Nehemiah
ਨਹਮਯਾਹ
ਭੂਮਿਕਾ
ਨਹਮਯਾਹ ਦੀ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: (1) ਨਹਮਯਾਹ ਜਿਸ ਨੂੰ ਫ਼ਾਰਸ ਦੇ ਬਾਦਸ਼ਾਹ ਨੇ ਯਹੂਦਾਹ ਦਾ ਰਾਜਪਾਲ ਨਿਯੁਕਤ ਕੀਤਾ ਸੀ, ਉਸ ਦੀ ਅਗਵਾਈ ਵਿੱਚ ਯਰੂਸ਼ਲਮ ਦੇ ਸ਼ਹਿਰਪਨਾਹ ਦੇ ਪੁਨਰ ਨਿਰਮਾਣ ਦਾ ਵਰਣਨ । ਇਸ ਤੋਂ ਬਿਨ੍ਹਾਂ ਨਹਮਯਾਹ ਬਹੁਤ ਸਾਰੇ ਸਮਾਜਿਕ ਅਤੇ ਧਾਰਮਿਕ ਸੁਧਾਰ ਵੀ ਲਿਆਉਂਦਾ ਹੈ । (2) ਅਜ਼ਰਾ ਦੁਆਰਾ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਨੂੰ ਗੰਭੀਰਤਾ ਨਾਲ ਪੜ੍ਹ ਦੇ ਸੁਣਾਉਣਾ, ਅਤੇ ਲੋਕਾਂ ਦੁਆਰਾ ਆਪਣੇ ਪਾਪਾਂ ਦਾ ਇਕਰਾਰ ਕਰਨਾ । (3) ਯਹੂਦਾਹ ਦੇ ਰਾਜਪਾਲ ਦੇ ਰੂਪ ਵਿੱਚ ਨਹਮਯਾਹ ਦੇ ਹੋਰ ਕੰਮ ।
ਇਸ ਪੁਸਤਕ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਨਹਮਯਾਹ ਦੇ ਪਰਮੇਸ਼ੁਰ ਉੱਤੇ ਅਟੱਲ ਵਿਸ਼ਵਾਸ ਅਤੇ ਉਸ ਤੋਂ ਲਗਾਤਾਰ ਪ੍ਰਾਰਥਨਾ ਕਰਨ ਦਾ ਵਰਣਨ ਮਿਲਦਾ ਹੈ ।
ਰੂਪ-ਰੇਖਾ
ਨਹਮਯਾਹ ਦਾ ਯਰੂਸ਼ਲਮ ਨੂੰ ਮੁੜਨਾ 1:1-2:20
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਪੁਨਰ ਨਿਰਮਾਣ 3:1-7:73
ਬਿਵਸਥਾ ਨੂੰ ਪੜ੍ਹਿਆ ਜਾਣਾ ਅਤੇ ਨੇਮ ਨੂੰ ਨਵਾਂ ਕਰਨਾ 8:1-10:39
ਨਹਮਯਾਹ ਦੇ ਹੋਰ ਕੰਮ 11:1-13:31
1ਯਰੂਸ਼ਲਮ ਦੇ ਲਈ ਨਹਮਯਾਹ ਦੀ ਚਿੰਤਾ
1ਹਕਲਯਾਹ ਦੇ ਪੁੱਤਰ ਨਹਮਯਾਹ ਦੇ ਬਚਨ । ਇਸ ਤਰ੍ਹਾਂ ਹੋਇਆ ਕਿ ਵੀਹਵੇਂ ਸਾਲ ਦੇ ਕਿਸਲੇਵ ਮਹੀਨੇ ਵਿੱਚ, ਜਦ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਰਹਿੰਦਾ ਸੀ, 2ਤਦ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦਾਹ ਤੋਂ ਆਏ ਹੋਏ ਕਈ ਮਨੁੱਖ ਮੇਰੇ ਕੋਲ ਆਏ, ਤਾਂ ਮੈਂ ਉਹਨਾਂ ਤੋਂ ਉਨ੍ਹਾਂ ਬਚੇ ਹੋਏ ਯਹੂਦੀਆਂ ਦੇ ਬਾਰੇ ਜੋ ਗ਼ੁਲਾਮੀ ਤੋਂ ਛੁੱਟ ਗਏ ਸਨ, ਅਤੇ ਯਰੂਸ਼ਲਮ ਦੇ ਬਾਰੇ ਪੁੱਛਿਆ । 3ਤਦ ਉਹਨਾਂ ਨੇ ਮੈਨੂੰ ਕਿਹਾ, "ਉਹ ਬਚੇ ਹੋਏ ਲੋਕ ਜਿਹੜੇ ਗ਼ੁਲਾਮੀ ਤੋਂ ਛੁੱਟ ਕੇ ਉਸ ਸੂਬੇ ਵਿੱਚ ਰਹਿੰਦੇ ਹਨ, ਉਹ ਬਹੁਤ ਦੁਰਦਸ਼ਾ ਵਿੱਚ ਹਨ ਅਤੇ ਉਹਨਾਂ ਦਾ ਨਿਰਾਦਰ ਹੁੰਦਾ ਹੈ, ਕਿਉਂਕਿ ਯਰੂਸ਼ਲਮ ਦੀ ਕੰਧਾਂ ਟੁੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ।" 4ਇਹ ਗੱਲਾਂ ਸੁਣਦੇ ਹੀ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈ ਦਿਨਾਂ ਤੱਕ ਵਿਰਲਾਪ ਕਰਦਾ ਰਿਹਾ ਅਤੇ ਸਵਰਗ ਦੇ ਪਰਮੇਸ਼ੁਰ ਦੇ ਸਨਮੁਖ ਵਰਤ ਰੱਖਿਆ ਅਤੇ ਇਹ ਆਖ ਕੇ ਪ੍ਰਾਰਥਨਾ ਕੀਤੀ, 5"ਹੇ ਸਵਰਗ ਦੇ ਪਰਮੇਸ਼ੁਰ ਯਹੋਵਾਹ, ਹੇ ਮਹਾਨ ਅਤੇ ਭੈ ਯੋਗ ਪਰਮੇਸ਼ੁਰ ! ਤੂੰ ਜੋ ਆਪਣੇ ਪ੍ਰੇਮੀਆਂ ਅਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਆਪਣੇ ਨੇਮ ਦੀ ਪਾਲਨਾ ਕਰਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ ਕਰਦਾ ਹੈਂ, 6ਤੇਰੇ ਕੰਨ ਲੱਗੇ ਰਹਿਣ ਅਤੇ ਤੇਰੀਆਂ ਅੱਖਾਂ ਖੁਲ੍ਹੀਆਂ ਰਹਿਣ ਅਤੇ ਇਸ ਸਮੇਂ ਜੋ ਪ੍ਰਾਰਥਨਾ ਮੈਂ ਤੇਰਾ ਦਾਸ ਤੇਰੇ ਦਾਸਾਂ ਇਸਰੇਲੀਆਂ ਦੇ ਲਈ ਦਿਨ ਰਾਤ ਕਰਦਾ ਰਹਿੰਦਾ ਹਾਂ, ਉਸ ਨੂੰ ਤੂੰ ਸੁਣ ਲੈ । ਮੈਂ ਇਸਰੇਲੀਆਂ ਦੇ ਪਾਪਾਂ ਨੂੰ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਹਨ ਮੰਨ ਲੈਂਦਾ ਹਾਂ । ਹਾਂ, ਮੈਂ ਅਤੇ ਮੇਰੇ ਪਿਉ-ਦਾਦਿਆਂ ਦੇ ਘਰਾਣੇ ਨੇ ਤੇਰੇ ਵਿਰੁੱਧ ਪਾਪ ਕੀਤਾ ਹੈ । 7ਅਸੀਂ ਤੇਰੇ ਵਿਰੁੱਧ ਬਹੁਤ ਬੁਰਿਆਈ ਕੀਤੀ ਹੈ, ਅਤੇ ਅਸੀਂ ਉਨ੍ਹਾਂ ਹੁਕਮਾਂ, ਬਿਧੀਆਂ ਅਤੇ ਨਿਯਮਾਂ ਨੂੰ ਜਿਹੜੇ ਤੂੰ ਆਪਣੇ ਦਾਸ ਮੂਸਾ ਨੂੰ ਦਿੱਤੇ ਸਨ, ਨਹੀਂ ਮੰਨਿਆ । 8ਉਸ ਬਚਨ ਨੂੰ ਯਾਦ ਕਰ, ਜਿਸ ਦਾ ਤੂੰ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ’ਜੇ ਤੁਸੀਂ ਧੋਖਾ ਕਰੋਗੇ ਤਾਂ ਮੈਂ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦਿਆਂਗਾ, 9ਪਰ ਜੇ ਤੁਸੀਂ ਮੇਰੀ ਵੱਲ ਮੁੜੋ ਅਤੇ ਮੇਰੇ ਹੁਕਮਾਂ ਨੂੰ ਮੰਨੋ ਅਤੇ ਉਨ੍ਹਾਂ ਦੀ ਪਾਲਨਾ ਕਰੋ, ਤੁਹਾਡੇ ਵਿੱਚੋਂ ਕੱਢੇ ਹੋਏ ਲੋਕ ਆਕਾਸ਼ ਦੇ ਆਖਰੀ ਸਿਰੇ ਤੇ ਹੋਣ, ਤਾਂ ਵੀ ਮੈਂ ਉੱਥੋਂ ਉਹਨਾਂ ਨੂੰ ਇੱਕਠੇ ਕਰ ਕੇ ਉਸ ਸਥਾਨ ਵਿੱਚ ਲਿਆਵਾਂਗਾ, ਜਿਹੜਾ ਮੈਂ ਆਪਣਾ ਨਾਮ ਵਸਾਉਣ ਲਈ ਚੁਣ ਲਿਆ ਹੈ ।’ 10ਹੁਣ ਉਹ ਤੇਰੇ ਦਾਸ ਅਤੇ ਤੇਰੀ ਪਰਜਾ ਹਨ, ਜਿਨ੍ਹਾਂ ਨੂੰ ਤੂੰ ਵੱਡੇ ਬਲ ਅਤੇ ਤੱਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ । 11ਹੇ ਪਰਮੇਸ਼ੁਰ ਮੇਰੀ ਬੇਨਤੀ ਹੈ ਕਿ ਤੂੰ ਆਪਣੇ ਦਾਸ ਦੀ ਪ੍ਰਾਰਥਨਾ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਦਾਸਾਂ ਦੀ ਪ੍ਰਾਰਥਨਾ ਵੱਲ ਵੀ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ, ਅਤੇ ਅੱਜ ਤੂੰ ਆਪਣੇ ਦਾਸ ਨੂੰ ਸਫ਼ਲ ਕਰ ਅਤੇ ਉਸ ਮਨੁੱਖ ਦੇ ਅੱਗੇ ਮੈਨੂੰ ਦਯਾ ਦਾ ਭਾਗੀ ਬਣਾ ।" ਮੈਂ ਤਾਂ ਰਾਜਾ ਦਾ ਸਾਕੀ ਸੀ ।
2ਨਹਮਯਾਹ ਦਾ ਯਰੂਸ਼ਲਮ ਵੱਲ ਪ੍ਰਸਥਾਨ
1ਫਿਰ ਇਸ ਤਰ੍ਹਾਂ ਹੋਇਆ ਕਿ ਰਾਜਾ ਅਰਤਹਸ਼ਸ਼ਤਾ ਦੇ ਵੀਹਵੇਂ ਸਾਲ ਦੇ ਨੀਸਾਨ ਮਹੀਨੇ ਵਿੱਚ ਜਦ ਮਧ ਉਸ ਦੇ ਸਾਹਮਣੇ ਲਿਆਂਦੀ ਗਈ, ਤਦ ਮੈਂ ਮਧ ਚੁੱਕ ਕੇ ਰਾਜਾ ਨੂੰ ਦਿੱਤੀ ਪਰ ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ । 2ਤਦ ਰਾਜਾ ਨੇ ਮੈਨੂੰ ਪੁੱਛਿਆ, "ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਮੂੰਹ ਕਿਉਂ ਉਤਰਿਆ ਹੈ ? ਇਹ ਤੇਰੇ ਦਿਲ ਦੀ ਉਦਾਸੀ ਬਿਨ੍ਹਾਂ ਹੋਰ ਕੁਝ ਨਹੀਂ ।" ਤਦ ਮੈਂ ਬਹੁਤ ਹੀ ਡਰ ਗਿਆ । 3ਮੈਂ ਰਾਜਾ ਨੂੰ ਕਿਹਾ, "ਰਾਜਾ ਜੁੱਗੋ-ਜੁੱਗ ਜੀਉਂਦਾ ਰਹੇ ! ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਦੀਆਂ ਕਬਰਾਂ ਹਨ, ਉਜਾੜ ਹੋਇਆ ਪਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ ? " 4ਰਾਜਾ ਨੇ ਮੈਨੂੰ ਪੁੱਛਿਆ, ਤੂੰ ਕੀ ਚਾਹੁੰਦਾ ਹੈਂ ? " ਤਦ ਮੈਂ ਸਵਰਗ ਦੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ 5ਅਤੇ ਰਾਜਾ ਨੂੰ ਕਿਹਾ, "ਜੇਕਰ ਰਾਜਾ ਨੂੰ ਚੰਗਾ ਲੱਗੇ ਅਤੇ ਜੇਕਰ ਤੁਸੀਂ ਆਪਣੇ ਦਾਸ ਤੋਂ ਪ੍ਰਸੰਨ ਹੋ, ਤਾਂ ਤੁਸੀਂ ਮੈਨੂੰ ਯਹੂਦਾਹ ਨੂੰ ਮੇਰੇ ਪੁਰਖਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਭੇਜ ਦਿਉ ਤਾਂ ਜੋ ਮੈਂ ਉਨ੍ਹਾਂ ਨੂੰ ਬਣਾਵਾਂ ।" 6ਤਦ ਰਾਜਾ ਨੇ ਜਿਸ ਦੇ ਕੋਲ ਰਾਣੀ ਵੀ ਬੈਠੀ ਸੀ, ਮੈਨੂੰ ਪੁੱਛਿਆ, "ਤੇਰਾ ਸਫ਼ਰ ਕਿੰਨ੍ਹੇ ਦਿਨ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਿਸ ਮੁੜੇਂਗਾ ? " ਤਦ ਮੈਨੂੰ ਭੇਜਣਾ ਰਾਜਾ ਨੂੰ ਚੰਗਾ ਲੱਗਿਆ ਅਤੇ ਮੈਂ ਵੀ ਉਸ ਦੇ ਨਾਲ ਇੱਕ ਸਮਾਂ ਨਿਯੁਕਤ ਕਰ ਲਿਆ । 7ਫਿਰ ਮੈਂ ਰਾਜਾ ਨੂੰ ਕਿਹਾ, "ਜੇਕਰ ਰਾਜਾ ਨੂੰ ਚੰਗਾ ਲੱਗੇ ਤਾਂ ਮੈਨੂੰ ਦਰਿਆ ਪਾਰ ਦੇ ਸੂਬਿਆਂ ਦੇ ਹਾਕਮਾਂ ਲਈ ਹੁਕਮਨਾਮੇ ਦਿੱਤੇ ਜਾਣ ਤਾਂ ਜੋ ਉਹ ਮੈਨੂੰ ਆਪਣੇ ਸ਼ਹਿਰਾਂ ਵਿੱਚੋਂ ਲੰਘਣ ਦੇਣ ਜਦੋਂ ਤੱਕ ਮੈਂ ਯਹੂਦਾਹ ਵਿੱਚ ਨਾ ਪਹੁੰਚ ਜਾਂਵਾਂ । 8ਇੱਕ ਹੁਕਮਨਾਮਾ ਆਸਾਫ਼ ਲਈ ਵੀ ਦਿੱਤਾ ਜਾਵੇ ਜੋ ਸ਼ਾਹੀ ਜੰਗਲ ਦਾ ਰਾਖਾ ਹੈ ਤਾਂ ਜੋ ਉਹ ਮੈਨੂੰ ਸ਼ਾਹੀ ਮਹਿਲ ਅਤੇ ਭਵਨ ਦੇ ਫਾਟਕਾਂ ਲਈ ਅਤੇ ਸ਼ਹਿਰ ਦੀ ਦੀਵਾਰ ਲਈ ਅਤੇ ਉਸ ਘਰ ਲਈ ਜਿਸ ਵਿੱਚ ਮੈਂ ਜਾ ਕੇ ਰਹਾਂਗਾ, ਸ਼ਤੀਰਾਂ ਲਈ ਮੈਨੂੰ ਲੱਕੜ ਦੇਵੇ ।" ਕਿਉਂਕਿ ਮੇਰੇ ਪਰਮੇਸ਼ੁਰ ਦਾ ਦਿਆਲੂ ਹੱਥ ਮੇਰੇ ਉੱਤੇ ਸੀ, ਇਸ ਲਈ ਰਾਜਾ ਨੇ ਮੇਰੀ ਬੇਨਤੀ ਸਵੀਕਾਰ ਕਰ ਲਈ । 9ਤਦ ਮੈਂ ਦਰਿਆ ਪਾਰ ਦੇ ਹਾਕਮਾਂ ਕੋਲ ਗਿਆ ਅਤੇ ਸ਼ਾਹੀ ਹੁਕਮਨਾਮੇ ਉਨ੍ਹਾਂ ਨੂੰ ਦਿੱਤੇ । ਰਾਜਾ ਨੇ ਮੇਰੇ ਨਾਲ ਫ਼ੌਜੀ ਸਰਦਾਰ ਅਤੇ ਸਵਾਰ ਵੀ ਭੇਜੇ ਸਨ ।
10ਜਦ ਸਨਬਲਟ ਹੋਰੋਨੀ ਅਤੇ ਟੋਬੀਯਾਹ ਅੰਮੋਨੀ ਨੇ ਜੋ ਕਰਮਚਾਰੀ ਸਨ, ਇਹ ਸੁਣਿਆ ਕਿ ਇੱਕ ਮਨੁੱਖ ਆਇਆ ਹੈ ਜੋ ਇਸਰਾਏਲੀਆਂ ਦੀ ਭਲਿਆਈ ਚਾਹੁੰਦਾ ਹੈ, ਤਾਂ ਉਨ੍ਹਾਂ ਨੇ ਬਹੁਤ ਬੁਰਾ ਮੰਨਿਆ । 11ਜਦ ਮੈਂ ਯਰੂਸ਼ਲਮ ਪਹੁੰਚ ਗਿਆ, ਤਾਂ ਤਿੰਨ ਦਿਨ ਉੱਥੇ ਰਿਹਾ । 12ਤਦ ਮੈਂ ਆਪਣੇ ਨਾਲ ਦੇ ਕੁਝ ਹੋਰ ਮਨੁੱਖਾਂ ਨੂੰ ਲੈ ਕੇ ਰਾਤ ਨੂੰ ਉੱਠਿਆ, ਅਤੇ ਜਿਹੜਾ ਕੰਮ ਮੇਰੇ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਲਈ ਕਰਨ ਨੂੰ ਪਾਇਆ ਸੀ, ਉਹ ਮੈਂ ਕਿਸੇ ਨੂੰ ਨਾ ਦੱਸਿਆ । ਮੇਰੀ ਸਵਾਰੀ ਦੇ ਪਸ਼ੂ ਤੋਂ ਬਿਨ੍ਹਾਂ ਹੋਰ ਕੋਈ ਪਸ਼ੂ ਮੇਰੇ ਨਾਲ ਨਹੀਂ ਸੀ । 13ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਨਾਗ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਜਲੇ ਹੋਏ ਫਾਟਕਾਂ ਨੂੰ ਵੇਖਿਆ । 14ਫੇਰ ਮੈਂ ਅੱਗੇ ਲੰਘ ਕੇ ਚਸ਼ਮਾ ਫਾਟਕ ਅਤੇ ਰਾਜਾ ਦੇ ਤਲਾਬ ਕੋਲ ਗਿਆ, ਪਰ ਉੱਥੇ ਮੇਰੀ ਸਵਾਰੀ ਦੇ ਪਸ਼ੂ ਲਈ ਅੱਗੇ ਲੰਘਣ ਲਈ ਕੋਈ ਸਥਾਨ ਨਹੀਂ ਸੀ । 15ਫੇਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਅਤੇ ਕੰਧ ਨੂੰ ਵੇਖਦਾ ਹੋਇਆ ਘੁੰਮ ਕੇ ਵਾਦੀ ਦੇ ਫਾਟਕ ਰਾਹੀਂ ਵਾਪਿਸ ਮੁੜ ਆਇਆ । 16ਹਾਕਮਾਂ ਨੂੰ ਪਤਾ ਨਾ ਲੱਗਿਆ ਕਿ ਮੈਂ ਕਿੱਥੇ ਗਿਆ ਸੀ ਅਤੇ ਕੀ ਕੀਤਾ, ਸਗੋਂ ਮੈਂ ਉਸ ਸਮੇਂ ਤੱਕ ਨਾ ਤਾਂ ਯਹੂਦੀਆਂ ਨੂੰ ਅਤੇ ਨਾ ਜਾਜਕਾਂ ਨੂੰ, ਨਾ ਸਾਮੰਤਾਂ ਨੂੰ, ਨਾ ਹਾਕਮਾਂ ਨੂੰ ਅਤੇ ਨਾ ਹੀ ਹੋਰ ਕੰਮ ਕਰਨ ਵਾਲਿਆਂ ਨੂੰ ਕੁਝ ਦੱਸਿਆ ਸੀ 17ਤਦ ਮੈਂ ਉਨ੍ਹਾਂ ਨੂੰ ਕਿਹਾ, "ਤੁਸੀਂ ਆਪ ਵੇਖਦੇ ਹੋ ਕਿ ਅਸੀਂ ਕਿੰਨੀ ਦੁਰਦਸ਼ਾ ਵਿੱਚ ਪਏ ਹਾਂ ਕਿ ਯਰੂਸ਼ਲਮ ਉੱਜੜ ਗਿਆ ਹੈ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ । ਆਉ, ਅਸੀਂ ਯਰੂਸ਼ਲਮ ਦੀ ਸ਼ਹਿਰਪਨਾਹ ਨੂੰ ਬਣਾਈਏ ਤਾਂ ਜੋ ਭਵਿੱਖ ਵਿੱਚ ਸਾਡੀ ਨਿੰਦਿਆ ਨਾ ਹੋਵੇ ।" 18ਤਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੇਰੇ ਪਰਮੇਸ਼ੁਰ ਦਾ ਹੱਥ ਮੇਰੇ ਉੱਤੇ ਭਲਿਆਈ ਲਈ ਸੀ ਅਤੇ ਰਾਜਾ ਨੇ ਮੈਨੂੰ ਕੀ-ਕੀ ਗੱਲਾਂ ਆਖੀਆਂ ਸਨ । ਤਦ ਉਨ੍ਹਾਂ ਨੇ ਕਿਹਾ, "ਆਉ, ਅਸੀਂ ਉੱਠੀਏ ਅਤੇ ਬਣਾਈਏ ।" ਤਾਂ ਉਨ੍ਹਾਂ ਨੇ ਇਸ ਭਲੇ ਕੰਮ ਲਈ ਆਪਣਿਆਂ ਹੱਥਾਂ ਨੂੰ ਤਕੜਾ ਕੀਤਾ ।
19ਜਦ ਸਨਬਲਟ ਹੋਰੋਨੀ, ਟੋਬੀਯਾਹ ਅੰਮੋਨੀ ਜੋ ਕਰਮਚਾਰੀ ਸਨ ਅਤੇ ਅਰਬੀ ਗਸ਼ਮ ਨੇ ਇਹ ਸੁਣਿਆ ਤਾਂ ਉਨ੍ਹਾਂ ਨੇ ਸਾਡਾ ਮਖੌਲ ਉਡਾਇਆ ਅਤੇ ਸਾਡੀ ਨਿੰਦਿਆ ਕਰਕੇ ਕਹਿਣ ਲੱਗੇ, "ਇਹ ਕੀ ਕੰਮ ਹੈ ਜੋ ਤੁਸੀਂ ਕਰ ਰਹੇ ਹੋ ? ਕੀ ਤੁਸੀਂ ਰਾਜਾ ਦੇ ਵਿਰੁੱਧ ਹੋ ਜਾਉਗੇ ? " 20ਤਦ ਮੈਂ ਉਨ੍ਹਾਂ ਨੂੰ ਉੱਤਰ ਦੇ ਕੇ ਕਿਹਾ, "ਸਵਰਗ ਦਾ ਪਰਮੇਸ਼ੁਰ ਸਾਡਾ ਕੰਮ ਸਫ਼ਲ ਕਰੇਗਾ, ਇਸ ਲਈ ਅਸੀਂ ਉਸ ਦੇ ਦਾਸ ਉੱਠਾਂਗੇ ਅਤੇ ਬਣਾਵਾਂਗੇ ਪਰ ਯਰੂਸ਼ਲਮ ਵਿੱਚ ਨਾ ਤਾਂ ਤੁਹਾਡਾ ਕੋਈ ਹਿੱਸਾ, ਨਾ ਹੱਕ ਅਤੇ ਨਾ ਹੀ ਸਮਾਰਕ ਹੈ !"
