ਯਹੋਵਾਹ ਨੇ ਆਖਿਆ, ਤੇਰੇ ਆਖਣ ਅਨੁਸਾਰ ਮੈਂ ਉਨ੍ਹਾਂ ਨੂੰ ਮਾਫ਼ ਕੀਤਾ । 21ਪਰ ਮੇਰੀ ਜਿੰਦ ਦੀ ਸਹੁੰ ਯਹੋਵਾਹ ਦੀ ਮਹਿਮਾ ਨਾਲ ਸਾਰੀ ਪ੍ਰਿਥਵੀ ਭਰਪੂਰ ਹੋਵੇਗੀ । 22ਫੇਰ ਵੀ ਉਹ ਸਾਰੇ ਮਨੁੱਖ ਜਿਨ੍ਹਾਂ ਨੇ ਮੇਰੀ ਮਹਿਮਾ ਨੂੰ ਅਤੇ ਮੇਰੇ ਨਿਸ਼ਾਨਾਂ ਨੂੰ ਜਿਹੜੇ ਮੈਂ ਮਿਸਰ ਵਿੱਚ ਅਤੇ ਉਜਾੜ ਵਿੱਚ ਕੀਤੇ ਮੈਨੂੰ ਹੁਣ ਤੱਕ ਦਸ ਵਾਰ ਪਰਤਾਇਆ ਅਤੇ ਮੇਰੀ ਅਵਾਜ਼ ਨਹੀਂ ਸੁਣੀ । 23ਉਹ ਉਸ ਧਰਤੀ ਨੂੰ ਨਾ ਵੇਖਣਗੇ ਜਿਸ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਨਾ ਹੀ ਉਹ ਸਾਰੇ ਜਿਨ੍ਹਾਂ ਮੇਰੀ ਹਾਨੀ ਕੀਤੀ ਉਹ ਨੂੰ ਵੇਖਣਗੇ । 24ਪਰ ਮੇਰਾ ਸੇਵਕ ਕਾਲੇਬ ਅਤੇ ਉਸ ਦਾ ਵੰਸ਼ ਇਸ ਉੱਤੇ ਕਬਜ਼ਾ ਕਰੇਗਾ ਇਸ ਲਈ ਕਿ ਉਹ ਦੇ ਵਿੱਚ ਹੋਰ ਸੁਭਾਅ ਹੈ ਅਤੇ ਉਹ ਪੂਰੀ ਤਰ੍ਹਾਂ ਮੇਰੇ ਪਿੱਛੇ ਚੱਲਿਆ ਹੈ, ਮੈਂ ਉਸ ਨੂੰ ਹੀ ਇਸ ਧਰਤੀ ਵਿੱਚ ਜਿਸ ਦੇ ਵਿੱਚ ਉਹ ਗਿਆ ਸੀ ਲੈ ਜਾਂਵਾਂਗਾ । 25ਅਮਾਲੇਕੀ ਅਤੇ ਕਨਾਨੀ ਘਾਟੀ ਵਿੱਚ ਵੱਸਦੇ ਹਨ । ਕਲ ਨੂੰ ਮੁੜੋ ਅਤੇ ਲਾਲ ਸਮੁੰਦਰ ਦੇ ਰਾਹ ਦੁਆਰਾ ਉਜਾੜ ਨੂੰ ਕੂਚ ਕਰੋ ।

ਬੁੜਬੜਾਉਣ ਦੀ ਸਜ਼ਾ

26ਫੇਰ ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, 27ਕਦੋਂ ਤੱਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜਬੁੜਾਉਂਦੀ ਹੈ ? ਇਸਰਾਏਲੀਆਂ ਦੀ ਇਸ ਬੁੜ ਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜ-ਬੁੜ ਕਰਦੇ ਹਨ ਮੈਂ ਸੁਣਿਆ ਹੈ । 28ਉਨ੍ਹਾਂ ਨੂੰ ਆਖੋ ਕਿ ਮੈਨੂੰ ਮੇਰੀ ਜਾਨ ਦੀ ਸਹੁੰ, ਯਹੋਵਾਹ ਦਾ ਵਾਕ ਹੈ, ਸੱਚ-ਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਕਰਾਂਗਾ । 29ਇਸੇ ਉਜਾੜ ਵਿੱਚ ਤੁਹਾਡੀਆਂ ਲਾਸ਼ਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ ਵੀਹ ਸਾਲ ਦੇ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜ ਬੁੜਾਏ । 30ਯਫੁੰਨਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਤੋਂ ਛੁੱਟ, ਤੁਹਾਡੇ ਵਿੱਚੋਂ ਕੋਈ ਉਸ ਦੇਸ ਨਾ ਵੜੋਂਗੇ ਜਿਸ ਦੀ ਮੈਂ ਸਹੁੰ ਖਾਧੀ ਸੀ, ਕਿ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ । 31ਪਰ ਤੁਹਾਡੇ ਨਿਆਣੇ ਜਿਨ੍ਹਾਂ ਵਿਖੇ ਤੁਸੀਂ ਆਖਿਆ ਸੀ ਕਿ ਉਹ ਲੁੱਟ ਦਾ ਮਾਲ ਹੋਣਗੇ ਉਨ੍ਹਾਂ ਨੂੰ ਮੈਂ ਅੰਦਰ ਲਿਆਵਾਂਗਾ ਅਤੇ ਉਹ ਇਸ ਧਰਤੀ ਨੂੰ ਪਾਉਣਗੇ ਜਿਸ ਨੂੰ ਤੁਸੀਂ ਰੱਦਿਆ ਹੈ । 32ਪਰ ਤੁਹਾਡੀਆਂ ਲਾਸ਼ਾਂ ਇਸ ਉਜਾੜ ਵਿੱਚ ਡਿੱਗ ਪੈਣਗੀਆਂ, ਇਹ ਤੁਹਾਡੇ ਲਈ ਹੈ ! 33ਤੁਹਾਡੇ ਪੁੱਤਰ ਉਜਾੜ ਵਿੱਚ ਚਾਲੀਆਂ ਸਾਲ ਤੱਕ ਅਯਾਲੀ ਹੋਣਗੇ ਅਤੇ ਤੁਹਾਡੇ ਕੁਕਰਮ ਦੀ ਸਜ਼ਾ ਚੁੱਕਣਗੇ ਜਦ ਤੱਕ ਤੁਹਾਡੀਆਂ ਲਾਸ਼ਾਂ ਉਜਾੜ ਵਿੱਚ ਗਲ ਸੜ ਨਾ ਜਾਣ । 34ਉਨ੍ਹਾਂ ਦਿਨਾਂ ਦੀ ਗਿਣਤੀ ਅਨੁਸਾਰ ਜਦ ਤੁਸੀਂ ਇਸ ਧਰਤੀ ਦਾ ਭੇਤ ਪਾਇਆ ਚਾਲ੍ਹੀ ਦਿਨ ਅਰਥਾਤ ਇੱਕ ਦਿਨ ਇੱਕ ਸਾਲ ਜਿਹਾ ਤੁਸੀਂ ਆਪਣੀ ਬੁਰਾਈ ਨੂੰ ਚਾਲ੍ਹੀ ਸਾਲ ਤੱਕ ਚੁੱਕੋਗੇ ਤਦ ਤੁਸੀਂ ਮੈਨੂੰ ਤਿਆਗਣ ਦਾ ਨਤੀਜਾ ਜਾਣੋਗੇ ! 35ਮੈਂ ਯਹੋਵਾਹ ਬੋਲ ਚੁੱਕਿਆ ਹਾਂ । ਮੈਂ ਜ਼ਰੂਰ ਇਹ ਸਭ ਕੁਝ ਇਸ ਦੁਸ਼ਟ ਮੰਡਲੀ ਨਾਲ ਕਰਾਂਗਾ ਜਿਹੜੀ ਮੇਰੇ ਵਿਰੁੱਧ ਇਕੱਠੀ ਹੋਈ ਹੈ । ਉਹ ਇਸ ਉਜਾੜ ਵਿੱਚ ਗਲ ਸੜ ਜਾਣਗੇ ਅਤੇ ਇੱਥੇ ਹੀ ਉਹ ਮਰ ਜਾਣਗੇ ।

36ਫੇਰ ਉਹ ਮਨੁੱਖ ਜਿਨ੍ਹਾਂ ਨੂੰ ਮੂਸਾ ਨੇ ਧਰਤੀ ਦਾ ਭੇਤ ਜਾਣਨ ਲਈ ਭੇਜਿਆ ਸੀ ਅਤੇ ਜਿਹੜੇ ਮੁੜ ਕੇ ਉਸ ਧਰਤੀ ਦੀ ਅਜਿਹੀ ਬੁਰੀ ਖ਼ਬਰ ਲਿਆਏ ਕਿ ਸਾਰੀ ਮੰਡਲੀ ਉਸ ਦੇ ਵਿਰੁੱਧ ਬੁੜ-ਬੁੜਾਉਣ ਲੱਗ ਪਈ, 37ਉਹ ਮਨੁੱਖ ਜਿਹੜੇ ਧਰਤੀ ਦੀ ਬੁਰੀ ਖ਼ਬਰ ਲਿਆਏ ਯਹੋਵਾਹ ਦੇ ਅੱਗੇ ਬਵਾ ਨਾਲ ਮਰ ਗਏ । 38ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਧਰਤੀ ਦਾ ਭੇਤ ਪਾਉਣ ਨੂੰ ਗਏ ਸਨ ਜੀਉਂਦੇ ਬਚੇ ਰਹੇ ।

ਉਸ ਦੇਸ ਉੱਤੇ ਪਹਿਲਾ ਹਮਲਾ

(ਬਿਵਸਥਾ ਸਾਰ 1:41-46)

39ਤਦ ਮੂਸਾ ਨੇ ਸਾਰੇ ਇਸਰਾਏਲੀਆਂ ਨੂੰ ਇਹ ਗੱਲਾਂ ਦੱਸੀਆਂ ਅਤੇ ਪਰਜਾ ਨੇ ਵੱਡਾ ਵਿਰਲਾਪ ਕੀਤਾ । 40ਤਦ ਉਹ ਸਵੇਰੇ ਹੀ ਉੱਠ ਕੇ ਪਹਾੜ ਦੀ ਟੀਸੀ ਉੱਤੇ ਇਹ ਕਹਿ ਕੇ ਗਏ ਕਿ ਵੇਖੋ, ਅਸੀਂ ਹੀ ਉਸ ਥਾਂ ਨੂੰ ਉਤਾਹਾਂ ਜਾਂਵਾਂਗੇ ਜਿਸ ਦੇ ਲਈ ਯਹੋਵਾਹ ਨੇ ਫਰਮਾਇਆ ਹੈ ਕਿਉਂ ਜੋ ਅਸੀਂ ਪਾਪ ਕੀਤਾ ਹੈ । 41ਪਰ ਮੂਸਾ ਨੇ ਆਖਿਆ, ਤੁਸੀਂ ਯਹੋਵਾਹ ਦੇ ਹੁਕਮ ਦਾ ਉਲੰਘਣ ਕਿਉਂ ਕਰਦੇ ਹੋ ? ਕਿਉਂ ਜੋ ਇਹ ਸਫ਼ਲ ਨਹੀਂ ਹੋਵੇਗਾ । 42ਤੁਸੀਂ ਉਤਾਹਾਂ ਨਾ ਜਾਓ ਕਿਉਂ ਜੋ ਯਹੋਵਾਹ ਤੁਹਾਡੇ ਵਿਚਕਾਰ ਨਹੀਂ ਹੈ ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਹਾਰ ਜਾਓ । 43ਅਮਾਲੇਕੀ ਅਤੇ ਕਨਾਨੀ ਉੱਥੇ ਤੁਹਾਡੇ ਸਾਹਮਣੇ ਹਨ ਅਤੇ ਤੁਸੀਂ ਤਲਵਾਰ ਨਾਲ ਡਿੱਗ ਪਓਗੇ । ਇਸ ਲਈ ਕਿ ਤੁਸੀਂ ਯਹੋਵਾਹ ਦੇ ਪਿੱਛੇ ਚੱਲਣ ਤੋਂ ਫਿਰ ਗਏ ਯਹੋਵਾਹ ਤੁਹਾਡੇ ਸੰਗ ਨਹੀਂ ਹੋਵੇਗਾ । 44ਪਰੰਤੂ ਉਹ ਜਿੱਦ ਨਾਲ ਪਹਾੜ ਦੀ ਟੀਸੀ ਉੱਤੇ ਚੜ੍ਹ ਗਏ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਅਤੇ ਮੂਸਾ ਡੇਰੇ ਦੇ ਵਿੱਚੋਂ ਨਾ ਗਏ । 45ਅਮਾਲੇਕੀ ਅਤੇ ਕਨਾਨੀ ਜਿਹੜੇ ਉਸ ਪਹਾੜ ਉੱਤੇ ਵੱਸਦੇ ਸਨ ਹੇਠਾਂ ਆਏ ਅਤੇ ਉਨ੍ਹਾਂ ਨੂੰ ਮਾਰਿਆ ਅਤੇ ਉਨ੍ਹਾਂ ਨੂੰ ਹਾਰਮਾਹ ਤੱਕ ਵੱਢਦੇ ਗਏ ।

15

ਬਲੀਦਾਨ ਦੇ ਬਾਰੇ ਨਿਯਮ

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜੋ ਤੁਹਾਡੇ ਵੱਸਣ ਲਈ ਮੈਂ ਤੁਹਾਨੂੰ ਦਿੰਦਾ ਹਾਂ । 3ਅਤੇ ਜਦ ਤੁਸੀਂ ਯਹੋਵਾਹ ਲਈ ਅੱਗ ਦੀ ਭੇਟ ਭਾਵੇਂ ਹੋਮ ਦੀ ਭਾਵੇਂ ਬਲੀ ਦੀ ਚੜ੍ਹਾਓ ਤਾਂ ਜੋ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਖੁਸ਼ੀ ਦੀ ਭੇਟ ਵਾਂਗੂੰ ਜਾਂ ਤੁਹਾਡੇ ਠਹਿਰਾਏ ਹੋਏ ਪਰਬਾਂ ਵਿੱਚ ਦੀ ਭੇਟ ਵਾਂਗੂੰ ਤਾਂ ਜੋ ਯਹੋਵਾਹ ਲਈ ਸੁਗੰਧਤਾ ਚੋਣੇ ਤੋਂ ਜਾਂ ਇੱਜੜ ਤੋਂ ਹੋਵੇ । 4ਤਾਂ ਚੜ੍ਹਾਉਣ ਵਾਲਾ ਯਹੋਵਾਹ ਲਈ ਮੈਦੇ ਦੀ ਭੇਟ ਲਈ ਏਫਾਹ ਦਾ ਦਸਵਾਂ ਹਿੱਸਾ ਮੈਦੇ ਦਾ ਹੀਨ ਦਾ ਚੌਥਾ ਹਿੱਸਾ ਤੇਲ ਮਿਲਿਆ ਹੋਇਆ ਚੜ੍ਹਾਵੇ । 5ਅਤੇ ਪੀਣ ਦੀ ਭੇਟ ਲਈ ਹੀਨ ਦੀ ਚੋਥਾਈ ਮਧ ਹਰ ਭੇਡ ਦੇ ਬੱਚੇ ਪਿੱਛੇ ਤੂੰ ਉਸ ਹੋਮ ਦੀ ਭੇਟ ਨਾਲ ਜਾਂ ਬਲੀ ਨਾਲ ਤਿਆਰ ਕਰ । 6ਭੇਡੂ ਦੇ ਨਾਲ ਮੈਦੇ ਦੀ ਭੇਟ ਦੋ ਦਸਵੇਂ ਹਿੱਸੇ ਮੈਦੇ ਦੇ ਹੀਨ ਦੀ ਤਿਹਾਈ ਤੇਲ ਮਿਲਿਆ ਹੋਇਆ ਤਿਆਰ ਕਰ । 7ਅਤੇ ਪੀਣ ਦੀ ਭੇਟ ਲਈ ਹੀਨ ਦੀ ਤਿਹਾਈ ਮਧ ਯਹੋਵਾਹ ਲਈ ਸੁਗੰਧਤਾ ਦੀ ਭੇਟ ਕਰਕੇ ਚੜ੍ਹਾ । 8ਜਦ ਤੂੰ ਹੋਮ ਦੀ ਭੇਟ ਜਾਂ ਬਲੀ ਲਈ ਵਹਿੜਾ ਤਿਆਰ ਕਰੇਂ ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਹੋਵਾਹ ਲਈ ਸੁਖ ਸਾਂਦ ਦੀਆਂ ਭੇਟਾਂ ਹੋਣ । 9ਤਾਂ ਉਹ ਉਸ ਵਹਿੜੇ ਦੇ ਨਾਲ ਮੈਦੇ ਦੀ ਭੇਟ ਤਿੰਨ ਦਸਵੇਂ ਹਿੱਸੇ ਮੈਦੇ ਦੇ ਅੱਧਾ ਹੀਨ ਤੇਲ ਮਿਲਿਆ ਹੋਇਆ ਚੜ੍ਹਾਵੇ । 10ਅਤੇ ਤੂੰ ਪੀਣ ਦੀ ਭੇਟ ਲਈ ਅੱਧਾ ਹੀਨ ਮਧ ਚੜ੍ਹਾ । ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਹੋਵੇ ।

11ਇਸ ਤਰ੍ਹਾਂ ਹਰੇਕ ਬਲ਼ਦ, ਹਰ ਭੇਡੂ, ਹਰ ਭੇਡ ਦਾ ਬੱਚਾ, ਅਤੇ ਹਰ ਮੇਮਨੇ ਲਈ ਕੀਤਾ ਜਾਵੇ । 12ਉਨ੍ਹਾਂ ਦੀ ਗਿਣਤੀ ਅਨੁਸਾਰ ਜਿਹੜੇ ਤੁਸੀਂ ਤਿਆਰ ਕਰਦੇ ਹੋ, ਇਸੇ ਤਰ੍ਹਾਂ ਹੀ ਤੁਸੀਂ ਹਰ ਇੱਕ ਲਈ ਉਨ੍ਹਾਂ ਦੀ ਗਿਣਤੀ ਅਨੁਸਾਰ ਕਰੋ । 13ਸਾਰੇ ਦੇਸੀ ਉਨ੍ਹਾਂ ਨਾਲ ਜਦ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ । 14ਅਤੇ ਜੇ ਕੋਈ ਤੁਹਾਡੇ ਵਿੱਚ ਟਿਕਿਆ ਹੋਇਆ ਪਰਦੇਸੀ ਜਾਂ ਜੇ ਕੋਈ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੋਂ ਰਹਿੰਦਾ ਹੋਵੇ ਅਤੇ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ ਤਾਂ ਜਿਵੇਂ ਤੁਸੀਂ ਕਰਦੇ ਹੋ ਉਹ ਵੀ ਕਰੇ । 15ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓਂ ਪੀੜ੍ਹੀ ਸਦਾ ਲਈ ਹੋਵੇ ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਹੋਵਾਹ ਅੱਗੇ ਹੋ 16ਇੱਕੋ ਬਿਵਸਥਾ ਅਤੇ ਇੱਕੋ ਹੀ ਕਾਨੂੰਨ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੋਇਆ ਹੋਵੇ ।

17ਯਹੋਵਾਹ ਮੂਸਾ ਨਾਲ ਬੋਲਿਆ, 18ਤੂੰ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਧਰਤੀ ਵਿੱਚ ਵੜੋ ਜਿੱਥੇ ਮੈਂ ਤੁਹਾਨੂੰ ਲਈ ਜਾਂਦਾ ਹਾਂ 19ਤਾਂ ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਦੀ ਰੋਟੀ ਤੋਂ ਖਾਓ ਤਾਂ ਤੁਸੀਂ ਯਹੋਵਾਹ ਲਈ ਹਿਲਾਉਣ ਦੀ ਭੇਟ ਚੜ੍ਹਾਇਓ । 20ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਪੇੜੇ ਦਾ ਫੁਲਕਾ ਹਿਲਾਉਣ ਦੀ ਭੇਟ ਕਰਕੇ ਚੜ੍ਹਾਓ । ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਇਹ ਨੂੰ ਹਿਲਾਓ । 21ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਦਾ ਪਹਿਲਾ ਪੇੜਾ ਯਹੋਵਾਹ ਲਈ ਆਪਣੀ ਪੀੜ੍ਹੀਓਂ ਪੀੜ੍ਹੀ ਹਿਲਾਉਣ ਦੀ ਭੇਟ ਕਰਕੇ ਦਿਆ ਕਰੋ ।

ਅਣਜਾਣੇ ਵਿੱਚ ਕੀਤਾ ਗਿਆ ਪਾਪ

22ਜਦ ਤੁਸੀਂ ਭੁੱਲੋ ਅਤੇ ਇਹ ਸਾਰੇ ਹੁਕਮ ਪੂਰੇ ਨਾ ਕਰੋ ਜਿਹੜੇ ਯਹੋਵਾਹ ਨੇ ਮੂਸਾ ਨੂੰ ਆਖਿਆ ਹੈ । 23ਅਰਥਾਤ ਜੋ ਕੁਝ ਯਹੋਵਾਹ ਨੇ ਮੂਸਾ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ ਜਿਸ ਦਿਨ ਤੋਂ ਯਹੋਵਾਹ ਨੇ ਹੁਕਮ ਦਿੱਤਾ ਉਸ ਤੋਂ ਅੱਗੇ ਤੁਹਾਡੀ ਪੀੜ੍ਹੀਓਂ ਪੀੜ੍ਹੀ । 24ਤਾਂ ਇਹ ਜੇ ਉਹ ਭੁੱਲ ਕੇ ਮੰਡਲੀ ਦੀਆਂ ਅੱਖਾਂ ਤੋਂ ਦੂਰ ਕੀਤਾ ਗਿਆ ਹੋਵੇ ਤਾਂ ਸਾਰੀ ਮੰਡਲੀ ਇੱਕ ਵਹਿੜਾ ਹੋਮ ਦੀ ਬਲੀ ਲਈ ਚੜ੍ਹਾਵੇ ਜਿਹੜੀ ਯਹੋਵਾਹ ਲਈ ਸੁਗੰਧਤਾ ਹੋਵੇ ਉਸ ਦੀ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਕਾਨੂੰਨ ਦੇ ਅਨੁਸਾਰ ਨਾਲੇ ਪਾਪ ਦੀ ਬਲੀ ਲਈ ਇੱਕ ਬੱਕਰਾ । 25ਫੇਰ ਜਾਜਕ ਇਸਰਾਏਲੀਆਂ ਦੀ ਸਾਰੀ ਮੰਡਲੀ ਲਈ ਪਰਾਸਚਿਤ ਕਰੇ ਤਾਂ ਉਹ ਮਾਫ਼ ਕੀਤੇ ਜਾਣਗੇ ਕਿਉਂ ਜੋ ਉਹ ਭੁੱਲ ਸੀ, ਉਹ ਆਪਣਾ ਅੱਗ ਦਾ ਚੜ੍ਹਾਵਾ ਅਤੇ ਪਾਪ ਦੀ ਬਲੀ ਆਪਣੀ ਭੁੱਲ ਲਈ ਯਹੋਵਾਹ ਅੱਗੇ ਲਿਆਵੇ । 26ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਮਾਫ਼ ਕੀਤੀ ਜਾਵੇਗੀ ਨਾਲੇ ਉਹ ਪਰਦੇਸੀ ਜਿਹੜਾ ਉਨ੍ਹਾਂ ਦੇ ਵਿੱਚ ਰਹਿ ਰਿਹਾ ਹੈ ਕਿਉਂ ਜੋ ਉਹ ਸਾਰੀ ਪਰਜਾ ਦੀ ਭੁੱਲ ਨਾਲ ਹੋਇਆ ਸੀ ।

27ਜੇ ਇੱਕੋ ਹੀ ਮਨੁੱਖ ਭੁੱਲ ਨਾਲ ਪਾਪ ਕਰੇ ਤਾਂ ਪਾਪ ਦੀ ਬਲੀ ਲਈ ਉਹ ਇੱਕ ਸਾਲ ਦੀ ਬੱਕਰੀ ਚੜ੍ਹਾਵੇ । 28ਫੇਰ ਜਾਜਕ ਉਸ ਮਨੁੱਖ ਲਈ ਜਿਹੜਾ ਭੁੱਲ ਕੇ ਪਾਪ ਕਰੇ ਪ੍ਰਾਸਚਿਤ ਕਰੇ ਜਦ ਉਹ ਯਹੋਵਾਹ ਅੱਗੇ ਭੁੱਲ ਕੇ ਪਾਪ ਕਰੇ, ਉਹ ਦੇ ਲਈ ਪ੍ਰਾਸਚਿਤ ਹੋਵੇ ਤਾਂ ਉਹ ਮਾਫ਼ੀ ਪਾਵੇਗਾ । 29ਇਸਰਾਏਲੀਆਂ ਦੇ ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੈ ਤੁਹਾਡੇ ਲਈ ਇੱਕੋ ਹੀ ਬਿਵਸਥਾ ਹੋਵੇ ਜੇ ਕੋਈ ਭੁੱਲ ਕੇ ਪਾਪ ਕਰੇ । 30ਜਿਹੜਾ ਮਨੁੱਖ ਜ਼ਬਰਦਸਤੀ ਕੁਝ ਕਰੇ, ਭਾਵੇਂ ਦੇਸੀ ਭਾਵੇਂ ਪਰਦੇਸੀ, ਉਹ ਯਹੋਵਾਹ ਦੇ ਵਿਰੁੱਧ ਕੁਫ਼ਰ ਬਕਦਾ ਹੈ । ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ । 31ਇਸ ਲਈ ਕਿ ਉਸ ਨੇ ਯਹੋਵਾਹ ਦੀ ਬਾਣੀ ਦਾ ਅਪਮਾਨ ਕੀਤਾ ਅਤੇ ਉਸ ਦਾ ਹੁਕਮ ਤੋੜਿਆ ਹੈ, ਉਹ ਮਨੁੱਖ ਜ਼ਰੂਰ ਹੀ ਛੇਕਿਆ ਜਾਵੇ । ਉਸ ਦੀ ਸਜ਼ਾ ਉਸ ਦੇ ਉੱਤੇ ਹੋਵੇਗੀ ।

ਸਬਤ ਦੇ ਨਿਯਮ ਦੀ ਉਲੰਘਣਾ

32ਜਦ ਇਸਰਾਏਲੀ ਉਜਾੜ ਵਿੱਚ ਸਨ ਤਾਂ ਉਨ੍ਹਾਂ ਨੂੰ ਇੱਕ ਮਨੁੱਖ ਸਬਤ ਦੇ ਦਿਨ ਵਿੱਚ ਲੱਕੜੀਆਂ ਚੁਗਦਾ ਹੋਇਆ ਮਿਲਿਆ । 33ਤਾਂ ਜਿਨ੍ਹਾਂ ਨੂੰ ਉਹ ਲੱਕੜੀਆਂ ਚੁਗਦਿਆਂ ਮਿਲਿਆ ਸੀ ਉਹ ਉਸ ਨੂੰ ਮੂਸਾ, ਹਾਰੂਨ ਅਤੇ ਸਾਰੀ ਮੰਡਲੀ ਦੇ ਕੋਲ ਲਿਆਏ । 34ਤਾਂ ਉਨ੍ਹਾਂ ਨੇ ਉਸ ਨੂੰ ਬੰਦੀ ਖਾਨੇ ਵਿੱਚ ਰੱਖਿਆ ਕਿਉਂ ਜੋ ਅਜੇ ਤੱਕ ਇਹ ਨਹੀਂ ਪਤਾ ਸੀ ਅਜਿਹੇ ਮਨੁੱਖ ਨਾਲ ਕੀ ਕਰਨਾ ਚਾਹੀਦਾ ਹੈ । 35ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਮਾਰਿਆ ਜਾਵੇ । ਸਾਰੀ ਮੰਡਲੀ ਉਹ ਨੂੰ ਪੱਥਰਾਂ ਨਾਲ ਡੇਰੇ ਤੋਂ ਬਾਹਰ ਮਾਰੇ । 36ਸੋ ਸਾਰੀ ਮੰਡਲੀ ਉਹ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਹ ਨੂੰ ਪੱਥਰਾਂ ਨਾਲ ਮਾਰਿਆ ਤਾਂ ਉਹ ਮਰ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

ਯਾਦ ਕਰਾਉਣ ਵਾਲੀ ਝਾਲਰ

37ਯਹੋਵਾਹ ਨੇ ਮੂਸਾ ਨੂੰ ਆਖਿਆ, 38ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ । 39ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਹ ਨੂੰ ਵੇਖ ਕੇ ਯਹੋਵਾਹ ਦੇ ਸਾਰੇ ਹੁਕਮ ਚੇਤੇ ਰੱਖੋ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰੋ ਅਤੇ ਤੁਸੀਂ ਆਪਣੇ ਮਨਾਂ ਅਤੇ ਅੱਖਾਂ ਦੀ ਲੋਚਨਾ ਅਨੁਸਾਰ ਧੋਖਾ ਨਾ ਕਰੋ ਜਿਵੇਂ ਤੁਸੀਂ ਕਰਦੇ ਆਏ ਹੋ । 40ਤਾਂ ਜੋ ਤੁਸੀਂ ਮੇਰੇ ਹੁਕਮ ਯਾਦ ਰੱਖੋ ਅਤੇ ਉਨ੍ਹਾਂ ਉੱਤੇ ਚੱਲੋ । ਇਸ ਤਰ੍ਹਾਂ ਤੁਸੀਂ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਵੋ । 41ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ ਤੋਂ ਲਿਆਇਆ ਹਾਂ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋਵਾਂ । ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ।

16

ਕੋਰਹ, ਦਾਥਾਨ ਅਤੇ ਅਬੀਰਾਮ ਦਾ ਆਕੀ ਹੋਣਾ

1ਕਹਾਥ ਦੇ ਪੋਤੇ ਯਿਸਹਾਰ ਦੇ ਪੁੱਤਰ ਕੋਰਹ ਲੇਵੀ ਨੇ ਅਤੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੇ ਅਤੇ ਪਲਤ ਦੇ ਪੁੱਤਰ ਓਨ ਨੇ ਜਿਹੜੇ ਰਊਬੇਨੀ ਸਨ, ਮਨੁੱਖਾਂ ਨੂੰ ਨਾਲ ਲਿਆ । 2ਉਹ ਅਤੇ ਇਸਰਾਏਲੀਆਂ ਵਿੱਚੋਂ ਢਾਈ ਸੌ ਮਨੁੱਖ ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇਂ ਅਤੇ ਨਾਮੀ ਸਨ, ਮੂਸਾ ਦੇ ਅੱਗੇ ਉੱਠੇ । 3ਅਤੇ ਉਹ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇੱਕਠੇ ਹੋਏ ਅਤੇ ਉਨ੍ਹਾਂ ਨੂੰ ਆਖਿਆ, ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ । ਤੁਸੀਂ ਫਿਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ ? 4ਜਦ ਮੂਸਾ ਨੇ ਸੁਣਿਆ ਤਾਂ ਉਹ ਆਪਣੇ ਮੂੰਹ ਦੇ ਭਾਰ ਡਿੱਗਿਆ । 5ਉਹ ਕੋਰਹ ਅਤੇ ਉਹ ਦੀ ਸਾਰੀ ਟੋਲੀ ਨੂੰ ਬੋਲਿਆ ਕਿ ਸਵੇਰ ਨੂੰ ਯਹੋਵਾਹ ਦੱਸੇਗਾ ਕਿ ਕੌਣ ਉਸ ਦਾ ਹੈ ਅਤੇ ਕੌਣ ਪਵਿੱਤਰ ਹੈ ਅਤੇ ਕਿਸਨੂੰ ਆਪਣੇ ਨੇੜੇ ਲਿਆਵੇਗਾ, ਜਿਸ ਨੂੰ ਉਹ ਚੁਣੇਗਾ ਉਹ ਨੂੰ ਨੇੜੇ ਲਿਆਵੇਗਾ । 6ਇਹ ਕਰੋ ਕਿ ਕੋਰਹ ਅਤੇ ਉਸ ਦੀ ਸਾਰੀ ਟੋਲੀ ਆਪਣੇ ਲਈ ਧੂਪਦਾਨ ਲਓ । 7ਅਤੇ ਕੱਲ ਨੂੰ ਉਨ੍ਹਾਂ ਵਿੱਚ ਅੱਗ ਪਾਓ ਅਤੇ ਉਨ੍ਹਾਂ ਦੇ ਵਿੱਚ ਯਹੋਵਾਹ ਦੇ ਅੱਗੇ ਧੂਪ ਪਾਓ ਤਾਂ ਅਜਿਹਾ ਹੋਵੇਗਾ ਕਿ ਉਹ ਮਨੁੱਖ ਜਿਸ ਨੂੰ ਯਹੋਵਾਹ ਚੁਣੇਗਾ ਉਹ ਪਵਿੱਤਰ ਹੋਵੇਗਾ । ਹੁਣ ਲੇਵਿਓ, ਤੁਸੀਂ ਵੀ ਬੱਸ ਕਰੋ ! 8ਤਾਂ ਮੂਸਾ ਨੇ ਕੋਰਹ ਨੂੰ ਆਖਿਆ, ਹੇ ਲੇਵਿਓ ਸੁਣੋ ! 9ਕਿ ਇਹ ਗੱਲ ਤੁਹਾਡੇ ਲਈ ਛੋਟੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਤੁਹਾਨੂੰ ਇਸਰਾਏਲੀਆਂ ਦੀ ਮੰਡਲੀ ਤੋਂ ਵੱਖਰਾ ਕੀਤਾ ਤਾਂ ਜੋ ਉਹ ਤੁਹਾਨੂੰ ਨੇੜੇ ਲਿਆਵੇ ਕਿ ਤੁਸੀਂ ਯਹੋਵਾਹ ਦੇ ਡੇਰੇ ਦੀ ਟਹਿਲ ਸੇਵਾ ਕਰੋ ਅਤੇ ਮੰਡਲੀ ਦੇ ਅੱਗੇ ਖਲੋ ਕੇ ਉਹਨਾਂ ਦੀ ਸੇਵਾ ਕਰੋ ? 10ਨਾਲੇ ਉਹ ਤੈਨੂੰ ਅਤੇ ਤੇਰੇ ਸਾਰੇ ਭਰਾਵਾਂ ਨੂੰ ਜਿਹੜੇ ਲੇਵੀ ਹਨ ਤੇਰੇ ਨੇੜੇ ਲਿਆਇਆ ? ਹੁਣ ਕੀ ਤੁਸੀਂ ਜਾਜਕਾਈ ਨੂੰ ਵੀ ਦੰਦ ਮਾਰਦੇ ਹੋ ? 11ਇਸੇ ਲਈ ਤੂੰ ਅਤੇ ਤੇਰੀ ਸਾਰੀ ਟੋਲੀ ਯਹੋਵਾਹ ਦੇ ਵਿਰੁੱਧ ਇੱਕਠੀ ਹੋਈ ਅਤੇ ਹਾਰੂਨ, ਉਹ ਵਿਚਾਰਾ ਕੌਣ ਹੈ ਜੋ ਤੁਸੀਂ ਉਹ ਦੇ ਵਿਰੁੱਧ ਬੁੜ ਬੁੜਾਉਂਦੇ ਹੋ ?

12ਤਾਂ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਸੱਦਾ ਭੇਜਿਆ ਪਰ ਉਨ੍ਹਾਂ ਨੇ ਆਖਿਆ, ਅਸੀਂ ਨਹੀਂ ਆਵਾਂਗੇ । 13ਕੀ ਇਹ ਛੋਟੀ ਗੱਲ ਹੈ ਕਿ ਤੂੰ ਸਾਨੂੰ ਇੱਕ ਦੇਸ ਤੋਂ ਕੱਢ ਲਿਆਇਆ ਹੈਂ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਸੀ ਤਾਂ ਜੋ ਸਾਨੂੰ ਉਜਾੜ ਵਿੱਚ ਮਾਰੇਂ ਅਤੇ ਹੁਣ ਧੱਕੇ ਨਾਲ ਸਾਡੇ ਉੱਤੇ ਆਪਣੇ ਆਪ ਨੂੰ ਰਾਜਾ ਬਣਾਈ ਬੈਠਾ ਹੈ ? 14ਨਾਲੇ ਤੂੰ ਸਾਨੂੰ ਅਜਿਹੇ ਦੇਸ ਵਿੱਚ ਵੀ ਨਹੀਂ ਲਿਆਂਦਾ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਨਾ ਸਾਨੂੰ ਖੇਤਾਂ ਅਤੇ ਬਾਗਾਂ ਦਾ ਅਧਿਕਾਰ ਦਿੱਤਾ ਹੈ । ਕੀ ਤੂੰ ਇਨ੍ਹਾਂ ਮਨੁੱਖਾਂ ਦੀਆਂ ਅੱਖਾਂ ਕੱਢ ਸੁੱਟੇਂਗਾ ? ਅਸੀਂ ਤਾਂ ਅੱਗੇ ਨਹੀਂ ਜਾਣਾ !

