JOB

ਅੱਯੂਬ

ਭੂਮਿਕਾ

ਅੱਯੂਬ ਦੀ ਪੁਸਤਕ ਇੱਕ ਭਲੇ ਵਿਅਕਤੀ ਨਾਲ ਬੀਤੀ ਘਟਨਾ ਦਾ ਵਰਣਨ ਪ੍ਰਸਤੁਤ ਕਰਦੀ ਹੈ, ਜਿਸ ਨੂੰ ਡਾਢੀ ਬਿਪਤਾ ਦਾ ਸਾਹਮਣਾ ਕਰਨਾ ਪਿਆ । ਉਸ ਦੇ ਸਾਰੇ ਬੱਚਿਆਂ ਦੀ ਅਕਾਲ ਮੌਤ ਹੋ ਜਾਂਦੀ ਹੈ, ਉਸ ਦੀ ਸੰਪਤੀ ਦਾ ਨਾਸ ਹੀ ਜਾਂਦਾ ਹੈ, ਅਤੇ ਉਹ ਆਪ ਇੱਕ ਘਿਣਾਉਣੇ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ । ਇਸ ਤੋਂ ਬਾਅਦ ਲੇਖਕ ਕਾਵਿਕ ਗੱਲਬਾਤ ਦੇ ਤਿੰਨ ਭਾਗਾਂ ਦੁਆਰਾ ਇਹ ਦਰਸਾਉਂਦਾ ਹੈ ਕਿ ਅੱਯੂਬ ਅਤੇ ਉਸ ਦੇ ਮਿੱਤਰਾਂ ਦੀ ਇਨ੍ਹਾਂ ਬਿਪਤਾਂ ਦੇ ਵਿਖੇ ਕੀ ਪ੍ਰਤੀਉੱਤਰ ਹੈ । ਅੰਤ ਵਿੱਚ ਪਰਮੇਸ਼ੁਰ ਆਪਣੇ ਆਪ ਨੂੰ ਅੱਯੂਬ ਉੱਤੇ ਪਰਗਟ ਕਰਦਾ ਹੈ; ਮਨੁੱਖ ਜਾਤੀ ਨਾਲ ਪਰਮੇਸ਼ੁਰ ਦਾ ਵਿਹਾਰ ਇਸ ਤਰਕ-ਵਿਤਰਕ ਦਾ ਮੁੱਖ ਕੇਂਦਰ ਰਹਿੰਦਾ ਹੈ ।

ਅੱਯੂਬ ਦੇ ਮਿੱਤਰ ਉਸ ਦੇ ਦੁੱਖਾਂ ਨੂੰ ਪਰੰਪਰਾਗਤ ਧਾਰਮਿਕ ਸ਼ੈਲੀ ਵਿੱਚ ਸਮਝਦੇ ਹਨ ਜਿਵੇਂ ਕਿ, ਅੱਯੂਬ ਦੇ ਮਿੱਤਰ ਮੰਨਦੇ ਹਨ ਕਿ ਪਰਮੇਸ਼ੁਰ ਹਮੇਸ਼ਾਂ ਭਲਿਆਈ ਨੂੰ ਅਸੀਸ ਦਿੰਦਾ ਹੈ ਅਤੇ ਬੁਰਿਆਈ ਨੂੰ ਸਜ਼ਾ ਦਿੰਦਾ ਹੈ, ਇਸ ਲਈ ਅੱਯੂਬ ਦੇ ਦੁੱਖਾਂ ਦਾ ਸਿਰਫ਼ ਇਹੋ ਅਰਥ ਹੋ ਸਕਦਾ ਹੈ ਕਿ ਉਸ ਨੇ ਪਾਪ ਕੀਤਾ ਹੈ । ਪਰ ਅੱਯੂਬ ਲਈ ਇਹ ਗੱਲ ਬਹੁਤ ਹੀ ਸਿੱਧੀ ਹੈ, ਉਹ ਅਜਿਹੇ ਕਠੋਰ ਦੰਡ ਦੇ ਯੋਗ ਨਹੀਂ ਹੈ, ਕਿਉਂਕਿ ਉਹ ਬਹੁਤ ਹੀ ਭਲਾ ਅਤੇ ਧਰਮੀ ਵਿਅਕਤੀ ਸੀ । ਪਰ ਉਸ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਪਰਮੇਸ਼ੁਰ ਕਿਵੇਂ ਉਸ ਵਰਗੇ ਮਨੁੱਖ ਨਾਲ ਐਨੀ ਬੁਰਾਇਆ ਹੋਣ ਦੇ ਰਿਹਾ ਹੈ, ਇਸ ਲਈ ਉਹ ਪਰਮੇਸ਼ੁਰ ਨੂੰ ਬੇਖ਼ੌਫ਼ ਚੁਣੌਤੀ ਦਿੰਦਾ ਹੈ । ਅੱਯੂਬ ਦਾ ਵਿਸ਼ਵਾਸ ਟੁੱਟਦਾ ਨਹੀਂ, ਪਰ ਉਹ ਪਰਮੇਸ਼ੁਰ ਦੀ ਨਜ਼ਰ ਵਿੱਚ ਧਰਮੀ ਠਹਿਰਣ ਅਤੇ ਭਲੇ ਮਨੁੱਖ ਦੇ ਰੂਪ ਵਿੱਚ ਆਪਣੇ ਸਨਮਾਨ ਨੂੰ ਦੁਬਾਰਾ ਪ੍ਰਾਪਤ ਕਰਨ ਲਈ ਲਾਲਸਾ ਕਰਦਾ ਹੈ ।

ਪਰਮੇਸ਼ੁਰ ਅੱਯੂਬ ਦੇ ਪ੍ਰਸ਼ਨਾਂ ਦਾ ਕੋਈ ਉੱਤਰ ਨਹੀਂ ਦਿੰਦਾ ਪਰ ਆਪਣੀ ਈਸ਼ਵਰੀ ਸਮਰੱਥਾ ਅਤੇ ਬੁੱਧ ਦਾ ਇੱਕ ਕਾਵਿਕ ਚਿੱਤਰ ਪ੍ਰਸਤੁਤ ਕਰਕੇ ਉਸ ਨੂੰ ਅਧੀਨ ਕਰਦੇ ਹੋਏ ਉਸ ਦੇ ਵਿਸ਼ਵਾਸ ਦਾ ਪ੍ਰਤੀਉੱਤਰ ਜ਼ਰੂਰ ਦਿੰਦਾ ਹੈ । ਤਦ ਅੱਯੂਬ ਨਿਮਰਤਾ ਪੂਰਵਕ ਪਰਮੇਸ਼ੁਰ ਨੂੰ ਇੱਕਮਾਤਰ ਬੁੱਧਵਾਨ ਅਤੇ ਮਹਾਨ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ, ਆਪਣੇ ਬੇ-ਲਗ਼ਾਮ ਅਤੇ ਕ੍ਰੋਧਿਤ ਹੋ ਕੇ ਆਖੇ ਹੋਏ ਸ਼ਬਦਾਂ ਲਈ ਪ੍ਰਾਸਚਿਤ ਕਰਦਾ ਹੈ ।

ਇਸ ਪੁਸਤਕ ਦਾ ਆਖ਼ਰੀ ਹਿੱਸਾ ਦਰਸਾਉਂਦਾ ਹੈ ਕਿ ਅੱਯੂਬ ਨੂੰ ਕਿਵੇਂ ਆਪਣੀ ਪਿਛਲੀ ਅਵਸਥਾ ਪ੍ਰਾਪਤ ਹੋਏ, ਸਗੋਂ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਹੋ ਗਿਆ । ਪਰਮੇਸ਼ੁਰ ਅੱਯੂਬ ਦੇ ਮਿੱਤਰਾਂ ਨੂੰ ਇਸ ਲਈ ਝਿੜਕਦਾ ਹੈ ਕਿਉਂਕਿ ਉਹ ਅੱਯੂਬ ਦੇ ਦੁੱਖਾਂ ਨੂੰ ਸਮਝਣ ਵਿੱਚ ਅਸਫ਼ਲ ਰਹੇ ਸਨ । ਸਿਰਫ਼ ਅੱਯੂਬ ਹੀ ਇਸ ਗੱਲ ਨੂੰ ਮਹਿਸੂਸ ਕਰ ਸਕਿਆ ਸੀ ਕਿ ਪਰਮੇਸ਼ੁਰ ਉਸ ਤੋਂ ਕਿਤੇ ਜ਼ਿਆਦਾ ਮਹਾਨ ਹੈ, ਜਿਵੇਂ ਕਿ ਪਰੰਪਰਾਗਤ ਧਰਮ ਉਸ ਨੂੰ ਦਰਸਾਉਂਦਾ ਹੈ ।

ਰੂਪ-ਰੇਖਾ

ਪ੍ਰਸਤਾਵਨਾ 1:1-2:13

ਅੱਯੂਬ ਅਤੇ ਉਸ ਦੇ ਮਿੱਤਰ 3:1-31:40

ਅੱਯੂਬ ਦੀ ਸ਼ਿਕਾਇਤ 3:1-26

ਪਹਿਲੀ ਗੱਲਬਾਤ 4:1-14:22

ਦੂਸਰੀ ਗੱਲਬਾਤ 15:1-21:34

ਤੀਸਰੀ ਗੱਲਬਾਤ 22:1-27:23

ਬੁੱਧ ਦੀ ਪ੍ਰਸੰਸਾ 28:1-28

ਅੱਯੂਬ ਦਾ ਆਖ਼ਰੀ ਕਥਨ 29:1-31:40

ਅਲੀਹੂ ਦਾ ਉਪਦੇਸ਼ 32:1-37:24

ਪਰਮੇਸ਼ੁਰ ਦਾ ਅੱਯੂਬ ਨੂੰ ਉੱਤਰ 38:1-42:6

ਸਮਾਪਤੀ 42:7-17

1

ਅੱਯੂਬ ਦਾ ਡਾਢੀ ਪਰੀਖਿਆ ਵਿੱਚ ਪੈਣਾ

1ਊਜ਼ ਦੇ ਦੇਸ ਵਿੱਚ ਅੱਯੂਬ ਨਾਮ ਦਾ ਇੱਕ ਨਿਰਦੋਸ਼ ਤੇ ਖਰਾ ਮਨੁੱਖ ਸੀ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬਦੀ ਤੋਂ ਦੂਰ ਰਹਿੰਦਾ ਸੀ । 2ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਸਨ । 3ਉਹ ਦੇ ਕੋਲ ਸੱਤ ਹਜ਼ਾਰ ਭੇਡਾਂ, ਤਿੰਨ ਹਜ਼ਾਰ ਊਠ, ਪੰਜ ਸੌ ਜੋੜੀ ਬਲ਼ਦ ਅਤੇ ਪੰਜ ਸੌ ਗਧੀਆਂ ਅਤੇ ਬਹੁਤ ਸਾਰੇ ਨੌਕਰ-ਚਾਕਰ ਸਨ ਅਤੇ ਉਹ ਪੂਰਬ ਦੇਸ ਦੇ ਲੋਕਾਂ ਵਿੱਚ ਸਭ ਤੋਂ ਜ਼ਿਆਦਾ ਧਨਵਾਨ ਮਨੁੱਖ ਸੀ । 4ਉਹ ਦੇ ਪੁੱਤਰ ਵਾਰੋ-ਵਾਰੀ ਆਪਣੇ-ਆਪਣੇ ਘਰਾਂ ਵਿੱਚ ਦਾਵਤ ਕਰਦੇ ਹੁੰਦੇ ਸਨ, ਅਤੇ ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਖਾਣ-ਪੀਣ ਲਈ ਆਪਣੇ ਕੋਲ ਸੱਦਾ ਭੇਜਦੇ ਸਨ । 5ਜਦ ਉਨ੍ਹਾਂ ਦੀ ਦਾਵਤ ਦੇ ਦਿਨ ਬੀਤ ਜਾਂਦੇ ਤਦ ਅੱਯੂਬ ਉਨ੍ਹਾਂ ਨੂੰ ਸੱਦ ਲੈਂਦਾ ਅਤੇ ਉਨ੍ਹਾਂ ਨੂੰ ਪਵਿੱਤਰ ਕਰਦਾ ਹੁੰਦਾ ਸੀ ਅਤੇ ਸਵੇਰੇ ਹੀ ਉੱਠ ਕੇ ਉਨ੍ਹਾਂ ਸਾਰਿਆਂ ਦੀ ਗਿਣਤੀ ਅਨੁਸਾਰ ਹੋਮ ਦੀਆਂ ਬਲੀਆਂ ਚੜ੍ਹਾਉਂਦਾ ਸੀ, ਕਿਉਂ ਜੋ ਅੱਯੂਬ ਆਖਦਾ ਸੀ ਕਿਤੇ ਅਜਿਹਾ ਨਾ ਹੋਵੇ ਮੇਰੇ ਬੱਚਿਆਂ ਨੇ ਪਾਪ ਕੀਤਾ ਹੋਵੇ ਅਤੇ ਆਪਣੇ ਮਨ ਵਿੱਚ ਪਰਮੇਸ਼ੁਰ ਨੂੰ ਫਿਟਕਾਰਿਆ ਹੋਵੇ । ਅੱਯੂਬ ਹਮੇਸ਼ਾ ਇਸੇ ਤਰ੍ਹਾਂ ਕਰਦਾ ਹੁੰਦਾ ਸੀ ।

6ਇੱਕ ਦਿਨ ਅਜਿਹਾ ਹੋਇਆ ਕਿ ਪਰਮੇਸ਼ੁਰ ਦੇ ਦੂਤ ਆਏ ਤਾਂ ਜੋ ਯਹੋਵਾਹ ਦੇ ਸਨਮੁਖ ਆਪਣੇ ਆਪ ਨੂੰ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ । 7ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ, "ਤੂੰ ਕਿੱਥੋਂ ਆਇਆ ਹੈਂ ?" ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਸ ਵਿੱਚ ਇੱਧਰ-ਉੱਧਰ ਫਿਰਦਾ ਆਇਆ ਹਾਂ ।" 8ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਹੈ, ਕਿਉਂਕਿ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ ? ਉਹ ਖਰਾ ਅਤੇ ਨੇਕ ਮਨੁੱਖ ਹੈ ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ।" 9ਤਦ ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਕੀ ਅੱਯੂਬ ਪਰਮੇਸ਼ੁਰ ਤੋਂ ਬਿਨ੍ਹਾਂ ਕਿਸੇ ਲਾਭ ਦੇ ਡਰਦਾ ਹੈ । 10ਕੀ ਤੂੰ ਉਸ ਦੇ, ਉਸ ਦੇ ਘਰ ਦੇ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਦੇ ਆਲੇ-ਦੁਆਲੇ ਵਾੜ ਨਹੀਂ ਲਗਾਈ ? ਤੂੰ ਉਸ ਦੇ ਹੱਥ ਦੇ ਕੰਮ ਵਿੱਚ ਬਰਕਤ ਦਿੱਤੀ ਹੈ ਸੋ ਉਸ ਦੀ ਧਨ-ਸੰਪਤੀ ਸਾਰੇ ਦੇਸ ਵਿੱਚ ਵੱਧ ਗਈ ਹੈ । 11ਜ਼ਰਾ ਤੂੰ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ ਉਸ ਨੂੰ ਛੂਹ, ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।" 12ਤਦ ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਵੇਖ, ਉਸ ਦਾ ਸਭ ਕੁਝ ਤੇਰੇ ਹੱਥ ਵਿੱਚ ਹੈ । ਸਿਰਫ਼ ਉਸ ਨੂੰ ਹੱਥ ਨਾ ਲਾਵੀਂ ।" ਤਦ ਸ਼ੈਤਾਨ ਯਹੋਵਾਹ ਦੇ ਹਜ਼ੂਰੋਂ ਚਲਿਆ ਗਿਆ ।

ਅੱਯੂਬ ਦੇ ਬੱਚਿਆਂ ਅਤੇ ਸੰਪਤੀ ਦਾ ਨਾਸ

13ਫਿਰ ਅਜਿਹਾ ਹੋਇਆ ਕਿ ਇੱਕ ਦਿਨ ਉਸ ਦੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ । 14ਤਦ ਇੱਕ ਦੂਤ ਅੱਯੂਬ ਕੋਲ ਆਇਆ ਅਤੇ ਆਖਿਆ, "ਬਲ਼ਦ ਹਲੀਂ ਜੁੜੇ ਹੋਏ ਸਨ ਅਤੇ ਗਧੀਆਂ ਉਨ੍ਹਾਂ ਕੋਲ ਚਰ ਰਹੀਆਂ ਸਨ । 15ਸ਼ਭਾ ਨਗਰ ਦੇ ਲੋਕਾਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਖੋਹ ਕੇ ਲੈ ਗਏ ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਕੇ ਨਿਕਲਿਆ ਹਾਂ, ਜੋ ਤੈਨੂੰ ਦੱਸਾਂ ।" 16ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆਇਆ ਅਤੇ ਆਖਿਆ, "ਪਰਮੇਸ਼ੁਰ ਦੀ ਅੱਗ ਅਕਾਸ਼ ਤੋਂ ਉਤਰੀ । ਉਸ ਨਾਲ ਭੇਡਾਂ ਅਤੇ ਜੁਆਨ ਭਸਮ ਹੋ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।" 17ਉਹ ਅਜੇ ਇਹ ਗੱਲਾਂ ਕਰਦਾ ਹੀ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਿਆ, "ਕਸਦੀ ਤਿੰਨ ਟੋਲੀਆਂ ਬਣਾ ਕੇ ਊਠਾਂ ਉੱਤੇ ਆ ਪਏ ਅਤੇ ਉਹ ਉਨ੍ਹਾਂ ਨੂੰ ਖੋਹ ਕੇ ਲੈ ਗਏ ਹਨ, ਅਤੇ ਜੁਆਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਦਿੱਤਾ ! ਮੈਂ ਹੀ ਇਕੱਲਾ ਬਚ ਗਿਆ ਕਿ ਤੈਨੂੰ ਦੱਸਾਂ ।" 18ਉਹ ਵੀ ਅਜੇ ਇਹ ਗੱਲਾਂ ਕਰ ਹੀ ਰਿਹਾ ਸੀ ਕਿ ਇੱਕ ਹੋਰ ਆ ਗਿਆ ਅਤੇ ਆਖਣ ਲੱਗਾ, "ਤੇਰੇ ਪੁੱਤਰ ਅਤੇ ਧੀਆਂ ਆਪਣੇ ਵੱਡੇ ਭਰਾ ਦੇ ਘਰ ਖਾਂਦੇ ਅਤੇ ਮੈਅ ਪੀਂਦੇ ਸਨ, 19ਤਦ ਵੇਖੋ, ਇੱਕ ਵੱਡੀ ਹਵਾ ਜੰਗਲ ਵੱਲੋਂ ਆਈ ਅਤੇ ਘਰ ਦੇ ਚੌਂਹਾਂ ਪਾਸਿਆਂ ਉੱਤੇ ਟੱਕਰ ਮਾਰੀ ਕਿ ਉਹ ਘਰ ਉਨ੍ਹਾਂ ਜੁਆਨਾਂ ਉੱਤੇ ਡਿੱਗ ਪਿਆ ਅਤੇ ਉਹ ਮਰ ਗਏ ! ਮੈਂ ਹੀ ਇਕੱਲਾ ਬਚ ਨਿਕਲਿਆ ਹਾਂ ਕਿ ਤੈਨੂੰ ਦੱਸਾਂ ।"

20ਤਦ ਅੱਯੂਬ ਉੱਠਿਆ, ਉਸ ਨੇ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ, ਆਪਣਾ ਸਿਰ ਮੁਨਾ ਲਿਆ ਅਤੇ ਧਰਤੀ ਉੱਤੇ ਡਿੱਗ ਕੇ ਯਹੋਵਾਹ ਨੂੰ ਮੱਥਾ ਟੇਕਿਆ । 21ਅਤੇ ਆਖਿਆ, "ਮੈਂ ਆਪਣੀ ਮਾਂ ਦੇ ਪੇਟ ਤੋਂ ਨੰਗਾ ਆਇਆ ਅਤੇ ਨੰਗਾ ਹੀ ਮੁੜ ਜਾਂਵਾਂਗਾ, ਯਹੋਵਾਹ ਨੇ ਦਿੱਤਾ ਯਹੋਵਾਹ ਨੇ ਲੈ ਲਿਆ, ਯਹੋਵਾਹ ਦਾ ਨਾਮ ਮੁਬਾਰਕ ਹੋਵੇ ।"

22ਇਹਨਾਂ ਸਾਰੀਆਂ ਗੱਲਾਂ ਵਿੱਚ ਨਾ ਤਾਂ ਅੱਯੂਬ ਨੇ ਪਾਪ ਕੀਤਾ ਅਤੇ ਨਾ ਪਰਮੇਸ਼ੁਰ ਉੱਤੇ ਬੇਸਮਝੀ ਨਾਲ ਦੋਸ਼ ਲਾਇਆ ।