3ਯਰੂਸ਼ਲਮ ਦੀ ਸ਼ਹਿਰਪਨਾਹ ਦਾ ਪੁਨਰ ਨਿਰਮਾਣ
1ਤਦ ਅਲਯਾਸ਼ੀਬ ਪ੍ਰਧਾਨ ਜਾਜਕ ਅਤੇ ਉਹ ਦੇ ਜਾਜਕ ਭਰਾ ਉੱਠੇ ਅਤੇ ਉਨ੍ਹਾਂ ਨੇ ਭੇਡ ਫਾਟਕ ਨੂੰ ਬਣਾਇਆ । ਉਨ੍ਹਾਂ ਨੇ ਉਸ ਦਾ ਸਮਰਪਣ ਕੀਤਾ ਅਤੇ ਉਸ ਦੇ ਦਰਵਾਜ਼ੇ ਵੀ ਲਗਾਏ, ਇਸ ਦੇ ਨਾਲ ਉਨ੍ਹਾਂ ਨੇ ਹੰਮੇਆਹ ਦੇ ਬੁਰਜ ਤੋਂ ਹਨਨੇਲ ਦੇ ਬੁਰਜ ਤੱਕ ਸ਼ਹਿਰਪਨਾਹ ਦਾ ਸਮਰਪਣ ਕੀਤਾ । 2ਉਸ ਤੋਂ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਅਤੇ ਉਸ ਤੋਂ ਅੱਗੇ ਇਮਰੀ ਦੇ ਪੁੱਤਰ ਜ਼ੱਕੂਰ ਨੇ ਬਣਾਇਆ ।
3ਫੇਰ ਮੱਛੀ ਫਾਟਕ ਨੂੰ ਹੱਸਨਾਆਹ ਦੇ ਪੁੱਤਰਾਂ ਨੇ ਬਣਾਇਆ । ਉਨ੍ਹਾਂ ਨੇ ਉਸ ਦੀਆਂ ਕੜ੍ਹੀਆਂ ਲਗਾਈਆਂ, ਅਤੇ ਉਸ ਦੇ ਦਰਵਾਜ਼ੇ ਅਤੇ ਚਿਟਕਨੀਆਂ ਅਤੇ ਅਰਲ ਲਗਾਏ । 4ਉਨ੍ਹਾਂ ਤੋਂ ਅੱਗੇ ਹਕੋਸ ਦੇ ਪੋਤਰੇ ਅਤੇ ਊਰੀਯਾਹ ਦੇ ਪੁੱਤਰ ਮਰੇਮੋਥ ਨੇ ਮੁਰਮੰਤ ਕੀਤੀ । ਫਿਰ ਉਨ੍ਹਾਂ ਤੋਂ ਅੱਗੇ ਮਸ਼ੇਜ਼ਬੇਲ ਦੇ ਪੋਤਰੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਮੁਰੰਮਤ ਕੀਤੀ, ਇਸ ਤੋਂ ਅੱਗੇ ਬਆਨਾ ਦੇ ਪੁੱਤਰ ਸਾਦੋਕ ਨੇ ਮੁਰਮੰਤ ਕੀਤੀ । 5ਇਸ ਤੋਂ ਅੱਗੇ ਤਕੋਈਆਂ ਨੇ ਮੁਰਮੰਤ ਕੀਤੀ, ਪਰ ਉਨ੍ਹਾਂ ਦੇ ਸਾਮੰਤਾਂ ਨੇ ਆਪਣੇ ਸੁਆਮੀਆਂ ਦੀ ਸੇਵਾ ਲਈ ਆਪਣੇ ਸਿਰ ਨਾ ਝੁਕਾਏ ।
6ਫਿਰ ਪੁਰਾਣੇ ਫਾਟਕ ਦੀ ਮੁਰੰਮਤ ਪਾਸੇਆਹ ਦੇ ਪੁੱਤਰ ਯੋਯਾਦਾ ਨੇ ਅਤੇ ਬਸੋਦਯਾਹ ਦੇ ਪੁੱਤਰ ਮਸ਼ੁੱਲਾਮ ਨੇ ਕੀਤੀ । ਉਨ੍ਹਾਂ ਨੇ ਉਸ ਦੀਆਂ ਕੜ੍ਹੀਆਂ ਲਗਾਈਆਂ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ । 7ਉਨ੍ਹਾਂ ਤੋਂ ਅੱਗੇ ਮਲਟਯਾਹ ਗਿਬਓਨੀ ਅਤੇ ਯਾਦੋਨ ਮੇਰੋਨੋਥੀ ਨੇ ਅਤੇ ਗਿਬਓਨ ਅਤੇ ਮਿਸਪਾਹ ਦੇ ਮਨੁੱਖਾਂ ਨੇ ਜੋ ਦਰਿਆ ਪਾਰ ਦੇ ਸੂਬੇ ਦੇ ਹਾਕਮ ਦੇ ਰਾਜ ਵਿੱਚੋਂ ਸਨ, ਮੁਰਮੰਤ ਕੀਤੀ । 8ਉਨ੍ਹਾਂ ਤੋਂ ਅੱਗੇ ਹਰਹਯਾਹ ਦੇ ਪੁੱਤਰ ਉੱਜ਼ੀਏਲ ਅਤੇ ਹੋਰ ਸੁਨਿਆਰਾਂ ਨੇ ਮੁਰਮੰਤ ਕੀਤੀ, ਉਨ੍ਹਾਂ ਤੋਂ ਅੱਗੇ ਅਤਾਰਾਂ (ਅੱਤਰ ਬਣਾਉਣ ਵਾਲੇ) ਦੇ ਪੁੱਤਰਾਂ ਵਿੱਚੋਂ ਹਨਨਯਾਹ ਨੇ ਮੁਰਮੰਤ ਕੀਤੀ, ਅਤੇ ਉਨ੍ਹਾਂ ਨੇ ਚੌੜੀ ਕੰਧ ਤੱਕ ਯਰੂਸ਼ਲਮ ਨੂੰ ਬਣਾ ਦਿੱਤਾ । 9ਉਨ੍ਹਾਂ ਤੋਂ ਅੱਗੇ ਹੂਰ ਦੇ ਪੁੱਤਰ ਰਫਾਯਾਹ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਮੁਰਮੰਤ ਕੀਤੀ । 10ਇਸ ਤੋਂ ਅੱਗੇ ਹਰੂਮਫ਼ ਦੇ ਪੁੱਤਰ ਯਦਾਯਾਹ ਨੇ ਆਪਣੇ ਹੀ ਘਰ ਦੇ ਅੱਗੇ ਮੁਰਮੰਤ ਕੀਤੀ ਅਤੇ ਉਸ ਤੋਂ ਅੱਗੇ ਹਸ਼ਬਨਯਾਹ ਦੇ ਪੁੱਤਰ ਹਟੂੱਸ਼ ਨੇ ਮੁਰਮੰਤ ਕੀਤੀ । 11ਹਰੀਮ ਦੇ ਪੁੱਤਰ ਮਲਕੀਯਾਹ ਅਤੇ ਪਹਥ-ਮੋਆਬ ਦੇ ਪੁੱਤਰ ਹਸ਼ੂਬ ਨੇ ਦੂਜੇ ਹਿੱਸੇ ਦੀ ਅਤੇ ਤੰਦੂਰਾਂ ਦੇ ਬੁਰਜ਼ ਦੀ ਮੁਰਮੰਤ ਕੀਤੀ । 12ਇਸ ਤੋਂ ਅੱਗੇ ਹੱਲੋਹੇਸ਼ ਦੇ ਪੁੱਤਰ ਸ਼ੱਲੂਮ ਨੇ ਜੋ ਯਰੂਸ਼ਲਮ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਅਤੇ ਉਸ ਦੀਆਂ ਧੀਆਂ ਨੇ ਮੁਰਮੰਤ ਕੀਤੀ ।
13ਵਾਦੀ ਦੇ ਫਾਟਕ ਦੀ ਮੁਰਮੰਤ ਹਨੂਨ ਅਤੇ ਜ਼ਾਨੋਆਹ ਦੇ ਵਾਸੀਆਂ ਨੇ ਕੀਤੀ ਅਤੇ ਉਨ੍ਹਾਂ ਨੇ ਉਸ ਨੂੰ ਬਣਾਇਆ ਅਤੇ ਉਸ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਕੂੜਾ-ਫਾਟਕ ਤੱਕ ਇੱਕ ਹਜ਼ਾਰ ਹੱਥ ਲੰਬੀ ਕੰਧ ਬਣਾਈ ।
14ਕੂੜਾ-ਫਾਟਕ ਦੀ ਮੁਰੰਮਤ ਰਕਾਬ ਦੇ ਪੁੱਤਰ ਮਲਕੀਯਾਹ ਨੇ ਕੀਤੀ ਜੋ ਬੈਤ-ਹੱਕਾਰਮ ਦੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਉਹ ਨੂੰ ਬਣਾਇਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ।
15ਚਸ਼ਮੇ ਫਾਟਕ ਨੂੰ ਕਾਲ ਹੋਜ਼ਾ ਦੇ ਪੁੱਤਰ ਸ਼ੱਲੂਨ ਨੇ ਜੋ ਮਿਸਪਾਹ ਦੇ ਜ਼ਿਲ੍ਹੇ ਦਾ ਹਾਕਮ ਸੀ, ਮੁਰਮੰਤ ਕੀਤਾ । ਉਸ ਨੇ ਉਹ ਨੂੰ ਬਣਾਇਆ, ਛੱਤਿਆ ਅਤੇ ਉਹ ਦੇ ਦਰਵਾਜ਼ੇ, ਚਿਟਕਨੀਆਂ ਅਤੇ ਅਰਲ ਲਗਾਏ ਅਤੇ ਉਸ ਨੇ ਹੀ ਸ਼ਾਹੀ ਬਾਗ ਦੇ ਕੋਲ ਸ਼ੱਲਹ ਦੇ ਤਲਾਬ ਦੀ ਕੰਧ ਨੂੰ ਉਨ੍ਹਾਂ ਪੌੜੀਆਂ ਤੱਕ ਜਿਹੜੀਆਂ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਨੂੰ ਆਉਂਦੀਆਂ ਸਨ, ਬਣਾਇਆ । 16ਇਸ ਤੋਂ ਅੱਗੇ ਅਜ਼ਬੂਕ ਦੇ ਪੁੱਤਰ ਨਹਮਯਾਹ ਨੇ ਜਿਹੜਾ ਬੈਤਸੂਰ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਦਾਊਦ ਦੇ ਕਬਰਿਸਤਾਨ ਦੇ ਸਾਹਮਣੇ ਅਤੇ ਬਣਾਏ ਹੋਏ ਤਲਾਬ ਅਤੇ ਸੂਰਬੀਰਾਂ ਦੇ ਘਰ ਤੱਕ ਮੁਰੰਮਤ ਕੀਤੀ ।
ਲੇਵੀ ਜਿਨ੍ਹਾਂ ਨੇ ਸ਼ਹਿਰਪਨਾਹ ਦੀ ਮਰੰਮਤ ਕੀਤੀ
17ਇਸ ਤੋਂ ਅੱਗੇ ਬਾਨੀ ਦੇ ਪੁੱਤਰ ਰਹੂਮ ਨੇ ਲੇਵੀਆਂ ਦੇ ਨਾਲ ਮੁਰੰਮਤ ਕੀਤੀ । ਉਨ੍ਹਾਂ ਤੋਂ ਅੱਗੇ ਹਸ਼ਬਯਾਹ ਨੇ ਜੋ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਹਾਕਮ ਸੀ, ਉਸ ਨੇ ਆਪਣੇ ਇਲਾਕੇ ਦੀ ਮੁਰੰਮਤ ਕੀਤੀ । 18ਉਸ ਤੋਂ ਬਾਅਦ ਉਹ ਦੇ ਭਰਾਵਾਂ ਵਿੱਚੋਂ ਹੇਨਾਦਾਦ ਦੇ ਪੁੱਤਰ ਬੱਵਈ ਨੇ ਜਿਹੜਾ ਕਈਲਾਹ ਦੇ ਅੱਧੇ ਜ਼ਿਲ੍ਹੇ ਦਾ ਸਰਦਾਰ ਸੀ, ਮੁਰਮੰਤ ਕੀਤੀ । 19ਉਸ ਤੋਂ ਅੱਗੇ ਯੇਸ਼ੂਆ ਦੇ ਪੁੱਤਰ ਏਜ਼ਰ ਨੇ ਜਿਹੜਾ ਮਿਸਪਾਹ ਦਾ ਹਾਕਮ ਸੀ, ਉਸ ਨੇ ਦੂਜੇ ਹਿੱਸੇ ਦੀ ਜੋ ਹਥਿਆਰ-ਘਰ ਦੀ ਚੜ੍ਹਾਈ ਤੋਂ ਸ਼ਹਿਰਪਨਾਹ ਦੇ ਸਾਹਮਣੇ ਦੇ ਮੋੜ ਤੱਕ ਹੈ, ਮੁਰੰਮਤ ਕੀਤੀ । 20ਉਸ ਤੋਂ ਅੱਗੇ ਦੂਜੇ ਹਿੱਸੇ ਦੀ ਮੁਰਮੰਤ ਜੋ ਉਸੇ ਮੋੜ ਤੋਂ ਲੈ ਕੇ ਅਲਯਾਸ਼ੀਬ ਪ੍ਰਧਾਨ ਜਾਜਕ ਦੇ ਘਰ ਦੇ ਦਰਵਾਜ਼ੇ ਤੱਕ ਸੀ, ਜ਼ੱਬਈ ਦੇ ਪੁੱਤਰ ਬਾਰੂਕ ਨੇ ਦਿਲ ਲਾ ਕੇ ਕੀਤੀ । 21ਇਸ ਤੋਂ ਅੱਗੇ ਇੱਕ ਹੋਰ ਹਿੱਸੇ ਦੀ ਮੁਰੰਮਤ ਅਰਥਾਤ ਅਲਯਾਸ਼ੀਬ ਦੇ ਘਰ ਦੇ ਦਰਵਾਜ਼ੇ ਤੋਂ ਲੈ ਕੇ ਉਸੇ ਦੇ ਘਰ ਦੇ ਆਖਿਰ ਤੱਕ, ਹੱਕੋਜ਼ ਦੇ ਪੋਤਰੇ ਊਰੀਯਾਹ ਦੇ ਪੁੱਤਰ ਮਰੇਮੋਥ ਨੇ ਕੀਤੀ ।
ਜਾਜਕ ਜਿਨ੍ਹਾਂ ਨੇ ਸ਼ਹਿਰਪਨਾਹ ਦੀ ਮਰੰਮਤ ਕੀਤੀ
22ਇਸ ਤੋਂ ਬਾਅਦ ਉਨ੍ਹਾਂ ਜਾਜਕਾਂ ਨੇ ਮੁਰੰਮਤ ਕੀਤੀ ਜਿਹੜੇ ਮੈਦਾਨੀ ਇਲਾਕਿਆਂ ਦੇ ਮਨੁੱਖ ਸਨ । 23ਉਨ੍ਹਾਂ ਤੋਂ ਅੱਗੇ ਬਿਨਯਾਮੀਨ ਅਤੇ ਹਸ਼ੂਬ ਨੇ ਆਪਣੇ ਘਰ ਦੇ ਸਾਹਮਣੇ ਮੁਰੰਮਤ ਕੀਤੀ ਅਤੇ ਉਨ੍ਹਾਂ ਤੋਂ ਅੱਗੇ ਅਨਨਯਾਹ ਦੇ ਪੋਤਰੇ ਮਆਸ਼ੇਯਾਹ ਦੇ ਪੁੱਤਰ ਅਜ਼ਰਯਾਹ ਨੇ ਆਪਣੇ ਘਰ ਦੇ ਆਲੇ-ਦੁਆਲੇ ਮੁਰੰਮਤ ਕੀਤੀ । 24ਉਸ ਤੋਂ ਅੱਗੇ ਹੇਨਾਦਾਦ ਦੇ ਪੁੱਤਰ ਬਿੰਨੂਈ ਨੇ ਅਜ਼ਰਯਾਹ ਦੇ ਘਰ ਤੋਂ ਲੈ ਕੇ ਸ਼ਹਿਰਪਨਾਹ ਦੇ ਮੋੜ ਤੱਕ ਸਗੋਂ ਉਸ ਦੀ ਨੁੱਕਰ ਤੱਕ ਦੂਜੇ ਹਿੱਸੇ ਦੀ ਮੁਰੰਮਤ ਕੀਤੀ । 25ਫਿਰ ਊਜ਼ਈ ਦੇ ਪੁੱਤਰ ਪਲਾਲ ਨੇ ਉਸੇ ਮੋੜ ਤੋਂ ਲੈ ਕੇ ਉਸ ਬੁਰਜ ਦੇ ਸਾਹਮਣੇ ਤੱਕ ਜੋ ਰਾਜਾ ਦੇ ਉੱਪਰਲੇ ਮਹਿਲ ਦੇ ਸਾਹਮਣਿਓਂ ਨਿੱਕਲਦਾ ਸੀ, ਜਿਹੜਾ ਕੈਦਖਾਨੇ ਦੇ ਵਿਹੜੇ ਦੇ ਨਾਲ ਸੀ, ਮੁਰਮੰਤ ਕੀਤੀ । ਉਸ ਤੋਂ ਬਾਅਦ ਪਰੋਸ਼ ਦੇ ਪੁੱਤਰ ਪਦਾਯਾਹ ਨੇ 26ਅਤੇ ਨਥੀਨੀਮ (ਭਵਨ ਦੇ ਸੇਵਕ) ਜੋ ਓਫਲ ਵਿੱਚ ਵੱਸਦੇ ਸਨ, ਉਨ੍ਹਾਂ ਨੇ ਜਲ-ਫਾਟਕ ਦੇ ਸਾਹਮਣੇ ਤੱਕ ਅਤੇ ਪੂਰਬ ਵੱਲ ਬਾਹਰ ਨਿੱਕਲੇ ਹੋਏ ਬੁਰਜ ਤੱਕ ਮੁਰੰਮਤ ਕੀਤੀ । 27ਉਨ੍ਹਾਂ ਤੋਂ ਅੱਗੇ ਤਕੋਈਆਂ ਨੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ, ਜਿਹੜਾ ਬਾਹਰ ਨਿੱਕਲੇ ਹੋਏ ਉਸ ਵੱਡੇ ਬੁਰਜ ਦੇ ਸਾਹਮਣੇ ਤੋਂ ਓਫਲ ਦੀ ਕੰਧ ਤੱਕ ਸੀ ।
ਸ਼ਹਿਰਪਨਾਹ ਦੀ ਮਰੰਮਤ ਕਰਨ ਵਾਲੇ ਹੋਰ ਲੋਕ
28ਫਿਰ ਘੋੜਾ-ਫਾਟਕ ਦੇ ਉੱਤੇ ਜਾਜਕਾਂ ਨੇ ਆਪਣੇ-ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ । 29ਉਨ੍ਹਾਂ ਤੋਂ ਬਾਅਦ ਇੰਮੇਰ ਦੇ ਪੁੱਤਰ ਸਾਦੋਕ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ, ਅਤੇ ਉਸ ਤੋਂ ਅੱਗੇ ਪੂਰਬੀ ਫਾਟਕ ਦੇ ਰਾਖੇ ਸਕਨਯਾਹ ਦੇ ਪੁੱਤਰ ਸਮਆਯਾਹ ਨੇ ਮੁਰੰਮਤ ਕੀਤੀ । 30ਇਸ ਤੋਂ ਅੱਗੇ ਸਲਮਯਾਹ ਦੇ ਪੁੱਤਰ ਹਨਨਯਾਹ ਅਤੇ ਹਾਨੂਨ ਨੇ ਜਿਹੜਾ ਸਾਲਾਫ਼ ਦਾ ਛੇਵਾਂ ਪੁੱਤਰ ਸੀ, ਦੂਜੇ ਹਿੱਸੇ ਦੀ ਮੁਰੰਮਤ ਕੀਤੀ । ਉਨ੍ਹਾਂ ਤੋਂ ਅੱਗੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ । 31ਇਸ ਤੋਂ ਬਾਅਦ ਸੁਨਿਆਰੇ ਦੇ ਪੁੱਤਰ ਮਲਕੀਯਾਹ ਨੇ ਨਥੀਨੀਮ ਅਤੇ ਵਪਾਰੀਆਂ ਦੇ ਘਰ ਤੱਕ ਮਿਫ਼ਕਾਦ ਦੇ ਫਾਟਕ ਦੇ ਸਾਹਮਣੇ ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ, 32ਅਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਲੈ ਕੇ ਭੇਡ-ਫਾਟਕ ਤੱਕ ਸੁਨਿਆਰਿਆਂ ਅਤੇ ਵਪਾਰੀਆਂ ਨੇ ਮੁਰੰਮਤ ਕੀਤੀ ।
4ਨਹਮਯਾਹ ਦੁਆਰਾ ਵਿਰੋਧੀਆਂ ਦਾ ਸਾਹਮਣਾ ਕਰਨਾ
1ਜਦ ਸਨਬੱਲਟ ਨੇ ਸੁਣਿਆ ਕਿ ਅਸੀਂ ਸ਼ਹਿਰਪਨਾਹ ਨੂੰ ਬਣਾ ਰਹੇ ਹਾਂ ਤਾਂ ਉਸ ਨੂੰ ਗੁੱਸਾ ਚੜ੍ਹਿਆ ਅਤੇ ਉਹ ਬਹੁਤ ਨਰਾਜ਼ ਹੋਇਆ ਅਤੇ ਯਹੂਦੀਆਂ ਦਾ ਮਖੌਲ ਉਡਾਉਣ ਲੱਗਾ । 2ਉਸ ਨੇ ਆਪਣੇ ਭਰਾਵਾਂ ਅਤੇ ਸਾਮਰਿਯਾ ਦੀ ਫ਼ੌਜ ਦੇ ਸਾਹਮਣੇ ਕਿਹਾ, "ਇਹ ਨਿਰਬਲ ਯਹੂਦੀ ਕੀ ਕਰ ਰਹੇ ਹਨ ? ਕੀ ਉਹ ਆਪਣੀਆਂ ਕੰਧਾਂ ਨੂੰ ਮਜ਼ਬੂਤ ਕਰਨਗੇ ? ਕੀ ਉਹ ਬਲੀਆਂ ਚੜ੍ਹਾਉਣਗੇ ? ਕੀ ਉਹ ਇੱਕ ਹੀ ਦਿਨ ਵਿੱਚ ਸਭ ਕੁਝ ਬਣਾ ਲੈਣਗੇ ? ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚੋਂ ਚੁਗ ਕੇ ਫਿਰ ਨਵਾਂ ਬਣਾ ਲੈਣਗੇ ? " 3ਤਦ ਟੋਬੀਯਾਹ ਅੰਮੋਨੀ ਨੇ ਜਿਹੜਾ ਉਸ ਦੇ ਨਾਲ ਸੀ, ਕਹਿਣ ਲੱਗਾ, "ਜੋ ਕੁਝ ਇਹ ਬਣਾ ਰਹੇ ਹਨ ਜੇ ਇੱਕ ਲੂੰਬੜੀ ਵੀ ਇਹ ਦੇ ਉੱਤੇ ਚੜ੍ਹ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਵੇਗੀ !" 4"ਹੇ ਸਾਡੇ ਪਰਮੇਸ਼ੁਰ, ਸਾਡੀ ਸੁਣ ਕਿਉਂ ਜੋ ਸਾਡਾ ਨਿਰਾਦਰ ਹੁੰਦਾ ਹੈ । ਉਨ੍ਹਾਂ ਦੀ ਇਸ ਨਿੰਦਿਆ ਨੂੰ ਮੁੜ ਉਨ੍ਹਾਂ ਦੇ ਸਿਰ ਉੱਤੇ ਮੋੜ ਦੇ, ਅਤੇ ਗ਼ੁਲਾਮੀ ਦੇ ਦੇਸ਼ ਵਿੱਚ ਉਨ੍ਹਾਂ ਨੂੰ ਲੁੱਟ ਦਾ ਮਾਲ ਬਣਾ ਦੇ । 5ਉਨ੍ਹਾਂ ਦੀ ਬੁਰਿਆਈ ਨੂੰ ਨਾ ਢੱਕ ਅਤੇ ਉਨ੍ਹਾਂ ਦੇ ਪਾਪ ਤੇਰੇ ਸਾਹਮਣਿਓਂ ਨਾ ਮਿਟਣ, ਕਿਉਂ ਜੋ ਉਨ੍ਹਾਂ ਨੇ ਤੇਰੇ ਕ੍ਰੋਧ ਨੂੰ ਕਾਰੀਰਗਾਂ ਦੇ ਅੱਗੇ ਭੜਕਾਇਆ ਹੈ ।"
6ਸੋ ਅਸੀਂ ਸ਼ਹਿਰਪਨਾਹ ਨੂੰ ਬਣਾਉਂਦੇ ਗਏ ਅਤੇ ਸਾਰੀ ਸ਼ਹਿਰਪਨਾਹ ਅੱਧੀ ਉਚਾਈ ਤੱਕ ਜੁੜ ਗਈ ਕਿਉਂ ਜੋ ਲੋਕ ਪੂਰੇ ਦਿਲ ਨਾਲ ਕੰਮ ਕਰ ਰਹੇ ਸਨ ।
7ਫਿਰ ਅਜਿਹਾ ਹੋਇਆ ਕਿ ਸਨਬੱਲਟ, ਟੋਬੀਯਾਹ, ਅਰਬੀਆਂ, ਅੰਮੋਨੀਆਂ, ਅਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀ ਸ਼ਹਿਰਪਨਾਹ ਦੀ ਮੁਰੰਮਤ ਹੁੰਦੀ ਜਾਂਦੀ ਹੈ ਅਤੇ ਉਸ ਦੀਆਂ ਦਰਾਰਾਂ ਭਰਦੀਆਂ ਜਾਂਦੀਆਂ ਹਨ ਤਾਂ ਉਹ ਬਹੁਤ ਹੀ ਗੁੱਸੇ ਹੋ ਗਏ । 8ਤਦ ਉਨ੍ਹਾਂ ਸਾਰਿਆਂ ਨੇ ਇੱਕ ਮਨ ਹੋ ਕੇ ਯੋਜਨਾ ਬਣਾਈ ਕਿ ਆਓ, ਯਰੂਸ਼ਲਮ ਨਾਲ ਲੜੀਏ ਅਤੇ ਉਸ ਵਿੱਚ ਗੜ੍ਹਬੜ ਪਾ ਦੇਈਏ । 9ਪਰ ਅਸੀਂ ਆਪਣੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਡਰ ਕਾਰਨ ਉਨ੍ਹਾਂ ਦੇ ਵਿਰੁੱਧ ਦਿਨ ਰਾਤ ਪਹਿਰਾ ਖੜ੍ਹਾ ਕੀਤਾ । 10ਤਦ ਯਹੂਦਾਹ ਦੇ ਲੋਕਾਂ ਨੇ ਕਿਹਾ, "ਭਾਰ ਚੁੱਕਣ ਵਾਲਿਆਂ ਦਾ ਬਲ ਘੱਟਦਾ ਜਾਂਦਾ ਹੈ ਅਤੇ ਮਲਬਾ ਬਹੁਤ ਪਿਆ ਹੋਇਆ ਹੈ, ਇਸ ਲਈ ਅਸੀਂ ਸ਼ਹਿਰਪਨਾਹ ਨੂੰ ਨਹੀਂ ਬਣਾ ਸਕਦੇ ।" 11ਅਤੇ ਸਾਡੇ ਵਿਰੋਧੀ ਕਹਿਣ ਲੱਗੇ, "ਜਦ ਤੱਕ ਅਸੀਂ ਉਨ੍ਹਾਂ ਦੇ ਵਿੱਚ ਜਾ ਕੇ ਉਨ੍ਹਾਂ ਨੂੰ ਮਾਰ ਨਾ ਦੇਈਏ ਅਤੇ ਉਨ੍ਹਾਂ ਦੇ ਕੰਮ ਨੂੰ ਬੰਦ ਨਾ ਕਰ ਦੇਈਏ, ਤਦ ਤੱਕ ਨਾ ਉਹ ਕੁਝ ਜਾਨਣਗੇ ਅਤੇ ਨਾ ਹੀ ਵੇਖਣਗੇ ।" 12ਫਿਰ ਅਜਿਹਾ ਹੋਇਆ ਕਿ ਜੋ ਯਹੂਦੀ ਜਿਹੜੇ ਉਨ੍ਹਾਂ ਦੇ ਨੇੜੇ-ਤੇੜੇ ਵੱਸਦੇ ਸਨ, ਉਨ੍ਹਾਂ ਨੇ ਆ ਕੇ ਸਾਨੂੰ ਦਸ ਵਾਰੀ ਦੱਸਿਆ, ਉਹ ਸਾਰੀਆਂ ਥਾਵਾਂ ਵਿੱਚੋਂ ਸਾਡੇ ਉੱਤੇ ਹਮਲਾ ਕਰਨਗੇ । 13ਇਸ ਕਰਕੇ ਮੈਂ ਲੋਕਾਂ ਨੂੰ ਉਨ੍ਹਾਂ ਦੇ ਘਰਾਣਿਆਂ ਦੇ ਅਨੁਸਾਰ ਤਲਵਾਰਾਂ, ਬਰਛੀਆਂ ਅਤੇ ਤੀਰ-ਕਮਾਨਾਂ ਨਾਲ ਸ਼ਹਿਰਪਨਾਹ ਦੇ ਪਿੱਛੇ ਸਭ ਤੋਂ ਨੀਵੇਂ ਸਥਾਨਾਂ ਵਿੱਚ ਖੁੱਲ੍ਹੇ ਸਥਾਨਾਂ ਤੇ ਖੜ੍ਹਾ ਕੀਤਾ । 14ਤਦ ਮੈਂ ਸਭ ਕੁਝ ਵੇਖ ਕੇ ਉੱਠਿਆ ਅਤੇ ਸਾਮੰਤਾਂ ਅਤੇ ਹਾਕਮਾਂ ਅਤੇ ਬਾਕੀ ਸਾਰੇ ਲੋਕਾਂ ਨੂੰ ਕਿਹਾ, "ਉਨ੍ਹਾਂ ਤੋਂ ਨਾ ਡਰੋ, ਪ੍ਰਭੂ ਨੂੰ ਜੋ ਮਹਾਨ ਅਤੇ ਭੈ ਯੋਗ ਹੈ, ਯਾਦ ਰੱਖੋ ਅਤੇ ਆਪਣੇ ਭਰਾਵਾਂ, ਆਪਣੇ ਪੁੱਤਰਾਂ, ਆਪਣੀਆਂ ਧੀਆਂ, ਆਪਣੀਆਂ ਪਤਨੀਆਂ ਅਤੇ ਆਪਣੇ ਘਰਾਂ ਲਈ ਲੜੋ !"
