Lamentation

ਯਿਰਮਿਯਾਹ ਦਾ ਵਿਰਲਾਪ

ਭੂਮਿਕਾ

ਵਿਰਲਾਪ ਦੀ ਪੁਸਤਕ ਪੰਜ ਕਵਿਤਾਵਾਂ ਦਾ ਸੰਗ੍ਰਹਿ ਹੈ । ਇਹ ਕਵਿਤਾਵਾਂ 586 ਈ. ਪੂ. ਵਿੱਚ ਯਰੂਸ਼ਲਮ ਦੇ ਵਿਨਾਸ਼ ਅਤੇ ਉਸ ਦੇ ਨਤੀਜੇ ਵੱਜੋਂ ਯਰੂਸ਼ਲਮ ਦੇ ਉਜਾੜ ਹੋ ਜਾਣ ਅਤੇ ਉਸ ਦੇ ਲੋਕਾਂ ਦੇ ਗੁਲਾਮੀ ਵਿੱਚ ਚਲੇ ਜਾਣ ਦੇ ਕਾਰਨ ਵਿਰਲਾਪ ਕਰਨ ਲਈ ਲਿਖੀਆਂ ਗਈਆਂ ਸਨ । ਇਸ ਪੁਸਤਕ ਦਾ ਜ਼ਿਆਦਾਤਰ ਹਿੱਸਾ ਸੋਗ ਕਰਨ ਵਾਲੇ ਚਰਿੱਤਰ ਦਾ ਹੈ, ਫਿਰ ਵੀ ਕਿਤੇ ਨਾ ਕਿਤੇ ਪਰਮੇਸ਼ੁਰ ਉੱਤੇ ਭਰੋਸੇ ਅਤੇ ਭਵਿੱਖ ਦੀ ਆਸ ਦਾ ਸੰਕੇਤ ਵੀ ਪਾਇਆ ਜਾਂਦਾ ਹੈ । ਯਹੂਦੀ ਇਨ੍ਹਾਂ ਕਵਿਤਾਵਾਂ ਦਾ ਪ੍ਰਯੋਗ ਵਰਤ ਅਤੇ ਵਿਰਲਾਪ ਦੇ ਸਲਾਨਾ ਪਰਬਾਂ ਉੱਤੇ ਉਪਾਸਨਾ ਕਰਨ ਲਈ ਕਰਦੇ ਸਨ । ਇਹ ਪਰਬ 586 ਈ. ਪੂ. ਵਿੱਚ ਹੋਏ ਰਾਸ਼ਟਰੀ ਵਿਨਾਸ਼ ਨੂੰ ਯਾਦ ਕਰਨ ਲਈ ਮਨਾਏ ਜਾਂਦੇ ਸਨ ।

ਰੂਪ-ਰੇਖਾ

ਯਰੂਸ਼ਲਮ ਦੇ ਦੁੱਖ 1:1-22

ਯਰੂਸ਼ਲਮ ਦੀ ਸਜ਼ਾ 2:1-22

ਸਜ਼ਾ ਅਤੇ ਆਸ 3:1-66

ਉਜਾੜ ਹੋ ਚੁੱਕਿਆ ਯਰੂਸ਼ਲਮ 4:1-22

ਦਯਾ ਦੇ ਲਈ ਪ੍ਰਾਰਥਨਾ 5:1-22

1

ਯਰੂਸ਼ਲਮ ਦੇ ਦੁੱਖ

1ਹਾਇ ! ਉਹ ਨਗਰੀ ਕਿਵੇਂ ਇਕੱਲੀ ਬੈਠੀ ਹੈ,

ਜਿਹੜੀ ਲੋਕਾਂ ਨਾਲ ਭਰੀ ਹੋਈ ਸੀ !

ਉਹ ਵਿਧਵਾ ਵਾਂਗੂੰ ਹੋ ਗਈ, ਜਿਹੜੀ ਕੌਮਾਂ ਵਿੱਚ ਮਹਾਨ ਸੀ !

ਉਹ ਜੋ ਸੂਬਿਆਂ ਦੀ ਰਾਜਕੁਮਾਰੀ ਸੀ, ਹੁਣ ਲਗਾਨ ਦੇਣ ਵਾਲੀ ਹੋ ਗਈ !

2ਉਹ ਰਾਤ ਨੂੰ ਫੁੱਟ-ਫੁੱਟ ਕੇ ਰੋਂਦੀ ਹੈ,

ਉਹ ਦੇ ਹੰਝੂ ਉਹ ਦੀਆਂ ਗੱਲਾਂ ਉੱਤੇ ਛਲਕਦੇ ਹਨ,

ਉਹ ਦੇ ਸਾਰੇ ਪ੍ਰੇਮੀਆਂ ਵਿੱਚ ਉਹ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ,