15ਤਾਂ ਮੂਸਾ ਡਾਢਾ ਕ੍ਰੋਧਵਾਨ ਹੋਇਆ ਅਤੇ ਉਸ ਨੇ ਯਹੋਵਾਹ ਨੂੰ ਆਖਿਆ, ਤੂੰ ਉਨ੍ਹਾਂ ਦੀ ਮੈਦੇ ਦੀ ਭੇਟ ਵੱਲ ਨਾ ਵੇਖ ! ਮੈਂ ਤਾਂ ਉਨ੍ਹਾਂ ਦੀ ਇੱਕ ਗਧੀ ਵੀ ਨਹੀਂ ਲਈ, ਨਾ ਉਨ੍ਹਾਂ ਵਿੱਚੋਂ ਕਿਸੇ ਦਾ ਨੁਕਸਾਨ ਕੀਤਾ । 16ਮੂਸਾ ਨੇ ਕੋਰਹ ਨੂੰ ਆਖਿਆ, ਤੂੰ ਅਤੇ ਤੇਰੀ ਸਾਰੀ ਟੋਲੀ ਕੱਲ ਨੂੰ ਯਹੋਵਾਹ ਅੱਗੇ ਹਾਜ਼ਰ ਹੋਵੇ, ਤੂੰ, ਉਹ ਅਤੇ ਹਾਰੂਨ । 17ਤੁਹਾਡੇ ਵਿੱਚੋਂ ਹਰ ਮਨੁੱਖ ਆਪਣਾ ਧੂਪਦਾਨ ਲਵੇ ਅਤੇ ਤੁਸੀਂ ਉਨ੍ਹਾਂ ਵਿੱਚ ਧੂਪ ਪਾਓ ਅਤੇ ਹਰ ਮਨੁੱਖ ਆਪਣਾ ਧੂਪਦਾਨ ਅਰਥਾਤ ਢਾਈ ਸੋ ਧੂਪਦਾਨ, ਤੂੰ ਵੀ ਅਤੇ ਹਾਰੂਨ ਵੀ ਹਰ ਇੱਕ ਆਪੋ ਆਪਣਾ ਧੂਪਦਾਨ ਯਹੋਵਾਹ ਅੱਗੇ ਲਿਆਓ । 18ਤਾਂ ਹਰ ਮਨੁੱਖ ਨੇ ਆਪਣਾ ਆਪਣਾ ਧੂਪਦਾਨ ਲੈ ਕੇ ਉਸ ਉੱਤੇ ਅੱਗ ਪਾਈ ਅਤੇ ਉਨ੍ਹਾਂ ਉੱਤੇ ਧੂਪ ਵੀ ਪਾਈ ਅਤੇ ਮੂਸਾ ਅਤੇ ਹਾਰੂਨ ਦੇ ਨਾਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਖਲੋ ਗਏ । 19ਤਾਂ ਕੋਰਹ ਨੇ ਸਾਰੀ ਟੋਲੀ ਨੂੰ ਉਨ੍ਹਾਂ ਦੇ ਵਿਰੁੱਧ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਇਕੱਠਾ ਕੀਤਾ ਤਦ ਯਹੋਵਾਹ ਦਾ ਪਰਤਾਪ ਸਾਰੀ ਮੰਡਲੀ ਉੱਤੇ ਪਰਗਟ ਹੋਇਆ ।

20ਤਾਂ ਯਹੋਵਾਹ ਮੂਸਾ ਨਾਲ ਅਤੇ ਹਾਰੂਨ ਨਾਲ ਬੋਲਿਆ, 21ਇਸ ਮੰਡਲੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਇੱਕ ਪਾਸੇ ਕਰ ਲਓ ਕਿ ਮੈਂ ਉਨ੍ਹਾਂ ਨੂੰ ਇੱਕ ਅੱਖ ਦੇ ਫੇਰ ਵਿੱਚ ਭੱਖ ਲਵਾਂ । 22ਤਾਂ ਉਹ ਮੂੰਹ ਦੇ ਭਾਰ ਡਿੱਗ ਪਏ ਅਤੇ ਆਖਿਆ, ਹੇ ਪਰਮੇਸ਼ੁਰ, ਤੂੰ ਜੋ ਸਾਰੇ ਸਰੀਰਾਂ ਦੀਆਂ ਆਤਮਾਂ ਦਾ ਪਰਮੇਸ਼ੁਰ ਹੈਂ, ਕੀ ਜੇ ਇੱਕ ਮਨੁੱਖ ਪਾਪ ਕਰੇ ਤਾਂ ਤੂੰ ਸਾਰੀ ਮੰਡਲੀ ਦੇ ਵਿਰੁੱਧ ਕ੍ਰੋਧਵਾਨ ਹੋਵੇਂਗਾ ? 23ਤਾਂ ਯਹੋਵਾਹ ਮੂਸਾ ਨਾਲ ਬੋਲਿਆ, 24ਮੰਡਲੀ ਨੂੰ ਬੋਲ ਕਿ ਉਹ ਕੋਰਹ ਅਤੇ ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਚੱਲੇ ਜਾਣ ।

25ਸੋ ਮੂਸਾ ਉੱਠ ਕੇ ਦਾਥਾਨ ਅਤੇ ਅਬੀਰਾਮ ਦੇ ਕੋਲ ਗਿਆ ਅਤੇ ਇਸਰਾਏਲ ਦੇ ਬਜ਼ੁਰਗ ਵੀ ਉਸ ਦੇ ਪਿੱਛੇ-ਪਿੱਛੇ ਗਏ 26ਉਹ ਮੰਡਲੀ ਨੂੰ ਬੋਲਿਆ ਕਿ ਇਨ੍ਹਾਂ ਦੁਸ਼ਟ ਮਨੁੱਖਾਂ ਦੇ ਤੰਬੂਆਂ ਤੋਂ ਇੱਕ ਪਾਸੇ ਹੋ ਕੇ ਦੂਰ ਹੋ ਜਾਓ ਅਤੇ ਉਨ੍ਹਾਂ ਦੀ ਕਿਸੇ ਵੀ ਵਸਤੂ ਨੂੰ ਨਾ ਛੂਹਣਾ, ਕਿਤੇ ਤੁਸੀਂ ਵੀ ਉਨ੍ਹਾਂ ਦੇ ਸਾਰੇ ਪਾਪਾਂ ਵਿੱਚ ਸਾਂਝੀ ਹੋਵੋ ! 27ਸੋ ਉਹ ਕੋਰਹ, ਦਾਥਾਨ ਅਤੇ ਅਬੀਰਾਮ ਦੀ ਵੱਸੋਂ ਦੇ ਆਲੇ-ਦੁਆਲੇ ਤੋਂ ਉਤਾਹਾਂ ਨੂੰ ਚੱਲੇ ਗਏ ਤਾਂ ਦਾਥਾਨ ਅਤੇ ਅਬੀਰਾਮ ਬਾਹਰ ਆਏ ਅਤੇ ਆਪਣੇ ਤੰਬੂਆਂ ਦੇ ਦਰਵਾਜਿਆਂ ਵਿੱਚ ਆਪਣੀਆਂ ਪਤਨੀਆਂ, ਪੁੱਤਰਾਂ ਅਤੇ ਬਾਲ-ਬੱਚਿਆ ਦੇ ਨਾਲ ਖੜ੍ਹੇ ਹੋ ਗਏ । 28ਫੇਰ ਮੂਸਾ ਨੇ ਆਖਿਆ, ਤੁਸੀਂ ਇਸ ਤੋਂ ਜਾਣ ਲਵੋਗੇ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੈ, ਨਾ ਕਿ ਮੈਂ ਆਪਣੇ ਮਨ ਨਾਲ ਆਇਆ ਹਾਂ, ਜੋ ਮੈਂ ਇਨ੍ਹਾਂ ਸਾਰਿਆਂ ਕੰਮਾਂ ਨੂੰ ਕਰਾਂ । 29ਜੇਕਰ ਉਹਨਾਂ ਮਨੁੱਖਾਂ ਦੀ ਮੌਤ ਸਭਨਾਂ ਮਨੁੱਖਾਂ ਦੇ ਵਾਂਗੂੰ ਹੋਵੇ ਅਤੇ ਉਹਨਾਂ ਦੀ ਸਜ਼ਾ ਸਭਨਾਂ ਮਨੁੱਖਾਂ ਦੇ ਵਾਲੀ ਹੋਵੇ, ਅਖ਼ੀਰ ਇਸ ਗੱਲ ਨੂੰ ਜਾਣੋ ਕਿ ਯਹੋਵਾਹ ਨੇ ਮੈਨੂੰ ਭੇਜਿਆ ਹੀ ਨਹੀਂ । 30ਪਰ ਜੇ ਯਹੋਵਾਹ ਕੋਈ ਅਣੋਖਾ ਕੰਮ ਕਰੇ, ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਸਭਨਾਂ ਵਸਤੂਆਂ ਨੂੰ ਨਿਗਲ ਲਵੇ ਅਤੇ ਉਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ ਤਾਂ ਤੁਸੀਂ ਜਾਣ ਲਓ ਕਿ ਇਨ੍ਹਾਂ ਮਨੁੱਖਾਂ ਨੇ ਯਹੋਵਾਹ ਦਾ ਨਿਰਾਦਰ ਕੀਤਾ ਹੈ !

31ਤਦ ਅਜਿਹਾ ਹੋਇਆ ਕਿ ਜਦ ਉਹ ਇਹ ਸਾਰੀਆਂ ਗੱਲਾਂ ਬੋਲ ਚੁੱਕਿਆ ਤਾਂ ਭੂਮੀ ਜਿਹੜੀ ਉਨ੍ਹਾਂ ਦੇ ਹੇਠ ਸੀ, ਫੱਟ ਗਈ 32ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਰਹ ਵੱਲ ਸਨ, ਉਨ੍ਹਾਂ ਦਾ ਸਭ ਕੁਝ ਨਿਗਲ ਲਿਆ । 33ਇਸ ਤਰ੍ਹਾਂ ਉਹ ਅਤੇ ਉਨ੍ਹਾਂ ਦੇ ਨਾਲ ਦੇ ਜੀਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਨੇ ਉਨ੍ਹਾਂ ਨੂੰ ਢੱਕ ਲਿਆ ਅਤੇ ਉਹ ਸਭਾ ਵਿੱਚੋਂ ਨਾਸ ਹੋ ਗਏ । 34ਤਦ ਸਾਰੇ ਇਸਰਾਏਲੀ ਜਿਹੜੇ ਉਨ੍ਹਾਂ ਦੇ ਆਲੇ-ਦੁਆਲੇ ਸਨ, ਉਨ੍ਹਾਂ ਦੀਆਂ ਚੀਕਾਂ ਸੁਣ ਕੇ ਇਹ ਕਹਿੰਦੇ ਹੋਏ ਦੌੜ ਗਏ ਕਿਤੇ ਅਜਿਹਾ ਨਾ ਹੋਵੇ ਕਿ ਧਰਤੀ ਸਾਨੂੰ ਵੀ ਨਿਗਲ ਲਵੇ ! 35ਤਦ ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਹ ਉਨ੍ਹਾਂ ਧੂਪ ਧੁਖਾਉਣ ਵਾਲੇ ਢਾਈ ਸੌ ਮਨੁੱਖਾਂ ਨੂੰ ਭਸਮ ਕਰ ਗਈ ।

ਧੂਪਦਾਨ

36ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 37ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖ ਕਿ ਉਹਨਾਂ ਧੂਪਦਾਨਾਂ ਨੂੰ ਅੱਗ ਦੇ ਵਿੱਚੋਂ ਚੁੱਕ ਲੈ ਅਤੇ ਤੂੰ ਅੱਗ ਨੂੰ ਖਿਲਾਰ ਦੇ, ਕਿਉਂ ਜੋ ਉਹ ਪਵਿੱਤਰ ਹਨ । 38ਜਿਹਨਾਂ ਨੇ ਪਾਪ ਕਰਕੇ ਆਪਣੀ ਜਾਨ ਦਾ ਨੁਕਸਾਨ ਕੀਤਾ ਹੈ ਉਹਨਾਂ ਦੇ ਧੂਪਦਾਨਾਂ ਨੂੰ ਕੁੱਟ ਕੇ ਜਗਵੇਦੀ ਦੇ ਢੱਕਣ ਲਈ ਪੱਤਰ ਬਣਾਇਆ ਜਾਵੇ, ਕਿਉਂ ਜੋ ਉਨ੍ਹਾਂ ਨੇ ਉਹਨਾਂ ਨੂੰ ਯਹੋਵਾਹ ਅੱਗੇ ਅਰਪਣ ਕੀਤਾ ਸੀ, ਇਸ ਲਈ ਉਹ ਪਵਿੱਤਰ ਹਨ ਅਤੇ ਉਹ ਇਸਰਾਏਲੀਆਂ ਦੇ ਲਈ ਇੱਕ ਨਿਸ਼ਾਨ ਹੋਵੇਗਾ । 39ਇਸ ਲਈ ਅਲਆਜ਼ਾਰ ਜਾਜਕ ਨੇ ਉਹਨਾਂ ਪਿੱਤਲ ਦੇ ਧੂਪਦਾਨਾਂ ਨੂੰ ਲੈ ਕੇ, ਜਿਹੜੇ ਭਸਮ ਹੋਇਆਂ ਮਨੁੱਖਾਂ ਨੇ ਅਰਪਣ ਕੀਤੇ ਸਨ, ਉਹਨਾਂ ਨੂੰ ਜਗਵੇਦੀ ਦੇ ਢੱਕਣ ਲਈ ਕੁੱਟਿਆ । 40ਇਹ ਇਸਰਾਏਲੀਆਂ ਲਈ ਇੱਕ ਯਾਦਗਾਰੀ ਹੋਵੇ ਅਤੇ ਜੇਕਰ ਕੋਈ ਮਨੁੱਖ ਜੋ ਹਾਰੂਨ ਦੀ ਅੰਸ ਦਾ ਨਾ ਹੋਵੇ, ਉਹ ਯਹੋਵਾਹ ਦੇ ਅੱਗੇ ਧੂਪ ਨਾ ਧੁਖਾਵੇ ਅਜਿਹਾ ਨਾ ਹੋਵੇ ਕਿ ਕੋਰਹ ਅਤੇ ਉਸ ਦੀ ਟੋਲੀ ਵਾਂਗੂੰ ਉਹ ਨਾਸ ਨਾ ਹੋ ਜਾਵੇ, ਜਿਵੇਂ ਯਹੋਵਾਹ ਨੇ ਉਸ ਨੂੰ ਮੂਸਾ ਦੇ ਰਾਹੀਂ ਆਖਿਆ ਸੀ ।

ਇਸਰਾਏਲੀਆਂ ਦੇ ਵਿੱਚ ਮਹਾਂਮਾਰੀ

41ਦੂਸਰੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਇਹ ਆਖ ਕੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਤੁਸੀਂ ਯਹੋਵਾਹ ਦੀ ਪਰਜਾ ਨੂੰ ਮਾਰ ਸੁੱਟਿਆ ! 42ਜਦ ਮੰਡਲੀ ਦੇ ਲੋਕ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੇ ਹੋਏ, ਤਦ ਉਨ੍ਹਾਂ ਨੇ ਮੰਡਲੀ ਦੇ ਤੰਬੂ ਵੱਲ ਵੇਖਿਆ ਅਤੇ ਵੇਖੋ, ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਹੋਵਾਹ ਦਾ ਪਰਤਾਪ ਪ੍ਰਗਟ ਹੋਇਆ । 43ਤਦ ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਦੇ ਅੱਗੇ ਆਏ । 44ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 45ਤੁਸੀਂ ਇਸ ਮੰਡਲੀ ਵਿੱਚੋਂ ਨਿੱਕਲ ਜਾਓ ਤਾਂ ਜੋ ਮੈਂ ਇਨ੍ਹਾਂ ਨੂੰ ਥੋੜ੍ਹੇ ਸਮੇਂ ਵਿੱਚ ਹੀ ਨਾਸ ਕਰ ਦੇਵਾਂ ! ਤਦ ਉਹ ਮੂੰਹ ਦੇ ਭਾਰ ਡਿੱਗੇ । 46ਮੂਸਾ ਨੇ ਹਾਰੂਨ ਨੂੰ ਆਖਿਆ, ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਅਤੇ ਧੂਪ ਪਾ ਕੇ ਛੇਤੀ ਮੰਡਲੀ ਦੇ ਕੋਲ ਲੈ ਜਾ ਅਤੇ ਉਨ੍ਹਾਂ ਲਈ ਪ੍ਰਾਸਚਿਤ ਕਰ, ਕਿਉਂ ਜੋ ਯਹੋਵਾਹ ਦਾ ਕ੍ਰੋਧ ਭੜਕਿਆ ਹੈ ਅਤੇ ਬਵਾ ਸ਼ੁਰੂ ਹੋ ਚੁੱਕੀ ਹੈ ! 47ਤਦ ਮੂਸਾ ਦੇ ਆਖਣ ਅਨੁਸਾਰ ਹਾਰੂਨ ਧੂਪਦਾਨ ਲੈ ਕੇ ਸਭਾ ਵਿੱਚ ਦੌੜ ਗਿਆ ਅਤੇ ਵੇਖੋ, ਪਰਜਾ ਵਿੱਚ ਬਵਾ ਫੈਲੀ ਹੋਈ ਸੀ ਅਤੇ ਉਸ ਨੇ ਧੂਪ ਪਾ ਕੇ ਪਰਜਾ ਲਈ ਪ੍ਰਾਸਚਿਤ ਕੀਤਾ । 48ਉਹ ਮੁਰਦਿਆਂ ਅਤੇ ਜੀਉਂਦਿਆਂ ਦੇ ਵਿਚਕਾਰ ਖੜ੍ਹਾ ਸੀ, ਤਦ ਬਵਾ ਰੁਕ ਗਈ । 49ਜਿਹੜੇ ਕੋਰਹ ਦੀ ਮੰਡਲੀ ਨਾਲ ਮਰੇ, ਉਹਨਾਂ ਤੋਂ ਇਲਾਵਾ ਬਵਾ ਨਾਲ ਮਰਨ ਵਾਲਿਆਂ ਦੀ ਗਿਣਤੀ ਚੌਦਾਂ ਹਜ਼ਾਰ ਸੱਤ ਸੌ ਸੀ । 50ਫੇਰ ਹਾਰੂਨ ਮੂਸਾ ਦੇ ਕੋਲ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਮੁੜ ਆਇਆ, ਤਦ ਬਵਾ ਰੁਕ ਗਈ ।

17

ਹਾਰੂਨ ਦੀ ਲਾਠੀ ਦੇ ਵਿੱਚ ਕੂਮਲੀਆਂ

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨੂੰ ਆਖ ਅਤੇ ਉਨ੍ਹਾਂ ਤੋਂ ਗੋਤਰਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਢਾਂਗਾ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਮ ਲਿਖ । 3ਤੂੰ ਹਾਰੂਨ ਦਾ ਨਾਮ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ-ਇੱਕ ਢਾਂਗਾ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇਗਾ । 4ਅਤੇ ਉਨ੍ਹਾਂ ਢਾਂਗਿਆਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਦੇ ਸੰਦੂਕ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ, ਰੱਖਦੇ । 5ਜਿਸ ਮਨੁੱਖ ਨੂੰ ਮੈਂ ਚੁਣਾਂਗਾ, ਉਸ ਦੇ ਢਾਂਗੇ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ, ਜਿਹੜੀ ਉਹ ਤੁਹਾਡੇ ਵਿਰੁੱਧ ਬੁੜ ਬੁੜਾਉਂਦੇ ਹਨ, ਦੂਰ ਕਰ ਦਿਆਂਗਾ । 6ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਰਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ । 7ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖ ਦਿੱਤਾ । 8ਦੂਜੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ, ਅਤੇ ਕੀ ਵੇਖਿਆ ਕਿ ਹਾਰੂਨ ਦਾ ਢਾਂਗਾ ਜੋ ਲੇਵੀ ਦੇ ਪਰਿਵਾਰ ਦਾ ਸੀ, ਉਸ ਵਿੱਚੋਂ ਕੁੰਬਲਾਂ ਫੁੱਟੀਆਂ ਹੋਈਆਂ ਸਨ ਅਰਥਾਤ ਉਸ ਉੱਤੇ ਫੁੱਲ ਅਤੇ ਪੱਕੇ ਬਦਾਮ ਵੀ ਲੱਗੇ ਹੋਏ ਸਨ । 9ਤਦ ਮੂਸਾ ਉਹਨਾਂ ਸਾਰਿਆਂ ਢਾਂਗਿਆਂ ਨੂੰ ਯਹੋਵਾਹ ਦੇ ਅੱਗੋਂ ਲੈ ਕੇ ਇਸਰਾਏਲੀਆਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਆਪਣੇ-ਆਪਣੇ ਢਾਂਗੇ ਨੂੰ ਪਹਿਚਾਣ ਕੇ ਲੈ ਲਿਆ । 10ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦਾ ਢਾਂਗਾ ਵਿਦਰੋਹ ਕਰਨ ਵਾਲਿਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ, ਸਾਖੀ ਦੇ ਅੱਗੇ ਫਿਰ ਰੱਖਦੇ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਨੂੰ ਮਿਟਾ ਦੇਵੇ ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ । 11ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ।

12ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ । ਅਸੀਂ ਨਾਸ ਹੋ ਗਏ ਹਾਂ ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ । 13ਜੋ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਜਾਂਦਾ ਉਹ ਮਰ ਜਾਂਦਾ ਹੈ । ਕੀ ਅਸੀਂ ਵੀ ਸਾਰੇ ਮਰ ਜਾਂਵਾਂਗੇ ?

18

ਜਾਜਕਾਂ ਅਤੇ ਲੇਵੀਆਂ ਦਾ ਸੇਵਾ ਕੰਮ

1ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਪਵਿੱਤਰ ਸਥਾਨ ਦੀ ਬੁਰਾਈ ਦਾ ਭਾਰ ਤੇਰੇ ਉੱਤੇ, ਤੇਰੇ ਪੁੱਤਰਾਂ ਉੱਤੇ ਅਤੇ ਤੇਰੇ ਪਿਤਾ ਦੇ ਪਰਿਵਾਰ ਉੱਤੇ ਹੋਵੇਗਾ ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ । 2ਅਤੇ ਲੇਵੀ ਦਾ ਗੋਤ ਅਰਥਾਤ ਤੇਰੇ ਪੁਰਖਿਆਂ ਦੇ ਗੋਤ ਵਾਲੇ ਜਿਹੜੇ ਤੇਰੇ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਲਿਆਇਆ ਕਰ ਅਤੇ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਤੇਰੀ ਟਹਿਲ ਸੇਵਾ ਕਰਿਆ ਕਰਨ, ਪਰ ਸਾਖੀ ਦੇ ਤੰਬੂ ਦੇ ਸਾਹਮਣੇ ਤੂੰ ਅਤੇ ਤੇਰੇ ਪੁੱਤਰ ਹੀ ਆਉਣ । 3ਤਾਂ ਜੋ ਉਹ ਤੇਰੀ ਅਤੇ ਸਾਰੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਪਰ ਪਵਿੱਤਰ ਸਥਾਨ ਦੇ ਭਾਂਡਿਆਂ ਕੋਲ ਅਤੇ ਜਗਵੇਦੀ ਕੋਲ ਉਹ ਨਾ ਆਉਣ ਤਾਂ ਜੋ ਉਹ ਅਤੇ ਤੁਸੀਂ ਮਰ ਨਾ ਜਾਓ । 4ਪਰ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ । ਉਹ ਤੰਬੂ ਦੀ ਸਾਰੀ ਟਹਿਲ ਸੇਵਾ ਕਰਨ ਪਰ ਹੋਰ ਕੋਈ ਵੀ ਤੁਹਾਡੇ ਨੇੜੇ ਨਾ ਆਵੇ । 5ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਜ਼ਿੰਮੇਵਾਰੀ ਨੂੰ ਸੰਭਾਲੋ ਤਾਂ ਜੋ ਕ੍ਰੋਧ ਫੇਰ ਇਸਰਾਏਲੀਆਂ ਦੇ ਉੱਤੇ ਨਾ ਭੜਕੇ । 6ਪਰ ਮੈਂ ਆਪ ਤੁਹਾਡੇ ਲੇਵੀ ਭਰਾਵਾਂ ਨੂੰ ਇਸਰਾਏਲੀਆਂ ਦੇ ਵਿੱਚੋਂ ਅਲੱਗ ਕਰ ਲਿਆ ਹੈ । ਅਤੇ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਤੁਹਾਨੂੰ ਅਤੇ ਯਹੋਵਾਹ ਨੂੰ ਸਮਰਪਤ ਕੀਤੇ ਗਏ ਹਨ । 7ਪਰ ਤੂੰ ਅਤੇ ਤੇਰੇ ਪੁੱਤਰ ਆਪਣੀ ਜਾਜਕਾਈ ਨੂੰ ਜਗਵੇਦੀ ਦਾ ਅਤੇ ਪਰਦੇ ਦੇ ਅੰਦਰਲਾ ਸਭ ਕੁਝ ਸੰਭਾਲੋ, ਇਸ ਤਰ੍ਹਾਂ ਤੁਸੀਂ ਉਪਾਸਨਾ ਕਰੋ । ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਨ ਦੇ ਰੂਪ ਵਿੱਚ ਦਿੱਤੀ ਹੈ, ਪਰ ਜੇ ਕੋਈ ਅਜਨਬੀ ਹੋਵੇ ਜੇ ਉਹ ਉਸ ਦੇ ਨੇੜ੍ਹੇ ਆਵੇ ਤਾਂ ਉਹ ਮਾਰਿਆ ਜਾਵੇ ।

ਜਾਜਕਾਂ ਦਾ ਹਿੱਸਾ

8ਫੇਰ ਯਹੋਵਾਹ ਹਾਰੂਨ ਨੂੰ ਬੋਲਿਆ, ਵੇਖ, ਮੈਂ ਆਪ ਤੈਨੂੰ ਚੁੱਕਣ ਦੀਆਂ ਭੇਟਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸਰਾਏਲੀਆਂ ਦੀਆਂ ਸਾਰੀਆਂ ਪਵਿੱਤਰ ਚੀਜ਼ਾਂ ਤੈਨੂੰ ਮਸਹ ਹੋਣ ਦੇ ਕਾਰਨ ਅਤੇ ਤੇਰੇ ਪੁੱਤਰਾਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ । 9ਇਹ ਤੇਰੇ ਲਈ ਅੱਤ ਪਵਿੱਤਰ ਚੀਜ਼ਾਂ ਤੋਂ ਹੋਣਗੀਆਂ ਜਿਹੜੀਆਂ ਅੱਗ ਤੋਂ ਬਚੀਆਂ ਰਹਿਣ । ਇਸਰਾਏਲ ਦੇ ਸਾਰੇ ਚੜ੍ਹਾਵੇ ਅਰਥਾਤ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਉਨ੍ਹਾਂ ਦੀਆਂ ਪਾਪ ਬਲੀ ਦੀਆਂ ਭੇਟਾਂ, ਅਤੇ ਉਨ੍ਹਾਂ ਦੇ ਅਪਰਾਧ ਦੀਆਂ ਭੇਟਾਂ ਜਿਹੜੀਆਂ ਉਹ ਮੈਨੂੰ ਚੜ੍ਹਾਉਂਦੇ ਹਨ, ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹੋਣਗੀਆਂ । 10ਤੁਸੀਂ ਉਨ੍ਹਾਂ ਨੂੰ ਅੱਤ ਪਵਿੱਤਰ ਜਾਣਦੇ ਹੋਏ ਖਾਓ । ਹਰ ਇੱਕ ਪੁਰਖ ਉਨ੍ਹਾਂ ਨੂੰ ਖਾਵੇ । ਉਹ ਤੇਰੇ ਲਈ ਪਵਿੱਤਰ ਹੋਣਗੀਆਂ । 11ਅਤੇ ਤੇਰੇ ਲਈ ਇਹ ਵੀ ਹੈ ਕਿ ਉਨ੍ਹਾਂ ਦੇ ਦਾਨ ਦੀ ਚੁੱਕਣ ਵਾਲੀ ਭੇਟ ਅਰਥਾਤ ਇਸਰਾਏਲੀਆਂ ਦੀਆਂ ਸਾਰੀਆਂ ਹਿਲਾਉਣ ਵਾਲੀਆਂ ਭੇਟਾਂ, ਮੈਂ ਤੈਨੂੰ ਅਤੇ ਤੇਰੇ ਸੰਗ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ । ਹਰ ਇੱਕ ਜਿਹੜਾ ਤੇਰੇ ਘਰ ਵਿੱਚ ਸ਼ੁੱਧ ਹੋਵੇ ਉਹ ਉਨ੍ਹਾਂ ਨੂੰ ਖਾਵੇ । 12ਸਭ ਤੋਂ ਚੰਗਾ ਸਾਰਾ ਤੇਲ, ਸਭ ਤੋਂ ਚੰਗਾ ਸਾਰਾ ਦਾਖਰਸ, ਅੰਨ ਅਤੇ ਉਨ੍ਹਾਂ ਦੇ ਪਹਿਲੇ ਫਲ ਜਿਹੜੇ ਉਹ ਯਹੋਵਾਹ ਲਈ ਦਿੰਦੇ ਹਨ, ਸੋ ਮੈਂ ਤੁਹਾਨੂੰ ਦਿੰਦਾ ਹਾਂ । 13ਉਨ੍ਹਾਂ ਦੀ ਧਰਤੀ ਦੇ ਪਹਿਲੇ ਫਲ ਜਿਹੜੇ ਉਹ ਯਹੋਵਾਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ । ਹਰ ਇੱਕ ਜਿਹੜਾ ਤੇਰੇ ਘਰ ਵਿੱਚ ਹੈ ਅਤੇ ਸ਼ੁੱਧ ਹੋਵੇ, ਉਹ ਖਾਵੇ । 14ਇਸਰਾਏਲੀਆਂ ਵਿੱਚ ਸਾਰੀਆਂ ਅਰਪਣ ਕੀਤੀਆਂ ਹੋਈਆਂ ਚੀਜ਼ਾਂ ਤੇਰੀਆਂ ਹੋਣਗੀਆਂ । 15ਸਾਰੇ ਪਹਿਲੌਠੇ ਜਿਹੜੇ ਉਹ ਯਹੋਵਾਹ ਲਈ ਲਿਆਉਣ ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ, ਉਹ ਵੀ ਤੇਰੇ ਲਈ ਹੋਣਗੇ ਤਾਂ ਵੀ ਆਦਮੀ ਦੇ ਪਹਿਲੌਠੇ ਦੇ ਨਿਸਤਾਰੇ ਦਾ ਮੁੱਲ ਜ਼ਰੂਰ ਦੇਣਾ ਨਾਲੇ ਅਸ਼ੁੱਧ ਪਸ਼ੂਆਂ ਦੇ ਪਹਿਲੌਠਿਆਂ ਦੇ ਨਿਸਤਾਰੇ ਦਾ ਮੁੱਲ ਦੇਣਾ । 16ਜਿਨ੍ਹਾਂ ਦੇ ਨਿਸਤਾਰੇ ਦਾ ਮੁੱਲ ਤੂੰ ਦੇਣਾ ਹੋਵੇ ਅਰਥਾਤ ਇੱਕ ਮਹੀਨੇ ਤੋਂ ਉੱਪਰ ਵਾਲੇ ਦਾ ਤੂੰ ਨਿਸਤਾਰੇ ਦਾ ਮੁੱਲ ਦੇ ਅਰਥਾਤ ਆਪਣੇ ਠਹਿਰਾਏ ਹੋਏ ਲੇਖੇ ਅਨੁਸਾਰ ਚਾਂਦੀ ਦੇ ਪੰਜ ਰੁਪਏ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਜਿਹੜਾ ਵੀਹ ਗੀਰਹ ਦਾ ਹੈ । 17ਪਰੰਤੂ ਗਊ ਦਾ ਪਹਿਲੌਠੇ, ਭੇਡ ਦੇ ਪਹਿਲੌਠੇ ਅਤੇ ਬੱਕਰੀ ਦੇ ਪਹਿਲੌਠੇ ਦਾ ਨਿਸਤਾਰੇ ਦਾ ਮੁੱਲ ਨਾ ਦੇਣਾ, ਉਹ ਪਵਿੱਤਰ ਹਨ । ਉਨ੍ਹਾਂ ਦਾ ਲਹੂ ਤੂੰ ਜਗਵੇਦੀ ਉੱਤੇ ਛਿੜਕੀਂ ਅਤੇ ਉਨ੍ਹਾਂ ਦੀ ਚਰਬੀ ਯਹੋਵਾਹ ਲਈ ਸੁਗੰਧਤਾ ਕਰਕੇ ਅੱਗ ਦੀ ਭੇਟ ਲਈ ਸਾੜ ਦੇਵੀਂ । 18ਉਨ੍ਹਾਂ ਦਾ ਮਾਸ ਤੇਰਾ ਹੋਵੇਗਾ ਜਿਵੇਂ ਹਿਲਾਈ ਹੋਈ ਛਾਤੀ ਅਤੇ ਸੱਜਾ ਪੱਟ ਤੇਰੇ ਹਨ । 19ਸਾਰੀਆਂ ਪਵਿੱਤਰ ਚੀਜ਼ਾਂ ਦੀਆਂ ਚੁੱਕਣ ਵਾਲੀਆਂ ਭੇਟਾਂ ਜਿਹੜੀਆਂ ਇਸਰਾਏਲੀ ਯਹੋਵਾਹ ਲਈ ਚੁੱਕਣ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ । ਇਹ ਲੂਣ ਦਾ ਸਦਾ ਦਾ ਨੇਮ ਯਹੋਵਾਹ ਅੱਗੇ ਤੇਰੇ ਲਈ ਅਤੇ ਤੇਰੀ ਅੰਸ ਲਈ ਹੋਵੇ । 20ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ । ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ ।

ਲੇਵੀਆਂ ਦਾ ਹਿੱਸਾ

21ਅਤੇ ਵੇਖੋ, ਲੇਵੀਆਂ ਲਈ ਮੈਂ ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ, ਉਸ ਟਹਿਲ ਸੇਵਾ ਦੇ ਬਦਲੇ ਜਿਹੜੀ ਉਹ ਮੰਡਲੀ ਦੇ ਤੰਬੂ ਵਿੱਚ ਕਰਦੇ ਹਨ, ਦੇ ਦਿੱਤਾ ਹੈ । 22ਇਸ ਲਈ ਅੱਗੇ ਤੋਂ ਇਸਰਾਏਲੀ ਮੰਡਲੀ ਦੇ ਤੰਬੂ ਦੇ ਨੇੜੇ ਨਾ ਆਉਣ ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ । 23ਪਰ ਲੇਵੀ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਅਤੇ ਉਹ ਆਪਣੀ ਬਦੀ ਨੂੰ ਆਪ ਚੁੱਕਣ । ਇਹ ਬਿਧੀ ਤੁਹਾਡੀਆਂ ਪੀੜ੍ਹੀਆਂ ਲਈ ਸਦਾ ਦੀ ਹੋਵੇ, ਪਰ ਇਸਰਾਏਲੀਆਂ ਦੇ ਵਿੱਚ ਉਹ ਵਿਰਸਾ ਨਾ ਪਾਉਣਗੇ । 24ਕਿਉਂ ਜੋ ਇਸਰਾਏਲੀਆਂ ਦੇ ਦਸਵੰਧ ਨੂੰ ਜਿਹੜਾ ਉਹ ਯਹੋਵਾਹ ਲਈ ਚੁੱਕਣ ਦੀ ਭੇਟ ਕਰਕੇ ਲਿਆਉਂਦੇ ਹਨ, ਮੈਂ ਲੇਵੀਆਂ ਨੂੰ ਵਿਰਸੇ ਵਿੱਚ ਦੇ ਦਿੱਤਾ ਹੈ । ਇਸ ਲਈ ਮੈਂ ਉਨ੍ਹਾਂ ਨੂੰ ਆਖਿਆ ਕਿ ਉਹ ਇਸਰਾਏਲੀਆਂ ਵਿੱਚ ਜਾਇਦਾਦ ਨਾ ਪਾਉਣਗੇ ।

ਲੇਵੀਆਂ ਦਾ ਦਸਵੰਧ

25ਯਹੋਵਾਹ ਨੇ ਮੂਸਾ ਨੂੰ ਆਖਿਆ, 26ਲੇਵੀਆਂ ਨੂੰ ਆਖ ਕਿ ਜਦ ਤੁਸੀਂ ਇਸਰਾਏਲੀਆਂ ਤੋਂ ਦਸਵੰਧ ਲੈਂਦੇ ਹੋ, ਜਿਹੜਾ ਮੈਂ ਤੁਹਾਨੂੰ ਉਨ੍ਹਾਂ ਵੱਲੋਂ ਤੁਹਾਡੇ ਵਿਰਸੇ ਵਿੱਚ ਦਿੱਤਾ ਹੈ ਤਾਂ ਤੁਸੀਂ ਯਹੋਵਾਹ ਲਈ ਉਸ ਤੋਂ ਚੁੱਕਣ ਦੀ ਭੇਟ ਚੜ੍ਹਾਓ, ਅਰਥਾਤ ਦਸਵੰਧ ਦਾ ਦਸਵੰਧ । 27ਇਹ ਤੁਹਾਡੇ ਲੇਖੇ ਵਿੱਚ ਚੁੱਕਣ ਦੀ ਭੇਟ ਗਿਣੀ ਜਾਵੇ, ਜਿਵੇਂ ਇਹ ਪਿੜ ਦਾ ਅੰਨ ਅਤੇ ਕੋਹਲੂ ਦੇ ਦਾਖ਼ਰਸ ਹੈ । 28ਇਸ ਤਰ੍ਹਾਂ ਤੁਸੀਂ ਵੀ ਯਹੋਵਾਹ ਲਈ ਚੁੱਕਣ ਦੀ ਭੇਟ ਆਪਣਿਆਂ ਸਾਰਿਆਂ ਦਸਵੰਧਾ ਤੋਂ ਜਿਹੜੇ ਤੁਸੀਂ ਇਸਰਾਏਲੀਆਂ ਤੋਂ ਲੈਂਦੇ ਹੋ ਚੜ੍ਹਾਓਗੇ ਅਤੇ ਤੁਸੀਂ ਉਨ੍ਹਾਂ ਤੋਂ ਯਹੋਵਾਹ ਦੀ ਚੁੱਕਣ ਦੀ ਭੇਟ ਹਾਰੂਨ ਜਾਜਕ ਨੂੰ ਦਿਓ । 29ਆਪਣਿਆਂ ਸਾਰਿਆਂ ਦਾਨਾਂ ਤੋਂ ਤੁਸੀਂ ਯਹੋਵਾਹ ਲਈ ਚੁੱਕਣ ਦੀ ਭੇਟ, ਉਸ ਦੀ ਚਿਕਨਾਈ ਤੋਂ ਅਰਥਾਤ ਉਸ ਦੇ ਪਵਿੱਤਰ ਕੀਤੇ ਹੋਏ ਹਿੱਸੇ ਤੋਂ ਚੜ੍ਹਾਓ । 30ਅਤੇ ਤੂੰ ਲੇਵੀਆਂ ਨੂੰ ਆਖ ਕਿ ਜਦ ਤੁਸੀਂ ਉਸ ਦੀ ਚਿਕਨਾਈ ਚੜ੍ਹਾਉਂਦੇ ਹੋ ਤਾਂ ਉਹ ਲੇਵੀਆਂ ਦੇ ਲੇਖੇ ਵਿੱਚ ਗਿਣੀ ਜਾਵੇ ਜਿਵੇਂ ਪਿੜ ਦੇ ਵਾਧੇ ਅਤੇ ਕੋਹਲੂ ਦੀ ਵਾਫ਼ਰੀ ਹੈ । 31ਤਾਂ ਤੁਸੀਂ ਉਹ ਨੂੰ ਸਾਰਿਆਂ ਥਾਵਾਂ ਵਿੱਚ ਖਾਓ, ਤੁਸੀਂ ਅਤੇ ਤੁਹਾਡੇ ਪਰਿਵਾਰ ਕਿਉਂ ਜੋ ਉਹ ਤੁਹਾਡੇ ਲਈ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਦੇ ਬਦਲੇ ਤੁਹਾਡਾ ਇਨਾਮ ਹੈ । 32ਅਤੇ ਤੁਸੀਂ ਉਸ ਦੇ ਕਰਨ ਪਾਪ ਨਾ ਕਰਿਓ ਜਦ ਤੁਸੀਂ ਉਸ ਦੀ ਚਿਕਨਾਈ ਵਿੱਚੋਂ ਚੁੱਕਿਆ, ਅਤੇ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਨੂੰ ਭਰਿਸ਼ਟ ਨਾ ਕਰੋ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ।

19

ਸ਼ੁੱਧੀਕਰਣ ਦੀ ਵਿਧੀ

1ਯਹੋਵਾਹ ਮੂਸਾ ਅਤੇ ਹਾਰੂਨ ਨੂੰ ਬੋਲਿਆ, 2ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਹੁਕਮ ਦਿੱਤਾ ਕਿ ਇਸਰਾਏਲੀਆਂ ਨੂੰ ਬੋਲ ਕਿ ਉਹ ਤੇਰੇ ਕੋਲ ਇੱਕ ਲਾਲ ਨਰੋਈ ਵੱਛੀ ਲਿਆਉਣ ਜਿਹੜੀ ਦੋਸ਼ ਤੋਂ ਰਹਿਤ ਹੋਵੇ ਅਤੇ ਜਿਸ ਦੇ ਉੱਤੇ ਜੂਲਾ ਨਾ ਰੱਖਿਆ ਗਿਆ ਹੋਵੇ । 3ਤਦ ਤੁਸੀਂ ਉਹ ਨੂੰ ਅਲਆਜ਼ਾਰ ਜਾਜਕ ਨੂੰ ਦਿਓ ਅਤੇ ਉਹ ਉਸ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਹ ਦੇ ਸਾਹਮਣੇ ਕੋਈ ਉਸ ਨੂੰ ਕੱਟੇ । 4ਫੇਰ ਅਲਆਜ਼ਾਰ ਜਾਜਕ ਆਪਣੀ ਉਂਗਲੀ ਨਾਲ ਉਸ ਦੇ ਲਹੂ ਵਿੱਚੋਂ ਲੈ ਕੇ ਮੰਡਲੀ ਦੇ ਤੰਬੂ ਦੇ ਅਗਲੇ ਪਾਸੇ ਵੱਲ ਸੱਤ ਵਾਰ ਉਸ ਲਹੂ ਨੂੰ ਛਿੜਕੇ । 5ਤਾਂ ਕੋਈ ਉਸ ਗਾਂ ਨੂੰ ਚਮੜੇ, ਮਾਸ, ਲਹੂ ਅਤੇ ਗੋਹੇ ਸਮੇਤ ਉਹ ਦੀਆਂ ਅੱਖਾਂ ਦੇ ਸਾਹਮਣੇ ਸਾੜੇ । 6ਫੇਰ ਜਾਜਕ ਦਿਆਰ ਦੀ ਲੱਕੜੀ ਅਤੇ ਜੂਫ਼ਾ ਅਤੇ ਲਾਲ ਰੰਗ ਦਾ ਕੱਪੜਾ ਲੈ ਕੇ ਅੱਗ ਵਿੱਚ ਸੁੱਟੇ ਜਿਸ ਵਿੱਚ ਉਸ ਵੱਛੀ ਨੂੰ ਸਾੜਿਆ ਗਿਆ ਹੋਵੇ । 7ਫੇਰ ਜਾਜਕ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ । ਉਸ ਦੇ ਮਗਰੋਂ ਉਹ ਡੇਰੇ ਵਿੱਚ ਆਵੇ ਪਰ ਉਹ ਜਾਜਕ ਸ਼ਾਮ ਤੱਕ ਅਸ਼ੁੱਧ ਰਹੇ । 8ਅਤੇ ਸਾੜਨ ਵਾਲਾ ਵੀ ਆਪਣੇ ਕੱਪੜੇ ਧੋਵੇ ਅਤੇ ਇਸ਼ਨਾਨ ਕਰੇ ਅਤੇ ਸ਼ਾਮ ਤੱਕ ਅਸ਼ੁੱਧ ਰਹੇ । 9ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਇਕੱਠੀ ਕਰੇ ਅਤੇ ਉਹ ਨੂੰ ਡੇਰੇ ਤੋਂ ਬਾਹਰ ਸ਼ੁੱਧ ਸਥਾਨ ਵਿੱਚ ਰੱਖੇ ਅਤੇ ਉਹ ਇਸਰਾਏਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਦਾ ਜਲ ਕਰਕੇ ਰੱਖੀ ਜਾਵੇ, ਉਹ ਪਾਪ ਦੀ ਭੇਟ ਹੈ । 10ਅਤੇ ਜਿਹੜਾ ਗਾਂ ਦੀ ਸੁਆਹ ਇਕੱਠੀ ਕਰਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ । ਇਹ ਇਸਰਾਏਲੀਆਂ ਦੇ ਲਈ ਅਤੇ ਉਹਨਾਂ ਵਿੱਚ ਵੱਸਣ ਵਾਲੇ ਪਰਦੇਸੀਆਂ ਲਈ ਸਦਾ ਦੀ ਬਿਧੀ ਹੋਵੇ ।