15ਫਿਰ ਅਜਿਹਾ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ ਹੈ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਯੋਜਨਾ ਨੂੰ ਅਸਫ਼ਲ ਕਰ ਦਿੱਤਾ ਹੈ ਤਾਂ ਅਸੀਂ ਸਾਰੇ ਸ਼ਹਿਰਪਨਾਹ ਵੱਲ ਮੁੜ ਆਏ ਅਤੇ ਹਰ ਇੱਕ ਮਨੁੱਖ ਆਪਣੇ-ਆਪਣੇ ਕੰਮ ਨੂੰ ਗਿਆ । 16ਫਿਰ ਉਸ ਦਿਨ ਤੋਂ ਮੇਰੇ ਅੱਧੇ ਜੁਆਨ ਤਾਂ ਕੰਮ ਵਿੱਚ ਲੱਗੇ ਰਹਿੰਦੇ ਸਨ ਅਤੇ ਬਾਕੀ ਅੱਧੇ ਬਰਛੀਆਂ, ਢਾਲਾਂ ਤੇ ਕਮਾਨਾਂ ਲੈ ਕੇ ਅਤੇ ਸ਼ਸਤਰ ਪਾ ਕੇ ਰਹਿੰਦੇ ਸਨ ਅਤੇ ਹਾਕਮ ਯਹੂਦਾਹ ਦੇ ਸਾਰੇ ਘਰਾਣੇ ਦੇ ਪਿੱਛੇ ਰਹਿੰਦੇ ਸਨ । 17ਉਹ ਜਿਹੜੇ ਸ਼ਹਿਰਪਨਾਹ ਬਣਾਉਂਦੇ ਸਨ ਅਤੇ ਉਹ ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ ਅਤੇ ਦੂਜੇ ਹੱਥ ਨਾਲ ਹਥਿਆਰ ਫੜ੍ਹੀ ਰੱਖਦੇ ਸਨ, 18ਅਤੇ ਰਾਜ ਮਿਸਤਰੀ ਆਪਣੇ-ਆਪਣੇ ਕਮਰ-ਕੱਸਿਆਂ ਵਿੱਚ ਆਪਣੀਆਂ ਤਲਵਾਰਾਂ ਬੰਨ੍ਹ ਕੇ ਕੰਮ ਕਰਦੇ ਸਨ ਪਰ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਰਹਿੰਦਾ ਸੀ । 19ਇਸ ਲਈ ਮੈਂ ਸਾਮੰਤਾਂ, ਹਾਕਮਾਂ ਅਤੇ ਬਾਕੀ ਦੇ ਸਾਰੇ ਲੋਕਾਂ ਨੂੰ ਕਿਹਾ, "ਕੰਮ ਬਹੁਤ ਹੈ ਅਤੇ ਫੈਲਿਆ ਹੋਇਆ ਹੈ ਅਤੇ ਅਸੀਂ ਸਾਰੇ ਸ਼ਹਿਰਪਨਾਹ ਉੱਤੇ ਖਿੱਲਰੇ ਹੋਏ ਹਾਂ ਅਤੇ ਇੱਕ ਦੂਜੇ ਤੋਂ ਦੂਰ ਹਾਂ, 20ਇਸ ਲਈ ਜਿੱਧਰੋਂ ਵੀ ਤੁਸੀਂ ਨਰਸਿੰਗੇ ਦੀ ਅਵਾਜ਼ ਸੁਣੋ ਉੱਥੇ ਹੀ ਸਾਡੇ ਕੋਲ ਇੱਕਠੇ ਹੋ ਜਾਇਓ । ਸਾਡਾ ਪਰਮੇਸ਼ੁਰ ਸਾਡੇ ਲਈ ਲੜੇਗਾ ।" 21ਇਸ ਤਰ੍ਹਾਂ ਅਸੀਂ ਕੰਮ ਕਰਦੇ ਰਹੇ, ਅਤੇ ਉਨ੍ਹਾਂ ਵਿੱਚੋਂ ਅੱਧੇ ਸੂਰਜ ਚੜ੍ਹਨ ਤੋਂ ਲੈ ਕੇ ਤਾਰਿਆਂ ਦੇ ਵਿਖਾਈ ਦੇਣ ਤੱਕ ਬਰਛੀਆਂ ਫੜ੍ਹੀ ਰੱਖਦੇ ਸਨ । 22ਫਿਰ ਉਸ ਸਮੇਂ ਮੈਂ ਲੋਕਾਂ ਨੂੰ ਇਹ ਵੀ ਕਿਹਾ, "ਹਰ ਇੱਕ ਮਨੁੱਖ ਆਪਣੇ ਸੇਵਕ ਸਮੇਤ ਯਰੂਸ਼ਲਮ ਵਿੱਚ ਰਾਤ ਕੱਟਿਆ ਕਰੇ ਤਾਂ ਜੋ ਉਹ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ ।" 23ਇਸ ਤਰ੍ਹਾਂ ਨਾ ਤਾਂ ਮੈਂ ਆਪਣੇ ਕੱਪੜੇ ਲਾਹੁੰਦਾ ਸੀ, ਨਾ ਮੇਰੇ ਭਰਾ, ਨਾ ਮੇਰੇ ਜੁਆਨ ਅਤੇ ਨਾ ਉਹ ਲੋਕ ਜਿਹੜੇ ਰਾਖੀ ਕਰਨ ਲਈ ਮੇਰੇ ਨਾਲ ਸਨ, ਆਪਣੇ ਕੱਪੜੇ ਲਾਹੁੰਦੇ ਸਨ, ਇੱਥੋਂ ਤੱਕ ਕਿ ਹਰ ਇੱਕ ਮਨੁੱਖ ਪਾਣੀ ਲੈਣ ਲਈ ਵੀ ਆਪਣੇ ਹਥਿਆਰ ਨਾਲ ਰੱਖਦਾ ਸੀ ।
5ਗਰੀਬਾਂ ਦਾ ਸ਼ੋਸ਼ਣ
1ਤਦ ਲੋਕਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਦੇ ਵੱਲੋਂ ਉਨ੍ਹਾਂ ਦੇ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮੱਚ ਗਈ । 2ਕੁਝ ਤਾਂ ਕਹਿੰਦੇ ਸਨ, "ਅਸੀਂ ਆਪਣੇ ਪੁੱਤਰ ਅਤੇ ਧੀਆਂ ਸਮੇਤ ਬਹੁਤ ਸਾਰੇ ਹਾਂ । ਸਾਨੂੰ ਅੰਨ ਦਿੱਤਾ ਜਾਵੇ, ਜੋ ਅਸੀਂ ਖਾ ਕੇ ਜੀਉਂਦੇ ਰਹੀਏ ।" 3ਅਤੇ ਕੁਝ ਹੋਰ ਸਨ ਜਿਹੜੇ ਕਹਿੰਦੇ ਸਨ, "ਅਸੀਂ ਆਪਣੇ ਖੇਤ, ਆਪਣੇ ਅੰਗੂਰੀ ਬਾਗ ਅਤੇ ਆਪਣੇ ਘਰ ਗਿਰਵੀ ਰੱਖ ਦਿੱਤੇ ਹਨ ਤਾਂ ਜੋ ਅਸੀਂ ਕਾਲ ਦੇ ਸਮੇਂ ਅੰਨ ਲੈ ਸਕੀਏ ।" 4ਪਰ ਕੁਝ ਹੋਰ ਕਹਿੰਦੇ ਸਨ, "ਅਸੀਂ ਆਪਣੇ ਖੇਤਾਂ ਅਤੇ ਆਪਣੇ ਅੰਗੂਰੀ ਬਾਗਾਂ ਨੂੰ ਗਿਰਵੀ ਰੱਖ ਕੇ ਰਾਜਾ ਦਾ ਲਗਾਨ ਚੁਕਾਉਣ ਲਈ ਚਾਂਦੀ ਉਧਾਰ ਲਈ ਹੈ । 5ਹੁਣ ਸਾਡਾ ਸਰੀਰ, ਸਾਡੇ ਭਰਾਵਾਂ ਦੇ ਸਰੀਰ ਵਰਗਾ ਅਤੇ ਸਾਡੇ ਬੱਚੇ ਉਨ੍ਹਾਂ ਦੇ ਬੱਚਿਆਂ ਵਰਗੇ ਹਨ, ਤਾਂ ਵੀ ਅਸੀਂ ਆਪਣੇ ਪੁੱਤਰਾਂ ਅਤੇ ਆਪਣੀਆਂ ਧੀਆਂ ਨੂੰ ਗ਼ੁਲਾਮੀ ਵਿੱਚ ਦਿੰਦੇ ਹਾਂ ਸਗੋਂ ਸਾਡੀਆਂ ਧੀਆਂ ਵਿੱਚੋਂ ਕੁਝ ਦਾਸੀਆਂ ਵੀ ਬਣ ਚੁੱਕੀਆਂ ਹਨ ਅਤੇ ਸਾਡਾ ਕੁਝ ਵੱਸ ਨਹੀਂ ਚਲਦਾ ਕਿਉਂ ਜੋ ਸਾਡੇ ਖੇਤ ਅਤੇ ਅੰਗੂਰੀ ਬਾਗ ਦੂਜਿਆਂ ਦੇ ਹੱਥ ਵਿੱਚ ਹਨ ।"
6ਜਦੋਂ ਮੈਂ ਉਨ੍ਹਾਂ ਦੀ ਦੁਹਾਈ ਨੂੰ ਅਤੇ ਇਨ੍ਹਾਂ ਗੱਲਾਂ ਨੂੰ ਸੁਣਿਆ ਤਾਂ ਮੈਨੂੰ ਬਹੁਤ ਗੁੱਸਾ ਚੜ੍ਹਿਆ 7ਅਤੇ ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਅਤੇ ਸਾਮੰਤਾਂ ਅਤੇ ਹਾਕਮਾਂ ਨੂੰ ਝਿੜਕਿਆ ਅਤੇ ਉਨ੍ਹਾਂ ਨੂੰ ਕਿਹਾ, "ਤੁਹਾਡੇ ਵਿੱਚੋਂ ਹਰ ਇੱਕ ਮਨੁੱਖ ਆਪਣੇ ਭਰਾ ਤੋਂ ਬਿਆਜ ਲੈਂਦਾ ਹੈ ।" ਤਦ ਮੈਂ ਉਨ੍ਹਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ 8ਅਤੇ ਉਨ੍ਹਾਂ ਨੂੰ ਕਿਹਾ, "ਅਸੀਂ ਆਪਣੀ ਸਮਰੱਥਾ ਦੇ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵੇਚੇ ਗਏ ਸਨ ਛੁਡਾਇਆ ਹੈ, ਹੁਣ ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚੋਗੇ ? ਕੀ ਉਹ ਫਿਰ ਸਾਡੇ ਹੱਥਾਂ ਤੋਂ ਵੇਚੇ ਜਾਣਗੇ ? " ਤਦ ਉਹ ਚੁੱਪ ਹੋ ਗਏ ਅਤੇ ਕੁਝ ਨਾ ਬੋਲੇ 9ਮੈਂ ਫਿਰ ਕਿਹਾ, "ਇਹ ਕੰਮ ਜੋ ਤੁਸੀਂ ਕਰਦੇ ਹੋ ਉਹ ਚੰਗਾ ਨਹੀਂ ਹੈ, ਕੀ ਤੁਹਾਨੂੰ ਇਸ ਕਾਰਨ ਆਪਣੇ ਪਰਮੇਸ਼ੁਰ ਦੇ ਭੈ ਵਿੱਚ ਨਹੀਂ ਚੱਲਣਾ ਚਾਹੀਦਾ ਤਾਂ ਜੋ ਸਾਡੇ ਗੈਰ-ਕੌਮੀ ਦੁਸ਼ਮਣ ਸਾਡਾ ਨਿਰਾਦਰ ਨਾ ਕਰਨ ? 10ਮੈਂ ਅਤੇ ਮੇਰੇ ਭਰਾ ਅਤੇ ਮੇਰੇ ਜੁਆਨ ਵੀ ਉਨ੍ਹਾਂ ਨੂੰ ਰੁਪਿਆ ਅਤੇ ਅੰਨ ਉਧਾਰ ਦਿੰਦੇ ਹਾਂ । ਪਰ ਬਿਆਜ ਲੈਣਾ ਬੰਦ ਕੀਤਾ ਜਾਵੇ ! 11ਕਿਰਪਾ ਕਰ ਕੇ ਅੱਜ ਹੀ ਉਨ੍ਹਾਂ ਦੇ ਖੇਤ, ਅੰਗੂਰੀ ਬਾਗ, ਜ਼ੈਤੂਨ ਦੇ ਬਾਗ ਅਤੇ ਨਾਲ ਹੀ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮੋੜ ਦਿਉ, ਅਤੇ ਜੋ ਰੁਪਿਆ, ਅੰਨ, ਨਵੀਂ ਮਧ ਅਤੇ ਤੇਲ ਜੋ ਤੁਸੀਂ ਜ਼ਬਰਦਸਤੀ ਉਨ੍ਹਾਂ ਤੋਂ ਲਿਆ ਹੈ, ਉਸ ਦਾ ਸੌਵਾਂ ਹਿੱਸਾ ਉਨ੍ਹਾਂ ਨੂੰ ਮੋੜ ਦਿਉ ।" 12ਤਦ ਉਨ੍ਹਾਂ ਨੇ ਕਿਹਾ, "ਅਸੀਂ ਮੋੜ ਦਿਆਂਗੇ ਅਤੇ ਉਨ੍ਹਾਂ ਤੋਂ ਕੁਝ ਵੀ ਨਹੀਂ ਲਵਾਂਗੇ, ਜਿਵੇਂ ਤੁਸੀਂ ਕਿਹਾ ਹੈ, ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ।" ਤਦ ਮੈਂ ਜਾਜਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਸਹੁੰ ਖੁਆਈ ਕਿ ਉਹ ਇਸੇ ਵਾਇਦੇ ਦੇ ਅਨੁਸਾਰ ਕਰਨ । 13ਫਿਰ ਮੈਂ ਆਪਣਾ ਪੱਲਾ ਝਾੜਿਆ ਅਤੇ ਕਿਹਾ, "ਹਰ ਮਨੁੱਖ ਜਿਹੜਾ ਇਸ ਵਾਇਦੇ ਅਨੁਸਾਰ ਨਾ ਕਰੇ, ਉਸ ਨੂੰ ਪਰਮੇਸ਼ੁਰ ਇਸੇ ਤਰ੍ਹਾਂ ਹੀ ਉਸ ਦੇ ਘਰ ਤੋਂ ਅਤੇ ਉਸ ਦੀ ਕਮਾਈ ਤੋਂ ਝਾੜ ਦੇਵੇ, ਉਹ ਇਸੇ ਤਰ੍ਹਾਂ ਹੀ ਝਾੜਿਆ ਜਾਵੇ ਅਤੇ ਸੱਖਣਾ ਕੀਤਾ ਜਾਵੇ !" ਤਦ ਸਾਰੀ ਸਭਾ ਨੇ ਕਿਹਾ, "ਆਮੀਨ !" ਅਤੇ ਯਹੋਵਾਹ ਦੀ ਉਸਤਤ ਕੀਤੀ । ਤਦ ਲੋਕਾਂ ਨੇ ਇਸ ਵਾਇਦੇ ਦੇ ਅਨੁਸਾਰ ਕੰਮ ਕੀਤਾ ।
ਨਹਮਯਾਹ ਦੀ ਨਿਰਸਵਾਰਥ ਸੇਵਾ
14ਫਿਰ ਜਦ ਤੋਂ ਮੈਂ ਯਹੂਦਾਹ ਦੇ ਦੇਸ਼ ਉੱਤੇ ਹਾਕਮ ਬਣਾਇਆ ਗਿਆ ਅਰਥਾਤ ਅਰਤਹਸ਼ਸ਼ਤਾ ਦੇ ਰਾਜ ਦੇ ਵੀਹਵੇਂ ਸਾਲ ਤੋਂ ਲੈ ਕੇ ਬੱਤੀਵੇਂ ਸਾਲ ਤੱਕ, ਇਨ੍ਹਾਂ ਬਾਰਾਂ ਸਾਲਾਂ ਵਿੱਚ ਮੈਂ ਅਤੇ ਮੇਰੇ ਭਰਾਵਾਂ ਨੇ ਹਾਕਮ ਦੇ ਹੱਕ ਦੀ ਰੋਟੀ ਨਾ ਖਾਧੀ, 15ਪਰ ਜਿਹੜੇ ਹਾਕਮ ਮੇਰੇ ਤੋਂ ਪਹਿਲਾਂ ਸਨ, ਉਹ ਲੋਕਾਂ ਉੱਤੇ ਬੋਝ ਪਾਉਂਦੇ ਸਨ, ਅਤੇ ਉਹ ਉਨ੍ਹਾਂ ਤੋਂ ਰੋਟੀ ਅਤੇ ਮਧ, ਨਾਲੇ ਚਾਲੀ ਸ਼ਕੇਲ ਚਾਂਦੀ ਵੀ ਲੈਂਦੇ ਸਨ ਸਗੋਂ ਉਨ੍ਹਾਂ ਦੇ ਜੁਆਨ ਵੀ ਲੋਕਾਂ ਉੱਤੇ ਹਕੂਮਤ ਕਰਦੇ ਸਨ, ਪਰ ਮੈਂ ਅਜਿਹਾ ਨਹੀਂ ਕੀਤਾ ਕਿਉਂ ਜੋ ਮੈਂ ਪਰਮੇਸ਼ੁਰ ਦਾ ਭੈ ਮੰਨਦਾ ਸੀ । 16ਨਾਲੇ ਮੈਂ ਸ਼ਹਿਰ ਪਨਾਹ ਦੇ ਕੰਮ ਵਿੱਚ ਤਕੜਾਈ ਨਾਲ ਲੱਗਿਆ ਰਿਹਾ, ਅਤੇ ਅਸੀਂ ਕੋਈ ਖੇਤ ਮੁੱਲ ਨਾ ਲਿਆ ਅਤੇ ਮੇਰੇ ਸਾਰੇ ਜੁਆਨ ਕੰਮ ਕਰਨ ਲਈ ਉੱਥੇ ਇੱਕਠੇ ਰਹਿੰਦੇ ਸਨ । 17ਮੇਰੀ ਮੇਜ਼ ਤੋਂ ਖਾਣ ਵਾਲੇ ਇੱਕ ਸੌ ਪੰਜਾਹ ਯਹੂਦੀ ਅਤੇ ਹਾਕਮ ਸਨ, ਅਤੇ ਉਹ ਵੀ ਜਿਹੜੇ ਆਲੇ-ਦੁਆਲੇ ਦੀਆਂ ਕੌਮਾਂ ਵਿੱਚੋਂ ਸਾਡੇ ਕੋਲ ਆਏ ਸਨ । 18ਜਿਹੜਾ ਭੋਜਨ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ ਉਹ ਇਹ ਸੀ, - ਇੱਕ ਬਲਦ, ਛੇ ਪਲੀਆਂ ਹੋਇਆਂ ਭੇਡਾਂ ਜਾਂ ਬੱਕਰੀਆਂ ਅਤੇ ਕੁਝ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆ ਸਨ ਅਤੇ ਦਸ ਦਿਨਾਂ ਵਿੱਚ ਇੱਕ ਵਾਰੀ ਹਰ ਕਿਸਮ ਦੀ ਮਧ ਭਰਪੂਰ ਮਾਤਰਾ ਵਿੱਚ ਦਿੱਤੀ ਜਾਂਦੀ ਸੀ । ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮ ਦੇ ਹੱਕ ਦੀ ਰੋਟੀ ਨਾ ਮੰਗੀ ਕਿਉਂਕਿ ਲੋਕਾਂ ਉੱਤੇ ਇਸ ਕੰਮ ਦਾ ਵੱਡਾ ਭਾਰ ਸੀ । 19ਹੇ ਮੇਰੇ ਪਰਮੇਸ਼ੁਰ, ਉਸ ਸਾਰੀ ਭਲਿਆਈ ਲਈ ਜਿਹੜੀ ਮੈਂ ਇਨ੍ਹਾਂ ਲੋਕਾਂ ਨਾਲ ਕੀਤੀ ਹੈ, ਮੈਨੂੰ ਯਾਦ ਰੱਖੀਂ ।
6ਨਹਮਯਾਹ ਦੇ ਵਿਰੁੱਧ ਸਾਜ਼ਿਸ਼
1ਫਿਰ ਜਦ ਸਨਬੱਲਟ ਅਤੇ ਟੋਬੀਯਾਹ ਅਤੇ ਗਸ਼ਮ ਅਰਬੀ ਅਤੇ ਸਾਡੇ ਬਾਕੀ ਵੈਰੀਆਂ ਨੂੰ ਇਹ ਖ਼ਬਰ ਹੋਈ ਕਿ ਮੈਂ ਸ਼ਹਿਰਪਨਾਹ ਬਣਾ ਲਈ ਹੈ ਅਤੇ ਕੋਈ ਦਰਾਰ ਬਾਕੀ ਨਹੀਂ ਰਹੀ ਭਾਵੇਂ ਮੈਂ ਅਜੇ ਤੱਕ ਫਾਟਕਾਂ ਦੇ ਦਰਵਾਜ਼ੇ ਨਹੀਂ ਲਾਏ ਸਨ । 2ਤਦ ਸਨਬੱਲਟ ਅਤੇ ਗਸ਼ਮ ਨੇ ਮੈਨੂੰ ਸੰਦੇਸ਼ ਭੇਜਿਆ, "ਆ, ਅਸੀਂ ਓਨੋ ਦੀ ਮੈਦਾਨ ਦੇ ਕਿਸੇ ਪਿੰਡ ਵਿੱਚ ਇੱਕ ਦੂਜੇ ਨੂੰ ਮਿਲੀਏ ।" ਪਰ ਉਹ ਮੇਰੀ ਹਾਨੀ ਕਰਨਾ ਚਾਹੁੰਦੇ ਸਨ । 3ਇਸ ਲਈ ਮੈਂ ਉਨ੍ਹਾਂ ਨੂੰ ਸੰਦੇਸ਼-ਵਾਹਕਾਂ ਦੇ ਰਾਹੀਂ ਇਹ ਉੱਤਰ ਦਿੱਤਾ, "ਮੈਂ ਤਾਂ ਇੱਕ ਵੱਡਾ ਕੰਮ ਕਰ ਰਿਹਾ ਹਾਂ ਅਤੇ ਹੇਠਾਂ ਨਹੀਂ ਆ ਸਕਦਾ, ਮੇਰੇ ਤੁਹਾਡੇ ਕੋਲ ਹੇਠਾਂ ਆਉਣ ਦੇ ਕਾਰਨ ਇਹ ਕੰਮ ਕਿਉਂ ਰੋਕਿਆ ਜਾਵੇ ? " 4ਉਨ੍ਹਾਂ ਨੇ ਚਾਰ ਵਾਰੀ ਇਹੋ ਸੰਦੇਸ਼ ਮੇਰੇ ਕੋਲ ਭੇਜਿਆ, ਅਤੇ ਹਰ ਵਾਰੀ ਮੈਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਉੱਤਰ ਦਿੱਤਾ । 5ਫਿਰ ਪੰਜਵੀਂ ਵਾਰੀ ਸਨਬੱਲਟ ਨੇ ਆਪਣੇ ਸੇਵਕ ਦੇ ਹੱਥ ਖੁੱਲ੍ਹੀ ਚਿੱਠੀ ਦੇ ਕੇ ਉਸ ਨੂੰ ਮੇਰੇ ਕੋਲ ਭੇਜਿਆ, 6ਜਿਸ ਵਿੱਚ ਇਹ ਲਿਖਿਆ ਹੋਇਆ ਸੀ, "ਕੌਮਾਂ ਵਿੱਚ ਇਹ ਗੱਲ ਸੁਣੀ ਗਈ ਹੈ, ਅਤੇ ਗਸ਼ਮੂ ਵੀ ਇਹੋ ਕਹਿੰਦਾ ਹੈ ਕਿ ਤੂੰ ਅਤੇ ਯਹੂਦੀ ਵਿਦਰੋਹੀ ਹੋਣ ਦੀ ਯੋਜਨਾ ਬਣਾਉਂਦੇ ਹੋ ਅਤੇ ਇਸੇ ਕਾਰਨ ਹੀ ਤੂੰ ਉਸ ਸ਼ਹਿਰਪਨਾਹ ਨੂੰ ਬਣਵਾਉਂਦਾ ਹੈਂ ਅਤੇ ਇਨ੍ਹਾਂ ਗੱਲਾਂ ਦੇ ਅਨੁਸਾਰ ਤੂੰ ਉਨ੍ਹਾਂ ਦਾ ਰਾਜਾ ਬਣਨਾ ਚਾਹੁੰਦਾ ਹੈ । 7ਤੂੰ ਨਬੀਆਂ ਨੂੰ ਵੀ ਖੜ੍ਹਾ ਕੀਤਾ ਹੈ ਤਾਂ ਜੋ ਯਰੂਸ਼ਲਮ ਵਿੱਚ ਤੇਰੇ ਲਈ ਪ੍ਰਚਾਰ ਕਰਨ ਕਿ ’ਯਹੂਦਾਹ ਵਿੱਚ ਇੱਕ ਰਾਜਾ ਹੈ ।’ ਹੁਣ ਇਨ੍ਹਾਂ ਗੱਲਾਂ ਦੀ ਖ਼ਬਰ ਰਾਜਾ ਨੂੰ ਦਿੱਤੀ ਜਾਵੇਗੀ । ਇਸ ਲਈ ਹੁਣ ਆ, ਅਸੀਂ ਆਪਸ ਵਿੱਚ ਸਲਾਹ ਕਰੀਏ ।" 8ਤਦ ਮੈਂ ਉਸ ਨੂੰ ਇਹ ਉੱਤਰ ਭੇਜਿਆ, "ਜਿਵੇਂ ਤੂੰ ਕਿਹਾ ਹੈ, ਉਹੋ ਜਿਹੀ ਤਾਂ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਇਸ ਸਭ ਤੇਰੀਆਂ ਹੀ ਮਨ-ਘੜਤ ਗੱਲਾਂ ਹਨ !" 9ਉਹ ਸਾਰੇ ਇਹ ਸੋਚ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਕਿ ਕੰਮ ਤੋਂ ਉਨ੍ਹਾਂ ਦੇ ਹੱਥ ਢਿੱਲੇ ਪੈ ਜਾਣ ਤਾਂ ਜੋ ਉਹ ਪੂਰਾ ਨਾ ਹੋਵੇ । ਹੁਣ ਹੇ ਪਰਮੇਸ਼ੁਰ ! ਮੇਰੇ ਹੱਥਾਂ ਨੂੰ ਤਕੜੇ ਕਰ !