ਉਹ ਦੇ ਸਾਰੇ ਮਿੱਤਰਾਂ ਨੇ ਉਹ ਨੂੰ ਧੋਖਾ ਦਿੱਤਾ,

ਉਹ ਉਸ ਦੇ ਵੈਰੀ ਬਣ ਗਏ ਹਨ ।

3ਯਹੂਦਾਹ ਦੁੱਖ ਦੇ ਨਾਲ,

ਅਤੇ ਕਠਿਨ ਸੇਵਾ ਦੇ ਨਾਲ ਗ਼ੁਲਾਮੀ ਵਿੱਚ ਚਲੀ ਗਈ,

ਉਹ ਕੌਮਾਂ ਦੇ ਵਿਚਕਾਰ ਵੱਸਦੀ ਹੈ,

ਪਰ ਉਸ ਨੂੰ ਚੈਨ ਨਹੀਂ ਮਿਲਦਾ ।

ਉਹ ਦੇ ਸਾਰੇ ਪਿੱਛਾ ਕਰਨ ਵਾਲਿਆਂ ਨੇ ਉਸ ਨੂੰ ਦੁੱਖ ਵਿੱਚ ਜਾ ਫੜ੍ਹਿਆ ।

4ਸੀਯੋਨ ਦੇ ਰਾਹ ਸੋਗ ਕਰਦੇ ਹਨ,

ਕਿਉਂ ਜੋ ਠਹਿਰਾਏ ਹੋਏ ਪਰਬਾਂ ਉੱਤੇ ਕੋਈ ਨਹੀਂ ਆਉਂਦਾ,

ਉਹ ਦੇ ਸਾਰੇ ਫਾਟਕ ਵਿਰਾਨ ਹੋ ਗਏ ਹਨ,

ਉਹ ਦੇ ਜਾਜਕ ਹਾਉਕੇ ਭਰਦੇ ਹਨ,

ਉਹ ਦੀਆਂ ਕੁਆਰੀਆਂ ਦੁੱਖੀ ਹਨ,

ਉਹ ਆਪ ਵੀ ਕੁੜੱਤਣ ਵਿੱਚ ਹੈ ।

5ਉਹ ਦੇ ਵਿਰੋਧੀ ਉਹ ਦੇ ਸੁਆਮੀ ਬਣ ਗਏ,

ਉਹ ਦੇ ਵੈਰੀ ਤਰੱਕੀ ਕਰਦੇ ਹਨ,

ਕਿਉਂ ਜੋ ਯਹੋਵਾਹ ਨੇ ਉਹ ਨੂੰ ਉਹ ਦੇ ਬਹੁਤੇ ਅਪਰਾਧਾਂ ਦੇ ਕਾਰਨ ਦੁੱਖ ਦਿੱਤਾ ਹੈ,

ਉਹ ਦੇ ਬੱਚਿਆਂ ਨੂੰ ਵਿਰੋਧੀ ਗ਼ੁਲਾਮੀ ਵਿੱਚ ਲੈ ਗਏ ।

6ਸੀਯੋਨ ਦੀ ਧੀ ਦੀ ਸਾਰੀ ਸ਼ੋਭਾ ਜਾਂਦੀ ਰਹੀ,

ਉਹ ਦੇ ਹਾਕਮ ਉਨ੍ਹਾਂ ਹਿਰਨੀਆਂ ਵਾਂਗੂੰ ਹੋ ਗਏ, ਜਿਨ੍ਹਾਂ ਨੂੰ ਚਾਰਗਾਹ ਨਹੀਂ ਲੱਭਦੀ,

ਉਹ ਪਿੱਛਾ ਕਰਨ ਵਾਲਿਆਂ ਦੇ ਸਾਹਮਣਿਓਂ ਨਿਰਬਲ ਹੋ ਕੇ ਭੱਜਦੇ ਹਨ ।

7ਯਰੂਸ਼ਲਮ ਨੇ ਆਪਣੇ ਦੁੱਖ ਅਤੇ ਕਲੇਸ਼ ਦੇ ਦਿਨਾਂ ਵਿੱਚ,

ਪੁਰਾਣੇ ਸਮਿਆਂ ਦੇ ਆਪਣੇ ਸਾਰੇ ਮਨਭਾਉਣੇ ਪਦਾਰਥਾਂ ਨੂੰ ਯਾਦ ਕੀਤਾ,

ਜਦ ਉਹ ਦੇ ਲੋਕ ਵਿਰੋਧੀ ਦੇ ਹੱਥ ਵਿੱਚ ਪਏ,

ਅਤੇ ਉਹ ਦਾ ਸਹਾਇਕ ਕੋਈ ਨਾ ਬਣਿਆ ।

ਉਹ ਦੇ ਵਿਰੋਧੀਆਂ ਨੇ ਉਹ ਨੂੰ ਵੇਖਿਆ,

ਅਤੇ ਉਹ ਦੀ ਬਰਬਾਦੀ ਦਾ ਮਖੌਲ ਉਡਾਇਆ ।

8ਯਰੂਸ਼ਲਮ ਨੇ ਵੱਡਾ ਪਾਪ ਕੀਤਾ,

ਇਸ ਲਈ ਉਹ ਅਸ਼ੁੱਧ ਹੋ ਗਈ,

ਸਾਰੇ ਜਿਹੜੇ ਉਹ ਦਾ ਆਦਰ ਕਰਦੇ ਸਨ ਉਹ ਉਸ ਦਾ ਨਿਰਾਦਰ ਕਰਦੇ ਹਨ,

ਕਿਉਂ ਜੋ ਉਨ੍ਹਾਂ ਨੇ ਉਸ ਦਾ ਨੰਗੇਜ਼ ਵੇਖਿਆ,

ਹਾਂ, ਉਹ ਹਾਉਕੇ ਭਰਦੀ ਅਤੇ ਮੂੰਹ ਫੇਰ ਲੈਂਦੀ ਹੈ ।

9ਉਹ ਦੀ ਅਸ਼ੁੱਧਤਾ ਉਹ ਦੇ ਪੱਲੇ ਉੱਤੇ ਹੈ,

ਉਸ ਨੇ ਆਪਣੇ ਅੰਤ ਨੂੰ ਯਾਦ ਨਾ ਰੱਖਿਆ,

ਇਸ ਲਈ ਉਹ ਭਿਆਨਕ ਤਰੀਕੇ ਨਾਲ ਗਿਰਾਈ ਗਈ,

ਉਹ ਨੂੰ ਤੱਸਲੀ ਦੇਣ ਵਾਲਾ ਕੋਈ ਨਹੀਂ ।

ਹੇ ਯਹੋਵਾਹ, ਮੇਰੇ ਦੁੱਖ ਨੂੰ ਵੇਖ !

ਕਿਉਂ ਜੋ ਵੈਰੀ ਮੇਰੇ ਵਿਰੁੱਧ ਸਫ਼ਲ ਹੋਇਆ ਹੈ ।

10ਵਿਰੋਧੀ ਨੇ ਆਪਣਾ ਹੱਥ ਉਸ ਦੀਆਂ ਮਨਭਾਉਣੀਆਂ ਵਸਤਾਂ ਉੱਤੇ ਵਧਾਇਆ ਹੈ,

ਉਹ ਨੇ ਵੇਖਿਆ ਹੈ ਕਿ ਪਰਾਈਆਂ ਕੌਮਾਂ ਉਹ ਦੇ ਪਵਿੱਤਰ ਸਥਾਨ ਵਿੱਚ ਵੜੀਆਂ ਹਨ,

ਜਿਨ੍ਹਾਂ ਲਈ ਤੂੰ ਹੁਕਮ ਦਿੱਤਾ ਸੀ ਕਿ ਉਹ ਤੇਰੀ ਸਭਾ ਵਿੱਚ ਨਾ ਵੜਨ ।

11ਉਹ ਦੇ ਸਾਰੇ ਲੋਕ ਹਾਉਕੇ ਭਰਦੇ ਹਨ,

ਉਹ ਰੋਟੀ ਭਾਲਦੇ ਹਨ,

ਉਹਨਾਂ ਨੇ ਆਪਣੀਆਂ ਮਨਭਾਉਣੀਆਂ ਵਸਤਾਂ ਵੇਚ ਕੇ ਭੋਜਨ ਮੁੱਲ ਲਿਆ ਹੈ, ਤਾਂ ਜੋ ਉਹਨਾਂ ਦੀ ਜਾਨ ਵਿੱਚ ਜਾਨ ਆਵੇ ।

ਹੇ ਯਹੋਵਾਹ, ਵੇਖ ਅਤੇ ਧਿਆਨ ਦੇ, ਕਿਉਂ ਜੋ ਮੈਂ ਤੁੱਛ ਹੋ ਗਈ ਹਾਂ !

12ਹੇ ਸਾਰੇ ਲੰਘਣ ਵਾਲਿਓ ! ਕੀ ਇਹ ਤੁਹਾਡੇ ਲਈ ਕੁਝ ਨਹੀਂ ਹੈ ?

ਧਿਆਨ ਦਿਓ ਅਤੇ ਵੇਖੋ, ਕੀ ਮੇਰੇ ਦੁੱਖ ਵਰਗਾ ਕੋਈ ਹੋਰ ਦੁੱਖ ਹੈ ਜੋ ਮੇਰੇ ਉੱਤੇ ਆਣ ਪਿਆ ਹੈ,

ਜਿਸ ਨੂੰ ਯਹੋਵਾਹ ਨੇ ਆਪਣੇ ਭੜਕਦੇ ਕ੍ਰੋਧ ਦੇ ਦਿਨ ਮੇਰੇ ਉੱਤੇ ਪਾਇਆ ਹੈ ?

13ਉਚਿਆਈ ਤੋਂ ਉਸ ਨੇ ਮੇਰੀਆਂ ਹੱਡੀਆਂ ਵਿੱਚ ਅੱਗ ਘੱਲੀ ਹੈ,

ਅਤੇ ਉਸ ਨਾਲ ਉਹ ਭਸਮ ਹੋ ਗਈਆਂ,

ਉਸ ਨੇ ਮੇਰੇ ਪੈਰਾਂ ਲਈ ਇੱਕ ਜਾਲ ਵਿਛਾਇਆ,

ਉਸ ਨੇ ਮੈਨੂੰ ਪਿੱਛੇ ਮੋੜ ਦਿੱਤਾ,

ਉਸ ਨੇ ਮੈਨੂੰ ਵਿਰਾਨ ਕਰ ਦਿੱਤਾ ਅਤੇ ਮੈਂ ਸਾਰਾ ਦਿਨ ਰੋਗ ਨਾਲ ਨਿਰਬਲ ਰਹਿੰਦੀ ਹਾਂ ।

14ਜੂਲੇ ਦੀਆਂ ਰੱਸੀਆਂ ਦੀ ਤਰ੍ਹਾਂ ਉਸਨੇ ਮੇਰੇ ਅਪਰਾਧਾਂ ਨੂੰ ਆਪਣੇ ਹੱਥ ਨਾਲ ਬੰਨਿਆ ਹੈ,

ਅਤੇ ਉਨ੍ਹਾਂ ਨੂੰ ਵੱਟ ਕੇ ਮੇਰੀ ਗਰਦਨ ਉੱਤੇ ਚੜ੍ਹਾਇਆ ਹੈ,

ਉਸ ਨੇ ਮੇਰਾ ਬਲ ਘਟਾ ਦਿੱਤਾ ਹੈ,

ਪ੍ਰਭੂ ਨੇ ਮੈਨੂੰ ਉਨ੍ਹਾਂ ਦੇ ਹੱਥ ਵਿੱਚ ਦੇ ਦਿੱਤਾ,

ਜਿਨ੍ਹਾਂ ਦੇ ਅੱਗੇ ਮੈਂ ਖੜ੍ਹੀ ਵੀ ਨਹੀਂ ਰਹਿ ਸਕਦੀ ।

15ਪ੍ਰਭੂ ਨੇ ਮੇਰੇ ਸਾਰੇ ਸੂਰਮਿਆਂ ਨੂੰ ਤੁੱਛ ਜਾਣਿਆ ਹੈ,

ਉਸ ਨੇ ਮੇਰੇ ਵਿਰੁੱਧ ਇੱਕ ਮੰਡਲੀ ਨੂੰ ਬੁਲਾਇਆ ਕਿ ਮੇਰੇ ਜੁਆਨਾਂ ਨੂੰ ਕੁਚਲ ਦੇਵੇ ।

ਪ੍ਰਭੂ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਜਾਣੋ ਚੁਬੱਚੇ ਵਿੱਚ ਮਿੱਧਿਆ ਹੈ ।