ਲਾਸ਼ ਨੂੰ ਛੂਹਣ ਨਾਲ ਅਸ਼ੁੱਧਤਾ

11ਜੇ ਕੋਈ ਕਿਸੇ ਆਦਮੀ ਦੀ ਲਾਸ਼ ਨੂੰ ਛੂਹੇ ਉਹ ਸੱਤ ਦਿਨ ਅਸ਼ੁੱਧ ਰਹੇ । 12ਉਹ ਤੀਜੇ ਦਿਨ ਆਪਣੇ ਆਪ ਨੂੰ ਉਹ ਦੇ ਨਾਲ ਸ਼ੁੱਧ ਕਰੇ ਤਾਂ ਸੱਤਵੇਂ ਦਿਨ ਉਹ ਸ਼ੁੱਧ ਹੋਵੇਗਾ ਪਰ ਜੇ ਉਹ ਤੀਜੇ ਦਿਨ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਤਾਂ ਸੱਤਵੇਂ ਦਿਨ ਵੀ ਉਹ ਸ਼ੁੱਧ ਨਹੀਂ ਹੋਵੇਗਾ । 13ਜੋ ਕੋਈ ਕਿਸੇ ਆਦਮੀ ਦੀ ਲਾਸ਼ ਛੂਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ ਉਹ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕਰਦਾ ਹੈ ਸੋ ਉਹ ਮਨੁੱਖ ਇਸਰਾਏਲ ਵਿੱਚੋ ਛੇਕਿਆ ਜਾਵੇ, ਇਸ ਲਈ ਕਿ ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ, ਉਹ ਅਸ਼ੁੱਧ ਹੋਵੇਗਾ । ਉਹ ਅਜੇ ਅਸ਼ੁੱਧ ਹੈ ।

14ਜਦ ਕੋਈ ਮਨੁੱਖ ਤੰਬੂ ਵਿੱਚ ਮਰ ਜਾਵੇ ਤਾਂ ਉਸ ਲਈ ਇਹ ਬਿਵਸਥਾ ਹੈ । ਜੋ ਕੋਈ ਤੰਬੂ ਵਿੱਚ ਵੜੇ ਅਤੇ ਜੋ ਕੋਈ ਤੰਬੂ ਵਿੱਚ ਹੋਵੇ ਸੱਤ ਦਿਨ ਤੱਕ ਅਸ਼ੁੱਧ ਰਹੇਗਾ । 15ਸਾਰੇ ਭਾਂਡੇ ਜਿਨ੍ਹਾਂ ਉੱਤੇ ਕੋਈ ਢੱਕਣ ਨਾ ਹੋਵੇ, ਉਹ ਅਸ਼ੁੱਧ ਹਨ । 16ਜੋ ਕੋਈ ਮੈਦਾਨ ਵਿੱਚ ਤਲਵਾਰ ਨਾਲ ਵੱਢੇ ਹੋਏ ਨੂੰ ਜਾਂ ਕਿਸੇ ਲਾਸ਼ ਨੂੰ ਜਾਂ ਆਦਮੀ ਦੀ ਹੱਡੀ ਨੂੰ ਜਾਂ ਕਿਸੇ ਕਬਰ ਨੂੰ ਛੂਹੇ ਉਹ ਸੱਤ ਦਿਨ ਤੱਕ ਅਸ਼ੁੱਧ ਰਹੇਗਾ । 17ਅਤੇ ਉਸ ਅਸ਼ੁੱਧ ਮਨੁੱਖ ਲਈ ਪਾਪ ਦੀ ਭੇਟ ਦੀ ਸੁਆਹ ਨੂੰ ਲੈ ਕੇ ਇੱਕ ਭਾਂਡੇ ਵਿੱਚ ਪਾ ਕੇ ਉਸ ਉੱਤੇ ਵਗਦਾ ਪਾਣੀ ਪਾਇਆ ਜਾਵੇ । 18ਅਤੇ ਕੋਈ ਸ਼ੁੱਧ ਮਨੁੱਖ ਜੂਫ਼ਾ ਲੈ ਕੇ ਉਸ ਜਲ ਵਿੱਚ ਡਬੋਵੇ, ਫੇਰ ਉਸ ਤੰਬੂ ਉੱਤੇ, ਸਾਰਿਆਂ ਭਾਂਡਿਆਂ ਉੱਤੇ, ਉਨ੍ਹਾਂ ਪ੍ਰਾਣੀਆਂ ਜਿਹੜੇ ਉੱਥੇ ਸਨ, ਨਾਲੇ ਉਸ ਉੱਤੇ ਜਿਸ ਨੇ ਹੱਡੀ ਨੂੰ ਜਾਂ ਵੱਢੇ ਹੋਏ ਨੂੰ ਜਾਂ ਲਾਸ਼ ਨੂੰ ਜਾਂ ਕਬਰ ਨੂੰ ਛੂਹਿਆ ਹੋਵੇ, ਉਸ ਉੱਤੇ ਛਿੜਕੇ । 19ਅਤੇ ਸ਼ੁੱਧ ਪੁਰਖ ਤੀਜੇ ਦਿਨ ਅਤੇ ਸੱਤਵੇਂ ਦਿਨ ਅਸ਼ੁੱਧ ਪੁਰਖ ਉੱਤੇ ਇਸ ਨੂੰ ਛਿੜਕੇ ਅਤੇ ਇਸ ਤਰ੍ਹਾਂ ਸੱਤਵੇਂ ਦਿਨ ਉਹ ਨੂੰ ਸ਼ੁੱਧ ਕਰੇ । ਉਹ ਆਪਣੇ ਕੱਪੜੇ ਧੋਵੇ ਅਤੇ ਅਸ਼ਨਾਨ ਕਰੇ ਤਾਂ ਉਹ ਸ਼ਾਮ ਨੂੰ ਸ਼ੁੱਧ ਹੋਵੇਗਾ ।

20ਪਰ ਜਿਹੜਾ ਮਨੁੱਖ ਅਸ਼ੁੱਧ ਰਹੇ ਅਤੇ ਆਪਣੇ ਆਪ ਨੂੰ ਸ਼ੁੱਧ ਨਾ ਕਰੇ, ਉਹ ਪ੍ਰਾਣੀ ਸਭਾ ਵਿੱਚੋਂ ਕੱਢਿਆ ਜਾਵੇ ਕਿਉ ਜੋ ਉਹ ਨੇ ਯਹੋਵਾਹ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ । ਅਸ਼ੁੱਧਤਾਈ ਦਾ ਜਲ ਉਹ ਦੇ ਉੱਤੇ ਨਹੀਂ ਛਿੜਕਿਆ ਗਿਆ ਸੋ ਉਹ ਅਸ਼ੁੱਧ ਹੈ । 21ਅਤੇ ਉਨ੍ਹਾਂ ਲਈ ਇਹ ਸਦਾ ਦੀ ਬਿਧੀ ਹੋਵੇਗੀ ਅਤੇ ਅਸ਼ੁੱਧਤਾਈ ਦੇ ਜਲ ਦਾ ਛਿੜਕਣ ਵਾਲਾ ਆਪਣੇ ਕੱਪੜੇ ਧੋਵੇ ਅਤੇ ਅਸ਼ੁੱਧਤਾਈ ਦੇ ਜਲ ਨੂੰ ਛੂਹਣ ਵਾਲਾ ਸ਼ਾਮ ਤੱਕ ਅਸ਼ੁੱਧ ਰਹੇ । 22ਅਤੇ ਜੋ ਕੁਝ ਉਹ ਅਸ਼ੁੱਧ ਮਨੁੱਖ ਛੂਹੇ ਉਹ ਵੀ ਅਸ਼ੁੱਧ ਹੋਵੇਗਾ ਅਤੇ ਜਿਹੜਾ ਮਨੁੱਖ ਉਸ ਚੀਜ਼ ਨੂੰ ਛੂਹੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ ।

20

ਮੂਸਾ ਅਤੇ ਹਾਰੂਨ ਦਾ ਪਾਪ ਅਤੇ ਉਸ ਪਾਪ ਦੀ ਸਜ਼ਾ

(ਕੂਚ 17:1-7)

1ਇਸਰਾਏਲੀਆਂ ਦੀ ਸਾਰੀ ਮੰਡਲੀ ਪਹਿਲੇ ਮਹੀਨੇ ਵਿੱਚ ਸੀਨ ਦੀ ਉਜਾੜ ਵਿੱਚ ਆਈ ਅਤੇ ਪਰਜਾ ਕਾਦੇਸ ਵਿੱਚ ਰਹਿਣ ਲੱਗੀ ਅਤੇ ਉੱਥੇ ਮਿਰਯਮ ਮਰ ਗਈ ਅਤੇ ਉੱਥੇ ਦੱਬ ਦਿੱਤੀ ਗਈ । 2ਉੱਥੇ ਮੰਡਲੀ ਲਈ ਪਾਣੀ ਨਹੀਂ ਸੀ ਇਸ ਕਾਰਨ ਉਹ ਮੂਸਾ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ । 3ਅਤੇ ਪਰਜਾ ਮੂਸਾ ਨਾਲ ਝਗੜਨ ਲੱਗੀ ਅਤੇ ਉਨ੍ਹਾਂ ਨੇ ਆਖਿਆ, ਭਲਾ ਹੁੰਦਾ ਜੇ ਅਸੀਂ ਵੀ ਮਰ ਜਾਂਦੇ ਜਦੋਂ ਸਾਡੇ ਭਰਾ ਯਹੋਵਾਹ ਅੱਗੇ ਮਰ ਗਏ ਸਨ ! 4ਤੁਸੀਂ ਯਹੋਵਾਹ ਦੀ ਸਭਾ ਨੂੰ ਕਿਉਂ ਇਸ ਉਜਾੜ ਵਿੱਚ ਲੈ ਕੇ ਆਏ ਹੋ, ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ ? 5ਤੁਸੀਂ ਕਿਉਂ ਸਾਨੂੰ ਮਿਸਰ ਤੋਂ ਕੱਢ ਕੇ ਲਿਆਏ ? ਤੁਸੀਂ ਸਾਨੂੰ ਇਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀਜ ਨਾ ਹੰਜ਼ੀਰ, ਨਾ ਦਾਖ ਦੀ ਵੇਲ, ਨਾ ਅਨਾਰ ਅਤੇ ਨਾ ਪੀਣ ਲਈ ਪਾਣੀ ਹੈ । 6ਤਾਂ ਮੂਸਾ ਅਤੇ ਹਾਰੂਨ, ਸਭਾ ਦੇ ਅੱਗੋਂ, ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਜਾ ਕੇ ਮੂੰਹ ਦੇ ਭਾਰ ਡਿੱਗੇ ਤਾਂ ਯਹੋਵਾਹ ਦਾ ਪਰਤਾਪ ਉਨ੍ਹਾਂ ਉੱਤੇ ਪਰਗਟ ਹੋਇਆ । 7ਯਹੋਵਾਹ ਨੇ ਮੂਸਾ ਨੂੰ ਆਖਿਆ, 8ਢਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਅਤੇ ਤੇਰਾ ਭਰਾ ਹਾਰੂਨ, ਉਨ੍ਹਾਂ ਦੇ ਵੇਖਦਿਆਂ ਪੱਥਰੀਲੀ ਚੱਟਾਨ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਨ੍ਹਾਂ ਲਈ ਚੱਟਾਨ ਤੋਂ ਪਾਣੀ ਕੱਢੇਂਗਾ । ਇਸ ਤਰ੍ਹਾਂ ਤੂੰ ਇਸ ਮੰਡਲੀ ਨੂੰ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਪਾਣੀ ਪਿਲਾਵੇਂਗਾ । 9ਉਪਰੰਤ ਮੂਸਾ ਨੇ ਯਹੋਵਾਹ ਦੇ ਅੱਗੋਂ ਢਾਂਗਾ ਲਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ।

10ਮੂਸਾ ਅਤੇ ਹਾਰੂਨ ਨੇ ਸਭਾ ਨੂੰ ਉਸ ਚੱਟਾਨ ਦੇ ਅੱਗੇ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਸੁਣੋ ਤੁਸੀਂ ਝਗੜਾ ਕਰਨ ਵਾਲਿਓ, ਕੀ ਅਸੀਂ ਤੁਹਾਡੇ ਲਈ ਇਸ ਚਟਾਨ ਤੋਂ ਪਾਣੀ ਕੱਢੀਏ ? 11ਫੇਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਚਟਾਨ ਨੂੰ ਆਪਣੇ ਢਾਂਗੇ ਨਾਲ ਦੋ ਵਾਰ ਮਾਰਿਆ ਤਾਂ ਬਹੁਤ ਪਾਣੀ ਨਿੱਕਲ ਆਇਆ ਤਾਂ ਮੰਡਲੀ ਦੇ ਲੋਕ ਅਤੇ ਉਨ੍ਹਾਂ ਦੇ ਪਸ਼ੂਆਂ ਨੇ ਪੀਤਾ । 12ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰਾ ਵਿਸ਼ਵਾਸ ਨਹੀਂ ਕੀਤਾ ਅਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਮੈਨੂੰ ਪਵਿੱਤਰ ਨਹੀਂ ਠਹਿਰਾਇਆ, ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਦਿੱਤੀ, ਨਹੀਂ ਲੈ ਕੇ ਜਾ ਸਕੋਗੇ । 13ਇਸ ਲਈ ਇਸ ਸਥਾਨ ਦਾ ਨਾਮ ਮਰੀਬਾਹ ਪਿਆ ਕਿਉਂ ਜੋ ਇਸਰਾਏਲੀਆਂ ਨੇ ਯਹੋਵਾਹ ਨਾਲ ਝਗੜਾ ਕੀਤਾ ਅਤੇ ਉਹ ਉਨ੍ਹਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ ।

ਅਦੋਮੀਆਂ ਦੁਆਰਾ ਰਾਸਤਾ ਨਾ ਦੇਣਾ

14ਫੇਰ ਮੂਸਾ ਨੇ ਕਾਦੇਸ਼ ਤੋਂ ਆਦੋਮ ਦੇ ਰਾਜੇ ਕੋਲ ਸੰਦੇਸ਼ਵਾਹਕ ਭੇਜ ਕੇ ਆਖਿਆ, ਇਸਰਾਏਲ ਤੁਹਾਡਾ ਭਰਾ ਆਖਦਾ ਹੈ ਕਿ ਤੁਸੀਂ ਉਹ ਸਾਰਾ ਕਸ਼ਟ ਜਾਣਦੇ ਹੋ, ਜੋ ਸਾਡੇ ਉੱਤੇ ਆਇਆ ਹੈ । 15ਕਿਵੇਂ ਸਾਡੇ ਪਿਉ-ਦਾਦੇ ਮਿਸਰ ਨੂੰ ਗਏ ਅਤੇ ਅਸੀਂ ਮਿਸਰ ਵਿੱਚ ਬਹੁਤ ਦਿਨਾਂ ਤੱਕ ਰਹੇ ਅਤੇ ਫੇਰ ਮਿਸਰੀਆਂ ਨੇ ਸਾਡੇ ਨਾਲ ਅਤੇ ਸਾਡੇ ਪਿਉ-ਦਾਦਿਆਂ ਨਾਲ ਬੁਰਾ ਵਿਵਹਾਰ ਕੀਤਾ । 16ਪਰ ਜਦੋਂ ਅਸੀਂ ਯਹੋਵਾਹ ਅੱਗੇ ਦੁਹਾਈ ਦਿੱਤੀ ਤਦ ਉਸ ਨੇ ਸਾਡੀ ਬੇਨਤੀ ਸੁਣੀ ਅਤੇ ਉਹ ਇੱਕ ਦੂਤ ਭੇਜ ਕੇ ਸਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਹੈ ਇਸ ਲਈ ਅਸੀਂ ਕਾਦੇਸ਼ ਸ਼ਹਿਰ ਵਿੱਚ ਹਾਂ, ਜਿਹੜਾ ਤੁਹਾਡੀ ਸਰਹੱਦ ਉੱਤੇ ਹੈ । 17ਸਾਨੂੰ ਆਪਣੇ ਦੇਸ ਦੇ ਵਿੱਚ ਦੀ ਲੰਘਣ ਦਿਓ ਅਤੇ ਅਸੀਂ ਖੇਤਾਂ ਜਾਂ ਅੰਗੂਰੀ ਬਾਗਾਂ ਦੇ ਵਿੱਚ ਦੀ ਹੋ ਕੇ ਨਾ ਲੰਘਾਂਗੇ ਅਤੇ ਅਸੀਂ ਖੂਹ ਦਾ ਪਾਣੀ ਨਹੀਂ ਪੀਵਾਂਗੇ, ਅਸੀਂ ਰਾਜੇ ਦੀ ਬਣਾਈ ਹੋਈ ਸੜਕ ਤੋਂ ਹੀ ਲੰਘ ਜਾਂਵਾਂਗੇ, ਅਸੀਂ ਸੱਜੇ ਜਾਂ ਖੱਬੇ ਨਹੀਂ ਮੁੜਾਂਗੇ, ਜਦ ਤੱਕ ਅਸੀਂ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ । 18ਪਰ ਅਦੋਮ ਦੇ ਰਾਜੇ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਮੇਰੇ ਦੇਸ ਵਿੱਚੋਂ ਨਹੀਂ ਲੰਘੋਗੇ ਨਹੀਂ ਤਾਂ ਮੈਂ ਤੁਹਾਡਾ ਤਲਵਾਰ ਨਾਲ ਸਾਹਮਣਾ ਕਰਾਂਗਾ । 19ਤਦ ਇਸਰਾਏਲੀਆਂ ਨੇ ਉਹਨਾਂ ਦੇ ਕੋਲ ਫੇਰ ਸੁਨੇਹਾ ਭੇਜਿਆ, ਅਸੀਂ ਰਸਤੇ ਤੋਂ ਹੁੰਦੇ ਹੋਏ ਜਾਂਵਾਂਗੇ, ਜੇਕਰ ਅਸੀਂ ਅਤੇ ਸਾਡੇ ਪਸ਼ੂਆਂ ਨੇ ਤੁਹਾਡਾ ਪਾਣੀ ਪੀਤਾ ਤਾਂ ਅਸੀਂ ਉਸ ਦਾ ਮੁੱਲ ਦੇ ਦੇਵਾਂਗੇ । ਕੁਝ ਹੋਰ ਨਹੀਂ ਸਿਰਫ਼ ਸਾਨੂੰ ਪੈਦਲ ਲੰਘ ਜਾਣ ਦੇ । 20ਪਰ ਉਸ ਨੇ ਆਖਿਆ, ਤੁਸੀਂ ਲੰਘ ਨਹੀਂ ਸਕੋਗੇ । ਅਦੋਮ ਵੱਡੀ ਸੈਨਾ ਲੈ ਕੇ ਉਹਨਾਂ ਦਾ ਸਾਹਮਣਾ ਕਰਨ ਲਈ ਨਿੱਕਲਿਆ । 21ਇਸ ਤਰ੍ਹਾਂ ਅਦੋਮ ਨੇ ਇਸਰਾਏਲ ਨੂੰ ਆਪਣੇ ਦੇਸ ਵਿੱਚੋਂ ਦੀ ਲੰਘਣ ਦੀ ਇਜਾਜ਼ਤ ਨਾ ਦਿੱਤੀ, ਇਸ ਲਈ ਇਸਰਾਏਲੀ ਉੱਥੋਂ ਮੁੜ੍ਹ ਗਏ ।

ਹਾਰੂਨ ਦੀ ਮੌਤ

22ਤਦ ਇਸਰਾਏਲੀਆਂ ਦੀ ਸਾਰੀ ਮੰਡਲੀ ਕਾਦੇਸ਼ ਤੋਂ ਕੂਚ ਕਰਕੇ, ਹੋਰ ਨਾਮ ਦੇ ਪਰਬਤ ਨੂੰ ਆਈ । 23ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਹੋਰ ਨਾਮ ਦੇ ਪਰਬਤ ਉੱਤੇ ਜਿਹੜਾ ਅਦੋਮ ਦੇਸ ਦੀ ਹੱਦ ਉੱਤੇ ਹੈ, ਆਖਿਆ, 24ਹਾਰੂਨ ਆਪਣੇ ਲੋਕਾਂ ਵਿੱਚ ਜਾ ਮਿਲੇਗਾ ਅਤੇ ਉਹ ਉਸ ਧਰਤੀ ਵਿੱਚ ਦਾਖ਼ਲ ਨਾ ਹੋ ਸਕੇਗਾ, ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ ਕਿਉਂਕਿ ਤੁਸੀਂ ਮਰੀਬਾਹ ਦੇ ਸੋਤੇ ਉੱਤੇ ਮੇਰੇ ਹੁਕਮਾਂ ਦੇ ਵਿਰੁੱਧ ਝਗੜਾ ਕੀਤਾ । 25ਇਸ ਲਈ ਤੂੰ ਹਾਰੂਨ ਅਤੇ ਉਸ ਦੇ ਪੁੱਤਰ ਅਲਆਜ਼ਾਰ ਨੂੰ, ਹੋਰ ਨਾਮ ਦੇ ਪਰਬਤ ਉੱਤੇ ਲੈ ਚੱਲ । 26ਹਾਰੂਨ ਦੇ ਬਸਤਰ ਉਸ ਉੱਤੋਂ ਉਤਾਰ ਕੇ ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾ, ਤਦ ਹਾਰੂਨ ਉੱਥੇ ਹੀ ਮਰ ਜਾਵੇਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲੇਗਾ । 27ਤਦ ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਅਤੇ ਉਹ ਸਾਰੀ ਮੰਡਲੀ ਦੇ ਵੇਖਦਿਆਂ ਹੀ ਹੋਰ ਨਾਮ ਦੇ ਪਰਬਤ ਉੱਤੇ ਚੜ੍ਹ ਗਏ । 28ਤਦ ਮੂਸਾ ਨੇ ਹਾਰੂਨ ਦੇ ਬਸਤਰ ਉਤਾਰ ਕੇ, ਉਸ ਦੇ ਪੁੱਤਰ ਅਲਆਜ਼ਾਰ ਨੂੰ ਪਹਿਨਾਏ ਅਤੇ ਹਾਰੂਨ ਉਸ ਪਹਾੜ ਦੀ ਟੀਸੀ ਉੱਤੇ ਮਰ ਗਿਆ ਫੇਰ ਮੂਸਾ ਅਤੇ ਅਲਆਜ਼ਾਰ ਪਹਾੜ ਤੋਂ ਹੇਠਾਂ ਉਤਰ ਆਏ । 29ਜਦ ਇਸਰਾਏਲ ਦੀ ਸਾਰੀ ਮੰਡਲੀ ਨੇ ਵੇਖਿਆ ਕਿ ਹਾਰੂਨ ਮਰ ਗਿਆ ਹੈ ਤਦ ਇਸਰਾਏਲ ਦੇ ਸਾਰੇ ਪਰਿਵਾਰ ਹਾਰੂਨ ਦੇ ਲਈ ਤੀਹ ਦਿਨ ਤੱਕ ਸੋਗ ਕਰਦੇ ਰਹੇ ।

21

ਕਨਾਨੀ ਰਾਜਾ ਉੱਤੇ ਜਿੱਤ

1ਤਦ ਅਰਾਦ ਦਾ ਕਨਾਨੀ ਰਾਜਾ, ਜਿਹੜਾ ਦੱਖਣ ਦੇਸ ਵਿੱਚ ਰਹਿੰਦਾ ਸੀ, ਉਸ ਨੇ ਸੁਣਿਆ ਕਿ ਇਸਰਾਏਲੀ ਅਥਾਰੀਮ ਦੇ ਰਾਹ ਤੋਂ ਆ ਰਹੇ ਹਨ ਤਦ ਉਹ ਇਸਰਾਏਲ ਨਾਲ ਲੜਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਗੁਲਾਮ ਬਣਾ ਲਿਆ । 2ਤਦ ਇਸਰਾਏਲੀਆਂ ਨੇ ਯਹੋਵਾਹ ਅੱਗੇ ਪ੍ਰਣ ਕਰਕੇ ਆਖਿਆ, ਜੇ ਤੂੰ ਇਨ੍ਹਾਂ ਲੋਕਾਂ ਨੂੰ ਸੱਚ-ਮੁੱਚ ਸਾਡੇ ਹੱਥ ਵਿੱਚ ਦੇ ਦੇਵੇਂ ਤਾਂ ਅਸੀਂ ਉਨ੍ਹਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿਆਂਗੇ । 3ਤਦ ਯਹੋਵਾਹ ਨੇ ਇਸਰਾਏਲ ਦੀ ਬੇਨਤੀ ਸੁਣੀ ਅਤੇ ਕਨਾਨੀਆਂ ਨੂੰ ਉਹਨਾਂ ਦੇ ਵੱਸ ਵਿੱਚ ਕਰ ਦਿੱਤਾ, ਤਦ ਉਨ੍ਹਾਂ ਨੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਦਿੱਤਾ ਅਤੇ ਉਸ ਥਾਂ ਦਾ ਨਾਮ ਹਾਰਮਾਹ ਪੈ ਗਿਆ ।

ਪਿੱਤਲ ਦਾ ਬਣਿਆ ਹੋਇਆ ਸੱਪ

4ਤਦ ਉਨ੍ਹਾਂ ਨੇ ਹੋਰ ਨਾਮ ਦੇ ਪਰਬਤ ਤੋਂ, ਲਾਲ ਸਮੁੰਦਰ ਵੱਲ ਅਦੋਮ ਦੇਸ ਦੇ ਬਾਹਰੋਂ, ਕੂਚ ਕੀਤਾ ਪਰ ਲੰਬੇ ਸਫ਼ਰ ਦੇ ਕਾਰਨ ਪਰਜਾ ਰਾਹ ਵਿੱਚ ਪਰੇਸ਼ਾਨ ਹੋ ਗਈ । 5ਇਸ ਕਾਰਨ ਪਰਜਾ ਯਹੋਵਾਹ ਅਤੇ ਮੂਸਾ ਦੇ ਵਿਰੁੱਧ ਬੋਲੀ ਕਿ ਤੁਸੀਂ ਸਾਨੂੰ ਮਿਸਰ ਵਿੱਚੋਂ ਜੰਗਲ ਵਿੱਚ ਕਿਉਂ ਲੈ ਆਏ, ਤਾਂ ਜੋ ਅਸੀਂ ਉਜਾੜ ਵਿੱਚ ਮਰ ਜਾਈਏ ? ਇੱਥੇ ਨਾ ਤਾਂ ਰੋਟੀ ਹੈ, ਨਾ ਹੀ ਪਾਣੀ ਹੈ । ਸਾਡੀਆਂ ਜਾਨਾਂ ਇਸ ਨਿਕੰਮੀ ਰੋਟੀ ਤੋਂ ਅੱਕ ਗਈਆਂ ਹਨ ! 6ਤਦ ਯਹੋਵਾਹ ਨੇ ਪਰਜਾ ਵਿੱਚ ਤੇਜ ਜ਼ਹਿਰੀਲੇ ਸੱਪ ਭੇਜੇ ਅਤੇ ਉਨ੍ਹਾਂ ਨੇ ਲੋਕਾਂ ਨੂੰ ਡੱਸਿਆ, ਤਦ ਇਸਰਾਏਲੀਆਂ ਵਿੱਚੋਂ ਬਹੁਤ ਲੋਕ ਮਰ ਗਏ । 7ਫੇਰ ਪਰਜਾ ਨੇ ਮੂਸਾ ਕੋਲ ਆਣ ਕੇ ਆਖਿਆ, ਅਸੀਂ ਪਾਪ ਕੀਤਾ ਜੋ ਅਸੀਂ ਤੇਰੇ ਅਤੇ ਯਹੋਵਾਹ ਦੇ ਵਿਰੁੱਧ ਬੋਲੇ । ਹੁਣ, ਯਹੋਵਾਹ ਅੱਗੇ ਬੇਨਤੀ ਕਰ ਕਿ ਉਹ ਸਾਡੇ ਕੋਲੋਂ ਇਹਨਾਂ ਸੱਪਾਂ ਨੂੰ ਮੋੜ ਲਵੇ । ਤਦ ਮੂਸਾ ਨੇ ਪਰਜਾ ਦੇ ਲਈ ਬੇਨਤੀ ਕੀਤੀ । 8ਯਹੋਵਾਹ ਨੇ ਮੂਸਾ ਨੂੰ ਆਖਿਆ, ਇੱਕ ਜ਼ਹਿਰੀਲਾ ਸੱਪ ਬਣਾ ਕੇ ਉਸ ਨੂੰ ਇੱਕ ਡੰਡੇ ਉੱਤੇ ਰੱਖਦੇ, ਤਦ ਅਜਿਹਾ ਹੋਵੇਗਾ ਕਿ ਜੋ ਕੋਈ ਡੱਸਿਆ ਜਾਵੇ, ਉਸ ਸੱਪ ਨੂੰ ਵੇਖ ਲਵੇ ਤਾਂ ਉਹ ਆਪਣੀ ਜਾਨ ਨੂੰ ਬਚਾ ਲਵੇਗਾ । 9ਉਪਰੰਤ ਮੂਸਾ ਨੇ ਇੱਕ ਪਿੱਤਲ ਦਾ ਸੱਪ ਬਣਾ ਕੇ, ਉਸ ਨੂੰ ਡੰਡੇ ਉੱਤੇ ਰੱਖਿਆ ਤਾਂ ਅਜਿਹਾ ਹੋਇਆ ਕਿ ਜਦ ਸੱਪ ਕਿਸੇ ਮਨੁੱਖ ਨੂੰ ਡੱਸਦਾ ਸੀ, ਤਾਂ ਉਹ ਪਿੱਤਲ ਦੇ ਸੱਪ ਵੱਲ ਨਜ਼ਰ ਕਰਦਾ ਸੀ ਅਤੇ ਆਪਣੀ ਜਾਨ ਨੂੰ ਬਚਾ ਲੈਂਦਾ ਸੀ ।

ਹੋਰ ਤੋਂ ਮੋਆਬ ਵੱਲ ਯਾਤਰਾ

10ਫੇਰ ਇਸਰਾਏਲ ਨੇ ਕੂਚ ਕਰਕੇ, ਓਬੋਥ ਵਿੱਚ ਡੇਰੇ ਲਾਏ । 11ਫੇਰ ਓਬੋਥ ਤੋਂ ਕੂਚ ਕਰਕੇ, ਈਯੇਅਬਾਰੀਮ ਦੀ ਉਸ ਉਜਾੜ ਵਿੱਚ, ਜਿਹੜੀ ਮੋਆਬ ਦੇ ਸਾਹਮਣੇ ਪੂਰਬ ਦਿਸ਼ਾ ਵੱਲ ਹੈ, ਡੇਰੇ ਲਾਏ । 12ਉੱਥੋਂ ਕੂਚ ਕਰਕੇ ਜ਼ਰਦ ਦੀ ਵਾਦੀ ਵਿੱਚ ਡੇਰੇ ਲਾਏ । 13ਫੇਰ ਉੱਥੋਂ ਕੂਚ ਕਰ ਕੇ ਉਨ੍ਹਾਂ ਨੇ ਆਪਣੇ ਡੇਰੇ ਅਰਨੋਨ ਨਦੀ ਦੇ ਦੂਜੇ ਪਾਸੇ ਲਾਏ, ਜਿਹੜੀ ਉਜਾੜ ਵਿੱਚ ਦੀ ਅਮੋਰੀਆਂ ਦੀ ਸਰਹੱਦ ਤੋਂ ਨਿਕਲਦੀ ਹੈ ਕਿਉਂ ਜੋ ਅਰਨੋਨ ਮੋਆਬ ਦੀ ਹੱਦ ਉੱਤੇ ਮੋਆਬ ਅਤੇ ਅਮੋਰੀਆਂ ਦੇ ਵਿਚਕਾਰ ਹੈ । 14ਇਸ ਲਈ ਯਹੋਵਾਹ ਦੀ ਜੰਗ ਨਾਮ ਦੀ ਪੁਸਤਕ ਵਿੱਚ ਲਿਖਿਆ ਹੈ:

"ਵਾਹੇਬ ਜਿਹੜਾ ਸੁਫ਼ਾਹ ਵਿੱਚ ਹੈ,

ਅਤੇ ਅਰਨੋਨ ਦੀਆਂ ਵਾਦੀਆਂ,

15ਅਤੇ ਵਾਦੀਆਂ ਦੀ ਢਾਲ, ਜਿਹੜੀ ਆਰ ਦੀ ਵੱਸੋਂ ਤੱਕ ਫੈਲੀ ਹੋਈ ਹੈ ਅਤੇ ਮੋਆਬ ਦੀ ਸਰਹੱਦ ਨਾਲ ਲੱਗਦੀ ਹੈ ।

16ਉੱਥੋਂ ਉਹ ਬਏਰ ਨੂੰ ਗਏ ਜਿੱਥੇ ਉਹ ਖੂਹ ਹੈ ਜਿਸ ਦੇ ਵਿਖੇ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ ਕਿ ਪਰਜਾ ਨੂੰ ਇਕੱਠਾ ਕਰ ਅਤੇ ਮੈਂ ਉਨ੍ਹਾਂ ਨੂੰ ਪਾਣੀ ਦਿਆਂਗਾ ।

17ਤਦ ਇਸਰਾਏਲ ਨੇ ਇਹ ਗੀਤ ਗਾਇਆ:

ਹੇ ਖੂਹ, ਉਮੜ੍ਹ ਆ ! ਉਸ ਲਈ ਗਾਓ,

18ਉਹ ਖੂਹ ਜਿਸ ਨੂੰ ਹਾਕਮਾਂ ਨੇ ਪੁੱਟਿਆ,

ਅਤੇ ਲੋਕਾਂ ਦੇ ਪਤਵੰਤਾਂ ਨੇ ਆੱਸੇ ਨਾਲ ਅਤੇ ਆਪਣੀਆਂ ਲਾਠੀਆਂ ਨਾਲ ਕੱਢਿਆ !

19ਉਹ ਫੇਰ ਉਜਾੜ ਤੋਂ ਮੱਤਾਨਾਹ ਨੂੰ ਗਏ ਅਤੇ ਮੱਤਾਨਾਹ ਤੋਂ ਨਹਲੀਏਲ ਨੂੰ ਅਤੇ ਨਹਲੀਏਲ ਤੋਂ ਬਾਮੋਥ ਨੂੰ । 20ਅਤੇ ਬਾਮੋਥ ਤੋਂ ਉਸ ਘਾਟੀ ਨੂੰ ਜਿਹੜੀ ਮੋਆਬ ਦੇ ਮੈਦਾਨ ਵਿੱਚ ਹੈ, ਫੇਰ ਪਿਸਗਾਹ ਦੀ ਟੀਸੀ ਨੂੰ ਜਿਹੜੀ ਉਜਾੜ ਵੱਲ ਨੂੰ ਝੁਕੀ ਹੋਈ ਹੈ ।

ਸੀਹੋਨ ਅਤੇ ਓਗ ਰਾਜਾ ਦੀ ਹਾਰ

(ਬਿਵਸਥਾ ਸਾਰ 2:26—3:11)

21ਤਦ ਇਸਰਾਏਲ ਨੇ ਅਮੋਰੀਆਂ ਦੇ ਰਾਜੇ ਸੀਹੋਨ ਕੋਲ ਸੰਦੇਸ਼ਵਾਹਕ ਭੇਜੇ, 22ਤੁਸੀਂ ਸਾਨੂੰ ਆਪਣੇ ਦੇਸ ਵਿੱਚ ਦੀ ਲੰਘ ਜਾਣ ਦਿਓ । ਅਸੀਂ ਖੇਤ, ਅੰਗੂਰਾਂ ਦੇ ਬਾਗਾਂ ਵਿੱਚ ਨਹੀਂ ਵੜਾਂਗੇ, ਨਾ ਅਸੀਂ ਖੂਹ ਦਾ ਪਾਣੀ ਪੀਵਾਂਗੇ । ਅਸੀਂ ਸ਼ਾਹੀ ਸੜਕ ਰਾਹੀਂ ਚੱਲਾਂਗੇ ਜਦ ਤੱਕ ਤੁਹਾਡੀਆਂ ਹੱਦਾਂ ਤੋਂ ਪਾਰ ਨਾ ਲੰਘ ਜਾਈਏ । 23ਪਰ ਸੀਹੋਨ ਨੇ ਇਸਰਾਏਲ ਨੂੰ ਆਪਣੀਆਂ ਹੱਦਾਂ ਦੇ ਵਿੱਚ ਦੀ ਨਾ ਲੰਘਣ ਦਿੱਤਾ, ਪਰ ਸੀਹੋਨ ਨੇ ਆਪਣੇ ਸਾਰੇ ਲੋਕ ਇਕੱਠੇ ਕੀਤੇ ਅਤੇ ਇਸਰਾਏਲ ਦਾ ਸਾਹਮਣਾ ਕਰਨ ਲਈ ਉਜਾੜ ਵਿੱਚ ਯਹਸ ਨੂੰ ਗਿਆ ਅਤੇ ਇਸਰਾਏਲ ਨਾਲ ਲੜਿਆ । 24ਤਦ ਇਸਰਾਏਲ ਨੇ ਉਹ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਅਰਨੋਨ ਤੋਂ ਯੱਬੋਕ ਨਦੀ ਤੱਕ ਅਰਥਾਤ ਅੰਮੋਨੀਆਂ ਤੱਕ ਉਹ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਕਿਉਂ ਜੋ ਅੰਮੋਨੀਆਂ ਦੀ ਹੱਦ ਪੱਕੀ ਸੀ । 25ਅਤੇ ਇਸਰਾਏਲ ਨੇ ਇਹ ਸਾਰੇ ਸ਼ਹਿਰ ਜਿੱਤ ਲਏ ਅਤੇ ਇਸਰਾਏਲ ਹਸ਼ਬੋਨ ਵਿੱਚ ਅਮੋਰੀਆਂ ਦੇ ਸਾਰੇ ਸ਼ਹਿਰਾਂ ਅਤੇ ਉਸ ਦੇ ਸਾਰੇ ਪਿੰਡਾਂ ਵਿੱਚ ਵੱਸ ਗਿਆ । 26ਕਿਉਂ ਜੋ ਹਸ਼ਬੋਨ ਅਮੋਰੀਆਂ ਦੇ ਰਾਜੇ ਸੀਹੋਨ ਦਾ ਸ਼ਹਿਰ ਸੀ, ਜਿਸ ਨੇ ਮੋਆਬ ਦੇ ਅਗਲੇ ਰਾਜੇ ਨਾਲ ਲੜ ਕੇ ਉਸ ਦੇ ਸਾਰੇ ਦੇਸ ਨੂੰ ਉਸ ਦੇ ਹੱਥੋਂ ਅਰਨੋਨ ਤੱਕ ਜਿੱਤ ਲਿਆ ਸੀ । 27ਇਸ ਲਈ ਕਵੀ ਆਖਦੇ ਹਨ:

ਹਸ਼ਬੋਨ ਵਿੱਚ ਆਓ,

ਸੀਹੋਨ ਦਾ ਸ਼ਹਿਰ ਬਣਾਇਆ ਅਤੇ ਪੱਕਾ ਕੀਤਾ ਜਾਵੇ,

28ਕਿਉਂ ਜੋ ਅੱਗ ਹਸ਼ਬੋਨ ਤੋਂ ਨਿੱਕਲੀ,

ਅਤੇ ਸੀਹੋਨ ਦੇ ਨਗਰ ਤੋਂ ਇੱਕ ਲਾਟ, ਮੋਆਬ ਦੇ ਆਰ ਨਗਰ ਨੂੰ ਭਸਮ ਕੀਤਾ,

ਨਾਲੇ ਅਰਨੋਨ ਦੇ ਉਚਿਆਈਆਂ ਵਿੱਚ ਵੱਸਣ ਵਾਲੇ ਮਾਲਕਾਂ ਨੂੰ ਵੀ ਤਬਾਹ ਕੀਤਾ ।

29ਹੇ ਮੋਆਬ, ਤੇਰੇ ਉੱਤੇ ਹਾਇ !

ਹੇ ਕਮੋਸ਼ ਦੇ ਪੁਜਾਰੀਓ, ਤੁਸੀਂ ਬਰਬਾਦ ਹੋਏ !

ਉਸ ਨੇ ਆਪਣੇ ਪੁੱਤਰਾਂ ਨੂੰ ਭਗੌੜਿਆਂ ਵਾਂਗੂੰ ਛੱਡਿਆ,

ਅਤੇ ਆਪਣੀਆਂ ਧੀਆਂ ਨੂੰ ਅਮੋਰੀਆਂ ਦੇ ਰਾਜਾ

ਸੀਹੋਨ ਦੀ ਦਾਸੀਆਂ ਬਣਾ ਦਿੱਤਾ !