10ਫਿਰ ਮੈਂ ਮੁਹੇਯਟਬੇਲ ਦੇ ਪੋਤਰੇ ਦਲਾਯਾਹ ਦੇ ਪੁੱਤਰ ਸਮਆਯਾਹ ਦੇ ਘਰ ਵਿੱਚ ਗਿਆ । ਉਹ ਤਾਂ ਘਰ ਵਿੱਚ ਬੰਦ ਸੀ, ਉਸ ਨੇ ਕਿਹਾ, "ਆ, ਅਸੀਂ ਪਰਮੇਸ਼ੁਰ ਦੇ ਭਵਨ ਵਿੱਚ ਮੰਦਰ ਦੇ ਅੰਦਰ ਮਿਲੀਏ ਅਤੇ ਮੰਦਰ ਦੇ ਦਰਵਾਜਿਆਂ ਨੂੰ ਬੰਦ ਕਰ ਲਈਏ ਕਿਉਂਕਿ ਉਹ ਤੈਨੂੰ ਮਾਰਨ ਲਈ ਆਉਣਗੇ, ਹਾਂ ਉਹ ਰਾਤ ਨੂੰ ਤੈਨੂੰ ਮਾਰਨ ਲਈ ਆਉਣਗੇ ।" 11ਪਰ ਮੈਂ ਕਿਹਾ, "ਕੀ ਮੇਰੇ ਵਰਗਾ ਮਨੁੱਖ ਭੱਜੇ ? ਅਤੇ ਕੀ ਮੇਰੇ ਵਰਗਾ ਮਨੁੱਖ ਮੰਦਰ ਵਿੱਚ ਜਾ ਕੇ ਆਪਣੀ ਜਾਨ ਬਚਾਵੇ ? ਮੈਂ ਅੰਦਰ ਨਹੀਂ ਜਾਂਵਾਂਗਾ ।" 12ਫਿਰ ਮੈਂ ਜਾਣ ਲਿਆ ਕਿ ਪਰਮੇਸ਼ੁਰ ਨੇ ਉਸ ਨੂੰ ਨਹੀਂ ਭੇਜਿਆ ਸੀ ਪਰ ਉਸ ਨੇ ਮੇਰੇ ਵਿਰੁੱਧ ਭਵਿੱਖਬਾਣੀ ਇਸ ਲਈ ਕੀਤੀ ਕਿਉਂ ਜੋ ਟੋਬੀਯਾਹ ਅਤੇ ਸਨਬੱਲਟ ਨੇ ਉਸ ਨੂੰ ਭਾੜੇ ਤੇ ਰੱਖਿਆ ਸੀ । 13ਉਨ੍ਹਾਂ ਨੇ ਉਸ ਨੂੰ ਇਸ ਲਈ ਭਾੜੇ ਤੇ ਰੱਖਿਆ ਕਿ ਮੈਂ ਡਰ ਜਾਂਵਾਂ ਅਤੇ ਅਜਿਹਾ ਕੰਮ ਕਰਕੇ ਪਾਪੀ ਬਣਾਂ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਅਤੇ ਇਹ ਮੇਰੀ ਨਿੰਦਿਆ ਦਾ ਕਾਰਨ ਹੋਵੇ ।
14"ਹੇ ਮੇਰੇ ਪਰਮੇਸ਼ੁਰ, ਟੋਬੀਯਾਹ ਅਤੇ ਸਨਬੱਲਟ ਨੂੰ ਉਨ੍ਹਾਂ ਦੇ ਇਨ੍ਹਾਂ ਕੰਮਾਂ ਅਨੁਸਾਰ ਅਤੇ ਨੋਆਦਯਾਹ ਨਬੀਆ ਅਤੇ ਬਾਕੀ ਸਾਰੇ ਨਬੀਆਂ ਨੂੰ ਜਿਹੜੇ ਮੈਨੂੰ ਡਰਾਉਣਾ ਚਾਹੁੰਦੇ ਸਨ, ਯਾਦ ਰੱਖ ।"
ਨਿਰਮਾਣ ਕਾਰਜ ਦਾ ਪੂਰਾ ਹੋਣਾ
15ਇਸ ਤਰ੍ਹਾਂ ਅਲੂਲ ਮਹੀਨੇ ਦੀ ਪੱਚੀ ਤਾਰੀਖ ਨੂੰ ਅਰਥਾਤ ਬਵੰਜਾ ਦਿਨਾਂ ਵਿੱਚ ਸ਼ਹਿਰਪਨਾਹ ਬਣ ਕੇ ਪੂਰੀ ਹੋ ਗਈ । 16ਫਿਰ ਅਜਿਹਾ ਹੋਇਆ ਕਿ ਜਦ ਸਾਡੇ ਸਾਰੇ ਵੈਰੀਆਂ ਨੇ ਇਹ ਸੁਣਿਆ ਤਦ ਸਾਡੇ ਚੁਫ਼ੇਰੇ ਰਹਿਣ ਵਾਲੀਆਂ ਸਾਰੀਆਂ ਕੌਮਾਂ ਦੇ ਲੋਕ ਡਰ ਗਏ ਅਤੇ ਉਹ ਬਹੁਤ ਹੀ ਸ਼ਰਮਿੰਦੇ ਹੋਏ ਕਿਉਂਕਿ ਉਨ੍ਹਾਂ ਨੇ ਜਾਣ ਲਿਆ ਸੀ ਕਿ ਇਹ ਕੰਮ ਸਾਡੇ ਪਰਮੇਸ਼ੁਰ ਵੱਲੋਂ ਹੋਇਆ ਹੈ । 17ਨਾਲੇ ਉਨ੍ਹਾਂ ਦਿਨਾਂ ਵਿੱਚ ਯਹੂਦੀ ਸਾਮੰਤਾਂ ਦੀਆਂ ਬਹੁਤ ਸਾਰੀਆਂ ਚਿੱਠੀਆਂ ਟੋਬੀਯਾਹ ਕੋਲ ਗਈਆਂ ਅਤੇ ਟੋਬੀਯਾਹ ਦੀਆਂ ਚਿੱਠੀਆਂ ਉਨ੍ਹਾਂ ਕੋਲ ਆਈਆਂ । 18ਕਿਉਂ ਜੋ ਉਹ ਆਰਹ ਦੇ ਪੁੱਤਰ ਸ਼ਕਨਯਾਹ ਦਾ ਜੁਵਾਈ ਸੀ, ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੁੱਲਾਮ ਦੀ ਧੀ ਨਾਲ ਵਿਆਹ ਕਰ ਲਿਆ ਸੀ, ਇਸ ਲਈ ਬਹੁਤ ਸਾਰੇ ਯਹੂਦੀਆਂ ਨੇ ਉਸ ਦੇ ਪੱਖ ਵਿੱਚ ਹੋਣ ਦੀ ਸਹੁੰ ਖਾਧੀ ਸੀ । 19ਉਹ ਉਸ ਦੀਆਂ ਨੇਕੀਆਂ ਮੈਨੂੰ ਦੱਸਦੇ ਰਹਿੰਦੇ ਸਨ ਅਤੇ ਮੇਰੀਆਂ ਗੱਲਾਂ ਉਹ ਨੂੰ ਜਾ ਕੇ ਦੱਸਦੇ ਸਨ ਅਤੇ ਟੋਬੀਯਾਹ ਮੈਨੂੰ ਡਰਾਉਣ ਲਈ ਚਿੱਠੀਆਂ ਭੇਜਦਾ ਹੁੰਦਾ ਸੀ ।
71ਫਿਰ ਅਜਿਹਾ ਹੋਇਆ ਜਦ ਸ਼ਹਿਰਪਨਾਹ ਬਣ ਗਈ ਅਤੇ ਮੈਂ ਉਸ ਦੇ ਦਰਵਾਜ਼ੇ ਲਗਾ ਦਿੱਤੇ ਅਤੇ ਦਰਬਾਨ ਅਤੇ ਗਾਇਕ ਅਤੇ ਲੇਵੀ ਠਹਿਰਾ ਦਿੱਤੇ ਗਏ, 2ਤਦ ਮੈਂ ਆਪਣੇ ਭਰਾ ਹਨਾਨੀ ਨੂੰ ਅਤੇ ਸ਼ਾਹੀ ਮਹਿਲ ਦੇ ਹਾਕਮ ਹਨਨਯਾਹ ਨੂੰ ਯਰੂਸ਼ਲਮ ਉੱਤੇ ਹਾਕਮ ਠਹਿਰਾਇਆ ਕਿਉਂਕਿ ਉਹ ਵਿਸ਼ਵਾਸਯੋਗ ਅਤੇ ਬਹੁਤਿਆਂ ਤੋਂ ਵੱਧ ਪਰਮੇਸ਼ੁਰ ਤੋਂ ਡਰਨ ਵਾਲਾ ਮਨੁੱਖ ਸੀ । 3ਮੈਂ ਉਨ੍ਹਾਂ ਨੂੰ ਕਿਹਾ, "ਜਦ ਤੱਕ ਧੁੱਪ ਤੇਜ਼ ਨਾ ਹੋ ਜਾਵੇ ਤਦ ਤੱਕ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ ਅਤੇ ਜਦ ਪਹਿਰੇਦਾਰ ਪਹਿਰਾ ਦਿੰਦੇ ਹੋਣ, ਤਦ ਹੀ ਫਾਟਕ ਬੰਦ ਕੀਤੇ ਜਾਣ ਅਤੇ ਬੇੜ੍ਹੀਆਂ ਲਾਈਆਂ ਜਾਣ । ਫਿਰ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਤੂੰ ਪਹਿਰੇਦਾਰ ਠਹਿਰਾ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣੇ-ਆਪਣੇ ਘਰਾਂ ਦੇ ਅੱਗੇ ਪਹਿਰਾ ਦੇਣ ।" 4ਸ਼ਹਿਰ ਤਾਂ ਚੌੜਾ ਅਤੇ ਵੱਡਾ ਸੀ ਪਰ ਲੋਕ ਥੋੜੇ ਸਨ ਅਤੇ ਘਰ ਬਣੇ ਹੋਏ ਨਹੀਂ ਸਨ ।
ਮੁੜਨ ਵਾਲਿਆਂ ਦੀ ਵੰਸ਼ਾਵਲੀ
5ਤਦ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿੱਚ ਇਹ ਪਾਇਆ ਕਿ ਮੈਂ ਸਾਮੰਤਾਂ, ਹਾਕਮਾਂ ਅਤੇ ਲੋਕਾਂ ਨੂੰ ਇਸ ਲਈ ਇੱਕਠੇ ਕਰਾਂ ਤਾਂ ਜੋ ਉਹ ਆਪੋ-ਆਪਣੀ ਵੰਸ਼ਾਵਲੀ ਦੇ ਅਨੁਸਾਰ ਗਿਣੇ ਜਾਣ ਅਤੇ ਮੈਨੂੰ ਉਨ੍ਹਾਂ ਲੋਕਾਂ ਦੀ ਕੁੱਲ-ਪੱਤਰੀ ਲੱਭੀ ਜਿਹੜੇ ਪਹਿਲਾਂ ਯਰੂਸ਼ਲਮ ਨੂੰ ਆਏ ਸਨ ਅਤੇ ਮੈਨੂੰ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ, - 6ਜਿਨ੍ਹਾਂ ਲੋਕਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਗੁਲਾਮ ਬਣਾ ਕੇ ਲੈ ਗਿਆ ਸੀ, ਉਨ੍ਹਾਂ ਵਿੱਚੋਂ ਯਰੂਸ਼ਲਮ ਅਤੇ ਯਹੂਦਾਹ ਦੇ ਸੂਬਿਆਂ ਦੇ ਜਿਹੜੇ ਲੋਕ ਗ਼ੁਲਾਮੀ ਤੋਂ ਛੁੱਟ ਦੇ ਆਪੋ ਆਪਣੇ ਨਗਰਾਂ ਨੂੰ ਮੁੜ ਆਏ ਸਨ, ਉਹ ਇਹ ਹਨ - 7ਜਿਹੜੇ ਜ਼ਰੂੱਬਾਬਲ, ਯੇਸ਼ੂਆ, ਨਹਮਯਾਹ, ਅਜ਼ਰਯਾਹ, ਰਅਮਯਾਹ, ਨਹਮਾਨੀ, ਮਾਰਦਕਈ, ਬਿਲਸ਼ਾਨ, ਮਿਸਪਰਥ, ਬਿਗਵਈ, ਨਹੂਮ ਅਤੇ ਬਅਨਾਹ ਨਾਲ ਆਏ । ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਇਹ ਹੈ - 8ਪਰੋਸ਼ੀ ਦੀ ਸੰਤਾਨ ਦੋ ਹਜ਼ਾਰ ਇੱਕ ਸੌ ਬਹੱਤਰ, 9ਸ਼ਫਟਯਾਹ ਦੀ ਸੰਤਾਨ ਤਿੰਨ ਸੌ ਬਹੱਤਰ, 10ਆਰਹ ਦੀ ਸੰਤਾਨ ਛੇ ਸੌ ਬਵੰਜਾ, 11ਪਹਥ-ਮੋਆਬ ਜਿਹੜੇ ਯੇਸ਼ੂਆ ਅਤੇ ਯੋਆਬ ਦੇ ਵੰਸ਼ ਵਿੱਚੋਂ ਸਨ ਦੋ ਹਜ਼ਾਰ ਅੱਠ ਸੌ ਅਠਾਰਾਂ, 12ਏਲਾਮ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਚੁਰੰਜਾ, 13ਜ਼ੱਤੂ ਦੀ ਸੰਤਾਨ ਅੱਠ ਸੌ ਪੰਤਾਲੀ, 14ਜ਼ੱਕਾਈ ਦੀ ਸੰਤਾਨ ਸੱਤ ਸੌ ਸੱਠ. 15ਬਿੰਨੂਈ ਦੀ ਸੰਤਾਨ ਛੇ ਸੌ ਅਠਤਾਲੀ, 16ਬੇਬਈ ਦੀ ਸੰਤਾਨ ਛੇ ਸੌ ਅਠਾਈ, 17ਅਜ਼ਗਾਦ ਦੀ ਸੰਤਾਨ ਦੋ ਹਜ਼ਾਰ ਤਿੰਨ ਸੌ ਬਾਈ, 18ਅਦੋਨੀਕਾਮ ਦੀ ਸੰਤਾਨ ਛੇ ਸੌ ਸਤਾਹਠ, 19ਬਿਗਵਾਈ ਦੀ ਸੰਤਾਨ ਦੋ ਹਜ਼ਾਰ ਸਤਾਹਠ, 20ਆਦੀਨ ਦੀ ਸੰਤਾਨ ਛੇ ਸੌ ਪਚਵੰਜਾ, 21ਹਿਜ਼ਕੀਯਾਹ ਦੇ ਸੰਤਾਨ ਅਟੇਰ ਦੇ ਵੰਸ਼ ਵਿੱਚੋਂ ਅਠਾਨਵੇਂ, 22ਹਾਸੂਮ ਦੀ ਸੰਤਾਨ ਤਿੰਨ ਸੌ ਅਠਾਈ, 23ਬੇਸਾਈ ਦੀ ਸੰਤਾਨ ਤਿੰਨ ਸੌ ਚੌਵੀ, 24ਹਾਰੀਫ ਦੀ ਸੰਤਾਨ ਇੱਕ ਸੌ ਬਾਰਾਂ, 25ਗਿਬਓਨ ਦੀ ਸੰਤਾਨ ਪਚਾਨਵੇਂ, 26ਬੈਤਹਲਮ ਅਤੇ ਨਟੋਫਾਹ ਦੇ ਮਨੁੱਖ ਇੱਕ ਸੌ ਅਠਾਸੀ, 27ਅਨਾਥੋਥ ਦੇ ਮਨੁੱਖ ਇੱਕ ਸੌ ਅਠਾਈ, 28ਬੈਤਅਜ਼ਮਾਵਥ ਦੇ ਮਨੁੱਖ ਬਤਾਲੀ, 29ਕਿਰਯਥ-ਯਆਰੀਮ ਅਤੇ ਕਫੀਰਾਹ ਅਤੇ ਬੇਰੋਯ ਦੇ ਮਨੁੱਖ ਸੱਤ ਸੌ ਤਰਤਾਲੀ, 30ਰਾਮਾਹ ਅਤੇ ਗਬਾ ਦੇ ਮਨੁੱਖ ਛੇ ਸੌ ਇੱਕੀ, 31ਮਿਕਮਾਸ ਦੇ ਮਨੁੱਖ ਇੱਕ ਸੌ ਬਾਈ, 32ਬੈਤ-ਏਲ ਅਤੇ ਅਈ ਦੇ ਮਨੁੱਖ ਇੱਕ ਸੌ ਤੇਈ, 33ਦੂਸਰੇ ਨਬੋ ਦੇ ਮਨੁੱਖ ਬਵੰਜਾ, 34ਦੂਸਰੇ ਏਲਾਮ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਚੁਰੰਜਾ, 35ਹਾਰੀਮ ਦੀ ਸੰਤਾਨ ਤਿੰਨ ਸੌ ਵੀਹ, 36ਯਰੀਹੋ ਦੇ ਲੋਕ ਤਿੰਨ ਸੌ ਪੰਤਾਲੀ, 37ਲੋਦ ਅਤੇ ਹਾਦੀਦ ਅਤੇ ਓਨੋ ਦੇ ਲੋਕ ਸੱਤ ਸੌ ਇੱਕੀ, 38ਸਨਾਹ ਦੇ ਲੋਕ ਤਿੰਨ ਹਜ਼ਾਰ ਨੌ ਸੌ ਤੀਹ ।
39ਜਾਜਕ ਅਰਥਾਤ ਯੇਸ਼ੂਆ ਦੇ ਘਰਾਣੇ ਵਿੱਚੋਂ ਯਦਅਯਾਹ ਦੀ ਸੰਤਾਨ ਨੌ ਸੌ ਤਿਹੱਤਰ, 40ਈਮੇਰ ਦੀ ਸੰਤਾਨ ਇੱਕ ਹਜ਼ਾਰ ਬਵੰਜਾ, 41ਪਸ਼ਹੂਰ ਦੀ ਸੰਤਾਨ ਇੱਕ ਹਜ਼ਾਰ ਦੋ ਸੌ ਸੰਤਾਲੀ, 42ਹਾਰੀਮ ਦੀ ਸੰਤਾਨ ਇੱਕ ਹਜ਼ਾਰ ਸਤਾਰਾਂ ।
43ਲੇਵੀ ਇਹ ਸਨ: ਹੋਦਵਾਹ ਦੇ ਵੰਸ਼ ਵਿੱਚੋਂ ਕਦਮੀਏਲ ਦੀ ਸੰਤਾਨ ਯੇਸ਼ੂਆ ਦੀ ਸੰਤਾਨ ਚੁਹੱਤਰ । 44ਗਾਇਕ ਇਹ ਸਨ: ਅਸਾਫ ਦੀ ਸੰਤਾਨ ਇੱਕ ਸੌ ਅੱਠਤਾਲੀ, 45ਦਰਬਾਨ ਇਹ ਸਨ: ਸੱਲੁਮ ਦੀ ਸੰਤਾਨ, ਆਟੇਰ ਦੀ ਸੰਤਾਨ, ਟਲਮੋਨ ਦੀ ਸੰਤਾਨ, ਅੱਕੂਬ ਦੀ ਸੰਤਾਨ, ਹਟੀਟਾ ਦੀ ਸੰਤਾਨ ਅਤੇ ਸ਼ੋਬਾਈ ਦੀ ਸੰਤਾਨ ਇੱਕ ਸੌ ਅਠੱਤੀ ।
46ਨਥੀਨੀਮ ਅਰਥਾਤ ਸੀਹਾ ਦੀ ਸੰਤਾਨ, ਹਸੁਫਾ ਦੀ ਸੰਤਾਨ, ਟੱਬਾਓਥ ਦੀ ਸੰਤਾਨ, 47ਕੇਰੋਸ ਦੀ ਸੰਤਾਨ, ਸੀਆ ਦੀ ਸੰਤਾਨ, ਪਾਦੋਨ ਦੀ ਸੰਤਾਨ, 48ਲਬਾਨਾਹ ਦੀ ਸੰਤਾਨ, ਹਗਾਬਾ ਦੀ ਸੰਤਾਨ, ਸਲਮਾਈ ਦੀ ਸੰਤਾਨ, 49ਹਨਾਨ ਦੀ ਸੰਤਾਨ, ਗੀੱਦੇਲ ਦੀ ਸੰਤਾਨ, ਗਾਹਰ ਦੀ ਸੰਤਾਨ, 50ਰਅਯਾਹ ਦੀ ਸੰਤਾਨ, ਰਸੀਨ ਦੀ ਸੰਤਾਨ, ਨਕੋਦਾ ਦੀ ਸੰਤਾਨ, 51ਗੱਜ਼ਾਮ ਦੀ ਸੰਤਾਨ, ਉੱਜ਼ਾ ਦੀ ਸੰਤਾਨ, ਪਾਸੇਹ ਦੀ ਸੰਤਾਨ, 52ਬੇਸਈ ਦੀ ਸੰਤਾਨ, ਮਊਨੀਮ ਦੀ ਸੰਤਾਨ, ਨਫੀਸ਼ਸੀਮ ਦੀ ਸੰਤਾਨ, 53ਬਕਬੂਕ ਦੀ ਸੰਤਾਨ, ਹਕੂਫਾ ਦੀ ਸੰਤਾਨ, ਹਰਹੂਰ ਦੀ ਸੰਤਾਨ, 54ਬਸਲੀਬ ਦੀ ਸੰਤਾਨ, ਮਹੀਦਾ ਦੀ ਸੰਤਾਨ, ਹਰਸ਼ਾ ਦੀ ਸੰਤਾਨ, 55ਬਰਕੋਸ ਦੀ ਸੰਤਾਨ, ਸੀਸਰਾ ਦੀ ਸੰਤਾਨ, ਥਾਮਹ ਦੀ ਸੰਤਾਨ, 56ਨਸੀਅਹ ਦੀ ਸੰਤਾਨ, ਹਟੀਫਾ ਦੀ ਸੰਤਾਨ ।
57ਸੁਲੇਮਾਨ ਦੇ ਸੇਵਕਾਂ ਦੀ ਸੰਤਾਨ: ਸੋਟਈ ਦੀ ਸੰਤਾਨ, ਸੋਫਰਥ ਦੀ ਸੰਤਾਨ, ਪਰੀਦਾ ਦੀ ਸੰਤਾਨ, 58ਯਅਲਾਹ ਦੀ ਸੰਤਾਨ, ਦਰਕੋਨ ਦੀ ਸੰਤਾਨ, ਗਿੱਦੇਲ ਦੀ ਸੰਤਾਨ, 59ਸ਼ਫਟਯਾਹ ਦੀ ਸੰਤਾਨ, ਹੱਟੀਲ ਦੀ ਸੰਤਾਨ, ਸਬਾਈਮ ਦੇ ਫੋਕਰਥ ਦੀ ਸੰਤਾਨ ਅਤੇ ਆਮੋਨ ਦੀ ਸੰਤਾਨ ।
60ਸਾਰੇ ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੇ ਸੇਵਕਾਂ ਦੀ ਸੰਤਾਨ ਤਿੰਨ ਸੌ ਬਾਨਵੇਂ ਸੀ ।
61ਅਤੇ ਇਹ ਉਹ ਸਨ ਜਿਹੜੇ ਤੇਲ-ਮੇਲਹ, ਤੇਲ-ਹਰਸਾ, ਕਰੂਬ, ਅਦੋਨ, ਇੰਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾਂ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਨੂੰ ਨਾ ਦੱਸ ਸਕੇ ਕਿ ਉਹ ਇਸਰਾਏਲ ਦੇ ਸਨ ਕਿ ਨਹੀਂ: 62ਦਲਯਾਹ ਦੀ ਸੰਤਾਨ, ਟੋਬੀਯਾਹ ਦੀ ਸੰਤਾਨ ਅਤੇ ਨਕੋਦਾ ਦੀ ਸੰਤਾਨ ਛੇ ਸੌ ਬਤਾਲੀ, 63ਅਤੇ ਜਾਜਕਾਂ ਦੀ ਸੰਤਾਨ ਤੋਂ - ਹਾਬਾਯਾਹ ਦੀ ਸੰਤਾਨ, ਕੋਸ ਦੀ ਸੰਤਾਨ, ਬਰਜ਼ਿੱਲਈ ਦੀ ਸੰਤਾਨ ਜਿਸ ਨੇ ਗਿਲਆਦੀ ਬਰਜ਼ਿੱਲਈ ਦੀਆਂ ਧੀਆਂ ਵਿੱਚੋਂ ਇੱਕ ਕੁੜੀ ਵਿਆਹ ਲਈ ਅਤੇ ਉਸੇ ਦੇ ਨਾਮ ਉੱਤੇ ਸੱਦੇ ਗਏ । 64ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ । 65ਤਦ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਕਿ ਜਦ ਤੱਕ ਕੋਈ ਜਾਜਕ ਊਰੀਮ ਤੇ ਥੁੰਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੱਕ ਕਿਸੇ ਨੂੰ ਅੱਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਦਿੱਤਾ ਜਾਵੇ । 66ਸਾਰੀ ਸਭਾ ਮਿਲ ਕੇ ਬਤਾਲੀ ਹਜ਼ਾਰ ਤਿੰਨ ਸੌ ਸੱਠ ਸੀ । 67ਇਹ ਉਨ੍ਹਾਂ ਦੇ ਦਾਸ ਅਤੇ ਦਾਸੀਆਂ ਤੋਂ ਬਿਨ੍ਹਾਂ ਸੀ, ਜਿਨ੍ਹਾਂ ਦੀ ਗਿਣਤੀ ਸੱਤ ਹਜ਼ਾਰ ਤਿੰਨ ਸੌ ਸੈਂਤੀ ਸੀ ਅਤੇ ਉਨ੍ਹਾਂ ਵਿੱਚ ਦੋ ਸੌ ਗਾਇਕ ਅਤੇ ਗਾਈਕਾ ਸਨ । 68ਉਨ੍ਹਾਂ ਦੇ ਘੋੜੇ ਸੱਤ ਸੌ ਛੱਤੀ, ਖੱਚਰ ਦੋ ਸੌ ਪੰਤਾਲੀ, 69ਊਠ ਚਾਰ ਸੌ ਪੈਂਤੀ ਅਤੇ ਗਧੇ ਛੇ ਹਜ਼ਾਰ ਸੱਤ ਸੌ ਵੀਹ ਸਨ ।
70ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਦਾਨ ਦਿੱਤਾ । ਹਾਕਮ ਨੇ ਇੱਕ ਹਜ਼ਾਰ ਦਰਮ ਸੋਨਾ, ਪੰਜਾਹ ਕਟੋਰੇ ਅਤੇ ਜਾਜਕਾਂ ਲਈ ਪੰਜ ਸੌ ਤੀਹ ਪੁਸ਼ਾਕਾਂ ਖਜ਼ਾਨੇ ਵਿੱਚ ਦਿੱਤੀਆਂ । 71ਪੁਰਖਿਆਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਕਈਆਂ ਨੇ ਕੰਮ ਲਈ ਵੀਹ ਹਜ਼ਾਰ ਦਰਮ ਸੋਨਾ ਅਤੇ ਦੋ ਹਜ਼ਾਰ ਦੋ ਸੌ ਮਾਨੇਹ ਚਾਂਦੀ ਖਜ਼ਾਨੇ ਵਿੱਚ ਦਿੱਤੀ, 72ਅਤੇ ਬਾਕੀ ਲੋਕਾਂ ਨੇ ਜੋ ਦਿੱਤਾ, ਉਹ ਵੀਹ ਹਜ਼ਾਰ ਦਰਮ ਸੋਨਾ, ਦੋ ਹਜ਼ਾਰ ਮਾਨੇਹ ਚਾਂਦੀ ਅਤੇ ਜਾਜਕਾਂ ਲਈ ਸਤਾਹਟ ਪੁਸ਼ਾਕਾਂ ਸਨ । 73ਇਸ ਤਰ੍ਹਾਂ ਜਾਜਕ ਅਤੇ ਲੇਵੀ ਅਤੇ ਅਤੇ ਦਰਬਾਨ ਅਤੇ ਗਾਇਕ, ਪਰਜਾ ਦੇ ਕੁਝ ਲੋਕ ਅਤੇ ਨਥੀਨੀਮ ਅਤੇ ਸਾਰੇ ਇਸਰਾਏਲੀ ਆਪੋ ਆਪਣੇ ਸ਼ਹਿਰਾਂ ਵਿੱਚ ਵੱਸ ਗਏ ।
8ਯਹੂਦੀਆਂ ਨੂੰ ਬਿਵਸਥਾ ਦਾ ਸੁਣਾਇਆ ਜਾਣਾ