16ਇਹਨਾਂ ਗੱਲਾਂ ਦੇ ਕਾਰਨ ਮੈਂ ਰੋਂਦੀ ਹਾਂ,

ਮੇਰੀਆਂ ਅੱਖੀਆਂ ਤੋਂ ਪਾਣੀ ਵਗਦਾ ਹੈ,

ਕਿਉਂ ਜੋ ਮੇਰਾ ਤੱਸਲੀ ਦੇਣ ਵਾਲਾ ਮੈਥੋਂ ਦੂਰ ਹੈ, ਜਿਹੜਾ ਮੇਰੀ ਜਾਨ ਨੂੰ ਤਾਜ਼ਗੀ ਦਿੰਦਾ ਹੈ ।

ਮੇਰੇ ਬੱਚੇ ਵਿਰਾਨ ਹੋ ਗਏ ਹਨ,

ਕਿਉਂ ਜੋ ਵੈਰੀ ਪਰਬਲ ਹੋ ਗਿਆ ।

17ਸੀਯੋਨ ਨੇ ਆਪਣੇ ਹੱਥ ਫੈਲਾਏ,

ਪਰ ਉਸ ਨੂੰ ਤਸੱਲੀ ਦੇਣ ਵਾਲਾ ਕੋਈ ਨਹੀਂ,

ਯਹੋਵਾਹ ਨੇ ਯਾਕੂਬ ਲਈ ਹੁਕਮ ਦਿੱਤਾ ਹੈ

ਕਿ ਜੋ ਉਸ ਦੇ ਆਲੇ-ਦੁਆਲੇ ਹਨ ਉਹ ਉਸ ਦੇ ਵਿਰੋਧੀ ਹੋ ਜਾਣ,

ਯਰੂਸ਼ਲਮ ਉਹਨਾਂ ਦੇ ਵਿਚਕਾਰ ਅਸ਼ੁੱਧ ਇਸਤਰੀ ਵਾਂਗੂੰ ਹੋ ਗਈ ਹੈ ।

18ਯਹੋਵਾਹ ਧਰਮੀ ਹੈ ਕਿਉਂ ਜੋ ਮੈਂ ਉਸ ਦੇ ਹੁਕਮਾਂ ਦਾ ਵਿਰੋਧ ਕੀਤਾ,

ਹੇ ਸਾਰੇ ਲੋਕੋ, ਸੁਣੋ, ਅਤੇ ਮੇਰੇ ਦੁੱਖ ਨੂੰ ਵੇਖੋ,

ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਗ਼ੁਲਾਮੀ ਵਿੱਚ ਚਲੇ ਗਏ ।

19ਮੈਂ ਆਪਣੇ ਪ੍ਰੇਮੀਆਂ ਨੂੰ ਬੁਲਾਇਆ,

ਪਰ ਉਹਨਾਂ ਨੇ ਮੈਨੂੰ ਧੋਖਾ ਦਿੱਤਾ,

ਜਦ ਮੇਰੇ ਜਾਜਕ ਅਤੇ ਮੇਰੇ ਬਜ਼ੁਰਗ ਭੋਜਨ ਲੱਭਦੇ ਸਨ,

ਤਾਂ ਜੋ ਉਨ੍ਹਾਂ ਦੀ ਜਾਨ ਵਿੱਚ ਤਾਜ਼ਗੀ ਆਵੇ,

ਤਦ ਸ਼ਹਿਰ ਵਿੱਚ ਹੀ ਉਨ੍ਹਾਂ ਨੇ ਪ੍ਰਾਣ ਛੱਡ ਦਿੱਤੇ ।

20ਹੇ ਯਹੋਵਾਹ, ਵੇਖ, ਕਿਉਂ ਜੋ ਮੈਂ ਦੁੱਖੀ ਹਾਂ !

ਮੇਰਾ ਦਿਲ ਬੇਚੈਨ ਹੈ,

ਅਤੇ ਮੇਰਾ ਜੀਅ ਮੇਰੇ ਅੰਦਰ ਘਬਰਾਉਂਦਾ ਹੈ,

ਕਿਉਂ ਜੋ ਮੈਂ ਵੱਡੀ ਬਗਾਵਤ ਕੀਤੀ ਹੈ !

ਬਾਹਰ ਤਲਵਾਰ ਮੈਨੂੰ ਵੰਸ਼ਹੀਨ ਬਣਾਉਂਦੀ ਹੈ,

ਅਤੇ ਘਰ ਵਿੱਚ, ਜਾਣੋ, ਮੌਤ ਦਾ ਵਾਸ ਹੈ !

21ਉਨ੍ਹਾਂ ਨੇ ਸੁਣਿਆ ਹੈ ਕਿ ਮੈਂ ਹਾਉਕੇ ਭਰਦੀ ਹਾਂ,

ਪਰ ਮੈਨੂੰ ਤੱਸਲੀ ਦੇਣ ਵਾਲਾ ਕੋਈ ਨਹੀਂ ।

ਮੇਰੇ ਸਾਰੇ ਵੈਰੀਆਂ ਨੇ ਮੇਰੀ ਬਿਪਤਾ ਦੀ ਖ਼ਬਰ ਸੁਣੀ ਹੈ,

ਉਹ ਖੁਸ਼ ਹਨ ਕਿ ਤੂੰ ਇਹ ਕੀਤਾ ਹੈ ।

ਪਰ ਤੂੰ ਉਹ ਦਿਨ ਲਿਆ ਜਿਸ ਦਾ ਤੂੰ ਪ੍ਰਚਾਰ ਕੀਤਾ ਹੈ,

ਤਦ ਉਹ ਵੀ ਮੇਰੇ ਵਰਗੇ ਹੋ ਜਾਣਗੇ ।

22ਉਨ੍ਹਾਂ ਦੀ ਸਾਰੀ ਬੁਰਿਆਈ ਤੇਰੇ ਸਾਹਮਣੇ ਆਵੇ,

ਉਨ੍ਹਾਂ ਨਾਲ ਉਸੇ ਤਰ੍ਹਾਂ ਹੀ ਕਰ ਜਿਵੇਂ ਤੂੰ ਮੇਰੇ ਨਾਲ ਮੇਰੇ ਸਾਰੇ ਅਪਰਾਧਾਂ ਦੇ ਕਾਰਨ ਕੀਤਾ ਹੈ,

ਕਿਉਂ ਜੋ ਮੈਂ ਬਹੁਤ ਹਾਉਕੇ ਭਰਦੀ ਹਾਂ,

ਅਤੇ ਮੇਰਾ ਦਿਲ ਨਿਰਬਲ ਹੋ ਗਿਆ ਹੈ ।

2

ਯਰੂਸ਼ਲਮ ਨੂੰ ਪਰਮੇਸ਼ੁਰ ਦੀ ਸਜ਼ਾ

1ਯਹੋਵਾਹ ਨੇ ਕਿਵੇਂ ਸੀਯੋਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢੱਕ ਲਿਆ ਹੈ !

ਉਸ ਨੇ ਇਸਰਾਏਲ ਦੀ ਸ਼ੋਭਾ ਨੂੰ ਅਕਾਸ਼ ਤੋਂ ਧਰਤੀ ਉੱਤੇ ਪਟਕ ਦਿੱਤਾ ਹੈ,

ਅਤੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰਾਂ ਦੀ ਚੌਂਕੀ ਨੂੰ ਯਾਦ ਨਾ ਕੀਤਾ ।

2ਯਹੋਵਾਹ ਨੇ ਯਾਕੂਬ ਦੀਆਂ ਸਾਰੀਆਂ ਬਸਤੀਆਂ ਨੂੰ ਬੇਤਰਸ ਹੋ ਕੇ ਨਿਗਲ ਲਿਆ,

ਉਸ ਨੇ ਆਪਣੇ ਕ੍ਰੋਧ ਵਿੱਚ ਯਹੂਦਾਹ ਦੀ ਧੀ ਦੇ ਗੜ੍ਹ ਢਾਹ ਕੇ ਮਿੱਟੀ ਵਿੱਚ ਰਲਾ ਦਿੱਤੇ,

ਉਸ ਨੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਇਆ ਹੈ ।

3ਉਸ ਨੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਇਸਰਾਏਲ ਦੇ ਹਰੇਕ ਸਿੰਗ ਨੂੰ ਵੱਢ ਸੁੱਟਿਆ ਹੈ,

ਉਸ ਨੇ ਵੈਰੀ ਦੇ ਸਾਹਮਣੇ ਉਹਨਾਂ ਦੀ ਸਹਾਇਤਾ ਕਰਨ ਤੋਂ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ,