2

ਸ਼ੈਤਾਨ ਦਾ ਅੱਯੂਬ ਦੇ ਸਰੀਰ ਉੱਤੇ ਹਮਲਾ

1ਅਜਿਹਾ ਹੋਇਆ ਕਿ ਇੱਕ ਦਿਨ ਫਿਰ ਪਰਮੇਸ਼ੁਰ ਦੇ ਦੂਤ ਆਏ ਕਿ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰਨ, ਤਦ ਸ਼ੈਤਾਨ ਵੀ ਉਨ੍ਹਾਂ ਦੇ ਵਿੱਚ ਆਇਆ ਕਿ ਉਹ ਵੀ ਆਪਣੇ ਆਪ ਨੂੰ ਯਹੋਵਾਹ ਦੇ ਸਨਮੁਖ ਹਾਜ਼ਰ ਕਰੇ । 2ਯਹੋਵਾਹ ਨੇ ਸ਼ੈਤਾਨ ਨੂੰ ਪੁਛਿਆ, "ਤੂੰ ਕਿੱਥੋਂ ਆਇਆ ਹੈ ?" ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਧਰਤੀ ਵਿੱਚ ਘੁੰਮ ਫਿਰ ਕੇ ਅਤੇ ਉਹ ਦੇ ਵਿੱਚ ਇੱਧਰ-ਉੱਧਰ ਘੁੰਮਦਾ ਆਇਆ ਹਾਂ ।" 3ਤਦ ਯਹੋਵਾਹ ਨੇ ਸ਼ੈਤਾਨ ਨੂੰ ਪੁਛਿਆ, "ਕੀ ਤੂੰ ਮੇਰੇ ਦਾਸ ਅੱਯੂਬ ਬਾਰੇ ਆਪਣੇ ਮਨ ਵਿੱਚ ਵਿਚਾਰ ਕੀਤਾ ਕਿਉਂ ਜੋ ਸਾਰੀ ਧਰਤੀ ਵਿੱਚ ਉਹ ਦੇ ਵਰਗਾ ਕੋਈ ਨਹੀਂ । ਉਹ ਖਰਾ ਅਤੇ ਨੇਕ ਮਨੁੱਖ ਹੈ, ਜੋ ਪਰਮੇਸ਼ੁਰ ਤੋਂ ਡਰਦਾ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ ਭਾਵੇਂ ਤੂੰ ਮੈਨੂੰ ਉਕਸਾਇਆ ਕਿ ਮੈਂ ਬਿਨ੍ਹਾਂ ਕਾਰਨ ਉਸ ਨੂੰ ਨਾਸ ਕਰਾਂ, ਪਰ ਫਿਰ ਵੀ ਅੱਜ ਤੱਕ ਉਹ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ ।" 4ਸ਼ੈਤਾਨ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, "ਖੱਲ ਦੇ ਬਦਲੇ ਖੱਲ, ਸਗੋਂ ਮਨੁੱਖ ਆਪਣਾ ਸਭ ਕੁਝ ਆਪਣੀ ਜਾਨ ਦੇ ਬਦਲੇ ਦੇ ਦੇਵੇਗਾ । 5ਆਪਣਾ ਹੱਥ ਵਧਾ ਕੇ ਉਸ ਦੀ ਹੱਡੀ ਅਤੇ ਉਸ ਦੇ ਮਾਸ ਨੂੰ ਛੂਹ ਤਾਂ ਉਹ ਤੇਰੇ ਮੂੰਹ ਉੱਤੇ ਤੇਰੀ ਨਿੰਦਿਆ ਕਰੇਗਾ ।" 6ਯਹੋਵਾਹ ਨੇ ਸ਼ੈਤਾਨ ਨੂੰ ਆਖਿਆ, "ਵੇਖ, ਉਹ ਤੇਰੇ ਹੱਥ ਵਿੱਚ ਹੈ ਪਰ ਉਸ ਦੇ ਪ੍ਰਾਣਾਂ ਨੂੰ ਬਚਾਈ ਰੱਖੀਂ ।"

7ਤਦ ਸ਼ੈਤਾਨ ਯਹੋਵਾਹ ਦੇ ਅੱਗੋਂ ਚਲਿਆ ਗਿਆ ਅਤੇ ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪੜੀ ਤੱਕ ਬੁਰੇ ਫੋੜਿਆਂ ਨਾਲ ਮਾਰਿਆ । 8ਤਦ ਅੱਯੂਬ ਨੇ ਇੱਕ ਠੀਕਰਾ ਲਿਆ ਕਿ ਆਪਣੇ ਆਪ ਨੂੰ ਉਹ ਦੇ ਨਾਲ ਖੁਰਕੇ ਅਤੇ ਸੁਆਹ ਦੇ ਵਿੱਚ ਬੈਠ ਗਿਆ । 9ਉਸ ਦੀ ਪਤਨੀ ਨੇ ਉਸ ਨੂੰ ਆਖਿਆ, "ਕੀ ਤੂੰ ਅਜੇ ਵੀ ਆਪਣੀ ਖਰਿਆਈ ਵਿੱਚ ਬਣਿਆ ਹੋਇਆ ਹੈ ? ਪਰਮੇਸ਼ੁਰ ਦੀ ਨਿੰਦਿਆ ਕਰ ਅਤੇ ਮਰ ਜਾ !"

10ਪਰ ਉਸ ਨੇ ਉਹ ਨੂੰ ਆਖਿਆ, "ਤੂੰ ਇੱਕ ਮੂਰਖ ਇਸਤਰੀ ਦੀ ਤਰ੍ਹਾਂ ਗੱਲ ਕਰਦੀ ਹੈਂ ! ਕੀ ਅਸੀਂ ਚੰਗਾ-ਚੰਗਾ ਤਾਂ ਪਰਮੇਸ਼ੁਰ ਕੋਲੋਂ ਲਈਏ ਅਤੇ ਬੁਰਾ ਨਾ ਲਈਏ ?" ਇਹਨਾਂ ਸਾਰੀਆਂ ਗੱਲਾਂ ਵਿੱਚ ਅੱਯੂਬ ਨੇ ਆਪਣੇ ਮੂੰਹ ਨਾਲ ਕੋਈ ਪਾਪ ਨਾ ਕੀਤਾ ।

ਅੱਯੂਬ ਦੇ ਮਿੱਤਰਾਂ ਦਾ ਆਉਣਾ

11ਜਦ ਅੱਯੂਬ ਦੇ ਤਿੰਨਾਂ ਮਿੱਤਰਾਂ ਨੇ ਅਰਥਾਤ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਨੇ ਇਹ ਸਾਰੀ ਬਿਪਤਾ ਦੀ ਖ਼ਬਰ ਸੁਣੀ, ਜਿਹੜੀ ਉਹ ਦੇ ਉੱਤੇ ਆ ਪਈ ਸੀ, ਤਦ ਉਹ ਆਪਸ ਵਿੱਚ ਸਲਾਹ ਕਰਕੇ ਆਪੋ ਆਪਣੇ ਥਾਂ ਤੋਂ ਚੱਲੇ ਅਤੇ ਇਕੱਠੇ ਹੋਏ ਕਿ ਉਹ ਦਾ ਦੁੱਖ ਵੰਡਾਉਣ ਅਤੇ ਉਹ ਨੂੰ ਦਿਲਾਸਾ ਦੇਣ । 12ਜਦ ਉਨ੍ਹਾਂ ਨੇ ਦੂਰ ਤੋਂ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਅਤੇ ਉਸ ਨੂੰ ਨਾ ਪਛਾਣ ਸਕੇ, ਤਦ ਉਹ ਉੱਚੀ-ਉੱਚੀ ਰੋਣ ਲੱਗ ਪਏ ਅਤੇ ਦੁਖੀ ਹੋ ਕੇ ਆਪਣੇ-ਆਪਣੇ ਕੱਪੜੇ ਪਾੜ ਲਏ ਅਤੇ ਅਕਾਸ਼ ਵੱਲ ਉਡਾ ਕੇ ਆਪਣੇ ਸਿਰਾਂ ਉੱਤੇ ਸੁਆਹ ਪਾਈ । 13ਉਹ ਸੱਤ ਦਿਨ ਅਤੇ ਸੱਤ ਰਾਤ ਜ਼ਮੀਨ ਉੱਤੇ ਉਸ ਦੇ ਨਾਲ ਬੈਠੇ ਰਹੇ, ਪਰ ਕਿਸੇ ਨੇ ਉਹ ਦੇ ਨਾਲ ਗੱਲ ਨਾ ਕੀਤੀ ਕਿਉਂ ਜੋ ਉਨ੍ਹਾਂ ਨੇ ਵੇਖਿਆ ਕਿ ਉਹ ਦੀ ਪੀੜ ਡਾਢੀ ਸੀ ।

3

ਅੱਯੂਬ ਦਾ ਆਪਣੇ ਪੈਦਾ ਹੋਣ ਦੇ ਦਿਨ ਨੂੰ ਫਿਟਕਾਰਨਾ

1ਇਹ ਦੇ ਬਾਅਦ, ਅੱਯੂਬ ਨੇ ਆਪਣਾ ਮੂੰਹ ਖੋਲ੍ਹ ਕੇ ਆਪਣੇ ਜੰਮਣ ਦੇ ਦਿਨ ਨੂੰ ਸਰਾਪ ਦਿੱਤਾ । 2ਅਤੇ ਅੱਯੂਬ ਆਖਣ ਲੱਗਾ,

3"ਨਾਸ ਹੋਵੇ ਉਹ ਦਿਨ ਜਿਸ ਦੇ ਵਿੱਚ ਮੈਂ ਜੰਮਿਆ ਸੀ, ਅਤੇ ਉਹ ਰਾਤ ਜਦੋਂ ਕਿਹਾ ਗਿਆ ਕਿ ਬੱਚਾ ਗਰਭ ਵਿੱਚ ਪਿਆ ! 4ਉਹ ਦਿਨ ਹਨੇਰਾ ਹੋ ਜਾਵੇ, ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ ! 5ਹਨੇਰ ਅਤੇ ਮੌਤ ਦਾ ਸਾਯਾ ਉਹ ਨੂੰ ਆਪਣਾ ਲੈਣ, ਉਹ ਦੇ ਉੱਤੇ ਬੱਦਲ ਛਾਇਆ ਰਹੇ, ਦਿਨ ਦਾ ਹਨੇਰਾ ਉਸ ਨੂੰ ਡਰਾਵੇ ! 6ਘੁੱਪ ਹਨੇਰਾ ਉਹ ਨੂੰ ਆ ਫੜ੍ਹੇ, ਉਹ ਸਾਲ ਦੇ ਦਿਨਾਂ ਵਿੱਚ ਅਨੰਦ ਨਾ ਮਨਾਵੇ , ਅਤੇ ਨਾ ਉਹ ਮਹੀਨਿਆਂ ਦੀ ਗਿਣਤੀ ਵਿੱਚ ਆਵੇ ! 7ਵੇਖੋ, ਉਹ ਰਾਤ ਬਾਂਝ ਰਹਿ ਜਾਵੇ, ਉਸ ਵਿੱਚ ਕੋਈ ਜੈਕਾਰੇ ਦੀ ਗੂੰਜ ਸੁਣਾਈ ਨਾ ਦੇਵੇ ! 8ਦਿਨ ਨੂੰ ਫਿਟਕਾਰਣ ਵਾਲੇ ਅਤੇ ਜਿਹੜੇ ਲਿਵਯਾਥਾਨ ਨੂੰ ਛੇੜਨ ਵਿੱਚ ਨਿਪੁੰਨ ਹਨ, ਉਸ ਦਿਨ ਨੂੰ ਫਿਟਕਾਰਣ ! 9ਉਹ ਦੇ ਸ਼ਾਮ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਵੇਖੇ, 10ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਨੂੰ ਬੰਦ ਨਾ ਕੀਤਾ, ਅਤੇ ਨਾ ਕਸ਼ਟ ਨੂੰ ਮੇਰੀਆਂ ਅੱਖਾਂ ਤੋਂ ਛੁਪਾਇਆ !

11ਮੈਂ ਕੁੱਖ ਵਿੱਚ ਹੀ ਕਿਉਂ ਨਾ ਮਰ ਗਿਆ, ਪੇਟ ਵਿੱਚੋਂ ਨਿੱਕਲਦਿਆਂ ਹੀ ਮੈਂ ਪ੍ਰਾਣ ਕਿਉਂ ਨਾ ਛੱਡ ਦਿੱਤੇ ? 12ਗੋਡਿਆਂ ਨੇ ਮੈਨੂੰ ਕਿਉਂ ਕਬੂਲ ਕੀਤਾ, ਅਤੇ ਦੁੱਧੀਆਂ ਨੂੰ ਮੈਂ ਕਿਉਂ ਚੁੰਘ ਸਕਿਆ ? 13ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ, ਮੈਂ ਸੁੱਤਾ ਹੁੰਦਾ ਅਤੇ ਮੈਨੂੰ ਅਰਾਮ ਮਿਲਦਾ, 14ਮੈਂ ਧਰਤੀ ਦੇ ਉਨ੍ਹਾਂ ਰਾਜਿਆਂ ਅਤੇ ਹਾਕਮਾਂ ਨਾਲ ਹੁੰਦਾ, ਜਿਹੜੇ ਆਪਣੇ ਲਈ ਕਬਰਾਂ ਨੂੰ ਉਸਾਰਦੇ ਹਨ, 15ਜਾਂ ਉਨ੍ਹਾਂ ਰਾਜਕੁਮਾਰਾਂ ਨਾਲ ਹੁੰਦਾ, ਜਿਨ੍ਹਾਂ ਦੇ ਕੋਲ ਸੋਨਾ ਸੀ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰਿਆ ਸੀ । 16ਜਾਂ ਮੈਂ ਸਮੇਂ ਤੋਂ ਪਹਿਲਾਂ ਜੰਮੇ ਹੋਏ ਬੱਚੇ ਵਾਂਗੂੰ ਹੁੰਦਾ, ਜਾਂ ਅਜਿਹੇ ਬੱਚਿਆਂ ਵਾਂਗੂੰ ਜਿਨ੍ਹਾਂ ਨੇ ਚਾਨਣਾ ਕਦੀ ਵੇਖਿਆ ਹੀ ਨਹੀਂ । 17ਉੱਥੇ ਦੁਸ਼ਟ ਦੁੱਖ ਦੇਣ ਤੋਂ ਰੁੱਕ ਜਾਂਦੇ ਹਨ, ਉੱਥੇ ਥੱਕੇ-ਮਾਂਦੇ ਅਰਾਮ ਪਾਉਂਦੇ ਹਨ । 18ਬੰਦੀ ਇੱਕਠੇ ਹੋ ਕੇ ਸ਼ਾਂਤੀ ਨਾਲ ਰਹਿੰਦੇ ਹਨ, ਉਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ । 19ਛੋਟੇ ਅਤੇ ਵੱਡੇ ਸਾਰੇ ਉੱਥੇ ਰਹਿੰਦੇ ਹਨ, ਅਤੇ ਦਾਸ ਆਪਣੇ ਮਾਲਕ ਤੋਂ ਅਜ਼ਾਦ ਹੈ ।

20ਦੁਖਿਆਰਾਂ ਨੂੰ ਚਾਨਣ ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ ? 21ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ, ਜਿਹੜੇ ਦੱਬੇ ਹੋਏ ਖ਼ਜ਼ਾਨਿਆਂ ਤੋਂ ਵੱਧ ਉਹ ਦੀ ਖੋਜ ਕਰਦੇ ਹਨ, 22ਜਿਹੜੇ ਵਧੇਰੇ ਅਨੰਦ ਹੁੰਦੇ, ਅਤੇ ਖ਼ੁਸ਼ੀ ਮਨਾਉਂਦੇ ਹਨ, ਜਦ ਉਹ ਕਬਰ ਨੂੰ ਪਾ ਲੈਂਦੇ ਹਨ, 23ਉਸ ਪੁਰਖ ਨੂੰ ਵੀ ਚਾਨਣ ਕਿਉਂ ਮਿਲਦਾ ਹੈ ਜਿਸ ਦਾ ਰਾਹ ਲੁਕਿਆ ਹੋਇਆ ਹੈ, ਅਤੇ ਜਿਸ ਦੇ ਚੁਫ਼ੇਰੇ ਪਰਮੇਸ਼ੁਰ ਨੇ ਵਾੜ ਲਾਈ ਹੋਈ ਹੈ ? 24ਕਿਉਂਕਿ ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹਾਉਂਕੇ ਨਿੱਕਲਦੇ ਹਨ, ਅਤੇ ਮੇਰਾ ਵਿਰਲਾਪ ਪਾਣੀ ਵਾਂਗੂੰ ਵਗਦਾ ਹੈ । 25ਜਿਸ ਗੱਲ ਤੋਂ ਮੈਂ ਡਰਦਾ ਹਾਂ, ਉਹ ਮੇਰੇ ਉੱਤੇ ਆ ਪੈਂਦੀ ਹੈ, ਅਤੇ ਜਿਸ ਤੋਂ ਮੈਂ ਭੈ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦੀ ਹੈ । 26ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਅਰਾਮ ਹੈ, ਸਗੋਂ ਬੇਚੈਨੀ ਹੀ ਬੇਚੈਨੀ ਹੈ ।"

4

ਪਹਿਲੀ ਗੱਲਬਾਤ (4:1-14:22)

ਅਲੀਫ਼ਜ਼ ਦਾ ਤਰਕ

1ਤਦ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, 2"ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਦਲੇਰੀ ਕਰੇ, ਤਾਂ ਕੀ ਤੂੰ ਬੁਰਾ ਮੰਨੇਗਾ ? ਪਰ ਬੋਲਣ ਤੋਂ ਕੌਣ ਆਪਣੇ ਆਪ ਨੂੰ ਰੋਕ ਸਕਦਾ ਹੈ ? 3ਵੇਖ, ਤੂੰ ਬਹੁਤਿਆਂ ਨੂੰ ਸਿਖਾਇਆ, ਅਤੇ ਢਿੱਲੇ ਹੱਥਾਂ ਨੂੰ ਤੂੰ ਤਕੜਾ ਕੀਤਾ । 4ਤੇਰੀਆਂ ਗੱਲਾਂ ਨੇ ਡਗਮਗਾਉਂਦੇ ਨੂੰ ਥੰਮ੍ਹਿਆ, ਅਤੇ ਤੂੰ ਕੰਬਦੇ ਗੋਡਿਆਂ ਨੂੰ ਮਜ਼ਬੂਤ ਕੀਤਾ, 5ਪਰ ਹੁਣ ਬਿਪਤਾ ਤੇਰੇ ਉੱਤੇ ਆ ਪਈ ਅਤੇ ਤੂੰ ਨਿਰਾਸ਼ ਹੋ ਗਿਆ ਹੈਂ, ਉਹ ਨੇ ਤੈਨੂੰ ਛੂਹਿਆ ਅਤੇ ਤੂੰ ਘਬਰਾ ਉੱਠਿਆ । 6ਭਲਾ, ਪਰਮੇਸ਼ੁਰ ਦਾ ਡਰ ਤੇਰਾ ਆਸਰਾ ਨਹੀਂ ਹੈ ? ਅਤੇ ਤੇਰੇ ਰਾਹਾਂ ਦੀ ਖਰਿਆਈ ਤੇਰੀ ਆਸ ਨਹੀਂ ?