30ਅਸੀਂ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕੀਤੀ, ਹਸ਼ਬੋਨ ਦੀਬੋਨ ਤੱਕ ਬਰਬਾਦ ਹੋਇਆ,

ਅਤੇ ਅਸੀਂ ਨੋਫ਼ਾਹ ਅਤੇ ਮੇਦਬਾ ਤੱਕ ਵਿਨਾਸ਼ ਕੀਤਾ ਹੈ ।

31ਇਸ ਤਰ੍ਹਾਂ ਇਸਰਾਏਲ ਅਮੋਰੀਆਂ ਦੇ ਖੇਤਰ ਵਿੱਚ ਵੱਸਿਆ । 32ਫੇਰ ਮੂਸਾ ਨੇ ਯਾਜ਼ੇਰ ਦਾ ਭੇਤ ਜਾਣਨ ਲਈ ਮਨੁੱਖ ਘੱਲੇ ਅਤੇ ਉਨ੍ਹਾਂ ਨੇ ਉਸ ਦੇ ਪਿੰਡਾਂ ਨੂੰ ਵੱਸ ਵਿੱਚ ਕਰ ਲਿਆ ਅਤੇ ਉੱਥੋਂ ਦੇ ਅਮੋਰੀਆਂ ਨੂੰ ਕੱਢ ਦਿੱਤਾ । 33ਫੇਰ ਮੁੜ ਕੇ ਉਹ ਬਾਸ਼ਾਨ ਦੇ ਰਾਹ ਤੋਂ ਉਤਾਹਾਂ ਨੂੰ ਗਏ ਅਤੇ ਓਗ ਬਾਸ਼ਾਨ ਦਾ ਰਾਜਾ ਅਤੇ ਉਸ ਦੀ ਸਾਰੀ ਪਰਜਾ ਉਹਨਾਂ ਦਾ ਸਾਹਮਣਾ ਕਰਨ ਲਈ ਬਾਹਰ ਆਈ ਅਤੇ ਅਦਰਈ ਵਿੱਚ ਉਨ੍ਹਾਂ ਦੇ ਨਾਲ ਲੜ੍ਹਾਈ ਕੀਤੀ । 34ਪਰ ਯਹੋਵਾਹ ਨੇ ਮੂਸਾ ਨੂੰ ਆਖਿਆ, ਉਸ ਤੋਂ ਨਾ ਡਰ ਕਿਉਂ ਜੋ ਮੈਂ ਉਸ ਨੂੰ ਅਤੇ ਉਸ ਦੀ ਸਾਰੀ ਸੈਨਾ ਨੂੰ ਅਤੇ ਉਸ ਦੇ ਦੇਸ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ । ਤੂੰ ਉਸ ਦੇ ਨਾਲ ਉਸੇ ਤਰ੍ਹਾਂ ਕਰੇਂਗਾ ਜਿਵੇਂ ਤੂੰ ਸੀਹੋਨ ਅਮੋਰੀਆਂ ਦੇ ਰਾਜੇ ਨਾਲ ਕੀਤਾ ਜੋ ਹਸ਼ਬੋਨ ਵਿੱਚ ਵੱਸਦਾ ਸੀ । 35ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਅਤੇ ਉਸ ਦੀ ਸਾਰੀ ਸੈਨਾ ਨੂੰ ਅਜਿਹਾ ਮਾਰਿਆ ਕਿ ਉਨ੍ਹਾਂ ਦਾ ਕੱਖ ਵੀ ਨਾ ਰਿਹਾ ਅਤੇ ਉਨ੍ਹਾਂ ਨੇ ਉਸ ਦੀ ਧਰਤੀ ਉੱਤੇ ਵੀ ਕਬਜ਼ਾ ਕਰ ਲਿਆ ।

22

ਰਾਜਾ ਬਾਲਾਕ ਦੁਆਰਾ ਬਿਲਆਮ ਨੂੰ ਭੇਜਿਆ ਜਾਣਾ

1ਤਦ ਇਸਰਾਏਲੀਆਂ ਨੇ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ, ਯਰਦਨ ਦੇ ਪਾਰ ਯਰੀਹੋ ਦੇ ਕੋਲ ਡੇਰੇ ਲਾਏ ।

2ਸਿੱਪੋਰ ਦੇ ਪੁੱਤਰ ਬਾਲਾਕ ਨੇ ਸਭ ਕੁਝ ਵੇਖਿਆ ਜੋ ਇਸਰਾਏਲੀਆਂ ਨੇ ਅਮੋਰੀਆਂ ਨਾਲ ਕੀਤਾ ਸੀ । 3ਇਸ ਲਈ ਮੋਆਬ ਉਸ ਪਰਜਾ ਤੋਂ ਬਹੁਤ ਡਰਿਆ ਕਿਉਂ ਜੋ ਉਹ ਗਿਣਤੀ ਵਿੱਚ ਵੱਧ ਸਨ, ਸੋ ਮੋਆਬ ਇਸਰਾਏਲੀਆਂ ਦੇ ਕਾਰਨ ਬਹੁਤ ਘਬਰਾਇਆ । 4ਤਦ ਮੋਆਬ ਨੇ ਮਿਦਯਾਨ ਦੇ ਬਜ਼ੁਰਗਾਂ ਨੂੰ ਆਖਿਆ ਕੀ ਹੁਣ ਇਹ ਦਲ ਸਾਡੇ ਆਲੇ-ਦੁਆਲੇ ਦਾ ਸਭ ਕੁਝ ਖਤਮ ਕਰ ਜਾਵੇਗਾ ਜਿਵੇਂ ਬਲ਼ਦ ਖੇਤ ਦਾ ਘਾਹ ਖਤਮ ਕਰ ਦਿੰਦਾ ਹੈ । ਸਿੱਪੋਰ ਦਾ ਪੁੱਤਰ ਬਾਲਾਕ ਉਸ ਸਮੇਂ ਮੋਆਬ ਦਾ ਰਾਜਾ ਸੀ । 5ਫੇਰ ਉਸ ਨੇ ਪਥੋਰ ਨੂੰ ਜਿਹੜਾ ਵੱਡੇ ਦਰਿਆ ਉੱਤੇ ਹੈ ਆਪਣੀ ਉੱਮਤ ਦੇ ਅੰਸ ਦੇ ਦੇਸ ਵਿੱਚ ਬਓਰ ਦੇ ਪੁੱਤਰ ਬਿਲਆਮ ਕੋਲ, ਸੰਦੇਸ਼ਵਾਹਕ ਘੱਲੇ ਕਿ ਉਹ ਉਸ ਨੂੰ ਇਹ ਆਖ ਕੇ ਸੱਦੇ ਕਿ ਵੇਖੋ, ਇੱਕ ਦਲ ਮਿਸਰ ਤੋਂ ਨਿਕਲਿਆ ਹੈ ਅਤੇ ਵੇਖੋ, ਉਹਨਾਂ ਨੇ ਧਰਤੀ ਨੂੰ ਆਪਣੀ ਵੱਸੋਂ ਨਾਲ ਭਰ ਲਿਆ ਹੈ ਅਤੇ ਉਹ ਹੁਣ ਮੇਰੇ ਸਾਹਮਣੇ ਆ ਵੱਸੇ ਹਨ । 6ਹੁਣ ਤੂੰ ਆ ਕੇ ਇਸ ਦਲ ਨੂੰ ਮੇਰੇ ਲਈ ਸਰਾਪ ਦੇਵੀਂ ਕਿਉਂ ਜੋ ਉਹ ਮੇਰੇ ਨਾਲੋਂ ਅੱਤ ਬਲਵੰਤ ਹਨ । ਸ਼ਾਇਦ ਮੈਂ ਫਤਹ ਪਾਵਾਂ ਅਤੇ ਅਸੀਂ ਉਨ੍ਹਾਂ ਨੂੰ ਅਜਿਹਾ ਮਾਰੀਏ ਕਿ ਉਨ੍ਹਾਂ ਨੂੰ ਆਪਣੇ ਦੇਸ ਤੋਂ ਕੱਢ ਦੇਈਏ ਕਿਉਂ ਜੋ ਮੈਂ ਜਾਣਦਾ ਹਾਂ ਕਿ ਜਿਸ ਨੂੰ ਤੂੰ ਬਰਕਤ ਦੇਵੇਂ ਉਹ ਮੁਬਾਰਕ ਹੈ, ਅਤੇ ਜਿਸ ਨੂੰ ਤੂੰ ਸਰਾਪ ਦੇਵੇਂ ਉਹ ਸਰਾਪੀ ਹੈ ।

7ਤਦ ਮੋਆਬ ਦੇ ਅਤੇ ਮਿਦਯਾਨ ਦੇ ਬਜ਼ੁਰਗ ਚੱਲ ਪਏ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਅਗੰਮ ਨੂੰ ਜਾਣਨ ਲਈ ਇਨਾਮ ਸਨ ਅਤੇ ਉਹ ਬਿਲਆਮ ਕੋਲ ਆ ਕੇ ਉਸ ਨੂੰ ਬਾਲਾਕ ਦੀਆਂ ਗੱਲਾਂ ਬਾਰੇ ਦੱਸਿਆ । 8ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਅੱਜ ਦੀ ਰਾਤ ਇੱਥੇ ਠਹਿਰੋ ਅਤੇ ਜਿਵੇਂ ਯਹੋਵਾਹ ਮੈਨੂੰ ਬੋਲੇ ਮੈਂ ਤੁਹਾਡੇ ਕੋਲ ਮੁੜ ਖ਼ਬਰ ਲਿਆਵਾਂਗਾ । ਉਪਰੰਤ ਮੋਆਬ ਦੇ ਪ੍ਰਧਾਨ ਬਿਲਆਮ ਨਾਲ ਠਹਿਰੇ । 9ਪਰਮੇਸ਼ੁਰ ਨੇ ਬਿਲਆਮ ਨੂੰ ਪੁੱਛਿਆ ਕਿ ਇਹ ਮਨੁੱਖ ਤੇਰੇ ਨਾਲ ਕੌਣ ਹਨ ? 10ਬਿਲਆਮ ਨੇ ਪਰਮੇਸ਼ੁਰ ਨੂੰ ਆਖਿਆ, ਸਿੱਪੋਰ ਦੇ ਪੁੱਤਰ ਬਾਲਾਕ ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਮੇਰੇ ਕੋਲ ਇਹ ਆਖ ਕੇ ਭੇਜਿਆ । 11ਕਿ ਵੇਖੋ, ਇਹ ਦਲ ਜਿਹੜਾ ਮਿਸਰ ਤੋਂ ਆਇਆ ਹੈ ਉਸ ਨੇ ਧਰਤੀ ਨੂੰ ਆਪਣੀ ਵਸੋਂ ਨਾਲ ਭਰ ਦਿੱਤਾ ਹੈ । ਹੁਣ ਆ ਮੇਰੇ ਲਈ ਉਨ੍ਹਾਂ ਨੂੰ ਸਰਾਪ ਦੇ, ਸ਼ਾਇਦ ਅਜਿਹਾ ਹੇਵੇ ਜੋ ਮੈਂ ਉਨ੍ਹਾਂ ਨਾਲ ਲੜ ਸਕਾਂ ਅਤੇ ਉਹਨਾਂ ਨੂੰ ਕੱਢ ਦਿਆਂ । 12ਪਰ ਪਰਮੇਸ਼ੁਰ ਨੇ ਬਿਲਆਮ ਨੂੰ ਆਖਿਆ, ਇਹਨਾਂ ਨਾਲ ਨਾ ਜਾਵੀਂ, ਨਾ ਇਸ ਪਰਜਾ ਨੂੰ ਸਰਾਪ ਦੇਈਂ ਕਿਉਂ ਜੋ ਉਹ ਅਸੀਸ ਦੇ ਅਧਿਕਾਰੀ ਹਨ । 13ਬਿਲਆਮ ਨੇ ਸਵੇਰ ਨੂੰ ਉੱਠ ਕੇ ਬਾਲਾਕ ਦੇ ਹਾਕਮਾਂ ਨੂੰ ਆਖਿਆ, ਆਪਣੇ ਦੇਸ ਨੂੰ ਜਾਓ ਕਿਉਂ ਜੋ ਯਹੋਵਾਹ ਨੇ ਮੈਨੂੰ ਤੁਹਾਡੇ ਨਾਲ ਜਾਣ ਤੋਂ ਮਨ੍ਹਾ ਕੀਤਾ ਹੈ । 14ਤਦ ਮੋਆਬ ਦੇ ਪ੍ਰਧਾਨ ਉੱਠ ਕੇ ਬਾਲਾਕ ਕੋਲ ਆਏ ਅਤੇ ਉਨ੍ਹਾਂ ਨੇ ਆਖਿਆ, ਬਿਲਆਮ ਨੇ ਸਾਡੇ ਨਾਲ ਆਉਣ ਤੋਂ ਇਨਕਾਰ ਕੀਤਾ ।

15ਤਦ ਬਾਲਕ ਨੇ ਇੱਕ ਵਾਰ ਹੋਰ ਪ੍ਰਧਾਨ ਘੱਲੇ ਜਿਹੜੇ ਇਹਨਾਂ ਤੋਂ ਜਿਆਦਾ ਅਤੇ ਪਤਵੰਤੇ ਸਨ । 16ਉਹ ਬਿਲਆਮ ਕੋਲ ਆਏ ਅਤੇ ਉਹ ਨੂੰ ਆਖਿਆ, ਸਿੱਪੋਰ ਦਾ ਪੁੱਤਰ ਬਾਲਾਕ ਇਹ ਆਖਦਾ ਹੈ ਕਿ ਮੇਰੇ ਕੋਲ ਆਉਣ ਤੋਂ ਨਾ ਰੁਕੋ । 17ਕਿਉਂ ਜੋ ਮੈਂ ਤੁਹਾਡਾ ਵੱਡਾ ਆਦਰ-ਸਤਿਕਾਰ ਕਰਾਂਗਾ ਅਤੇ ਜੋ ਕੁਝ ਤੁਸੀਂ ਮੈਨੂੰ ਆਖੋ, ਮੈਂ ਕਰਾਂਗਾ ਪਰ ਜਰੂਰ ਆਓ, ਮੇਰੇ ਲਈ ਇਸ ਦਲ ਨੂੰ ਸਰਾਪ ਦਿਓ । 18ਅੱਗੋਂ ਬਿਲਆਮ ਨੇ ਬਾਲਾਕ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਜੇਕਰ ਬਾਲਾਕ ਮੈਨੂੰ ਆਪਣਾ ਚਾਂਦੀ-ਸੋਨੇ ਨਾਲ ਭਰਿਆ ਘਰ ਵੀ ਦੇ ਦੇਵੇ ਤਾਂ ਵੀ ਮੈਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ ਕਿ ਉਸ ਨੂੰ ਘੱਟ ਜਾਂ ਵੱਧ ਜਾਣ ਕੇ ਮੰਨਾ । 19ਹੁਣ, ਤੁਸੀਂ ਅੱਜ ਦੀ ਰਾਤ ਇੱਥੇ ਹੀ ਠਹਿਰਨਾ, ਤਾਂ ਜੋ ਮੈਂ ਜਾਣ ਲਵਾਂ ਕਿ ਯਹੋਵਾਹ ਕਿਹੜੀ ਗੱਲ ਮੇਰੇ ਨਾਲ ਬੋਲੇਗਾ । 20ਪਰਮੇਸ਼ੁਰ ਬਿਲਆਮ ਕੋਲ ਰਾਤ ਨੂੰ ਆਇਆ ਅਤੇ ਉਸ ਨੂੰ ਆਖਿਆ, ਜਿਹੜੇ ਮਨੁੱਖ ਤੈਨੂੰ ਬੁਲਾਉਣ ਆਏ ਹਨ, ਉੱਠ ਕੇ ਇਹਨਾਂ ਨਾਲ ਚਲਾ ਜਾ, ਪਰ ਸਿਰਫ਼ ਉਹ ਗੱਲ ਜਿਹੜੀ ਮੈਂ ਤੈਨੂੰ ਆਖਾਂ, ਤੂੰ ਉਸੇ ਤਰ੍ਹਾਂ ਹੀ ਕਰੀਂ ।

ਬਿਲਆਮ ਅਤੇ ਉਸ ਦੀ ਗਧੀ

21ਤਦ ਬਿਲਆਮ ਨੇ ਸਵੇਰ ਨੂੰ ਉੱਠ ਕੇ, ਆਪਣੀ ਗਧੀ ਉੱਤੇ ਕਾਠੀ ਬੰਨ੍ਹੀ ਅਤੇ ਮੋਆਬ ਦੇ ਹਾਕਮਾਂ ਨਾਲ ਤੁਰ ਪਿਆ । 22ਅਤੇ ਉਸ ਦੇ ਜਾਣ ਦੇ ਕਾਰਨ ਪਰਮੇਸ਼ੁਰ ਦਾ ਕ੍ਰੋਧ ਭੜਕ ਉੱਠਿਆ ਅਤੇ ਯਹੋਵਾਹ ਦਾ ਦੂਤ ਉਸ ਦਾ ਵਿਰੋਧ ਕਰਨ ਲਈ ਉਸ ਦੇ ਰਸਤੇ ਵਿੱਚ ਖੜ੍ਹਾ ਹੋਇਆ । ਉਹ ਆਪਣੀ ਗਧੀ ਉੱਤੇ ਸਵਾਰ ਹੋਇਆ ਅਤੇ ਉਸ ਦੇ ਦੋ ਨੌਕਰ ਉਸ ਦੇ ਨਾਲ ਸਨ । 23ਅਤੇ ਗਧੀ ਨੇ ਯਹੋਵਾਹ ਦੇ ਦੂਤ ਨੂੰ ਰਸਤੇ ਵਿੱਚ ਹੱਥ ਵਿੱਚ ਤਲਵਾਰ ਫੜ੍ਹੀ, ਖੜ੍ਹਾ ਵੇਖਿਆ । ਤਾਂ ਗਧੀ ਰਾਹ ਤੋਂ ਮੁੜ ਕੇ ਖੇਤ ਵਿੱਚ ਨੂੰ ਹੋ ਗਈ ਅਤੇ ਬਿਲਆਮ ਨੇ ਗਧੀ ਨੂੰ ਮਾਰਿਆ ਕਿਉਂ ਜੋ ਉਹ ਨੂੰ ਰਾਹ ਤੋਂ ਮੁੜ ਗਈ ਸੀ । 24ਤਦ ਯਹੋਵਾਹ ਦਾ ਦੂਤ ਅੰਗੂਰ ਦੇ ਬਾਗ ਵਿੱਚ ਉਸ ਭੀੜੇ ਰਾਹ ਵਿੱਚ ਖੜ੍ਹਾ ਸੀ ਜਿੱਥੇ ਦੋਵੇਂ ਪਾਸੇ ਕੰਧ ਸੀ । 25ਜਦੋਂ ਗਧੀ ਨੇ ਯਹੋਵਾਹ ਦੇ ਦੂਤ ਨੂੰ ਦੇਖਿਆ ਤਾਂ ਉਹ ਕੰਧ ਨਾਲ ਜਾ ਲੱਗੀ ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫੇਰ ਉਹ ਨੂੰ ਮਾਰਿਆ । 26ਯਹੋਵਾਹ ਦਾ ਦੂਤ ਫੇਰ ਇੱਕ ਵਾਰ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਖੜ੍ਹਾ ਹੋ ਗਿਆ ਜਿਸ ਤੋਂ ਸੱਜੇ ਖੱਬੇ ਮੁੜਨ ਨੂੰ ਕੋਈ ਰਾਹ ਨਹੀਂ ਸੀ । 27ਜਦ ਗਧੀ ਨੇ ਯਹੋਵਾਹ ਦੇ ਦੂਤ ਨੂੰ ਵੇਖਿਆ ਤਾਂ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਦਾ ਕ੍ਰੋਧ ਭੜਕ ਉੱਠਿਆ, ਫਿਰ ਓਸ ਆਪਣੀ ਲਾਠੀ ਨਾਲ ਗਧੀ ਨੂੰ ਮਾਰਿਆ । 28ਤਦ ਯਹੋਵਾਹ ਨੇ ਗਧੀ ਦੇ ਮੂੰਹ ਨੂੰ ਖੋਲ੍ਹਿਆ ਅਤੇ ਉਸ ਨੇ ਬਿਲਆਮ ਨੂੰ ਆਖਿਆ, ਮੈਂ ਤੇਰੇ ਨਾਲ ਕੀ ਕੀਤਾ ਕਿ ਤੂੰ ਮੈਨੂੰ ਤਿੰਨ ਵਾਰੀ ਮਾਰਿਆ ? 29ਤਾਂ ਬਿਲਆਮ ਨੇ ਗਧੀ ਨੂੰ ਆਖਿਆ, ਇਸ ਲਈ ਕਿ ਤੂੰ ਮੇਰੀ ਗੱਲ ਨੂੰ ਨਹੀਂ ਮੰਨਿਆ । ਜੇ ਮੇਰੇ ਹੱਥ ਵਿੱਚ ਤਲਵਾਰ ਹੁੰਦੀ ਤਾਂ ਤੈਨੂੰ ਹੁਣੇ ਹੀ ਵੱਢ ਸੁੱਟਦਾ । 30ਅੱਗੋਂ ਗਧੀ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੇਰੀ ਗਧੀ ਨਹੀਂ ਜਿਸ ਦੇ ਉੱਤੇ ਤੂੰ ਸਾਰੀ ਉਮਰ ਅੱਜ ਤੱਕ ਸਵਾਰੀ ਕੀਤੀ ਹੈ ? ਕੀ ਕਦੀ ਪਹਿਲਾਂ ਵੀ ਮੈਂ ਤੇਰੇ ਨਾਲ ਅਜਿਹਾ ਕੀਤਾ ਹੈ ? ਉਸ ਆਖਿਆ, ਨਹੀਂ । 31ਤਦ ਯਹੋਵਾਹ ਨੇ ਬਿਲਆਮ ਦੀਆਂ ਅੱਖਾਂ ਨੂੰ ਖੋਲ੍ਹੀਆਂ ਅਤੇ ਉਸ ਨੇ ਯਹੋਵਾਹ ਦੇ ਦੂਤ ਨੂੰ ਰਾਹ ਵਿੱਚ ਖੜ੍ਹੇ ਵੇਖਿਆ ਅਤੇ ਉਹ ਦੀ ਤਲਵਾਰ, ਉਹ ਦੇ ਹੱਥ ਵਿੱਚ ਸੀ ਤਾਂ ਉਹ ਆਪਣਾ ਸਿਰ ਨਿਵਾ ਕੇ ਉਸ ਦੇ ਅੱਗੇ ਝੁਕਿਆ । 32ਯਹੋਵਾਹ ਦੇ ਦੂਤ ਨੇ ਉਸ ਨੂੰ ਆਖਿਆ, ਤੂੰ ਕਿਉਂ ਆਪਣੀ ਗਧੀ ਨੂੰ ਤਿੰਨ ਵਾਰੀ ਮਾਰਿਆ ਹੈ ? ਵੇਖ, ਮੈਂ ਅੱਜ ਤੈਨੂੰ ਰੋਕਣ ਕਈ ਆਇਆ ਹਾਂ ਕਿਉਂ ਜੋ ਤੇਰਾ ਰਾਹ ਮੇਰੇ ਅੱਗੇ ਸਹੀ ਨਹੀਂ ਹੈ । 33ਗਧੀ ਨੇ ਮੈਨੂੰ ਵੇਖਿਆ ਅਤੇ ਮੇਰੇ ਵੱਲੋਂ ਤਿੰਨ ਵਾਰੀ ਮੁੜੀ । ਜੇ ਉਹ ਮੇਰੀ ਵੱਲੋਂ ਨਾ ਮੁੜਦੀ ਤਾਂ ਹੁਣ ਮੈਂ ਤੈਨੂੰ ਵੀ ਵੱਢ ਸੁੱਟਦਾ ਪਰ ਉਹ ਨੂੰ ਜੀਉਂਦੀ ਰਹਿਣ ਦਿੰਦਾ । 34ਤਾਂ ਬਿਲਆਮ ਨੇ ਯਹੋਵਾਹ ਦੇ ਦੂਤ ਨੂੰ ਆਖਿਆ ਕਿ ਮੈਂ ਪਾਪ ਕੀਤਾ ਕਿਉਂ ਜੋ ਮੈਂ ਨਹੀਂ ਜਾਣਦਾ ਸੀ ਕਿ ਤੂੰ ਰਾਹ ਵਿੱਚ ਮੇਰੇ ਵਿਰੁੱਧ ਖੜ੍ਹਾ ਹੈਂ ਅਤੇ ਹੁਣ ਜੇ ਮੈਂ ਤੇਰੀ ਨਿਗਾਹ ਵਿੱਚ ਬੁਰਿਆਈ ਕੀਤੀ ਤਾਂ ਮੈਂ ਮੁੜ ਜਾਂਵਾਂਗਾ । 35ਫੇਰ ਯਹੋਵਾਹ ਦੇ ਦੂਤ ਨੇ ਬਿਲਆਮ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨਾਲ ਜਾ ਪਰ ਜਿਹੜੀ ਗੱਲ ਮੈਂ ਤੇਰੇ ਨਾਲ ਬੋਲਾਂ ਉਹ ਹੀ ਗੱਲ ਤੂੰ ਬੋਲੀ ਤਦ ਬਿਲਆਮ ਬਾਲਾਕ ਦੇ ਹਾਕਮਾਂ ਨਾਲ ਚਲਿਆ ਗਿਆ ।

ਬਾਲਾਕ ਦੁਆਰਾ ਬਿਲਆਮ ਦਾ ਸਵਾਗਤ

36ਜਦ ਬਾਲਾਕ ਨੇ ਸੁਣਿਆ ਕਿ ਬਿਲਆਮ ਆ ਗਿਆ ਹੈ ਤਾਂ ਉਸ ਦੇ ਮਿਲਣ ਲਈ ਮੋਆਬ ਦੇ ਸ਼ਹਿਰ ਨੂੰ ਬਾਹਰ ਗਿਆ ਜਿਹੜਾ ਅਰਨੋਨ ਦੀਆਂ ਹੱਦਾਂ ਉੱਤੇ ਹੀ ਸੀ । 37ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਕੀ ਮੈਂ ਤੈਨੂੰ ਵੱਡੀ ਜ਼ਰੂਰਤ ਵਿੱਚ ਨਹੀਂ ਬੁਲਾਇਆ ? ਤੂੰ ਕਿਉਂ ਮੇਰੇ ਕੋਲ ਨਹੀਂ ਆਇਆ ? ਕੀ ਮੈਂ ਤੈਨੂੰ ਇੱਕ ਵੱਡਾ ਇਨਾਮ ਨਹੀਂ ਸੀ ਦੇ ਸਕਦਾ ? 38ਪਰ ਬਿਲਆਮ ਨੇ ਬਾਲਾਕ ਨੂੰ ਆਖਿਆ, ਵੇਖ, ਮੈਂ ਤੇਰੇ ਕੋਲ ਆ ਗਿਆ ਹਾਂ । ਕੀ ਮੈਂ ਆਪਣੀ ਸ਼ਕਤੀ ਨਾਲ ਕੋਈ ਵਾਕ ਬੋਲ ਸਕਦਾ ਹਾਂ ? ਜਿਹੜਾ ਵਾਕ ਪਰਮੇਸ਼ੁਰ ਮੇਰੇ ਮੂੰਹ ਵਿੱਚ ਪਾਵੇ ਉਹੀ ਮੈਂ ਬੋਲਾਂਗਾ । 39ਫੇਰ ਬਿਲਆਮ ਬਾਲਾਕ ਨਾਲ ਚੱਲਿਆ ਗਿਆ ਅਤੇ ਉਹ ਕਿਰਯਤ-ਹਸੋਥ ਵਿੱਚ ਆਏ । 40ਬਾਲਾਕ ਨੇ ਵੱਗਾਂ ਅਤੇ ਇੱਜੜਾਂ ਦੀਆਂ ਬਲੀਆਂ ਚੜ੍ਹਾਈਆਂ ਅਤੇ ਉਹ ਨੇ ਬਿਲਆਮ ਅਤੇ ਉਨ੍ਹਾਂ ਹਾਕਮਾਂ ਲਈ ਜਿਹੜੇ ਉਸ ਦੇ ਨਾਲ ਸਨ ਕੁਝ ਭੇਜਿਆ । 41ਤਦ ਸਵੇਰ ਨੂੰ ਅਜਿਹਾ ਹੋਇਆ ਕਿ ਬਾਲਾਕ ਬਿਲਆਮ ਨੂੰ ਲੈ ਕੇ ਬਆਲ ਦੀਆਂ ਉਚਿਆਈਆਂ ਉੱਤੇ ਉਸ ਨੂੰ ਲਿਆਇਆ ਜਿੱਥੋਂ ਉਸ ਨੇ ਪਰਜਾ ਦੀਆਂ ਸਰਹੱਦਾਂ ਨੂੰ ਵੇਖਿਆ ।

23

ਬਿਲਆਮ ਦਾ ਪਹਿਲਾ ਅਸੀਸ ਦਾ ਬਚਨ

1ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਬਲ਼ਦ ਤੇ ਸੱਤ ਭੇਡੂ ਤਿਆਰ ਕਰ । 2ਤਦ ਜਿਵੇਂ ਬਿਲਆਮ ਬੋਲਿਆ ਸੀ ਉਸੇ ਤਰ੍ਹਾਂ ਹੀ ਬਾਲਾਕ ਨੇ ਕੀਤਾ ਅਤੇ ਬਾਲਾਕ ਅਤੇ ਬਿਲਆਮ ਨੇ ਹਰ ਜਗਵੇਦੀ ਉੱਤੇ ਇੱਕ-ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ । 3ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਜਾਂਵਾਂਗਾ, ਸ਼ਾਇਦ ਯਹੋਵਾਹ ਮੈਨੂੰ ਮਿਲਣ ਆਵੇ । ਜਿਹੜੀ ਗੱਲ ਉਹ ਮੈਨੂੰ ਵਿਖਾਵੇਗਾ ਉਹ ਮੈਂ ਤੈਨੂੰ ਦੱਸਾਂਗਾ । ਤਦ ਉਹ ਇੱਕ ਪਰਬਤ ਉੱਤੇ ਗਿਆ । 4ਅਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ ਅਤੇ ਉਹ ਨੇ ਉਸ ਨੂੰ ਆਖਿਆ, ਮੈਂ ਉਨ੍ਹਾਂ ਸੱਤਾਂ ਜਗਵੇਦੀਆਂ ਨੂੰ ਸੁਆਰ ਕੇ ਰੱਖਿਆ ਹੈ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ਹੈ । 5ਤਦ ਯਹੋਵਾਹ ਨੇ ਇੱਕ ਵਾਕ ਬਿਲਆਮ ਦੇ ਮੂੰਹ ਵਿੱਚ ਪਾਇਆ ਅਤੇ ਆਖਿਆ, ਬਾਲਾਕ ਦੇ ਕੋਲ ਜਾਂ ਕੇ ਇਸ ਤਰ੍ਹਾਂ ਬੋਲੀ । 6ਉਹ ਉਸ ਦੇ ਕੋਲ ਆਇਆ ਅਤੇ ਵੇਖੋ, ਉਹ ਆਪਣੀ ਹੋਮ ਬਲੀ ਲਈ ਖੜ੍ਹਾ ਸੀ ਅਤੇ ਉਹ ਦੇ ਨਾਲ ਮੋਆਬ ਦੇ ਸਾਰੇ ਪ੍ਰਧਾਨ ਸਨ । 7ਉਸ ਨੇ ਆਪਣਾ ਅਗੰਮ ਵਾਕ ਆਖਿਆ,

ਅਰਾਮ ਤੋਂ ਬਾਲਾਕ ਮੈਨੂੰ ਲਿਆਇਆ,

ਮੋਆਬ ਦਾ ਰਾਜਾ ਪੁਰਬ ਦੇ ਪਹਾੜ ਤੋਂ,

ਆ, ਮੇਰੇ ਲਈ ਯਾਕੂਬ ਨੂੰ ਸਰਾਪ ਦੇ, ਅਤੇ ਆ,

ਇਸਰਾਏਲ ਨੂੰ ਘਟਾ !

8ਮੈਂ ਕਿਵੇਂ ਉਹ ਨੂੰ ਫਿਟਕਾਰਾਂ, ਜਿਸ ਨੂੰ ਪਰਮੇਸ਼ੁਰ ਨੇ ਨਹੀਂ ਫਿਟਕਾਰਿਆ ? ਅਤੇ

ਮੈਂ ਕਿਵੇਂ ਉਹ ਨੂੰ ਘਟਾਵਾਂ,

ਜਿਸ ਨੂੰ ਯਹੋਵਾਹ ਨੇ ਨਹੀਂ ਘਟਾਇਆ ?

9ਚਟਾਨ ਦੀਆਂ ਟੀਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ,

ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ ।

ਇਹ ਪਰਜਾ ਇਕੱਲੀ ਵੱਸਦੀ ਹੈ,

ਅਤੇ ਕੌਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਨਹੀਂ ਗਿਣਦੀ ।

10ਯਾਕੂਬ ਦੀ ਧੂੜ ਦੇ ਕਿਣਕਿਆਂ ਨੂੰ ਕਿਸ ਨੇ ਗਿਣਿਆ ?

ਜਾਂ ਕਿਸ ਨੇ ਇਸਰਾਏਲ ਦੀ ਚੌਥਾਈ ਦੀ ਗਿਣਤੀ ਕੀਤੀ ?

ਮੈਂ ਧਰਮੀਆਂ ਦੀ ਮੌਤ ਦੀ ਤਰ੍ਹਾਂ ਮਰਾਂ,

ਅਤੇ ਮੇਰਾ ਅੰਤ ਉਸ ਵਰਗਾ ਹੋਵੇ !

11ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਤੂੰ ਮੇਰੇ ਨਾਲ ਕੀ ਕੀਤਾ ? ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਲਿਆਂਦਾ ਅਤੇ ਵੇਖ, ਤੂੰ ਉਨ੍ਹਾਂ ਨੂੰ ਬਰਕਤ ਹੀ ਬਰਕਤ ਦੇ ਦਿੱਤੀ ! 12ਉਸ ਨੇ ਉੱਤਰ ਦਿੱਤਾ, ਕੀ ਮੈਂ ਉਸ ਵਾਕ ਨੂੰ ਨਾ ਮੰਨਾ ਜਿਹੜਾ ਯਹੋਵਾਹ ਨੇ ਮੇਰੇ ਮੂੰਹ ਵਿੱਚ ਪਾਇਆ ?

ਬਿਲਆਮ ਦਾ ਦੂਸਰਾ ਅਸੀਸ ਦਾ ਬਚਨ

13ਤਾਂ ਬਾਲਾਕ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਦੂਜੇ ਥਾਂ ਨੂੰ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਵੇਖੇਂ । ਤੂੰ ਉਨ੍ਹਾਂ ਦਾ ਬਾਹਰਲਾ ਹਿੱਸਾ ਹੀ ਵੇਖੇਂ ਪਰ ਉਨ੍ਹਾਂ ਨੂੰ ਸਾਰਾ ਨਾ ਵੇਖੇਂ ਅਤੇ ਉੱਥੋਂ ਉਨ੍ਹਾਂ ਨੂੰ ਮੇਰੇ ਲਈ ਸਰਾਪ ਦੇ । 14ਫੇਰ ਉਹ ਉਸ ਨੂੰ ਸੋਫ਼ੀਮ ਦੇ ਮੈਦਾਨ ਵਿੱਚ ਜਿਹੜੀ ਪਿਸਗਾਹ ਦੀ ਟੀਸੀ ਉੱਤੇ ਹੈ ਲੈ ਗਿਆ ਅਤੇ ਉਹ ਨੇ ਸੱਤ ਜਗਵੇਦੀਆਂ ਬਣਾ ਕੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ । 15ਤਾਂ ਉਸ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਇੱਥੇ ਖੜ੍ਹਾ ਹੋ ਜਾ ਜਦ ਤੱਕ ਮੈਂ ਯਹੋਵਾਹ ਨੂੰ ਉੱਥੇ ਨਾ ਮਿਲਾਂ । 16ਤਾਂ ਯਹੋਵਾਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਵਾਕ ਪਾਇਆ ਅਤੇ ਆਖਿਆ, ਬਾਲਾਕ ਨੂੰ ਜਾ ਕੇ ਇਸ ਤਰ੍ਹਾਂ ਬੋਲੀਂ । 17ਤਾਂ ਉਹ ਉਸ ਦੇ ਕੋਲ ਗਿਆ ਅਤੇ ਵੇਖੋ ਉਹ ਆਪਣੇ ਚੜ੍ਹਾਵੇ ਕੋਲ ਮੋਆਬ ਦੇ ਹਾਕਮਾਂ ਨਾਲ ਖੜ੍ਹਾ ਸੀ, ਤਾਂ ਬਾਲਾਕ ਨੇ ਉਸ ਨੂੰ ਆਖਿਆ, ਯਹੋਵਾਹ ਦਾ ਵਾਕ ਕੀ ਹੈ ? ਉਸ ਨੇ ਆਪਣਾ ਅਗੰਮ ਵਾਕ ਬੋਲਿਆ, 18ਹੇ ਬਾਲਾਕ, ਉੱਠ ਅਤੇ ਸੁਣ,

ਹੇ ਸਿੱਪੋਰ ਦੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਦੇ ।

19ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ,

ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ ।

ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ ?

ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ ?

20ਵੇਖੋ, ਮੈਨੂੰ ਬਰਕਤ ਦੇਣ ਦੀ ਆਗਿਆ ਹੋਈ ਹੈ,

ਉਸ ਨੇ ਬਰਕਤ ਦਿੱਤੀ, ਇਸ ਨੂੰ ਮੈਂ ਮੋੜ ਨਹੀਂ ਸਕਦਾ ।

21ਉਸ ਨੇ ਯਾਕੂਬ ਵਿੱਚ ਬੁਰਿਆਈ ਨਹੀਂ ਦੇਖੀ,

ਨਾ ਇਸਰਾਏਲ ਵਿੱਚ ਚਲਾਕੀ ਵੇਖੀ ।

ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ,

ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ ।

22ਪਰਮੇਸ਼ੁਰ ਉਹ ਨੂੰ ਮਿਸਰ ਤੋਂ ਲਿਆ ਰਿਹਾ ਹੈ,

ਉਹਨਾਂ ਵਿੱਚ ਸਾਨ੍ਹ ਜਿਨ੍ਹਾਂ ਜ਼ੋਰ ਹੈ ।

23ਯਾਕੂਬ ਉੱਤੇ ਜਾਦੂ ਨਹੀਂ ਚੱਲਦਾ,

ਨਾ ਇਸਰਾਏਲ ਉੱਤੇ ਟੂਣਾ ।

ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ,

ਪਰਮੇਸ਼ੁਰ ਨੇ ਕੀ ਕੀਤਾ !

24ਇਹ ਪਰਜਾ ਸ਼ੇਰਨੀ ਵਾਂਗੂੰ ਉੱਠੇਗੀ,

ਅਤੇ ਸ਼ੇਰ ਵਾਂਗੂੰ ਆਪਣੇ ਆਪ ਨੂੰ ਖੜ੍ਹਾ ਕਰੇਗੀ,

ਉਹ ਨਹੀਂ ਲੇਟੇਗੀ ਜਦ ਤੱਕ ਸ਼ਿਕਾਰ ਨਾ ਖਾ ਲਵੇ,

ਅਤੇ ਸ਼ਿਕਾਰ ਦਾ ਲਹੂ ਨਾ ਪੀ ਲਵੇ ।

25ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਉਹ ਨੂੰ ਸਰਾਪ ਦੇ ਅਤੇ ਨਾ ਉਹ ਨੂੰ ਬਰਕਤ ਹੀ ਦੇ ! 26ਪਰ ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, ਕੀ ਮੈਂ ਤੈਨੂੰ ਨਹੀਂ ਦੱਸਿਆ ਕਿ ਜੋ ਕੁਝ ਯਹੋਵਾਹ ਮੈਨੂੰ ਆਖਦਾ ਹੈ ਮੈਨੂੰ ਉਹੀ ਕਰਨਾ ਪੈਂਦਾ ਹੈ ?

ਬਿਲਆਮ ਦਾ ਤੀਸਰਾ ਅਸੀਸ ਦਾ ਬਚਨ

27ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਚੱਲ, ਮੈਂ ਤੈਨੂੰ ਇੱਕ ਹੋਰ ਥਾਂ ਲੈ ਜਾਂਵਾਂ । ਸ਼ਾਇਦ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਲੱਗੇ ਕਿ ਤੂੰ ਉੱਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇਵੇਂ । 28ਤਾਂ ਬਾਲਾਕ ਬਿਲਆਮ ਨੂੰ ਪੇਓਰ ਦੀ ਟੀਸੀ ਉੱਤੇ ਲੈ ਗਿਆ ਜਿਹੜੀ ਹੇਠਾਂ ਦੇ ਵੱਲ ਝੁੱਕੀ ਹੋਈ ਸੀ । 29ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਇੱਥੇ ਸੱਤ ਬਲ਼ਦ ਅਤੇ ਸੱਤ ਭੇਡੂ ਤਿਆਰ ਕਰ । 30ਤਾਂ ਬਾਲਾਕ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਬਿਲਆਮ ਨੇ ਆਖਿਆ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ ।

24

1ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਉਹ ਪਹਿਲਾਂ ਕਦੀਂ ਕਦਾਈਂ ਜਾਦੂਗਰਾਂ ਨਾਲ ਮਿਲਣ ਲਈ ਜਾਂਦਾ ਸੀ, ਨਾ ਗਿਆ ਪਰ ਉਸ ਉਜਾੜ ਦੀ ਵੱਲ ਚਲਿਆ ਗਿਆ । 2ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ । 3ਤਦ ਉਸ ਆਪਣਾ ਅਗੰਮ ਵਾਕ ਆਖਿਆ,

ਬਓਰ ਦੇ ਪੁੱਤਰ ਬਿਲਆਮ ਦਾ ਵਾਕ,

ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ ।

4ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ,

ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ,

ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।

5ਹੇ ਯਾਕੂਬ, ਤੇਰੇ ਤੰਬੂ ਕਿੰਨੇ ਚੰਗੇ ਹਨ !