1ਫਿਰ ਸਾਰੀ ਪਰਜਾ ਇੱਕ ਮਨ ਹੋ ਕੇ ਜਲ-ਫਾਟਕ ਦੇ ਸਾਹਮਣੇ ਚੌਂਕ ਵਿੱਚ ਇੱਕਠੀ ਹੋਈ ਅਤੇ ਉਨ੍ਹਾਂ ਨੇ ਅਜ਼ਰਾ ਸ਼ਾਸਤਰੀ ਨੂੰ ਕਿਹਾ ਕਿ ਮੂਸਾ ਦੀ ਬਿਵਸਥਾ ਦੀ ਪੁਸਤਕ ਨੂੰ ਲੈ ਆ, ਜਿਸ ਦਾ ਯਹੋਵਾਹ ਨੇ ਇਸਰਾਏਲ ਨੂੰ ਹੁਕਮ ਦਿੱਤਾ ਹੈ । 2ਤਦ ਅਜ਼ਰਾ ਜਾਜਕ ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਾਰੀ ਸਭਾ ਦੇ ਸਾਹਮਣੇ ਭਾਵੇਂ ਪੁਰਖ ਭਾਵੇਂ ਇਸਤਰੀਆਂ ਸਗੋਂ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਸੁਣ ਕੇ ਸਮਝ ਸਕਦੇ ਸਨ, ਬਿਵਸਥਾ ਨੂੰ ਲੈ ਆਇਆ, 3ਅਤੇ ਜਲ ਫਾਟਕ ਦੇ ਅੱਗੇ ਚੌਂਕ ਵਿੱਚ ਪੌਹ ਫੁੱਟਣ ਤੋਂ ਲੈ ਕੇ ਦੁਪਹਿਰ ਤੱਕ ਪੁਰਖਾਂ, ਇਸਤਰੀਆਂ ਅਤੇ ਜੋ ਸਮਝ ਸਕਦੇ ਸਨ, ਉਨ੍ਹਾਂ ਦੇ ਅੱਗੇ ਪੜ੍ਹਦਾ ਰਿਹਾ ਅਤੇ ਸਾਰੀ ਪਰਜਾ ਦੇ ਕੰਨ ਬਿਵਸਥਾ ਦੀ ਪੁਸਤਕ ਵੱਲ ਲੱਗੇ ਰਹੇ । 4ਤਦ ਅਜ਼ਰਾ ਸ਼ਾਸਤਰੀ ਲੱਕੜੀ ਦੇ ਇੱਕ ਤਖ਼ਤ-ਪੋਸ਼ ਉੱਤੇ ਖੜਾ ਹੋ ਗਿਆ, ਜਿਹੜਾ ਇਸੇ ਕੰਮ ਲਈ ਬਣਾਇਆ ਗਿਆ ਸੀ ਅਤੇ ਉਹ ਦੇ ਕੋਲ ਮੱਤੀਥਯਾਹ, ਸ਼ਮਆ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਆਸੇਯਾਹ ਉਸ ਦੇ ਸੱਜੇ ਪਾਸੇ ਖੜ੍ਹੇ ਸਨ ਅਤੇ ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ, ਹਾਸ਼ੁਮ, ਹਸ਼ਬੱਦਾਨਾਹ, ਜ਼ਕਰਯਾਹ ਅਤੇ ਮਸ਼ੁੱਲਾਮ ਖੜ੍ਹੇ ਸਨ । 5ਤਦ ਅਜ਼ਰਾ ਨੇ ਜੋ ਸਭ ਤੋਂ ਉੱਚੇ ਸਥਾਨ ਤੇ ਖੜ੍ਹਾ ਸੀ, ਸਾਰੀ ਪਰਜਾ ਦੇ ਵੇਖਦਿਆਂ ਪੁਸਤਕ ਨੂੰ ਖੋਲ੍ਹਿਆ, ਅਤੇ ਉਸ ਦੇ ਖੋਲ੍ਹਦਿਆਂ ਸਾਰ ਹੀ ਸਾਰੀ ਪਰਜਾ ਉੱਠ ਕੇ ਖੜੀ ਹੋ ਗਈ । 6ਤਦ ਅਜ਼ਰਾ ਨੇ ਯਹੋਵਾਹ ਨੂੰ ਜਿਹੜਾ ਮਹਾਨ ਪਰਮੇਸ਼ੁਰ ਹੈ ਮੁਬਾਰਕ ਕਿਹਾ, ਤਾਂ ਸਾਰੀ ਪਰਜਾ ਨੇ ਹੱਥ ਚੁੱਕ ਕੇ ’’ਆਮੀਨ ਆਮੀਨ" ਕਿਹਾ ਅਤੇ ਯਹੋਵਾਹ ਦੇ ਅੱਗੇ ਧਰਤੀ ਤੱਕ ਸਿਰ ਝੁਕਾ ਕੇ ਮੱਥਾ ਟੇਕਿਆ । 7ਤਦ ਯੇਸ਼ੂਆ, ਬਾਨੀ, ਸੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਨਾਨ, ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਤੇ ਪਰਜਾ ਆਪਣੇ ਸਥਾਨ ਤੇ ਖੜ੍ਹੀ ਰਹੀ । 8ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਨੂੰ ਬੜੀ ਸਫ਼ਾਈ ਨਾਲ ਪੜ੍ਹਿਆ ਅਤੇ ਉਸ ਦੇ ਅਰਥ ਸਮਝਾਏ ਅਤੇ ਲੋਕਾਂ ਨੇ ਪਾਠ ਨੂੰ ਸਮਝ ਲਿਆ ।
9ਤਦ ਨਹਮਯਾਹ ਨੇ ਜੋ ਹਾਕਮ ਸੀ ਅਤੇ ਅਜ਼ਰਾ ਜੋ ਜਾਜਕ ਅਤੇ ਸ਼ਾਸਤਰੀ ਸੀ ਅਤੇ ਲੇਵੀ ਜੋ ਲੋਕਾਂ ਨੂੰ ਸਿਖਾ ਰਹੇ ਹਨ, ਉਨ੍ਹਾਂ ਨੇ ਸਾਰੀ ਪਰਜਾ ਨੂੰ ਕਿਹਾ, "ਅੱਜ ਦਾ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਲਈ ਪਵਿੱਤਰ ਹੈ; ਇਸ ਲਈ ਨਾ ਸੋਗ ਕਰੋ ਅਤੇ ਨਾ ਰੋਵੋ ।" ਕਿਉਂ ਜੋ ਸਾਰੀ ਪਰਜਾ ਬਿਵਸਥਾ ਦੇ ਬਚਨ ਸੁਣ ਕੇ ਰੋਂਦੀ ਸੀ । 10ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, "ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ ।" 11ਤਦ ਲੇਵੀਆਂ ਨੇ ਸਾਰੀ ਪਰਜਾ ਨੂੰ ਇਹ ਕਹਿ ਕੇ ਸ਼ਾਂਤ ਕੀਤਾ, "ਚੁੱਪ ਰਹੋ ਕਿਉਂ ਜੋ ਅੱਜ ਦਾ ਦਿਨ ਪਵਿੱਤਰ ਹੈ, ਅਤੇ ਉਦਾਸ ਨਾ ਹੋਵੋ ।" 12ਤਦ ਸਾਰੀ ਪਰਜਾ ਖਾਣ-ਪੀਣ ਅਤੇ ਇੱਕ ਦੂਜੇ ਨੂੰ ਭੋਜਨ ਵਸਤੂਆਂ ਭੇਜਣ ਅਤੇ ਵੱਡਾ ਅਨੰਦ ਕਰਨ ਲਈ ਚਲੀ ਗਈ, ਕਿਉਂਕਿ ਜੋ ਬਚਨ ਉਨ੍ਹਾਂ ਨੂੰ ਸਮਝਾਏ ਗਏ ਸਨ, ਉਨ੍ਹਾਂ ਨੇ ਉਹ ਸਮਝ ਲਏ ਸਨ ।
ਡੇਰਿਆਂ ਦਾ ਪਰਬ
13ਦੂਜੇ ਦਿਨ ਵੀ ਸਾਰੀ ਪਰਜਾ ਦੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਜ਼ਰਾ ਸ਼ਾਸਤਰੀ ਕੋਲ ਇੱਕਠੇ ਹੋਏ ਤਾਂ ਜੋ ਬਿਵਸਥਾ ਦੀਆਂ ਗੱਲਾਂ ਵੱਲ ਧਿਆਨ ਦੇਣ । 14ਉਨ੍ਹਾਂ ਨੂੰ ਬਿਵਸਥਾ ਵਿੱਚ ਇਹ ਲਿਖਿਆ ਹੋਇਆ ਮਿਲਿਆ ਕਿ ਯਹੋਵਾਹ ਨੇ ਮੂਸਾ ਦੇ ਰਾਹੀਂ ਇਹ ਹੁਕਮ ਦਿੱਤਾ ਸੀ ਕਿ ਇਸਰਾਏਲੀ ਸੱਤਵੇਂ ਮਹੀਨੇ ਦੇ ਪਰਬ ਲਈ ਡੇਰਿਆਂ ਵਿੱਚ ਰਿਹਾ ਕਰਨ 15ਅਤੇ ਆਪਣੇ ਸਾਰੇ ਸ਼ਹਿਰਾਂ ਅਤੇ ਯਰੂਸ਼ਲਮ ਵਿੱਚ ਇਹ ਸੁਣਾਇਆ ਜਾਵੇ ਅਤੇ ਇਹ ਮੁਨਾਦੀ ਕਰਵਾਈ ਜਾਵੇ ਕਿ ਪਹਾੜ ਉੱਤੇ ਜਾ ਕੇ ਜ਼ੈਤੂਨ ਦੀਆਂ ਟਹਿਣੀਆਂ, ਤੇਲ ਬਿਰਛ ਦੀਆਂ ਟਾਹਣੀਆਂ, ਮਹਿੰਦੀ ਦੀਆਂ ਟਹਿਣੀਆਂ, ਖਜੂਰ ਦੀਆਂ ਟਹਿਣੀਆਂ ਅਤੇ ਸੰਘਣੇ ਬਿਰਛਾਂ ਦੀਆਂ ਟਹਿਣੀਆਂ ਡੇਰੇ ਬਣਾਉਣ ਲਈ ਲਿਆਉਣ, ਜਿਵੇਂ ਕਿ ਲਿਖਿਆ ਹੈ । 16ਤਦ ਲੋਕ ਬਾਹਰ ਗਏ ਅਤੇ ਟਹਿਣੀਆਂ ਨੂੰ ਲਿਆਏ ਅਤੇ ਆਪਣੇ-ਆਪਣੇ ਘਰ ਦੀ ਛੱਤ ਉੱਤੇ, ਆਪਣੇ ਵਿਹੜਿਆਂ ਵਿੱਚ ਅਤੇ ਪਰਮੇਸ਼ੁਰ ਦੇ ਭਵਨ ਦੇ ਵਿਹੜੇ ਵਿੱਚ ਅਤੇ ਜਲ-ਫਾਟਕ ਦੇ ਚੌਂਕ ਵਿੱਚ ਅਤੇ ਅਫ਼ਰਾਈਮੀ ਫਾਟਕ ਦੇ ਚੌਂਕ ਵਿੱਚ ਆਪਣੇ ਲਈ ਡੇਰੇ ਬਣਾਏ । 17ਸਾਰੀ ਸਭਾ ਨੇ ਜਿਹੜੀ ਗ਼ੁਲਾਮੀ ਵਿੱਚੋਂ ਮੁੜ ਆਈ ਸੀ, ਡੇਰੇ ਬਣਾਏ ਅਤੇ ਉਨ੍ਹਾਂ ਵਿੱਚ ਰਹੇ ਕਿਉਂ ਜੋ ਨੂਨ ਦੇ ਪੁੱਤਰ ਯੇਸ਼ੂਆ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤੱਕ ਇਸਰੇਲੀਆਂ ਨੇ ਅਜਿਹਾ ਨਹੀਂ ਕੀਤਾ ਸੀ । ਉਸ ਸਮੇਂ ਬਹੁਤ ਵੱਡਾ ਅਨੰਦ ਹੋਇਆ । 18ਫਿਰ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਅਜ਼ਰਾ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਪੁਸਤਕ ਵਿੱਚੋਂ ਹਰ ਰੋਜ਼ ਪੜ੍ਹਿਆ ਅਤੇ ਉਨ੍ਹਾਂ ਨੇ ਸੱਤ ਦਿਨਾਂ ਤੱਕ ਪਰਬ ਮਨਾਇਆ ਅਤੇ ਅੱਠਵੇਂ ਦਿਨ ਨਿਯਮ ਦੇ ਅਨੁਸਾਰ ਮਹਾਸਭਾ ਹੋਈ ।
9ਪਾਪ ਦਾ ਇਕਰਾਰ ਕਰਨਾ
1ਫਿਰ ਉਸੇ ਮਹੀਨੇ ਦੀ ਚੌਵੀ ਤਾਰੀਖ਼ ਨੂੰ ਇਸਰਾਏਲੀ ਵਰਤ ਰੱਖ ਕੇ, ਤੱਪੜ ਪਾ ਕੇ ਅਤੇ ਆਪਣੇ ਸਿਰਾਂ ਉੱਤੇ ਸੁਆਹ ਪਾ ਕੇ ਇੱਕਠੇ ਹੋ ਗਏ । 2ਤਦ ਇਸਰਾਏਲ ਦੇ ਵੰਸ਼ ਦੇ ਲੋਕਾਂ ਨੇ ਸਾਰੀਆਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅਲੱਗ ਕੀਤਾ ਅਤੇ ਖੜ੍ਹੇ ਹੋ ਕੇ ਆਪਣਿਆਂ ਪਾਪਾਂ ਦਾ ਅਤੇ ਆਪਣੇ ਪਿਉ-ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ । 3ਤਦ ਉਹ ਆਪਣੇ-ਆਪਣੇ ਸਥਾਨ ਤੇ ਖੜ੍ਹੇ ਹੋ ਕੇ ਦਿਨ ਦੇ ਇੱਕ ਪਹਿਰ ਤੱਕ ਆਪਣੇ ਪਰਮੇਸ਼ੁਰ ਯਹੋਵਾਹ ਦੀ ਬਿਵਸਥਾ ਦੀ ਪੁਸਤਕ ਨੂੰ ਪੜ੍ਹਦੇ ਰਹੇ ਅਤੇ ਦੂਸਰੇ ਪਹਿਰ ਆਪਣੇ ਪਾਪਾਂ ਦਾ ਇਕਰਾਰ ਕਰਦੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਰਹੇ ।
4ਤਦ ਲੇਵੀਆਂ ਵਿੱਚੋਂ ਯੇਸ਼ੂਆ, ਬਾਨਈ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ, ਬਾਨੀ ਅਤੇ ਕਨਾਨੀ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਉੱਚੀ ਅਵਾਜ਼ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਦੁਹਾਈ ਦਿੱਤੀ । 5ਫਿਰ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਯਾਹ ਲੇਵੀਆਂ ਨੇ ਕਿਹਾ, "ਖੜ੍ਹੇ ਹੋਵੋ, ਆਪਣੇ ਪਰਮੇਸ਼ੁਰ ਯਹੋਵਾਹ ਨੂੰ ਜੁੱਗੋ-ਜੁੱਗ ਮੁਬਾਰਕ ਆਖੋ । ਤੇਰਾ ਪ੍ਰਤਾਪੀ ਨਾਮ ਮੁਬਾਰਕ ਹੋਵੇ ਜੋ ਸਾਰੀਆਂ ਬਰਕਤਾਂ ਅਤੇ ਉਸਤਤਾਂ ਤੋਂ ਉੱਚਾ ਹੈ !"
ਪਾਪ ਇਕਰਾਰ ਦੀ ਪ੍ਰਾਰਥਨਾ
6"ਤੂੰ, ਹਾਂ ਤੂੰ ਹੀ ਕੇਵਲ ਇੱਕ ਯਹੋਵਾਹ ਹੈਂ, ਤੂੰ ਸਵਰਗ ਸਗੋਂ ਸਭ ਤੋਂ ਉੱਚੇ ਸਵਰਗ ਅਤੇ ਉਨ੍ਹਾਂ ਦੀ ਸਾਰੀ ਸੈਨਾਂ, ਧਰਤੀ ਅਤੇ ਉਸ ਦੀਆਂ ਸਾਰੀਆਂ ਚੀਜ਼ਾਂ, ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ, ਸਭ ਕੁਝ ਤੂੰ ਹੀ ਬਣਾਇਆ ਹੈ, ਤੂੰ ਹੀ ਸਾਰਿਆਂ ਦਾ ਜੀਵਨ ਦਾਤਾ ਹੈਂ ਅਤੇ ਸਵਰਗ ਦੀ ਸਾਰੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ 7ਤੂੰ ਉਹ ਯਹੋਵਾਹ ਪਰਮੇਸ਼ੁਰ ਹੈਂ, ਜਿਸ ਨੇ ਅਬਰਾਮ ਨੂੰ ਚੁਣ ਕੇ ਕਸਦੀਆਂ ਦੇ ਊਰ ਨਗਰ ਵਿੱਚੋਂ ਕੱਢ ਲਿਆ ਅਤੇ ਤੂੰ ਉਸ ਦਾ ਨਾਮ ਅਬਰਾਹਾਮ ਰੱਖਿਆ, 8ਤੂੰ ਉਸ ਦਾ ਮਨ ਆਪਣੇ ਸਨਮੁਖ ਵਿਸ਼ਵਾਸਯੋਗ ਪਾਇਆ ਅਤੇ ਉਸ ਦੇ ਨਾਲ ਨੇਮ ਬੰਨ੍ਹਿਆ ਕਿ ਮੈਂ ਤੇਰੇ ਵੰਸ਼ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜ਼ੀਆਂ, ਯਬੂਸੀਆਂ ਅਤੇ ਗਿਰਗਸ਼ੀਆਂ ਦਾ ਦੇਸ਼ ਦਿਆਂਗਾ, ਅਤੇ ਤੂੰ ਆਪਣਾ ਬਚਨ ਪੂਰਾ ਕੀਤਾ ਹੈ ਕਿਉਂ ਜੋ ਤੂੰ ਧਰਮੀ ਹੈਂ ।
9ਤੂੰ ਸਾਡੇ ਪਿਉ-ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ ਅਤੇ ਤੂੰ ਲਾਲ ਸਮੁੰਦਰ ਉੱਤੇ ਉਨ੍ਹਾਂ ਦੀ ਦੁਹਾਈ ਨੂੰ ਸੁਣਿਆ । 10ਤੂੰ ਫ਼ਿਰਊਨ ਅਤੇ ਉਸ ਦੇ ਸਾਰੇ ਕਰਮਚਾਰੀਆਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਣ ਲਈ ਨਿਸ਼ਾਨ ਅਤੇ ਅਚਰਜ ਕੰਮ ਵਿਖਾਏ ਕਿਉਂਕਿ ਤੂੰ ਜਾਣਦਾ ਸੀ ਕਿ ਮਿਸਰੀ ਉਨ੍ਹਾਂ ਦੇ ਵਿਰੁੱਧ ਹੰਕਾਰ ਨਾਲ ਵਰਤਾਉ ਕਰਦੇ ਸਨ, ਇਸ ਲਈ ਤੂੰ ਆਪਣੇ ਲਈ ਇੱਕ ਅਜਿਹਾ ਵੱਡਾ ਨਾਮ ਬਣਾਇਆ, ਜਿਵੇਂ ਅੱਜ ਦੇ ਦਿਨ ਹੈ । 11ਤੂੰ ਉਨ੍ਹਾਂ ਦੇ ਅੱਗੇ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਉਹ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਧਰਤੀ ਉੱਤੋਂ ਪਾਰ ਲੰਘ ਗਏ, ਅਤੇ ਜੋ ਉਨ੍ਹਾਂ ਦਾ ਪਿੱਛਾ ਕਰਦੇ ਸਨ, ਉਨ੍ਹਾਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ । 12ਫਿਰ ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਹੋ ਕੇ ਉਨ੍ਹਾਂ ਦੀ ਅਗਵਾਈ ਕੀਤੀ ਕਿ ਜਿਸ ਰਾਹ ਵਿੱਚ ਉਨ੍ਹਾਂ ਨੂੰ ਚੱਲਣਾ ਸੀ, ਉਸ ਵਿੱਚ ਉਨ੍ਹਾਂ ਲਈ ਚਾਨਣ ਹੋਵੇ । 13ਫਿਰ ਤੂੰ ਸੀਨਈ ਪਹਾੜ ਉੱਤੇ ਉਤਰਿਆ ਅਤੇ ਅਕਾਸ਼ ਵਿੱਚੋਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਪਣੇ ਸਿੱਧੇ ਨਿਯਮ, ਸੱਚੀ ਬਿਵਸਥਾ, ਚੰਗੀਆਂ ਬਿਧੀਆਂ ਅਤੇ ਹੁਕਮ ਉਨ੍ਹਾਂ ਨੂੰ ਦਿੱਤੇ । 14ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਤੋਂ ਜਾਣੂ ਕਰਾਇਆ ਅਤੇ ਆਪਣੇ ਦਾਸ ਮੂਸਾ ਦੇ ਰਾਹੀਂ ਹੁਕਮ, ਬਿਧੀਆਂ ਅਤੇ ਬਿਵਸਥਾ ਉਨ੍ਹਾਂ ਨੂੰ ਦਿੱਤੀ । 15ਉਨ੍ਹਾਂ ਦੀ ਭੁੱਖ ਮਿਟਾਉਣ ਲਈ ਤੂੰ ਸਵਰਗ ਤੋਂ ਰੋਟੀ ਦਿੱਤੀ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਚੱਟਾਨ ਵਿੱਚੋਂ ਪਾਣੀ ਕੱਢਿਆ, ਅਤੇ ਉਨ੍ਹਾਂ ਨੂੰ ਕਿਹਾ ਕਿ ਜੋ ਦੇਸ਼ ਮੈਂ ਤੁਹਾਨੂੰ ਦੇਣ ਦੀ ਸਹੁੰ ਖਾਧੀ ਹੈ, ਉਸ ਉੱਤੇ ਕਬਜ਼ਾ ਕਰਨ ਲਈ ਜਾਓ ।
16ਪਰ ਉਨ੍ਹਾਂ ਨੇ ਅਤੇ ਸਾਡੇ ਪਿਉ-ਦਾਦਿਆਂ ਨੇ ਹੰਕਾਰ ਕੀਤਾ ਅਤੇ ਢੀਠ ਬਣ ਗਏ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ, 17ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕੀਤਾ ਅਤੇ ਜੋ ਅਚਰਜ ਕੰਮ ਤੂੰ ਉਨ੍ਹਾਂ ਵਿੱਚ ਕੀਤੇ ਸਨ, ਉਨ੍ਹਾਂ ਨੂੰ ਯਾਦ ਨਾ ਰੱਖਿਆ ਪਰ ਢੀਠ ਬਣ ਗਏ ਅਤੇ ਵਿਦਰੋਹੀ ਹੋ ਕੇ ਆਪਣੇ ਲਈ ਇੱਕ ਆਗੂ ਠਹਿਰਾ ਲਿਆ ਤਾਂ ਜੋ ਫਿਰ ਗ਼ੁਲਾਮੀ ਵਿੱਚ ਮੁੜਨ ਪਰ ਤੂੰ ਇੱਕ ਮਾਫ਼ ਕਰਨ ਵਾਲਾ, ਦਿਆਲੂ, ਕਿਰਪਾਲੂ, ਕ੍ਰੋਧ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ ਪਰਮੇਸ਼ੁਰ ਹੈਂ, ਇਸ ਲਈ ਤੂੰ ਉਨ੍ਹਾਂ ਨੂੰ ਨਹੀਂ ਤਿਆਗਿਆ, 18ਜਦ ਕਿ ਉਨ੍ਹਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਅਤੇ ਕਿਹਾ, ’ਇਹ ਤੁਹਾਡਾ ਪਰਮੇਸ਼ੁਰ ਹੈ, ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ !’ ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ । 19ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਨ੍ਹਾਂ ਤੋਂ ਅਲੱਗ ਨਾ ਹੋਇਆ । 20ਸਗੋਂ, ਤੂੰ ਸਿੱਖਿਆ ਦੇਣ ਲਈ ਆਪਣਾ ਨੇਕ ਆਤਮਾ ਉਨ੍ਹਾਂ ਨੂੰ ਦਿੱਤਾ ਅਤੇ ਆਪਣਾ ਮੰਨਾ ਉਨ੍ਹਾਂ ਦੇ ਮੂੰਹ ਤੋਂ ਨਾ ਰੋਕਿਆ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਜਲ ਦਿੰਦਾ ਰਿਹਾ । 21ਚਾਲੀ ਸਾਲ ਤੱਕ ਤੂੰ ਜੰਗਲ ਵਿੱਚ ਉਨ੍ਹਾਂ ਦੀ ਪਾਲਣਾ ਕੀਤੀ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ ਨਾ ਰਹੀ, ਨਾ ਤਾਂ ਉਨ੍ਹਾਂ ਦੇ ਕੱਪੜੇ ਪੁਰਾਣੇ ਹੋਏ ਅਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ । 22ਫਿਰ ਤੂੰ ਬਹੁਤ ਸਾਰੇ ਦੇਸ਼ ਅਤੇ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ ਜਿਨ੍ਹਾਂ ਨੂੰ ਤੂੰ ਉਨ੍ਹਾਂ ਦੇ ਹਿੱਸਿਆਂ ਵਿੱਚ ਵੰਡ ਦਿੱਤਾ, ਅਤੇ ਉਨ੍ਹਾਂ ਨੇ ਹਸ਼ਬੋਨ ਦੇ ਰਾਜਾ ਸੀਹੋਨ ਅਤੇ ਬਾਸ਼ਾਨ ਦੇ ਰਾਜਾ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ । 23ਤੂੰ ਉਨ੍ਹਾਂ ਦੇ ਵੰਸ਼ ਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦਿੱਤਾ ਜਿਸ ਦੇ ਲਈ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਕਿਹਾ ਸੀ ਕਿ ਉਹ ਉੱਥੇ ਜਾ ਕੇ ਉਸ ਦੇ ਅਧਿਕਾਰੀ ਬਣ ਜਾਣਗੇ । 24ਇਸ ਤਰ੍ਹਾਂ ਉਨ੍ਹਾਂ ਦਾ ਵੰਸ਼ ਆ ਕੇ ਉਸ ਦੇਸ਼ ਦਾ ਅਧਿਕਾਰੀ ਬਣ ਗਿਆ ਅਤੇ ਤੂੰ ਉਨ੍ਹਾਂ ਦੇ ਅੱਗੇ ਉਸ ਦੇਸ਼ ਦੇ ਵਾਸੀਆਂ ਅਰਥਾਤ ਕਨਾਨੀਆਂ ਨੂੰ ਦਬਾਇਆ ਅਤੇ ਉਨ੍ਹਾਂ ਦੇ ਰਾਜਿਆਂ ਅਤੇ ਉਸ ਦੇਸ਼ ਦੀਆਂ ਕੌਮਾਂ ਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ ਕਿ ਉਹ ਜੋ ਚਾਹੁਣ ਉਨ੍ਹਾਂ ਨਾਲ ਕਰਨ । 25ਉਨ੍ਹਾਂ ਨੇ ਗੜ੍ਹਾਂ ਵਾਲੇ ਸ਼ਹਿਰਾਂ ਅਤੇ ਉਪਜਾਊ ਭੂਮੀ ਨੂੰ ਲੈ ਲਿਆ ਅਤੇ ਸਭ ਪ੍ਰਕਾਰ ਦੀਆਂ ਚੰਗੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਦੇ ਅਤੇ ਪੁੱਟੇ ਹੋਏ ਖੂਹਾਂ ਦੇ ਅਤੇ ਅੰਗੂਰੀ ਬਾਗਾਂ ਦੇ ਅਤੇ ਜ਼ੈਤੂਨ ਦੇ ਬਾਗਾਂ ਅਤੇ ਫਲਾਂ ਨਾਲ ਭਰੇ ਹੋਏ ਰੁੱਖਾਂ ਦੇ ਅਧਿਕਾਰੀ ਹੋ ਗਏ । ਉਹ ਖਾ-ਖਾ ਕੇ ਰੱਜ ਗਏ ਅਤੇ ਤਕੜੇ ਹੋ ਗਏ ਅਤੇ ਤੇਰੀ ਵੱਡੀ ਭਲਿਆਈ ਦੇ ਕਾਰਨ ਅਨੰਦ ਮਾਣਦੇ ਰਹੇ ।