7ਇਸ ਉੱਤੇ ਵਿਚਾਰ ਕਰ, ਕੀ ਕੋਈ ਨਿਰਦੋਸ਼ ਕਦੇ ਨਾਸ ਹੋਇਆ ਹੈ, ਜਾਂ ਨੇਕ ਜਨ ਕਦੇ ਮਿਟਾਏ ਗਏ ? 8ਮੇਰੇ ਵੇਖਣ ਵਿੱਚ ਤਾਂ ਜੋ ਪਾਪ ਅਤੇ ਦੁੱਖ ਦਾ ਬੀਜ ਬੀਜਦੇ ਹਨ, ਉਹੋ ਉਸ ਨੂੰ ਵੱਢਦੇ ਹਨ । 9ਪਰਮੇਸ਼ੁਰ ਦੇ ਸਾਹ ਨਾਲ ਉਹ ਨਾਸ ਹੋ ਜਾਂਦੇ, ਅਤੇ ਉਹ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ । 10ਬੱਬਰ ਸ਼ੇਰ ਦਾ ਗੱਜਣਾ ਅਤੇ ਘਾਤਕ ਸ਼ੇਰ ਦੀ ਦਹਾੜਨਾ ਬੰਦ ਹੋ ਜਾਂਦਾ ਹੈ, ਅਤੇ ਜੁਆਨ ਸ਼ੇਰਾਂ ਦੇ ਦੰਦ ਭੰਨੇ ਜਾਂਦੇ ਹਨ । 11ਬੁੱਢਾ ਸ਼ੇਰ ਸ਼ਿਕਾਰ ਦੀ ਥੁੜ ਕਾਰਨ ਨਾਸ ਹੋ ਜਾਂਦਾ ਹੈ, ਅਤੇ ਸ਼ੇਰਨੀ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ ।

12ਇੱਕ ਗੱਲ ਚੋਰੀ-ਛੁੱਪੇ ਮੇਰੇ ਕੋਲ ਪਹੁੰਚਾਈ ਗਈ, ਅਤੇ ਉਹ ਦੀ ਭਣਕ ਮੇਰੇ ਕੰਨਾਂ ਵਿੱਚ ਆਈ, 13ਰਾਤ ਦੇ ਸੁਫਨਿਆਂ ਦੀਆਂ ਚਿੰਤਾਵਾਂ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਪੈਂਦੀ ਹੈ, 14ਡਰ ਅਤੇ ਕਾਂਬਾ ਮੇਰੇ ਉੱਤੇ ਆ ਪਏ, ਜਿਨ੍ਹਾਂ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਹਿਲਾ ਦਿੱਤਾ ! 15ਇੱਕ ਰੂਹ ਮੇਰੇ ਮੂੰਹ ਅੱਗੋਂ ਦੀ ਲੰਘੀ, ਮੇਰੇ ਸਰੀਰ ਦੀ ਲੂਈਂ ਖੜ੍ਹੀ ਹੋ ਗਈ ! 16ਉਹ ਖੜ੍ਹੀ ਹੋ ਗਈ ਪਰ ਮੈਂ ਉਹ ਦੀ ਸ਼ਕਲ ਪਛਾਣ ਨਾ ਸਕਿਆ, ਕੋਈ ਰੂਪ ਮੇਰੀਆਂ ਅੱਖਾਂ ਦੇ ਅੱਗੇ ਸੀ, ਪਹਿਲਾਂ ਖ਼ਾਮੋਸ਼ੀ ਰਹੀ, ਫੇਰ ਮੈਂ ਇੱਕ ਅਵਾਜ਼ ਸੁਣੀ । 17ਕੀ ਨਾਸਵਾਨ ਮਨੁੱਖ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੈ, ਜਾਂ ਕੀ ਇੱਕ ਮਨੁੱਖ ਆਪਣੇ ਸਿਰਜਣਹਾਰ ਨਾਲੋਂ ਜ਼ਿਆਦਾ ਪਵਿੱਤਰ ਹੈ ? 18ਵੇਖ, ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਦੋਸ਼ੀ ਠਹਿਰਾਉਂਦਾ ਹੈ, 19ਤਾਂ ਫਿਰ ਉਹ ਕੀ ਹਨ ਜਿਹੜੇ ਕੱਚੇ ਘਰਾਂ ਵਿੱਚ ਵੱਸਦੇ ਹਨ, ਜਿਨ੍ਹਾਂ ਦੀਆਂ ਨੀਂਹਾਂ ਮਿੱਟੀ ਵਿੱਚ ਹਨ, ਜਿਹੜੇ ਪਤੰਗੇ ਦੀ ਤਰ੍ਹਾਂ ਪੀਹੇ ਜਾਂਦੇ ਹਨ । 20ਸਵੇਰ ਤੋਂ ਸ਼ਾਮ ਤੱਕ ਉਹ ਟੁੱਕੜੇ-ਟੁੱਕੜੇ ਹੋ ਜਾਂਦੇ ਹਨ, ਕੋਈ ਉਨ੍ਹਾਂ ਦਾ ਵਿਚਾਰ ਵੀ ਨਹੀਂ ਕਰਦਾ ਅਤੇ ਉਹ ਸਦਾ ਲਈ ਨਾਸ ਹੋ ਜਾਂਦੇ ਹਨ । 21ਕੀ ਉਨ੍ਹਾਂ ਦੇ ਤੰਬੂ ਦਾ ਕਿੱਲਾ ਉਨ੍ਹਾਂ ਦੇ ਵਿੱਚ ਪੁੱਟਿਆ ਨਹੀਂ ਜਾਂਦਾ ? ਉਹ ਬੁੱਧ ਤੋਂ ਬਿਨ੍ਹਾਂ ਹੀ ਮਰ ਜਾਂਦੇ ਹਨ ।"

5

1"ਜ਼ਰਾ ਪੁਕਾਰ ਕੇ ਵੇਖ, ਕੀ ਕੋਈ ਹੈ ਜੋ ਤੈਨੂੰ ਉੱਤਰ ਦੇਵੇਗਾ ! ਜਾਂ ਪਵਿੱਤਰਾਂ ਵਿੱਚੋਂ ਤੂੰ ਕਿਸ ਦੇ ਵੱਲ ਮੂੰਹ ਕਰੇਂਗਾ ? 2ਕੁੜ੍ਹਨਾ ਤਾਂ ਮੂਰਖ ਨੂੰ ਵੱਢ ਸੁੱਟਦਾ ਹੈ ਅਤੇ ਜਲਣ ਭੋਲਿਆਂ-ਭਾਲਿਆਂ ਨੂੰ ਮਾਰ ਸੁੱਟਦੀ ਹੈ । 3ਮੈਂ ਮੂਰਖ ਨੂੰ ਜੜ੍ਹ ਫੜ੍ਹਦੇ ਵੇਖਿਆ ਹੈ, ਪਰ ਅਚਾਨਕ ਮੈਂ ਉਹ ਦੇ ਨਿਵਾਸ-ਸਥਾਨ ਨੂੰ ਫਿਟਕਾਰਿਆ । 4ਉਹ ਦੇ ਬੱਚੇ ਸੁਰੱਖਿਆ ਤੋਂ ਦੂਰ ਹਨ, ਅਤੇ ਫਾਟਕ ਵਿੱਚ ਮਿੱਧੇ ਜਾਂਦੇ ਹਨ, ਅਤੇ ਉਹਨਾਂ ਦਾ ਛੁਡਾਉਣ ਵਾਲਾ ਕੋਈ ਨਹੀਂ ਹੁੰਦਾ, 5ਮੂਰਖਾਂ ਦੀ ਫ਼ਸਲ ਭੁੱਖੇ ਲੋਕ ਖਾ ਲੈਂਦੇ ਹਨ, ਸਗੋਂ ਕੰਡਿਆਂ ਵਿਚੋਂ ਵੀ ਕੱਢ ਲੈਂਦੇ ਹਨ, ਅਤੇ ਪਿਆਸਾ ਉਨ੍ਹਾਂ ਦੇ ਮਾਲ-ਧਨ ਨੂੰ ਫਾਹੀ ਲਾਉਂਦਾ ਹੈ, 6ਦੁੱਖ ਤਾਂ ਮਿੱਟੀ ਵਿੱਚੋਂ ਨਹੀਂ ਨਿੱਕਲਦਾ, ਨਾ ਕਸ਼ਟ ਭੂਮੀ ਵਿੱਚੋਂ ਉੱਗਦਾ ਹੈ, 7ਜਿਵੇਂ ਚਿੰਗਿਆੜੇ ਉਤਾਹਾਂ ਉੱਡਦੇ ਹਨ, ਤਿਵੇਂ ਹੀ ਮਨੁੱਖ ਕਸ਼ਟ ਭੋਗਣ ਲਈ ਹੀ ਜੰਮਦਾ ਹੈ ।

8ਪਰ ਮੈਂ ਤਾਂ ਪਰਮੇਸ਼ੁਰ ਦਾ ਖੋਜੀ ਰਹਾਂਗਾ, ਅਤੇ ਆਪਣਾ ਮੁਕੱਦਮਾ ਪਰਮੇਸ਼ੁਰ ਨੂੰ ਸੌਂਪ ਦੇਵਾਂਗਾ, 9ਜਿਹੜਾ ਵੱਡੇ-ਵੱਡੇ ਅਥਾਹ ਕੰਮ ਅਤੇ ਅਣਗਿਣਤ ਅਚਰਜ ਕਰਦਾ ਹੈ, 10ਜਿਹੜਾ ਮੀਂਹ ਧਰਤੀ ਉੱਤੇ ਪਾਉਂਦਾ ਹੈ, ਅਤੇ ਖੇਤਾਂ ਉੱਤੇ ਪਾਣੀ ਵਰਸਾਉਂਦਾ ਹੈ, 11ਇਸ ਤਰ੍ਹਾਂ ਉਹ ਨੀਵਿਆਂ ਨੂੰ ਉੱਚਾ ਕਰਦਾ ਅਤੇ ਮਾਤਮ ਕਰਨ ਵਾਲੇ ਉਚਾਈ ਤੇ ਪਹੁੰਚਾ ਕੇ ਬਚਾਏ ਜਾਂਦੇ ਹਨ । 12ਉਹ ਚਲਾਕਾਂ ਦੀਆਂ ਯੋਜਨਾਵਾਂ ਨੂੰ ਵਿਅਰਥ ਕਰ ਦਿੰਦਾ ਹੈ, ਅਤੇ ਉਹਨਾਂ ਦੇ ਹੱਥ ਸਫ਼ਲ ਨਹੀਂ ਹੁੰਦੇ । 13ਉਹ ਬੁੱਧਵਾਨਾਂ ਨੂੰ ਉਹਨਾਂ ਦੀ ਚਤੁਰਾਈ ਵਿੱਚ ਫਸਾਉਂਦਾ ਹੈ ਅਤੇ ਛਲ ਕਰਨ ਵਾਲਿਆਂ ਦੀ ਸਲਾਹ ਛੇਤੀ ਮਿਟ ਜਾਂਦੀ ਹੈ । 14ਦਿਨ ਵੇਲੇ ਉਨ੍ਹਾਂ ਉੱਤੇ ਹਨੇਰਾ ਛਾ ਜਾਂਦਾ ਹੈ, ਅਤੇ ਦੁਪਹਿਰ ਨੂੰ ਉਹ ਰਾਤ ਦੀ ਤਰ੍ਹਾਂ ਟੋਹੰਦੇ ਫਿਰਦੇ ਹਨ । 15ਪਰ ਉਹ ਕੰਗਾਲਾਂ ਨੂੰ ਉਨ੍ਹਾਂ ਦੇ ਮੂੰਹ ਦੀ ਤਲਵਾਰ ਤੋਂ ਅਤੇ ਤਕੜੇ ਦੇ ਹੱਥਾਂ ਤੋਂ ਬਚਾਉਂਦਾ ਹੈ । 16ਇਸ ਕਾਰਨ ਗਰੀਬ ਲਈ ਆਸ ਹੁੰਦੀ ਹੈ, ਅਤੇ ਬਦਕਾਰਾਂ ਦਾ ਮੂੰਹ ਬੰਦ ਹੋ ਜਾਂਦਾ ਹੈ ।

17ਵੇਖ, ਧੰਨ ਉਹ ਮਨੁੱਖ ਹੈ ਜਿਸ ਨੂੰ ਪਰਮੇਸ਼ੁਰ ਦਬਕਾਉਂਦਾ ਹੈ, ਇਸ ਲਈ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ । 18ਕਿਉਂਕਿ ਉਹ ਹੀ ਘਾਇਲ ਕਰਦਾ, ਅਤੇ ਫੇਰ ਪੱਟੀ ਬੰਨ੍ਹਦਾ ਹੈ, ਉਹ ਹੀ ਸੱਟ ਮਾਰਦਾ ਹੈ ਅਤੇ ਫੇਰ ਉਹ ਦੇ ਹੱਥ ਚੰਗਾ ਵੀ ਕਰਦੇ ਹਨ । 19ਛੇਆਂ ਬਿਪਤਾਂ ਤੋਂ ਉਹ ਤੈਨੂੰ ਛੁਡਾਵੇਗਾ, ਸਗੋਂ ਸੱਤ ਵਿੱਚੋਂ ਵੀ ਕੋਈ ਬਦੀ ਤੈਨੂੰ ਨਾ ਛੂਹੇਗੀ । 20ਕਾਲ ਵਿੱਚ ਉਹ ਤੈਨੂੰ ਮੌਤ ਤੋਂ, ਅਤੇ ਲੜਾਈ ਵਿੱਚ ਤਲਵਾਰ ਦੀ ਧਾਰ ਤੋਂ ਤੈਨੂੰ ਛੁਟਕਾਰਾ ਦੇਵੇਗਾ । 21ਤੂੰ ਜੀਭ ਰੂਪੀ ਕੋਰੜੇ ਤੋਂ ਬਚਾਇਆ ਜਾਵੇਂਗਾ ਅਤੇ ਜਦ ਤਬਾਹੀ ਆਵੇਗੀ ਤਦ ਤੂੰ ਉਸ ਤੋਂ ਨਾ ਡਰੇਂਗਾ । 22ਤਬਾਹੀ ਅਤੇ ਕਾਲ ਦੇ ਦਿਨਾਂ ਉੱਤੇ ਤੂੰ ਹੱਸੇਂਗਾ, ਅਤੇ ਜੰਗਲੀ ਜਾਨਵਰਾਂ ਤੋਂ ਤੂੰ ਨਾ ਡਰੇਂਗਾ, 23ਸਗੋਂ ਮੈਦਾਨ ਦੇ ਪੱਥਰ ਵੀ ਤੇਰੇ ਨਾਲ ਨੇਮ ਬੰਨ੍ਹਣਗੇ, ਅਤੇ ਮੈਦਾਨ ਦੇ ਜਾਨਵਰ ਤੇਰੇ ਨਾਲ ਮੇਲ ਰੱਖਣਗੇ । 24ਤਦ ਤੂੰ ਜਾਣੇਂਗਾ ਕਿ ਤੇਰਾ ਤੰਬੂ ਸਲਾਮਤ ਹੈ, ਜਦ ਤੂੰ ਆਪਣਾ ਨਿਵਾਸ-ਸਥਾਨ ਵੇਖੇਂਗਾ, ਤਦ ਕੋਈ ਚੀਜ਼ ਗੁਆਚੀ ਹੋਈ ਨਾ ਹੋਵੇਗੀ । 25ਤੂੰ ਇਹ ਵੀ ਜਾਣੇਂਗਾ ਕਿ ਤੇਰੀ ਅੰਸ ਬਹੁਤ ਹੋਵੇਗੀ, ਸਗੋਂ ਤੇਰੀ ਸੰਤਾਨ ਧਰਤੀ ਦੀ ਘਾਹ ਦੇ ਸਮਾਨ ਹੋਵੇਗੀ । 26ਤੂੰ ਆਪਣੀ ਪੂਰੀ ਉਮਰ ਭੋਗ ਕੇ ਕਬਰ ਵਿੱਚ ਜਾਵੇਂਗਾ, ਜਿਵੇਂ ਅੰਨ ਦੀਆਂ ਭਰੀਆਂ ਸਮੇਂ ਸਿਰ ਭੰਡਾਰਾਂ ਵਿੱਚ ਰੱਖੀਆਂ ਜਾਂਦੀਆਂ ਹਨ ।

27ਵੇਖ, ਅਸੀਂ ਇਹ ਨੂੰ ਖੋਜਿਆ ਅਤੇ ਇਹ ਇਸੇ ਤਰ੍ਹਾਂ ਹੀ ਹੈ, ਤੂੰ ਇਹ ਨੂੰ ਸੁਣ ਅਤੇ ਆਪਣੇ ਲਾਭ ਦੇ ਲਈ ਧਿਆਨ ਵਿੱਚ ਰੱਖ ।"

6

ਅੱਯੂਬ ਦਾ ਅਲੀਫ਼ਜ਼ ਨੂੰ ਉੱਤਰ

1ਫਿਰ ਅੱਯੂਬ ਨੇ ਉੱਤਰ ਦੇ ਕੇ ਆਖਿਆ, 2"ਭਲਾ ਹੁੰਦਾ ਜੋ ਮੇਰੀ ਤਕਲੀਫ਼ ਚੰਗੀ ਤਰ੍ਹਾਂ ਤੋਲੀ ਜਾਂਦੀ ਅਤੇ ਮੇਰੀ ਸਾਰੀ ਬਿਪਤਾ ਤੱਕੜੀ ਵਿੱਚ ਰੱਖੀ ਜਾਂਦੀ ! 3ਕਿਉਂਕਿ ਉਹ ਸਮੁੰਦਰ ਦੀ ਰੇਤ ਨਾਲੋਂ ਵੀ ਭਾਰੀ ਠਹਿਰਦੀ, ਇਸ ਲਈ ਮੇਰੀਆਂ ਗੱਲਾਂ ਕਾਹਲ ਨਾਲ ਹੋਈਆਂ ਹਨ, 4ਕਿਉਂ ਜੋ ਸਰਬ ਸ਼ਕਤੀਮਾਨ ਦੇ ਤੀਰ ਮੈਨੂੰ ਲੱਗੇ ਹਨ, ਇਹਨਾਂ ਦਾ ਜ਼ਹਿਰ ਮੇਰਾ ਆਤਮਾ ਪੀਂਦਾ ਹੈ, ਪਰਮੇਸ਼ੁਰ ਦੇ ਖੌਫ਼ ਮੇਰੇ ਵਿੱਰੁਧ ਕਤਾਰਾਂ ਬੰਨ੍ਹੀ ਖੜ੍ਹੇ ਹਨ ! 5ਕੀ, ਜੰਗਲੀ ਗਧਾ ਘਾਹ ਉੱਤੇ ਹੀਂਗਦਾ ਹੈ ? ਕੀ ਬਲਦ ਆਪਣੇ ਪੱਠਿਆਂ ਉੱਤੇ ਅੜਿੰਗਦਾ ਹੈ ? 6ਕੀ, ਫਿੱਕੀ ਚੀਜ਼ ਲੂਣ ਤੋਂ ਬਿਨ੍ਹਾਂ ਖਾਈਦੀ ਹੈ ? ਕੀ ਆਂਡੇ ਦੀ ਸਫ਼ੇਦੀ ਵਿੱਚ ਕੋਈ ਸੁਆਦ ਹੈ ? 7ਜਿਹਨਾਂ ਵਸਤਾਂ ਨੂੰ ਮੈਂ ਛੂਹਣਾ ਵੀ ਨਹੀਂ ਚਾਹੁੰਦਾ ਉਹ ਹੀ ਮੇਰੇ ਲਈ ਘਿਣਾਉਣੀ ਰੋਟੀ ਠਹਿਰੀਆਂ ਹਨ ।

8ਕਾਸ਼ ਕਿ ਮੇਰੀਆਂ ਮੰਗਾਂ ਪੂਰੀਆਂ ਹੁੰਦੀਆਂ ਅਤੇ ਜਿਸ ਦੀ ਮੈਂ ਆਸ ਕਰਦਾ ਹਾਂ, ਪਰਮੇਸ਼ੁਰ ਉਹ ਹੀ ਮੈਨੂੰ ਦਿੰਦਾ ! 9ਕਿ ਪਰਮੇਸ਼ੁਰ ਨੂੰ ਇਹ ਭਾਵੇ ਕਿ ਉਹ ਮੈਨੂੰ ਕੁੱਚਲ ਸੁੱਟੇ, ਆਪਣਾ ਹੱਥ ਚਲਾ ਕੇ ਮੈਨੂੰ ਵੱਢ ਸੁੱਟੇ ! 10ਤਦ ਵੀ ਇਹ ਮੇਰੀ ਤਸੱਲੀ ਦਾ ਕਾਰਨ ਹੁੰਦੀ ਅਤੇ ਮੈਂ ਵੱਡੀ ਤੜਫਣ ਵਿੱਚ ਵੀ ਖੁਸ਼ੀ ਨਾਲ ਉੱਛਲ ਪੈਂਦਾ, ਕਿਉਂਕਿ ਮੈਂ ਪਵਿੱਤਰ ਪੁਰਖ ਦੇ ਬਚਨਾਂ ਦਾ ਕਦੀ ਇਨਕਾਰ ਨਹੀਂ ਕੀਤਾ ।

11ਮੇਰੇ ਵਿੱਚ ਕਿਹੜਾ ਬਲ ਜੋ ਮੈਂ ਆਸ ਰੱਖਾਂ, ਜਾਂ ਮੇਰਾ ਅੰਤ ਕੀ ਹੋਵੇਗਾ ਜੋ ਮੈਂ ਸਬਰ ਕਰਾਂ ? 12ਕੀ ਮੇਰਾ ਬਲ ਪੱਥਰਾਂ ਦਾ ਬਲ ਹੈ, ਜਾਂ ਮੇਰਾ ਸਰੀਰ ਪਿੱਤਲ ਦਾ ਹੈ ? 13ਕੀ ਆਪਣੀ ਸਹਾਇਤਾ ਕਰਨ ਦੀ ਸਮਰੱਥਾ ਮੇਰੇ ਵਿੱਚ ਹੈ, ਜਦ ਕਿ ਕਾਮਯਾਬੀ ਮੈਥੋਂ ਦੂਰ ਹਟਾਈ ਗਈ ਹੈ ?