ਹੇ ਇਸਰਾਏਲ, ਤੇਰੇ ਵਾਸ ਵੀ !

6ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ,

ਨਹਿਰ ਦੇ ਉੱਤੇ ਦੇ ਬਾਗਾਂ ਵਾਂਗੂੰ ਹਨ,

ਯਹੋਵਾਹ ਦੇ ਲਾਏ ਹੋਏ ਅਗਰ ਦੇ ਰੁੱਖਾਂ ਵਾਂਗੂੰ,

ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਗੂੰ,

7ਉਸ ਦਾ ਪਾਣੀ ਉਮੜ ਕੇ ਵਗੇਗਾ,

ਅਤੇ ਉਸ ਦਾ ਬੀਜ ਬਹੁਤ ਪਾਣੀਆਂ ਵਿੱਚ ਹੋਵੇਗਾ,

ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ,

ਉਸ ਦਾ ਰਾਜ ਵਧਦਾ ਜਾਵੇਗਾ ।

8ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ,

ਜਿਹਨਾਂ ਦਾ ਜ਼ੋਰ ਸਾਨ੍ਹ ਹੈ,

ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ,

ਉਨ੍ਹਾਂ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰੇਗਾ,

ਅਤੇ ਉਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ ।

9ਉਹ ਚੁੱਪ ਬੈਠਾ ਹੈ, ਉਹ ਸ਼ੇਰ ਵਾਂਗੂੰ ਲੇਟਿਆ,

ਅਤੇ ਸ਼ੇਰਨੀ ਵਾਂਗੂੰ, ਕੌਣ ਉਹ ਨੂੰ ਛੇੜੇਗਾ ?

ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ,

ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ !

10ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਸੱਦਿਆ ਅਤੇ ਵੇਖ, ਤੂੰ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ । 11ਹੁਣ ਆਪਣੇ ਘਰ ਚਲਿਆ ਜਾ ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਇਨਾਮ ਲੈਣ ਤੋਂ ਮਨ੍ਹਾਂ ਕੀਤਾ । 12ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਸੰਦੇਸ਼ਵਾਹਕਾਂ ਨੂੰ ਜਿਹੜੇ ਤੂੰ ਮੇਰੇ ਕੋਲ ਭੇਜੇ ਸਨ ਨਹੀਂ ਆਖਿਆ ਸੀ । 13ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾਂ ਬੁਰਾ ਕਰਾਂ ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ ।

ਬਿਲਆਮ ਦੇ ਅੰਤਿਮ ਅਸੀਸ ਦੇ ਬਚਨ

14ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ । ਆ, ਮੈਂ ਤੈਨੂੰ ਦੱਸਾਂਗਾ ਕਿ ਇਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ । 15ਫੇਰ ਉਸ ਆਪਣਾ ਅਗੰਮ ਵਾਕ ਆਖਿਆ,

ਬਓਰ ਦੇ ਪੁੱਤਰ ਬਿਲਆਮ ਦਾ ਵਾਕ,

ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ,

16ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ,

ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ,

ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ,

ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।

17ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ,

ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ ।

ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ ।

ਉਹ ਮੋਆਬ ਦੀਆਂ ਸਰਹੱਦਾਂ ਨੂੰ ਚੂਰ-ਚੂਰ ਕਰੇਗਾ,

ਅਤੇ ਸਾਰੇ ਦੰਗਾ ਕਰਨ ਵਾਲਿਆ ਨੂੰ ਸੁੱਟੇਗਾ ।

18ਅਦੋਮ ਉਹ ਦੀ ਸੰਪਤੀ ਹੋਵੇਗਾ,

ਅਤੇ ਸੇਈਰ ਵੀ ਉਹ ਦੀ ਸੰਪਤੀ ਹੋਵੇਗਾ,

ਜਿਹੜੇ ਉਹ ਦੇ ਵੈਰੀ ਹਨ,

ਅਤੇ ਇਸਰਾਏਲ ਸੂਰਬੀਰਤਾ ਦਿਖਾਉਂਦਾ ਜਾਵੇਗਾ ।

19ਯਾਕੂਬ ਤੋਂ ਉਹ ਰਾਜ ਕਰੇਗਾ,

ਅਤੇ ਸ਼ਹਿਰ ਦੇ ਸਾਰੇ ਬਚਿਆਂ ਹੋਇਆਂ ਨੂੰ ਵੀ ਨਾਸ ਕਰੇਗਾ ।

20ਫੇਰ ਉਸ ਨੇ ਅਮਾਲੇਕ ਨੂੰ ਦੇਖਿਆ ਅਤੇ ਆਪਣਾ ਅਗੰਮ ਵਾਕ ਆਖਿਆ,

ਅਮਾਲੇਕ ਕੌਮਾਂ ਵਿੱਚ ਪਹਿਲੀ ਸੀ,

ਪਰ ਉਸ ਦਾ ਅੰਤ ਤਾਂ ਨਸ਼ਟ ਹੀ ਹੋਣਾ ਹੈ ।

21ਫਿਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਆਖਿਆ,

ਤੇਰਾ ਵਸੇਰਾ ਸਥਿਰ ਤਾਂ ਹੈ,

ਅਤੇ ਤੇਰਾ ਆਲ੍ਹਣਾ ਚਟਾਨ ਵਿੱਚ ਤਾਂ ਹੈ,

22ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ,

ਜਦ ਤੱਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ ।

23ਉਸ ਨੇ ਫੇਰ ਆਪਣਾ ਅਗੰਮ ਵਾਕ ਆਖਿਆ,

ਹਾਏ ! ਪਰਮੇਸ਼ੁਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀਉਂਦਾ ਰਹੇਗਾ ?

24ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ,

ਅਤੇ ਅੱਸ਼ੂਰ ਅਤੇ ਏਬਰ ਨੂੰ ਦੁੱਖ ਦੇਣਗੇ,

ਪਰ ਉਹ ਵੀ ਨਸ਼ਟ ਹੋ ਜਾਵੇਗਾ ।

25ਤਾਂ ਬਿਲਆਮ ਉੱਠ ਕੇ ਚਲਾ ਗਿਆ ਅਤੇ ਆਪਣੇ ਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪੈ ਗਿਆ ।

25

ਇਸਰਾਏਲੀਆਂ ਦੁਆਰਾ ਵਿਭਚਾਰ

1ਜਦ ਇਸਰਾਏਲ ਸ਼ਿੱਟੀਮ ਵਿੱਚ ਵੱਸਦੇ ਸਨ, ਤਦ ਲੋਕ ਮੋਆਬ ਦੀਆਂ ਕੁੜੀਆਂ ਨਾਲ ਜ਼ਨਾਹ ਕਰਨ ਲੱਗ ਪਏ । 2ਜਦ ਉਨ੍ਹਾਂ ਨੇ ਲੋਕਾਂ ਨੂੰ ਆਪਣੇ ਦੇਵਤਿਆਂ ਦੀਆਂ ਬਲੀਆਂ ਉੱਤੇ ਬੁਲਾਇਆ ਤਾਂ ਲੋਕਾਂ ਨੇ ਖਾਧਾ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਮੱਥਾ ਵੀ ਟੇਕਿਆ । 3ਸੋ ਇਸਰਾਏਲ ਪਓਰ ਦੇ ਬਆਲ ਦੇਵਤੇ ਨਾਲ ਰਲ ਗਿਆ ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ । 4ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਲੋਕਾਂ ਦੇ ਸਾਰੇ ਮੁਖੀਆਂ ਨੂੰ ਲੈ ਕੇ ਯਹੋਵਾਹ ਦੇ ਅੱਗੇ ਧੁੱਪ ਵਿੱਚ ਟੰਗ ਦੇ ਤਾਂ ਜੋ ਯਹੋਵਾਹ ਦਾ ਕ੍ਰੋਧ ਇਸਰਾਏਲ ਤੋਂ ਟਲ ਜਾਵੇ । 5ਤਾਂ ਮੂਸਾ ਨੇ ਇਸਰਾਏਲ ਦੇ ਨਿਆਈਆਂ ਨੂੰ ਆਖਿਆ, ਹਰ ਇੱਕ ਆਪਣੇ ਮਨੁੱਖਾਂ ਨੂੰ ਜਿਹੜੇ ਬਆਲ ਪਓਰ ਨਾਲ ਰਲ ਗਏ ਹਨ ਵੱਢ ਸੁੱਟੇ !

6ਤਾਂ ਵੇਖੋ, ਮੂਸਾ ਅਤੇ ਸਾਰੀ ਇਸਰਾਏਲੀ ਮੰਡਲੀ ਦੇ ਵੇਖਦਿਆਂ ਜਦੋਂ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਰੋ ਰਹੇ ਸਨ ਇੱਕ ਇਸਰਾਏਲੀ ਮਨੁੱਖ ਇੱਕ ਮਿਦਯਾਨੀ ਇਸਤਰੀ ਨੂੰ ਲੈ ਆਇਆ । 7ਜਦ ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਵੇਖਿਆ ਤਾਂ ਮੰਡਲੀ ਦੇ ਤੰਬੂ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਇੱਕ ਨੇਜ਼ਾ ਲਿਆ । 8ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ । 9ਉਸ ਬਵਾ ਨਾਲ ਚੌਵੀ ਹਜ਼ਾਰ ਮਰ ਗਏ ਸਨ ।

10ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 11ਹਾਰੂਨ ਜਾਜਕ ਦੇ ਪੋਤੇ ਅਲਆਜ਼ਾਰ ਦੇ ਪੁੱਤਰ ਫ਼ੀਨਹਾਸ ਨੇ ਮੇਰੇ ਕ੍ਰੋਧ ਨੂੰ ਇਸਰਾਏਲੀਆਂ ਤੋਂ ਟਾਲ ਦਿੱਤਾ ਹੈ । ਜਦ ਉਹ ਉਨ੍ਹਾਂ ਵਿੱਚ ਮੇਰੀ ਅਣਖ ਕਾਰਨ ਅਣਖੀ ਹੋਇਆ ਤਾਂ ਹੀ ਮੈਂ ਇਸਰਾਏਲੀਆਂ ਦਾ ਆਪਣੀ ਅਣਖ ਦੇ ਕਾਰਨ ਨਾਸ਼ ਨਹੀਂ ਕੀਤਾ । 12ਇਸ ਲਈ ਆਖ, ਕਿ ਵੇਖ, ਮੈਂ ਉਸ ਨੂੰ ਆਪਣੀ ਸ਼ਾਂਤੀ ਦਾ ਨੇਮ ਦਿੰਦਾ ਹਾਂ । 13ਅਤੇ ਉਹ ਉਸ ਲਈ ਅਤੇ ਉਸ ਦੇ ਬਾਅਦ ਵਾਲੀ ਅੰਸ ਲਈ ਸਦਾ ਦੀ ਜਾਜਕਾਈ ਦਾ ਨੇਮ ਹੋਵੇਗਾ ਕਿਉਂ ਜੋ ਉਹ ਆਪਣੇ ਪਰਮੇਸ਼ੁਰ ਲਈ ਅਣਖੀ ਹੋਇਆ ਅਤੇ ਇਸਰਾਏਲੀਆਂ ਲਈ ਪਰਾਸਚਿਤ ਕੀਤਾ ।

14ਉਸ ਇਸਰਾਏਲੀ ਮਨੁੱਖ ਦਾ ਨਾਮ ਜ਼ਿਮਰੀ ਸੀ ਜੋ ਮਿਦਯਾਨੀ ਇਸਤਰੀ ਨਾਲ ਮਾਰਿਆ ਗਿਆ । ਉਹ ਸ਼ਿਮਓਨੀਆਂ ਵਿੱਚੋਂ ਆਪਣੇ ਪਿਤਾ ਦੇ ਪਰਿਵਾਰ ਦਾ ਪ੍ਰਧਾਨ ਸਾਲੂ ਦਾ ਪੁੱਤਰ ਸੀ । 15ਅਤੇ ਉਸ ਮਿਦਯਾਨੀ ਇਸਤਰੀ ਦਾ ਨਾਮ ਜਿਹੜੀ ਮਾਰੀ ਗਈ ਸੂਰ ਦੀ ਧੀ ਕਾਜ਼ਬੀ ਸੀ, ਅਤੇ ਉਹ ਆਪਣੇ ਪਿਤਾ ਦੇ ਪਰਿਵਾਰ ਵਿੱਚ ਮਿਦਯਾਨ ਦੇ ਲੋਕਾਂ ਦਾ ਮੁਖੀਆ ਸੀ ।

16ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ, 17ਮਿਦਯਾਨੀਆਂ ਨੂੰ ਸਤਾਓ ਅਤੇ ਉਨ੍ਹਾਂ ਨੂੰ ਜਾਨੋਂ ਮਾਰੋ । 18ਕਿਉਂ ਜੋ ਉਹ ਤੁਹਾਨੂੰ ਆਪਣੇ ਛਲਾਂ ਨਾਲ ਸਤਾਉਂਦੇ ਹਨ, ਜਿਵੇਂ ਪਓਰ ਦੀ ਗੱਲ ਵਿੱਚ ਅਤੇ ਉਨ੍ਹਾਂ ਦੀ ਭੈਣ ਮਿਦਯਾਨ ਪ੍ਰਧਾਨ ਦੀ ਧੀ ਕਾਜ਼ਬੀ ਦੀ ਗੱਲ ਵਿੱਚ ਜਿਹੜੀ ਬਵਾ ਦੇ ਦਿਨ ਪਓਰ ਦੀ ਗੱਲ ਦੇ ਕਾਰਨ ਮਾਰੀ ਗਈ ।

26

ਇਸਰਾਏਲੀਆਂ ਦੀ ਦੂਸਰੀ ਮਰਦਸ਼ੁਮਾਰੀ

1ਬਵਾ ਦੇ ਮਗਰੋਂ ਅਜਿਹਾ ਹੋਇਆ ਕਿ ਯਹੋਵਾਹ ਨੇ ਮੂਸਾ ਅਤੇ ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਨੂੰ ਆਖਿਆ, 2ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਸਾਲ ਅਤੇ ਉੱਪਰ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸਰਾਏਲ ਵਿੱਚ ਯੁੱਧ ਕਰਨ ਯੋਗ ਹਨ । 3ਤਦ ਮੂਸਾ ਅਤੇ ਅਲਆਜ਼ਾਰ ਜਾਜਕ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ, ਉਨ੍ਹਾਂ ਨੂੰ ਬੋਲੇ, 4ਵੀਹ ਸਾਲ ਅਤੇ ਉੱਪਰ ਦੇ ਮਨੁੱਖਾਂ ਦੀ ਗਿਣਤੀ ਕਰੋ ਜਿਵੇਂ ਯਹੋਵਾਹ ਨੇ ਮੂਸਾ ਅਤੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਉਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ ।

5ਰਊਬੇਨ ਇਸਰਾਏਲ ਦਾ ਪਹਿਲੌਠਾ । ਰਊਬੇਨ ਦੇ ਪੁੱਤਰ, ਹਨੋਕ ਤੋਂ ਹਨੋਕੀਆਂ ਦਾ ਪਰਿਵਾਰ, ਪੱਲੂ ਤੋਂ ਪੱਲੂਆਂ ਦਾ ਪਰਿਵਾਰ, ਹਸਰੋਨ ਤੋਂ ਹਸਰੋਨੀਆਂ ਦਾ ਪਰਿਵਾਰ, 6ਕਰਮੀ ਤੋਂ ਕਰਮੀਆਂ ਦਾ ਪਰਿਵਾਰ 7ਇਹ ਰਊਬੇਨੀਆਂ ਦੇ ਪਰਿਵਾਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਉਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ । 8ਅਤੇ ਪੱਲੂ ਦਾ ਪੁੱਤਰ ਅਲੀਆਬ ਸੀ । 9ਅਤੇ ਅਲੀਆਬ ਦੇ ਪੁੱਤਰ ਨਮੂਏਲ, ਦਾਥਾਨ ਅਤੇ ਅਬੀਰਾਮ ਸਨ । ਇਹ ਉਹ ਦਾਥਾਨ ਅਤੇ ਅਬੀਰਾਮ ਸਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਝਗੜਾ ਕਰ ਰਹੇ ਸਨ ਜਦ ਉਹ ਯਹੋਵਾਹ ਦੇ ਵਿਰੁੱਧ ਝਗੜਦੇ ਸਨ । 10ਉਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਕੋਰਹ ਨਾਲ ਨਿਗਲ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ, ਤਾਂ ਉਹ ਇੱਕ ਨਿਸ਼ਾਨ ਹੋ ਗਏ । 11ਪਰ ਕੋਰਹ ਦੇ ਪੁੱਤਰ ਨਹੀਂ ਮਰੇ ।

12ਸ਼ਿਮਓਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਨਮੂਏਲ ਤੋਂ ਨਮੁਏਲੀਆਂ ਦਾ ਪਰਿਵਾਰ, ਯਮੀਨ ਤੋਂ ਯਮੀਨੀਆਂ ਦਾ ਪਰਿਵਾਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ, 13ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਉਲ ਤੋਂ ਸ਼ਾਉਲੀਆਂ ਦਾ ਟੱਬਰ 14ਇਹ ਸ਼ਿਮੋਓਨੀਆਂ ਦੇ ਟੱਬਰ ਹਨ ਅਤੇ ਉਹ ਬਾਈ ਹਜ਼ਾਰ ਦੋ ਸੌ ਸਨ ।

15ਗਾਦ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਫ਼ੋਨ ਤੋਂ ਸਫ਼ੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ, 16ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ, 17ਅਰੋਦ ਤੋਂ ਅਰੋਦੀਆਂ ਦਾ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ, 18ਇਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਇਹ ਚਾਲ੍ਹੀ ਹਜ਼ਾਰ ਪੰਜ ਸੌ ਸਨ ।

19ਯਹੂਦਾਹ ਦੇ ਪੁੱਤਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ । 20ਯਹੂਦਾਹ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, 21ਪਰਸ ਦੇ ਪੁੱਤਰ ਇਹ ਸਨ, ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਮੂਲ ਤੋਂ ਹਮੂਲੀਆਂ ਦਾ ਟੱਬਰ, 22ਇਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਉਹ ਛਿਹੱਤਰ ਹਜ਼ਾਰ ਪੰਜ ਸੌ ਸਨ ।

23ਯਿੱਸਾਕਾਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਤੋਲਾ ਤੋਂ ਤੋਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ 24ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ 25ਇਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਉਹ ਚੌਹਟ ਹਜ਼ਾਰ ਤਿੰਨ ਸੌ ਸਨ ।

26ਜ਼ਬੂਲੁਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ 27ਇਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਸੱਠ ਹਜ਼ਾਰ ਪੰਜ ਸੌ ਸਨ ।

28ਯੂਸੁਫ਼ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਤੇ ਅਫ਼ਰਈਮ 29ਮਨੱਸ਼ਹ ਦੇ ਪੁੱਤਰ, ਮਾਕੀਰ ਤੋਂ ਮਾਕੀਰੀਆਂ ਦਾ ਟੱਬਰ, ਅਤੇ ਮਾਕੀਰ ਤੋਂ ਗਿਲਆਦ ਜੰਮਿਆ, ਗਿਲਆਦੀਆਂ ਦਾ ਟੱਬਰ 30ਇਹ ਗਿਲਆਦ ਦੇ ਪੁੱਤਰ, ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ 31ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ 32ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਅਤੇ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ 33ਅਤੇ ਸਲਾਫ਼ਹਾਦ ਹੇਫਰ ਦੇ ਪੁੱਤਰ ਕੋਲ ਪੁੱਤਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ ਅਤੇ ਤਿਰਸਾਹ ਸਨ । 34ਇਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਸਨ ।

35ਅਫ਼ਰਈਮ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ ਇਹ ਸਨ, ਸ਼ੁਥਲਹ ਤੋਂ ਸ਼ੁਥਲਹੀਆਂ ਦਾ ਟੱਬਰ, ਬਕਰ ਤੋਂ ਬਕਰੀਆਂ ਦਾ ਟੱਬਰ, ਬਹਨ ਤੋਂ ਬਹਨੀਆਂ ਦਾ ਟੱਬਰ 36ਅਤੇ ਇਹ ਸ਼ੁਥਲਹ ਦੇ ਪੁੱਤਰ ਸਨ, ਏਰਾਨ ਤੋਂ ਏਰਾਨੀਆਂ ਦਾ ਟੱਬਰ, 37ਇਹ ਅਫ਼ਰਈਮ ਦੇ ਪੁੱਤਰਾਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਬੱਤੀ ਹਜ਼ਾਰ ਪੰਜ ਸੌ ਸਨ । ਇਹ ਯੂਸੁਫ਼ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ।

38ਬਿਨਯਾਮੀਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਬਲਾ ਤੋਂ ਬਲੀਆਂ ਦਾ ਟੱਬਰ ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ, 39ਸ਼ਫੂਫਾਮ ਤੋਂ ਸ਼ਫੂਫ਼ਾਮੀਆਂ ਦਾ ਟੱਬਰ, ਹੂਫ਼ਾਮ ਤੋਂ ਹੂਫ਼ਾਮੀਆਂ ਟੱਬਰ 40ਅਤੇ ਬਲਾ ਦੇ ਪੁੱਤਰ ਅਰਦ ਅਤੇ ਨਆਮਾਨ ਸਨ । ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ 41ਇਹ ਬਿਨਯਾਮੀਨ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੰਤਾਲੀ ਹਜ਼ਾਰ ਛੇ ਸੌ ਸਨ ।

42ਦਾਨ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਸ਼ੂਹਾਮ ਤੋਂ ਸ਼ੂਹਾਮੀਆਂ ਦਾ ਟੱਬਰ, ਇਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ । 43ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਟ ਹਜ਼ਾਰ ਚਾਰ ਸੌ ਸਨ ।

44ਆਸ਼ੇਰ ਦੇ ਪੁੱਤਰ ਆਪਣਿਆਂ ਟੱਬਰਾਂ ਅਨੁਸਾਰ, ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰੀਯਾਹ ਤੋਂ ਬਰੀਈਆਂ ਦਾ ਟੱਬਰ 45ਬਰੀਯਾਹ ਦੇ ਪੁੱਤਰ ਤੋਂ, ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ 46ਅਤੇ ਆਸ਼ੇਰ ਦੀ ਧੀ ਦਾ ਨਾਮ ਸਾਰਹ ਸੀ । 47ਇਹ ਆਸ਼ੇਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਉਹ ਤਿਰਵੰਜਾ ਹਜ਼ਾਰ ਚਾਰ ਸੌ ਸਨ ।

48ਨਫ਼ਤਾਲੀ ਦੇ ਪੁੱਤਰ ਉਨ੍ਹਾਂ ਦੇ ਟੱਬਰਾਂ ਅਨੁਸਾਰ, ਯਸਹਏਲ ਤੋਂ ਯਸਹਏਲੀਆਂ ਦਾ ਟੱਬਰ, ਗੂਨੀ ਤੋਂ ਗੁਨੀਆਂ ਦਾ ਟੱਬਰ 49ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ 50ਇਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ ।

51ਇਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ ।

52ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 53ਇਨ੍ਹਾਂ ਦੀ ਜ਼ਮੀਨ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ 54ਬਹੁਤਿਆਂ ਲਈ ਤੂੰ ਵੱਡੀ ਜ਼ਮੀਨ ਦੇਈਂ । ਅਤੇ ਥੋੜ੍ਹਿਆਂ ਲਈ ਛੋਟੀ ਜ਼ਮੀਨ ਦੇਈਂ । ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਜ਼ਮੀਨ ਦਿੱਤੀ ਜਾਵੇ । 55ਤਾਂ ਵੀ ਚਿੱਠੀਆਂ ਪਾ ਕੇ ਧਰਤੀ ਵੰਡੀ । ਉਨ੍ਹਾਂ ਦੇ ਪਿਉ-ਦਾਦਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਉਹ ਜ਼ਮੀਨ ਲੈਣ । 56ਚਿੱਠੀ ਪਾਉਣ ਨਾਲ ਜ਼ਮੀਨ ਬਹੁਤਿਆਂ ਅਤੇ ਥੋੜ੍ਹਿਆਂ ਵਿੱਚ ਵੰਡੀ ਜਾਵੇ ।

57ਇਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ, ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ, ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ 58ਇਹ ਲੇਵੀ ਦੇ ਟੱਬਰ ਹਨ, ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੁਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ 59ਅਤੇ ਅਮਰਾਮ ਦੀ ਪਤਨੀ ਦਾ ਨਾਮ ਯੋਕਬਦ ਸੀ ਅਤੇ ਉਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜੰਮੀ ਅਤੇ ਉਹ ਅਮਰਾਮ ਲਈ ਹਾਰੂਨ ਅਤੇ ਮੂਸਾ ਅਤੇ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ । 60ਅਤੇ ਹਾਰੂਨ ਲਈ ਨਾਦਾਬ, ਅਬੀਹੂ, ਅਲਆਜ਼ਾਰ, ਈਥਾਮਾਰ ਜੰਮੇ । 61ਅਤੇ ਨਾਦਾਬ ਅਤੇ ਅਬੀਹੂ ਮਰ ਗਏ ਜਦ ਉਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ । 62ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਆਦਮੀ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ । ਉਹ ਇਸਰਾਏਲੀਆਂ ਵਿੱਚ ਇਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਜ਼ਮੀਨ ਨਹੀਂ ਦਿੱਤੀ ਗਈ ।

63ਇਹ ਉਹ ਹਨ ਜਿਹੜੇ ਮੂਸਾ ਅਤੇ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ । 64ਪਰ ਇਨ੍ਹਾਂ ਵਿੱਚ, ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਤੇ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ । 65ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਉਹ ਉਜਾੜ ਵਿੱਚ ਜ਼ਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦੇ ਪੁੱਤਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਵੀ ਬਚਿਆ ਨਾ ਰਿਹਾ ।

27

ਸਲਾਫ਼ਹਾਦ ਦੀਆਂ ਧੀਆਂ

1ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਟੱਬਰਾਂ ਵਿੱਚੋਂ ਸਲਾਫ਼ਹਾਦ ਜਿਹੜਾ ਹੇਫ਼ਰ ਦਾ ਪੁੱਤਰ ਗਿਲਆਦ ਦਾ ਪੋਤਾ ਮਕੀਰ ਦਾ ਪੜਪੋਤਾ ਅਤੇ ਮਨੱਸ਼ਹ ਦੀ ਅੰਸ਼ ਤੋਂ ਸੀ ਉਸ ਦੀਆਂ ਧੀਆਂ ਆਈਆਂ ਜਿਨ੍ਹਾਂ ਦੇ ਨਾਮ ਮਹਲਾਹ, ਨੋਆਹ, ਹਾਗਲਾਹ, ਮਿਲਕਾਹ, ਅਤੇ ਤਿਰਸਾਹ ਸਨ 2ਅਤੇ ਮੂਸਾ ਦੇ ਅੱਗੇ, ਅਲਆਜ਼ਾਰ ਜਾਜਕ, ਪ੍ਰਧਾਨਾਂ ਅਤੇ ਸਾਰੀ ਮੰਡਲੀ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵਿੱਚ ਖੜ੍ਹੇ ਹੋ ਕੇ ਆਖਿਆ, 3ਸਾਡਾ ਪਿਤਾ ਉਜਾੜ ਵਿੱਚ ਮਰ ਗਿਆ ਪਰ ਉਹ ਉਸ ਟੋਲੀ ਵਿੱਚ ਨਹੀਂ ਸੀ ਜਿਹੜੇ ਕੋਰਹ ਦੀ ਮੰਡਲੀ ਨਾਲ ਰਲ ਕੇ ਯਹੋਵਾਹ ਦੇ ਵਿਰੁੱਧ ਹੋ ਗਏ ਸਨ । ਉਹ ਤਾਂ ਆਪਣੇ ਹੀ ਪਾਪ ਨਾਲ ਮਰਿਆ ਅਤੇ ਉਸ ਦੇ ਪੁੱਤਰ ਨਹੀਂ ਸਨ । 4ਸਾਡੇ ਪਿਤਾ ਦਾ ਨਾਮ ਉਸ ਦੇ ਟੱਬਰ ਵਿੱਚੋਂ ਪੁੱਤਰ ਨਾ ਹੋਣ ਦੇ ਕਾਰਨ ਕਿਉਂ ਮਿਟਾਇਆ ਜਾਵੇ ? ਸਾਨੂੰ ਵੀ ਸਾਡੇ ਪਿਤਾ ਦੇ ਭਰਾਵਾਂ ਨਾਲ ਜ਼ਮੀਨ ਦਿਓ । 5ਤਾਂ ਮੂਸਾ ਉਨ੍ਹਾਂ ਦੀ ਬੇਨਤੀ ਨੂੰ ਯਹੋਵਾਹ ਅੱਗੇ ਲੈ ਗਿਆ । 6ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 7ਸਲਾਫ਼ਹਾਦ ਦੀਆਂ ਧੀਆਂ ਠੀਕ ਬੋਲਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਨਾਲ ਜ਼ਰੂਰ ਜਾਇਦਾਦ ਦੇ ਅਰਥਾਤ ਉਨ੍ਹਾਂ ਤੱਕ ਉਨ੍ਹਾਂ ਦੇ ਪਿਤਾ ਦੀ ਜ਼ਮੀਨ ਪਹੁੰਚਾ ਦੇ । 8ਤੂੰ ਇਸਰਾਏਲੀਆਂ ਨੂੰ ਬੋਲ ਕਿ ਜੇ ਕੋਈ ਮਨੁੱਖ ਮਰ ਜਾਵੇ ਅਤੇ ਉਸ ਦਾ ਪੁੱਤਰ ਨਾ ਹੋਵੇ ਤਾਂ ਉਸ ਦੀ ਜ਼ਮੀਨ ਉਸ ਦੀ ਧੀ ਨੂੰ ਦੇਵੋ । 9ਜੇ ਉਸ ਦੀ ਧੀ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਭਰਾਵਾਂ ਨੂੰ ਦਿਓ । 10ਜੇ ਉਸ ਦਾ ਭਰਾ ਨਾ ਹੋਵੇ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਪਿਤਾ ਦੇ ਭਰਾਵਾਂ ਨੂੰ ਦਿਓ । 11ਅਤੇ ਜੇ ਉਸ ਦੇ ਪਿਤਾ ਦੇ ਭਰਾ ਨਾ ਹੋਣ ਤਾਂ ਤੁਸੀਂ ਉਸ ਦੀ ਜ਼ਮੀਨ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਜਿਹੜੇ ਉਸ ਦੇ ਟੱਬਰ ਦੇ ਹੋਣ ਦਿਓ ਅਤੇ ਉਹ ਆਪਣੇ ਕਬਜ਼ੇ ਵਿੱਚ ਲੈਣ ਅਤੇ ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

ਮੂਸਾ ਦੇ ਸਥਾਨ ਤੇ ਯਹੋਸ਼ੂਆ

(ਬਿਵਸਥਾ ਸਾਰ 31:1-8)

12ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਤੂੰ ਇਸ ਅਬਾਰੀਮ ਨਾਮੀ ਪਹਾੜ ਉੱਤੇ ਚੜ੍ਹ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲੀਆਂ ਨੂੰ ਦਿੱਤੀ ਹੈ । 13ਜਦ ਤੂੰ ਉਹ ਨੂੰ ਵੇਖ ਲਿਆ ਤਾਂ ਤੂੰ ਵੀ ਆਪਣੇ ਲੋਕਾਂ ਵਿੱਚ ਜਾ ਰਲੇਗਾ ਜਿਵੇਂ ਹਾਰੂਨ ਤੇਰਾ ਭਰਾ ਜਾ ਰਲਿਆ ਹੈ । 14ਇਸ ਲਈ ਕਿ ਤੁਸੀਂ ਮੇਰੇ ਹੁਕਮ ਨੂੰ ਸੀਨਈ ਦੀ ਉਜਾੜ ਵਿੱਚ ਰੱਦਿਆ ਜਦ ਮੰਡਲੀ ਵਿਰੋਧੀ ਹੋ ਗਈ ਅਤੇ ਤੁਸੀਂ ਮੈਨੂੰ ਉਸ ਪਾਣੀ ਵਿਖੇ ਉਨ੍ਹਾਂ ਦੀਆਂ ਅੱਖਾਂ ਅੱਗੇ ਪਵਿੱਤਰ ਨਾ ਠਹਿਰਾਇਆ । ਉਹ ਮਰੀਬਾਹ ਦਾ ਪਾਣੀ ਸੀਨ ਦੀ ਉਜਾੜ ਵਿੱਚ ਕਾਦੇਸ਼ ਦੇ ਕੋਲ ਸੀ । 15ਫਿਰ ਮੂਸਾ ਨੇ ਯਹੋਵਾਹ ਨਾਲ ਗੱਲ ਕੀਤੀ 16ਕਿ ਯਹੋਵਾਹ ਜਿਹੜਾ ਸਾਰੇ ਸਰੀਰਾਂ ਦੀਆਂ ਆਤਮਾਂ ਦਾ ਪਰਮੇਸ਼ੁਰ ਹੈ ਕਿਸੇ ਮਨੁੱਖ ਨੂੰ ਮੰਡਲੀ ਉੱਤੇ ਠਹਿਰਾਵੇ । 17ਜਿਹੜਾ ਉਨ੍ਹਾਂ ਦੇ ਅੱਗੇ ਬਾਹਰ ਜਾਵੇ ਅਤੇ ਜਿਹੜਾ ਉਨ੍ਹਾਂ ਦੇ ਅੱਗੇ ਅੰਦਰ ਆਵੇ ਅਤੇ ਜਿਹੜਾ ਉਨ੍ਹਾਂ ਨੂੰ ਬਾਹਰ ਲੈ ਜਾਵੇ ਅਤੇ ਅੰਦਰ ਲੈ ਆਵੇ ਤਾਂ ਜੋ ਯਹੋਵਾਹ ਦੀ ਮੰਡਲੀ ਉਸ ਇੱਜੜ ਵਾਂਗੂੰ ਨਾ ਹੋਵੇ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ । 18ਅੱਗੋਂ ਯਹੋਵਾਹ ਨੇ ਮੂਸਾ ਨੂੰ ਆਖਿਆ, ਨੂਨ ਦੇ ਪੁੱਤਰ ਯਹੋਸ਼ੁਆ ਨੂੰ ਆਪਣੇ ਲਈ ਲੈ । ਉਹ ਇੱਕ ਮਨੁੱਖ ਹੈ ਜਿਸ ਦੇ ਵਿੱਚ ਆਤਮਾ ਹੈ ਅਤੇ ਤੂੰ ਆਪਣਾ ਹੱਥ ਉਸ ਉੱਤੇ ਰੱਖ । 19ਫੇਰ ਤੂੰ ਉਹ ਨੂੰ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕਰ ਕੇ ਉਨ੍ਹਾਂ ਦੇ ਵੇਖਦਿਆਂ ਤੇਂ ਉਹ ਨੂੰ ਅਧਿਕਾਰ ਦੇ । 20ਅਤੇ ਤੂੰ ਉਸ ਨੂੰ ਆਪਣੀ ਪਦਵੀ ਤੋਂ ਦੇ ਤਾਂ ਜੋ ਇਸਰਾਏਲ ਦੀ ਸਾਰੀ ਮੰਡਲੀ ਉਸ ਦੀ ਸੁਣੇ । 21ਅਤੇ ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ ਅਤੇ ਉਹ ਯਹੋਵਾਹ ਦੇ ਅੱਗੇ ਊਰੀਮ ਦਾ ਫ਼ੈਸਲਾ ਉਹ ਦੇ ਵਿਖੇ ਪੁੱਛੇ । ਉਸ ਦੇ ਹੁਕਮ ਉੱਤੇ ਉਹ ਸਾਰੇ ਇਸਰਾਏਲੀ ਅਰਥਾਤ ਸਾਰੀ ਮੰਡਲੀ ਬਾਹਰ ਜਾਵੇ ਅਤੇ ਉਸ ਦੇ ਹੁਕਮ ਉੱਤੇ ਅੰਦਰ ਆਵੇ । 22ਸੋ ਮੂਸਾ ਨੇ ਇਸੇ ਤਰ੍ਹਾਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ ਅਤੇ ਯਹੋਸ਼ੁਆ ਨੂੰ ਲੈ ਕੇ ਅਲਆਜ਼ਾਰ ਜਾਜਕ ਦੇ ਅੱਗੇ ਅਤੇ ਸਾਰੀ ਮੰਡਲੀ ਦੇ ਅੱਗੇ ਖੜ੍ਹਾ ਕੀਤਾ । 23ਫੇਰ ਉਹ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਇਖ਼ਤਿਆਰ ਦਿੱਤਾ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ ।

28

ਠਹਿਰਾਏ ਹੋਏ ਸਮਿਆਂ ਦੇ ਬਲੀਦਾਨ

(ਕੂਚ 29:38-46)

1ਯਹੋਵਾਹ ਨੇ ਮੂਸਾ ਨੂੰ ਆਖਿਆ, 2ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕੇ, ਉਨ੍ਹਾਂ ਨੂੰ ਆਖ ਕਿ ਮੇਰਾ ਚੜ੍ਹਾਵਾ ਅਰਥਾਤ ਮੇਰਾ ਭੋਜਨ ਅੱਗ ਦੀ ਭੇਟ ਲਈ, ਜਿਹੜੀ ਮੇਰੇ ਲਈ ਸੁਗੰਧਤਾ ਹੋਵੇ ਯਾਦ ਰੱਖੋ ਤਾਂ ਜੋ ਠਹਿਰਾਏ ਹੋਏ ਸਮੇਂ ਉੱਤੇ ਤੁਸੀਂ ਮੇਰੇ ਲਈ ਚੜ੍ਹਾਇਆ ਕਰੋ । 3ਅਤੇ ਤੂੰ ਉਨ੍ਹਾਂ ਨੂੰ ਆਖੀਂ, ਅੱਗ ਦੀ ਭੇਟ ਇਹ ਹੈ ਜਿਹੜੀ ਤੁਸੀਂ ਯਹੋਵਾਹ ਲਈ ਚੜ੍ਹਾਓ, ਇੱਕ ਸਾਲ ਦਾ ਭੇਡ ਦਾ ਬੱਚਾ ਜਿਹੜਾ ਦੋਸ਼ ਤੋਂ ਰਹਿਤ ਹੋਵੇ ਅਤੇ ਰੋਜ਼ ਦੋ-ਦੋ ਮੇਢੇ ਹੋਮ ਬਲੀ ਲਈ । 4ਇੱਕ ਭੇਡ ਦਾ ਬੱਚਾ ਤੂੰ ਸਵੇਰ ਨੂੰ ਚੜ੍ਹਾਵੀ ਅਤੇ ਦੂਜਾ ਭੇਡ ਦਾ ਬੱਚਾ ਤੂੰ ਸ਼ਾਮ ਨੂੰ ਚੜ੍ਹਾਵੀਂ । 5ਏਫ਼ਾਹ ਦਾ ਦਸਵੰਧ ਮੈਦੇ ਦਾ, ਮੈਦੇ ਦੀ ਭੇਟ ਲਈ ਖ਼ਾਲਸ ਤੇਲ ਦੇ ਹੀਨ ਦੀ ਚੌਥਾਈ ਵਿੱਚ ਮਿਲਿਆ ਹੋਇਆ । 6ਇਹ ਸਦੀਪਕਾਲ ਹੋਮ ਬਲੀ ਹੈ ਜਿਹੜੀ ਸੀਨਈ ਦੀ ਪਹਾੜ ਉੱਤੇ ਠਹਿਰਾਈ ਗਈ ਕਿ ਉਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਬਲੀ ਹੋਵੇ । 7ਉਹ ਦੇ ਪੀਣ ਦੀ ਭੇਟ ਹੀਨ ਦੀ ਚੌਥਾਈ ਇੱਕ ਭੇਡ ਦੇ ਬੱਚੇ ਲਈ ਹੋਵੇ ਅਤੇ ਪਵਿੱਤਰ ਸਥਾਨ ਵਿੱਚ ਤੂੰ ਉਹ ਨੂੰ ਯਹੋਵਾਹ ਲਈ ਤੁੰਦ ਮਧ ਦੇ ਪੀਣ ਦੀ ਭੇਟ ਕਰਕੇ ਡੋਹਲ ਦੇਈਂ । 8ਅਤੇ ਦੂਜਾ ਭੇਡ ਦਾ ਬੱਚਾ ਸ਼ਾਮਾਂ ਨੂੰ ਚੜ੍ਹਾਈਂ । ਸਵੇਰ ਦੇ ਮੈਦੇ ਦੀ ਭੇਟ ਵਾਂਗੂੰ ਅਤੇ ਉਸ ਦੇ ਪੀਣ ਦੀ ਭੇਟ ਵਾਂਗੂੰ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਕਰਕੇ ਚੜ੍ਹਾਈਂ ।

ਵਿਸ਼ਰਾਮ ਦਿਨ ਦੇ ਬਲੀਦਾਨ

9ਅਤੇ ਸਬਤ ਦੇ ਦਿਨ ਤੂੰ ਦੋ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ, ਤੇਲ ਮਿਲੇ ਹੋਏ ਮੈਦੇ ਦੇ ਦੋ ਦਸਵੰਧ, ਮੈਦੇ ਦੀ ਬਲੀ ਲਈ ਨਾਲੇ ਉਸ ਦੇ ਪੀਣ ਦੀ ਭੇਟ ਚੜ੍ਹਾਓ । 10ਇਹ ਹਰ ਸਬਤ ਦੀ ਹੋਮ ਦੀ ਬਲੀ ਹੋਵੇ, ਨਾਲੇ ਸਦੀਪਕਾਲ ਹੋਮ ਦੀ ਬਲੀ ਅਤੇ ਉਸ ਦੇ ਪੀਣ ਦੀ ਭੇਟ ਹੋਵੇ ।