26ਪਰ ਉਹ ਤੇਰੇ ਤੋਂ ਬੇਮੁਖ ਹੋ ਕੇ ਵਿਦਰੋਹੀ ਹੋ ਗਏ ਅਤੇ ਤੇਰੀ ਬਿਵਸਥਾ ਨੂੰ ਤਿਆਗ ਦਿੱਤਾ ਅਤੇ ਤੇਰੇ ਨਬੀਆਂ ਨੂੰ ਜੋ ਉਨ੍ਹਾਂ ਨੂੰ ਤੇਰੇ ਵੱਲ ਮੁੜਨ ਲਈ ਚਿਤਾਉਣੀ ਦਿੰਦੇ ਸਨ, ਤਲਵਾਰ ਨਾਲ ਵੱਢ ਸੁੱਟਿਆ ਅਤੇ ਉਨ੍ਹਾਂ ਨੇ ਤੇਰੀ ਨਿਰਾਦਰੀ ਦੇ ਵੱਡੇ-ਵੱਡੇ ਕੰਮ ਕੀਤੇ । 27ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀਆਂ ਦੇ ਹੱਥ ਦੇ ਵਿੱਚ ਦੇ ਦਿੱਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਸਤਾਇਆ, ਫਿਰ ਵੀ ਜਦ ਉਨ੍ਹਾਂ ਨੇ ਦੁੱਖ ਵਿੱਚ ਤੇਰੇ ਅੱਗੇ ਦੁਹਾਈ ਦਿੱਤੀ ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣੀ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਛੁਡਾਉਣ ਵਾਲੇ ਦਿੱਤੇ, ਜਿਨ੍ਹਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਛੁਡਾਇਆ, 28ਪਰ ਜਦ ਉਨ੍ਹਾਂ ਨੂੰ ਅਰਾਮ ਮਿਲਿਆ, ਤਦ ਉਨ੍ਹਾਂ ਨੇ ਫਿਰ ਤੇਰੇ ਅੱਗੇ ਬੁਰਿਆਈ ਕੀਤੀ, ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿੱਤਾ, ਜੋ ਉਨ੍ਹਾਂ ਦੇ ਉੱਤੇ ਰਾਜ ਕਰਦੇ ਸਨ ਪਰ ਜਦ ਵੀ ਉਹ ਮੁੜ ਕੇ ਤੇਰੀ ਦੁਹਾਈ ਦਿੰਦੇ ਸਨ, ਤਾਂ ਤੂੰ ਸਵਰਗ ਵਿੱਚੋਂ ਉਨ੍ਹਾਂ ਦੀ ਸੁਣਦਾ ਅਤੇ ਆਪਣੀ ਵੱਡੀ ਦਿਆਲਤਾ ਦੇ ਕਾਰਨ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ, 29ਅਤੇ ਤੂੰ ਉਨ੍ਹਾਂ ਨੂੰ ਚਿਤਾਉਣੀ ਦਿੰਦਾ ਸੀ ਤਾਂ ਜੋ ਤੂੰ ਉਨ੍ਹਾਂ ਨੂੰ ਆਪਣੀ ਬਿਵਸਥਾ ਵੱਲ ਮੋੜ ਲਿਆਵੇ ਪਰ ਉਨ੍ਹਾਂ ਨੇ ਹੰਕਾਰ ਕੀਤਾ ਅਤੇ ਤੇਰੇ ਹੁਕਮਾਂ ਨੂੰ ਨਾ ਮੰਨਿਆ ਅਤੇ ਤੇਰੇ ਨਿਯਮਾਂ ਦੇ ਵਿਰੁੱਧ ਪਾਪ ਕੀਤਾ, ਜਿਨ੍ਹਾਂ ਨੂੰ ਜੇ ਕੋਈ ਮਨੁੱਖ ਪੂਰਾ ਕਰੇ ਤਾਂ ਉਨ੍ਹਾਂ ਦੇ ਕਾਰਨ ਜੀਉਂਦਾ ਰਹੇ, ਅਤੇ ਹਠੀਲੇ ਬਣ ਕੇ ਆਪਣੀ ਪਿੱਠ ਤੇਰੇ ਵੱਲ ਮੋੜ ਲਈ ਅਤੇ ਢੀਠ ਹੋ ਗਏ ਅਤੇ ਉਨ੍ਹਾਂ ਨੇ ਨਾ ਸੁਣਿਆ । 30ਫਿਰ ਵੀ ਤੂੰ ਬਹੁਤ ਸਾਲਾਂ ਤੱਕ ਉਨ੍ਹਾਂ ਨੂੰ ਸਹਿੰਦਾ ਰਿਹਾ ਅਤੇ ਆਪਣੇ ਆਤਮਾ ਨਾਲ ਨਬੀਆਂ ਦੇ ਰਾਹੀਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਪਰ ਉਨ੍ਹਾਂ ਨੇ ਕੰਨ ਨਾ ਲਾਇਆ, ਇਸ ਲਈ ਤੂੰ ਉਨ੍ਹਾਂ ਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ । 31ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਹੋਣ ਲਈ ਨਹੀਂ ਛੱਡਿਆ, ਕਿਉਂ ਜੋ ਤੂੰ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈਂ ।
32ਹੁਣ ਹੇ ਸਾਡੇ ਪਰਮੇਸ਼ੁਰ ! ਤੂੰ ਜੋ ਵੱਡਾ ਅਤੇ ਬਲਵੰਤ ਅਤੇ ਭੈ ਯੋਗ ਪਰਮੇਸ਼ੁਰ ਹੈ ਅਤੇ ਆਪਣੇ ਨੇਮ ਦੀ ਪਾਲਣਾ ਕਰਦਾ ਅਤੇ ਦਯਾ ਕਰਦਾ ਹੈਂ, ਇਹ ਸਾਰਾ ਕਸ਼ਟ ਜਿਹੜਾ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੇ ਉੱਤੇ ਅਤੇ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਜਾਜਕਾਂ, ਸਾਡੇ ਨਬੀਆਂ, ਸਾਡੇ ਪਿਉ-ਦਾਦਿਆਂ ਅਤੇ ਤੇਰੀ ਸਾਰੀ ਪਰਜਾ ਉੱਤੇ ਬੀਤਿਆ ਹੈ, ਉਹ ਤੇਰੇ ਸਨਮੁਖ ਮਾਮੂਲੀ ਨਾ ਜਾਣਿਆ ਜਾਵੇ, 33ਤਾਂ ਵੀ ਜੋ ਕੁਝ ਸਾਡੇ ਉੱਤੇ ਬੀਤਿਆ ਹੈ ਉਸ ਵਿੱਚ ਤੂੰ ਧਰਮੀ ਹੈਂ, ਕਿਉਂ ਜੋ ਤੂੰ ਸਾਡੇ ਨਾਲ ਸਚਿਆਈ ਨਾਲ ਵਰਤਿਆ ਹੈ ਪਰ ਅਸੀਂ ਦੁਸ਼ਟਤਾ ਕੀਤੀ । 34ਸਾਡੇ ਰਾਜਿਆਂ ਨੇ, ਹਾਕਮਾਂ ਨੇ, ਜਾਜਕਾਂ ਨੇ ਅਤੇ ਸਾਡੇ ਪਿਉ-ਦਾਦਿਆਂ ਨੇ ਨਾ ਤਾਂ ਤੇਰੀ ਬਿਵਸਥਾ ਦੇ ਅਨੁਸਾਰ ਕੰਮ ਕੀਤਾ, ਨਾ ਤੇਰੇ ਹੁਕਮਾਂ ਨੂੰ ਮੰਨਿਆ ਅਤੇ ਨਾ ਹੀ ਤੇਰੀਆਂ ਚਿਤਾਉਣੀਆਂ ਵੱਲ ਜਿਹੜੀ ਤੂੰ ਉਨ੍ਹਾਂ ਦੇ ਵਿਰੁੱਧ ਦਿੱਤੀਆਂ, ਧਿਆਨ ਦਿੱਤਾ । 35ਉਨ੍ਹਾਂ ਨੇ ਆਪਣੇ ਰਾਜ ਵਿੱਚ, ਅਤੇ ਤੇਰੀਆਂ ਬਹੁਤੀਆਂ ਭਲਿਆਈਆਂ ਵਿੱਚ ਜਿਹੜੀਆਂ ਤੂੰ ਉਨ੍ਹਾਂ ਉੱਤੇ ਕੀਤੀਆਂ, ਅਤੇ ਇਸ ਵੱਡੇ ਅਤੇ ਉਪਜਾਊ ਦੇਸ਼ ਜਿਹੜਾ ਤੂੰ ਉਨ੍ਹਾਂ ਨੂੰ ਦਿੱਤਾ, ਤੇਰੀ ਸੇਵਾ ਨਾ ਕੀਤੀ ਅਤੇ ਨਾ ਹੀ ਆਪਣੀਆਂ ਬੁਰਿਆਈਆਂ ਤੋਂ ਮੁੜੇ ।
36ਵੇਖ, ਅਸੀਂ ਅੱਜ ਦੇ ਦਿਨ ਗੁਲਾਮ ਹਾਂ, ਇਹ ਦੇਸ਼ ਜਿਹੜਾ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਕਿ ਉਹ ਇਸ ਦਾ ਫਲ ਅਤੇ ਚੰਗੀਆਂ ਵਸਤੂਆਂ ਖਾਣ, ਅਸੀਂ ਇਸੇ ਵਿੱਚ ਗੁਲਾਮ ਹਾਂ ! 37ਇਸ ਧਰਤੀ ਦੀ ਬਹੁਤੀ ਪੈਦਾਵਾਰ ਉਨ੍ਹਾਂ ਰਾਜਿਆਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਤੂੰ ਸਾਡੇ ਉੱਤੇ ਸਾਡੇ ਪਾਪਾਂ ਦੇ ਕਾਰਨ ਠਹਿਰਾਇਆ ਹੈ, ਅਤੇ ਉਹ ਸਾਡੇ ਸਰੀਰਾਂ ਉੱਤੇ ਅਤੇ ਸਾਡੇ ਪਸ਼ੂਆਂ ਉੱਤੇ ਆਪਣੀ ਇੱਛਾ ਅਨੁਸਾਰ ਹਕੂਮਤ ਕਰਦੇ ਹਨ, ਇਸ ਕਾਰਨ ਅਸੀਂ ਵੱਡੇ ਦੁੱਖ ਵਿੱਚ ਹਾਂ ।"
ਨੇਮ ਦਾ ਬੰਨ੍ਹਿਆ ਜਾਣਾ
38ਇਸ ਸਭ ਦੇ ਕਾਰਨ ਅਸੀਂ ਇੱਕ ਸੱਚਾ ਇਕਰਾਰ ਕਰਦੇ ਹਾਂ ਅਤੇ ਲਿਖ ਕੇ ਵੀ ਦਿੰਦੇ ਹਾਂ ਅਤੇ ਹਾਕਮ, ਸਾਡੇ ਲੇਵੀ ਅਤੇ ਸਾਡੇ ਜਾਜਕ ਉਸ ਦੇ ਉੱਤੇ ਮੋਹਰ ਲਾਉਂਦੇ ਹਨ ।
101ਜਿਨ੍ਹਾਂ ਨੇ ਇਹ ਦੇ ਉੱਤੇ ਮੋਹਰ ਲਾਈ ਉਹ ਇਹ ਸਨ, - ਹਕਲਯਾਹ ਦਾ ਪੁੱਤਰ ਨਹਮਯਾਹ ਜੋ ਹਾਕਮ ਸੀ ਅਤੇ ਸਿਦਕੀਯਾਹ, 2ਸਰਾਯਾਹ, ਅਜ਼ਰਯਾਹ, ਯਿਰਮਿਯਾਹ 3ਪਸ਼ਹੂਰ, ਅਮਰਯਾਹ, ਮਲਕੀਯਾਹ 4ਹੱਟੂਸ਼, ਸਬਨਯਾਹ ਅਤੇ ਮੱਲੂਕ, 5ਹਾਰਿਮ, ਮਰੇਂਮੋਥ, ਓਬਦਯਾਹ, 6ਦਾਨੀਏਲ, ਗਿਨਥੋਨ, ਬਾਰੂਕ, 7ਮਸ਼ੁੱਲਾਮ, ਅਬੀਯਾਹ, ਮੀਯਾਮੀਨ, 8ਮਅਜ਼ਯਾਹ, ਬਿਲਗਈ ਅਤੇ ਸਮਆਯਾਹ, ਇਹ ਜਾਜਕ ਸਨ । 9ਲੇਵੀ ਇਹ ਸਨ: ਅਜ਼ਨਯਾਹ ਦਾ ਪੁੱਤਰ ਯੇਸ਼ੂਆ ਅਤੇ ਹੇਨਾਦਾਦ ਦੇ ਪੁੱਤਰਾਂ ਵਿੱਚੋਂ ਬਿੰਨੂਈ, ਕਦਮੀਏਲ, 10ਅਤੇ ਉਨ੍ਹਾਂ ਦੇ ਭਰਾ ਸ਼ਬਨਯਾਹ, ਹੋਦੀਯਾਹ, ਕਲੀਟਾ, ਪਲਾਯਾਹ, ਹਨਾਨ, 11ਮੀਕਾ, ਰਹੋਬ, ਹਸ਼ਬਯਾਹ, 12ਜ਼ੱਕੂਰ, ਸ਼ੇਰੇਬਯਾਹ, ਸ਼ਬਨਯਾਹ, 13ਹੋਦੀਯਾਹ, ਬਾਨੀ ਅਤੇ ਬਨੀਨੂ । 14ਪਰਜਾ ਦੇ ਪ੍ਰਧਾਨ ਇਹ ਸਨ: ਪਰਓਸ਼, ਪਹਥਮੋਆਬ, ਏਲਾਮ, ਜ਼ੱਤੂ, ਬਾਨੀ, 15ਬੁੰਨੀ, ਅਜ਼ਗਾਦ, ਬੇਬਾਈ, 16ਅਦੋਨੀਯਾਹ, ਬਿਗਵਈ, ਆਦੀਨ, 17ਅਾਟੇਰ, ਹਿਜ਼ਕੀਯਾਹ, ਅੱਜ਼ੂਰ, 18ਹੋਦੀਯਾਹ, ਹਾਸ਼ੁਮ, ਬੇਸਾਈ, 19ਹਾਰੀਫ, ਅਨਾਥੋਥ, ਨੇਬਾਈ, 20ਮਗਪੀਆਸ਼, ਮਸ਼ੁੱਲਾਮ, ਹੇਜ਼ੀਰ, 21ਮਸ਼ੇਜ਼ਬੇਲ, ਸਾਦੋਕ, ਯੱਦੂਆ, 22ਪਲਟਯਾਹ, ਹਾਨਾਨ, ਅਨਾਯਾਹ, 23ਹੋਸ਼ੇਆ, ਹਨਨਯਾਹ, ਹੱਸ਼ੂਬ, 24ਹੱਲੋਹੇਸ਼, ਪਿਲਹਾ, ਸ਼ੋਬੇਕ, 25ਰਹੂਮ, ਹਸ਼ਬਨਾਹ, ਮਅਸੇਯਾਹ, 26ਅਹੀਯਾਹ, ਹਾਨਾਨ, ਆਨਾਨ, 27ਮੱਲੂਕ, ਹਾਰੀਮ ਅਤੇ ਬਆਨਾਹ ।
ਇਸਰਾਏਲੀਆਂ ਦੁਆਰਾ ਸਹੁੰ ਚੁੱਕਣਾ
28ਬਾਕੀ ਲੋਕ ਅਰਥਾਤ ਜਾਜਕ, ਲੇਵੀ, ਦਰਬਾਨ, ਗਾਇਕ ਅਤੇ ਨਥੀਨੀਮ (ਭਵਨ ਦੇ ਸੇਵਕ) ਅਤੇ ਸਾਰੇ ਜਿਹੜੇ ਦੇਸ਼ਾਂ ਦੀਆਂ ਕੌਮਾਂ ਵਿੱਚੋਂ ਪਰਮੇਸ਼ੁਰ ਦੀ ਬਿਵਸਥਾ ਮੰਨਣ ਲਈ ਅਲੱਗ ਹੋ ਗਏ ਸਨ, ਉਨ੍ਹਾਂ ਸਾਰਿਆਂ ਨੇ ਆਪਣੀਆਂ ਪਤਨੀਆਂ ਅਤੇ ਉਨ੍ਹਾਂ ਪੁੱਤਰਾਂ ਅਤੇ ਧੀਆਂ ਸਮੇਤ ਜੋ ਸਿਆਣੇ ਅਤੇ ਸਮਝਦਾਰ ਸਨ, 29ਆਪਣੇ ਸਾਮੰਤ ਭਰਾਵਾਂ ਨਾਲ ਮਿਲ ਕੇ ਇਸ ਸਹੁੰ ਅਤੇ ਇਸ ਸਰਾਪ ਨਾਲ ਆਪਣੇ ਆਪ ਨੂੰ ਬੰਨ੍ਹਿਆ ਕਿ ਅਸੀਂ ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਚੱਲਾਂਗੇ, ਜਿਹੜੀ ਪਰਮੇਸ਼ੁਰ ਦੇ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ, ਨਿਯਮਾਂ ਅਤੇ ਬਿਧੀਆਂ ਨੂੰ ਪੂਰਾ ਕਰ ਕੇ ਪਾਲਣਾ ਕਰਾਂਗੇ । 30ਅਸੀਂ ਆਪਣੀਆਂ ਧੀਆਂ ਦਾ ਵਿਆਹ ਇਸ ਦੇਸ਼ ਦੇ ਲੋਕਾਂ ਨਾਲ ਨਹੀਂ ਕਰਾਂਗੇ ਅਤੇ ਨਾ ਹੀ ਉਨ੍ਹਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ, 31ਜੇਕਰ ਇਸ ਦੇਸ਼ ਦੇ ਲੋਕ ਸਬਤ ਦੇ ਦਿਨ ਵੇਚਣ ਲਈ ਕੋਈ ਮਾਲ ਜਾਂ ਖਾਣ ਦੀਆਂ ਵਸਤਾਂ ਅੰਦਰ ਲਿਆਉਣ ਤਾਂ ਅਸੀਂ ਸਬਤ ਦੇ ਦਿਨ ਜਾਂ ਪਵਿੱਤਰ ਦਿਨ ਵਿੱਚ ਉਨ੍ਹਾਂ ਤੋਂ ਕੁਝ ਨਹੀਂ ਲਵਾਂਗੇ, ਹਰੇਕ ਸੱਤਵੇਂ ਸਾਲ ਭੂਮੀ ਖ਼ਾਲੀ ਛੱਡ ਦਿਆਂਗੇ ਅਤੇ ਆਪਣੇ ਕਰਜੇ ਦੀ ਉਗਰਾਹੀ ਵੀ ਛੱਡ ਦਿਆਂਗੇ ।
32ਫਿਰ ਅਸੀਂ ਆਪਣੇ ਉੱਤੇ ਇਹ ਨਿਯਮ ਠਹਿਰਾਇਆ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕੇਲ ਦਾ ਤੀਜਾ ਹਿੱਸਾ ਦਿਆ ਕਰਾਂਗੇ, 33ਅਰਥਾਤ ਚੜ੍ਹਾਵੇ ਦੀ ਰੋਟੀ, ਅਤੇ ਰੋਜ ਮੈਦੇ ਦੀਆਂ ਭੇਟਾਂ ਅਤੇ ਸਦਾ ਲਈ ਹੋਮ ਦੀਆਂ ਬਲੀਆਂ, ਸਬਤਾਂ, ਅਮੱਸਿਆ, ਠਹਿਰਾਏ ਹੋਏ ਪਰਬਾਂ ਦੀਆਂ ਬਲੀਆਂ ਅਤੇ ਹੋਰ ਪਵਿੱਤਰ ਭੇਟਾਂ ਅਤੇ ਪਾਪ ਬਲੀਆਂ ਲਈ, ਜਿਹੜੀਆਂ ਇਸਰਾਏਲ ਦੇ ਪਰਾਸਚਿਤ ਲਈ ਹਨ ਅਤੇ ਪਰਮੇਸ਼ੁਰ ਦੇ ਭਵਨ ਦੇ ਸਾਰੇ ਕੰਮ ਲਈ ਵੀ ਹਨ । 34ਫਿਰ ਅਸੀਂ ਜਾਜਕਾਂ, ਲੇਵੀਆਂ ਅਤੇ ਲੋਕਾਂ ਨੇ ਇਸ ਗੱਲ ਲਈ ਪਰਚੀਆਂ ਪਾਈਆਂ ਕਿ ਅਸੀਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਹਰ ਸਾਲ ਠਹਿਰਾਏ ਹੋਏ ਸਮੇਂ ਤੇ ਲੱਕੜੀ ਦੀ ਭੇਟ ਬਿਵਸਥਾ ਵਿੱਚ ਲਿਖੇ ਹੋਏ ਅਨੁਸਾਰ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਉੱਤੇ ਜਲਾਉਣ ਲਈ, ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਲਿਆਇਆ ਕਰਾਂਗੇ । 35ਅਸੀਂ ਆਪਣੀ ਭੂਮੀ ਦਾ ਪਹਿਲਾ ਫਲ ਅਤੇ ਸਾਰੇ ਰੁੱਖਾਂ ਦੇ ਪਹਿਲੇ ਫਲ ਹਰ ਸਾਲ ਯਹੋਵਾਹ ਦੇ ਭਵਨ ਵਿੱਚ ਲੈ ਆਵਾਂਗੇ, 36ਅਤੇ ਜਿਵੇਂ ਬਿਵਸਥਾ ਵਿੱਚ ਲਿਖਿਆ ਹੈ ਅਸੀਂ ਆਪਣੇ ਪਲੌਠੇ ਪੁੱਤਰਾਂ, ਅਤੇ ਪਸ਼ੂਆਂ ਦੇ ਪਲੌਠੇ ਅਤੇ ਆਪਣੇ ਚੌਣੇ ਅਤੇ ਇੱਜੜ ਦੇ ਪਲੌਠੇ ਪਰਮੇਸ਼ੁਰ ਦੇ ਭਵਨ ਵਿੱਚ ਉਨ੍ਹਾਂ ਜਾਜਕਾਂ ਕੋਲ ਲਿਆਇਆ ਕਰਾਂਗੇ ਜਿਹੜੇ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਟਹਿਲ ਸੇਵਾ ਕਰਦੇ ਹਨ । 37ਅਸੀਂ ਆਪਣਾ ਪਹਿਲਾ ਗੁੰਨ੍ਹਿਆ ਹੋਇਆ ਆਟਾ ਅਤੇ ਚੁੱਕਣ ਦੀਆਂ ਭੇਟਾਂ ਅਤੇ ਹਰ ਪ੍ਰਕਾਰ ਦੇ ਰੁੱਖਾਂ ਦਾ ਫਲ ਅਤੇ ਨਵੀਂ ਮਧ ਅਤੇ ਤੇਲ ਆਪਣੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਵਿੱਚ ਜਾਜਕਾਂ ਦੇ ਲਈ ਅਤੇ ਆਪਣੀ ਭੂਮੀ ਦੀ ਉਪਜ ਦਾ ਦਸਵੰਧ ਲੇਵੀਆਂ ਦੇ ਲਈ ਲਿਆਇਆ ਕਰਾਂਗੇ ਕਿਉਂਕਿ ਲੇਵੀ ਸਾਡੀ ਖੇਤੀ ਦੇ ਸਾਰੇ ਸ਼ਹਿਰਾਂ ਵਿੱਚੋਂ ਦਸਵੰਧ ਲੈਂਦੇ ਹਨ । 38ਜਦ ਵੀ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੇ ਵੰਸ਼ ਦਾ ਕੋਈ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਦਾ ਦਸਵੰਧ ਸਾਡੇ ਪਰਮੇਸ਼ੁਰ ਦੇ ਭਵਨ ਵਿੱਚ ਭੰਡਾਰ ਦੀਆਂ ਕੋਠੜੀਆਂ ਵਿੱਚ ਪਹੁੰਚਾਇਆ ਕਰਨ, 39ਕਿਉਂਕਿ ਹਰੇਕ ਇਸਰਾਏਲੀ ਅਤੇ ਲੇਵੀ ਅੰਨ, ਨਵੀਂ ਮਧ, ਅਤੇ ਤੇਲ ਦੀ ਚੁੱਕਣ ਦੀਆਂ ਭੇਟਾਂ ਉਨ੍ਹਾਂ ਕੋਠੜੀਆਂ ਵਿੱਚ ਪਹੁੰਚਾਉਣ ਜਿੱਥੇ ਪਵਿੱਤਰ ਭਾਂਡੇ ਅਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਸਨ ਅਤੇ ਦਰਬਾਨ ਅਤੇ ਰਾਗੀ ਰਹਿੰਦੇ ਸਨ । "ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਨੂੰ ਨਹੀਂ ਤਿਆਗਾਂਗੇ ।"
11ਯਰੂਸ਼ਲਮ ਦੇ ਵਾਸੀ