14ਜੋ ਮਿੱਤਰ ਉੱਤੇ ਦਯਾ ਨਹੀਂ ਕਰਦਾ ਹੈ, ਉਹ ਸਰਬ ਸ਼ਕਤੀਮਾਨ ਦਾ ਡਰ ਮੰਨਣਾ ਵੀ ਛੱਡ ਦਿੰਦਾ ਹੈ । 15ਮੇਰੇ ਭਰਾ ਨਦੀ ਵਾਂਗੂੰ ਵਿਸ਼ਵਾਸਘਾਤੀ ਹਨ, ਉਨ੍ਹਾਂ ਨਦੀਆਂ ਦੀਆਂ ਧਾਰਾਂ ਵਾਂਗੂੰ ਜਿਹੜੀਆਂ ਦੂਰ ਵਗ ਜਾਂਦੀਆਂ ਹਨ, 16ਉਹ ਬਰਫ਼ ਦੇ ਕਾਰਨ ਕਾਲੇ ਹੋ ਜਾਂਦੇ ਹਨ, ਅਤੇ ਹਿਮ ਉਸ ਦੇ ਵਿੱਚ ਛੁੱਪੀ ਰਹਿੰਦੀ ਹੈ ! 17ਗਰਮੀ ਦੀ ਰੁੱਤ ਵਿੱਚ ਉਹ ਅਲੋਪ ਹੋ ਜਾਂਦੀਆਂ ਹਨ, ਧੁੱਪ ਪੈਂਦਿਆਂ ਹੀ ਉਹ ਆਪਣੇ ਥਾਵਾਂ ਵਿੱਚੋਂ ਗਾਇਬ ਹੋ ਜਾਂਦੀਆਂ ਹਨ, 18ਕਾਫ਼ਲੇ ਆਪਣੇ ਰਾਹਾਂ ਤੋਂ ਮੁੜ ਜਾਂਦੇ ਹਨ, ਉਹ ਸੁੰਨੇ ਥਾਂ ਵਿੱਚ ਜਾ ਕੇ ਨਾਸ ਹੋ ਜਾਂਦੇ ਹਨ । 19ਤੇਮਾ ਦੇ ਵਪਾਰੀ ਪਾਣੀ ਦੀ ਤਲਾਸ਼ ਕਰਦੇ ਹਨ, ਸ਼ੇਬਾ ਦੇ ਮੁਸਾਫ਼ਰ ਆਸ ਨਾਲ ਤੱਕਦੇ ਹਨ । 20ਤੇਮਾ ਦੇ ਕਾਫ਼ਲੇ ਵੇਖਦੇ ਰਹੇ, ਸਬਾ ਦੇ ਜੱਥੇ ਉਨ੍ਹਾਂ ਨੂੰ ਉਡੀਕਦੇ ਰਹੇ, 21ਹੁਣ ਤੁਸੀਂ ਮੇਰੇ ਲਈ ਅਜਿਹੇ ਹੀ ਹੋ, ਤੁਸੀਂ ਮੇਰੀ ਬਿਪਤਾ ਨੂੰ ਵੇਖ ਕੇ ਡਰ ਗਏ ਹੋ, 22ਕੀ ਮੈਂ ਆਖਿਆ, ਮੈਨੂੰ ਕੁਝ ਦਿਓ ? ਜਾਂ ਆਪਣੇ ਮਾਲ-ਧਨ ਵਿੱਚੋਂ ਮੈਨੂੰ ਰਿਸ਼ਵਤ ਦਿਓ ? 23ਜਾਂ ਵਿਰੋਧੀ ਦੇ ਹੱਥੋਂ ਮੈਨੂੰ ਛੁਡਾਓ, ਜਾਂ ਜ਼ਾਲਮਾਂ ਦੇ ਹੱਥੋਂ ਮੁੱਲ ਦੇ ਕੇ ਮੇਰਾ ਛੁਟਕਾਰਾ ਕਰਾਓ ?

24ਮੈਨੂੰ ਸਿਖਾਓ ਤਾਂ ਮੈਂ ਚੁੱਪ ਹੋ ਜਾਂਵਾਂਗਾ, ਜਿੱਥੇ ਮੇਰੇ ਤੋਂ ਭੁੱਲ ਹੋਈ ਮੈਨੂੰ ਸਮਝਾਓ । 25ਸਚਿਆਈ ਦੀਆਂ ਗੱਲਾਂ ਕਿੰਨੀਆਂ ਅਸਰ ਵਾਲੀਆਂ ਹੁੰਦੀਆਂ ਹਨ, ਪਰ ਤੁਹਾਡਾ ਝਿੜਕਣਾ ਕਿਹੜਾ ਝਿੜਕਣਾ ਹੈ ? 26ਕੀ ਤੁਸੀਂ ਮੇਰੀਆਂ ਗੱਲਾਂ ਨੂੰ ਸੁਧਾਰਨਾ ਚਾਹੁੰਦੇ ਹੋ ? ਪਰ ਨਿਰਾਸ਼ਾ ਦੀਆਂ ਗੱਲਾਂ ਹਵਾ ਹੀ ਹਨ ! 27ਹਾਂ, ਤੁਸੀਂ ਯਤੀਮਾਂ ਉੱਤੇ ਪਰਚੀਆਂ ਪਾਉਂਦੇ ਹੋ, ਅਤੇ ਆਪਣੇ ਦੋਸਤ ਦਾ ਸੌਦਾ ਕਰਦੇ ਹੋ ।

28ਹੁਣ ਤਾਂ ਕਿਰਪਾ ਕਰਕੇ ਮੇਰੇ ਵੱਲ ਮੂੰਹ ਕਰੋ, ਮੈਂ ਤੁਹਾਡੇ ਸਨਮੁਖ ਝੂਠ ਕਦੇ ਨਾ ਬੋਲਾਂਗਾ ! 29ਮੁੜੋ, ਕਿ ਬੇਇਨਸਾਫ਼ੀ ਨਾ ਹੋਵੇ, ਅਤੇ ਫੇਰ ਮੁੜੋ, ਮੈਂ ਉਸ ਵਿੱਚ ਧਰਮ ਉੱਤੇ ਹਾਂ । 30ਕੀ ਮੇਰੀ ਜੀਭ ਉੱਤੇ ਬੇਇਨਸਾਫ਼ੀ ਹੈ ? ਕੀ ਮੈਂ ਬੁਰਿਆਈ ਨੂੰ ਨਹੀਂ ਪਛਾਣ ਸਕਦਾ ?

7

1ਕੀ ਮਨੁੱਖ ਨੂੰ ਧਰਤੀ ਉੱਤੇ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀ ? ਅਤੇ ਉਹ ਦੇ ਦਿਨ ਮਜ਼ਦੂਰ ਦੇ ਦਿਨਾਂ ਦੀ ਤਰ੍ਹਾਂ ਨਹੀਂ ਹੁੰਦੇ ? 2ਜਿਵੇਂ ਕੋਈ ਦਾਸ ਛਾਂ ਨੂੰ ਲੋਚਦਾ ਹੈ, ਅਤੇ ਮਜ਼ਦੂਰ ਆਪਣੀ ਮਜ਼ਦੂਰੀ ਨੂੰ ਉਡੀਕਦਾ ਹੈ, 3ਤਿਵੇਂ ਮੈਂ ਅਨਰਥ ਦੇ ਮਹੀਨਿਆਂ ਦਾ ਮਾਲਕ ਬਣਾਇਆ ਗਿਆ ਹਾਂ, ਅਤੇ ਕਲੇਸ਼ ਦੀਆਂ ਰਾਤਾਂ ਮੇਰੇ ਲਈ ਠਹਿਰਾਈਆਂ ਗਈਆਂ ਹਨ । 4ਜਦ ਮੈਂ ਲੰਮਾ ਪੈਂਦਾ ਹਾਂ ਤਾਂ ਮੈਂ ਸੋਚਦਾ ਹਾਂ, ਮੈਂ ਕਦ ਉੱਠਾਂਗਾ ? ਪਰ ਰਾਤ ਲੰਮੀ ਹੁੰਦੀ ਹੈ, ਅਤੇ ਮੈਂ ਸਵੇਰ ਤੱਕ ਪਾਸੇ ਲੈਂਦਾ-ਲੈਂਦਾ ਥੱਕ ਜਾਂਦਾ ਹਾਂ । 5ਮੇਰਾ ਸਰੀਰ ਕੀੜਿਆਂ ਅਤੇ ਮਿੱਟੀ ਦੇ ਢੇਲਿਆਂ ਨਾਲ ਢੱਕਿਆ ਹੋਇਆ ਹੈ, ਮੇਰੀ ਚਮੜੀ ਆਕੜ ਜਾਂਦੀ, ਫਿਰ ਪੀਕ ਵਗ ਪੈਂਦੀ ਹੈ ।

6ਮੇਰੇ ਦਿਨ ਜੁਲਾਹੇ ਦੀ ਨਾਲ ਤੋਂ ਵੀ ਕਾਹਲੇ ਹਨ, ਅਤੇ ਆਸ ਤੋਂ ਬਿਨ੍ਹਾਂ ਬੀਤਦੇ ਜਾਂਦੇ ਹਨ । 7ਯਾਦ ਰੱਖ ਕਿ ਮੇਰਾ ਜੀਵਨ ਸਾਹ ਹੀ ਹੈ, ਮੇਰੀ ਅੱਖ ਫੇਰ ਭਲਿਆਈ ਨਹੀਂ ਵੇਖੇਗੀ ! 8ਜਿਹੜੀ ਅੱਖ ਮੈਨੂੰ ਹੁਣ ਵੇਖਦੀ ਹੈ, ਉਹ ਫੇਰ ਨਹੀਂ ਵੇਖੇਗੀ, ਤੇਰੀਆਂ ਅੱਖਾਂ ਮੇਰੇ ਉੱਤੇ ਹੋਣਗੀਆਂ ਪਰ ਮੈਂ ਨਾ ਹੋਵਾਂਗਾ । 9ਜਿਵੇਂ ਬੱਦਲ ਫੱਟ ਕੇ ਮੁੱਕ ਜਾਂਦਾ ਹੈ, ਤਿਵੇਂ ਉਹ ਜਿਹੜਾ ਪਤਾਲ ਵਿੱਚ ਉੱਤਰਦਾ ਹੈ, ਫਿਰ ਉੱਪਰ ਨਹੀਂ ਆਉਂਦਾ । 10ਉਹ ਆਪਣੇ ਘਰ ਨੂੰ ਫੇਰ ਨਹੀਂ ਮੁੜਦਾ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਪਛਾਣੇਗਾ ।

11ਇਸ ਲਈ ਮੈਂ ਆਪਣਾ ਮੂੰਹ ਬੰਦ ਨਾ ਕਰਾਂਗਾ, ਮੈਂ ਆਪਣੇ ਆਤਮਿਕ ਦੁੱਖ ਵਿੱਚ ਬੋਲਦਾ ਜਾਂਵਾਂਗਾ, ਮੈਂ ਆਪਣੀ ਜਾਨ ਦੀ ਕੁੜੱਤਣ ਵਿੱਚ ਸ਼ਿਕਾਇਤ ਕਰਦਾ ਰਹਾਂਗਾ । 12ਕੀ ਮੈਂ ਸਮੁੰਦਰ ਹਾਂ, ਜਾਂ ਜਲ ਜੰਤੂ, ਜੋ ਤੂੰ ਮੇਰੇ ਉੱਤੇ ਪਹਿਰਾ ਬਿਠਾਉਂਦਾ ਹੈਂ ? 13ਜਦ ਮੈਂ ਸੋਚਦਾ ਹਾਂ ਕਿ ਮੇਰੀ ਮੰਜੀ ਉੱਤੇ ਮੈਨੂੰ ਸ਼ਾਂਤੀ ਮਿਲੇਗੀ ਅਤੇ ਮੇਰੇ ਬਿਛੌਣੇ ਉੱਤੇ ਮੇਰਾ ਦੁੱਖ ਹਲਕਾ ਹੋਵੇਗਾ, 14ਤਦ ਤੂੰ ਮੈਨੂੰ ਸੁਫ਼ਨਿਆਂ ਨਾਲ ਘਬਰਾ ਦਿੰਦਾ ਹੈਂ, ਅਤੇ ਮੈਨੂੰ ਦਰਸ਼ਣਾਂ ਨਾਲ ਡਰਾ ਦਿੰਦਾ ਹੈਂ । 15ਇਸ ਲਈ ਮੇਰੀ ਜਾਨ ਫਾਂਸੀ ਨੂੰ ਅਤੇ ਮੇਰੀਆਂ ਹੱਡੀਆਂ ਮੌਤ ਨੂੰ ਜੀਵਨ ਤੋਂ ਵੱਧ ਚੁਣਦੀਆਂ ਹਨ ! 16ਮੈਂ ਤੁੱਛ ਹਾਂ, ਮੈਂ ਸਦਾ ਤੱਕ ਜੀਉਂਦਾ ਨਾ ਰਹਾਂਗਾ, ਮੈਨੂੰ ਛੱਡ ਦੇ ਕਿਉਂ ਜੋ ਮੇਰੇ ਦਿਨ ਸਾਹ ਦੀ ਤਰ੍ਹਾਂ ਹੀ ਹਨ !

17ਮਨੁੱਖ ਕੀ ਹੈ ਜੋ ਤੂੰ ਉਸ ਨੂੰ ਵਡਿਆਵੇਂ, ਅਤੇ ਆਪਣਾ ਦਿਲ ਉਸ ਉੱਤੇ ਲਾਵੇਂ ? 18ਅਤੇ ਹਰ ਸਵੇਰ ਉਸ ਦੀ ਖ਼ਬਰ ਲਵੇਂ, ਅਤੇ ਪਲ-ਪਲ ਤੇ ਉਸ ਨੂੰ ਜਾਂਚੇਂ ? 19ਤੂੰ ਕਦ ਤੱਕ ਮੇਰੀ ਵੱਲ ਵੇਖਣੋਂ ਨਾ ਹਟੇਂਗਾ ਅਤੇ ਮੈਨੂੰ ਨਾ ਛੱਡੇਂਗਾ ਜੋ ਮੈਂ ਆਪਣੀ ਥੁੱਕ ਨਿਗਲ ਲਵਾਂ ? 20ਹੇ ਮਨੁੱਖਾਂ ਦੇ ਰਾਖੇ, ਜੇ ਮੈਂ ਪਾਪ ਕੀਤਾ ਤਾਂ ਮੈਂ ਤੇਰਾ ਕੀ ਵਿਗਾੜਿਆ ਹੈ ? ਤੂੰ ਕਿਉਂ ਮੈਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਕਿ ਮੈਂ ਆਪਣੇ ਆਪ ਲਈ ਬੋਝ ਹੋ ਗਿਆ ਹਾਂ ? 21ਅਤੇ ਤੂੰ ਮੇਰਾ ਅਪਰਾਧ ਕਿਉਂ ਮਾਫ਼ ਨਹੀਂ ਕਰਦਾ, ਅਤੇ ਮੇਰੀ ਬਦੀ ਦੂਰ ਨਹੀਂ ਕਰਦਾ ? ਮੈਂ ਤਾਂ ਹੁਣ ਮਿੱਟੀ ਵਿੱਚ ਮਿਲ ਜਾਂਵਾਂਗਾ, ਤਦ ਤੂੰ ਮੈਨੂੰ ਢੂੰਡੇਂਗਾ, ਪਰ ਮੈਂ ਹੋਵਾਂਗਾ ਨਹੀਂ !"

8

ਬਿਲਦਦ ਦਾ ਤਰਕ

1ਤਦ ਬਿਲਦਦ ਸ਼ੂਹੀ ਨੇ ਆਖਿਆ, 2"ਤੂੰ ਕਦੋਂ ਤੱਕ ਇਨ੍ਹਾਂ ਗੱਲਾਂ ਨੂੰ ਕਰਦਾ ਰਹੇਂਗਾ ਅਤੇ ਤੇਰੇ ਮੂੰਹ ਦੀਆਂ ਗੱਲਾਂ ਇੱਕ ਤੂਫ਼ਾਨੀ ਹਵਾ ਵਰਗੀਆਂ ਹੋਣਗੀਆਂ ? 3ਕੀ ਪਰਮੇਸ਼ੁਰ ਨਿਆਂ ਨੂੰ ਵਿਗਾੜਦਾ ਹੈ, ਜਾਂ ਸਰਬ ਸ਼ਕਤੀਮਾਨ ਧਰਮ ਨੂੰ ਵਿਗਾੜਦਾ ਹੈ ? 4ਜੇ ਤੇਰੇ ਪੁੱਤਰਾਂ ਨੇ ਉਹ ਦਾ ਪਾਪ ਕੀਤਾ, ਤਦ ਉਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਅਪਰਾਧ ਦੇ ਵੱਸ ਵਿੱਚ ਕਰ ਦਿੱਤਾ । 5ਜੇ ਤੂੰ ਪਰਮੇਸ਼ੁਰ ਨੂੰ ਵੱਡੇ ਯਤਨ ਨਾਲ ਭਾਲਦਾ, ਅਤੇ ਸਰਬ ਸ਼ਕਤੀਮਾਨ ਅੱਗੇ ਬੇਨਤੀ ਕਰਦਾ, 6ਜੇ ਤੂੰ ਪਵਿੱਤਰ ਅਤੇ ਨੇਕ ਹੁੰਦਾ, ਤਦ ਹੁਣ ਉਹ ਤੇਰੇ ਲਈ ਜਾਗ ਉੱਠਦਾ, ਤੇਰੇ ਧਰਮ ਦੇ ਡੇਰੇ ਨੂੰ ਬਚਾਈ ਰੱਖਦਾ । 7ਭਾਵੇਂ ਤੇਰਾ ਹਿੱਸਾ ਥੋੜ੍ਹਾ ਹੀ ਰਿਹਾ ਹੋਵੇ, ਪਰ ਅੰਤ ਵਿੱਚ ਉਹ ਤੈਨੂੰ ਬਹੁਤ ਵਧਾਉਂਦਾ ।

8ਤੂੰ ਪਹਿਲੀ ਪੀੜ੍ਹੀ ਦੇ ਲੋਕਾਂ ਨੂੰ ਪੁੱਛ, ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇ, 9ਆਪਾਂ ਤਾਂ ਕੱਲ ਦੇ ਹਾਂ, ਅਤੇ ਕੁਝ ਨਹੀਂ ਜਾਣਦੇ ਕਿਉਂ ਜੋ ਸਾਡੇ ਦਿਨ ਧਰਤੀ ਉੱਤੇ ਪਰਛਾਵੇਂ ਵਰਗੇ ਹੀ ਹਨ । 10ਕੀ ਉਹ ਤੈਨੂੰ ਨਾ ਸਿਖਾਉਣਗੇ ਅਤੇ ਤੈਨੂੰ ਨਾ ਦੱਸਣਗੇ, ਅਤੇ ਆਪਣੇ ਦਿਲੋਂ ਗੱਲਾਂ ਬਾਹਰ ਨਾ ਲਿਆਉਣਗੇ ? 11ਕੀ, ਬਿਨ੍ਹਾਂ ਚਿੱਕੜ ਤੋਂ ਕਾਨਾ ਉੱਗੇਗਾ ? ਕੀ, ਬਿਨ੍ਹਾਂ ਪਾਣੀ ਤੋਂ ਸਰਕੰਡਾ ਵਧੇਗਾ ? 12ਭਾਵੇਂ ਉਹ ਹਰਾ ਹੋਵੇ, ਅਤੇ ਵੱਢਿਆ ਵੀ ਨਾ ਗਿਆ ਹੋਵੇ, ਤਾਂ ਵੀ ਉਹ ਦੂਜੇ ਘਾਹ ਨਾਲੋਂ ਛੇਤੀ ਸੁੱਕ ਜਾਂਦਾ ਹੈ । 13ਇਸੇ ਤਰ੍ਹਾਂ ਹੀ ਪਰਮੇਸ਼ੁਰ ਦੇ ਸਾਰੇ ਭੁੱਲਣ ਵਾਲਿਆਂ ਦੇ ਰਾਹ ਹਨ, ਅਤੇ ਅਧਰਮੀ ਦੀ ਆਸ ਟੁੱਟ ਜਾਂਦੀ ਹੈ । 14ਉਸ ਦੀ ਆਸ ਦਾ ਮੁੱਢ ਟੁੱਟ ਜਾਂਦਾ ਹੈ, ਅਤੇ ਜਿਸ ਉੱਤੇ ਉਹ ਭਰੋਸਾ ਕਰਦਾ ਹੈ ਉਹ ਮੱਕੜੀ ਦਾ ਜਾਲਾ ਠਹਿਰਦਾ ਹੈ । 15ਭਾਵੇਂ ਉਹ ਆਪਣੇ ਘਰ ਉੱਤੇ ਭਰੋਸਾ ਰੱਖੇ, ਪਰ ਉਹ ਖੜ੍ਹਾ ਨਹੀਂ ਰਹੇਗਾ, ਉਹ ਉਸ ਨੂੰ ਤਕੜਾਈ ਨਾਲ ਫੜ੍ਹ ਲਵੇਗਾ, ਪਰ ਉਹ ਕਾਇਮ ਨਹੀਂ ਰਹੇਗਾ । 16ਉਹ ਧੁੱਪ ਵਿੱਚ ਹਰਾ-ਭਰਾ ਹੋ ਜਾਂਦਾ ਹੈ, ਅਤੇ ਉਸ ਦੀਆਂ ਡਾਲੀਆਂ ਉਹ ਦੇ ਬਾਗ਼ ਉੱਤੇ ਫੈਲ ਜਾਂਦੀਆਂ ਹਨ । 17ਉਹ ਦੀਆਂ ਜੜ੍ਹਾਂ ਪੱਥਰਾਂ ਦੇ ਢੇਰ ਵਿੱਚ ਲਿਪਟੀਆਂ ਹੋਈਆਂ ਹਨ, ਉਹ ਪੱਥਰ ਦੇ ਘਰ ਨੂੰ ਲੱਭ ਲੈਂਦਾ ਹੈ । 18ਜੇ ਉਹ ਆਪਣੇ ਸਥਾਨ ਤੋਂ ਨਾਸ ਕੀਤਾ ਜਾਵੇ, ਤਾਂ ਉਹ ਇਹ ਆਖ ਕੇ ਉਸ ਦਾ ਇਨਕਾਰ ਕਰੇਗਾ ਕਿ ਮੈਂ ਇਸ ਨੂੰ ਵੇਖਿਆ ਹੀ ਨਹੀਂ । 19ਵੇਖ, ਉਸ ਦੀ ਖੁਸ਼ੀ ਰਾਤ ਭਰ ਲਈ ਹੁੰਦੀ ਹੈ ! ਫਿਰ ਦੂਜੇ ਉਸੇ ਮਿੱਟੀ ਵਿੱਚੋਂ ਨਿੱਕਲਣਗੇ ।

20ਵੇਖ, ਪਰਮੇਸ਼ੁਰ ਖਰੇ ਆਦਮੀ ਨੂੰ ਨਾ ਤਿਆਗੇਗਾ, ਅਤੇ ਨਾ ਬੁਰਿਆਰਾਂ ਦੇ ਹੱਥ ਨੂੰ ਥੰਮੇਗਾ । 21ਉਹ ਤੇਰੇ ਮੂੰਹ ਨੂੰ ਹਾਸੇ ਨਾਲ ਅਤੇ ਤੇਰੇ ਬੁੱਲ੍ਹਾਂ ਨੂੰ ਜੈਕਾਰਿਆਂ ਨਾਲ ਭਰੇਗਾ । 22ਤੇਰੇ ਵੈਰੀ ਸ਼ਰਮ ਦਾ ਲਿਬਾਸ ਪਹਿਨਣਗੇ, ਅਤੇ ਦੁਸ਼ਟਾਂ ਦਾ ਤੰਬੂ ਹੋਵੇਗਾ ਹੀ ਨਹੀਂ !"