ਉਸ ਨੇ ਚਾਰ-ਚੁਫ਼ੇਰੇ ਭੜਕਦੀ ਹੋਈ ਅੱਗ ਦੀ ਤਰ੍ਹਾਂ ਯਾਕੂਬ ਨੂੰ ਸਾੜ ਦਿੱਤਾ ਹੈ ।

4ਉਸ ਨੇ ਵੈਰੀ ਦੀ ਤਰ੍ਹਾਂ ਆਪਣਾ ਧਣੁੱਖ ਖਿੱਚਿਆ,

ਅਤੇ ਵਿਰੋਧੀ ਦੀ ਤਰ੍ਹਾਂ ਆਪਣਾ ਸੱਜਾ ਹੱਥ ਚੁੱਕਿਆ ਹੈ,

ਜਿੰਨੇ ਵੇਖਣ ਵਿੱਚ ਮਨਭਾਉਣੇ ਸਨ, ਉਨ੍ਹਾਂ ਸਾਰਿਆਂ ਨੂੰ ਉਸ ਨੇ ਵੱਢ ਸੁੱਟਿਆ ਹੈ,

ਸੀਯੋਨ ਦੀ ਧੀ ਦੇ ਤੰਬੂ ਵਿੱਚ ਉਸ ਨੇ ਅੱਗ ਵਾਂਗੂੰ ਆਪਣੇ ਗੁੱਸੇ ਨੂੰ ਵਹਾਇਆ ਹੈ ।

5ਯਹੋਵਾਹ ਵੈਰੀ ਵਾਂਗਰ ਹੋ ਗਿਆ,

ਉਸ ਨੇ ਇਸਰਾਏਲ ਨੂੰ ਨਿਗਲ ਲਿਆ,

ਉਸ ਨੇ ਉਹ ਦੇ ਸਾਰੇ ਮਹਿਲਾਂ ਨੂੰ ਨਿਗਲ ਲਿਆ,

ਅਤੇ ਉਹ ਦੇ ਗੜ੍ਹਾਂ ਨੂੰ ਢਾਹ ਸੁੱਟਿਆ ਹੈ,

ਉਸ ਨੇ ਯਹੂਦਾਹ ਦੀ ਧੀ ਦਾ ਰੋਣਾ ਪਿੱਟਣਾ ਬਹੁਤ ਵਧਾਇਆ ਹੈ ।

6ਉਸ ਨੇ ਆਪਣੇ ਤੰਬੂ ਨੂੰ ਬਾਗ਼ ਦੀ ਮਚਾਨ ਵਾਂਗੂੰ ਢਾਹ ਸੁੱਟਿਆ,

ਉਸ ਨੇ ਆਪਣੀ ਮੰਡਲੀ ਦੇ ਸਥਾਨ ਨੂੰ ਬਰਬਾਦ ਕਰ ਦਿੱਤਾ,

ਯਹੋਵਾਹ ਨੇ ਸੀਯੋਨ ਵਿੱਚ ਠਹਿਰਾਏ ਹੋਏ ਪਰਬਾਂ ਅਤੇ ਸਬਤ ਨੂੰ ਵਿਸਾਰ ਦਿੱਤਾ,

ਅਤੇ ਆਪਣੇ ਭੜਕਦੇ ਹੋਏ ਕ੍ਰੋਧ ਵਿੱਚ ਰਾਜਾ ਅਤੇ ਜਾਜਕ ਨੂੰ ਤੁੱਛ ਜਾਣਿਆ ।

7ਯਹੋਵਾਹ ਨੇ ਆਪਣੀ ਜਗਵੇਦੀ ਨੂੰ ਤਿਆਗ ਦਿੱਤਾ,

ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਘਿਰਣਾ ਕਰਕੇ ਛੱਡ ਦਿੱਤਾ,

ਉਸ ਨੇ ਉਹ ਦੇ ਮਹਿਲਾਂ ਦੀਆਂ ਕੰਧਾਂ ਨੂੰ ਵੈਰੀਆਂ ਦੇ ਹੱਥ ਕਰ ਦਿੱਤਾ,

ਉਹਨਾਂ ਨੇ ਯਹੋਵਾਹ ਦੇ ਭਵਨ ਵਿੱਚ ਅਜਿਹਾ ਰੌਲਾ ਪਾਇਆ,

ਜਿਵੇਂ ਪਰਬ ਦੇ ਦਿਨ ਵਿੱਚ ਹੁੰਦਾ ਹੈ !

8ਯਹੋਵਾਹ ਨੇ ਸੀਯੋਨ ਦੀ ਧੀ ਦੀ ਸ਼ਹਿਰਪਨਾਹ ਨੂੰ ਢਾਹੁਣਾ ਠਾਣ ਲਿਆ,

ਉਸ ਨੇ ਮਾਪ ਦੀ ਡੋਰੀ ਖਿੱਚੀ,

ਉਸ ਨੇ ਆਪਣਾ ਹੱਥ ਨਾਸ ਕਰਨ ਤੋਂ ਨਾ ਹਟਾਇਆ,

ਉਸ ਨੇ ਕਿਲ੍ਹੇ ਅਤੇ ਸ਼ਹਿਰਪਨਾਹ ਦੋਵਾਂ ਤੋਂ ਵਿਰਲਾਪ ਕਰਾਇਆ,

ਉਹ ਦੋਵੇਂ ਇੱਕਠੇ ਬਰਬਾਦ ਹੋ ਗਏ ।

9ਉਹ ਦੇ ਫਾਟਕ ਧਰਤੀ ਵਿੱਚ ਧੱਸ ਗਏ ਹਨ,

ਉਸ ਨੇ ਉਹ ਦੇ ਅਰਲਾਂ ਨੂੰ ਤੋੜ ਕੇ ਨਾਸ ਕੀਤਾ,

ਉਹ ਦਾ ਰਾਜਾ ਅਤੇ ਹਾਕਮ ਉਨ੍ਹਾਂ ਕੌਮਾਂ ਵਿੱਚ ਹਨ, ਜਿੱਥੇ ਕੋਈ ਬਿਵਸਥਾ ਨਹੀਂ ਹੈ,

ਉਹ ਦੇ ਨਬੀ ਯਹੋਵਾਹ ਤੋਂ ਦਰਸ਼ਨ ਨਹੀਂ ਪਾਉਂਦੇ ।

10ਸੀਯੋਨ ਦੀ ਧੀ ਦੇ ਬਜ਼ੁਰਗ ਜ਼ਮੀਨ ਉੱਤੇ ਚੁੱਪ-ਚਾਪ ਬੈਠੇ ਹਨ,

ਉਹਨਾਂ ਨੇ ਆਪਣੇ ਸਿਰਾਂ ਵਿੱਚ ਮਿੱਟੀ ਪਾਈ ਹੈ,

ਉਹਨਾਂ ਨੇ ਤੱਪੜ ਪਾ ਲਿਆ ਹੈ ।

ਯਰੂਸ਼ਲਮ ਦੀਆਂ ਕੁਆਰੀਆਂ ਨੇ ਆਪਣੇ ਸਿਰਾਂ ਨੂੰ ਧਰਤੀ ਤੱਕ ਝੁਕਾਇਆ ਹੈ ।

11ਮੇਰੀਆਂ ਅੱਖਾਂ ਰੋ-ਰੋ ਕੇ ਧੁੰਦਲੀਆਂ ਹੋ ਗਈਆਂ ਹਨ,

ਮੇਰਾ ਦਿਲ ਬੇਚੈਨ ਹੈ,

ਮੇਰੇ ਲੋਕਾਂ ਦੀ ਧੀ ਦੀ ਬਰਬਾਦੀ ਦੇ ਕਾਰਨ,

ਮੇਰਾ ਕਾਲਜਾ ਫੱਟ ਗਿਆ ਹੈ,

ਕਿਉਂਕਿ ਨਿਆਣੇ ਅਤੇ ਦੁੱਧ ਚੁੰਘਦੇ ਬੱਚੇ ਸ਼ਹਿਰ ਦੀਆਂ ਗਲੀਆਂ ਵਿੱਚ ਬੇਸੁਰਤ ਪਏ ਹਨ ।

12ਉਹ ਆਪਣੀਆਂ ਮਾਵਾਂ ਨੂੰ ਰੋ-ਰੋ ਕੇ ਪੁੱਛਦੇ ਹਨ,

ਅੰਨ ਅਤੇ ਦਾਖਰਸ ਕਿੱਥੇ ਹਨ ?

ਉਹ ਸ਼ਹਿਰ ਦੀਆਂ ਗਲੀਆਂ ਵਿੱਚ ਜ਼ਖਮੀ ਮਨੁੱਖ ਵਾਗੂੰ ਬੇਸੁਰਤ ਹੋ ਕੇ,

ਆਪਣੀਆਂ ਮਾਵਾਂ ਦੀ ਗੋਦ ਵਿੱਚ ਆਪਣਾ ਪ੍ਰਾਣ ਛੱਡ ਦਿੰਦੇ ਹਨ ।

13ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ,

ਅਤੇ ਤੈਨੂੰ ਕਿਹ ਦੇ ਵਰਗੀ ਠਹਿਰਾਵਾਂ ?

ਹੇ ਸੀਯੋਨ ਦੀਏ ਕੁਆਰੀਏ ਧੀਏ ! ਮੈਂ ਕਿਹ ਦੇ ਨਾਲ ਤੇਰੀ ਤੁਲਨਾ ਕਰਾਂ

ਤਾਂ ਜੋ ਮੈਂ ਤੈਨੂੰ ਤੱਸਲੀ ਦਿਆਂ ?

ਕਿਉਂ ਜੋ ਤੇਰਾ ਜ਼ਖਮ ਸਾਗਰ ਵਾਂਗੂੰ ਵੱਡਾ ਹੈ,

ਕੌਣ ਤੈਨੂੰ ਚੰਗਾ ਕਰ ਸਕੇਗਾ ?

14ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਤੇ ਵਿਅਰਥ ਦਰਸ਼ਨ ਵੇਖੇ,

ਉਹਨਾਂ ਨੇ ਤੇਰੇ ਅਪਰਾਧਾਂ ਨੂੰ ਪਰਗਟ ਨਾ ਕੀਤਾ,

ਤਾਂ ਜੋ ਤੇਰੀ ਗ਼ੁਲਾਮੀ ਨੂੰ ਰੋਕ ਦਿੰਦੇ,

ਪਰ ਉਹਨਾਂ ਨੇ ਤੇਰੇ ਲਈ ਵਿਅਰਥ ਤੇ ਭਰਮਾਉਣ ਵਾਲੇ ਅੰਗਮ ਵਾਕ ਬੋਲੇ,

15ਸਭ ਲੰਘਣ ਵਾਲੇ ਤੇਰੇ ਉੱਤੇ ਤਾਲੀਆਂ ਵਜਾਉਂਦੇ ਹਨ,

ਉਹ ਯਰੂਸ਼ਲਮ ਦੀ ਧੀ ਦੇ ਉੱਤੇ, ਨੱਕ ਚੜ੍ਹਾਉਂਦੇ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ,

ਕੀ ਇਹ ਉਹੋ ਸ਼ਹਿਰ ਹੈ ਜਿਸ ਨੂੰ ਉਹ ਇਹ ਨਾਮ ਦਿੰਦੇ ਸਨ, "ਸੁੰਦਰਤਾ ਵਿੱਚ ਸਿੱਧ, ਸਾਰੇ ਸੰਸਾਰ ਦਾ ਅਨੰਦ ? "

16ਤੇਰੇ ਸਾਰੇ ਵੈਰੀਆਂ ਨੇ ਤੇਰੇ ਵਿਰੁੱਧ ਆਪਣਾ ਮੂੰਹ ਅੱਡਿਆ ਹੈ,

ਉਹ ਖਿੱਲ੍ਹੀ ਉਡਾਉਂਦੇ ਅਤੇ ਦੰਦ ਪੀਂਹਦੇ ਹਨ,

ਉਹ ਆਖਦੇ ਹਨ, ਅਸੀਂ ਉਹ ਨੂੰ ਨਿਗਲ ਲਿਆ ਹੈ,

ਅਸੀਂ ਇਸੇ ਹੀ ਦਿਨ ਨੂੰ ਤਾਂ ਉਡੀਕਦੇ ਸੀ,

ਇਹ ਸਾਨੂੰ ਲੱਭ ਗਿਆ, ਅਸੀਂ ਇਸ ਨੂੰ ਵੇਖ ਲਿਆ ਹੈ !

17ਯਹੋਵਾਹ ਨੇ ਉਹੋ ਕੀਤਾ, ਜੋ ਉਸ ਨੇ ਠਾਣਿਆ ਸੀ,

ਉਸ ਨੇ ਆਪਣੇ ਬਚਨ ਨੂੰ ਪੂਰਾ ਕੀਤਾ, ਜਿਸ ਦਾ ਹੁਕਮ ਉਸ ਨੇ ਬੀਤੇ ਸਮਿਆਂ ਵਿੱਚ ਦਿੱਤਾ ਸੀ ।

ਉਸ ਨੇ ਤੈਨੂੰ ਢਾਹ ਦਿੱਤਾ ਅਤੇ ਤਰਸ ਨਾ ਖਾਧਾ,

ਉਸ ਨੇ ਤੇਰੇ ਵੈਰੀਆਂ ਨੂੰ ਤੇਰੇ ਉੱਤੇ ਅਨੰਦ ਕਰਾਇਆ,

ਉਸ ਨੇ ਤੇਰੇ ਵਿਰੋਧੀਆਂ ਦੇ ਸਿੰਗ ਨੂੰ ਉੱਚਾ ਕੀਤਾ ਹੈ ।

18ਉਨ੍ਹਾਂ ਨੇ ਦਿਲ ਤੋਂ ਪ੍ਰਭੂ ਦੇ ਅੱਗੇ ਦੁਹਾਈ ਦਿੱਤੀ,

ਹੇ ਸੀਯੋਨ ਦੀ ਧੀ ਦੀਏ ਕੰਧੇ,

ਦਿਨ ਰਾਤ ਤੇਰੇ ਹੰਝੂ ਨਦੀ ਦੀ ਤਰ੍ਹਾਂ ਵਗਦੇ ਰਹਿਣ !

ਤੂੰ ਅਰਾਮ ਨਾ ਕਰ, ਆਪਣੀਆਂ ਅੱਖਾਂ ਦੀ ਪੁਤਲੀ ਨੂੰ ਚੈਨ ਨਾ ਲੈਣ ਦੇ ।

19ਉੱਠ ! ਰਾਤ ਦੇ ਹਰੇਕ ਪਹਿਰ ਦੇ ਅਰੰਭ ਵਿੱਚ ਚਿੱਲਾ !

ਆਪਣਾ ਦਿਲ ਪ੍ਰਭੂ ਦੇ ਸਨਮੁਖ ਪਾਣੀ ਵਾਂਗੂੰ ਡੋਲ੍ਹ ਦੇ,

ਆਪਣੇ ਬੱਚਿਆਂ ਦੀ ਜਾਨ ਦੀ ਖ਼ਾਤਰ ਉਸ ਦੀ ਵੱਲ ਆਪਣੇ ਹੱਥਾਂ ਨੂੰ ਫੈਲਾ,

ਜਿਹੜੇ ਭੁੱਖ ਦੇ ਮਾਰੇ ਸਾਰੀਆਂ ਗਲੀਆਂ ਦੇ ਸਿਰੇ ਉੱਤੇ ਬੇਸੁਰਤ ਪਏ ਹਨ ।

20ਹੇ ਯਹੋਵਾਹ, ਵੇਖ ! ਅਤੇ ਧਿਆਨ ਦੇ ਕਿ ਤੂੰ ਅਜਿਹਾ ਦੁੱਖ ਕਿਸਨੂੰ ਦਿੱਤਾ ਹੈ ?

ਕੀ ਇਸਤਰੀਆਂ ਆਪਣਾ ਫਲ ਅਰਥਾਤ ਆਪਣੇ ਲਾਡਲੇ ਬੱਚਿਆਂ ਨੂੰ ਖਾਣ ?

ਹੇ ਪ੍ਰਭੂ ! ਕੀ ਜਾਜਕ ਅਤੇ ਨਬੀ ਤੇਰੇ ਪਵਿੱਤਰ ਸਥਾਨ ਵਿੱਚ ਵੱਢੇ ਜਾਣ ?

21ਜੁਆਨ ਅਤੇ ਬੁੱਢੇ ਗਲੀਆਂ ਵਿੱਚ ਜ਼ਮੀਨ ਉੱਤੇ ਪਏ ਹਨ,

ਮੇਰੀਆਂ ਕੁਆਰੀਆਂ ਅਤੇ ਮੇਰੇ ਜੁਆਨ ਤਲਵਾਰ ਨਾਲ ਡਿੱਗ ਪਏ ।

ਤੂੰ ਉਹਨਾਂ ਨੂੰ ਆਪਣੇ ਕ੍ਰੋਧ ਦੇ ਦਿਨ ਵਿੱਚ ਘਾਤ ਕੀਤਾ,

ਤੂੰ ਉਹਨਾਂ ਨੂੰ ਵੱਢ ਸੁੱਟਿਆ ਅਤੇ ਤਰਸ ਨਾ ਖਾਧਾ !

22ਤੂੰ ਮੇਰੇ ਭੈ ਦੇ ਕਾਰਨਾਂ ਨੂੰ, ਪਰਬ ਦੇ ਦਿਨ ਦੇ ਸਮਾਨ ਆਲੇ-ਦੁਆਲੇ ਤੋਂ ਬੁਲਾਇਆ ਹੈ,

ਅਤੇ ਯਹੋਵਾਹ ਦੇ ਕ੍ਰੋਧ ਦੇ ਦਿਨ ਵਿੱਚ ਨਾ ਤਾਂ ਕੋਈ ਬੱਚ ਸਕਿਆ ਤੇ ਨਾ ਕੋਈ ਬਾਕੀ ਰਿਹਾ,

ਜਿਨ੍ਹਾਂ ਨੂੰ ਮੈਂ ਪਾਲਿਆ ਪੋਸਿਆ, ਉਹਨਾਂ ਨੂੰ ਮੇਰੇ ਵੈਰੀਆਂ ਨੇ ਮਾਰ ਕੇ ਮੁਕਾ ਦਿੱਤਾ ਹੈ ।

3

ਸਜ਼ਾ, ਤੋਬਾ ਅਤੇ ਆਸ

1ਮੈਂ ਉਹ ਮਨੁੱਖ ਹਾਂ ਜਿਸ ਨੇ ਉਸ ਦੇ ਕ੍ਰੋਧ ਦੇ ਡੰਡੇ ਨਾਲ ਕਸ਼ਟ ਭੋਗਿਆ ਹੈ,

2ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈਨੂੰ ਚਾਨਣ ਵਿੱਚ ਨਹੀਂ ਸਗੋਂ ਹਨੇਰੇ ਵਿੱਚ ਚਲਾਇਆ ।

3ਸੱਚ-ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ !

4ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ,

ਉਸ ਨੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ ।

5ਉਸ ਨੇ ਮੇਰੇ ਵਿਰੁੱਧ ਕਿਲ੍ਹਾ ਬਣਾਇਆ,

ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ ।

6ਉਸ ਨੇ ਮੈਨੂੰ ਲੰਬੇ ਸਮੇਂ ਤੋਂ ਮਰ ਚੁੱਕੇ ਲੋਕਾਂ ਵਾਂਗੂੰ

ਹਨੇਰੇ ਸਥਾਨਾਂ ਵਿੱਚ ਵਸਾਇਆ ਹੈ ।

7ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਹੀਂ ਨਿੱਕਲ ਸਕਦਾ,

ਉਸ ਨੇ ਮੇਰੀਆਂ ਸੰਗਲਾਂ ਭਾਰੀਆਂ ਕਰ ਦਿੱਤੀਆਂ ਹਨ ।

8ਹਾਂ, ਜਦ ਮੈਂ ਦੁਹਾਈ ਦਿੰਦਾ ਅਤੇ ਚਿੱਲਾਉਂਦਾ ਹਾਂ,

ਉਹ ਮੇਰੀ ਪ੍ਰਾਰਥਨਾ ਨਹੀਂ ਸੁਣਦਾ ।

9ਉਹ ਨੇ ਮੇਰੇ ਰਾਹ ਨੂੰ ਘੜ੍ਹੇ ਹੋਏ ਪੱਥਰਾਂ ਨਾਲ ਬੰਦ ਕੀਤਾ,

ਉਸ ਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ ।

10ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ,

ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ ।

11ਉਸ ਨੇ ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ,

ਅਤੇ ਮੇਰੇ ਟੁੱਕੜੇ-ਟੁੱਕੜੇ ਕਰਕੇ ਮੈਨੂੰ ਬਰਬਾਦ ਕੀਤਾ ।

12ਉਸ ਨੇ ਆਪਣਾ ਧਣੁਖ ਖਿੱਚਿਆ,

ਅਤੇ ਮੈਨੂੰ ਤੀਰਾਂ ਦੇ ਨਿਸ਼ਾਨੇ ਵਾਂਗੂੰ ਖੜ੍ਹਾ ਕੀਤਾ ।

13ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ ।

14ਮੈਂ ਆਪਣੇ ਸਾਰੇ ਲੋਕਾਂ ਲਈ ਮਖੌਲ,

ਅਤੇ ਸਾਰਾ ਦਿਨ ਉਨ੍ਹਾਂ ਦੇ ਤਾਹਨਿਆਂ ਦਾ ਗੀਤ ਹੋ ਗਿਆ ਹਾਂ ।

15ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ,

ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ ।

16ਉਸ ਨੇ ਮੇਰੇ ਦੰਦ ਰੋੜ੍ਹਿਆਂ ਨਾਲ ਤੋੜ ਦਿੱਤੇ,

ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ ਹੈ ।

17ਤੂੰ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ,

ਮੈਂ ਸੁੱਖ ਨੂੰ ਭੁੱਲ ਗਿਆ ਹਾਂ ।

18ਇਸ ਲਈ ਮੈਂ ਆਖਿਆ, ਮੇਰਾ ਬਲ ਨਾਸ ਹੋ ਗਿਆ,

ਅਤੇ ਯਹੋਵਾਹ ਵੱਲੋਂ ਮੇਰੀ ਆਸ ਵੀ ਟੁੱਟ ਗਈ ।

19ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ,

ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ !

20ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ,

ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ ।

21ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ,

ਇਸ ਲਈ ਮੈਨੂੰ ਆਸ ਹੈ ।

22ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ,

ਕਿਉਂ ਜੋ ਉਸ ਦੀ ਦਯਾ ਅਟੁੱਟ ਹੈ !

23ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,

ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ ।

24ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ,

ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ ।

25ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ,

ਉਸ ਦੇ ਲਈ ਯਹੋਵਾਹ ਭਲਾ ਹੈ ।

26ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਉ ਲਈ ਆਸ ਰੱਖੇ ।

27ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ ।

28ਉਹ ਇੱਕਲਾ ਅਤੇ ਚੁੱਪ ਰਹੇ,

ਕਿਉਂ ਜੋ ਪਰਮੇਸ਼ੁਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ ।

29ਉਹ ਆਪਣਾ ਮੂੰਹ ਮਿੱਟੀ ਵਿੱਚ ਰੱਖੇ,

ਸ਼ਾਇਦ ਕੁਝ ਆਸ ਹੋਵੇ !

30ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ,

ਉਹ ਨਿੰਦਿਆ ਸਹਿ ਲਵੇ !

31ਕਿਉਂ ਜੋ ਪ੍ਰਭੂ ਸਦਾ ਲਈ ਨਹੀਂ ਛੱਡੇਗਾ ।

32ਭਾਵੇਂ ਉਹ ਦੁੱਖ ਵੀ ਦੇਵੇ,

ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ ।

33ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ,

ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ ।

34ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ,

35ਅੱਤ ਮਹਾਨ ਦੇ ਸਨਮੁਖ ਕਿਸੇ ਮਨੁੱਖ ਦਾ ਹੱਕ ਮਾਰਨਾ,

36ਅਤੇ ਕਿਸੇ ਆਦਮੀ ਦਾ ਮੁਕੱਦਮਾ ਵਿਗੜਨਾ, ਪ੍ਰਭੂ ਵੇਖ ਨਹੀਂ ਸਕਦਾ !

37ਕੌਣ ਕੁਝ ਆਖੇ ਅਤੇ ਉਹ ਪੂਰਾ ਹੋ ਜਾਵੇ,

ਜਦ ਪ੍ਰਭੂ ਨੇ ਉਸ ਦਾ ਹੁਕਮ ਹੀ ਨਾ ਦਿੱਤਾ ਹੋਵੇ ?

38ਕੀ ਦੁੱਖ ਅਤੇ ਸੁੱਖ ਦੋਵੇਂ ਅੱਤ ਮਹਾਨ ਦੇ ਵੱਲੋਂ ਨਹੀਂ ਆਉਂਦੇ ?

39ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ,

ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ ?

40ਆਓ, ਅਸੀਂ ਆਪਣੇ ਰਾਹਾਂ ਨੂੰ ਧਿਆਨ ਨਾਲ ਪਰਖੀਏ ਅਤੇ ਬਦਲੀਏ,

ਅਤੇ ਯਹੋਵਾਹ ਵੱਲ ਮੁੜੀਏ !

41ਅਸੀਂ ਆਪਣੇ ਮਨਾਂ ਅਤੇ ਆਪਣੇ ਹੱਥਾਂ ਨੂੰ ਸਵਰਗ ਦੇ ਪਰਮੇਸ਼ੁਰ ਵੱਲ ਚੁੱਕੀਏ ਅਤੇ ਆਖੀਏ,

42ਅਸੀਂ ਅਪਰਾਧ ਅਤੇ ਵਿਦਰੋਹ ਕੀਤਾ,

ਅਤੇ ਤੂੰ ਮੁਆਫ਼ ਨਹੀਂ ਕੀਤਾ ।

43ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ,

ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ ।

44ਤੂੰ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ,

ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ ।

45ਤੂੰ ਸਾਨੂੰ ਕੌਮਾਂ ਦੇ ਵਿਚਕਾਰ

ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ ।

46ਸਾਡੇ ਸਾਰੇ ਵੈਰੀਆਂ ਨੇ ਸਾਡੇ ਵਿਰੁੱਧ ਆਪਣਾ ਮੂੰਹ ਪਸਾਰਿਆ ਹੈ, 47ਡਰ ਅਤੇ ਫੰਦਾ, ਬਰਬਾਦੀ ਅਤੇ ਵਿਨਾਸ ਸਾਡੇ ਉੱਤੇ ਆ ਪਏ ਹਨ ।

48ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਹੰਝੂਆਂ ਦੀਆਂ ਨਦੀਆਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ ।

49ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁੱਕਣਗੇ ਨਹੀਂ,

50ਜਦ ਤੱਕ ਯਹੋਵਾਹ ਸੁਰਗ ਤੋਂ ਮੇਰੇ ਵੱਲ ਨਿਗਾਹ ਮਾਰ ਕੇ ਨਾ ਵੇਖੇ ।

51ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ,

ਮੇਰੀ ਅੱਖ ਮੇਰੇ ਦਿਲ ਨੂੰ ਦੁੱਖੀ ਕਰਦੀ ਹੈ ।

52ਜਿਹੜੇ ਬਿਨ੍ਹਾਂ ਕਾਰਨ ਮੇਰੇ ਵੈਰੀ ਹਨ,

ਉਹਨਾਂ ਨੇ ਚਿੜ੍ਹੀ ਦੀ ਤਰ੍ਹਾਂ ਮੇਰਾ ਪਿੱਛਾ ਕੀਤਾ ਹੈ ।

53ਉਹਨਾਂ ਨੇ ਮੈਨੂੰ ਟੋਏ ਵਿੱਚ ਸੁੱਟ ਦਿੱਤਾ,

ਅਤੇ ਮੈਨੂੰ ਮਾਰਨ ਲਈ ਪੱਥਰ ਮੇਰੇ ਉੱਤੇ ਸੁੱਟੇ ਹਨ ।

54ਪਾਣੀ ਮੇਰੇ ਸਿਰ ਦੇ ਉੱਤੋਂ ਵਗੇ,

ਮੈਂ ਆਖਿਆ, ਮੈਂ ਮਰ ਮਿਟਿਆ ਹਾਂ !

55ਹੇ ਯਹੋਵਾਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ,

56ਤੂੰ ਮੇਰੀ ਅਵਾਜ਼ ਸੁਣੀ,

ਆਪਣਾ ਕੰਨ ਮੇਰੀਆਂ ਆਹਾਂ ਅਤੇ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ !

57ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ,

ਤੂੰ ਆਖਿਆ, ਨਾ ਡਰ !

58ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ,

ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ ।

59ਹੇ ਯਹੋਵਾਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ,

ਤੂੰ ਮੇਰਾ ਨਿਆਂ ਕਰ !

60ਤੂੰ ਉਹਨਾਂ ਦਾ ਬਦਲਾ ਵੇਖਿਆ ਹੈ,

ਅਤੇ ਉਹ ਯੋਜਨਾਵਾਂ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ ।

61ਹੇ ਯਹੋਵਾਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ,

ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ ।

62ਮੇਰੇ ਵਿਰੋਧੀਆਂ ਦੀਆਂ ਗੱਲਾਂ,

ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈਂ ।

63ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ !

ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹਾਂ ।

64ਹੇ ਯਹੋਵਾਹ, ਤੂੰ ਉਹਨਾਂ ਨੂੰ, ਉਹਨਾਂ ਦੇ ਹੱਥਾਂ ਦੇ ਕੰਮਾਂ ਅਨੁਸਾਰ ਬਦਲਾ ਦੇਵੇਂਗਾ ।

65ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ,

ਤੇਰਾ ਸਰਾਪ ਉਹਨਾਂ ਦੇ ਉੱਤੇ ਹੋਵੇਗਾ ।

66ਹੇ ਯਹੋਵਾਹ ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ,

ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ ।

4

ਪਤਨ ਤੋਂ ਬਾਅਦ ਯਰੂਸ਼ਲਮ ਦੀ ਦਸ਼ਾ

1ਸੋਨਾ ਕਿਵੇਂ ਫਿੱਕਾ ਹੋ ਗਿਆ ! ਖ਼ਰਾ ਸੋਨਾ ਕਿਵੇਂ ਬਦਲ ਗਿਆ ?

ਪਵਿੱਤਰ ਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ ਖਿੱਲਰੇ ਪਏ ਹਨ ।

2ਸੀਯੋਨ ਦੇ ਲਾਡਲੇ ਪੁੱਤਰ, ਜਿਹੜੇ ਸੋਨੇ ਦੇ ਤੁੱਲ ਸਨ,

ਕਿਵੇਂ ਘੁਮਿਆਰ ਦੇ ਬਣਾਏ ਮਿੱਟੀ ਦੇ ਭਾਂਡਿਆਂ ਵਾਂਗੂੰ ਤੁੱਛ ਸਮਝੇ ਗਏ ਹਨ !

3ਗਿੱਦੜੀਆਂ ਵੀ ਆਪਣੀਆਂ ਛਾਤੀ ਤੋਂ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ,

ਪਰ ਮੇਰੀ ਪਰਜਾ ਦੀ ਧੀ, ਉਜਾੜ ਦੇ ਸ਼ੁਤਰ-ਮੁਰਗਾਂ ਵਾਂਗੂੰ ਨਿਰਦਈ ਹੋ ਗਈ ਹੈ !

4ਦੁੱਧ ਚੁੰਘਣ ਵਾਲੇ ਬੱਚੇ ਦੀ ਜੀਭ ਪਿਆਸ ਦੇ ਕਾਰਨ ਤਾਲੂ ਨਾਲ ਜਾ ਲੱਗੀ ਹੈ,

ਨਿਆਣੇ ਰੋਟੀ ਮੰਗਦੇ ਪਰ ਕੋਈ ਉਹਨਾਂ ਨੂੰ ਨਹੀਂ ਦਿੰਦਾ ।

5ਜਿਹੜੇ ਸੁਆਦਲਾ ਭੋਜਨ ਖਾਂਦੇ ਸਨ, ਗਲੀਆਂ ਵਿੱਚ ਭੁੱਖੇ ਫਿਰਦੇ ਹਨ,

ਜਿਹੜੇ ਮਖ਼ਮਲੀ ਕੱਪੜਿਆਂ ਵਿੱਚ ਪਲਦੇ ਸਨ, ਉਹ ਗੁਹੀਰਿਆਂ ਨੂੰ ਜੱਫੀਆਂ ਪਾਉਂਦੇ ਹਨ !

6ਮੇਰੀ ਪਰਜਾ ਦੀ ਧੀ ਦੀ ਬੁਰਿਆਈ ਸਦੂਮ ਦੇ ਪਾਪ ਨਾਲੋਂ ਵੱਡੀ ਹੈ,

ਜਿਹੜਾ ਬਿਨ੍ਹਾਂ ਕਿਸੇ ਦੇ ਹੱਥ ਲਾਏ ਇੱਕ ਪਲ ਵਿੱਚ ਢਾਹਿਆ ਗਿਆ ।

7ਉਹ ਦੇ ਪਤਵੰਤ ਬਰਫ ਨਾਲੋਂ ਸ਼ੁੱਧ ਅਤੇ ਦੁੱਧ ਨਾਲੋਂ ਚਿੱਟੇ ਸਨ,

ਉਹਨਾਂ ਦੇ ਸਰੀਰ ਮੂੰਗੇ ਨਾਲੋਂ ਲਾਲ ਸਨ, ਉਹਨਾਂ ਦੀ ਚਮਕ ਨੀਲਮ ਵਰਗੀ ਸੀ ।

8ਹੁਣ ਉਹਨਾਂ ਦਾ ਰੂਪ ਕਾਲਖ ਨਾਲੋਂ ਕਾਲਾ ਹੈ,

ਉਹ ਬਜ਼ਾਰਾਂ ਵਿੱਚ ਪਹਿਚਾਣੇ ਨਹੀਂ ਜਾਂਦੇ,

ਉਹਨਾਂ ਦਾ ਚਮੜਾ ਸੁੰਘੜ ਕੇ ਹੱਡੀਆਂ ਨਾਲ ਜੁੜ ਗਿਆ,

ਉਹ ਸੁੱਕ ਕੇ ਲੱਕੜ ਵਾਂਗੂੰ ਹੋ ਗਿਆ ਹੈ ।

9ਤਲਵਾਰ ਦੇ ਮਾਰੇ ਹੋਏ, ਭੁੱਖ ਦੇ ਮਾਰੇ ਹੋਇਆਂ ਨਾਲੋਂ ਚੰਗੇ ਹਨ,

ਖੇਤ ਦਾ ਫਲ ਨਾ ਮਿਲਣ ਕਰਕੇ, ਇਹਨਾਂ ਦਾ ਪ੍ਰਾਣ ਸੁੱਕਦਾ ਜਾਂਦਾ ਹੈ ।

10ਦਿਆਲੂ ਇਸਤਰੀਆਂ ਨੇ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਪਕਾਇਆ !

ਮੇਰੀ ਪਰਜਾ ਦੀ ਧੀ ਦੀ ਬਰਬਾਦੀ ਵਿੱਚ, ਉਹ ਹੀ ਇਹਨਾਂ ਦਾ ਭੋਜਨ ਸਨ !

11ਯਹੋਵਾਹ ਨੇ ਆਪਣਾ ਪੂਰਾ ਕਹਿਰ ਪਰਗਟ ਕੀਤਾ,

ਉਸ ਨੇ ਆਪਣਾ ਭੜਕਦਾ ਕ੍ਰੋਧ ਡੋਲ੍ਹ ਦਿੱਤਾ,

ਉਸ ਨੇ ਸੀਯੋਨ ਵਿੱਚ ਇੱਕ ਅੱਗ ਭੜਕਾਈ, ਜਿਸਨੇ ਉਸ ਦੀਆਂ ਨੀਹਾਂ ਨੂੰ ਭਸਮ ਕਰ ਦਿੱਤਾ ।

12ਧਰਤੀ ਦੇ ਰਾਜੇ ਅਤੇ ਜਗਤ ਦੇ ਸਾਰੇ ਵਾਸੀ ਯਕੀਨ ਨਹੀਂ ਕਰਦੇ,

ਕਿ ਵੈਰੀ ਅਤੇ ਵਿਰੋਧੀ ਯਰੂਸ਼ਲਮ ਦੇ ਫਾਟਕਾਂ ਵਿੱਚ ਆ ਵੜੇ ।

13ਇਹ ਉਸ ਦੇ ਨਬੀਆਂ ਦੇ ਪਾਪ ਅਤੇ ਉਸ ਦੇ ਜਾਜਕਾਂ ਦੀ ਬਦੀ ਦੇ ਕਾਰਨ ਹੋਇਆ,

ਜਿਨ੍ਹਾਂ ਨੇ ਉਹ ਦੇ ਵਿਚਕਾਰ ਧਰਮੀਆਂ ਦਾ ਲਹੂ ਵਹਾਇਆ ।

14ਉਹ ਅੰਨ੍ਹਿਆਂ ਵਰਗੇ ਹੋ ਕੇ ਗਲੀਆਂ ਵਿੱਚ ਫਿਰਦੇ ਹਨ,

ਉਹ ਲਹੂ ਨਾਲ ਇੰਨੇ ਅਸ਼ੁੱਧ ਹੋ ਗਏ ਹਨ,

ਭਈ ਕੋਈ ਉਹਨਾਂ ਦੇ ਬਸਤਰ ਛੂਹ ਨਹੀਂ ਸਕਦਾ ।

15ਲੋਕ ਉਹਨਾਂ ਨੂੰ ਪੁਕਾਰ ਕੇ ਆਖਦੇ ਹਨ "ਦੂਰ ਹੋਵੋ",

"ਭ੍ਰਿਸ਼ਟੇ ਹੋਇਓ ! ਦੂਰ ਹੋਵੋ, ਦੂਰ ਹੋਵੋ ! ਸਾਨੂੰ ਨਾ ਛੂਹੋ !"