1ਪਰਜਾ ਦੇ ਹਾਕਮ ਤਾਂ ਯਰੂਸ਼ਲਮ ਵਿੱਚ ਰਹਿੰਦੇ ਸਨ ਅਤੇ ਬਾਕੀ ਲੋਕਾਂ ਨੇ ਇਹ ਠਹਿਰਾਉਣ ਲਈ ਪਰਚੀਆਂ ਪਾਈਆਂ ਕਿ ਦਸ ਵਿੱਚੋਂ ਇੱਕ ਮਨੁੱਖ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਵੱਸ ਜਾਵੇ ਅਤੇ ਬਾਕੀ ਨੌ ਹੋਰ ਸ਼ਹਿਰਾਂ ਵਿੱਚ ਵੱਸ ਜਾਣ । 2ਪਰਜਾ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਅਸੀਸ ਦਿੱਤੀ, ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ ।
3ਇਹ ਉਸ ਸੂਬੇ ਦੇ ਆਗੂ ਹਨ ਜਿਹੜੇ ਯਰੂਸ਼ਲਮ ਵਿੱਚ ਵੱਸ ਗਏ ਪਰ ਯਹੂਦਾਹ ਦੇ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਨਿੱਜ ਭੂਮੀ ਵਿੱਚ ਵੱਸਦਾ ਸੀ ਅਰਥਾਤ ਇਸਰਾਏਲੀ, ਜਾਜਕ, ਲੇਵੀ, ਨਥੀਨੀਮ (ਭਵਨ ਦੇ ਸੇਵਕ) ਅਤੇ ਸੁਲੇਮਾਨ ਦੀ ਸੇਵਕਾਂ ਦੀ ਸੰਤਾਨ 4ਯਰੂਸ਼ਲਮ ਵਿੱਚ ਯਹੂਦਾਹ ਅਤੇ ਬਿਨਯਾਮੀਨੀਆਂ ਵਿੱਚੋਂ ਕੁਝ ਲੋਕ ਰਹਿੰਦੇ ਸਨ । ਯਹੂਦਾਹ ਦੇ ਵੰਸ਼ ਵਿੱਚੋਂ ਅਥਾਯਾਹ ਜੋ ਉੱਜ਼ੀਯਾਹ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਅਮਰਯਾਹ ਦਾ ਪੁੱਤਰ, ਉਹ ਸ਼ਫਟਯਾਹ ਦਾ ਪੁੱਤਰ, ਉਹ ਮਹਲਲੇਲ ਦਾ ਪੁੱਤਰ ਜੋ ਪਾਰਸ ਦੇ ਵੰਸ਼ ਵਿੱਚੋਂ ਸੀ, 5ਅਤੇ ਮਅਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲਹੋਜ਼ਹ ਦਾ ਪੁੱਤਰ, ਉਹ ਹਜ਼ਾਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ ਅਤੇ ਉਹ ਸ਼ਿਲੋਨੀ ਦਾ ਪੁੱਤਰ ਸੀ । 6ਪਾਰਸ ਦੀ ਵੰਸ਼ ਦੇ ਜੋ ਯਰੂਸ਼ਲਮ ਵਿੱਚ ਵੱਸ ਗਏ ਕੁੱਲ ਚਾਰ ਸੋ ਅਠਾਹਟ ਸੂਰਬੀਰ ਸਨ ।
7ਬਿਨਯਾਮੀਨੀਆਂ ਵਿੱਚੋਂ ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਅਸੇਯਾਰ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਸ਼ਾਯਾਹ ਦਾ ਪੁੱਤਰ ਸੀ । 8ਉਸ ਦੇ ਬਾਅਦ ਗੱਬੀ ਅਤੇ ਸੱਲਾਈ ਜਿਨ੍ਹਾਂ ਦੇ ਨਾਲ ਨੌ ਸੌ ਅਠਾਈ ਪੁਰਖ ਸਨ । 9ਇਨ੍ਹਾਂ ਦਾ ਪ੍ਰਧਾਨ ਜ਼ਿਕਰੀ ਦਾ ਪੁੱਤਰ ਯੋਏਲ ਸੀ ਅਤੇ ਹਸਨੂਆਹ ਦਾ ਪੁੱਤਰ ਯਹੂਦਾਹ ਉਨ੍ਹਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਦਾ ਪ੍ਰਧਾਨ ਸੀ ।
10ਜਾਜਕਾਂ ਵਿੱਚੋਂ ਯੋਯਾਰੀਬ ਦਾ ਪੁੱਤਰ ਯਦਾਯਾਹ ਅਤੇ ਯਾਕੀਨ, 11ਅਤੇ ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ, ਉਹ ਮਸ਼ੁੱਲਾਮ ਦਾ ਪੁੱਤਰ, ਉਹ ਸਦੋਕ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ ਜੋ ਪਰਮੇਸ਼ੁਰ ਦੇ ਭਵਨ ਦਾ ਪ੍ਰਧਾਨ ਸੀ, 12ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ 13ਉਸ ਦੇ ਭਰਾ ਜੋ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਦੋ ਸੌ ਬਤਾਲੀ ਪੁਰਖ ਸਨ, ਅਤੇ ਅਮਸ਼ਸਈ ਜੋ ਅਜ਼ਰਏਲ ਦਾ ਪੁੱਤਰ, ਉਹ ਅਹਜ਼ਈ ਦਾ ਪੁੱਤਰ, ਉਹ ਮਸ਼ਿੱਲੇਮੋਥ ਦਾ ਪੁੱਤਰ ਅਤੇ ਉਹ ਇੰਮੇਰ ਦਾ ਪੁੱਤਰ ਸੀ 14ਇਨ੍ਹਾਂ ਦੇ ਇੱਕ ਸੌ ਅਠਾਈ ਸੂਰਬੀਰ ਭਰਾ ਸਨ ਅਤੇ ਹੱਗਦੋਲੀਮ ਦਾ ਪੁੱਤਰ ਜ਼ਬਦੀਏਲ ਇਨ੍ਹਾਂ ਦਾ ਪ੍ਰਧਾਨ ਸੀ ।
15ਲੇਵੀਆਂ ਵਿੱਚੋਂ ਸ਼ਮਾਯਾਹ ਜੋ ਹੱਸ਼ੂਬ ਦਾ ਪੁੱਤਰ, ਉਹ ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਬੂੰਨੀ ਦਾ ਪੁੱਤਰ ਸੀ । 16ਸ਼ਬਥਈ ਅਤੇ ਯੋਜ਼ਾਬਾਦ ਜੋ ਲੇਵੀਆਂ ਦੇ ਆਗੂ ਸਨ ਪਰਮੇਸ਼ੁਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ । 17ਮਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿਚੋਂ ਦੂਜੇ ਦਰਜੇ ਤੇ ਸੀ ਅਤੇ ਅਬਦਾ ਜੋ ਸ਼ਮੂਆ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ । 18ਸਾਰੇ ਲੇਵੀ ਜੋ ਪਵਿੱਤਰ ਸ਼ਹਿਰ ਵਿੱਚ ਰਹਿੰਦੇ ਸਨ, ਕੁੱਲ ਦੋ ਸੌ ਚੁਰਾਸੀ ਸਨ ।
19ਦਰਬਾਨ ਅੱਕੂਬ ਅਤੇ ਟਲਮੋਨ ਅਤੇ ਉਨ੍ਹਾਂ ਦੇ ਭਰਾ ਜਿਹੜੇ ਫਾਟਕਾਂ ਦੇ ਰਾਖੇ ਸਨ, ਇੱਕ ਸੌ ਬਹੱਤਰ ਸਨ । 20ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ ਆਪਣੇ ਹਿੱਸੇ ਵਿੱਚ ਰਹਿੰਦੇ ਸਨ । 21ਪਰ ਨਥੀਨੀਮ ਓਫ਼ਲ ਵਿੱਚ ਰਹਿੰਦੇ ਸਨ, ਅਤੇ ਸੀਹਾ ਤੇ ਗਿਸ਼ਪਾ ਉਨ੍ਹਾਂ ਦੇ ਉੱਤੇ ਠਹਿਰਾਏ ਗਏ ਸਨ ।
22ਜੋ ਲੇਵੀ ਯਰੂਸ਼ਲਮ ਵਿੱਚ ਰਹਿ ਕੇ ਪਰਮੇਸ਼ੁਰ ਦੇ ਭਵਨ ਦੇ ਕੰਮ ਕਰਦੇ ਸਨ, ਉਨ੍ਹਾਂ ਦਾ ਪ੍ਰਧਾਨ ਉੱਜ਼ੀ ਸੀ ਜੋ ਆਸਾਫ ਦੇ ਵੰਸ਼ ਦੇ ਗਾਇਕਾਂ ਵਿੱਚੋਂ ਸੀ, ਉਹ ਬਾਨੀ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾ ਦਾ ਪੁੱਤਰ ਸੀ । 23ਕਿਉਂਕਿ ਉਨ੍ਹਾਂ ਲਈ ਰਾਜਾ ਦਾ ਹੁਕਮ ਸੀ ਅਤੇ ਗਾਇਕਾਂ ਲਈ ਹਰ ਰੋਜ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰਬੰਧ ਸੀ । 24ਪਥਹਯਾਹ ਜੋ ਮਸ਼ੇਜ਼ਬਏਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ਰਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ ।
ਹੋਰ ਨਗਰਾਂ ਦੇ ਵਾਸੀ
25ਹੁਣ ਬਾਕੀ ਪਿੰਡਾਂ ਅਤੇ ਉਨ੍ਹਾਂ ਦੇ ਖੇਤਾਂ ਵਿੱਚ, ਯਹੂਦਾਹ ਦੇ ਵੰਸ਼ ਵਿੱਚੋਂ ਕੁਝ ਕਿਰਯਥ-ਅਰਬਾ ਅਤੇ ਉਸ ਦੀਆਂ ਬਸਤੀਆਂ ਵਿੱਚ, ਕੁਝ ਦੀਬੋਨ ਅਤੇ ਉਸ ਦੀਆਂ ਬਸਤੀਆਂ ਵਿੱਚ ਅਤੇ ਕੁਝ ਯਕਬਸਏਲ ਅਤੇ ਉਸ ਦੇ ਪਿੰਡਾਂ ਵਿੱਚ ਵੱਸ ਗਏ, 26ਅਤੇ ਫਿਰ ਯੇਸ਼ੂਆ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ, 27ਹਸਰਸ਼ੂਆਲ ਅਤੇ ਬਏਰ-ਸ਼ਬਾ ਅਤੇ ਉਸ ਦੀਆਂ ਬਸਤੀਆਂ ਵਿੱਚ, 28ਅਤੇ ਸਿਕਲਾਗ, ਤੇ ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ, 29ਏਨ-ਰਿੰਮੋਮ, ਸਾਰਆਹ, ਯਰਮੂਥ, 30ਜ਼ਾਨੋਅਹ, ਅੱਦੁਲਾਮ ਅਤੇ ਉਨ੍ਹਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬਏਰ-ਸ਼ਬਾ ਤੋਂ ਲੈ ਕੇ ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ । 31ਬਿਨਯਾਮੀਨ ਦਾ ਵੰਸ਼ ਗਬਾ ਤੋਂ ਲੈ ਕੇ ਅਤੇ ਮਿਕਮਸ਼, ਅੱਯਾਹ, ਬੈਤ-ਏਲ ਅਤੇ ਉਸ ਦੀਆਂ ਬਸਤੀਆਂ ਵਿੱਚ 32ਅਤੇ ਅਨਾਥੋਥ, ਨੋਬ, ਅਨਨਯਾਹ, 33ਹਾਸੋਰ, ਰਾਮਾਹ, ਗਿੱਤਾਯਿਮ, 34ਹਦੀਦ, ਸਬੋਈਮ, ਨਬੱਲਾਟ, 35ਲੋਦ, ਓਨੋ ਅਤੇ ਕਾਰੀਗਰਾਂ ਦੀ ਘਾਟੀ ਤੱਕ ਰਹਿੰਦੇ ਸਨ । 36ਯਹੂਦਾਹ ਦੇ ਕੁਝ ਲੇਵੀਆਂ ਦੇ ਦਲ ਬਿਨਯਾਮੀਨ ਦੇ ਸੂਬਿਆਂ ਵਿੱਚ ਵੱਸ ਗਏ ।
12ਜਾਜਕਾਂ ਅਤੇ ਲੇਵੀਆਂ ਦੀ ਸੂਚੀ
1ਉਹ ਜਾਜਕ ਅਤੇ ਲੇਵੀ ਜਿਹੜੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯੇਸ਼ੂਆ ਦੇ ਨਾਲ ਮੁੜ ਆਏ, ਉਹ ਇਹ ਸਨ: ਸ਼ਰਾਯਾਹ, ਯਿਰਮਿਯਾਹ, ਅਜ਼ਰਾ, 2ਅਮਰਯਾਹ, ਮੱਲੂਕ, ਹੱਟੂਸ਼, 3ਸ਼ਕਨਯਾਹ, ਰਹੁਮ, ਮਰੇਮੋਥ, 4ਇੱਦੋ, ਗਿਨਥੋਈ, ਅਬੀਯਾਹ, 5ਮਿੱਯਾਮੀਨ, ਮਆਦਯਾਹ ਬਿਲਗਾਹ, 6ਸ਼ਮਅਯਾਹ, ਯੋਯਾਰੀਬ, ਯਦਆਯਾਹ, 7ਸੱਲੂ, ਆਮੋਕ, ਹਿਲਕੀਯਾਹ ਅਤੇ ਯਦਆਯਾਹ, ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਅਤੇ ਉਨ੍ਹਾਂ ਦੇ ਭਰਾਵਾਂ ਦੇ ਆਗੂ ਇਹੋ ਸਨ ।
8ਲੇਵੀ ਇਹ ਸਨ: ਯੇਸ਼ੂਆ, ਬਿੰਨੂਈ, ਕਦਮੀਏਲ, ਸ਼ੇਰੇਬਯਾਹ, ਯਹੂਦਾਹ ਅਤੇ ਮੱਤਨਯਾਹ ਜਿਹੜਾ ਆਪਣੇ ਭਰਾਵਾਂ ਸਮੇਤ ਧੰਨਵਾਦ ਦੇ ਗੀਤਾਂ ਦਾ ਮੁਖੀਆ ਸੀ । 9ਬਕਬੁਕਯਾਹ, ਉੱਨੀ ਅਤੇ ਉਨ੍ਹਾਂ ਦੇ ਭਰਾ ਉਨ੍ਹਾਂ ਦੇ ਸਾਹਮਣੇ ਸੇਵਾ ਕਰਦੇ ਸਨ ।
ਯੇਸ਼ੂਆ ਦੀ ਵੰਸ਼ਾਵਲੀ
10ਯੇਸ਼ੂਆ ਤੋਂ ਯੋਯਾਕੀਮ ਜੰਮਿਆ, ਯੋਯਾਕੀਮ ਤੋਂ ਅਲਯਾਸ਼ੀਬ ਜੰਮਿਆ, ਅਲਯਾਸ਼ੀਬ ਤੋਂ ਯੋਯਾਦਾ ਜੰਮਿਆ, 11ਯੋਯਾਦਾ ਤੋਂ ਯੋਨਾਥਾਨ ਜੰਮਿਆ ਅਤੇ ਯੋਨਾਥਾਨ ਤੋਂ ਯੱਦੂਆ ਜੰਮਿਆ ।
ਜਾਜਕ ਘਰਾਣਿਆਂ ਦੇ ਮੁਖੀਏ
12ਯੋਯਾਕੀਮ ਦੇ ਦਿਨਾਂ ਵਿੱਚ ਇਹ ਜਾਜਕ ਆਪੋ ਆਪਣੇ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਸਰਾਯਾਹ ਤੋਂ ਮਿਰਯਾਹ ਅਤੇ ਯਿਰਮਿਯਾਹ ਤੋਂ ਹਨਨਯਾਹ, 13ਅਜ਼ਰਾ ਤੋਂ ਮਸ਼ੁੱਲਾਮ ਅਤੇ ਅਮਰਯਾਹ ਤੋਂ ਯਹੋਹਾਨਾਨ, 14ਮਲੂਕੀ ਤੋਂ ਯੋਨਾਥਾਨ ਅਤੇ ਸ਼ਬਨਯਾਹ ਤੋਂ ਯੂਸੁਫ਼, 15ਹਰੀਮ ਤੋਂ ਅਦਨਾ ਅਤੇ ਮਰਾਯੋਥ ਤੋਂ ਹਲਕਈ, 16ਇੱਦੋ ਤੋਂ ਜ਼ਕਰਯਾਹ ਅਤੇ ਗਿਨਥੋਨ ਤੋਂ ਮਸ਼ੁੱਲਾਮ, 17ਅਬੀਯਾਹ ਤੋਂ ਜ਼ਿਕਰੀ ਅਤੇ ਮਿਨਯਾਮੀਨ ਤੋਂ ਅਤੇ ਮੋਅਦਯਾਹ ਤੋਂ ਪਿਲਟਾਈ, 18ਬਿਲਗਾਹ ਤੋਂ ਸ਼ੰਮੂਆ ਅਤੇ ਸ਼ਮਆਯਾਹ ਤੋਂ ਯਹੋਨਾਥਾਨ, 19ਯੋਯਾਰੀਬ ਤੋਂ ਮਤਨਈ ਅਤੇ ਯਦਆਯਾਹ ਤੋਂ ਉੱਜ਼ੀ, 20ਸੱਲਈ ਤੋਂ ਕੱਲਈ ਅਤੇ ਆਮੋਕ ਤੋਂ ਏਬਰ, 21ਹਿਲਕੀਯਾਹ ਤੋਂ ਹਸ਼ਬਯਾਹ ਅਤੇ ਯਦਆਯਾਹ ਤੋਂ ਨਥਨਏਲ ।
ਜਾਜਕ ਅਤੇ ਲੇਵੀ ਘਰਾਣਿਆਂ ਦੀ ਸੂਚੀ
22ਅਲਯਾਸ਼ੀਬ, ਯੋਯਾਦਆ, ਯੋਹਾਨਾਨ ਅਤੇ ਯੱਦੂਆ ਦੇ ਦਿਨਾਂ ਵਿੱਚ ਲੇਵੀ ਘਰਾਣਿਆਂ ਦੇ ਆਗੂਆਂ ਦੇ ਨਾਮ ਅਤੇ ਜਾਜਕਾਂ ਦੇ ਨਾਮ ਵੀ ਦਾਰਾ ਫਾਰਸੀ ਦੇ ਰਾਜ ਵਿੱਚ ਲਿਖੇ ਜਾਂਦੇ ਸਨ । 23ਲੇਵੀਆਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਆਗੂਆਂ ਦੇ ਨਾਮ ਅਲਯਾਸ਼ੀਬ ਦੇ ਪੁੱਤਰ ਯੋਹਾਨਾਨ ਦੇ ਦਿਨਾਂ ਤੱਕ ਇਤਿਹਾਸ ਦੀ ਪੁਸਤਕ ਵਿੱਚ ਲਿਖੇ ਜਾਂਦੇ ਸਨ ।
ਭਵਨ ਵਿੱਚ ਸੇਵਾ-ਕਾਰਜਾਂ ਨੂੰ ਵੰਡਣਾ
24ਲੇਵੀਆਂ ਦੇ ਆਗੂ ਇਹ ਸਨ: ਹਸ਼ਬਯਾਹ, ਸ਼ੇਰੇਬਯਾਹ ਅਤੇ ਕਦਮੀਏਲ ਦਾ ਪੁੱਤਰ ਯੇਸ਼ੂਆ ਅਤੇ ਉਨ੍ਹਾਂ ਦੇ ਭਰਾ ਪਰਮੇਸ਼ੁਰ ਦੇ ਦਾਸ ਦਾਊਦ ਦੇ ਹੁਕਮ ਅਨੁਸਾਰ ਆਹਮੋ-ਸਾਹਮਣੇ ਉਸਤਤ ਅਤੇ ਧੰਨਵਾਦ ਕਰਨ ਲਈ ਨਿਯੁਕਤ ਸਨ । 25ਮੱਤਨਯਾਹ, ਬਕਬੁਕਯਾਹ, ਓਬਦਯਾਹ, ਮਸ਼ੁੱਲਾਮ, ਟਲਮੋਨ ਅਤੇ ਅਕੂੱਬ ਦਰਬਾਨ ਸਨ ਅਤੇ ਫਾਟਕਾਂ ਦੇ ਕੋਲ ਭੰਡਾਰ-ਘਰਾਂ ਉੱਤੇ ਪਹਿਰਾ ਦਿੰਦੇ ਸਨ । 26ਯੋਸਾਦਾਕ ਦੇ ਪੋਤਰੇ ਯੇਸ਼ੂਆ ਦੇ ਪੁੱਤਰ ਯੋਯਾਕੀਮ ਦੇ ਦਿਨਾਂ ਵਿੱਚ ਅਤੇ ਨਹਮਯਾਹ ਹਾਕਮ ਅਤੇ ਅਜ਼ਰਾ ਜਾਜਕ ਅਤੇ ਸ਼ਾਸਤਰੀ ਦੇ ਦਿਨਾਂ ਵਿੱਚ ਇਹ ਹੀ ਸਨ ।
ਯਰੂਸ਼ਲਮ ਦੀ ਸ਼ਹਿਰਪਨਾਹ ਦਾ ਸਮਰਪਣ
27ਯਰੂਸ਼ਲਮ ਦੀ ਸ਼ਹਿਰਪਨਾਹ ਦੇ ਸਮਰਪਣ ਦੇ ਸਮੇਂ ਲੇਵੀਆਂ ਨੂੰ ਸਾਰੇ ਸਥਾਨਾਂ ਵਿੱਚ ਭਾਲਿਆ ਗਿਆ ਅਤੇ ਉਨ੍ਹਾਂ ਨੂੰ ਯਰੂਸ਼ਲਮ ਵਿੱਚ ਲਿਆਇਆ ਗਿਆ ਤਾਂ ਜੋ ਉਹ ਅਨੰਦ ਅਤੇ ਧੰਨਵਾਦ ਕਰਕੇ ਅਤੇ ਛੈਣੇ, ਸਤਾਰ ਅਤੇ ਬਰਬਤਾਂ ਵਜਾ ਕੇ ਅਤੇ ਗਾ ਕੇ ਉਸਦਾ ਸਮਰਪਣ ਕਰਨ । 28ਗਾਇਕਾਂ ਦੇ ਵੰਸ਼ ਨੂੰ ਯਰੂਸ਼ਲਮ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਅਤੇ ਨਟੋਫਾਥੀਆਂ ਦੇ ਪਿੰਡਾਂ ਵਿੱਚੋਂ 29ਅਤੇ ਬੈਤ-ਗਿਲਗਾਲ ਤੋਂ ਅਤੇ ਗਬਾ ਅਤੇ ਅਜ਼ਮਾਵਥ ਦੇ ਖੇਤਾਂ ਤੋਂ ਇਕੱਠਾ ਕੀਤਾ ਗਿਆ, ਕਿਉਂਕਿ ਗਾਇਕਾਂ ਨੇ ਯਰੂਸ਼ਲਮ ਦੇ ਆਲੇ-ਦੁਆਲੇ ਆਪਣੇ ਲਈ ਪਿੰਡ ਬਣਾ ਲਏ ਸਨ । 30ਜਾਜਕਾਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰ ਲਿਆ ਤਦ ਉਨ੍ਹਾਂ ਨੇ ਪਰਜਾ ਨੂੰ ਅਤੇ ਫਾਟਕਾਂ ਨੂੰ ਅਤੇ ਸ਼ਹਿਰਪਨਾਹ ਨੂੰ ਸ਼ੁੱਧ ਕੀਤਾ ।
31ਫਿਰ ਮੈਂ ਯਹੂਦਾਹ ਦੇ ਹਾਕਮਾਂ ਨੂੰ ਸ਼ਹਿਰਪਨਾਹ ਉੱਤੇ ਲਿਆਇਆ ਅਤੇ ਮੈਂ ਦੋ ਵੱਡੀਆਂ ਟੋਲੀਆਂ ਠਹਿਰਾਈਆਂ ਤਾਂ ਜੋ ਉਹ ਧੰਨਵਾਦ ਕਰਨ ਅਤੇ ਉਨ੍ਹਾਂ ਵਿੱਚੋਂ ਇੱਕ ਟੋਲੀ ਸੱਜੇ ਹੱਥ ਕੂੜਾ-ਫਾਟਕ ਵੱਲ ਗਈ 32ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਹੋਸ਼ਅਯਾਹ ਅਤੇ ਯਹੂਦਾਹ ਦੇ ਅੱਧੇ ਹਾਕਮ, 33ਅਤੇ ਅਜ਼ਰਯਾਹ, ਅਜ਼ਰਾ, ਮਸ਼ੁੱਲਾਮ, 34ਯਹੂਦਾਹ, ਬਿਨਯਾਮੀਨ, ਸ਼ਮਅਯਾਹ ਤੇ ਯਿਰਮਿਯਾਹ ਗਏ 35ਅਤੇ ਜਾਜਕਾਂ ਦੇ ਪੁੱਤਰਾਂ ਨੇ ਨਰਸਿੰਗੇ ਲਏ ਹੋਏ ਸਨ ਅਤੇ ਜ਼ਕਰਯਾਹ ਯੋਨਾਥਾਨ ਦਾ ਪੁੱਤਰ, ਉਹ ਸ਼ਅਅਯਾਹ ਦਾ ਪੁੱਤਰ, ਉਹ ਮੱਤਨਯਾਹ ਦਾ ਪੁੱਤਰ, ਉਹ ਮੀਕਾਯਾਹ ਦਾ ਪੁੱਤਰ, ਉਹ ਜ਼ਕੂਰ ਦਾ ਪੁੱਤਰ, ਉਹ ਆਸਾਫ ਦਾ ਪੁੱਤਰ 36ਅਤੇ ਉਸ ਦੇ ਭਰਾ ਸ਼ਮਅਯਾਹ, ਅਜ਼ਰਏਲ, ਮਿਲਲਈ, ਗਿਲਲਈ, ਮਾਈ, ਨਥਨਏਲ, ਯਹੂਦਾਹ ਅਤੇ ਹਨਾਨੀ, ਪਰਮੇਸ਼ੁਰ ਦੇ ਦਾਸ ਦਾਊਦ ਦੇ ਵਾਜਿਆਂ ਨਾਲ ਸਨ ਅਤੇ ਅਜ਼ਰਾ ਸ਼ਾਸਤਰੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ । 37ਇਹ ਚਸ਼ਮਾ-ਫਾਟਕ ਤੋਂ ਹੋ ਕੇ ਇਹ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੋਂ ਸ਼ਹਿਰਪਨਾਹ ਉੱਪਰ ਵੱਲ ਜਾਂਦੀ ਸੀ, ਦਾਊਦ ਦੇ ਮਹਿਲ ਦੇ ਉੱਪਰੋਂ ਹੋ ਕੇ ਪੂਰਬ ਵੱਲ ਜਲ-ਫਾਟਕ ਨੂੰ ਗਏ ।