9

ਅੱਯੂਬ ਦਾ ਬਿਲਦਦ ਨੂੰ ਉੱਤਰ

1ਅੱਯੂਬ ਨੇ ਉੱਤਰ ਦੇ ਕੇ ਆਖਿਆ, 2"ਮੈਂ ਸੱਚ-ਮੁੱਚ ਜਾਣਦਾ ਹਾਂ ਕਿ ਇਹ ਇਸ ਤਰ੍ਹਾਂ ਹੀ ਹੈ, ਪਰ ਮਨੁੱਖ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ ? 3ਜੇ ਉਹ ਉਸ ਦੇ ਨਾਲ ਵਿਵਾਦ ਵੀ ਕਰਨਾ ਚਾਹੇ, ਤਾਂ ਵੀ ਉਹ ਹਜ਼ਾਰ ਵਿੱਚੋਂ ਇੱਕ ਗੱਲ ਦਾ ਵੀ ਜਵਾਬ ਨਹੀਂ ਦੇ ਸਕੇਗਾ । 4ਉਹ ਬੁੱਧੀਮਾਨ ਅਤੇ ਅੱਤ ਬਲਵੰਤ ਹੈ, ਕਿਸ ਨੇ ਉਹ ਦਾ ਸਾਹਮਣਾ ਕੀਤਾ ਅਤੇ ਪਰਬਲ ਹੋਇਆ ? 5ਉਹ ਜੋ ਅਚਾਨਕ ਪਹਾੜਾਂ ਨੂੰ ਹਟਾ ਦਿੰਦਾ ਹੈ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲਗਦਾ, ਉਹ ਆਪਣੇ ਕ੍ਰੋਧ ਵਿੱਚ ਉਨ੍ਹਾਂ ਨੂੰ ਉਲਟ ਦਿੰਦਾ ਹੈ, 6ਜੋ ਧਰਤੀ ਨੂੰ ਉਹ ਦੇ ਸਥਾਨ ਤੋਂ ਹਿਲਾ ਦਿੰਦਾ ਹੈ, ਅਤੇ ਉਹ ਦੇ ਥੰਮ੍ਹ ਕੰਬ ਉੱਠਦੇ ਹਨ । 7ਜੋ ਸੂਰਜ ਨੂੰ ਹੁਕਮ ਕਰਦਾ ਅਤੇ ਉਹ ਚੜ੍ਹਦਾ ਨਹੀਂ, ਅਤੇ ਤਾਰਿਆਂ ਉੱਤੇ ਮੋਹਰ ਲਾਉਂਦਾ ਹੈ । 8ਜੋ ਇਕੱਲਾ ਹੀ ਅਕਾਸ਼ਾਂ ਨੂੰ ਤਾਣ ਦਿੰਦਾ ਹੈ, ਅਤੇ ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਉੱਤੇ ਚੱਲਦਾ ਹੈ । 9ਜੋ ਸਪਤ੍ਰਿਖ, ਜੱਬਾਰ, ਖਿੱਤਿਆਂ ਅਤੇ ਦੱਖਣ ਦੇ ਅਕਾਸ਼ ਮੰਡਲਾਂ ਦਾ ਸਿਰਜਣਹਾਰ ਹੈ । 10ਜੋ ਅਜਿਹੇ ਵੱਡੇ-ਵੱਡੇ ਕੰਮ ਕਰਦਾ ਹੈ, ਜਿਹੜੇ ਅਥਾਹ, ਅਚਰਜ ਅਤੇ ਅਣਗਿਣਤ ਹਨ । 11ਵੇਖੋ, ਉਹ ਮੇਰੇ ਕੋਲੋਂ ਦੀ ਲੰਘ ਜਾਂਦਾ ਹੈ ਪਰ ਮੈਂ ਉਹ ਨੂੰ ਵੇਖ ਨਹੀਂ ਸਕਦਾ, ਉਹ ਅੱਗੇ ਵੱਧ ਜਾਂਦਾ ਹੈ, ਪਰ ਮੈਂ ਉਹ ਨੂੰ ਪਛਾਣਦਾ ਨਹੀਂ । 12ਵੇਖੋ, ਜਦ ਉਹ ਖੋਹਣ ਲੱਗੇ ਤਾਂ ਕੌਣ ਉਹ ਨੂੰ ਰੋਕੇਗਾ ? ਕੌਣ ਉਹ ਨੂੰ ਆਖੇਗਾ, ਤੂੰ ਕੀ ਕਰਦਾ ਹੈਂ ? 13ਪਰਮੇਸ਼ੁਰ ਆਪਣਾ ਕ੍ਰੋਧ ਨਹੀਂ ਰੋਕੇਗਾ, ਰਹਬ ਦੇ ਸਹਾਇਕ ਉਹ ਦੇ ਪੈਰਾਂ ਹੇਠ ਝੁੱਕ ਜਾਂਦੇ ਹਨ ।

14ਫੇਰ ਮੈਂ ਕਿਵੇਂ ਉਹ ਨੂੰ ਜਵਾਬ ਦੇ ਸਕਦਾ ਹਾਂ, ਜਾਂ ਉਹ ਦੇ ਲਈ ਆਪਣੀਆਂ ਦਲੀਲਾਂ ਚੁਣ ਸਕਦਾ ਹਾਂ ? 15ਭਾਵੇਂ ਮੈਂ ਨਿਰਦੋਸ਼ ਵੀ ਹੁੰਦਾ ਤਾਂ ਵੀ ਉਸ ਨੂੰ ਜਵਾਬ ਨਹੀਂ ਦੇ ਸਕਦਾ, ਮੈਂ ਸਿਰਫ਼ ਆਪਣੇ ਨਿਆਂਈ ਦੇ ਅੱਗੇ ਦੁਹਾਈ ਦੇ ਸਕਦਾ ਹਾਂ । 16ਜੇ ਮੈਂ ਪੁਕਾਰਦਾ ਅਤੇ ਉਹ ਉੱਤਰ ਵੀ ਦਿੰਦਾ, ਤਾਂ ਵੀ ਮੈਂ ਨਿਹਚਾ ਨਾ ਕਰਦਾ ਕਿ ਉਸ ਨੇ ਮੇਰੀ ਅਵਾਜ਼ ਉੱਤੇ ਕੰਨ ਲਾਇਆ ਹੈ, 17ਕਿਉਂ ਜੋ ਉਹ ਮੈਨੂੰ ਤੂਫ਼ਾਨ ਨਾਲੋਂ ਤੋੜ ਸੁੱਟਦਾ, ਅਤੇ ਬਿਨ੍ਹਾਂ ਕਾਰਨ ਮੇਰੇ ਫੱਟਾਂ ਨੂੰ ਵਧਾਉਂਦਾ ਹੈ ! 18ਉਹ ਮੈਨੂੰ ਸਾਹ ਲੈਣ ਨਹੀਂ ਦਿੰਦਾ, ਉਹ ਤਾਂ ਮੈਨੂੰ ਕੁੜੱਤਣ ਨਾਲ ਭਰ ਦਿੰਦਾ ਹੈ ! 19ਜੇ ਬਲ ਦੀ ਗੱਲ ਕਰੀਏ, ਤਾਂ ਉਹ ਸ਼ਕਤੀਮਾਨ ਹੈ, ਅਤੇ ਜੇ ਨਿਆਂ ਨੂੰ ਲਈਏ ਤਾਂ ਕੌਣ ਉਸ ਨੂੰ ਚੁਣੌਤੀ ਦੇ ਸਕਦਾ ਹੈ ? 20ਜੇ ਮੈਂ ਨਿਰਦੋਸ਼ ਵੀ ਹੋਵਾਂ ਤਾਂ ਵੀ ਮੇਰਾ ਮੂੰਹ ਮੈਨੂੰ ਦੋਸ਼ੀ ਠਹਿਰਾਵੇਗਾ, ਜੇ ਮੈਂ ਖਰਾ ਹੋਵਾਂ ਤਾਂ ਵੀ ਉਹ ਮੈਨੂੰ ਟੇਢਾ ਸਾਬਿਤ ਕਰੇਗਾ ।

21ਮੈਂ ਖਰਾ ਤਾਂ ਹਾਂ, ਪਰ ਮੈਂ ਆਪਣੇ ਆਪ ਦੀ ਪਰਵਾਹ ਨਹੀਂ ਕਰਦਾ, ਮੈਂ ਆਪਣੇ ਜੀਵਨ ਨੂੰ ਤੁੱਛ ਜਾਣਦਾ ਹਾਂ । 22ਇਹ ਇੱਕੋ ਹੀ ਗੱਲ ਹੈ, ਇਸ ਲਈ ਮੈਂ ਆਖਦਾ ਹਾਂ, ਖਰੇ ਅਤੇ ਖੋਟੇ ਦੋਵਾਂ ਨੂੰ ਉਹ ਮੁਕਾ ਦਿੰਦਾ ਹੈ ! 23ਜਦ ਲੋਕ ਬਿਪਤਾ ਦੇ ਕਰਨ ਅਚਾਨਕ ਮਰਣ ਲੱਗਦੇ ਹਨ, ਤਾਂ ਉਹ ਨਿਰਦੋਸ਼ਾਂ ਦੀ ਉਦਾਸੀ ਉੱਤੇ ਠੱਠਾ ਮਾਰਦਾ ਹੈ । 24ਜਦ ਦੇਸ ਦੁਸ਼ਟਾਂ ਦੇ ਹੱਥ ਵਿੱਚ ਦਿੱਤਾ ਜਾਂਦਾ ਹੈ ਤਾਂ ਉਹ ਨਿਆਂਈਆਂ ਦੀਆਂ ਅੱਖਾਂ ਨੂੰ ਢੱਕ ਦਿੰਦਾ ਹੈ, ਜੇ ਇਹ ਕਰਨ ਵਾਲਾ ਉਹ ਨਹੀਂ, ਤਾਂ ਹੋਰ ਕੌਣ ਹੈ ?

25ਮੇਰੇ ਦਿਨ ਸੰਦੇਸ਼ਵਾਹਕਾਂ ਤੋਂ ਵੀ ਤੇਜ਼ ਹਨ, ਉਹ ਉੱਡਦੇ ਜਾਂਦੇ ਹਨ, ਉਹ ਭਲਿਆਈ ਨਹੀਂ ਵੇਖਦੇ । 26ਉਹ ਕਾਗਜ਼ਾਂ ਦੀ ਬੇੜੀ ਵਾਂਗੂੰ ਚਲੇ ਜਾਂਦੇ ਹਨ, ਜਾਂ ਜਿਵੇਂ ਬਾਜ਼ ਸ਼ਿਕਾਰ ਉੱਤੇ ਝਪੱਟਾ ਮਾਰਦਾ ਹੈ । 27ਜੇ ਮੈਂ ਆਖਾਂ ਕਿ ਮੈਂ ਆਪਣੀ ਸ਼ਿਕਾਇਤ ਭੁੱਲ ਜਾਂਵਾਂਗਾ, ਮੈਂ ਆਪਣੀ ਉਦਾਸੀ ਛੱਡ ਦਿਆਂਗਾ ਅਤੇ ਆਪਣੇ ਆਪ ਨੂੰ ਖੁਸ਼ ਵਿਖਾਵਾਂਗਾ । 28ਤਾਂ ਵੀ ਮੈਂ ਆਪਣੇ ਸਾਰੇ ਦੁੱਖਾਂ ਤੋਂ ਡਰਦਾ ਹਾਂ, ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਿਰਦੋਸ਼ ਨਾ ਠਹਿਰਾਵੇਂਗਾ । 29ਮੈਂ ਤਾਂ ਦੋਸ਼ੀ ਠਹਿਰਾਂਗਾ, ਫੇਰ ਮੈਂ ਕਿਉਂ ਵਿਅਰਥ ਕਸ਼ਟ ਝੱਲਾਂ ? 30ਜੇ ਮੈਂ ਆਪਣੇ ਆਪ ਨੂੰ ਬਰਫ਼ ਦੇ ਪਾਣੀ ਨਾਲ ਧੋਵਾਂ, ਅਤੇ ਆਪਣੇ ਹੱਥਾਂ ਨੂੰ ਖਾਰੇ ਪਾਣੀ ਨਾਲ ਸਾਫ਼ ਕਰਾਂ, 31ਤਦ ਵੀ ਤੂੰ ਮੈਨੂੰ ਟੋਏ ਵਿੱਚ ਡੋਬ ਦੇਵੇਂਗਾ, ਅਤੇ ਮੇਰੇ ਕੱਪੜੇ ਵੀ ਮੈਥੋਂ ਘਿਣ ਕਰਨਗੇ ।

32ਉਹ ਮੇਰੇ ਵਾਂਗੂੰ ਮਨੁੱਖ ਨਹੀਂ ਹੈ ਕਿ ਮੈਂ ਉਹ ਨੂੰ ਉੱਤਰ ਦੇਵਾਂ, ਅਤੇ ਅਸੀਂ ਇੱਕ ਦੂਜੇ ਨਾਲ ਮੁਕੱਦਮਾ ਲੜੀਏ । 33ਕਾਸ਼ ਸਾਡੇ ਦੋਹਾਂ ਵਿੱਚ ਕੋਈ ਵਿਚੋਲਾ ਹੁੰਦਾ ਜੋ ਸਾਡੇ ਦੋਹਾਂ ਉੱਤੇ ਹੱਥ ਰੱਖਦਾ, 34ਜੋ ਉਸ ਦੀ ਸੋਟੀ ਮੇਰੇ ਉੱਤੋਂ ਹਟਾ ਦਿੰਦਾ, ਤਾਂ ਜੋ ਉਹ ਦੇ ਹੌਲ ਮੈਨੂੰ ਨਾ ਡਰਾਉਂਦੇ । 35ਤਦ ਮੈਂ ਉਸ ਤੋਂ ਨਿਰਭੈ ਹੋ ਕੇ ਬੋਲ ਸਕਦਾ, ਕਿਉਂ ਜੋ ਮੈਂ ਆਪਣੇ ਆਪ ਵਿੱਚ ਅਜਿਹਾ ਨਹੀਂ ਹਾਂ ।

10

1ਮੈਂ ਜੀਵਨ ਤੋਂ ਅੱਕ ਚੁਕਿਆ ਹਾਂ, ਮੈਂ ਆਪਣੀ ਸ਼ਿਕਾਇਤ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਕੁੜੱਤਣ ਦੇ ਕਾਰਨ ਬੋਲਾਂਗਾ ! 2ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ ! ਤੂੰ ਮੈਨੂੰ ਦਸ ਕਿ ਤੂੰ ਕਿਉਂ ਮੇਰੇ ਨਾਲ ਮੁਕੱਦਮਾ ਲੜਦਾ ਹੈਂ ? 3ਕੀ ਤੈਨੂੰ ਇਹ ਚੰਗਾ ਲਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ ਅਤੇ ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਜਾਣੇ, ਜਦ ਕਿ ਤੂੰ ਦੁਸ਼ਟਾਂ ਦੀ ਸਲਾਹ ਉੱਤੇ ਹੱਸਦਾ ਹੈਂ ? 4ਭਲਾ, ਤੇਰੀਆਂ ਅੱਖਾਂ ਦੇਹ ਧਾਰੀਆਂ ਵਰਗੀਆਂ ਹਨ, ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ ? 5ਕੀ ਤੇਰੇ ਦਿਨ ਮਨੁੱਖਾਂ ਦੇ ਦਿਨਾਂ ਵਰਗੇ ਜਾਂ ਤੇਰੇ ਸਾਲ ਬਲਵੰਤ ਪੁਰਖ ਦੇ ਸਮੇਂ ਵਰਗੇ ਹਨ, 6ਕਿ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈਂ ? 7ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ, ਅਤੇ ਤੇਰੇ ਹੱਥਾਂ ਤੋਂ ਮੈਨੂੰ ਕੋਈ ਛੁਡਾਉਣ ਵਾਲਾ ਨਹੀਂ ।

8ਤੇਰੇ ਹੱਥਾਂ ਨੇ ਮੈਨੂੰ ਸਿਰਜਿਆ ਅਤੇ ਬਣਾਇਆ ਹੈ, ਕੀ ਹੁਣ ਤੂੰ ਹੀ ਚਾਰੇ ਪਾਸਿਆਂ ਤੋਂ ਮੈਨੂੰ ਨਾਸ ਕਰੇਂਗਾ ! 9ਯਾਦ ਕਰ ਕਿ ਤੂੰ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਗੂੰ ਬਣਾਇਆ, ਕੀ ਹੁਣ ਤੂੰ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਂਗਾ ? 10ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ ਅਤੇ ਦਹੀਂ ਵਾਂਗੂੰ ਨਹੀਂ ਜਮਾਇਆ ? 11ਤੂੰ ਖਲ ਅਤੇ ਮਾਸ ਮੇਰੇ ਉੱਤੇ ਚੜ੍ਹਾਇਆ ਅਤੇ ਹੱਡੀਆਂ ਤੇ ਨੱਸਾਂ ਨਾਲ ਮੈਨੂੰ ਜੋੜਿਆ । 12ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੇਰੇ ਉੱਤੇ ਦਯਾ ਕੀਤੀ, ਅਤੇ ਤੇਰੀ ਨਿਗਾਹਬਾਨੀ ਵਿੱਚ ਮੇਰੇ ਆਤਮਾ ਦੀ ਪਾਲਣਾ ਹੋਈ ।

13ਤੂੰ ਇਸ ਨੂੰ ਆਪਣੇ ਦਿਲ ਵਿੱਚ ਲੁਕਾ ਕੇ ਰੱਖਿਆ, ਪਰ ਮੈਂ ਜਾਣ ਗਿਆ ਕਿ ਤੂੰ ਅਜਿਹਾ ਹੀ ਕਰਨਾ ਠਾਣਿਆ ਸੀ । 14ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰਾ ਲੇਖਾ ਲਵੇਂਗਾ, ਅਤੇ ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ । 15ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਇ ! ਅਤੇ ਜੇਕਰ ਮੈਂ ਧਰਮੀ ਹੋਵਾਂ ਤਾਂ ਵੀ ਆਪਣਾ ਸਿਰ ਨਾ ਚੁੱਕ ਸਕਾਂਗਾ, ਕਿਉਂ ਜੋ ਮੈਂ ਅਪਮਾਨ ਤੋਂ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹਾਂ । 16ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ ਅਤੇ ਮੇਰੇ ਵਿਰੁੱਧ ਆਪਣੀ ਅਦਭੁੱਤ ਸਮਰੱਥਾ ਪਰਗਟ ਕਰਦਾ ਹੈਂ ! 17ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈਂ, ਅਤੇ ਸੈਨਾਂ ਦੇ ਉੱਤੇ ਸੈਨਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ !

18ਤੂੰ ਮੈਨੂੰ ਕੁੱਖ ਤੋਂ ਬਾਹਰ ਕਿਉਂ ਲਿਆਂਦਾ ? ਮੈਂ ਉੱਥੇ ਹੀ ਪ੍ਰਾਣ ਛੱਡ ਦਿੰਦਾ ਅਤੇ ਕੋਈ ਅੱਖ ਮੈਨੂੰ ਨਾ ਵੇਖਦੀ । 19ਮੈਂ ਅਜਿਹਾ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ, ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ ! 20ਕੀ ਮੇਰੇ ਦਿਨ ਥੋੜ੍ਹੇ ਬਾਕੀ ਨਹੀਂ ? ਹੁਣ ਤਾਂ ਮੇਰੇ ਕੋਲੋਂ ਮੁੜ ਜਾ ਅਤੇ ਮੈਨੂੰ ਛੱਡ ਦੇ ਤਾਂ ਜੋ ਮੈਂ ਥੋੜ੍ਹੀ ਜਿਹੀ ਸ਼ਾਂਤੀ ਪਾਵਾਂ, 21ਇਸ ਤੋਂ ਪਹਿਲਾਂ ਕਿ ਮੈਂ ਉੱਥੇ ਜਾਂਵਾਂ ਜਿੱਥੋਂ ਫੇਰ ਨਾ ਮੁੜਾਂਗਾ, ਅਰਥਾਤ ਹਨੇਰੇ ਅਤੇ ਮੌਤ ਦੇ ਸਾਯੇ ਦੇ ਦੇਸ ਨੂੰ, 22ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਹਨੇਰਾ ਹੈ, ਜਿਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਜਿੱਥੇ ਰੋਸ਼ਨੀ ਵੀ ਅੱਧੀ ਰਾਤ ਦੇ ਹਨੇਰੇ ਵਾਂਗੂੰ ਹੈ !"