ਜਦ ਉਹ ਭੱਜ ਗਏ ਅਤੇ ਮਾਰੇ ਮਾਰੇ ਫਿਰਨ ਲੱਗੇ, ਤਦ ਕੌਮਾਂ ਵਿੱਚ ਲੋਕ ਆਖਦੇ ਸਨ, "ਉਹ ਐਥੇ ਨਹੀਂ ਰਹਿ ਸਕਦੇ ! "

16ਯਹੋਵਾਹ ਦੇ ਕ੍ਰੋਧ ਨੇ ਉਹਨਾਂ ਨੂੰ ਖਿਲਾਰ ਦਿੱਤਾ,

ਉਹ ਫੇਰ ਉਹਨਾਂ ਉੱਤੇ ਦਯਾ ਦ੍ਰਿਸ਼ਟੀ ਨਹੀਂ ਕਰੇਗਾ,

ਉਹਨਾਂ ਦੇ ਜਾਜਕਾਂ ਦਾ ਮਾਣ ਨਹੀਂ ਰੱਖਿਆ, ਨਾ ਬਜ਼ੁਰਗਾਂ ਉੱਤੇ ਕਿਰਪਾ ਕੀਤੀ ।

17ਸਾਡੀਆਂ ਅੱਖਾਂ ਵਿਅਰਥ ਵਿੱਚ ਸਹਾਇਤਾ ਦੀ ਉਡੀਕ ਕਰਦਿਆਂ ਥੱਕ ਗਈਆਂ,

ਅਸੀਂ ਇੱਕ ਕੌਮ ਦੀ ਉਡੀਕ ਕਰਦੇ ਰਹੇ, ਜਿਹੜੀ ਬਚਾ ਨਹੀਂ ਸਕਦੀ ।

18ਉਹ ਸਾਡੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕਰਦੇ ਹਨ,

ਕਿ ਅਸੀਂ ਆਪਣੇ ਚੌਂਕਾਂ ਦੇ ਵਿੱਚ ਵੀ ਨਹੀਂ ਜਾ ਸਕਦੇ,

ਸਾਡਾ ਅੰਤ ਨੇੜੇ ਆਇਆ, ਸਾਡੇ ਦਿਨ ਪੂਰੇ ਹੋ ਗਏ, ਕਿਉਂ ਜੋ ਸਾਡਾ ਅੰਤ ਆ ਗਿਆ ਸੀ ।

19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ,

ਉਹ ਪਹਾੜਾਂ ਦੇ ਉੱਤੇ ਸਾਡੇ ਪਿੱਛੇ ਭੱਜੇ,

ਉਹ ਉਜਾੜ ਵਿੱਚ ਸਾਡੀ ਘਾਤ ਵਿੱਚ ਬੈਠੇ ਸਨ ।

20ਯਹੋਵਾਹ ਦਾ ਮਸਹ ਕੀਤਾ ਹੋਇਆ,

ਜੋ ਸਾਡੀਆਂ ਨਾਸਾਂ ਦਾ ਸਾਹ ਸੀ,

ਜਿਸ ਦੇ ਵਿਖੇ ਅਸੀਂ ਕਹਿੰਦੇ ਸੀ,

ਕਿ ਉਹ ਦੇ ਸਾਏ ਹੇਠ ਅਸੀਂ ਪਰਾਈਆਂ ਕੌਮਾਂ ਵਿੱਚ ਜੀਉਂਦੇ ਰਹਾਂਗੇ,

ਉਹ ਉਹਨਾਂ ਦੇ ਪੁੱਟੇ ਹੋਏ ਟੋਇਆਂ ਵਿੱਚ ਫੜ੍ਹਿਆ ਗਿਆ !

21ਹੇ ਅਦੋਮ ਦੀਏ ਧੀਏ, ਜਿਹੜੀ ਊਜ਼ ਦੇ ਦੇਸ਼ ਵਿੱਚ ਵੱਸਦੀ ਹੈਂ,

ਅਨੰਦ ਹੋ ਅਤੇ ਖੁਸ਼ੀ ਮਨਾ !

ਇਹ ਪਿਆਲਾ ਤੇਰੇ ਤੱਕ ਵੀ ਪਹੁੰਚੇਗਾ,

ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ !

22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ ਹੋਈ,

ਉਹ ਤੈਨੂੰ ਫੇਰ ਗੁਲਾਮ ਬਣਾ ਕੇ ਨਹੀਂ ਲੈ ਜਾਵੇਗਾ !

ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ ਲਵੇਗਾ,

ਉਹ ਤੇਰੇ ਪਾਪ ਉਘਾੜ ਦੇਵੇਗਾ !

5

ਦਯਾ ਦੇ ਲਈ ਪ੍ਰਾਰਥਨਾ

1ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਸ ਨੂੰ ਯਾਦ ਕਰ !

ਧਿਆਨ ਦੇ ਅਤੇ ਸਾਡੀ ਨਿਰਾਦਰੀ ਨੂੰ ਦੇਖ !

2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ,

ਸਾਡੇ ਘਰ ਪਰਾਇਆਂ ਦੇ ਹੋ ਗਏ ।

3ਅਸੀਂ ਯਤੀਮ ਹਾਂ, ਸਾਡੇ ਪਿਤਾ ਨਹੀਂ ਹਨ,

ਸਾਡੀਆਂ ਮਾਵਾਂ ਵਿਧਵਾ ਵਾਂਗੂੰ ਹੋ ਗਈਆਂ ਹਨ ।

4ਅਸੀਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ,

ਅਤੇ ਸਾਡੀ ਲੱਕੜੀ ਸਾਨੂੰ ਮੁੱਲ ਦੇ ਕੇ ਮਿਲਦੀ ਹੈ ।

5ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਗਰਦਨਾਂ ਉੱਤੇ ਹਨ,

ਅਸੀਂ ਥੱਕੇ ਹੋਏ ਹਾਂ ਪਰ ਸਾਨੂੰ ਅਰਾਮ ਨਹੀਂ ਮਿਲਦਾ ।

6ਅਸੀਂ ਆਪ ਮਿਸਰ ਦੇ ਅਧੀਨ ਹੋ ਗਏ,

ਅਤੇ ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਖਾ ਸਕੀਏ ।

7ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਚੱਲ ਵੱਸੇ,

ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ ।

8ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ,

ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ ।

9ਉਜਾੜ ਵਿੱਚ ਤਲਵਾਰ ਦੇ ਕਾਰਨ,

ਅਸੀਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਰੋਟੀ ਕਮਾਉਂਦੇ ਹਾਂ ।

10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ,

ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ ।

11ਸੀਯੋਨ ਵਿੱਚ ਇਸਤਰੀਆਂ,

ਅਤੇ ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਭ੍ਰਿਸ਼ਟ ਕੀਤੀਆਂ ਗਈਆਂ ।

12ਹਾਕਮ ਨੂੰ ਉਹਨਾਂ ਦੇ ਹੱਥਾਂ ਭਾਰ ਟੰਗਿਆ ਗਿਆ,

ਬਜ਼ੁਰਗਾਂ ਦਾ ਕੁਝ ਮਾਣ ਨਾ ਕੀਤਾ ਗਿਆ ।

13ਜੁਆਨਾਂ ਨੂੰ ਚੱਕੀ ਚਲਾਉਣੀ ਪਈ,

ਬੱਚਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ ।

14ਬਜ਼ੁਰਗ ਫਾਟਕ ਵਿੱਚ ਨਹੀਂ ਬੈਠਦੇ,

ਅਤੇ ਜੁਆਨ ਆਪਣੇ ਗਾਉਣ ਵਜਾਉਣ ਤੋਂ ਹੱਟ ਗਏ ਹਨ ।

15ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ ਹੈ,

ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ ।

16ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ ਹੈ,

ਸਾਡੇ ਉੱਤੇ ਹਾਇ ! ਕਿਉਂ ਜੋ ਅਸੀਂ ਪਾਪ ਕੀਤਾ ਹੈ ।

17ਇਸੇ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ,

ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਪੈ ਗਈਆਂ,

18ਕਿਉਂ ਜੋ ਸੀਯੋਨ ਪਰਬਤ ਉਜਾੜ ਹੋ ਗਿਆ,

ਉਸ ਵਿੱਚ ਗਿੱਦੜ ਫਿਰਦੇ ਹਨ ।

19ਹੇ ਯਹੋਵਾਹ, ਤੂੰ ਸਦਾ ਲਈ ਬਿਰਾਜਮਾਨ ਹੈਂ,

ਤੇਰਾ ਸਿੰਘਾਸਣ ਪੀੜ੍ਹੀਓਂ ਪੀੜ੍ਹੀ ਕਾਇਮ ਹੈ ।

20ਤੂੰ ਕਿਉਂ ਸਾਨੂੰ ਸਦਾ ਲਈ ਵਿਸਾਰ ਦਿੱਤਾ ਹੈ,

ਅਤੇ ਕਿਉਂ ਸਾਨੂੰ ਇੰਨ੍ਹੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ ?

21ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ,

ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ ।

22ਕੀ ਤੂੰ ਸਾਨੂੰ ਪੂਰੀ ਤਰ੍ਹਾਂ ਹੀ ਛੱਡ ਦਿੱਤਾ ਹੈ ?

ਕੀ ਤੂੰ ਸਾਡੇ ਨਾਲ ਬਹੁਤ ਹੀ ਕ੍ਰੋਧਿਤ ਹੋ ਗਿਆ ਹੈਂ ?