38ਉਨ੍ਹਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ, ਦੂਜੇ ਪਾਸੇ ਵੱਲ ਗਈ ਅਤੇ ਉਨ੍ਹਾਂ ਦੇ ਪਿੱਛੇ-ਪਿੱਛੇ ਮੈਂ ਅਤੇ ਅੱਧੀ ਪਰਜਾ ਸ਼ਹਿਰਪਨਾਹ ਦੇ ਉੱਪਰੋਂ ਤੰਦੂਰਾਂ ਦੇ ਬੁਰਜ ਦੇ ਕੋਲ ਚੌੜੀ ਕੰਧ ਤੱਕ ਗਏ 39ਅਤੇ ਅਫਰਾਈਮੀ ਫਾਟਕ, ਅਤੇ ਪੁਰਾਣੇ ਫਾਟਕ, ਅਤੇ ਮੱਛੀ ਫਾਟਕ, ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਤੋਂ ਹੁੰਦੇ ਹੋਏ ਭੇਡ-ਫਾਟਕ ਤੱਕ ਗਏ ਅਤੇ ਕੈਦਖ਼ਾਨੇ ਦੇ ਫਾਟਕ ਕੋਲ ਖੜ੍ਹੇ ਹੋ ਗਏ । 40ਤਦ ਧੰਨਵਾਦ ਕਰਨ ਵਾਲਿਆਂ ਦੀਆਂ ਦੋਵੇਂ ਟੋਲੀਆਂ ਅਤੇ ਮੈਂ ਅਤੇ ਮੇਰੇ ਨਾਲ ਅੱਧੇ ਹਾਕਮ ਪਰਮੇਸ਼ੁਰ ਦੇ ਭਵਨ ਵਿੱਚ ਖੜ੍ਹੇ ਹੋ ਗਏ, 41ਅਤੇ ਜਾਜਕ - ਅਲਯਾਕੀਮ, ਮਅਸੇਯਾਹ, ਮਿਨਯਾਮੀਨ, ਮੀਕਾਯਾਹ, ਅਲਯੋਏਨੀ, ਜ਼ਕਰਯਾਹ ਅਤੇ ਹਨਨਯਾਹ ਨਰਸਿੰਗਿਆਂ ਦੇ ਨਾਲ ਖੜ੍ਹੇ ਸਨ 42ਅਤੇ ਮਅਸੇਯਾਹ, ਸ਼ਮਅਯਾਹ, ਅਲਆਜ਼ਰ, ਉੱਜ਼ੀ, ਯਹੋਨਾਨ, ਮਲਕੀਯਾਹ, ਏਲਾਮ ਅਤੇ ਆਜ਼ਰ ਅਤੇ ਗਾਇਕ ਯਜ਼ਰਯਾਹ ਜਿਹੜਾ ਉਨ੍ਹਾਂ ਦਾ ਆਗੂ ਸੀ, ਉਹ ਉੱਚੀ ਅਵਾਜ਼ ਨਾਲ ਗਾਉਂਦੇ ਸਨ । 43ਉਸ ਦਿਨ ਲੋਕਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ ਅਤੇ ਵੱਡਾ ਅਨੰਦ ਮਨਾਇਆ ਕਿਉਂਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਹੀ ਅਨੰਦ ਦਿੱਤਾ ਸੀ, ਇਸਤਰੀਆਂ ਅਤੇ ਬੱਚਿਆਂ ਨੇ ਵੀ ਅਨੰਦ ਮਨਾਇਆ । ਯਰੂਸ਼ਲਮ ਦੇ ਇਸ ਅਨੰਦ ਦੀ ਅਵਾਜ਼ ਦੂਰ ਤੱਕ ਸੁਣੀ ਗਈ ।
ਉਪਾਸਨਾ ਆਦਿ ਦਾ ਪ੍ਰਬੰਧ
44ਉਸ ਦਿਨ ਉਨ੍ਹਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ, ਚੁੱਕਣ ਦੀਆਂ ਭੇਟਾਂ, ਪਹਿਲੇ ਫਲਾਂ ਅਤੇ ਦਸਵੰਧਾ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੇ ਖੇਤਾਂ ਅਨੁਸਾਰ ਉਨ੍ਹਾਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਬਿਵਸਥਾ ਦੇ ਅਨੁਸਾਰ ਜਾਜਕਾਂ ਅਤੇ ਲੇਵੀਆਂ ਦੇ ਹਿੱਸੇ ਦੀਆਂ ਸਨ ਕਿਉਂ ਜੋ ਯਹੂਦੀ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਕਾਰਨ ਖੁਸ਼ ਸਨ । 45ਇਸ ਲਈ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਦੀ ਸੇਵਾ ਅਤੇ ਸ਼ੁੱਧਤਾਈ ਦੇ ਨੇਮ ਦੀ ਪਾਲਣਾ ਕੀਤੀ, ਅਤੇ ਗਾਇਕ ਅਤੇ ਦਰਬਾਨਾਂ ਨੇ ਵੀ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਦੇ ਹੁਕਮ ਅਨੁਸਾਰ ਕੀਤਾ । 46ਕਿਉਂ ਜੋ ਪਹਿਲੇ ਸਮੇਂ ਵਿੱਚ ਅਰਥਾਤ ਦਾਊਦ ਤੇ ਆਸਾਫ ਦੇ ਦਿਨਾਂ ਵਿੱਚ ਉਨ੍ਹਾਂ ਗਾਇਕਾਂ ਦੇ ਆਗੂ ਹੁੰਦੇ ਸਨ, ਜਿਹੜੇ ਪਰਮੇਸ਼ੁਰ ਲਈ ਉਸਤਤ ਅਤੇ ਧੰਨਵਾਦ ਦੇ ਗੀਤ ਗਾਉਂਦੇ ਸਨ । 47ਜ਼ੱਰੁਬਾਬਲ ਅਤੇ ਨਹਮਯਾਹ ਦੇ ਦਿਨਾਂ ਵਿੱਚ ਸਾਰਾ ਇਸਰਾਏਲ, ਗਾਇਕਾਂ ਅਤੇ ਦਰਬਾਨਾਂ ਦਾ ਹਰ ਦਿਨ ਦਾ ਹਿੱਸਾ ਦਿੰਦੇ ਰਹੇ, ਉਹ ਲੇਵੀਆਂ ਲਈ ਵੀ ਚੀਜ਼ਾਂ ਪਵਿੱਤਰ ਕਰਕੇ ਦਿੰਦੇ ਸਨ ਅਤੇ ਲੇਵੀ ਹਾਰੂਨ ਦੇ ਵੰਸ਼ ਲਈ ਚੀਜ਼ਾਂ ਪਵਿੱਤਰ ਕਰਕੇ ਦਿੰਦੇ ਸਨ ।
13ਗੈਰ ਯਹੂਦੀਆਂ ਤੋਂ ਵੱਖਰਾ ਹੋਣਾ
1ਉਸੇ ਦਿਨ ਮੂਸਾ ਦੀ ਪੁਸਤਕ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ ਅਤੇ ਉਸ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਕੋਈ ਅੰਮੋਨੀ ਅਤੇ ਮੋਆਬੀ ਪਰਮੇਸ਼ੁਰ ਦੀ ਸਭਾ ਵਿੱਚ ਕਦੇ ਵੀ ਨਾ ਆਉਣ, 2ਕਿਉਂ ਜੋ ਉਹ ਰੋਟੀ ਅਤੇ ਪਾਣੀ ਲੈ ਕੇ ਇਸਰਾਏਲੀਆਂ ਦੇ ਸਵਾਗਤ ਲਈ ਨਾ ਨਿੱਕਲੇ ਸਗੋਂ ਬਿਲਆਮ ਨੂੰ ਉਨ੍ਹਾਂ ਦੇ ਵਿਰੁੱਧ ਭਾੜੇ ਉੱਤੇ ਲਿਆ ਕਿ ਉਹ ਉਨ੍ਹਾਂ ਨੂੰ ਸਰਾਪ ਦੇਵੇ, ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਅਸੀਸ ਵਿੱਚ ਬਦਲ ਦਿੱਤਾ । 3ਜਦੋਂ ਉਨ੍ਹਾਂ ਨੇ ਇਸ ਬਿਵਸਥਾ ਨੂੰ ਸੁਣਿਆਂ ਤਾਂ ਉਨ੍ਹਾਂ ਨੇ ਇਸਰਾਏਲ ਵਿੱਚੋਂ ਸਾਰੀ ਮਿਲੀ ਜੁਲੀ ਭੀੜ ਨੂੰ ਵੱਖ-ਵੱਖ ਕਰ ਦਿੱਤਾ ।
ਨਹਮਯਾਹ ਦੇ ਸੁਧਾਰ
4ਇਸ ਤੋਂ ਪਹਿਲਾਂ ਅਲਯਾਸ਼ੀਬ ਜਾਜਕ ਜੋ ਸਾਡੇ ਪਰਮੇਸ਼ੁਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਨਿਯੁਕਤ ਸੀ ਅਤੇ ਟੋਬੀਯਾਹ ਦਾ ਰਿਸ਼ਤੇਦਾਰ ਸੀ, 5ਉਸ ਨੇ ਟੋਬੀਯਾਹ ਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਪਹਿਲਾਂ ਮੈਦੇ ਦੀ ਭੇਟ ਅਤੇ ਲੁਬਾਨ ਅਤੇ ਭਾਂਡੇ ਅਤੇ ਅੰਨ ਅਤੇ ਨਵੀਂ ਮਧ ਅਤੇ ਤੇਲ ਦੇ ਦਸਵੰਧ, ਜੋ ਹੁਕਮ ਅਨੁਸਾਰ ਲੇਵੀਆਂ, ਗਾਇਕਾਂ ਅਤੇ ਦਰਬਾਨਾਂ ਦੇ ਹਿੱਸੇ ਦੀਆਂ ਸਨ, ਰੱਖੇ ਹੋਏ ਸਨ ਅਤੇ ਜਾਜਕਾਂ ਦੀਆਂ ਚੁੱਕਣ ਦੀਆਂ ਭੇਟਾਂ ਵੀ ਰੱਖੀਆਂ ਜਾਂਦੀਆਂ ਸਨ । 6ਪਰ ਜਦੋਂ ਇਹ ਸਭ ਹੋ ਰਿਹਾ ਸੀ, ਮੈਂ ਯਰੂਸ਼ਲਮ ਵਿੱਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜਾ ਅਰਤਹਸ਼ਸ਼ਤਾ ਦੇ ਬਤੀਵੇਂ ਸਾਲ ਵਿੱਚ ਮੈਂ ਰਾਜਾ ਕੋਲ ਚਲਾ ਗਿਆ । ਫਿਰ ਕੁਝ ਦਿਨਾਂ ਬਾਅਦ ਮੈਂ ਰਾਜਾ ਕੋਲੋਂ ਛੁੱਟੀ ਮੰਗੀ, 7ਤਦ ਮੈਂ ਯਰੂਸ਼ਲਮ ਨੂੰ ਆਇਆ ਅਤੇ ਉਸ ਬੁਰਿਆਈ ਨੂੰ ਜਾਣਿਆ ਜਿਹੜੀ ਅਲਯਾਸ਼ੀਬ ਨੇ ਟੋਬੀਯਾਹ ਲਈ ਪਰਮੇਸ਼ੁਰ ਦੇ ਭਵਨ ਦੇ ਵੇਹੜਿਆਂ ਵਿੱਚ ਉਸ ਦੇ ਲਈ ਇੱਕ ਕੋਠੜੀ ਬਣਾ ਕੇ ਕੀਤੀ ਸੀ । 8ਇਹ ਮੈਨੂੰ ਬਹੁਤ ਹੀ ਬੁਰਾ ਲੱਗਿਆ, ਇਸ ਲਈ ਮੈਂ ਟੋਬੀਯਾਹ ਦਾ ਸਾਰਾ ਘਰੇਲੂ ਸਮਾਨ ਉਸ ਕੋਠੜੀ ਵਿੱਚੋਂ ਬਾਹਰ ਸੁਟਵਾ ਦਿੱਤਾ । 9ਤਦ ਮੇਰੇ ਹੁਕਮ ਦੇ ਅਨੁਸਾਰ ਉਹ ਕੋਠੜੀਆਂ ਸ਼ੁੱਧ ਕੀਤੀਆਂ ਗਈਆਂ ਅਤੇ ਮੈਂ ਪਰਮੇਸ਼ੁਰ ਦੇ ਭਵਨ ਦੇ ਭਾਂਡੇ ਅਤੇ ਮੈਦੇ ਦੀ ਭੇਟ ਅਤੇ ਲੁਬਾਨ ਫਿਰ ਉੱਥੇ ਰੱਖਿਆ ।
10ਫਿਰ ਮੈਨੂੰ ਪਤਾ ਲੱਗਾ ਕਿ ਲੇਵਿਆਂ ਦਾ ਹਿੱਸਾ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ, ਇਸ ਲਈ ਕੰਮ ਕਰਨ ਵਾਲੇ ਲੇਵੀ ਅਤੇ ਗਾਇਕ ਆਪੋ ਆਪਣੇ ਖੇਤਾਂ ਨੂੰ ਭੱਜ ਗਏ ਹਨ । 11ਤਦ ਮੈਂ ਹਾਕਮਾਂ ਨੂੰ ਝਿੜਕ ਕੇ ਕਿਹਾ, "ਪਰਮੇਸ਼ੁਰ ਦਾ ਭਵਨ ਕਿਉਂ ਤਿਆਗਿਆ ਗਿਆ ਹੈ ? " ਤਦ ਮੈਂ ਉਨ੍ਹਾਂ ਨੂੰ ਇੱਕਠੇ ਕਰ ਕੇ ਇੱਕ-ਇੱਕ ਨੂੰ ਉਸ ਦੇ ਸਥਾਨ ਉੱਤੇ ਨਿਯੁਕਤ ਕੀਤਾ । 12ਤਦ ਸਾਰੇ ਯਹੂਦੀ ਅੰਨ ਅਤੇ ਨਵੀਂ ਮਧ ਅਤੇ ਤੇਲ ਦਾ ਦਸਵੰਧ ਭੰਡਾਰਾਂ ਵਿੱਚ ਲਿਆਉਣ ਲੱਗੇ । 13ਫਿਰ ਮੈਂ ਸ਼ਲਮਯਾਹ ਜਾਜਕ ਅਤੇ ਸਾਦੋਕ ਸ਼ਾਸਤਰੀ ਨੂੰ ਅਤੇ ਲੇਵੀਆਂ ਵਿੱਚੋਂ ਪਦਾਯਾਹ ਨੂੰ ਭੰਡਾਰਾਂ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਇਨ੍ਹਾਂ ਦੇ ਹੇਠ ਹਾਨਾਨ ਨੂੰ ਜੋ ਮੱਤਨਯਾਹ ਦਾ ਪੋਤਾ ਅਤੇ ਜ਼ਕੂਰ ਦਾ ਪੁੱਤਰ ਸੀ, ਨਿਯੁਕਤ ਕੀਤਾ, ਕਿਉਂਕਿ ਉਹ ਈਮਾਨਦਾਰ ਗਿਣੇ ਜਾਂਦੇ ਸਨ ਅਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਨ੍ਹਾਂ ਦਾ ਕੰਮ ਸੀ ।
14ਹੇ ਮੇਰੇ ਪਰਮੇਸ਼ੁਰ, ਮੇਰਾ ਇਹ ਕੰਮ ਯਾਦ ਰੱਖ ਅਤੇ ਜੋ ਨੇਕ ਕੰਮ ਮੈਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਅਤੇ ਉਸ ਦੀ ਸੇਵਾ ਲਈ ਕੀਤੇ ਹਨ, ਉਨ੍ਹਾਂ ਨੂੰ ਨਾ ਮਿਟਾ ।
15ਉਨ੍ਹਾਂ ਦਿਨਾਂ ਵਿੱਚ ਮੈਂ ਯਹੂਦਾਹ ਵਿੱਚ ਕਈ ਮਨੁੱਖਾਂ ਨੂੰ ਵੇਖਿਆ ਜਿਹੜੇ ਸਬਤ ਦੇ ਦਿਨ ਅੰਗੂਰਾਂ ਨੂੰ ਹੌਦਾਂ ਵਿੱਚ ਪੀੜਦੇ ਸਨ ਅਤੇ ਪੂਲਿਆਂ ਨੂੰ ਗਧਿਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ, ਇਸੇ ਤਰ੍ਹਾਂ ਮਧ, ਅੰਗੂਰ, ਹੰਜੀਰ ਅਤੇ ਨਾਨਾ ਪ੍ਰਕਾਰ ਦੇ ਭਾਰ ਸਬਤ ਦੇ ਦਿਨ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ । ਇਸ ਲਈ ਮੈਂ ਉਨ੍ਹਾਂ ਨੂੰ ਸਬਤ ਦੇ ਦਿਨ ਕੋਈ ਵੀ ਭੋਜਨ ਵਸਤੂ ਨਾ ਵੇਚਣ ਦੀ ਚਿਤਾਉਣੀ ਦਿੱਤੀ । 16ਉੱਥੇ ਸੂਰ ਦੇ ਲੋਕ ਵੀ ਵੱਸਦੇ ਸਨ, ਜਿਹੜੇ ਮੱਛੀ ਅਤੇ ਨਾਨਾ ਪ੍ਰਕਾਰ ਦਾ ਸੌਦਾ, ਸਬਤ ਦੇ ਦਿਨ ਯਹੂਦੀਆਂ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ । 17ਤਦ ਮੈਂ ਯਹੂਦਾਹ ਦੇ ਸਾਮੰਤਾਂ ਨੂੰ ਝਿੜਕ ਕੇ ਕਿਹਾ, "ਇਹ ਕੀ ਬੁਰਿਆਈ ਹੈ ਜੋ ਤੁਸੀਂ ਕਰਦੇ ਹੋ ਕਿ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਦੇ ਹੋ ? 18ਕੀ ਤੁਹਾਡੇ ਪਿਉ-ਦਾਦਿਆਂ ਨੇ ਇਸੇ ਤਰ੍ਹਾਂ ਨਹੀਂ ਕੀਤਾ ? ਕੀ ਇਸੇ ਕਾਰਨ ਸਾਡੇ ਪਰਮੇਸ਼ੁਰ ਨੇ ਸਾਡੇ ਉੱਤੇ ਅਤੇ ਇਸ ਸ਼ਹਿਰ ਉੱਤੇ ਇਹ ਸਾਰੀ ਬਿਪਤਾ ਨਹੀਂ ਲਿਆਂਦੀ ? ਫੇਰ ਵੀ ਤੁਸੀਂ ਸਬਤ ਦੇ ਦਿਨ ਨੂੰ ਅਪਵਿੱਤਰ ਕਰਕੇ ਇਸਰਾਏਲ ਉੱਤੇ ਪਰਮੇਸ਼ੁਰ ਦੇ ਕ੍ਰੋਧ ਨੂੰ ਹੋਰ ਭੜਕਾਉਂਦੇ ਹੋ !"
19ਇਸ ਲਈ ਸਬਤ ਦੇ ਦਿਨ ਤੋਂ ਪਹਿਲਾ ਜਦ ਹਨੇਰਾ ਹੋਣ ਲੱਗਿਆ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਇਹ ਹੁਕਮ ਵੀ ਦਿੱਤਾ ਕਿ ਜਦ ਤੱਕ ਸਬਤ ਦਾ ਦਿਨ ਪੂਰਾ ਨਾ ਹੋ ਜਾਵੇ, ਫਾਟਕ ਨਾ ਖੋਲ੍ਹੇ ਜਾਣ ਅਤੇ ਮੈਂ ਆਪਣੇ ਜੁਆਨਾਂ ਵਿੱਚੋਂ ਕੁਝ ਨੂੰ ਫਾਟਕਾਂ ਉੱਤੇ ਖੜ੍ਹਾ ਕੀਤਾ ਤਾਂ ਜੋ ਸਬਤ ਦੇ ਦਿਨ ਕੋਈ ਅੰਦਰ ਨਾ ਆਵੇ । 20ਸੋ ਵਪਾਰੀ ਅਤੇ ਨਾਨਾ ਪ੍ਰਕਾਰ ਦਾ ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਬਾਹਰ ਇੱਕ ਦੋ ਵਾਰ ਠਹਿਰੇ । 21ਤਦ ਮੈਂ ਉਨ੍ਹਾਂ ਨੂੰ ਚਿਤਾਉਣੀ ਦਿੱਤੀ ਅਤੇ ਕਿਹਾ, "ਤੁਸੀਂ ਸ਼ਹਿਰਪਨਾਹ ਦੇ ਨੇੜੇ ਕਿਉਂ ਠਹਿਰਦੇ ਹੋ ? ਜੇ ਤੁਸੀਂ ਫਿਰ ਅਜਿਹਾ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ !" ਉਸ ਸਮੇਂ ਤੋਂ ਉਹ ਫਿਰ ਸਬਤ ਦੇ ਦਿਨ ਨਹੀਂ ਆਏ । 22ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਸਬਤ ਦੇ ਦਿਨ ਦੀ ਪਵਿੱਤਰਤਾਈ ਲਈ ਫਾਟਕਾਂ ਦੀ ਰਾਖੀ ਲਈ ਜਾਓ । ਹੇ ਮੇਰੇ ਪਰਮੇਸ਼ੁਰ, ਮੈਨੂੰ ਇਸ ਲਈ ਵੀ ਯਾਦ ਰੱਖ ਅਤੇ ਆਪਣੀ ਵੱਡੀ ਦਯਾ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ ।
23ਫਿਰ ਉਨ੍ਹਾਂ ਦਿਨਾਂ ਵਿੱਚ ਮੈਂ ਅਜਿਹੇ ਯਹੂਦੀ ਮਨੁੱਖਾਂ ਨੂੰ ਵੇਖਿਆ ਜਿਨ੍ਹਾਂ ਨੇ ਅਸ਼ਦੋਦੀ, ਅੰਮੋਨੀ ਅਤੇ ਮੋਆਬੀ ਇਸਤਰੀਆਂ ਨਾਲ ਵਿਆਹ ਕਰ ਲਿਆ ਸੀ । 24ਉਨ੍ਹਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਜਾਂ ਦੂਜੇ ਲੋਕਾਂ ਦੀ ਭਾਸ਼ਾ ਬੋਲਦੇ ਸਨ, ਪਰ ਉਹ ਯਹੂਦੀ ਭਾਸ਼ਾ ਨਹੀਂ ਬੋਲ ਸਕਦੇ ਸਨ । 25ਤਦ ਮੈਂ ਉਨ੍ਹਾਂ ਨੂੰ ਝਿੜਕਿਆ ਅਤੇ ਫਿਟਕਾਰਿਆ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਵਾਲ ਪੁੱਟਵਾਏ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ, "ਤੁਸੀਂ ਆਪਣੀਆਂ ਧੀਆਂ ਦਾ ਵਿਆਹ ਉਨ੍ਹਾਂ ਦੇ ਪੁੱਤਰਾਂ ਨਾਲ ਨਹੀਂ ਕਰੋਗੇ ਅਤੇ ਨਾ ਹੀ ਆਪਣਾ ਜਾਂ ਆਪਣੇ ਪੁੱਤਰਾਂ ਦਾ ਵਿਆਹ ਉਨ੍ਹਾਂ ਦੀਆਂ ਧੀਆਂ ਨਾਲ ਕਰੋਗੇ । 26ਕੀ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਇਨ੍ਹਾਂ ਹੀ ਗੱਲਾਂ ਦੇ ਕਾਰਨ ਪਾਪ ਨਹੀਂ ਕੀਤਾ ? ਭਾਵੇਂ ਬਹੁਤੀਆਂ ਕੌਮਾਂ ਵਿੱਚ ਉਸ ਦੇ ਵਰਗਾ ਕੋਈ ਰਾਜਾ ਨਹੀਂ ਸੀ ਅਤੇ ਉਹ ਆਪਣੇ ਪਰਮੇਸ਼ੁਰ ਦਾ ਪਿਆਰਾ ਸੀ ਅਤੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਸਰਾਏਲ ਉੱਤੇ ਰਾਜਾ ਬਣਾਇਆ ਤਾਂ ਵੀ ਗੈਰ-ਕੌਮੀ ਇਸਤਰੀਆਂ ਨੇ ਉਸ ਕੋਲੋਂ ਪਾਪ ਕਰਵਾਇਆ । 27ਕੀ ਅਸੀਂ ਤੁਹਾਡੀ ਸੁਣ ਕੇ ਐਨੀ ਵੱਡੀ ਬੁਰਿਆਈ ਕਰੀਏ ਕਿ ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਕੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਧੋਖਾ ਕਰੀਏ ? "
28ਅਲਯਾਸ਼ੀਬ ਪ੍ਰਧਾਨ ਜਾਜਕ ਦੇ ਪੁੱਤਰ ਯੋਯਾਦਾਅ ਦਾ ਇੱਕ ਪੁੱਤਰ ਹੋਰੋਨੀ ਸਨਬੱਲਟ ਦਾ ਜਵਾਈ ਸੀ, ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ । 29ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਨੂੰ ਯਾਦ ਰੱਖ ਕਿਉਂਕਿ ਉਨ੍ਹਾਂ ਨੇ ਜਾਜਕਾਈ ਨੂੰ ਅਤੇ ਜਾਜਕਾਂ ਅਤੇ ਲੇਵੀਆਂ ਦੇ ਨੇਮ ਨੂੰ ਅਸ਼ੁੱਧ ਕੀਤਾ ਹੈ ।
30ਇਸ ਤਰ੍ਹਾਂ ਮੈਂ ਉਨ੍ਹਾਂ ਨੂੰ ਸਾਰੀਆਂ ਗੈਰ-ਕੌਮਾਂ ਵਿੱਚੋਂ ਸ਼ੁੱਧ ਕੀਤਾ ਅਤੇ ਹਰ ਇੱਕ ਜਾਜਕ ਅਤੇ ਲੇਵੀ ਲਈ ਉਸ ਦੇ ਕੰਮ ਅਨੁਸਾਰ ਜ਼ਿੰਮੇਵਾਰੀਆਂ ਦਿੱਤੀਆਂ । 31ਫਿਰ ਮੈਂ ਲੱਕੜੀ ਦੀਆਂ ਭੇਟਾਂ ਲਿਆਉਣ ਲਈ ਅਤੇ ਪਹਿਲਾ ਫਲ ਦੇਣ ਲਈ ਸਮਾਂ ਠਹਿਰਾ ਦਿੱਤਾ । ਹੇ ਮੇਰੇ ਪਰਮੇਸ਼ੁਰ, ਭਲਿਆਈ ਲਈ ਮੈਨੂੰ ਯਾਦ ਰੱਖ !