11

ਸੋਫ਼ਰ ਦਾ ਤਰਕ

1ਤਦ ਸੋਫ਼ਰ ਨਅਮਾਥੀ ਨੇ ਆਖਿਆ, "ਕੀ ਇਨ੍ਹਾਂ ਸਾਰੀਆਂ ਗੱਲਾਂ ਦਾ ਵਧੀਕ ਉੱਤਰ ਨਾ ਦਿੱਤਾ ਜਾਵੇ ? 2ਕੀ ਬਕਵਾਸੀ ਮਨੁੱਖ ਧਰਮੀ ਠਹਿਰਾਇਆ ਜਾਵੇ ? 3ਕੀ ਤੇਰੀਆਂ ਗੱਪਾਂ ਮਨੁੱਖਾਂ ਨੂੰ ਚੁੱਪ ਕਰਾ ਸਕਦੀਆਂ ਹਨ ? ਜਦ ਤੂੰ ਮਖੌਲ ਕਰੇ ਤਾਂ ਕੀ ਕੋਈ ਤੈਨੂੰ ਸ਼ਰਮਿੰਦਾ ਨਾ ਕਰੇ ? 4ਤੂੰ ਤਾਂ ਕਹਿੰਦਾ ਹੈਂ, ਮੇਰੀ ਸਿਖਿਆ ਪਵਿੱਤਰ ਹੈ, ਅਤੇ ਮੈਂ ਤੇਰੀਆਂ ਅੱਖਾਂ ਵਿੱਚ ਸ਼ੁੱਧ ਹਾਂ । 5ਕਾਸ਼ ਕਿ ਪਰਮੇਸ਼ੁਰ ਆਪ ਬੋਲੇ, ਅਤੇ ਤੇਰੇ ਵਿਰੁੱਧ ਆਪਣਾ ਮੂੰਹ ਖੋਲ੍ਹੇ, 6ਅਤੇ ਬੁੱਧ ਦੇ ਭੇਤ ਤੈਨੂੰ ਦੱਸੇ ! ਉਹ ਤਾਂ ਸਮਝ ਵਿੱਚ ਬਹੁ-ਗੁਣਾ ਹੈ, ਤੂੰ ਜਾਣ ਲੈ ਕਿ ਪਰਮੇਸ਼ੁਰ ਤੇਰੇ ਦੋਸ਼ ਦੇ ਅਨੁਸਾਰ ਸਜ਼ਾ ਨਹੀਂ ਦਿੰਦਾ ਹੈ ।

7ਕੀ ਤੂੰ ਖੋਜ ਕਰਕੇ ਪਰਮੇਸ਼ੁਰ ਦਾ ਭੇਤ ਲੱਭ ਸਕਦਾ ਹੈਂ, ਜਾਂ ਸਰਬ ਸ਼ਕਤੀਮਾਨ ਨੂੰ ਸੰਪੂਰਨਤਾਈ ਤੱਕ ਪਾ ਸਕਦਾ ਹੈਂ ? 8ਉਹ ਅਕਾਸ਼ ਤੋਂ ਉੱਚਾ ਹੈ, ਉਹ ਪਤਾਲ ਨਾਲੋਂ ਵੀ ਡੂੰਘਾ ਹੈ, ਤੂੰ ਕੀ ਕਰ ਸਕਦਾ ਹੈਂ ? 9ਉਸ ਦਾ ਨਾਪ ਧਰਤੀ ਤੋਂ ਵੀ ਤੋਂ ਲੰਮਾ, ਅਤੇ ਸਮੁੰਦਰ ਨਾਲੋਂ ਵੀ ਚੌੜਾ ਹੈ ।

10ਜੇਕਰ ਪਰਮੇਸ਼ੁਰ ਵਿੱਚੋਂ ਦੀ ਲੰਘ ਕੇ, ਉਹਨਾਂ ਨੂੰ ਗ਼ੁਲਾਮ ਬਣਾ ਲਵੇ, ਅਤੇ ਨਿਆਂ ਲਈ ਬੁਲਾਵੇ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ ? 11ਉਹ ਤਾਂ ਨਿਕੰਮੇ ਮਨੁੱਖਾਂ ਦੇ ਭੇਦ ਨੂੰ ਜਾਣਦਾ ਹੈ, ਅਤੇ ਕੀ ਉਹ ਬਦੀ ਨੂੰ ਵੇਖ ਕੇ ਉਸ ਉੱਤੇ ਧਿਆਨ ਨਾ ਦੇਵੇਗਾ । 12ਜਦ ਜੰਗਲੀ ਗਧੇ ਦਾ ਬੱਚਾ ਮਨੁੱਖ ਨੂੰ ਜੰਮੇ ਤਦ ਹੀ ਮੂਰਖ ਨੂੰ ਬੁਧੀ ਪ੍ਰਾਪਤ ਹੁੰਦੀ ਹੈ l

13ਜੇ ਤੂੰ ਆਪਣੇ ਦਿਲ ਨੂੰ ਸੁਧਾਰੇਂ, ਅਤੇ ਪਰਮੇਸ਼ੁਰ ਦੇ ਅੱਗੇ ਆਪਣੇ ਹੱਥ ਅੱਡੇਂ, 14ਜੇ ਤੇਰੇ ਹੱਥ ਵਿੱਚ ਜੋ ਬਦੀ ਹੋਵੇ, ਉਸ ਨੂੰ ਦੂਰ ਕਰੇਂ, ਅਤੇ ਬੁਰਿਆਈ ਤੇਰੇ ਤੰਬੂ ਵਿੱਚ ਨਾ ਵੱਸੇ, 15ਤਦ ਤੂੰ ਜ਼ਰੂਰ ਆਪਣਾ ਮੂੰਹ ਬੇਦਾਗ਼ ਚੁੱਕੇਂਗਾ, ਅਤੇ ਸਥਿਰ ਹੋ ਕੇ ਕਦੇ ਨਾ ਡਰੇਂਗਾ । 16ਤੂੰ ਤਾਂ ਆਪਣਾ ਕਸ਼ਟ ਭੁੱਲ ਜਾਵੇਂਗਾ, ਅਤੇ ਉਸ ਨੂੰ ਲੰਘ ਗਏ ਪਾਣੀ ਵਾਂਗੂੰ ਯਾਦ ਕਰੇਂਗਾ, 17ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ । 18ਤੂੰ ਸੁਰੱਖਿਅਤ ਹੋਵੇਗਾ ਕਿਉਂਕਿ ਤੈਨੂੰ ਆਸ ਹੋਵੇਗੀ ਅਤੇ ਤੂੰ ਆਪਣੇ ਚੁਫ਼ੇਰੇ ਵੇਖ ਕੇ ਚੈਨ ਨਾਲ ਲੇਟੇਂਗਾ । 19ਜਦ ਤੂੰ ਲੰਮਾ ਪਵੇਂਗਾ ਤਾਂ ਕੋਈ ਤੈਨੂੰ ਨਹੀਂ ਡਰਾਵੇਗਾ, ਅਤੇ ਬਹੁਤੇ ਤੇਰੇ ਮੂੰਹ ਵੱਲ ਤੱਕਣਗੇ । 20ਪਰ ਦੁਸ਼ਟਾਂ ਦੀਆਂ ਅੱਖਾਂ ਧੁੰਦਲੀਆਂ ਪੈ ਜਾਣਗੀਆਂ, ਅਤੇ ਉਨ੍ਹਾਂ ਦੇ ਬਚਾਓ ਦਾ ਕੋਈ ਸਥਾਨ ਨਾ ਬਚੇਗਾ, ਅਤੇ ਪ੍ਰਾਣ ਤਿਆਗਣਾ ਹੀ ਉਨ੍ਹਾਂ ਦੀ ਆਸ ਹੋਵੇਗਾ !"

12

ਅੱਯੂਬ ਦਾ ਸੋਫ਼ਰ ਨੂੰ ਉੱਤਰ

1ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ, 2"ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਕਿ ਜਦ ਤੁਸੀਂ ਮਰੋਗੇ ਤਾਂ ਤੁਹਾਡੇ ਨਾਲ ਬੁੱਧੀ ਮਰ ਜਾਵੇਗੀ ! 3ਤੁਹਾਡੇ ਵਾਂਗੂੰ ਮੈਨੂੰ ਵੀ ਸਮਝ ਹੈ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ, ਅਤੇ ਕੌਣ ਹੈ ਜੋ ਅਜਿਹੀਆਂ ਗੱਲਾਂ ਨਹੀਂ ਜਾਣਦਾ ?

4ਮੈਂ ਆਪਣੇ ਮਿੱਤਰਾਂ ਲਈ ਹਾਸੇ ਦਾ ਕਾਰਨ ਹਾਂ, ਮੈਂ ਜਿਹੜਾ ਪਰਮੇਸ਼ੁਰ ਨੂੰ ਪੁਕਾਰਦਾ ਸੀ ਅਤੇ ਉਹ ਉੱਤਰ ਦਿੰਦਾ ਸੀ, ਮੈਂ ਜੋ ਧਰਮੀ ਅਤੇ ਖਰਾ ਮਨੁੱਖ ਸੀ, ਹੁਣ ਹਾਸੇ ਦਾ ਕਾਰਨ ਬਣ ਗਿਆ ਹਾਂ । 5ਦੁਖੀ ਲੋਕ ਤਾਂ ਸੁਖੀ ਲੋਕਾਂ ਦੀ ਨਜ਼ਰ ਵਿੱਚ ਤੁੱਛ ਹਨ, ਜਿਹਨਾਂ ਦੇ ਪੈਰ ਤਿਲਕਦੇ ਹਨ ਉਹਨਾਂ ਦਾ ਅਪਮਾਨ ਹੁੰਦਾ ਹੈ । 6ਲੁਟੇਰਿਆਂ ਦੇ ਤੰਬੂ ਸੁੱਖ-ਸਾਂਦ ਨਾਲ ਰਹਿੰਦੇ ਹਨ, ਅਤੇ ਪਰਮੇਸ਼ੁਰ ਦਾ ਕ੍ਰੋਧ ਭੜਕਾਉਣ ਵਾਲੇ ਸਲਾਮਤ ਰਹਿੰਦੇ ਹਨ, ਅਰਥਾਤ ਉਹਨਾਂ ਦਾ ਪਰਮੇਸ਼ੁਰ ਉਹਨਾਂ ਦੇ ਹੱਥ ਵਿੱਚ ਰਹਿੰਦਾ ਹੈ ।

7ਪਰੰਤੂ ਪਸ਼ੂਆਂ ਤੋਂ ਪੁੱਛ ਅਤੇ ਉਹ ਤੈਨੂੰ ਸਿਖਾਉਣਗੇ, ਅਤੇ ਅਕਾਸ਼ ਦੇ ਪੰਛੀਆਂ ਤੋਂ, ਉਹ ਤੈਨੂੰ ਦੱਸਣਗੇ, 8ਜਾਂ ਧਰਤੀ ਉੱਤੇ ਧਿਆਨ ਦੇ, ਉਹ ਤੈਨੂੰ ਸਿਖਾਵੇਗੀ, ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਵਰਣਨ ਕਰਨਗੀਆਂ ! 9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ, ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ ? 10ਜਿਸ ਦੇ ਹੱਥ ਵਿੱਚ ਹਰੇਕ ਜੀਉਂਦੇ ਦੇ ਪ੍ਰਾਣ ਹਨ, ਅਤੇ ਹਰੇਕ ਮਨੁੱਖ ਦਾ ਆਤਮਾ ਵੀ । 11ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਸਕਦਾ, ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ ਹੈ ? 12ਬਜ਼ੁਰਗਾਂ ਵਿੱਚ ਬੁੱਧੀ ਹੁੰਦੀ ਹੈ, ਅਤੇ ਲੰਮੀ ਉਮਰ ਵਾਲਿਆਂ ਵਿੱਚ ਸਮਝ ਹੈ ।

13ਪਰਮੇਸ਼ੁਰ ਦੇ ਨਾਲ ਬੁੱਧ ਅਤੇ ਸਮਰੱਥ ਹੈ, ਉਹ ਦੇ ਕੋਲ ਸਲਾਹ ਅਤੇ ਸਮਝ ਹੈ । 14ਵੇਖੋ, ਜੋ ਉਹ ਢਾਹ ਸੁੱਟਦਾ, ਉਸ ਨੂੰ ਬਣਾਇਆ ਨਹੀਂ ਜਾ ਸਕਦਾ, ਜਿਸ ਮਨੁੱਖ ਉੱਤੇ ਉਹ ਬੰਧਨ ਪਾਉਂਦਾ ਹੈ, ਉਹ ਖੁੱਲ੍ਹ ਨਹੀਂ ਸਕਦਾ । 15ਵੇਖੋ, ਜਦ ਉਹ ਮੀਂਹ ਨੂੰ ਰੋਕ ਲੈਂਦਾ ਹੈ ਤਾਂ ਸੋਕਾ ਪੈ ਜਾਂਦਾ ਹੈ, ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਉਹ ਧਰਤੀ ਉਲੱਦ ਦਿੰਦੇ ਹਨ । 16ਉਹ ਦੇ ਨਾਲ ਸ਼ਕਤੀ ਅਤੇ ਸਮਝ ਹੈ, ਧੋਖਾ ਦੇਣ ਵਾਲਾ ਅਤੇ ਧੋਖਾ ਖਾਣ ਵਾਲਾ ਉਹ ਦੇ ਹਨ । 17ਜੋ ਦਰਬਾਰੀਆਂ ਨੂੰ ਨੰਗੇ ਪੈਰੀ ਤੁਰਾਉਂਦਾ ਹੈ, ਅਤੇ ਨਿਆਂਈਆਂ ਨੂੰ ਮੂਰਖ ਬਣਾ ਦਿੰਦਾ ਹੈ । 18ਉਹ ਰਾਜਿਆਂ ਦੇ ਪਾਏ ਹੋਏ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ, ਅਤੇ ਉਨ੍ਹਾਂ ਦੇ ਲੱਕਾਂ ਨੂੰ ਬੰਧਨਾਂ ਨਾਲ ਬੰਨ੍ਹ ਦਿੰਦਾ ਹੈ । 19ਉਹ ਜਾਜਕਾਂ ਨੂੰ ਨੰਗੇ ਪੈਰੀ ਗੁਲਾਮੀ ਵਿੱਚ ਲੈ ਜਾਂਦਾ ਹੈ, ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ । 20ਉਹ ਵਫ਼ਾਦਾਰ ਦੇ ਮੂੰਹ ਬੰਦ ਕਰ ਦਿੰਦਾ, ਅਤੇ ਬੁਜ਼ਰਗਾਂ ਦਾ ਬਿਬੇਕ ਲੈ ਲੈਂਦਾ ਹੈ । 21ਉਹ ਪਤਵੰਤਾਂ ਨੂੰ ਅਪਮਾਨ ਨਾਲ ਭਰ ਦਿੰਦਾ, ਅਤੇ ਜ਼ੋਰਾਵਰਾਂ ਦਾ ਕਮਰਬੰਦ ਢਿੱਲਾ ਕਰ ਦਿੰਦਾ ਹੈ । 22ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪਰਗਟ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣ ਵਿੱਚ ਬਾਹਰ ਲੈ ਆਉਂਦਾ ਹੈ । 23ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ ਹੈ, ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ ਆਉਂਦਾ ਹੈ, 24ਉਹ ਦੇਸ ਦੇ ਲੋਕਾਂ ਦੇ ਮੁਖੀਆਂ ਦੀ ਸਮਝ ਨੂੰ ਲੈ ਲੈਂਦਾ ਹੈ, ਅਤੇ ਉਨ੍ਹਾਂ ਨੂੰ ਸੁੰਨੇ ਥਾਵਾਂ ਵਿੱਚ ਭਟਕਾਉਂਦਾ ਹੈ, ਜਿੱਥੇ ਕੋਈ ਰਾਹ ਨਹੀਂ । 25ਉਹ ਹਨੇਰੇ ਵਿੱਚ ਬਿਨ੍ਹਾਂ ਚਾਨਣ ਤੋਂ ਟੋਹੰਦੇ ਫਿਰਦੇ ਹਨ, ਉਹ ਉਨ੍ਹਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ !

13

1ਵੇਖੋ, ਮੇਰੀ ਅੱਖ ਨੇ ਇਹ ਸਭ ਕੁਝ ਵੇਖਿਆ ਹੈ, ਮੇਰੇ ਕੰਨਾਂ ਨੇ ਇਹ ਸੁਣਿਆ ਅਤੇ ਸਮਝਿਆ ਹੈ । 2ਜਿਵੇਂ ਤੁਸੀਂ ਜਾਣਦੇ ਹੋ ਮੈਂ ਵੀ ਜਾਣਦਾ ਹਾਂ, ਮੈਂ ਤੁਹਾਡੇ ਨਾਲੋਂ ਕੁਝ ਘੱਟ ਨਹੀਂ ਹਾਂ । 3ਪਰ ਮੈਂ ਸਰਬ ਸ਼ਕਤੀਮਾਨ ਨਾਲ ਬੋਲਣਾ, ਅਤੇ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰਨਾ ਚਾਹੁੰਦਾ ਹਾਂ, 4ਪਰ ਤੁਸੀਂ ਝੂਠੀਆਂ ਗੱਲਾਂ ਦੇ ਘੜਣ ਵਾਲੇ ਹੋ, ਤੁਸੀਂ ਸਾਰੇ ਦੇ ਸਾਰੇ ਨਿਕੰਮੇ ਵੈਦ ਹੋ ! 5ਕਾਸ਼ ਕਿ ਤੁਸੀਂ ਬਿਲਕੁਲ ਚੁੱਪ ਰਹਿੰਦੇ, ਤਾਂ ਇਸ ਨਾਲ ਤੁਸੀਂ ਬੁੱਧਵਾਨ ਠਹਿਰਦੇ ! 6ਤੁਸੀਂ ਹੁਣ ਮੇਰੀ ਦਲੀਲ ਸੁਣੋ, ਅਤੇ ਮੇਰੀ ਬੇਨਤੀ ਉੱਤੇ ਕੰਨ ਲਾਓ । 7ਕੀ ਤੁਸੀਂ ਪਰਮੇਸ਼ੁਰ ਦੇ ਲਈ ਕੁਧਰਮ ਦੀਆਂ ਗੱਲਾਂ ਕਰੋਗੇ, ਅਤੇ ਉਹ ਦੇ ਲਈ ਛਲ ਦੀਆਂ ਗੱਲਾਂ ਬੋਲੋਗੇ ? 8ਕੀ ਤੁਸੀਂ ਉਹ ਦਾ ਪੱਖਪਾਤ ਕਰੋਗੇ, ਜਾਂ ਪਰਮੇਸ਼ੁਰ ਲਈ ਮੁਕੱਦਮਾ ਲੜੋਗੇ ? 9ਭਲਾ ਇਹ ਚੰਗਾ ਹੋਵੇਗਾ ਕਿ ਉਹ ਤੁਹਾਨੂੰ ਜਾਂਚੇ, ਜਾਂ ਤੁਸੀਂ ਉਹ ਨੂੰ ਧੋਖਾ ਦਿਓਗੇ ਜਿਵੇਂ ਆਦਮੀ ਨੂੰ ਧੋਖਾ ਦਿੰਦੇ ਹੋ ? 10ਜੇ ਤੁਸੀਂ ਲੁਕ ਕੇ ਪੱਖਪਾਤ ਕਰੋਗੇ, ਤਾਂ ਉਹ ਤੁਹਾਨੂੰ ਸਖ਼ਤੀ ਨਾਲ ਝਿੜਕੇਗਾ । 11ਭਲਾ, ਉਹ ਦੀ ਮਹਾਨਤਾ ਤੁਹਾਨੂੰ ਨਹੀਂ ਡਰਾਉਂਦੀ ਅਤੇ ਉਹ ਦਾ ਭੈ ਤੁਹਾਡੇ ਉੱਤੇ ਨਹੀਂ ਪੈਂਦਾ ? 12ਤੁਹਾਡੇ ਮਸਲੇ ਖ਼ਾਕ ਦੀਆਂ ਕਹਾਉਤਾਂ ਹਨ, ਤੁਹਾਡੇ ਗੜ੍ਹ ਮਿੱਟੀ ਦੇ ਗੜ੍ਹ ਹਨ !