ਹਰ ਮਹੀਨੇ ਦੇ ਬਲੀਦਾਨ

11ਆਪਣੇ ਮਹੀਨਿਆਂ ਦੀ ਸ਼ੁਰੁਆਤ ਵਿੱਚ ਤੁਸੀਂ ਯਹੋਵਾਹ ਲਈ ਹੋਮ ਦੀ ਬਲੀ ਲਈ ਦੋ ਵਹਿੜੇ ਅਤੇ ਇੱਕ ਭੇਡੂ ਅਤੇ ਸੱਤ ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਇਆ ਕਰੋ । 12ਅਤੇ ਹਰ ਇੱਕ ਵਹਿੜੇ ਦੇ ਮੈਦੇ ਦੀ ਭੇਟ ਲਈ ਤਿੰਨ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ ਅਤੇ ਹਰ ਭੇਡੂ ਦੇ ਮੈਦੇ ਦੀ ਭੇਟ ਲਈ ਦੋ ਦਸਵੰਧ ਤੇਲ ਮਿਲੇ ਹੋਏ ਮੈਦੇ ਦੇ ਹੋਣ । 13ਹਰ ਭੇਡ ਦਾ ਬੱਚੇ ਦੇ ਮੈਦੇ ਦੀ ਭੇਟ ਲਈ ਇੱਕ ਦਸਵੰਧ ਮੈਦੇ ਦਾ ਤੇਲ ਮਿਲਿਆ ਹੋਇਆ ਹੋਵੇ । ਇਹ ਹੋਮ ਦੀ ਬਲੀ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇਗੀ । 14ਉਨ੍ਹਾਂ ਦੇ ਪੀਣ ਦੀਆਂ ਭੇਟਾਂ ਹਰ ਵਹਿੜੇ ਲਈ ਅੱਧਾ ਹੀਨ ਮਧ ਅਤੇ ਹਰ ਭੇਡੂ ਲਈ ਹੀਨ ਦੀ ਤਿਹਾਈ ਅਤੇ ਹਰ ਭੇਡ ਦੇ ਬੱਚੇ ਲਈ ਹੀਨ ਦੀ ਚੌਥਾਈ ਹੋਵੇ । ਇਹ ਸਾਰੇ ਸਾਲ ਦੇ ਹਰ ਮਹੀਨੇ ਦੀ ਹੋਮ ਦੀ ਬਲੀ ਹੋਵੇ । 15ਅਤੇ ਯਹੋਵਾਹ ਲਈ ਪਾਪ ਦੀ ਬਲੀ ਇੱਕ ਬੱਕਰਾ ਹੋਵੇ । ਸਦੀਪਕਾਲ ਹੋਮ ਦੀ ਬਲੀ ਦੇ ਨਾਲ ਇਹ ਅਤੇ ਉਸ ਦੇ ਪੀਣ ਦੀ ਭੇਟ ਚੜ੍ਹਾਈ ਜਾਵੇ ।

ਪਸਾਹ ਦੇ ਪਰਬ ਦੇ ਬਲੀਦਾਨ

(ਲੇਵੀਆਂ ਦੀ ਪੋਥੀ 23:5-14)

16ਅਤੇ ਪਹਿਲੇ ਮਹੀਨੇ ਦੇ ਚੌਧਵੇਂ ਦਿਨ ਯਹੋਵਾਹ ਦਾ ਪਸਾਹ ਹੋਵੇ । 17ਅਤੇ ਇਸੇ ਮਹੀਨੇ ਦੇ ਪੰਦਰਵੇਂ ਦਿਨ ਇੱਕ ਪਰਬ ਹੋਵੇ ਅਤੇ ਸੱਤ ਦਿਨ ਤੱਕ ਪਤੀਰੀ ਰੋਟੀ ਖਾਧੀ ਜਾਵੇ । 18ਪਹਿਲੇ ਦਿਨ ਇੱਕ ਪਵਿੱਤਰ ਸਭਾ ਹੋਵੇ । ਜਿਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ । 19ਪਰ ਤੁਸੀਂ ਅੱਗ ਦੀ ਭੇਟ ਚੜ੍ਹਾਇਓ ਜਿਹੜੀ ਯਹੋਵਾਹ ਲਈ ਹੋਮ ਦੀ ਬਲੀ ਹੋਵੇ । ਦੋ ਵਹਿੜੇ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਇਹ ਦੋਸ਼ ਰਹਿਤ ਹੋਣ । 20ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਮਿਲੇ ਹੋਏ ਮੈਦੇ ਦੀ ਹੋਵੇ । ਹਰ ਵਹਿੜੇ ਲਈ ਤਿੰਨ ਦਸਵੰਧ, ਹਰ ਭੇਡੂ ਲਈ ਦੋ ਦਸਵੰਧ ਚੜ੍ਹਾਓ । 21ਤੂੰ ਸੱਤਾਂ ਲੇਲਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ ਚੜ੍ਹਾ 22ਅਤੇ ਇੱਕ ਬੱਕਰਾ ਤੁਹਾਡੇ ਪਰਾਸਚਿਤ ਲਈ ਪਾਪ ਦੀ ਬਲੀ ਹੋਵੇ । 23ਅਤੇ ਸਵੇਰ ਦੀ ਹੋਮ ਦੀ ਬਲੀ ਤੋਂ ਬਿਨ੍ਹਾਂ ਜਿਹੜੀ ਸਦੀਪਕਾਲ ਹੋਮ ਬਲੀ ਹੈ ਤੁਸੀਂ ਇਨ੍ਹਾਂ ਨੂੰ ਚੜ੍ਹਾਇਓ । 24ਇਸੇ ਤਰ੍ਹਾਂ ਤੁਸੀਂ ਸੱਤਾਂ ਦਿਨਾਂ ਤੱਕ ਯਹੋਵਾਹ ਲਈ ਪਰਸ਼ਾਦ ਚੜ੍ਹਾਇਓ ਜਿਹੜਾ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ਅਤੇ ਇਹ ਹੋਮ ਬਲੀ ਅਤੇ ਪੀਣ ਦੀ ਭੇਟ ਦੇ ਬਿਨ੍ਹਾਂ ਚੜ੍ਹਾਇਆ ਜਾਵੇ । 25ਸੱਤਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ । ਉਸ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਨਾ ।

ਵਾਢੀ ਦੇ ਪਰਬ ਦੇ ਬਲੀਦਾਨ

(ਲੇਵੀਆਂ ਦੀ ਪੋਥੀ 23:15-22)

26ਪਹਿਲੇ ਫ਼ਲਾਂ ਦੇ ਦਿਨ ਜਦ ਤੁਸੀਂ ਆਪਣੇ ਅਠਵਾਰਿਆਂ ਦੇ ਪਰਬ ਵਿੱਚ ਯਹੋਵਾਹ ਲਈ ਨਵੀਂ ਮੈਦੇ ਦੀ ਭੇਟ ਚੜ੍ਹਾਓ ਤਾਂ ਤੁਹਾਡੀ ਇੱਕ ਪਵਿੱਤਰ ਸਭਾ ਹੋਵੇ । ਉਸ ਦਿਨ ਕੋਈ ਕੰਮ-ਧੰਦਾ ਨਾ ਕਰਨਾ । 27ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਦੀ ਬਲੀ ਚੜ੍ਹਾਇਓ ਅਰਥਾਤ ਦੋ ਵਹਿੜੇ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ 28ਨਾਲੇ ਉਨ੍ਹਾਂ ਦੀ ਤੇਲ ਮਿਲੇ ਹੋਏ ਮੈਦੇ ਦੀ ਭੇਟ । ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਹਰ ਭੇਡੂ ਲਈ ਦੋ ਦਸਵੰਧ । 29ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ । 30ਨਾਲੇ ਇੱਕ ਬੱਕਰਾ ਤੁਹਾਡੇ ਪਰਾਸਚਿਤ ਲਈ ਚੜ੍ਹਾਇਆ ਜਾਵੇ । 31ਹੋਮ ਬਲੀ ਅਤੇ ਉਸ ਦੇ ਮੈਦੇ ਦੀ ਭੇਟ ਤੋਂ ਬਿਨ੍ਹਾਂ ਤੁਸੀਂ ਉਨ੍ਹਾਂ ਨੂੰ ਜਿਹੜੇ ਦੋਸ਼ ਤੋਂ ਰਹਿਤ ਹੋਣ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਚੜ੍ਹਾਇਆ ਕਰੋ ।

29

ਨਵੇਂ ਸਾਲ ਦੇ ਪਰਬ ਦੇ ਬਲੀਦਾਨ

(ਲੇਵੀਆਂ ਦੀ ਪੋਥੀ 23:23-25)

1ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ । ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ । 2ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਭੇਡੂ ਅਤੇ ਦੋਸ਼ ਤੋਂ ਰਹਿਤ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ । 3ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ 4ਅਤੇ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ 5ਨਾਲੇ ਤੁਹਾਡੇ ਪਰਾਸਚਿਤ ਲਈ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ । 6ਅਤੇ ਇਹ ਇਨ੍ਹਾਂ ਤੋਂ ਅਲੱਗ ਹੋਣ ਅਰਥਾਤ ਨਵੇਂ ਚੰਦਰਮਾ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਦੇ ਨਾਲ ਅਤੇ ਅਖੰਡ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਨਾਲ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਮੇਤ ਉਨ੍ਹਾਂ ਦੀ ਰੀਤ ਅਨੁਸਾਰ, ਇਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ ।

ਪ੍ਰਾਸ਼ਚਿਤ ਦੇ ਦਿਨ ਦੇ ਬਲੀਦਾਨ

(ਲੇਵੀਆਂ ਦੀ ਪੋਥੀ 23:26-32)

7ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਆਪਣਿਆਂ ਜਾਨਾਂ ਨੂੰ ਦੁੱਖ ਦਿਓ ਪਰ ਕੋਈ ਕੰਮ-ਧੰਦਾ ਨਾ ਕਰੋ । 8ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਭੇਡੂ, ਸੱਤ ਇੱਕ ਸਾਲ ਦੇ ਭੇਡ ਦੇ ਬੱਚੇ । ਤੁਹਾਡੇ ਚੜ੍ਹਾਵੇ ਦੋਸ਼ ਤੋਂ ਰਹਿਤ ਹੋਣ 9ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ । ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ 10ਅਤੇ ਉਨ੍ਹਾਂ ਸੱਤਾਂ ਭੇਡ ਦਾ ਬੱਚਿਆਂ ਵਿੱਚੋਂ ਹਰ ਇੱਕ ਭੇਡ ਦਾ ਬੱਚੇ ਲਈ ਇੱਕ ਦਸਵੰਧ ਹੋਵੇ । 11ਅਤੇ ਪਰਾਸਚਿਤ ਲਈ ਪਾਪ ਦੀ ਬਲੀ ਅਤੇ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

ਝੋਪੜੀਆਂ ਦੇ ਪਰਬ ਦੇ ਬਲੀਦਾਨ

(ਲੇਵੀਆਂ ਦੀ ਪੋਥੀ 23:33-44)

12ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ । 13ਅਤੇ ਤੁਸੀਂ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰ੍ਹਾਂ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਜਿਹੜੇ ਦੋਸ਼ ਤੋਂ ਰਹਿਤ ਹੋਣ । 14ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰ੍ਹਾਂ ਵਹਿੜਿਆਂ ਵਿੱਚੋਂ, ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਭੇਡੂਆਂ ਵਿੱਚੋਂ ਹਰ ਭੇਡੂ ਲਈ ਦੋ ਦਸਵੰਧ 15ਅਤੇ ਉਨ੍ਹਾਂ ਚੌਦਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦਾ ਬੱਚੇ ਲਈ ਇੱਕ ਦਸਵੰਧ 16ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

17ਦੂਜੇ ਦਿਨ ਬਾਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ । 18ਅਤੇ ਵਹਿੜਿਆਂ, ਭੇਡੂਆਂ ਅਤੇ ਲੇਲਿਆਂ ਦੇ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 19ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

20ਤੀਜੇ ਦਿਨ ਗਿਆਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ । 21ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੀਆਂ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦਿਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 22ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਦੀ ਭੇਟ ਲਈ ਚੜ੍ਹਾਇਆ ਜਾਵੇ ।

23ਚੌਥੇ ਦਿਨ ਦਸ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ । 24ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੀਆਂ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 25ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦਿਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

26ਪੰਜਵੇਂ ਦਿਨ ਨੌ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ । 27ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 28ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

29ਛੇਵੇਂ ਦਿਨ ਅੱਠ ਵਹਿੜੇ, ਦੋ ਭੇਡੂ, ਚੌਦਾਂ ਇੱਕ ਸਾਲ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ । 30ਵਹਿੜਿਆਂ, ਭੇਡੂਆਂ ਅਤੇ ਭੇਡ ਦਿਆਂ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 31ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

32ਸੱਤਵੇਂ ਦਿਨ ਸੱਤ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ ਚੜ੍ਹਾਓ । 33ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 34ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

35ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ । 36ਪਰ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਵਹਿੜਾ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਤੋਂ ਰਹਿਤ । 37ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ । 38ਅਤੇ ਹੋਮ ਬਲੀ ਅਤੇ ਉਸ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਦੀ ਬਲੀ ਲਈ ਚੜ੍ਹਾਇਆ ਜਾਵੇ ।

39ਇਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾਂ ਅਤੇ ਖੁਸ਼ੀ ਦੀਆਂ ਭੇਟਾਂ ਤੋਂ ਅਲੱਗ ਚੜ੍ਹਾਓ । ਇਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਤੇ ਤੁਹਾਡੇ ਸੁਖ-ਸਾਂਦ ਦੀਆਂ ਭੇਟਾਂ ਲਈ ਹੋਣ । 40ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ ।

30

ਸੁੱਖਣਾ ਸੁੱਖਣ ਦੀ ਵਿਧੀ

1ਮੂਸਾ ਇਸਰਾਏਲੀਆਂ ਦੇ ਗੋਤਾਂ ਦੇ ਮੁਖੀਆਂ ਨੂੰ ਬੋਲਿਆ ਕਿ ਇਹ ਹੁਕਮ ਹੈ ਜਿਹੜਾ ਯਹੋਵਾਹ ਨੇ ਦਿੱਤਾ ਹੈ । 2ਜਦ ਕੋਈ ਮਨੁੱਖ ਯਹੋਵਾਹ ਲਈ ਸੁੱਖਣਾ ਸੁੱਖੇ ਜਾਂ ਸਹੁੰ ਖਾਵੇ ਅਤੇ ਆਪਣੇ ਜੀਵਨ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ ਤਾਂ ਉਹ ਆਪਣਾ ਬਚਨ ਨਾ ਤੋੜੇ ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿੱਕਲਦਾ ਹੈ ਉਹ ਉਸ ਨੂੰ ਪੂਰਾ ਕਰੇ । 3ਜੇ ਕੋਈ ਕੁੜੀ ਯਹੋਵਾਹ ਲਈ ਸੁੱਖਣਾ ਸੁੱਖੇ ਅਤੇ ਆਪਣੇ ਆਪ ਨੂੰ ਉਸ ਗੱਲ ਉੱਤੇ ਬੰਨ੍ਹੇ ਜਦ ਉਹ ਆਪਣੇ ਪਿਤਾ ਦੇ ਘਰ ਵਿੱਚ ਕੁਆਰੀ ਹੋਵੇ । 4ਅਤੇ ਉਸ ਦਾ ਪਿਤਾ ਉਸ ਦੀ ਸੁੱਖਣਾ ਅਤੇ ਉਸ ਦੇ ਬੰਨ੍ਹਣ ਨੂੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ, ਸੁਣੇ ਅਤੇ ਉਸ ਦਾ ਪਿਤਾ ਚੁੱਪ ਕਰ ਰਹੇ ਤਾਂ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਰਹਿਣ ਅਤੇ ਸਾਰੇ ਬਚਨ ਜਿਸ ਦੇ ਨਾਲ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਰਹਿਣ । 5ਪਰ ਜੇ ਉਸ ਦਾ ਪਿਤਾ ਸੁਣ ਕੇ ਉਸੇ ਦਿਨ ਉਸ ਨੂੰ ਝਿੜਕੇ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਅਤੇ ਉਸ ਦੀ ਕੁੜੀ ਜਿਨ੍ਹਾਂ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਨਾ ਰਹਿਣ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ ਕਿਉਂ ਜੋ ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ । 6ਅਤੇ ਜੇ ਉਹ ਮਨੁੱਖ ਨਾਲ ਵਿਆਹੀ ਹੋਈ ਹੋਵੇ ਅਤੇ ਉਸ ਦੀਆਂ ਸੁੱਖਣਾਂ ਉਸ ਉੱਤੇ ਹੋਣ ਜਾਂ ਉਸ ਨੇ ਆਪਣੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਅਜਿਹੀ ਗੱਲ ਆਖੀ ਹੋਵੇ ਜਿਸ ਤੋਂ ਉਸ ਦਾ ਜੀਵਨ ਬੰਨ੍ਹਿਆ ਜਾਵੇ । 7ਅਤੇ ਉਸ ਦਾ ਪਤੀ ਸੁਣੇ ਪਰ ਜਿਸ ਦਿਨ ਉਹ ਸੁਣੇ ਚੁੱਪ ਰਹੇ ਤਾਂ ਉਸ ਦੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਉਸ ਸਹੁੰ ਜਿਨ੍ਹਾਂ ਦੇ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਪੱਕੇ ਰਹਿਣ । 8ਪਰ ਜੇ ਸੁਣਨ ਵਾਲੇ ਦਿਨ ਉਸ ਦਾ ਪਤੀ ਉਸ ਨੂੰ ਝਿੜਕੇ ਤਾਂ ਉਸ ਦੀ ਸੁੱਖਣਾ ਜਿਹੜੀ ਉਸ ਦੇ ਉੱਤੇ ਹੈ ਅਤੇ ਉਸ ਦੇ ਮੂੰਹ ਤੋਂ ਬਿਨ੍ਹਾਂ ਸੋਚੇ ਸਮਝੇ ਨਿੱਕਲੀ ਹੋਈ ਸੀ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਬੰਨ੍ਹਿਆ, ਟੁੱਟ ਜਾਵੇ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ । 9ਪਰ ਵਿਧਵਾ ਜਾਂ ਤਿਆਗੀ ਹੋਈ ਦੀ ਸੁੱਖਣਾ ਜਿਸ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਹੈ ਉਸ ਉੱਤੇ ਪੱਕੀ ਰਹੇ 10ਜੇ ਉਸ ਨੇ ਆਪਣੇ ਪਤੀ ਦੇ ਘਰ ਵਿੱਚ ਸੁੱਖਣਾ ਸੁੱਖੀ ਜਾਂ ਸਹੁੰ ਨਾਲ ਆਪਣੇ ਜੀਵਨ ਉੱਤੇ ਕੋਈ ਬੰਨ੍ਹਣ ਬੰਨ੍ਹਿਆ । 11ਅਤੇ ਉਸ ਦੇ ਮਨੁੱਖ ਨੇ ਸੁਣਿਆ ਅਤੇ ਚੁੱਪ ਰਹਿ ਕੇ ਉਸ ਨੂੰ ਨਾ ਝਿੜਕਿਆ ਤਾਂ ਉਸ ਦੀਆਂ ਸਾਰੀਆਂ ਸੁੱਖਣਾਂ ਪੱਕੀਆਂ ਰਹਿਣ ਅਤੇ ਹਰ ਬੰਨਣ ਜਿਸ ਦੇ ਨਾਲ ਉਸ ਆਪਣੇ ਜੀਵਨ ਨੂੰ ਬੰਨ੍ਹਿਆ ਪੱਕਾ ਰਹੇ । 12ਪਰ ਜੇ ਉਸ ਦੇ ਪਤੀ ਨੇ ਸੁਣਦੇ ਹੀ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਦ ਜੋ ਕੁਝ ਉਸ ਦੇ ਮੂੰਹ ਤੋਂ ਉਸ ਦੀਆਂ ਸੁੱਖਣਾਂ ਦੇ ਵਿਖੇ ਜਾਂ ਜੀਵਨ ਦੇ ਬੰਨ੍ਹਣ ਦੇ ਵਿਖੇ ਨਿੱਕਲਿਆ ਹੋਵੇ ਉਹ ਪੱਕਾ ਨਾ ਰਹੇ ਕਿਉਂ ਜੋ ਉਸ ਦੇ ਪਤੀ ਨੇ ਉਨ੍ਹਾਂ ਨੂੰ ਤੋੜ ਦਿੱਤਾ ਅਤੇ ਯਹੋਵਾਹ ਉਸ ਨੂੰ ਮਾਫ਼ੀ ਦੇਵੇਗਾ । 13ਹਰ ਸੁੱਖਣਾ ਅਤੇ ਹਰ ਸਹੁੰ ਜਿਸ ਦੇ ਨਾਲ ਉਸ ਨੇ ਆਪਣੇ ਜੀਵਨ ਨੂੰ ਦੁੱਖ ਦੇਣ ਲਈ ਬੰਨ੍ਹਿਆ ਹੋਵੇ ਉਸ ਦਾ ਪਤੀ ਉਸ ਨੂੰ ਪੱਕਾ ਰੱਖੇ ਜਾਂ ਉਸ ਦਾ ਪਤੀ ਉਸ ਨੂੰ ਤੋੜ ਦੇਵੇ । 14ਪਰ ਜੇ ਉਸ ਦਾ ਪਤੀ ਨਿੱਤ ਚੁੱਪ ਰਹੇ ਤਾਂ ਉਹ ਉਸ ਦੀਆਂ ਸਾਰੀਆਂ ਸੁੱਖਣਾ ਪੱਕੀਆਂ ਠਹਿਰਾਉਂਦਾ ਹੈ ਜਾਂ ਉਸ ਦੇ ਸਾਰੇ ਸਹੁੰ ਜਿਹੜੇ ਉਸ ਉੱਤੇ ਹੋਣ ਪੱਕੇ ਠਹਿਰਾਉਂਦਾ ਹੈ ਕਿਉਂ ਜੋ ਜਿਸ ਦਿਨ ਉਹ ਨੇ ਸੁਣਿਆ ਸੀ, ਉਹ ਚੁੱਪ ਰਿਹਾ । 15ਪਰ ਜੇ ਉਹ ਨੇ ਉਨ੍ਹਾਂ ਦੇ ਸੁਣਨ ਦੇ ਮਗਰੋਂ ਉਨ੍ਹਾਂ ਨੂੰ ਤੋੜ ਦਿੱਤਾ ਹੋਵੇ ਤਾਂ ਉਹ ਉਸ ਦੀ ਬੁਰਿਆਈ ਦੀ ਸਜ਼ਾ ਚੁੱਕੇ ।

16ਇਹ ਉਹ ਬਿਧੀਆਂ ਹਨ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਪਤੀ ਅਤੇ ਪਤਨੀ ਵਿਖੇ, ਪਿਤਾ ਅਤੇ ਧੀ ਵਿਖੇ, ਜਦ ਜੁਆਨੀ ਦੇ ਸਮੇਂ ਆਪਣੇ ਪਿਤਾ ਦੇ ਘਰ ਵਿੱਚ ਹੋਵੇ ।

31

ਮਿਦਯਾਨੀਆਂ ਤੋਂ ਬਦਲਾ ਲੈਣਾ

1ਯਹੋਵਾਹ ਨੇ ਮੂਸਾ ਨੂੰ ਬੋਲਿਆ ਕਿ 2ਇਸਰਾਏਲੀਆਂ ਦਾ ਮਿਦਯਾਨੀਆਂ ਤੋਂ ਬਦਲਾ ਲੈ, ਫਿਰ ਤੂੰ ਆਪਣੇ ਲੋਕਾਂ ਵਿੱਚ ਜਾ ਮਿਲੇਂਗਾ । 3ਤਦ ਮੂਸਾ ਨੇ ਪਰਜਾ ਨੂੰ ਆਖਿਆ ਕਿ ਆਪਣੇ ਵਿੱਚੋਂ ਮਨੁੱਖਾਂ ਨੂੰ ਸ਼ਸਤਰ ਧਾਰੀ ਬਣਾਓ ਤਾਂ ਜੋ ਉਹ ਮਿਦਯਾਨ ਦੇ ਵਿਰੁੱਧ ਲੜਨ ਅਤੇ ਯਹੋਵਾਹ ਦਾ ਬਦਲਾ ਮਿਦਯਾਨੀਆਂ ਤੋਂ ਲੈਣ । 4ਇਸਰਾਏਲੀਆਂ ਦਿਆਂ ਸਾਰਿਆਂ ਗੋਤਾਂ ਵਿੱਚੋ ਤੁਸੀਂ ਇੱਕ-ਇੱਕ ਹਜ਼ਾਰ ਆਦਮੀ ਯੁੱਧ ਕਰਨ ਲਈ ਭੇਜੋ । 5ਤਦ ਇਸਰਾਏਲ ਦੇ ਹਜ਼ਾਰਾਂ ਵਿੱਚੋਂ ਹਰ ਗੋਤ ਤੋਂ ਇੱਕ ਹਜ਼ਾਰ ਆਦਮੀ ਚੁਣੇ ਗਏ ਅਰਥਾਤ ਯੁੱਧ ਲਈ ਬਾਰਾਂ ਹਜ਼ਾਰ ਸ਼ਸਤਰ ਧਾਰੀ ਸਨ । 6ਉਪਰੰਤ ਮੂਸਾ ਨੇ ਗੋਤਾਂ ਦੇ ਅਨੁਸਾਰ ਇੱਕ-ਇੱਕ ਹਜ਼ਾਰ ਆਦਮੀਆਂ ਨੂੰ ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੂੰ ਯੁੱਧ ਕਰਨ ਲਈ ਭੇਜਿਆ ਅਤੇ ਪਵਿੱਤਰ ਸਥਾਨ ਦੇ ਭਾਂਡੇ ਅਤੇ ਚੌਕਸ ਕਰਨ ਵਾਲੀਆਂ ਤੁਰ੍ਹੀਆਂ ਉਸ ਦੇ ਹੱਥ ਵਿੱਚ ਸਨ । 7ਸੋ ਉਹ ਮਿਦਯਾਨੀਆਂ ਨਾਲ ਲੜੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਸਾਰੇ ਆਦਮੀਆਂ ਨੂੰ ਮਾਰ ਦਿੱਤਾ । 8ਅਤੇ ਉਨ੍ਹਾਂ ਨੇ ਮਿਦਯਾਨ ਦੇ ਰਾਜਿਆਂ ਨੂੰ ਉਹਨਾਂ ਮਾਰਿਆ ਹੋਇਆਂ ਦੇ ਨਾਲ ਹੀ ਮਾਰ ਦਿੱਤਾ ਅਰਥਾਤ ਅੱਵੀ, ਰਕਮ, ਸੂਰ, ਹੂਰ ਅਤੇ ਰੱਬਾ ਇਨ੍ਹਾਂ ਮਿਦਯਾਨ ਦੇ ਪੰਜਾਂ ਰਾਜਿਆਂ ਨੂੰ ਅਤੇ ਬਓਰ ਦੇ ਪੁੱਤਰ ਬਿਲਆਮ ਨੂੰ ਤਲਵਾਰ ਨਾਲ ਮਾਰ ਦਿੱਤਾ । 9ਅਤੇ ਇਸਰਾਏਲੀਆਂ ਨੇ ਮਿਦਯਾਨ ਦੀਆਂ ਔਰਤਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਗੁਲਾਮ ਬਣਾ ਲਿਆ ਅਤੇ ਉਨ੍ਹਾਂ ਦੇ ਸਾਰੇ ਡੰਗਰ, ਸਾਰੇ ਝੁੰਡ ਅਤੇ ਉਨ੍ਹਾਂ ਦਾ ਸਾਰਾ ਕੁਝ ਲੁੱਟ ਲਿਆ । 10ਅਤੇ ਉਨ੍ਹਾਂ ਦੇ ਸਾਰੇ ਸ਼ਹਿਰਾਂ ਨੂੰ ਅਤੇ ਸਾਰੀਆਂ ਛਾਉਣੀਆਂ ਨੂੰ, ਜਿਨ੍ਹਾਂ ਵਿੱਚ ਉਹ ਵੱਸਦੇ ਸਨ, ਅੱਗ ਨਾਲ ਫੂਕ ਦਿੱਤਾ । 11ਅਤੇ ਉਨ੍ਹਾਂ ਨੇ ਲੁੱਟ ਦਾ ਸਾਰਾ ਮਾਲ ਅਤੇ ਸਾਰੇ ਗੁਲਾਮ ਕੀ ਮਨੁੱਖ, ਕੀ ਡੰਗਰ ਸਭ ਕੁਝ ਲੈ ਲਏ । 12ਅਤੇ ਉਹ ਮੂਸਾ, ਅਲਆਜ਼ਾਰ ਜਾਜਕ, ਇਸਰਾਏਲੀਆਂ ਦੀ ਮੰਡਲੀ ਕੋਲ ਗੁਲਾਮਾਂ ਨੂੰ, ਮਾਲ ਡੰਗਰ ਨੂੰ ਅਤੇ ਲੁੱਟ ਨੂੰ ਡੇਰੇ ਵਿੱਚ ਮੋਆਬ ਦੇ ਮੈਦਾਨ ਵਿੱਚ ਜਿਹੜਾ ਯਰਦਨ ਉੱਤੇ ਯਰੀਹੋ ਕੋਲ ਹੈ, ਲੈ ਆਏ ।

ਸੈਨਾਂ ਦੀ ਵਾਪਸੀ

13ਤਦ ਮੂਸਾ, ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਸਾਰੇ ਪ੍ਰਧਾਨ ਡੇਰੇ ਤੋਂ ਬਾਹਰ ਉਹਨਾਂ ਨੂੰ ਮਿਲਣ ਲਈ ਗਏ । 14ਪਰ ਮੂਸਾ ਦਲ ਦੇ ਸੈਨਾਪਤੀਆਂ ਨਾਲ ਅਰਥਾਤ ਹਜ਼ਾਰਾਂ ਦੇ ਹਾਕਮਾਂ ਨਾਲ ਅਤੇ ਸੈਂਕੜਿਆਂ ਦੇ ਹਾਕਮਾਂ ਨਾਲ ਜਿਹੜੇ ਯੁੱਧ ਕਰਕੇ ਮੁੜ੍ਹ ਆਏ, ਕ੍ਰੋਧਵਾਨ ਹੋਇਆ । 15ਅਤੇ ਮੂਸਾ ਨੇ ਉਨ੍ਹਾਂ ਨੂੰ ਆਖਿਆ, ਕੀ ਤੁਸੀਂ ਸਾਰੀਆਂ ਇਸਤਰੀਆਂ ਨੂੰ ਜੀਉਂਦਾ ਛੱਡ ਦਿੱਤਾ ਹੈ ? 16ਵੇਖੋ, ਇਹ ਉਹ ਹਨ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਬਿਲਆਮ ਦੀ ਸਹਿਮਤੀ ਨਾਲ, ਪਓਰ ਦੀ ਗੱਲ ਵਿੱਚ ਯਹੋਵਾਹ ਦੇ ਵਿਰੁੱਧ ਅਪਰਾਧੀ ਬਣਾਇਆ ਤਦ ਬਵਾ ਯਹੋਵਾਹ ਦੀ ਮੰਡਲੀ ਵਿੱਚ ਫੈਲੀ । 17ਇਸ ਲਈ ਹੁਣ ਬੱਚਿਆਂ ਵਿੱਚੋਂ ਹਰੇਕ ਨਰ ਬੱਚੇ ਨੂੰ ਮਾਰ ਦਿਓ ਅਤੇ ਜਿਹਨਾਂ ਔਰਤਾਂ ਨੇ ਮਨੁੱਖ ਨਾਲ ਸੰਗ ਕੀਤਾ ਹੋਵੇ ਉਹਨਾਂ ਨੂੰ ਵੀ ਮਾਰ ਦਿਓ । 18ਪਰ ਜਿਹਨਾਂ ਕੁਆਰੀਆਂ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ, ਉਹਨਾਂ ਨੂੰ ਤੁਸੀਂ ਆਪਣੇ ਲਈ ਜੀਉਂਦਾ ਰੱਖੋ । 19ਪਰ ਤੁਸੀਂ ਡੇਰੇ ਤੋਂ ਸੱਤ ਦਿਨ ਬਾਹਰ ਰਹੋ, ਉਹ ਸਾਰੇ ਜਿਨ੍ਹਾਂ ਨੇ ਕਿਸੇ ਪ੍ਰਾਣੀ ਨੂੰ ਮਾਰਿਆ ਹੋਵੇ ਅਤੇ ਜਿਨ੍ਹਾਂ ਨੇ ਕਿਸੇ ਮਰੇ ਹੋਏ ਨੂੰ ਛੂਹਿਆ ਹੋਵੇ, ਉਹ ਸਾਰੇ ਆਪਣੇ ਆਪ ਨੂੰ ਆਪਣੇ ਗੁਲਾਮਾਂ ਸਮੇਤ ਤੀਜੇ ਦਿਨ ਅਤੇ ਸੱਤਵੇਂ ਦਿਨ ਪਵਿੱਤਰ ਕਰਨ । 20ਤੁਸੀਂ ਚਮੜੇ ਅਤੇ ਬੱਕਰੀ ਦੇ ਵਾਲਾਂ ਦੇ ਸਾਰੇ ਬਸਤਰ ਅਤੇ ਸਾਰੇ ਲੱਕੜੀ ਦੇ ਭਾਂਡਿਆਂ ਨੂੰ ਪਵਿੱਤਰ ਕਰੋ ।

21ਤਦ ਅਲਆਜ਼ਾਰ ਜਾਜਕ ਨੇ ਉਨ੍ਹਾਂ ਸੂਰਮਿਆਂ ਨੂੰ ਆਖਿਆ, ਜਿਹੜੇ ਯੁੱਧ ਵਿੱਚ ਗਏ ਸਨ ਕਿ ਇਹ ਬਿਵਸਥਾ ਦੀ ਬਿਧੀ ਹੈ ਜਿਸ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ । 22ਸੋਨਾ, ਚਾਂਦੀ, ਪਿੱਤਲ, ਲੋਹਾ, ਜਿਸਤ ਅਤੇ ਸਿੱਕਾ । 23ਅਰਥਾਤ ਹਰ ਇੱਕ ਚੀਜ਼, ਜਿਹੜੀ ਅੱਗ ਵਿੱਚ ਪੈ ਸਕੇ ਉਸ ਨੂੰ ਤੁਸੀਂ ਅੱਗ ਦੇ ਵਿੱਚ ਦੀ ਲੰਘਾਓ, ਤਾਂ ਉਹ ਸ਼ੁੱਧ ਹੋਵੇਗੀ ਪਰ ਫਿਰ ਵੀ ਉਹ ਅਸ਼ੁੱਧਤਾਈ ਨੂੰ ਦੂਰ ਕਰਨ ਵਾਲੇ ਜਲ ਨਾਲ ਪਵਿੱਤਰ ਕੀਤੀ ਜਾਵੇ ਅਤੇ ਜੋ ਕੁਝ ਅੱਗ ਵਿੱਚ ਨਾ ਪੈ ਸਕੇ ਤੁਸੀਂ ਉਸ ਨੂੰ ਪਾਣੀ ਦੇ ਵਿੱਚ ਦੀ ਲੰਘਾਓ । 24ਸੱਤਵੇਂ ਦਿਨ ਤੁਸੀਂ ਆਪਣੇ ਕੱਪੜੇ ਧੋਵੋ ਤਾਂ ਤੁਸੀਂ ਸ਼ੁੱਧ ਹੋਵੋਗੇ, ਇਸ ਦੇ ਬਾਅਦ ਤੁਸੀਂ ਡੇਰੇ ਵਿੱਚ ਆਓ ।

ਲੁੱਟ ਦਾ ਬਟਵਾਰਾ

25ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 26ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਤੂੰ ਆਪਣੇ ਨਾਲ ਲੈ ਕੇ, ਲੁੱਟ ਦੇ ਮਾਲ ਦਾ ਆਦਮੀਆਂ ਅਤੇ ਡੰਗਰਾਂ ਸਮੇਤ, ਲੇਖਾ ਕਰ । 27ਤੂੰ ਲੁੱਟ ਨੂੰ ਦੋ ਹਿੱਸਿਆਂ ਵਿੱਚ ਅਰਥਾਤ ਸੂਰਮਿਆਂ ਦੇ ਹਿੱਸੇ ਵਿੱਚ ਜਿਹੜੇ ਲੜਾਈ ਵਿੱਚ ਗਏ ਅਤੇ ਮੰਡਲੀ ਦੇ ਹਿੱਸੇ ਵਿੱਚ ਵੰਡ । 28ਅਤੇ ਤੂੰ ਉਨ੍ਹਾਂ ਸੂਰਮਿਆਂ ਤੋਂ ਜਿਹੜੇ ਲੜਾਈ ਵਿੱਚ ਗਏ, ਯਹੋਵਾਹ ਲਈ ਲਗਾਨ ਲਈਂ ਅਰਥਾਤ ਪੰਜ ਸੌ ਵਿੱਚੋਂ ਇੱਕ ਜਾਨ ਭਾਵੇਂ ਉਹ ਆਦਮੀਆਂ ਦੀ, ਭਾਵੇਂ ਵੱਗ ਦੀ, ਭਾਵੇਂ ਗਧਿਆਂ ਦੀ, ਭਾਵੇਂ ਇੱਜੜਾਂ ਦੀ ਹੋਵੇ । 29ਉਨ੍ਹਾਂ ਦੀ ਅੱਧ ਵਿੱਚੋਂ ਲੈ ਕੇ ਅਲਆਜ਼ਾਰ ਜਾਜਕ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ ਦੇਵੀਂ । 30ਅਤੇ ਇਸਰਾਏਲੀਆਂ ਦੇ ਅੱਧ ਦੇ ਪੰਜਾਹਾਂ ਵਿੱਚੋਂ ਇੱਕ ਲੈ, ਭਾਵੇਂ ਆਦਮੀਆਂ ਦਾ, ਭਾਵੇਂ ਵੱਗ ਦਾ, ਭਾਵੇਂ ਗਧਿਆਂ ਦਾ, ਭਾਵੇਂ ਇੱਜੜ ਦਾ ਅਰਥਾਤ ਸਾਰੇ ਪਸ਼ੂਆਂ ਦਾ ਅਤੇ ਉਨ੍ਹਾਂ ਨੂੰ ਲੇਵੀਆਂ ਨੂੰ ਦੇਵੀਂ, ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਹਨ । 31ਜਿਹੜਾ ਹੁਕਮ ਯਹੋਵਾਹ ਨੇ ਮੂਸਾ ਨੂੰ ਦਿੱਤਾ ਸੀ, ਅਲਆਜ਼ਾਰ ਜਾਜਕ ਅਤੇ ਮੂਸਾ ਨੇ ਉਸੇ ਦੇ ਅਨੁਸਾਰ ਹੀ ਕੀਤਾ ।

32ਮਾਲ ਡੰਗਰ ਤੋਂ ਬਿਨ੍ਹਾ ਜੋ ਸੂਰਮਿਆਂ ਨੇ ਲੁੱਟਿਆ, ਉਸ ਵਿੱਚ ਛੇ ਲੱਖ ਪੰਝੱਤਰ ਹਜ਼ਾਰ ਭੇਡਾਂ, 33ਬਹੱਤਰ ਹਜ਼ਾਰ ਬਲ਼ਦ, 34ਇਕਾਹਟ ਹਜ਼ਾਰ ਗਧੇ, 35ਇਨਸਾਨਾਂ ਵਿੱਚੋਂ ਉਹ ਕੁਆਰੀਆਂ ਜਿਨ੍ਹਾਂ ਨੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਬੱਤੀ ਹਜ਼ਾਰ ਸਨ, 36ਜਿਹੜੇ ਯੁੱਧ ਕਰਨ ਗਏ ਉਹਨਾਂ ਦਾ ਭਾਗ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ ਭੇਡਾਂ ਸਨ, 37ਅਤੇ ਯਹੋਵਾਹ ਦਾ ਲਗਾਨ ਇਹ ਸੀ, ਜਿਹਨਾਂ ਵਿੱਚੋਂ ਛੇ ਸੌ ਪੰਝੱਤਰ ਭੇਡਾਂ ਅਤੇ ਬੱਕਰੀਆਂ, 38ਅਤੇ ਬਲ਼ਦ ਛੱਤੀ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬਹੱਤਰ ਸਨ 39ਗਧੇ ਤੀਹ ਹਜ਼ਾਰ ਪੰਜ ਸੌ ਸਨ, ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਇਕਾਹਟ ਸਨ 40ਅਤੇ ਇਨਸਾਨ ਸੌਲਾਂ ਹਜ਼ਾਰ ਸਨ ਜਿਨ੍ਹਾਂ ਵਿੱਚੋਂ ਯਹੋਵਾਹ ਦਾ ਲਗਾਨ ਬੱਤੀ ਪ੍ਰਾਣੀ ਸਨ 41ਤਾਂ ਮੂਸਾ ਨੇ ਉਸ ਲਗਾਨ ਨੂੰ ਯਹੋਵਾਹ ਦੀ ਚੁੱਕਣ ਦੀ ਭੇਟ ਕਰਕੇ, ਅਲਆਜ਼ਾਰ ਜਾਜਕ ਨੂੰ ਦਿੱਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ।

42ਅਤੇ ਇਸਰਾਏਲੀਆਂ ਦੇ ਅੱਧ ਤੋਂ ਜਿਹੜਾ ਮੂਸਾ ਨੇ ਯੁੱਧ ਕਰਨ ਵਾਲਿਆਂ ਤੋਂ ਵੰਡਿਆ 43ਅਤੇ ਮੰਡਲੀ ਦਾ ਹਿੱਸਾ ਇਹ ਸੀ, ਭੇਡਾਂ ਤਿੰਨ ਲੱਖ ਸੈਂਤੀ ਹਜ਼ਾਰ ਪੰਜ ਸੌ, 44ਗਾਂ-ਬਲ਼ਦ ਛੱਤੀ ਹਜ਼ਾਰ, 45ਗਧੇ ਤੀਹ ਹਜ਼ਾਰ ਪੰਜ ਸੌ, 46ਇਨਸਾਨ ਸੌਲਾਂ ਹਜ਼ਾਰ 47ਇਸ ਅੱਧੇ ਹਿੱਸੇ ਵਿੱਚੋਂ ਜਿਸ ਨੂੰ ਮੂਸਾ ਨੇ ਯੁੱਧ ਕਰਨ ਵਾਲਿਆਂ ਪੁਰਖਾਂ ਤੋਂ ਵੱਖਰਾ ਕੀਤਾ ਸੀ, ਯਹੋਵਾਹ ਦੇ ਹੁਕਮਾਂ ਅਨੁਸਾਰ ਮੂਸਾ ਨੇ ਭਾਵੇਂ ਮਨੁੱਖਾਂ ਵਿੱਚੋਂ ਭਾਵੇਂ ਪਸ਼ੂਆਂ ਵਿੱਚੋਂ, ਪੰਜਾਹ ਵਿੱਚੋਂ ਇੱਕ ਨੂੰ ਲੈ ਕੇ ਉਹ ਲੇਵੀਆਂ ਨੂੰ ਦਿੱਤੇ ਜਿਹੜੇ ਯਹੋਵਾਹ ਦੇ ਡੇਰੇ ਦੀ ਸੰਭਾਲ ਕਰਦੇ ਸਨ ।

48ਤਾਂ ਸੈਨਾਪਤੀ ਜਿਹੜੇ ਹਜ਼ਾਰਾਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੈਂਕੜਿਆਂ ਦੇ ਪ੍ਰਧਾਨ ਮੂਸਾ ਕੋਲ ਆਏ 49ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੁਹਾਡੇ ਦਾਸਾਂ ਨੇ ਯੁੱਧ ਕਰਨ ਵਾਲਿਆਂ ਦੀ ਗਿਣਤੀ ਕੀਤੀ ਅਤੇ ਉਹਨਾਂ ਵਿੱਚੋਂ ਇੱਕ ਮਨੁੱਖ ਵੀ ਨਹੀਂ ਘਟਿਆ । 50ਅਸੀਂ ਯਹੋਵਾਹ ਦਾ ਚੜ੍ਹਾਵਾ ਲਿਆਏ ਹਾਂ, ਜੋ ਕੁਝ ਹਰ ਇੱਕ ਦੇ ਹੱਥ ਲੱਗਾ ਅਰਥਾਤ ਸੋਨੇ ਦੇ ਗਹਿਣੇ, ਪਜੇਬਾਂ, ਕੜੇ, ਛਾਪਾਂ, ਬਾਲੀਆਂ ਬਾਜੂਬੰਦ, ਤਾਂ ਜੋ ਅਸੀਂ ਆਪਣੇ ਪ੍ਰਾਣਾਂ ਲਈ ਯਹੋਵਾਹ ਅੱਗੇ ਪਰਾਸਚਿਤ ਕਰੀਏ । 51ਤਦ ਮੂਸਾ ਅਤੇ ਅਲਆਜ਼ਾਰ ਜਾਜਕ ਨੇ ਉਨ੍ਹਾਂ ਤੋਂ ਇਹ ਸਾਰੇ ਘੜਤ ਦੇ ਸੋਨੇ ਦੇ ਗਹਿਣੇ ਲਏ 52ਅਤੇ ਚੁੱਕਣ ਦੀ ਭੇਟ ਦਾ ਸਾਰਾ ਸੋਨਾ, ਜਿਹੜਾ ਉਨ੍ਹਾਂ ਨੇ ਯਹੋਵਾਹ ਲਈ ਚੜ੍ਹਾਇਆ ਸਵਾ ਕੁ ਪੰਜ ਮਣ ਪੱਕਾ ਸੀ, ਜਿਹੜਾ ਹਜ਼ਾਰਾਂ ਦੇ ਹਾਕਮਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਆਇਆ । 53ਯੁੱਧ ਕਰਨ ਵਾਲਿਆਂ ਵਿੱਚੋਂ ਹਰ ਇੱਕ ਨੇ ਆਪਣੇ ਲਈ ਲੁੱਟਿਆ ਸੀ 54ਤਾਂ ਮੂਸਾ ਅਤੇ ਅਲਆਜ਼ਾਰ ਜਾਜਕ, ਉਹ ਸੋਨਾ ਹਜ਼ਾਰਾਂ ਅਤੇ ਸੈਂਕੜਿਆਂ ਦੇ ਹਾਕਮਾਂ ਤੋਂ ਲੈ ਕੇ ਮੰਡਲੀ ਦੇ ਤੰਬੂ ਵਿੱਚ ਲਿਆਏ ਤਾਂ ਜੋ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਾਰੀ ਹੋਵੇ ।

32

ਢਾਈ ਗੋਤਾਂ ਦਾ ਯਰਦਨ ਦੇ ਇਸੇ ਪਾਰ ਵੱਸ ਜਾਣਾ

(ਬਿਵਸਥਾ ਸਾਰ 3:12-22)

1ਰਊਬੇਨੀਆਂ ਅਤੇ ਗਾਦੀਆਂ ਕੋਲ ਮਾਲ ਡੰਗਰ ਕਾਫ਼ੀ ਸਨ ਅਤੇ ਜਦ ਉਨ੍ਹਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਦੇਸ ਨੂੰ ਵੇਖਿਆ ਤਾਂ ਵੇਖੋ, ਉਹ ਸਥਾਨ ਪਸ਼ੂਆਂ ਲਈ ਚੰਗਾ ਸੀ । 2ਉਪਰੰਤ ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਅਤੇ ਅਲਆਜ਼ਾਰ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਕੋਲ ਜਾ ਕੇ ਆਖਿਆ, 3ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸੂਬਾਮ, ਨੁਬੋ ਅਤੇ ਬਓਨ, 4ਅਰਥਾਤ ਜਿਸ ਧਰਤੀ ਉੱਤੇ ਯਹੋਵਾਹ ਨੇ ਇਸਰਾਏਲ ਦੀ ਮੰਡਲੀ ਨੂੰ ਜਿੱਤ ਦਿੱਤੀ ਹੈ ਇਹ ਧਰਤੀ ਪਸ਼ੂਆਂ ਲਈ ਉੱਤਮ ਹੈ ਅਤੇ ਤੁਹਾਡੇ ਦਾਸਾਂ ਕੋਲ ਮਾਲ ਡੰਗਰ ਬਹੁਤ ਹਨ । 5ਨਾਲੇ ਉਨ੍ਹਾਂ ਨੇ ਆਖਿਆ, ਜੇ ਤੁਹਾਡੀ ਕਿਰਪਾ ਦੀ ਨਿਗਾਹ ਸਾਡੇ ਉੱਤੇ ਹੋਵੇ ਤਾਂ ਇਹ ਧਰਤੀ ਤੁਹਾਡੇ ਦਾਸਾਂ ਨੂੰ ਨਿੱਜ ਭਾਗ ਹੋਣ ਲਈ ਲਈ ਦਿੱਤੀ ਜਾਵੇ । ਸਾਨੂੰ ਯਰਦਨੋਂ ਪਾਰ ਨਾ ਲੰਘਾਇਓ । 6ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਆਖਿਆ, ਕੀ, ਤੁਹਾਡੇ ਭਰਾ ਤਾਂ ਲੜਾਈ ਵਿੱਚ ਜਾਣ ਅਤੇ ਤੁਸੀਂ ਇੱਥੇ ਬੈਠੇ ਰਹੋ ? 7ਤੁਸੀਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਕਿਉਂ ਨਿਰਾਸ਼ ਕਰਦੇ ਹੋ ? ਜਿਹੜਾ ਯਹੋਵਾਹ ਨੇ ਉਹਨਾਂ ਨੂੰ ਦਿੱਤਾ ਹੈ । 8ਜਦ ਮੈਂ ਤੁਹਾਡੇ ਪਿਉ ਨੂੰ ਕਾਦੇਸ਼-ਬਰਨੇਆ ਤੋਂ ਕਨਾਨ ਦੇਸ ਨੂੰ ਵੇਖਣ ਲਈ ਭੇਜਿਆ ਤਾਂ ਤੁਹਾਡੇ ਪਿਉ ਨੇ ਵੀ ਇਸੇ ਤਰ੍ਹਾਂ ਹੀ ਕੀਤਾ । 9ਜਦ ਉਨ੍ਹਾਂ ਨੇ ਅਸ਼ਕੋਲ ਦੀ ਘਾਟੀ ਤੱਕ ਪਹੁੰਚ ਕੇ ਉਸ ਦੇਸ ਨੂੰ ਵੇਖਿਆ ਤਾਂ ਇਸਰਾਏਲੀਆਂ ਨੂੰ ਉਸ ਦੇਸ ਦੇ ਵਿਖੇ ਨਿਰਾਸ਼ ਕੀਤਾ, ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ । 10ਤਾਂ ਉਸ ਦਿਨ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ ਅਤੇ ਉਸ ਨੇ ਸਹੁੰ ਖਾ ਕੇ ਆਖਿਆ । 11ਕਿ ਇਹ ਮਨੁੱਖ ਜਿਹੜੇ ਮਿਸਰ ਵਿੱਚੋਂ ਨਿਕਲ ਕੇ ਆਏ ਹਨ ਉਹਨਾਂ ਦੇ ਵਿੱਚੋਂ ਜਿਹੜੇ ਵੀਹ ਸਾਲ ਦੇ ਅਤੇ ਉਸ ਤੋਂ ਉੱਪਰ ਦੇ ਹਨ ਉਸ ਦੇਸ ਨੂੰ ਨਹੀਂ ਵੇਖਣਗੇ ਜਿਸ ਦੀ ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਕਿਉਂਕਿ ਉਹ ਮੇਰੇ ਪਿੱਛੇ-ਪਿੱਛੇ ਨਹੀਂ ਚੱਲੇ । 12ਯਫੂੰਨਹ ਕਨਿੱਜ਼ੀ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਉਸ ਦੇਸ ਨੂੰ ਵੇਖਣਗੇ ਕਿਉਂ ਜੋ ਉਹ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਚੱਲੇ । 13ਤਾਂ ਯਹੋਵਾਹ ਦਾ ਕ੍ਰੋਧ ਇਸਰਾਏਲ ਉੱਤੇ ਭੜਕ ਉੱਠਿਆ ਅਤੇ ਜਦੋਂ ਤੱਕ ਸਾਰੀ ਪੀੜ੍ਹੀ ਦਾ ਨਾਸ ਨਾ ਹੋ ਗਿਆ ਜਿਹਨਾਂ ਨੇ ਯਹੋਵਾਹ ਦੇ ਵਿਰੁੱਧ ਬੁਰਾਈ ਕੀਤੀ ਸੀ, ਉਸੇ ਸਮੇਂ ਤੱਕ ਅਰਥਾਤ ਚਾਲ੍ਹੀ ਸਾਲ ਤੱਕ ਉਜਾੜ ਵਿੱਚ ਫਿਰਾਉਂਦਾ ਰਿਹਾ । 14ਹੁਣ ਵੇਖੋ, ਤੁਸੀਂ ਉਹਨਾਂ ਵੱਡਿਆ ਦੇ ਥਾਂ ਉੱਠੇ ਹੋ । ਹਾਂ, ਤੁਸੀਂ ਉਹਨਾਂ ਪਾਪੀ ਮਨੁੱਖਾਂ ਦੇ ਦੁਆਰਾ ਜੰਮੇ ਹੋ । ਤੁਸੀਂ ਯਹੋਵਾਹ ਦੇ ਕ੍ਰੋਧ ਨੂੰ ਇਸਰਾਏਲ ਉੱਤੇ ਬਹੁਤ ਵਧਾਓਗੇ । 15ਜੇ ਤੁਸੀਂ ਉਸ ਦੇ ਪਿੱਛੇ ਚੱਲਣ ਤੋਂ ਹੱਟ ਜਾਓ ਤਾਂ ਉਹ ਫਿਰ ਇਨ੍ਹਾਂ ਨੂੰ ਉਜਾੜ ਵਿੱਚ ਛੱਡ ਦੇਵੇਗਾ ਇਸ ਤਰ੍ਹਾਂ ਤੁਸੀਂ ਇਸ ਸਾਰੀ ਪਰਜਾ ਦਾ ਨਾਸ ਕਰਵਾ ਦਿਉਗੇ ।

16ਤਾਂ ਉਨ੍ਹਾਂ ਨੇ ਮੂਸਾ ਦੇ ਕੋਲ ਆ ਕੇ ਆਖਿਆ, ਅਸੀਂ ਇੱਥੇ ਹੀ ਆਪਣੇ ਪਸੂਆਂ ਲਈ ਵਾੜੇ ਅਤੇ ਆਪਣੇ ਬੱਚਿਆਂ ਲਈ ਸ਼ਹਿਰ ਬਣਾਵਾਂਗੇ । 17ਪਰ ਅਸੀਂ ਸ਼ਸਤਰ ਲੈ ਕੇ ਇਸਰਾਏਲੀਆਂ ਦੇ ਅੱਗੇ ਹੋਵਾਂਗੇ ਜਦ ਤੱਕ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਉੱਤੇ ਨਾ ਪਹੁੰਚਾ ਦੇਈਏ ਅਤੇ ਸਾਡੇ ਬਾਲ ਬੱਚੇ ਇਸ ਦੇਸ ਦੇ ਨਿਵਾਸੀਆਂ ਨਾਲ ਗੜ੍ਹ ਵਾਲੇ ਸ਼ਹਿਰਾਂ ਵਿੱਚ ਰਹਿਣਗੇ । 18ਅਤੇ ਅਸੀਂ ਆਪਣਿਆਂ ਘਰਾਂ ਨੂੰ ਨਹੀਂ ਮੁੜਾਂਗੇ ਜਦੋਂ ਤੱਕ ਇਸਰਾਏਲੀਆਂ ਦਾ ਇੱਕ-ਇੱਕ ਮਨੁੱਖ ਆਪਣੀ ਜ਼ਮੀਨ ਦਾ ਮਾਲਕ ਨਾ ਹੋ ਜਾਵੇ । 19ਕਿਉਂ ਜੋ ਅਸੀਂ ਉਨ੍ਹਾਂ ਨਾਲ ਯਰਦਨ ਪਾਰ ਅਤੇ ਉਸ ਤੋਂ ਅੱਗੇ ਜ਼ਮੀਨ ਨਹੀਂ ਲਵਾਂਗੇ ਕਿਉਂ ਜੋ ਸਾਡੀ ਜ਼ਮੀਨ ਸਾਨੂੰ ਯਰਦਨ ਦੇ ਇਸ ਪਾਸੇ ਪੂਰਬ ਵੱਲ ਮਿਲ ਗਈ ਹੈ । 20ਤਾਂ ਮੂਸਾ ਨੇ ਉਨ੍ਹਾਂ ਨੂੰ ਆਖਿਆ, ਜੇ ਤੁਸੀਂ ਇਹ ਕੰਮ ਕਰੋ, ਜੇ ਤੁਸੀਂ ਸ਼ਸਤਰ ਲਵੋ ਅਤੇ ਯਹੋਵਾਹ ਦੇ ਅੱਗੇ ਲੜਾਈ ਲਈ ਜਾਓ । 21ਅਤੇ ਤੁਹਾਡੇ ਵਿੱਚੋਂ ਹਰ ਇੱਕ ਸ਼ਸਤਰ ਧਾਰੀ ਹੋ ਕੇ ਯਰਦਨ ਤੋਂ ਪਾਰ ਲੰਘ ਜਾਵੇ ਜਦ ਤੱਕ ਯਹੋਵਾਹ ਆਪਣੇ ਵੈਰੀਆਂ ਨੂੰ ਆਪਣੇ ਅੱਗੋਂ ਨਾ ਕੱਢ ਦੇਵੇ । 22ਅਤੇ ਦੇਸ ਯਹੋਵਾਹ ਦੇ ਵੱਸ ਵਿੱਚ ਨਾ ਹੋ ਜਾਵੇ ਤਾਂ ਇਸ ਤੋਂ ਬਾਅਦ ਤੁਸੀਂ ਮੁੜ ਸਕਦੇ ਹੋ, ਤੁਸੀਂ ਯਹੋਵਾਹ ਵੱਲੋਂ ਅਤੇ ਇਸਰਾਏਲੀਆਂ ਵੱਲੋਂ ਨਿਰਦੋਸ਼ ਠਹਿਰੋਗੇ ਅਤੇ ਇਹ ਦੇਸ ਯਹੋਵਾਹ ਅੱਗੇ ਤੁਹਾਡੀ ਆਪਣੀ ਜ਼ਮੀਨ ਹੋਵੇਗਾ । 23ਪਰ ਜੇ ਤੁਸੀਂ ਇਹ ਨਾ ਕਰੋ ਤਾਂ ਵੇਖੋ, ਤੁਸੀਂ ਯਹੋਵਾਹ ਦੇ ਵਿਰੁੱਧ ਪਾਪ ਕਰੋਗੇ ਅਤੇ ਜਾਣੋ ਕਿ ਤੁਹਾਡਾ ਪਾਪ ਤੁਹਾਡੇ ਉੱਤੇ ਆ ਪਵੇਗਾ । 24ਤੁਸੀਂ ਆਪਣੇ ਬਾਲ ਬੱਚਿਆਂ ਲਈ ਸ਼ਹਿਰ ਅਤੇ ਆਪਣੇ ਇੱਜੜਾਂ ਲਈ ਵਾੜੇ ਬਣਾਓ, ਜਿਵੇਂ ਤੁਹਾਡੇ ਮੂੰਹੋਂ ਨਿੱਕਲਿਆ ਹੈ ਉਸੇ ਤਰ੍ਹਾਂ ਕਰੋ । 25ਗਾਦੀਆਂ ਅਤੇ ਰਊਬੇਨੀਆਂ ਨੇ ਮੂਸਾ ਨੂੰ ਆਖਿਆ, ਆਪਣੇ ਸਵਾਮੀ ਦੀ ਆਗਿਆ ਅਨੁਸਾਰ ਤੇਰੇ ਦਾਸ ਕਰਨਗੇ । 26ਸਾਡੇ ਬਾਲ ਬੱਚੇ, ਸਾਡੀਆਂ ਔਰਤਾਂ, ਸਾਡੇ ਝੁੰਡ ਅਤੇ ਸਾਡੇ ਸਾਰੇ ਜਾਨਵਰ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ । 27ਪਰ ਆਪਣੇ ਸਵਾਮੀ ਦੇ ਕਹੇ ਅਨੁਸਾਰ ਤੇਰੇ ਦਾਸ ਸਾਰੇ ਦੇ ਸਾਰੇ ਯੁੱਧ ਕਰਨ ਲਈ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ-ਅੱਗੇ ਲੜਨ ਲਈ ਪਾਰ ਲੰਘਣਗੇ ।

28ਤਾਂ ਮੂਸਾ ਨੇ ਉਨ੍ਹਾਂ ਦੇ ਵਿਖੇ ਅਲਆਜ਼ਾਰ ਜਾਜਕ ਨੂੰ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਅਤੇ ਇਸਰਾਏਲ ਦਿਆਂ ਗੋਤਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਹੁਕਮ ਦਿੱਤਾ । 29ਜੇ ਗਾਦੀ ਅਤੇ ਰਊਬੇਨੀ ਤੁਹਾਡੇ ਨਾਲ ਯਰਦਨ ਤੋਂ ਪਾਰ ਲੰਘਣ, ਅਤੇ ਉਹ ਜਿਹੜੇ ਸ਼ਸਤਰ ਧਾਰੀ ਹਨ ਯਹੋਵਾਹ ਲਈ ਲੜਨ ਅਤੇ ਧਰਤੀ ਤੁਹਾਡੇ ਵੱਸ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਨੂੰ ਗਿਲਆਦ ਦੇਸ ਉਹਨਾਂ ਦੀ ਸੰਪਤੀ ਹੋਣ ਲਈ ਦੇ ਦੇਇਓ । 30ਪਰ ਜੇ ਉਹ ਤੁਹਾਡੇ ਨਾਲ ਸ਼ਸਤਰ ਧਾਰੀ ਹੋ ਕੇ ਪਾਰ ਨਾ ਜਾਣ ਤਾਂ ਉਹ ਤੁਹਾਡੇ ਵਿੱਚ ਕਨਾਨ ਦੇਸ ਵਿੱਚ ਜ਼ਮੀਨ ਲੈਣ । 31ਤਾਂ ਗਾਦੀਆਂ ਅਤੇ ਰਊਬੇਨੀਆਂ ਨੇ ਉੱਤਰ ਦਿੱਤਾ, ਜਿਵੇਂ ਯਹੋਵਾਹ ਤੇਰੇ ਦਾਸਾਂ ਨੂੰ ਬੋਲਿਆ ਹੈ ਉਸੇ ਤਰ੍ਹਾਂ ਅਸੀਂ ਕਰਾਂਗੇ । 32ਅਸੀਂ ਸ਼ਸਤਰ ਧਾਰੀ ਹੋ ਕੇ ਯਹੋਵਾਹ ਅੱਗੇ ਕਨਾਨ ਦੇਸ ਵਿੱਚ ਜਾਵਾਗੇ ਪਰ ਸਾਡੀ ਜ਼ਮੀਨ ਯਰਦਨ ਦੇ ਇਸ ਪਾਰ ਹੀ ਰਹੇ ।

33ਤਾਂ ਮੂਸਾ ਨੇ ਗਾਦੀਆਂ ਅਤੇ ਰਊਬੇਨੀਆਂ ਨੂੰ ਅਤੇ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਅੱਧੇ ਗੋਤ ਨੂੰ ਅਮੋਰੀਆਂ ਦੇ ਰਾਜੇ ਸੀਹੋਨ ਦੇ ਰਾਜ ਨੂੰ ਅਤੇ ਬਾਸ਼ਨ ਦੇ ਰਾਜੇ ਓਗ ਦੇ ਰਾਜ ਨੂੰ ਦੇ ਦਿੱਤਾ ਅਤੇ ਉਸ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਸ਼ਹਿਰ ਵੀ ਉਹਨਾਂ ਨੂੰ ਦਿੱਤੇ । 34ਤਾਂ ਗਾਦੀਆਂ ਨੇ ਦੀਬੋਨ ਅਤੇ ਅਟਾਰੋਥ ਅਤੇ ਅਰੋਏਰ । 35ਅਤੇ ਅਟਰੋਥ ਸ਼ੋਫਾਨ ਅਤੇ ਯਾਜ਼ੇਰ ਅਤੇ ਯਾਗਬਹਾਹ । 36ਅਤੇ ਬੈਤ ਨਿਮਰਾਹ ਅਤੇ ਬੈਤ ਹਾਰਾਨ ਇਹ ਗੜ੍ਹਾਂ ਵਾਲੇ ਸ਼ਹਿਰ ਅਤੇ ਭੇਡਾਂ ਦੇ ਵਾੜੇ ਬਣਾਏ । 37ਪਰ ਰਊਬੇਨੀਆਂ ਨੇ ਇਹ ਬਣਾਏ, ਹਸ਼ਬੋਨ ਅਤੇ ਅਲਆਲੇ ਅਤੇ ਕਿਰਯਾਥੈਮ । 38ਅਤੇ ਨਬੋ ਬਆਲ ਮਓਨ ਜਿਨ੍ਹਾਂ ਦੇ ਨਾਮ ਬਦਲੇ ਗਏ ਅਤੇ ਸ਼ਿਬਮਾਹ ਨੂੰ ਬਣਾਇਆ ਅਤੇ ਜਿਹੜੇ ਸ਼ਹਿਰ ਉਨ੍ਹਾਂ ਨੇ ਬਣਾਏ ਉਨ੍ਹਾਂ ਦੇ ਹੋਰ ਨਾਮ ਰੱਖੇ । 39ਮਨੱਸ਼ਹ ਦੇ ਪੁੱਤਰ ਮਾਕੀਰ ਦੇ ਵੰਸ਼ ਨੇ ਜਾ ਕੇ ਗਿਲਆਦ ਨੂੰ ਲੈ ਲਿਆ ਅਤੇ ਅਮੋਰੀਆਂ ਨੂੰ ਜਿਹੜੇ ਉਹ ਦੇ ਵਿੱਚ ਸਨ ਕੱਢ ਦਿੱਤਾ । 40ਤਾਂ ਮੂਸਾ ਨੇ ਗਿਲਆਦ ਮਨੱਸ਼ਹ ਦੀ ਅੰਸ ਦੇ ਮਾਕੀਰ ਨੂੰ ਦਿੱਤਾ ਅਤੇ ਉਹ ਉਸ ਵਿੱਚ ਵੱਸਿਆ । 41ਅਤੇ ਮਨੱਸ਼ਹ ਦੇ ਵੰਸ਼ ਦੇ ਯਾਈਰ ਨੇ ਜਾ ਕੇ ਉਨ੍ਹਾਂ ਦੀਆਂ ਬਸਤੀਆਂ ਨੂੰ ਲੈ ਲਿਆ ਅਤੇ ਉਨ੍ਹਾਂ ਦੇ ਨਾਮ ਹੱਵੋਥ, ਯਾਈਰ ਰੱਖੇ । 42ਅਤੇ ਨੋਬਹ ਨੇ ਜਾ ਕੇ ਕਨਾਥ ਅਤੇ ਉਸ ਦੇ ਪਿੰਡਾਂ ਨੂੰ ਲਿਆ ਅਤੇ ਉਨ੍ਹਾਂ ਦਾ ਨਾਮ ਆਪਣੇ ਨਾਮ ਤੇ ਆਪਣਾ ਨਾਮ ਨੋਬਹ ਰੱਖਿਆ ।

33

ਮਿਸਰ ਤੋਂ ਮੋਆਬ ਤੱਕ ਦੀ ਯਾਤਰਾ

1ਇਹ ਇਸਰਾਏਲੀਆਂ ਦੇ ਸਫ਼ਰ ਹਨ ਜਦ ਉਹ ਮਿਸਰ ਦੇਸ ਤੋਂ ਆਪਣੀਆਂ ਸੈਨਾਂ ਅਨੁਸਾਰ ਮੂਸਾ ਅਤੇ ਹਾਰੂਨ ਦੀ ਅਗਵਾਈ ਨਾਲ ਨਿੱਕਲੇ । 2ਅਤੇ ਮੂਸਾ ਨੇ ਉਨ੍ਹਾਂ ਦੇ ਸਫਰਾਂ ਨੂੰ ਉਨ੍ਹਾਂ ਦੀਆਂ ਮੰਜਲਾਂ ਅਨੁਸਾਰ ਯਹੋਵਾਹ ਦੇ ਹੁਕਮ ਨਾਲ ਲਿਖਿਆ ਸੋ ਉਨ੍ਹਾਂ ਦੇ ਸਫ਼ਰ ਦੀਆਂ ਮੰਜਲਾਂ ਇਹ ਹਨ 3ਉਨ੍ਹਾਂ ਨੇ ਰਾਮਸੇਸ ਤੋਂ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ ਕੂਚ ਕੀਤਾ । ਪਸਹ ਦੇ ਇੱਕ ਦਿਨ ਪਿੱਛੋਂ ਇਸਰਾਏਲੀ ਜ਼ਬਰਦਸਤੀ ਨਾਲ ਸਾਰੇ ਮਿਸਰੀਆਂ ਦੇ ਵੇਖਦਿਆਂ ਤੇ ਨਿੱਕਲ ਗਏ । 4ਜਦੋਂ ਮਿਸਰੀ ਸਾਰੇ ਪਹਿਲੌਠਿਆਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ ਦੱਬ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਸ਼ਜਾ ਵੀ ਦਿੱਤੀ ।

5ਤਾਂ ਇਸਰਾਏਲੀਆਂ ਨੇ ਰਾਮਸੇਸ ਤੋਂ ਕੂਚ ਕਰਕੇ ਸੁੱਕੋਥ ਵਿੱਚ ਆਪਣੇ ਡੇਰੇ ਲਾਏ । 6ਫੇਰ ਉਨ੍ਹਾਂ ਨੇ ਸੁੱਕੋਥ ਤੋਂ ਕੂਚ ਕਰਕੇ ਏਥਾਮ ਵਿੱਚ ਡੇਰੇ ਲਾਏ ਜਿਹੜਾ ਉਜਾੜ ਦੀ ਹੱਦ ਉੱਤੇ ਹੈ । 7ਫੇਰ ਏਥਾਮ ਤੋਂ ਕੂਚ ਕਰਕੇ ਉਹ ਪੀ-ਹਹੀਰੋਥ ਨੂੰ ਮੁੜੇ ਜਿਹੜਾ ਬਆਲਸਫ਼ੋਨ ਦੇ ਅੱਗੇ ਹੈ ਅਤੇ ਮਿਗਦੋਲ ਦੇ ਅੱਗੇ ਉਨ੍ਹਾਂ ਨੇ ਡੇਰੇ ਲਾਏ । 8ਤਦ ਹਹੀਰੋਥ ਦੇ ਅੱਗੋਂ ਕੂਚ ਕਰ ਕੇ ਉਹ ਸਮੁੰਦਰ ਦੇ ਵਿੱਚੋਂ ਦੀ ਲੰਘ ਕੇ ਉਜਾੜ ਵਿੱਚ ਆਏ ਅਤੇ ਉਨ੍ਹਾਂ ਨੇ ਏਥਾਮ ਦੀ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ । 9ਅਤੇ ਮਾਰਾਹ ਤੋਂ ਕੂਚ ਕਰਕੇ ਉਹ ਏਲੀਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖਜੂਰ ਦੇ ਰੁੱਖ ਸਨ, ਉਹਨਾਂ ਨੇ ਉੱਥੇ ਡੇਰੇ ਲਾਏ । 10ਫੇਰ ਉਨ੍ਹਾਂ ਨੇ ਏਲੀਮ ਤੋਂ ਕੂਚ ਕਰ ਕੇ ਲਾਲ ਸਮੁੰਦਰ ਕੋਲ ਡੇਰੇ ਲਾਏ । 11ਅਤੇ ਲਾਲ ਸਮੁੰਦਰ ਤੋਂ ਕੂਚ ਕਰਕੇ ਸੀਨ ਦੀ ਉਜਾੜ ਵਿੱਚ ਡੇਰੇ ਲਾਏ । 12ਤਾਂ ਸੀਨ ਦੀ ਉਜਾੜ ਤੋਂ ਕੂਚ ਕਰ ਕੇ ਦਾਫ਼ਕਾਹ ਵਿੱਚ ਡੇਰੇ ਲਾਏ । 13ਅਤੇ ਦਾਫ਼ਕਾਹ ਤੋਂ ਕੂਚ ਕਰ ਕੇ ਆਲੂਸ਼ ਵਿੱਚ ਡੇਰੇ ਲਾਏ । 14ਤਾਂ ਆਲੂਸ਼ ਤੋਂ ਕੂਚ ਕਰ ਕੇ ਰਫ਼ੀਦਿਮ ਵਿੱਚ ਡੇਰੇ ਲਾਏ ਪਰ ਉੱਥੋਂ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ । 15ਫੇਰ ਰਫ਼ੀਦਿਮ ਤੋਂ ਕੂਚ ਕਰ ਕੇ ਸੀਨਈ ਦੀ ਉਜਾੜ ਵਿੱਚ ਡੇਰੇ ਲਾਏ । 16ਅਤੇ ਸੀਨਈ ਦੀ ਉਜਾੜ ਤੋਂ ਕੂਚ ਕਰ ਕੇ ਕਿਬਰੋਥ-ਹੱਤਅਵਾਹ ਵਿੱਚ ਡੇਰੇ ਲਾਏ 17ਤਾਂ ਕਿਬਰੋਥ-ਹੱਤਅਵਾਹ ਤੋਂ ਕੂਚ ਕਰ ਕੇ ਹਸੇਰੋਥ ਵਿੱਚ ਡੇਰੇ ਲਾਏ 18ਤਾਂ ਹਸੇਰੋਥ ਤੋਂ ਕੂਚ ਕਰ ਕੇ ਰਿਥਮਾਹ ਵਿੱਚ ਡੇਰੇ ਲਾਏ । 19ਅਤੇ ਰਿਥਮਾਹ ਤੋਂ ਕੂਚ ਕਰ ਕੇ ਰਿੰਮੋਨ-ਪਾਰਸ ਵਿੱਚ ਡੇਰੇ ਲਾਏ । 20ਅਤੇ ਰਿੰਮੋਨ-ਪਾਰਸ ਤੋਂ ਕੂਚ ਕਰ ਕੇ ਲਿਬਨਾਹ ਵਿੱਚ ਡੇਰੇ ਲਾਏ 21ਤਾਂ ਲਿਬਨਾਹ ਤੋਂ ਕੂਚ ਕਰ ਕੇ ਰਿੱਸਾਹ ਵਿੱਚ ਡੇਰੇ ਲਾਏ 22ਤਾਂ ਰਿੱਸਾਹ ਤੋਂ ਕੂਚ ਕੇ ਕੇ ਕਹੇਲਾਥਾਹ ਵਿੱਚ ਡੇਰੇ ਲਾਏ । 23ਅਤੇ ਕਹੇਲਾਥਾਹ ਤੋਂ ਕੂਚ ਕਰ ਕੇ ਸ਼ਾਫ਼ਰ ਪਹਾੜ ਵਿੱਚ ਡੇਰੇ ਲਾਏ 24ਤਾਂ ਸ਼ਾਫ਼ਰ ਪਹਾੜ ਤੋਂ ਕੂਚ ਕਰ ਕੇ ਹਰਾਦਾਹ ਵਿੱਚ ਡੇਰੇ ਲਾਏ 25ਤਾਂ ਹਰਾਦਾਹ ਤੋਂ ਕੂਚ ਕਰ ਕੇ ਮਕਹੇਲਾਸ਼ ਵਿੱਚ ਡੇਰੇ ਲਾਏ । 26ਫੇਰ ਮਕਹੇਲਾਸ਼ ਤੋਂ ਕੂਚ ਕਰ ਕੇ ਤਾਹਥ ਵਿੱਚ ਡੇਰੇ ਲਾਏ 27ਅਤੇ ਤਾਹਥ ਤੋਂ ਕੂਚ ਕਰ ਕੇ ਥਾਰਹ ਵਿੱਚ ਡੇਰੇ ਲਾਏ । 28ਅਤੇ ਥਾਰਹ ਤੋਂ ਕੂਚ ਕਰ ਕੇ ਮਿਥਕਾਹ ਵਿੱਚ ਡੇਰੇ ਲਾਏ 29ਤਾਂ ਮਿਥਕਾਹ ਤੋਂ ਕੂਚ ਕਰ ਕੇ ਹਸ਼ਮੋਨਾਹ ਵਿੱਚ ਡੇਰੇ ਲਾਏ 30ਤਾਂ ਹਸ਼ਮੋਨਾਹ ਤੋਂ ਕੂਚ ਕਰ ਕੇ ਮੋਸੇਰੋਥ ਵਿੱਚ ਡੇਰੇ ਲਾਏ 31ਅਤੇ ਮੋਸੇਰੋਥ ਤੋਂ ਕੂਚ ਕਰ ਕੇ ਬਨੇ-ਯਆਕਾਨ ਵਿੱਚ ਡੇਰੇ ਲਾਏ 32ਤਾਂ ਬਨੇ-ਯਆਕਾਨ ਤੋਂ ਕੂਚ ਕਰ ਕੇ ਹੋਰ-ਹਗਿਦਗਾਦ ਵਿੱਚ ਡੇਰੇ ਲਾਏ । 33ਫੇਰ ਹੋਰ-ਹਗਿਦਗਾਦ ਤੋਂ ਕੂਚ ਕਰ ਕੇ ਯਾਟਬਾਥਾਹ ਵਿੱਚ ਡੇਰੇ ਲਾਏ 34ਅਤੇ ਯਾਟਬਾਥਾਹ ਤੋਂ ਕੂਚ ਕਰ ਕੇ ਅਬਰੋਨਾਹ ਵਿੱਚ ਡੇਰੇ ਲਾਏ 35ਤਾਂ ਅਬਰੋਨਾਹ ਤੋਂ ਕੂਚ ਕਰ ਕੇ ਅਸਯੋਨ-ਗਬਰ ਵਿੱਚ ਡੇਰੇ ਲਾਏ 36ਤਾਂ ਅਸਯੋਨ-ਗਬਰ ਤੋਂ ਕੂਚ ਕਰ ਕੇ ਸੀਨ ਦੀ ਉਜਾੜ ਵਿੱਚ ਜਿਹੜੀ ਕਾਦੇਸ਼ ਹੈ ਡੇਰੇ ਲਾਏ 37ਅਤੇ ਕਾਦੇਸ਼ ਤੋਂ ਕੂਚ ਕਰ ਕੇ ਹੋਰ ਨਾਮੇ ਪਹਾੜ ਵਿੱਚ ਅਦੋਮ ਦੇਸ ਦੀ ਹੱਦ ਉੱਤੇ ਡੇਰੇ ਲਾਏ 38ਅਤੇ ਹਾਰੂਨ ਜਾਜਕ ਹੋਰ ਪਹਾੜ ਉੱਤੇ ਯਹੋਵਾਹ ਦੇ ਹੁਕਮ ਨਾਲ ਚੜ੍ਹਿਆ ਅਤੇ ਉੱਥੇ ਉਹ ਮਰ ਗਿਆ । ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਚਾਲੀਵੇਂ ਵਰਹੇ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ 39ਅਤੇ ਹਾਰੂਨ ਇੱਕ ਸੌ ਤੇਈ ਸਾਲ ਦਾ ਸੀ ਜਦ ਉਹ ਹੋਰ ਪਹਾੜ ਉੱਤੇ ਮਰ ਗਿਆ । 40ਕਨਾਨੀਆਂ ਦੇ ਰਾਜਾ ਅਰਾਦ ਨੇ ਜੋ ਕਨਾਨ ਦੇਸ ਦੇ ਦੱਖਣ ਵੱਲ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਦੀ ਖ਼ਬਰ ਸੁਣੀ । 41ਅਤੇ ਉਨ੍ਹਾਂ ਨੇ ਹੋਰ ਪਹਾੜ ਤੋਂ ਕੂਚ ਕਰ ਕੇ ਸਲਮੋਨਾਹ ਵਿੱਚ ਡੇਰੇ ਲਾਏ । 42ਤਾਂ ਸਲਮੋਨਾਹ ਤੋਂ ਕੂਚ ਕਰ ਕੇ ਫ਼ੁਨੋਨ ਵਿੱਚ ਡੇਰੇ ਲਾਏ । 43ਤਾਂ ਫ਼ੁਨੋਨ ਤੋਂ ਕੂਚ ਕਰ ਕੇ ਓ ਬੋਥ ਵਿੱਚ ਡੇਰੇ ਲਾਏ । 44ਅਤੇ ਓ ਬੋਥ ਤੋਂ ਕੂਚ ਕਰ ਕੇ ਇਯੇਅਬਾਰੀਮ ਵਿੱਚ ਮੋਆਬ ਦੀ ਸਰਹੱਦ ਉੱਤੇ ਡੇਰੇ ਲਾਏ । 45ਤਾਂ ਈਯੇ ਤੋਂ ਕੂਚ ਕਰ ਕੇ ਦੀਬੋਨ-ਗਾਦ ਵਿੱਚ ਡੇਰੇ ਲਾਏ । 46ਅਤੇ ਦੀਬੋਨ-ਗਾਦ ਤੋਂ ਕੂਚ ਕਰ ਕੇ ਅਲਮੋਨ-ਦਿਬਲਾਤੈਮਾਹ ਵਿੱਚ ਡੇਰੇ ਲਾਏ । 47ਅਤੇ ਅਲਮੋਨ-ਦਿਬਲਾਤੈਮਾਹ ਤੋਂ ਕੂਚ ਕਰ ਕੇ ਅਬਾਰੀਮ ਦੇ ਪਹਾੜਾਂ ਵਿੱਚ ਨਬੋ ਦੇ ਅੱਗੇ ਡੇਰੇ ਲਾਏ । 48ਅਬਾਰੀਮ ਦੇ ਪਹਾੜਾਂ ਤੋਂ ਕੂਚ ਕਰ ਕੇ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਡੇਰੇ ਲਾਏ । 49ਅਤੇ ਉਨ੍ਹਾਂ ਨੇ ਯਰਦਨ ਉੱਤੇ ਬੈਤ-ਯਸ਼ਿਮੋਥ ਤੋਂ ਆਬੇਲ-ਸ਼ਿੱਟੀਮ ਤੱਕ ਮੋਆਬ ਦੇ ਮੈਦਾਨ ਵਿੱਚ ਡੇਰੇ ਲਾਏ ।

ਕਨਾਨ ਉੱਤੇ ਹਮਲੇ ਦਾ ਨਿਰਦੇਸ਼

50ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਯਹੋਵਾਹ ਨੇ ਮੂਸਾ ਨੂੰ ਆਖਿਆ, 51ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਯਰਦਨ ਦੇ ਪਾਰ ਕਨਾਨ ਦੇਸ ਵਿੱਚ ਪਹੁੰਚੋ 52ਤਾਂ ਤੁਸੀਂ ਉਸ ਦੇਸ ਦੇ ਸਾਰੇ ਵਸਨੀਕਾਂ ਨੂੰ ਆਪਣੇ ਅੱਗਿਓਂ ਕੱਢ ਦਿਓ, ਨਾਲੇ ਉਨ੍ਹਾਂ ਦੇ ਸਾਰੇ ਘੜ੍ਹੇ ਹੋਏ ਪੱਥਰਾਂ, ਢਾਲੇ ਹੋਏ ਬੁੱਤਾਂ ਨੂੰ ਅਤੇ ਉਨ੍ਹਾਂ ਦੇ ਪੂਜਾ ਦੇ ਉੱਚੇ ਸਥਾਨਾਂ ਨੂੰ ਢਾਹ ਸੁੱਟੋ । 53ਅਤੇ ਤੁਸੀਂ ਉਸ ਦੇਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਉਹ ਦੇਸ ਤੁਹਾਨੂੰ ਦਿੱਤਾ ਹੈ ਕਿ ਤੁਸੀਂ ਉਸ ਉੱਤੇ ਕਬਜ਼ਾ ਕਰੋ । 54ਤੁਸੀਂ ਪਰਚੀਆਂ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਵੰਡ ਲਓ । ਬਹੁਤਿਆਂ ਨੂੰ ਤੁਸੀਂ ਜ਼ਿਆਦਾ ਜ਼ਮੀਨ ਦਿਓ ਅਤੇ ਥੋੜਿਆਂ ਨੂੰ ਘੱਟ ਜ਼ਮੀਨ ਦਿਓ । ਜਿੱਥੇ ਕਿਸੇ ਦੀ ਪਰਚੀ ਨਿੱਕਲੇ ਉੱਥੇ ਉਸ ਦੀ ਜ਼ਮੀਨ ਹੋਵੇ । ਆਪਣੇ ਪਿਉ-ਦਾਦਿਆਂ ਦਿਆਂ ਗੋਤਾਂ ਅਨੁਸਾਰ ਤੁਸੀਂ ਆਪਣੀ ਜ਼ਮੀਨ ਵੰਡ ਲਿਓ । 55ਪਰ ਜੇ ਤੁਸੀਂ ਉਸ ਦੇਸ ਦੇ ਵਸਨੀਕਾਂ ਨੂੰ ਆਪਣੇ ਅੱਗੋਂ ਨਾ ਕੱਢੋ ਤਾਂ ਅਜਿਹਾ ਹੋਵੇਗਾ ਕਿ ਉਹ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਰੜਕਣਗੇ ਅਤੇ ਤੁਹਾਡੀਆਂ ਪਸਲੀਆਂ ਵਿੱਚ ਕੰਡੇ ਹੋਣਗੇ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਜਿੱਥੇ ਤੁਸੀਂ ਵੱਸਦੇ ਹੋ ਦੁੱਖ ਦੇਣਗੇ । 56ਤਾਂ ਅਜਿਹਾ ਹੋਵੇਗਾ ਕਿ ਜਿਵੇਂ ਮੈਂ ਉਨ੍ਹਾਂ ਨਾਲ ਕਰਨ ਦਾ ਮਨ ਬਣਾਇਆ ਹੈ ਉਹ ਹੀ ਤੁਹਾਡੇ ਨਾਲ ਕਰਾਂਗਾ !

34

ਕਨਾਨ ਦੇਸ ਦੀਆਂ ਸੀਮਾਵਾਂ

1ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖ ਕਿ ਜਦ ਤੁਸੀਂ ਕਨਾਨ ਦੇਸ ਵਿੱਚ ਪ੍ਰਵੇਸ਼ ਕਰੋ ( ਉਹ ਦੇਸ ਜਿਹੜਾ ਤੁਹਾਡੀ ਵਿਰਾਸਤ ਹੋਣ ਲਈ ਮਿਲੇਗਾ ਅਰਥਾਤ ਕਨਾਨ ਦੇਸ ਉਹ ਦੀਆਂ ਹੱਦਾਂ ਤੱਕ ) 3ਤਾਂ ਤੁਹਾਡਾ ਦੱਖਣ ਦਾ ਪਾਸਾ ਸੀਨ ਦੀ ਉਜਾੜ ਤੋਂ ਅਦੋਮ ਦੇ ਨੇੜੇ ਹੋਵੇ ਅਤੇ ਤੁਹਾਡੇ ਦੱਖਣ ਦੀ ਹੱਦ ਖਾਰੇ ਸਮੁੰਦਰ ਦੇ ਸਿਰੇ ਤੋਂ ਪੂਰਬ ਵੱਲ ਹੋਵੇ । 4ਤੁਹਾਡੀ ਹੱਦ ਦੱਖਣ ਵਿੱਚ ਅਕਰੱਬੀਮ ਦੀ ਚੜ੍ਹਾਈ ਵੱਲ ਮੁੜੇ, ਫਿਰ ਸੀਨ ਵੱਲ ਹੁੰਦੀ ਹੋਈ ਉਹ ਦਾ ਫੈਲਾਓ ਦੱਖਣ ਤੋਂ ਕਾਦੇਸ਼-ਬਰਨੋਆ ਤੱਕ ਹੋਵੇ ਅਤੇ ਹਸਰ-ਅੱਦਾਰ ਤੱਕ ਜਾ ਕੇ ਅਸਮੋਨ ਨੂੰ ਪਹੁੰਚੇ । 5ਤਾਂ ਉਹ ਹੱਦ ਅਸਮੋਨ ਤੋਂ ਮਿਸਰ ਦੀ ਨਦੀ ਤੱਕ ਘੁੰਮੇ ਅਤੇ ਉਹ ਦਾ ਫੈਲਾਓ ਸਮੁੰਦਰ ਤੱਕ ਹੋਵੇ ।

6ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ । ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ ।

7ਮਹਾਂ ਸਮੁੰਦਰ ਤੋਂ ਤੁਸੀਂ ਹੋਰ ਨਾਮ ਦੇ ਪਰਬਤ ਤੱਕ ਨਿਸ਼ਾਨ ਲਾਓ ਜੋ ਇਹ ਤੁਹਾਡੀ ਉੱਤਰ ਵੱਲ ਦੀ ਹੱਦ ਹੋਵੇ । 8ਹੋਰ ਪਰਬਤ ਤੋਂ ਤੁਸੀਂ ਨਿਸ਼ਾਨ ਹਮਾਥ ਦੇ ਰਾਹ ਤੱਕ ਲਗਾਉ ਤਾਂ ਇਹ ਹੱਦ ਸਦਾਦ ਤੱਕ ਪਹੁੰਚੇ । 9ਫੇਰ ਹੱਦ ਜ਼ਿਫਰੋਨ ਤੱਕ ਜਾਵੇ ਅਤੇ ਉਹ ਦਾ ਫੈਲਾਓ ਹਸਰ-ਏਨਾਨ ਤੱਕ ਹੋਵੇ । ਇਹ ਤੁਹਾਡੀ ਉੱਤਰ ਦੀ ਹੱਦ ਹੋਵੇ ।

10ਤੁਸੀਂ ਆਪਣੀ ਪੂਰਬੀ ਹੱਦ ਲਈ ਹਸਰ-ਏਨਾਨ ਤੋਂ ਸ਼ਫਾਮ ਤੱਕ ਨਿਸ਼ਾਨ ਲਾਓ । 11ਅਤੇ ਸ਼ਫਾਮ ਤੋਂ ਰਿਬਲਾਹ ਤੱਕ ਆਯਿਨ ਦੇ ਪੂਰਬ ਵੱਲੋਂ ਹੇਠਾਂ ਨੂੰ ਜਾਵੇ । ਅਤੇ ਪੂਰਬ ਵੱਲ ਕਿਨੱਰਥ ਦੀ ਝੀਲ ਦੇ ਕੰਢੇ ਤੱਕ ਪਹੁੰਚ ਕੇ ਤੁਹਾਡੀ ਹੱਦ ਪੱਛਮ ਨੂੰ ਜਾਵੇ । 12ਅਤੇ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਹ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ । ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ ।

13ਫੇਰ ਮੂਸਾ ਨੇ ਇਸਰਾਏਲੀਆਂ ਨੂੰ ਹੁਕਮ ਦੇ ਕੇ ਆਖਿਆ, ਇਹ ਉਹ ਦੇਸ ਹੈ ਜਿਸ ਦਾ ਅਧਿਕਾਰ ਤੁਸੀਂ ਪਰਚੀਆਂ ਪਾ ਕੇ ਲਵੋਗੇ ਜਿਵੇਂ ਤੁਹਾਨੂੰ ਯਹੋਵਾਹ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਨੌਂ ਗੋਤਾਂ ਨੂੰ ਅਤੇ ਉਸ ਅੱਧੇ ਗੋਤ ਨੂੰ ਦਿੱਤੀ ਜਾਵੇ । 14ਕਿਉਂ ਜੋ ਰਊਬੇਨੀਆਂ ਦੇ ਗੋਤ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਗਾਦੀਆਂ ਨੇ ਆਪਣਿਆਂ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਪਾ ਲਿਆ ਹੈ । 15ਇਨ੍ਹਾਂ ਦੋਹਾਂ ਗੋਤਾਂ ਨੇ ਅਤੇ ਅੱਧੇ ਗੋਤ ਨੇ ਆਪਣੀ ਜ਼ਮੀਨ ਨੂੰ ਯਰਦਨ ਪਾਰ ਯਰੀਹੋ ਕੋਲ, ਪੂਰਬ ਦਿਸ਼ਾ ਵੱਲ ਪਾ ਲਿਆ ਹੈ ।

ਦੇਸ ਨੂੰ ਵੰਡਣ ਵਾਲੇ ਪ੍ਰਧਾਨ

16ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, 17ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜੋ ਤੁਹਾਡੇ ਲਈ ਦੇਸ ਦੀ ਜ਼ਮੀਨ ਵੰਡਣ । ਅਲਆਜ਼ਾਰ ਜਾਜਕ ਅਤੇ ਨੂਨ ਦਾ ਪੁੱਤਰ ਯਹੋਸ਼ੁਆ । 18ਨਾਲੇ ਤੁਸੀਂ ਹਰ ਗੋਤ ਤੋਂ ਇੱਕ-ਇੱਕ ਪ੍ਰਧਾਨ ਦੇਸ ਦੀ ਜ਼ਮੀਨ ਵੰਡਣ ਲਈ ਲਿਓ । 19ਅਤੇ ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹੋਣ, ਯਹੂਦਾਹ ਦੇ ਗੋਤ ਲਈ ਯਫ਼ੁੰਨਹ ਦਾ ਪੁੱਤਰ ਕਾਲੇਬ 20ਸ਼ਿਮਓਨੀਆਂ ਦੇ ਗੋਤ ਲਈ ਅੰਮੀਹੂਦ ਦਾ ਪੁੱਤਰ ਸ਼ਮੂਏਲ 21ਬਿਨਯਾਮੀਨ ਦੇ ਗੋਤ ਲਈ ਕਿਸਲੋਨ ਦਾ ਪੁੱਤਰ ਅਲੀਦਾਦ 22ਦਾਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਯਾਗਲੀ ਦਾ ਪੁੱਤਰ ਬੁੱਕੀ 23ਯੂਸੁਫ਼ ਦੇ ਪੁੱਤਰਾਂ ਵਿੱਚੋਂ ਮਨੱਸ਼ੀਆਂ ਦੇ ਗੋਤ ਲਈ ਇੱਕ ਪ੍ਰਧਾਨ ਏਫ਼ੋਦ ਦਾ ਪੁੱਤਰ ਹੰਨੀਏਲ 24ਅਤੇ ਅਫ਼ਰਈਮੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਿਫਟਾਨ ਦਾ ਪੁੱਤਰ ਕਮੂਏਲ 25ਅਤੇ ਜ਼ਬੂਲੁਨੀਆਂ ਦੇ ਗੋਤ ਲਈ ਇੱਕ ਪ੍ਰਧਾਨ ਪਰਨਾਕ ਦਾ ਪੁੱਤਰ ਅਲੀਸਾਫ਼ਾਨ 26ਅਤੇ ਯਿੱਸਾਕਾਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੱਜ਼ਾਨ ਦਾ ਪੁੱਤਰ ਪਲਟੀਏਲ 27ਅਤੇ ਆਸ਼ੇਰੀਆਂ ਦੇ ਗੋਤ ਲਈ ਇੱਕ ਪ੍ਰਧਾਨ ਸ਼ਲੋਮੀ ਦਾ ਪੁੱਤਰ ਅਹੀਹੂਦ 28ਅਤੇ ਨਫ਼ਤਾਲੀਆਂ ਦੇ ਗੋਤ ਲਈ ਇੱਕ ਪ੍ਰਧਾਨ ਅੰਮੀਹੂਦ ਦਾ ਪੁੱਤਰ ਪਦਹੇਲ 29ਇਹ ਉਹ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਹ ਇਸਰਾਏਲੀਆਂ ਲਈ ਕਨਾਨ ਦੇਸ ਦੀ ਜ਼ਮੀਨ ਵੰਡਣ ।

35

ਲੇਵੀਆਂ ਦੇ ਨਗਰ

1ਫੇਰ ਯਹੋਵਾਹ ਮੋਆਬ ਦੇ ਮੈਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਮੂਸਾ ਨੂੰ ਬੋਲਿਆ, 2ਇਸਰਾਏਲੀਆਂ ਨੂੰ ਹੁਕਮ ਦੇ, ਕਿ ਉਹ ਲੇਵੀਆਂ ਨੂੰ ਆਪਣੇ ਕਬਜ਼ੇ ਦੀ ਜ਼ਮੀਨ ਵਿੱਚੋਂ ਰਹਿਣ ਲਈ ਨਗਰ ਦੇਣ ਅਤੇ ਨਗਰਾਂ ਦੇ ਦੁਆਲੇ ਦੀ ਸ਼ਾਮਲਾਟ ਲੇਵੀਆਂ ਨੂੰ ਦੇਣ । 3ਨਗਰ ਉਨ੍ਹਾਂ ਦੇ ਰਹਿਣ ਲਈ ਅਤੇ ਸ਼ਾਮਲਾਤ ਉਨ੍ਹਾਂ ਦੇ ਪਸ਼ੂਆਂ ਲਈ, ਉਨ੍ਹਾਂ ਦੇ ਸਭ ਕੁਝ ਲਈ ਅਤੇ ਉਨ੍ਹਾਂ ਦੇ ਜਾਨਵਰਾਂ ਲਈ ਹੋਵੇ । 4ਅਤੇ ਨਗਰਾਂ ਦੀ ਸ਼ਾਮਲਾਟ ਜਿਹੜੀ ਤੁਸੀਂ ਲੇਵੀਆਂ ਨੂੰ ਦਿਓ ਨਗਰ ਦੀਆਂ ਕੰਧਾਂ ਤੋਂ ਲੈ ਕੇ ਬਾਹਰ ਵੱਲ ਆਲੇ-ਦੁਆਲੇ ਇੱਕ-ਇੱਕ ਹਜ਼ਾਰ ਹੱਥ ਹੋਵੇ । 5ਤੁਸੀਂ ਨਗਰ ਤੋਂ ਬਾਹਰ ਪੂਰਬ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਮਿਣੋ, ਦੱਖਣ ਦੇ ਪਾਸੇ ਵੱਲ ਦੋ ਹਜ਼ਾਰ, ਲਹਿੰਦੇ ਪਾਸੇ ਦੋ ਹਜ਼ਾਰ ਅਤੇ ਉੱਤਰ ਦੇ ਪਾਸੇ ਵੱਲ ਦੋ ਹਜ਼ਾਰ ਹੱਥ ਅਤੇ ਨਗਰ ਵਿਚਕਾਰ ਹੋਵੇ । ਇਹ ਉਨ੍ਹਾਂ ਦੇ ਨਗਰਾਂ ਦੀਆਂ ਸ਼ਾਮਲਾਟਾਂ ਹੋਣ । 6ਜਿਹੜੇ ਨਗਰ ਤੁਸੀਂ ਲੇਵੀਆਂ ਨੂੰ ਦਿਓਗੇ ਉਹ ਛੇ ਨਗਰ ਪਨਾਹ ਦੇ ਨਗਰ ਹੋਣ ਜਿਨ੍ਹਾਂ ਨੂੰ ਤੁਸੀਂ ਖੂਨੀ ਦੇ ਭੱਜ ਜਾਣ ਲਈ ਠਹਿਰਾਓ ਅਤੇ ਉਨ੍ਹਾਂ ਤੋਂ ਬਿਨ੍ਹਾਂ ਤੁਸੀਂ ਬਿਆਲੀ ਨਗਰ ਹੋਰ ਦਿਓ । 7ਸੋ ਸਾਰੇ ਨਗਰ ਜਿਹੜੇ ਤੁਸੀਂ ਲੇਵੀਆਂ ਨੂੰ ਦਿਓ ਅਠਤਾਲੀ ਨਗਰ ਸ਼ਾਮਲਾਟ ਨਾਲ ਹੋਣ । 8ਅਤੇ ਉਹ ਨਗਰ ਜਿਹੜੇ ਤੁਸੀਂ ਇਸਰਾਏਲੀਆਂ ਦੀ ਜ਼ਮੀਨ ਤੋਂ ਦੇਣੇ ਉਹ ਬਹੁਤਿਆਂ ਵਿੱਚੋਂ ਬਹੁਤੇ ਅਤੇ ਥੋੜਿਆਂ ਵਿੱਚੋਂ ਥੋੜ੍ਹੇ ਦਿਓ । ਹਰ ਇੱਕ ਆਪਣੀ ਜ਼ਮੀਨ ਅਨੁਸਾਰ ਜਿਹੜੀ ਉਹ ਨੂੰ ਮਿਲੀ ਹੈ ਆਪਣੇ ਨਗਰਾਂ ਵਿੱਚੋਂ ਲੇਵੀਆਂ ਨੂੰ ਦੇਵੇ ।

ਖੂਨੀ ਦੇ ਲਈ ਸ਼ਰਣ ਲੈਣ ਦਾ ਨਗਰ

(ਬਿਵਸਥਾ ਸਾਰ 19:1-13; ਯਹੋਸ਼ੁਆ 20:1-9)

9ਯਹੋਵਾਹ ਨੇ ਮੂਸਾ ਨੂੰ ਆਖਿਆ, 10ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਕਨਾਨ ਦੇਸ ਨੂੰ ਯਰਦਨ ਪਾਰ ਲੰਘੋ 11ਤਾਂ ਤੁਸੀਂ ਆਪਣੇ ਲਈ ਨਗਰ ਠਹਿਰਾਓ ਜਿਹੜੇ ਤੁਹਾਡੇ ਲਈ ਪਨਾਹ ਦੇ ਨਗਰ ਹੋਣ ਜਿੱਥੇ ਖੂਨੀ ਭੱਜ ਜਾਵੇ ਜਿਸ ਕਿਸੇ ਨੂੰ ਭੁੱਲ ਨਾਲ ਮਾਰਿਆ ਹੋਵੇ । 12ਅਤੇ ਇਹ ਨਗਰ ਤੁਹਾਡੇ ਲਈ ਬਦਲਾ ਲੈਣ ਵਾਲੇ ਤੋਂ ਪਨਾਹ ਲਈ ਹੋਣ ਤਾਂ ਜੋ ਖੂਨੀ ਮਰ ਨਾ ਜਾਵੇ ਜਿੰਨਾ ਚਿਰ ਉਹ ਮੰਡਲੀ ਦੇ ਅੱਗੇ ਨਿਆਉਂ ਲਈ ਖੜ੍ਹਾ ਨਾ ਕੀਤਾ ਜਾਵੇ । 13ਅਤੇ ਜਿਹੜੇ ਨਗਰ ਤੁਸੀਂ ਦਿਓ ਉਹ ਤੁਹਾਡੇ ਲਈ ਛੇ ਨਗਰ ਪਨਾਹ ਦੇ ਨਗਰ ਹੋਣ । 14ਤਿੰਨ ਨਗਰ ਯਰਦਨ ਤੋਂ ਪਾਰ ਅਤੇ ਤਿੰਨ ਨਗਰ ਕਨਾਨ ਦੇਸ ਵਿੱਚ ਠਹਿਰਾਓ ਅਤੇ ਉਹ ਪਨਾਹ ਦੇ ਨਗਰ ਹੋਣ । 15ਇਸਰਾਏਲੀਆਂ ਲਈ, ਪਰਦੇਸੀਆਂ ਲਈ ਅਤੇ ਉਸ ਲਈ ਜਿਹੜਾ ਉਨ੍ਹਾਂ ਵਿੱਚ ਵੱਸਦਾ ਹੋਵੇ ਇਹ ਛੇ ਨਗਰ ਪਨਾਹ ਲਈ ਹੋਣ ਤਾਂ ਜੋ ਜੇ ਕੋਈ ਕਿਸੇ ਨੂੰ ਭੁੱਲ ਨਾਲ ਮਾਰ ਦੇਵੇ ਉਹ ਉੱਥੇ ਭੱਜ ਜਾਵੇ ।

16ਪਰ ਜੇ ਉਸ ਨੇ ਕਿਸੇ ਨੂੰ ਲੋਹੇ ਦੇ ਕਿਸੇ ਹਥਿਆਰ ਨਾਲ ਮਾਰਿਆ ਹੋਵੇ ਕਿ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ ਅਤੇ ਉਹ ਖੂਨੀ ਜਰੂਰ ਮਾਰਿਆ ਜਾਵੇ । 17ਜਿਸ ਨੇ ਹੱਥ ਵਿੱਚ ਪੱਥਰ ਲੈ ਕੇ ਜਿਸ ਤੋਂ ਕੋਈ ਮਰ ਸਕੇ ਕਿਸੇ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ । ਉਹ ਖੂਨੀ ਜਰੂਰ ਮਾਰਿਆ ਜਾਵੇ । 18ਜਾਂ ਜੇ ਉਸ ਨੇ ਲੱਕੜੀ ਦੇ ਹਥਿਆਰ ਨੂੰ ਹੱਥ ਵਿੱਚ ਲੈ ਕੇ ਜਿਸ ਤੋਂ ਕੋਈ ਮਰ ਸਕੇ ਉਹ ਨੂੰ ਮਾਰਿਆ ਹੋਵੇ ਅਤੇ ਉਹ ਮਰ ਗਿਆ ਹੋਵੇ ਤਾਂ ਉਹ ਖੂਨੀ ਹੈ । ਉਹ ਖੂਨੀ ਜਰੂਰ ਮਾਰਿਆ ਜਾਵੇ । 19ਖੂਨ ਦਾ ਬਦਲਾ ਲੈਣ ਵਾਲਾ ਆਪ ਉਸ ਖੂਨੀ ਨੂੰ ਮਾਰੇ ਜਦ ਉਹ ਉਸ ਨੂੰ ਲੱਭੇ ਤਾਂ ਉਹ ਉਸ ਨੂੰ ਮਾਰ ਸੁੱਟੇ । 20ਜੇ ਕੋਈ ਕਿਸੇ ਨੂੰ ਵੈਰ ਨਾਲ ਧੱਕਾ ਮਾਰੇ ਜਾਂ ਘਾਤ ਲਾ ਕੇ ਉਸ ਉੱਤੇ ਕੁਝ ਸੁੱਟਿਆ ਹੋਵੇ ਕਿ ਉਹ ਮਰ ਗਿਆ ਹੋਵੇ 21ਜਾਂ ਦੁਸ਼ਮਣੀ ਨਾਲ ਆਪਣੇ ਹੱਥੀਂ ਮਾਰੇ ਕਿ ਉਹ ਮਰ ਜਾਵੇ ਤਾਂ ਮਾਰਨ ਵਾਲਾ ਜਰੂਰ ਮਾਰਿਆ ਜਾਵੇ, ਉਹ ਖੂਨੀ ਹੈ । ਬਦਲਾ ਲੈਣ ਵਾਲਾ ਜਦ ਕਦੀ ਉਹ ਲੱਭੇ ਉਸ ਖੂਨੀ ਨੂੰ ਮਾਰ ਸੁੱਟੇ ।

22ਪਰ ਜੇ ਉਸ ਨੇ ਉਹ ਨੂੰ ਅਚਾਨਕ ਦੁਸ਼ਮਣੀ ਤੋਂ ਬਿਨ੍ਹਾਂ ਧੱਕਾ ਮਾਰਿਆ ਹੋਵੇ ਜਾਂ ਉਹ ਦੇ ਉੱਤੇ ਘਾਤ ਲਾਉਣ ਤੋਂ ਬਿਨ੍ਹਾਂ ਕੁਝ ਸੁੱਟਿਆ ਹੋਵੇ । 23ਜਾਂ ਕਿਸੇ ਪੱਥਰ ਨਾਲ ਜਿਸ ਦੇ ਨਾਲ ਕੋਈ ਮਰ ਸਕੇ ਵੇਖੇ ਬਿਨ੍ਹਾਂ ਉਹ ਦੇ ਉੱਤੇ ਸੁੱਟਿਆ ਹੋਵੇ ਅਤੇ ਉਹ ਮਰ ਜਾਵੇ ਅਤੇ ਉਹ ਉਸ ਦਾ ਵੈਰੀ ਨਹੀਂ ਸੀ ਨਾ ਉਹ ਉਸ ਦਾ ਨੁਕਸਾਨ ਚਾਹੁੰਦਾ ਸੀ । 24ਤਾਂ ਮੰਡਲੀ ਨੂੰ ਮਾਰਨ ਵਾਲਾ ਅਤੇ ਖੂਨ ਦਾ ਬਦਲਾ ਲੈਣ ਵਾਲਾ ਇਨ੍ਹਾਂ ਨਿਯਮਾ ਦੇ ਅਨੁਸਾਰ ਫ਼ੈਸਲਾ ਕਰੇ । 25ਅਤੇ ਮੰਡਲੀ ਉਸ ਖੂਨੀ ਨੂੰ ਬਦਲਾ ਲੈਣ ਵਾਲੇ ਦੇ ਹੱਥੋਂ ਛੁਡਾ ਕੇ, ਉਸ ਨੂੰ ਉਸ ਦੇ ਪਨਾਹ ਦੇ ਨਗਰ ਵਿੱਚ ਮੋੜ ਦੇਵੇ ਜਿੱਥੇ ਨੂੰ ਉਹ ਭੱਜ ਗਿਆ ਸੀ ਅਤੇ ਉਸ ਵਿੱਚ ਪ੍ਰਧਾਨ ਜਾਜਕ ਦੀ ਮੌਤ ਤੱਕ ਜਿਹੜਾ ਪਵਿੱਤਰ ਤੇਲ ਨਾਲ ਮਸਹ ਹੋਇਆ ਹੈ, ਵੱਸੇ । 26ਅਤੇ ਜੇ ਕਦੀ ਉਹ ਖੂਨੀ ਪਨਾਹ ਦੇ ਨਗਰ ਦੀ ਹੱਦ ਤੋਂ ਬਾਹਰ ਜਿੱਥੇ ਨੂੰ ਉਹ ਨੱਠਾ ਸੀ ਜਾਵੇ । 27ਅਤੇ ਖੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਨਗਰ ਦੀ ਹੱਦੋਂ ਬਾਹਰ ਮਿਲੇ ਅਤੇ ਖੂਨ ਦਾ ਬਦਲਾ ਲੈਣ ਉਸ ਖੂਨੀ ਨੂੰ ਮਾਰ ਦੇਵੇ ਤਾਂ ਉਹ ਖੂਨ ਦਾ ਦੋਸ਼ੀ ਨਾ ਹੋਵੇਗਾ । 28ਕਿਉਂ ਜੋ ਉਸ ਨੂੰ ਚਾਹੀਦਾ ਸੀ ਕਿ ਪ੍ਰਧਾਨ ਜਾਜਕ ਦੀ ਮੌਤ ਤੱਕ ਆਪਣੇ ਪਨਾਹ ਦੇ ਨਗਰ ਵਿੱਚ ਰਹਿੰਦਾ, ਪਰ ਪ੍ਰਧਾਨ ਜਾਜਕ ਦੀ ਮੌਤ ਪਿੱਛੋਂ ਉਹ ਖੂਨੀ ਆਪਣੀ ਜ਼ਮੀਨ ਦੀ ਧਰਤੀ ਵਿੱਚ ਮੁੜ ਜਾਵੇ

29ਅਤੇ ਇਹ ਤੁਹਾਡੇ ਲਈ ਨਿਆਉਂ ਦੀ ਬਿਧੀ ਪੀੜ੍ਹੀਓਂ ਪੀੜ੍ਹੀ ਤੁਹਾਡੀਆਂ ਸਾਰੀਆਂ ਰਹਿਣ ਦੀਆਂ ਥਾਵਾਂ ਵਿੱਚ ਹੋਵੇ । 30ਜੇ ਕੋਈ ਕਿਸੇ ਮਨੁੱਖ ਨੂੰ ਮਾਰੇ, ਉਹ ਗਵਾਹਾਂ ਦੀ ਗਵਾਹੀ ਨਾਲ ਮਾਰਿਆ ਜਾਵੇ, ਪਰ ਇੱਕੋ ਹੀ ਗਵਾਹ ਦੀ ਗਵਾਹੀ ਤੋਂ ਕੋਈ ਨਾ ਮਾਰਿਆ ਜਾਵੇ । 31ਤੁਸੀਂ ਕਿਸੇ ਖੂਨੀ ਦੀ ਜਾਨ ਦਾ ਜੁਰਮਾਨਾ ਨਾ ਲਓ, ਜੋ ਮੌਤ ਦਾ ਦੋਸ਼ੀ ਹੋਵੇ । ਉਹ ਜਰੂਰ ਮਾਰਿਆ ਜਾਵੇ । 32ਜਿਹੜਾ ਆਪਣੇ ਪਨਾਹ ਨਗਰ ਨੂੰ ਭੱਜ ਗਿਆ ਹੋਵੇ ਅਤੇ ਮੁੜ ਕੇ ਆਪਣੇ ਦੇਸ ਵਿੱਚ ਜਾਜਕ ਦੀ ਮੌਤ ਤੋਂ ਪਹਿਲਾਂ ਆ ਵੱਸੇ ਉਸ ਤੋਂ ਤੁਸੀਂ ਕੋਈ ਜੁਰਮਾਨਾ ਉਸ ਦੇ ਬਦਲੇ ਨਾ ਲਓ । 33ਤੁਸੀਂ ਉਸ ਜਗ੍ਹਾ ਨੂੰ ਭਰਿਸ਼ਟ ਨਾ ਕਰੋ ਜਿਸ ਦੇ ਵਿੱਚ ਤੁਸੀਂ ਵੱਸਦੇ ਹੋ, ਕਿਉਂ ਜੋ ਜ਼ਮੀਨ ਖੂਨ ਦੇ ਨਾਲ ਭਰਿਸ਼ਟ ਹੋ ਜਾਂਦੀ ਹੈ ਅਤੇ ਜਿਸ ਨਗਰ ਵਿੱਚ ਖੂਨ ਵਹਾਇਆ ਜਾਵੇ ਤਾਂ ਉਸ ਖੂਨ ਵਹਾਉਣ ਵਾਲੇ ਦੇ ਖੂਨ ਨਾਲ ਹੀ ਉਸ ਜ਼ਮੀਨ ਦਾ ਪ੍ਰਾਸ਼ਚਿਤ ਹੋ ਸਕਦਾ ਹੈ । 34ਜਿਸ ਦੇਸ ਵਿੱਚ ਤੁਸੀਂ ਵਾਸ ਕਰੋਗੇ ਮੈਂ ਤੁਹਾਡੇ ਵਿਚਕਾਰ ਵੱਸਾਂਗਾ, ਉਸ ਨਗਰ ਨੂੰ ਤੁਸੀਂ ਭਰਿਸ਼ਟ ਨਾ ਕਰਨਾ, ਕਿਉਂ ਜੋ ਮੈਂ ਯਹੋਵਾਹ ਇਸਰਾਏਲੀਆਂ ਵਿੱਚ ਵੱਸਦਾ ਹਾਂ ।

36

ਸਲਾਫ਼ਹਾਦ ਦੀਆਂ ਧੀਆਂ ਦਾ ਹਿੱਸਾ

1ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਨੇ, ਜਿਹੜੇ ਯੂਸੁਫ਼ ਦੇ ਪੁੱਤਰਾਂ ਦੇ ਟੱਬਰ ਵਿੱਚ ਮੱਨਸ਼ੀ ਮਾਕੀਰ ਦੇ ਪੁੱਤਰ, ਗਿਲਆਦ ਦੇ ਪੁੱਤਰਾਂ ਦੇ ਟੱਬਰ ਤੋਂ ਸਨ, ਨੇੜੇ ਆ ਕੇ ਮੂਸਾ ਅਤੇ ਉਨ੍ਹਾਂ ਪ੍ਰਧਾਨ ਦੇ ਅੱਗੇ ਜਿਹੜੇ ਇਸਰਾਏਲੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਗੱਲ ਕੀਤੀ । 2ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਨੇ ਸਾਡੇ ਸੁਆਮੀ ਨੂੰ ਹੁਕਮ ਦਿੱਤਾ ਸੀ ਕਿ ਜ਼ਮੀਨ ਦੀ ਧਰਤੀ ਚਿੱਠੀ ਪਾ ਕੇ ਇਸਰਾਏਲੀਆਂ ਨੂੰ ਦਿੱਤੀ ਜਾਵੇ, ਨਾਲੇ ਸਾਡੇ ਸੁਆਮੀ ਨੂੰ ਯਹੋਵਾਹ ਵੱਲੋਂ ਹੁਕਮ ਮਿਲਿਆ ਸੀ ਕਿ ਸਾਡੇ ਭਰਾ ਸਲਾਫ਼ਹਾਦ ਦੀ ਜ਼ਮੀਨ ਉਸ ਦੀਆਂ ਧੀਆਂ ਨੂੰ ਦਿੱਤੀ ਜਾਵੇ । 3ਜੇ ਉਹ ਇਸਰਾਏਲੀਆਂ ਦੇ ਕਿਸੇ ਹੋਰ ਗੋਤ ਦੇ ਮਨੁੱਖਾਂ ਨਾਲ ਵਿਆਹੀਆਂ ਜਾਣ ਤਾਂ ਉਨ੍ਹਾਂ ਦਾ ਹਿੱਸਾ ਸਾਡੇ ਪਿਉ-ਦਾਦਿਆਂ ਦੀ ਜ਼ਮੀਨ ਤੋਂ ਖਤਮ ਹੋ ਜਾਏਗਾ ਅਤੇ ਉਹ ਉਸ ਗੋਤ ਨੂੰ ਦਿੱਤਾ ਜਾਵੇਗਾ ਜਿਹ ਦੀਆਂ ਉਹ ਹੋ ਜਾਣਗੀਆਂ ਅਤੇ ਸਾਡਾ ਹਿੱਸਾ ਘੱਟ ਜਾਵੇਗਾ । 4ਜਦ ਇਸਰਾਏਲੀਆਂ ਦੇ ਅਨੰਦ ਹੋਣ ਦਾ ਵਰ੍ਹਾ ਆਵੇਗਾ ਤਾਂ ਉਨ੍ਹਾਂ ਦੀ ਜ਼ਮੀਨ, ਉਸ ਗੋਤ ਦੀ ਜ਼ਮੀਨ ਨਾਲ ਰਲ ਜਾਵੇਗੀ ਜਿਸ ਵਿੱਚ ਉਹ ਵਿਆਹੀਆਂ ਜਾਣਗੀਆਂ । ਐਉਂ ਉਨ੍ਹਾਂ ਦਾ ਹਿੱਸਾ ਸਾਡੇ ਪਿਉ-ਦਾਦਿਆਂ ਦੇ ਗੋਤ ਦੀ ਜ਼ਮੀਨ ਤੋਂ ਨਿੱਕਲ ਜਾਵੇਗਾ । 5ਤਦ ਮੂਸਾ ਨੇ ਇਸਰਾਏਲੀਆਂ ਨੂੰ ਯਹੋਵਾਹ ਦੇ ਹੁਕਮ ਨਾਲ ਆਖਿਆ ਕਿ ਯੂਸੁਫ਼ ਦੇ ਪੁੱਤਰਾਂ ਦਾ ਗੋਤ ਠੀਕ ਆਖਦਾ ਹੈ । 6ਇਹ ਉਹ ਗੱਲ ਹੈ ਜਿਹ ਦਾ ਯਹੋਵਾਹ ਨੇ ਸਲਾਫ਼ਹਾਦ ਦੀਆਂ ਧੀਆਂ ਦੇ ਵਿਖੇ ਹੁਕਮ ਦਿੱਤਾ ਸੀ, ਜਿਹੜਾ ਉਨ੍ਹਾਂ ਦੀਆਂ ਅੱਖਾਂ ਵਿੱਚ ਚੰਗਾ ਦਿੱਸੇ ਉਹ ਉਹ ਦੇ ਨਾਲ ਵਿਆਹ ਕਰ ਲੈਣ, ਪਰ ਕੇਵਲ ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹ ਕਰਾਉਣ । 7ਅਜਿਹਾ ਹੋਵੇ ਜੋ ਇਸਰਾਏਲੀਆਂ ਦੀ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਚਲੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ-ਦਾਦਿਆਂ ਦੇ ਗੋਤ ਦੀ ਜ਼ਮੀਨ ਵਿੱਚ ਬਣਿਆ ਰਹੇ । 8ਅਤੇ ਹਰ ਇੱਕ ਧੀ ਜਿਹੜੀ ਇਸਰਾਏਲੀਆਂ ਦੇ ਕਿਸੇ ਗੋਤ ਵਿੱਚ ਜ਼ਮੀਨ ਲਵੇ, ਆਪਣੇ ਪਿਉ-ਦਾਦਿਆਂ ਦੇ ਗੋਤ ਦੇ ਟੱਬਰਾਂ ਵਿੱਚ ਵਿਆਹੀ ਜਾਵੇ ਤਾਂ ਜੋ ਹਰ ਇਸਰਾਏਲੀ ਆਪਣੇ ਪਿਉ-ਦਾਦਿਆਂ ਦੀ ਜ਼ਮੀਨ ਦੀ ਵਿਰਾਸਤ ਨੂੰ ਲਵੇ । 9ਇਸ ਤਰ੍ਹਾਂ ਕੋਈ ਜ਼ਮੀਨ, ਇੱਕ ਗੋਤ ਤੋਂ ਦੂਜੇ ਗੋਤ ਵਿੱਚ ਨਾ ਜਾਵੇਗੀ ਕਿਉਂ ਜੋ ਇਸਰਾਏਲੀਆਂ ਦੇ ਸਾਰੇ ਗੋਤ ਆਪਣੀਆਂ ਆਪਣੀਆਂ ਜ਼ਮੀਨਾਂ ਵਿੱਚ ਬਣੇ ਰਹਿਣ । 10ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਓਵੇਂ ਹੀ ਸਲਾਫ਼ਹਾਦ ਦੀਆਂ ਧੀਆਂ ਨੇ ਕੀਤਾ । 11ਅਤੇ ਮਹਲਾਹ, ਤਿਰਸਾਹ, ਹਾਗਲਾਹ, ਮਿਲਕਾਹ, ਅਤੇ ਨੋਆਹ, ਸਲਾਫ਼ਹਾਦ ਦੀਆਂ ਧੀਆਂ ਆਪਣੇ ਚਾਚੇ ਤਾਏ ਦੇ ਪੁੱਤਰਾਂ ਨਾਲ ਵਿਆਹੀਆਂ ਗਈਆਂ । 12ਉਹ ਯੂਸੁਫ਼ ਦੇ ਪੁੱਤਰ ਮਨੱਸ਼ਹ ਦੇ ਪੁੱਤਰਾਂ ਦੇ ਟੱਬਰਾਂ ਵਿੱਚ ਵਿਆਹੀਆਂ ਗਈਆਂ । ਇਸ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਦੇ ਪਿਉ-ਦਾਦਿਆਂ ਦੇ ਗੋਤ ਵਿੱਚ ਬਣੀ ਰਹੀ ।

13ਇਹ ਉਹ ਹੁਕਮ ਅਤੇ ਫ਼ੈਸਲੇ ਹਨ, ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਮੋਆਬ ਦੇ ਮੈਦਾਨ ਵਿੱਚ ਯਰਦਨ ਦੇ ਉੱਤੇ ਯਰੀਹੋ ਦੇ ਕੋਲ ਹੁਕਮ ਦਿੱਤਾ ਸੀ ।