13ਮੇਰੇ ਅੱਗੇ ਚੁੱਪ ਰਹੋ ਤਾਂ ਜੋ ਮੈਂ ਗੱਲ ਕਰਾਂ, ਫੇਰ ਜੋ ਹੋਵੇ ਸੋ ਹੋਵੇ ! 14ਮੈਂ ਕਿਉਂ ਆਪਣਾ ਮਾਸ ਆਪਣੇ ਦੰਦਾਂ ਨਾਲ ਚੱਬਾਂ, ਅਤੇ ਆਪਣੀ ਜਾਨ ਤਲੀ ਉੱਤੇ ਰੱਖਾਂ ? 15ਵੇਖੋ, ਉਹ ਮੈਨੂੰ ਵੱਢ ਸੁੱਟੇਗਾ, ਮੈਨੂੰ ਕੋਈ ਆਸ ਨਹੀਂ, ਤਾਂ ਵੀ ਮੈਂ ਆਪਣੇ ਚਾਲ-ਚਲਣ ਲਈ ਉਹ ਦੇ ਨਾਲ ਵਾਦ-ਵਿਵਾਦ ਕਰਾਂਗਾ । 16ਇਹ ਵੀ ਮੇਰੀ ਮੁਕਤੀ ਦਾ ਕਾਰਨ ਹੋਵੇਗਾ ਕਿ ਕੋਈ ਕੁਧਰਮੀ ਉਹ ਦੇ ਹਜ਼ੂਰ ਜਾ ਨਹੀਂ ਸਕਦਾ । 17ਧਿਆਨ ਲਗਾ ਕੇ ਮੇਰੇ ਬਚਨਾਂ ਨੂੰ ਸੁਣੋ, ਅਤੇ ਮੇਰੀ ਬੇਨਤੀ ਤੁਹਾਡੇ ਕੰਨਾਂ ਵਿੱਚ ਪਵੇ । 18ਹੁਣ ਵੇਖੋ, ਮੈਂ ਆਪਣੇ ਮੁਕੱਦਮੇ ਦੀ ਤਿਆਰੀ ਪੂਰੀ ਕਰ ਲਈ ਹੈ, ਮੈਂ ਜਾਣਦਾ ਹਾਂ ਕਿ ਮੈਂ ਨਿਰਦੋਸ਼ ਠਹਿਰਾਂਗਾ । 19ਕੌਣ ਮੇਰੇ ਨਾਲ ਬਹਿਸ ਕਰੇਗਾ ? ਜੇਕਰ ਕੋਈ ਅਜਿਹਾ ਹੋਵੇ ਤਾਂ ਮੈਂ ਚੁੱਪ ਰਹਾਂਗਾ ਅਤੇ ਪ੍ਰਾਣ ਤਿਆਗ ਦਿਆਂਗਾ ।

20ਦੋ ਹੀ ਕੰਮ ਮੇਰੇ ਨਾਲ ਨਾ ਕਰ, ਤਦ ਮੈਂ ਤੇਰੇ ਹਜ਼ੂਰੋਂ ਨਾ ਲੁਕਾਂਗਾ । 21ਤੂੰ ਆਪਣਾ ਹੱਥ ਮੇਰੇ ਉੱਤੋਂ ਦੂਰ ਕਰ ਲੈ, ਅਤੇ ਤੇਰਾ ਭੈ ਮੈਨੂੰ ਨਾ ਡਰਾਵੇ । 22ਤਦ ਮੈਨੂੰ ਬੁਲਾਈਂ ਅਤੇ ਮੈਂ ਉੱਤਰ ਦਿਆਂਗਾ, ਜਾਂ ਮੈਂ ਬੋਲਾਂਗਾ ਅਤੇ ਤੂੰ ਜਵਾਬ ਦੇ ! 23ਮੇਰੀਆਂ ਬੁਰਾਈਆਂ ਅਤੇ ਪਾਪ ਕਿੰਨੇ ਹਨ ? ਮੇਰਾ ਅਪਰਾਧ ਅਤੇ ਪਾਪ ਮੈਨੂੰ ਦੱਸ ! 24ਤੂੰ ਆਪਣਾ ਮੂੰਹ ਕਿਉਂ ਲੁਕਾਉਂਦਾ ਹੈਂ, ਅਤੇ ਮੈਨੂੰ ਆਪਣਾ ਵੈਰੀ ਗਿਣਦਾ ਹੈਂ ? 25ਕੀ ਤੂੰ ਉੱਡਦੇ ਪੱਤੇ ਨੂੰ ਡਰਾਵੇਂਗਾ ? ਕੀ ਤੂੰ ਸੁੱਕੇ ਘਾਹ ਦਾ ਪਿੱਛਾ ਕਰੇਂਗਾ ? 26ਕਿਉਂ ਜੋ ਤੂੰ ਮੇਰੇ ਵਿਰੁੱਧ ਕੌੜੀਆਂ ਗੱਲਾਂ ਲਿਖਦਾ ਹੈਂ, ਅਤੇ ਮੇਰੀ ਜੁਆਨੀ ਦੀਆਂ ਬਦੀਆਂ ਮੇਰੇ ਪੱਲੇ ਪਾਉਂਦਾ ਹੈਂ । 27ਤੂੰ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕਦਾ ਹੈਂ, ਅਤੇ ਮੇਰੇ ਸਾਰੇ ਰਾਹਾਂ ਦੀ ਨਿਗਾਹਬਾਨੀ ਕਰਦਾ ਹੈਂ, ਅਤੇ ਮੇਰੇ ਪੈਰਾਂ ਨੂੰ ਕੀਲ ਦਿੰਦਾ ਹੈਂ !

28ਮੈਂ ਤਾਂ ਸੜੀ ਹੋਈ ਚੀਜ਼ ਵਰਗਾ ਹਾਂ ਜੋ ਹੰਢਾਈ ਹੋਈ ਹੈ, ਜਾਂ ਉਸ ਕੱਪੜੇ ਵਰਗਾ ਜਿਸ ਨੂੰ ਕੀੜੇ ਨੇ ਖਾ ਲਿਆ ਹੋਵੇ !

14

1ਮਨੁੱਖ ਜੋ ਇਸਤਰੀ ਤੋਂ ਜੰਮਦਾ ਹੈ ਉਹ ਥੋੜ੍ਹੇ ਹੀ ਦਿਨਾਂ ਦਾ ਹੈ ਅਤੇ ਦੁੱਖ ਨਾਲ ਭਰਿਆ ਰਹਿੰਦਾ ਹੈ । 2ਉਹ ਫੁੱਲ ਵਾਂਗੂੰ ਖਿੜਦਾ, ਫੇਰ ਤੋੜਿਆ ਜਾਂਦਾ ਹੈ, ਉਹ ਪਰਛਾਵੇ ਵਾਂਗੂੰ ਢਲ ਜਾਂਦਾ ਅਤੇ ਠਹਿਰਦਾ ਨਹੀਂ । 3ਕੀ ਤੂੰ ਅਜਿਹੇ ਉੱਤੇ ਆਪਣੀਆਂ ਅੱਖਾਂ ਲਾਉਂਦਾ ਹੈਂ, ਅਤੇ ਮੈਨੂੰ ਆਪਣੇ ਨਾਲ ਅਦਾਲਤ ਵਿੱਚ ਲਿਆਉਂਦਾ ਹੈਂ ? 4ਕੌਣ ਅਸ਼ੁੱਧ ਵਿੱਚੋਂ ਸ਼ੁੱਧ ਵਸਤੂ ਕੱਢ ਸਕਦਾ ਹੈ ? ਕੋਈ ਨਹੀਂ । 5ਮਨੁੱਖ ਦੇ ਦਿਨ ਠਹਿਰਾਏ ਹੋਏ ਹਨ, ਅਤੇ ਉਹ ਦੇ ਮਹੀਨਿਆਂ ਦੀ ਗਿਣਤੀ ਤੂੰ ਕੀਤੀ ਹੋਈ ਹੈ, ਤੂੰ ਉਹ ਦੀਆਂ ਹੱਦਾਂ ਨੂੰ ਬਣਾਇਆ ਜਿਸ ਨੂੰ ਉਹ ਪਾਰ ਨਹੀਂ ਕਰ ਸਕਦਾ । 6ਉਹ ਦੇ ਵੱਲੋਂ ਆਪਣੀ ਨਿਗਾਹ ਹਟਾ ਲੈ, ਤਾਂ ਜੋ ਉਹ ਅਰਾਮ ਕਰੇ, ਜਦ ਤੱਕ ਉਹ ਮਜ਼ਦੂਰ ਵਾਂਗੂੰ ਆਪਣੇ ਦਿਨ ਪੂਰੇ ਨਾ ਕਰ ਲਵੇ ।

7ਰੁੱਖ ਲਈ ਤਾਂ ਆਸ ਹੈ, ਕਿ ਜੇ ਉਹ ਕੱਟਿਆ ਜਾਵੇ ਤਾਂ ਫੇਰ ਫੁੱਟੇਗਾ, ਅਤੇ ਉਹ ਦੀਆਂ ਕੂੰਬਲਾਂ ਨਾ ਮੁੱਕਣਗੀਆਂ । 8ਭਾਵੇਂ ਉਸ ਦੀ ਜੜ੍ਹ ਧਰਤੀ ਵਿੱਚ ਪੁਰਾਣੀ ਪੈ ਜਾਵੇ, ਅਤੇ ਉਸ ਦਾ ਟੁੰਡ ਮਿੱਟੀ ਵਿੱਚ ਗਲ ਜਾਵੇ 9ਤਾਂ ਵੀ ਪਾਣੀ ਦੀ ਖੁਸ਼ਬੂ ਤੋਂ ਉਹ ਦੀਆਂ ਕੂੰਬਲਾਂ ਫੁੱਟ ਨਿੱਕਲਣਗੀਆਂ ਅਤੇ ਬੂਟੇ ਵਾਂਗੂੰ ਉਹ ਦੀਆਂ ਟਹਿਣੀਆਂ ਨਿੱਕਲਣਗੀਆਂ । 10ਪਰ ਮਨੁੱਖ ਮਰ ਜਾਂਦਾ ਅਤੇ ਦੱਬਿਆ ਜਾਂਦਾ ਹੈ, ਅਤੇ ਜਦ ਮਨੁੱਖ ਪ੍ਰਾਣ ਛੱਡ ਦਿੰਦਾ ਹੈ ਤਾਂ ਉਹ ਕਿੱਥੇ ਹੈ ? 11ਜਿਵੇਂ ਪਾਣੀ ਸਮੁੰਦਰ ਵਿੱਚੋਂ ਘੱਟ ਜਾਂਦਾ ਹੈ, ਅਤੇ ਦਰਿਆ ਸੁੱਕ ਕੇ ਮੁੱਕ ਜਾਂਦਾ ਹੈ, 12ਤਿਵੇਂ ਮਨੁੱਖ ਲੇਟਦਾ ਅਤੇ ਫਿਰ ਉੱਠਦਾ ਨਹੀਂ, ਜਦੋਂ ਤੱਕ ਅਕਾਸ਼ ਟਲ ਨਾ ਜਾਣ, ਉਹ ਨਾ ਜਾਗਣਗੇ, ਨਾ ਆਪਣੀ ਨੀਂਦ ਤੋਂ ਜਗਾਏ ਜਾਣਗੇ ।

13ਕਾਸ਼ ਕਿ ਤੂੰ ਮੈਨੂੰ ਅਧੋਲੋਕ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛੁਪਾ ਰੱਖੇਂ ਜਦ ਤੱਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਯਾਦ ਕਰੇਂ ! 14ਜੇਕਰ ਮਨੁੱਖ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ ? ਆਪਣੀ ਸਖ਼ਤ ਟਹਿਲ ਦੇ ਸਾਰੇ ਦਿਨਾਂ ਵਿੱਚ ਮੈਂ ਉਡੀਕ ਵਿੱਚ ਰਹਾਂਗਾ, ਜਦੋਂ ਤੱਕ ਮੇਰੀ ਵਾਰੀ ਨਾ ਆਵੇ । 15ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ । 16ਪਰ ਹੁਣ ਤੂੰ ਮੇਰੇ ਕਦਮਾਂ ਨੂੰ ਗਿਣਦਾ ਹੈਂ, ਕੀ ਤੂੰ ਮੇਰੇ ਪਾਪ ਉੱਤੇ ਨਜ਼ਰ ਨਹੀਂ ਰੱਖਦਾ ? 17ਮੇਰਾ ਅਪਰਾਧ ਮੋਹਰ ਲੱਗੀ ਹੋਈ ਥੈਲੀ ਵਿੱਚ ਬੰਦ ਹੈ, ਅਤੇ ਤੂੰ ਮੇਰੀ ਬਦੀ ਨੂੰ ਸੀਉਂਕੇ ਰੱਖਿਆ ਹੋਇਆ ਹੈ ।

18ਪਰ ਪਹਾੜ ਡਿੱਗਦਾ-ਡਿੱਗਦਾ ਘਸ ਜਾਂਦਾ ਅਤੇ ਚੱਟਾਨ ਆਪਣੇ ਥਾਂ ਤੋਂ ਸਰਕ ਜਾਂਦੀ ਹੈ, 19ਪਾਣੀ ਪੱਥਰਾਂ ਨੂੰ ਘਸਾ ਦਿੰਦਾ ਹੈ, ਉਹ ਦਾ ਹੜ੍ਹ ਧਰਤੀ ਦੀ ਮਿੱਟੀ ਨੂੰ ਵਹਾ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਤੂੰ ਮਨੁੱਖ ਦੀ ਆਸ ਨੂੰ ਮਿਟਾ ਦਿੰਦਾ ਹੈਂ । 20ਤੂੰ ਹਮੇਸ਼ਾਂ ਉਸ ਉੱਤੇ ਪਰਬਲ ਹੁੰਦਾ ਹੈ, ਅਤੇ ਉਹ ਚੱਲਿਆ ਜਾਂਦਾ ਹੈ, ਤੂੰ ਉਹ ਦਾ ਚਿਹਰਾ ਬਦਲ ਕੇ ਉਹ ਨੂੰ ਕੱਢ ਦਿੰਦਾ ਹੈਂ ! 21ਉਹ ਦੇ ਪੁੱਤਰ ਸਨਮਾਨ ਪ੍ਰਾਪਤ ਕਰਦੇ ਹਨ, ਪਰ ਉਹ ਜਾਣਦਾ ਨਹੀਂ, ਉਹ ਹਲਕੇ ਪੈ ਜਾਂਦੇ ਹਨ ਪਰ ਉਹ ਉਨ੍ਹਾਂ ਦਾ ਹਾਲ ਨਹੀਂ ਸਮਝਦਾ 22ਉਸ ਨੂੰ ਸਿਰਫ਼ ਆਪਣੇ ਸਰੀਰ ਦਾ ਹੀ ਦੁੱਖ ਮਹਿਸੂਸ ਹੁੰਦਾ ਹੈ ਅਤੇ ਆਪਣੇ ਲਈ ਹੀ ਉਸ ਦੀ ਜਾਨ ਅੰਦਰ ਹੀ ਅੰਦਰ ਸੋਗ ਕਰਦੀ ਹੈ ।"

15

ਦੂਸਰੀ ਗੱਲਬਾਤ (15:1-21:34)

ਅਲੀਫ਼ਜ਼ ਦਾ ਦੋਸ਼ ਲਾਉਣਾ

1ਤਦ ਅਲੀਫ਼ਜ਼ ਤੇਮਾਨੀ ਨੇ ਆਖਿਆ, 2"ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ ਦੇਵੇ, ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ ? 3ਕੀ ਉਹ ਵਿਅਰਥ ਗੱਲਾਂ ਨਾਲ ਬਹਿਸ ਕਰੇ, ਜਾਂ ਅਵਿਰਥਾ ਬੋਲੇ ? 4ਪਰ ਤੂੰ ਪਰਮੇਸ਼ੁਰ ਦਾ ਭੈ ਮੰਨਣਾ ਛੱਡ ਦਿੰਦਾ ਹੈ, ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈਂ । 5ਤੇਰਾ ਮੂੰਹ ਤੇਰੀ ਬਦੀ ਨੂੰ ਪ੍ਰਗਟ ਕਰਦਾ ਹੈ, ਅਤੇ ਤੂੰ ਛਲੀਆਂ ਦੀ ਜ਼ਬਾਨ ਬੋਲਦਾ ਹੈਂ । 6ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ, ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ ।

7ਕੀ ਪਹਿਲਾ ਮਨੁੱਖ ਤੂੰ ਹੀ ਜੰਮਿਆ ਹੈਂ ਜਾਂ ਪਹਾੜਾਂ ਤੋਂ ਪਹਿਲਾਂ ਤੂੰ ਪੈਦਾ ਹੋਇਆ ? 8ਕੀ ਤੂੰ ਪਰਮੇਸ਼ੁਰ ਦੀ ਗੁਪਤ ਯੋਜਨਾ ਨੂੰ ਸੁਣਦਾ ਹੈਂ, ਜਾਂ ਬੁੱਧ ਦਾ ਠੇਕਾ ਤੂੰ ਹੀ ਲੈ ਰੱਖਿਆ ਹੈ ? 9ਤੂੰ ਅਜਿਹਾ ਕੀ ਜਾਣਦਾ ਹੈ ਜੋ ਅਸੀਂ ਨਹੀਂ ਜਾਣਦੇ ? ਤੇਰੇ ਕੋਲ ਅਜਿਹੀ ਕਿਹੜੀ ਸਮਝ ਹੈ ਜੋ ਸਾਡੇ ਕੋਲ ਨਹੀਂ ਹੈ ? 10ਸਾਡੇ ਵਿੱਚ ਧੌਲਿਆਂ ਵਾਲੇ ਸਗੋਂ ਬਜ਼ੁਰਗ ਵੀ ਹਨ, ਜਿਹੜੇ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ । 11ਕੀ ਪਰਮੇਸ਼ੁਰ ਦੀਆਂ ਤਸੱਲੀਆਂ, ਅਤੇ ਤੇਰੇ ਨਾਲ ਕੀਤੇ ਨਰਮੀ ਦੇ ਬਚਨ ਤੇਰੇ ਲਈ ਹਲਕੇ ਹਨ ? 12ਤੇਰਾ ਮਨ ਤੈਨੂੰ ਕਿਉਂ ਖਿੱਚੀ ਜਾਂਦਾ ਹੈ । ਤੂੰ ਅੱਖਾਂ ਨਾਲ ਇਸ਼ਾਰੇ ਕਿਉਂ ਕਰਦਾ ਹੈਂ ? 13ਕੀ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ ਕਰਦਾ ਹੈਂ, ਅਤੇ ਆਪਣੇ ਮੂੰਹ ਤੋਂ ਵਿਅਰਥ ਗੱਲਾਂ ਬਕਦਾ ਹੈਂ ?

14ਮਨੁੱਖ ਕੀ ਹੈ ਜੋ ਉਹ ਨਿਰਦੋਸ਼ ਠਹਿਰੇ, ਅਤੇ ਇਸਤਰੀ ਤੋਂ ਜੰਮਿਆ ਹੋਇਆ ਕੀ ਹੈ ਜੋ ਉਹ ਧਰਮੀ ਠਹਿਰੇ ? 15ਵੇਖੋ, ਉਹ ਆਪਣੇ ਪਵਿੱਤਰ ਜਨਾਂ ਉੱਤੇ ਵਿਸ਼ਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਸ਼ੁੱਧ ਨਹੀਂ, 16ਭਲਾ, ਫੇਰ ਮਨੁੱਖ ਕੀ ਜੋ ਘਿਣਾਉਣਾ ਅਤੇ ਭ੍ਰਿਸ਼ਟ ਹੈ, ਜੋ ਬੁਰਿਆਈ ਨੂੰ ਪਾਣੀ ਵਾਂਗੂੰ ਪੀਂਦਾ ਹੈ ?

17ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ, ਅਤੇ ਜਿਸ ਨੂੰ ਮੈਂ ਵੇਖਿਆ ਉਹ ਦਾ ਵਰਨਣ ਮੈਂ ਕਰਦਾ ਹਾਂ, 18ਆਪਣੇ ਪਿਉ-ਦਾਦਿਆਂ ਤੋਂ ਸੁਣ ਕੇ, ਜੋ ਕੁਝ ਬੁੱਧੀਮਾਨਾਂ ਨੇ ਦੱਸਿਆ ਅਤੇ ਨਾ ਛੁਪਾਇਆ, 19ਉਹਨਾਂ ਇੱਕਲਿਆਂ ਨੂੰ ਹੀ ਦੇਸ ਦਿੱਤਾ ਗਿਆ, ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ, 20ਦੁਸ਼ਟ ਜੀਵਨ ਭਰ ਤੜਫ਼ਦਾ ਹੈ, ਅਤੇ ਜ਼ਾਲਿਮ ਦੇ ਲਈ ਸਾਲ ਗਿਣ ਕੇ ਰੱਖੇ ਹੋਏ ਹਨ । 21ਭੈ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਗੂੰਜਦੀ ਰਹਿੰਦੀ ਹੈ, ਸ਼ਾਂਤੀ ਦੇ ਸਮੇਂ ਵੀ ਲੁਟੇਰਾ ਉਹਨਾਂ ਉੱਤੇ ਆ ਪੈਂਦਾ ਹੈ, 22ਉਹ ਨੂੰ ਵਿਸ਼ਵਾਸ ਨਹੀਂ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ, ਅਤੇ ਤਲਵਾਰ ਉਹ ਨੂੰ ਉਡੀਕਦੀ ਹੈ । 23ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਉਸ ਨੂੰ ਕਿੱਥੇ ਮਿਲੇਗੀ ? ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੀ ਹੈ । 24ਪੀੜ ਅਤੇ ਦੁੱਖ ਉਹ ਨੂੰ ਡਰਾਉਂਦੇ ਹਨ, ਉਸ ਰਾਜੇ ਵਾਂਗੂੰ ਜੋ ਯੁੱਧ ਲਈ ਤਿਆਰ ਹੈ, ਉਹ ਉਸ ਉੱਤੇ ਪਰਬਲ ਹੁੰਦੇ ਹਨ, 25ਕਿਉਂ ਜੋ ਉਸ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ ਚੁੱਕਿਆ ਹੈ, ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ, 26ਉਹ ਟੇਢੀ ਧੌਣ ਨਾਲ ਆਪਣੀ ਮੋਟੀਆਂ-ਮੋਟੀਆਂ ਨੋਕਦਾਰ ਢਾਲਾਂ ਵਿਖਾਉਂਦਾ ਹੋਇਆ ਘਮੰਡ ਨਾਲ ਉਸ ਉੱਤੇ ਦੌੜਦਾ ਹੈ ।

27ਉਸ ਨੇ ਆਪਣਾ ਚਿਹਰਾ ਚਰਬੀ ਨਾਲ ਢੱਕ ਲਿਆ ਹੈ, ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤੈਹਾਂ ਜਮਾਈਆਂ ਹਨ, 28ਉਹ ਉੱਜੜੇ ਹੋਏ ਨਗਰਾਂ ਵਿੱਚ ਵੱਸ ਗਿਆ ਹੈ, ਉਹਨਾਂ ਘਰਾਂ ਵਿੱਚ ਜਿੱਥੇ ਕੋਈ ਨਹੀਂ ਵੱਸਦਾ, ਜਿਹੜੇ ਖੰਡਰ ਹੋਣ ਲਈ ਛੱਡ ਦਿੱਤੇ ਗਏ ਹਨ । 29ਉਹ ਧਨੀ ਨਾ ਹੋਵੇਗਾ ਨਾ ਉਹ ਦਾ ਮਾਲ ਬਣਿਆ ਰਹੇਗਾ, ਨਾ ਉਸ ਦੀ ਉਪਜ ਧਰਤੀ ਵੱਲ ਝੁਕੇਗੀ । 30ਉਹ ਹਨੇਰੇ ਤੋਂ ਨਾ ਨਿਕਲੇਗਾ, ਲਾਟਾਂ ਉਸ ਦੀਆਂ ਟਹਿਣੀਆਂ ਨੂੰ ਸੁਕਾ ਦੇਣਗੀਆਂ, ਅਤੇ ਪਰਮੇਸ਼ੁਰ ਦੇ ਮੂੰਹ ਦੇ ਸਾਹ ਨਾਲ ਉਹ ਜਾਂਦਾ ਰਹੇਗਾ । 31ਉਹ ਵਿਅਰਥ ਗੱਲਾਂ ਉੱਤੇ ਭਰੋਸਾ ਕਰਕੇ ਆਪਣੇ ਆਪ ਨੂੰ ਧੋਖਾ ਨਾ ਦੇਵੇ ਕਿਉਂ ਜੋ ਉਸ ਦਾ ਬਦਲਾ ਵਿਅਰਥ ਹੀ ਹੋਵੇਗਾ । 32ਉਹ ਆਪਣੇ ਦਿਨ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ, ਅਤੇ ਉਹ ਦੀ ਟਹਿਣੀ ਹਰੀ ਨਾ ਰਹੇਗੀ । 33ਦਾਖ ਦੀ ਕੱਚੀ ਵੇਲ ਵਾਂਗੂੰ ਉਸ ਦੇ ਫਲ ਝੜ ਜਾਣਗੇ ਅਤੇ ਜ਼ੈਤੂਨ ਦੇ ਫੁੱਲ ਵਾਂਗੂੰ ਉਸ ਦੇ ਫੁੱਲ ਡਿੱਗ ਪੈਣਗੇ । 34ਅਧਰਮੀਆਂ ਦੀ ਮੰਡਲੀ ਬਾਂਝ ਹੁੰਦੀ ਹੈ, ਅਤੇ ਅੱਗ ਰਿਸ਼ਵਤ ਲੈਣ ਵਾਲਿਆਂ ਦੇ ਡੇਰਿਆਂ ਨੂੰ ਭਸਮ ਕਰ ਦਿੰਦੀ ਹੈ । 35ਉਨ੍ਹਾਂ ਦੇ ਗਰਭ ਵਿੱਚ ਮੁਸੀਬਤ ਪੈਂਦੀ ਹੈ ਅਤੇ ਉਹ ਬਦੀ ਨੂੰ ਜਨਮ ਦਿੰਦੇ ਹਨ, ਉਨ੍ਹਾਂ ਦੇ ਪੇਟ ਵਿੱਚ ਛਲ ਪੈਦਾ ਹੁੰਦਾ ਹੈ ।"

16

ਅਯੂੱਬ ਦਾ ਅਲੀਫ਼ਜ਼ ਨੂੰ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ, 2"ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ, ਤੁਸੀਂ ਸਾਰੇ ਦੇ ਸਾਰੇ ਦੁੱਖਦਾਇਕ ਤਸੱਲੀ ਦੇਣ ਵਾਲੇ ਹੋ ! 3ਕੀ ਹਵਾਈ ਗੱਲਾਂ ਕਦੇ ਮੁੱਕਣਗੀਆਂ, ਜਾਂ ਤੈਨੂੰ ਕੀ ਖਿਝ ਹੈ ਜੋ ਤੂੰ ਬਹਿਸ ਕਰਦਾ ਹੈਂ ? 4ਮੈਂ ਵੀ ਤੁਹਾਡੇ ਵਾਂਗੂੰ ਬੋਲ ਸਕਦਾ, ਜੇ ਤੁਹਾਡੀ ਹਾਲਤ ਮੇਰੀ ਹਾਲਤ ਜਿਹੀ ਹੁੰਦੀ, ਤਾਂ ਮੈਂ ਵੀ ਤੁਹਾਡੇ ਵਿਰੁੱਧ ਗੱਲਾਂ ਘੜ ਸਕਦਾ, ਅਤੇ ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ ! 5ਪਰ ਮੈਂ ਤੁਹਾਨੂੰ ਆਪਣੇ ਬਚਨਾਂ ਨਾਲ ਉਤਸ਼ਾਹਿਤ ਕਰਦਾ, ਅਤੇ ਆਪਣੇ ਬੁੱਲ੍ਹਾਂ ਨਾਲ ਤਸੱਲੀ ਦਿੰਦਾ ।

6ਜੇ ਮੈਂ ਬੋਲਾਂ ਤਾਂ ਵੀ ਮੈਨੂੰ ਤਸੱਲੀ ਨਹੀਂ, ਅਤੇ ਜੇ ਮੈਂ ਚੁੱਪ ਰਹਾਂ, ਤਾਂ ਵੀ ਮੈਨੂੰ ਅਰਾਮ ਨਹੀਂ ਮਿਲਦਾ । 7ਪਰ ਹੁਣ ਉਹ ਨੇ ਮੈਨੂੰ ਥਕਾ ਦਿੱਤਾ ਹੈ, ਤੂੰ ਮੇਰੇ ਸਾਰੇ ਆਰ-ਪਰਿਵਾਰ ਨੂੰ ਬਰਬਾਦ ਕੀਤਾ ਹੈ, 8ਤੂੰ ਮੈਨੂੰ ਘੁੱਟ ਕੇ ਫੜ੍ਹ ਲਿਆ ਹੈ, ਇਹ ਮੇਰੇ ਲਈ ਗਵਾਹੀ ਹੈ ! ਮੇਰੀ ਦੁਰਬਲਤਾ ਮੇਰੇ ਵਿਰੁੱਧ ਉੱਠ ਕੇ ਮੇਰੇ ਮੂੰਹ ਤੇ ਸਾਖੀ ਦਿੰਦੀ ਹੈ । 9ਉਹ ਦੇ ਕ੍ਰੋਧ ਨੇ ਮੈਨੂੰ ਪਾੜਿਆ ਅਤੇ ਸਤਾਇਆ ਹੈ, ਉਹ ਨੇ ਮੇਰੇ ਉੱਤੇ ਆਪਣੇ ਦੰਦ ਪੀਹੇ ਅਤੇ ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ ਹੈ । 10ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਖੋਲ੍ਹੇ ਹਨ, ਨਿੰਦਿਆ ਕਰਕੇ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ, ਉਹ ਮੇਰੇ ਵਿਰੁੱਧ ਰਲ ਕੇ ਇਕੱਠੇ ਹੁੰਦੇ ਹਨ । 11ਪਰਮੇਸ਼ੁਰ ਨੇ ਮੈਨੂੰ ਕੁਧਰਮੀਆਂ ਦੇ ਵੱਸ ਕਰ ਦਿੱਤਾ, ਅਤੇ ਦੁਸ਼ਟਾਂ ਦੇ ਹੱਥ ਵਿੱਚ ਮੈਨੂੰ ਸੁੱਟ ਦਿੱਤਾ ਹੈ । 12ਮੈਂ ਸੁਖੀ ਸੀ ਪਰ ਉਹ ਨੇ ਮੈਨੂੰ ਚੂਰ-ਚਾਰ ਕਰ ਸੁੱਟਿਆ, ਅਤੇ ਮੈਨੂੰ ਧੌਣ ਤੋਂ ਫੜ੍ਹ ਲਿਆ ਅਤੇ ਪਟਕਾ-ਪਟਕਾ ਕੇ ਮੈਨੂੰ ਭੰਨ ਸੁੱਟਿਆ, ਉਹ ਨੇ ਮੈਨੂੰ ਆਪਣੇ ਨਿਸ਼ਾਨੇ ਲਈ ਖੜ੍ਹਾ ਕੀਤਾ ! 13ਉਹ ਦੇ ਤੀਰ-ਅੰਦਾਜ਼ ਮੈਨੂੰ ਆਲੇ ਦੁਆਲਿਓਂ ਘੇਰ ਲੈਂਦੇ ਹਨ, ਉਹ ਮੇਰੇ ਗੁਰਦਿਆਂ ਨੂੰ ਚੀਰਦਾ ਹੈ ਅਤੇ ਦਯਾ ਨਹੀਂ ਕਰਦਾ, ਉਹ ਮੇਰੇ ਪਿੱਤ ਨੂੰ ਧਰਤੀ ਉੱਤੇ ਡੋਲ੍ਹ ਦਿੰਦਾ ਹੈ ! 14ਉਹ ਤੇੜਾਂ ਤੇ ਤੇੜਾਂ ਪਾ ਕੇ ਮੈਨੂੰ ਤੋੜ ਸੁੱਟਦਾ ਹੈ, ਉਹ ਮੇਰੇ ਉੱਤੇ ਸੂਰਮੇ ਵਾਂਗੂੰ ਹਮਲਾ ਕਰਦਾ ਹੈ !

15ਮੈਂ ਆਪਣੀ ਚਮੜੀ ਉੱਤੇ ਤੱਪੜ ਨੂੰ ਸਿਉਂ ਲਿਆ ਹੈ, ਮੈਂ ਆਪਣਾ ਸਿੰਗ ਨੂੰ ਮਿੱਟੀ ਵਿੱਚ ਰਲਾ ਦਿੱਤਾ ਹੈ । 16ਮੇਰਾ ਮੂੰਹ ਰੋਣ ਨਾਲ ਲਾਲ ਹੋ ਗਿਆ ਹੈ, ਅਤੇ ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਯਾ ਹੈ, 17ਫੇਰ ਵੀ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ, ਅਤੇ ਮੇਰੀ ਪ੍ਰਾਰਥਨਾ ਪਵਿੱਤਰ ਹੈ ।

18ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ, ਅਤੇ ਮੇਰੀ ਦੁਹਾਈ ਕਿਤੇ ਨਾ ਰੁਕੇ ! 19ਪਰ ਹੁਣ ਵੇਖੋ, ਸਵਰਗ ਵਿੱਚ ਮੇਰਾ ਸਾਖੀ ਹੈ, ਅਤੇ ਮੇਰਾ ਗਵਾਹ ਉੱਚਿਆਈਆਂ ਉੱਤੇ ਹੈ । 20ਮੇਰੇ ਮਿੱਤਰ ਮੇਰਾ ਮਖੌਲ ਉਡਾਉਂਦੇ ਹਨ, ਮੇਰੀਆਂ ਅੱਖਾਂ ਪਰਮੇਸ਼ੁਰ ਦੇ ਅੱਗੇ ਰੋਂਦੀਆਂ ਹਨ, 21ਕੀ ਕੋਈ ਮਨੁੱਖ ਦੇ ਲਈ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰੇ, ਜਿਵੇਂ ਆਦਮ ਵੰਸ਼ ਆਪਣੇ ਮਿੱਤਰ ਲਈ ਕਰਦਾ ਹੈ ।

22ਕਿਉਂ ਜੋ ਥੋੜ੍ਹਿਆਂ ਸਾਲਾਂ ਦੇ ਬੀਤਣ ਤੋਂ ਬਾਅਦ ਮੈਂ ਉਸ ਰਾਹ ਚਲਾ ਜਾਂਵਾਂਗਾ ਜਿੱਥੋਂ ਮੈਂ ਫੇਰ ਕਦੇ ਨਹੀਂ ਮੁੜਾਂਗਾ ।

17

ਅਯੂੱਬ ਦੀ ਪ੍ਰਾਰਥਨਾ

1ਮੇਰਾ ਆਤਮਾ ਟੁੱਟ ਗਿਆ, ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ । 2ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ, ਅਤੇ ਮੇਰੀ ਨਿਗਾਹ ਉਹਨਾਂ ਦੇ ਲੜਾਈ ਝਗੜੇ ਉੱਤੇ ਟਿਕੀ ਹੋਈ ਹੈ ।

3ਜ਼ਮਾਨਤ ਦੇ, ਤੂੰ ਆਪਣੇ ਅਤੇ ਮੇਰੇ ਵਿੱਚ ਜ਼ਮਾਨਤੀ ਹੋ, ਕੌਣ ਹੈ ਜੋ ਮੇਰੇ ਹੱਥ ਉੱਤੇ ਹੱਥ ਧਰੇ ? 4ਤੂੰ ਤਾਂ ਉਹਨਾਂ ਦਾ ਮਨ ਸਮਝ ਤੋਂ ਓਹਲੇ ਰੱਖਿਆ ਹੈ, ਇਸ ਲਈ ਤੂੰ ਉਹਨਾਂ ਨੂੰ ਪਰਬਲ ਨਾ ਹੋਣ ਦੇਵੇਂਗਾ । 5ਜਿਹੜਾ ਆਪਣੇ ਮਿੱਤਰ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ ਬਣਾਉਂਦਾ ਹੈ, ਉਹ ਦੇ ਬੱਚਿਆਂ ਦੀਆਂ ਅੱਖਾਂ ਅੰਨ੍ਹੀਆਂ ਹੋ ਜਾਣਗੀਆਂ ।

6ਪਰ ਪਰਮੇਸ਼ੁਰ ਨੇ ਮੈਨੂੰ ਲੋਕਾਂ ਲਈ ਮਿਹਣਾ ਬਣਾਇਆ, ਮੈਂ ਉਹ ਹਾਂ ਜਿਸ ਦੇ ਮੂੰਹ ਉੱਤੇ ਲੋਕ ਥੁੱਕਦੇ ਹਨ । 7ਮੇਰੀਆਂ ਅੱਖਾਂ ਸੋਗ ਦੇ ਕਾਰਨ ਧੁੰਦਲੀਆਂ ਹੋ ਗਈਆਂ ਹਨ, ਅਤੇ ਮੇਰੇ ਸਾਰੇ ਅੰਗ ਪਰਛਾਵੇਂ ਵਾਂਗੂੰ ਹੋ ਗਏ ਹਨ । 8ਨੇਕ ਲੋਕ ਇਹ ਵੇਖ ਕੇ ਹੈਰਾਨ ਹੁੰਦੇ ਹਨ, ਅਤੇ ਬੇਦੋਸ਼ੇ ਕੁਧਰਮੀਆਂ ਦੇ ਵਿਰੁੱਧ ਭੜਕ ਉੱਠਦੇ ਹਨ । 9ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ, ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ ।

10ਪਰ ਤੁਸੀਂ ਸਾਰੇ ਹੀ ਯਤਨ ਨਾਲ ਮੁੜ ਕੇ ਆਓ, ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ । 11ਮੇਰੇ ਦਿਨ ਤਾਂ ਬੀਤ ਗਏ, ਮੇਰੀਆਂ ਯੋਜਨਾਵਾਂ ਅਤੇ ਮੇਰੇ ਦਿਲ ਦੀਆਂ ਲੋਚਾਂ ਮਿਟ ਗਈਆਂ । 12ਉਹ ਰਾਤ ਨੂੰ ਦਿਨ ਠਹਿਰਾਉਂਦੇ ਅਤੇ ਆਖਦੇ ਹਨ ਕਿ ਚਾਨਣ ਹਨੇਰੇ ਦੇ ਕੋਲ ਹੀ ਹੈ । 13ਜੇਕਰ ਮੈਂ ਆਸ ਰੱਖਾਂ ਕਿ ਪਤਾਲ ਮੇਰਾ ਘਰ ਹੈਂ, ਜੇਕਰ ਮੈਂ ਹਨੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ, 14ਜੇ ਮੈਂ ਸੜਿਹਾਣ ਨੂੰ ਪੁਕਾਰਾਂ ਕਿ ਤੂੰ ਮੇਰਾ ਪਿਤਾ ਹੈਂ, ਅਤੇ ਕੀੜੇ ਨੂੰ ਕਿ ਤੂੰ ਮੇਰੀ ਮਾਂ ਅਤੇ ਮੇਰੀ ਭੈਣ ਹੈਂ, 15ਤਦ ਮੇਰੀ ਆਸ ਫੇਰ ਕਿੱਥੇ ਹੈ ? ਕੌਣ ਮੇਰੇ ਲਈ ਆਸ ਵੇਖੇਗਾ ? 16ਉਹ ਪਤਾਲ ਦੇ ਫਾਟਕਾਂ ਵਿੱਚ ਉਤਰ ਜਾਵੇਗੀ, ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ ।"

18

ਬਿਲਦਦ ਦਾ ਕਥਨ

1ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, 2"ਤੁਸੀਂ ਕਦੋਂ ਤੱਕ ਗੱਲਾਂ ਲਈ ਫੰਦੇ ਲਾਓਗੇ ? ਸਮਝਦਾਰ ਬਣੋ, ਫੇਰ ਆਪਾਂ ਗੱਲ ਕਰਾਂਗੇ । 3ਅਸੀਂ ਕਿਉਂ ਤੁਹਾਡੀ ਨਿਗਾਹ ਵਿੱਚ ਪਸ਼ੂਆਂ ਜਿਹੇ ਗਿਣੇ ਜਾਂਦੇ ਹਾਂ ਅਤੇ ਭ੍ਰਿਸ਼ਟ ਠਹਿਰੇ ਹਾਂ ? 4ਤੂੰ ਜੇ ਆਪਣੇ ਆਪ ਨੂੰ ਆਪਣੇ ਕ੍ਰੋਧ ਵਿੱਚ ਪਾੜਦਾ ਹੈਂ, ਕੀ ਤੇਰੇ ਲਈ ਧਰਤੀ ਤਿਆਗੀ ਜਾਵੇਗੀ, ਜਾਂ ਚੱਟਾਨ ਆਪਣੇ ਥਾਂ ਤੋਂ ਖਿਸਕ ਜਾਵੇਗੀ ?

5ਹਾਂ, ਦੁਸ਼ਟਾਂ ਦਾ ਦੀਵਾ ਬੁੱਝ ਜਾਵੇਗਾ ਅਤੇ ਉਸ ਦੀ ਅੱਗ ਦੀ ਲਾਟ ਨਾ ਚਮਕੇਗੀ, 6ਉਹ ਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਵੇਗਾ, ਅਤੇ ਉਹ ਦੇ ਉੱਪਰ ਦਾ ਦੀਵਾ ਬੁੱਝ ਜਾਵੇਗਾ । 7ਉਹ ਦੇ ਬਲਵੰਤ ਕਦਮ ਰੋਕੇ ਜਾਣਗੇ, ਅਤੇ ਉਹ ਆਪਣੀ ਹੀ ਸਲਾਹ ਨਾਲ ਡਿੱਗ ਪਵੇਗਾ । 8ਉਹ ਤਾਂ ਆਪਣੇ ਹੀ ਪੈਰ ਜਾਲ ਵਿੱਚ ਫਸਾਵੇਗਾ, ਅਤੇ ਉਹ ਆਪ ਫੰਦੇ ਉੱਤੇ ਚੱਲਦਾ ਹੈ । 9ਕੜਿੱਕੀ ਉਹ ਦੀ ਅੱਡੀ ਨੂੰ ਫੜ੍ਹਦੀ, ਅਤੇ ਫਾਹੀ ਉਹ ਨੂੰ ਫਾਹ ਲੈਂਦੀ ਹੈ । 10ਫੰਦਾ ਉਹ ਦੇ ਲਈ ਧਰਤੀ ਵਿੱਚ ਲੁਕਾਇਆ ਜਾਂਦਾ ਹੈ, ਅਤੇ ਉਹ ਦੇ ਰਸਤੇ ਵਿੱਚ ਜਾਲ । 11ਖੌਫ਼ ਆਲੇ ਦੁਆਲਿਓਂ ਉਸ ਨੂੰ ਡਰਾਉਂਦਾ ਹੈ, ਅਤੇ ਉਸ ਦੇ ਪਿੱਛੇ ਪੈ ਕੇ ਉਸ ਨੂੰ ਭਜਾਉਂਦਾ ਹੈ ! 12ਆਫ਼ਤ ਉਸ ਉੱਤੇ ਪੈਣ ਲਈ ਉਡੀਕਦੀ ਹੈ, ਅਤੇ ਬਿਪਤਾ ਉਹ ਦੇ ਕੋਲ ਹੀ ਤਿਆਰ ਹੋਵੇਗੀ । 13ਉਹ ਉਸ ਦੇ ਸਰੀਰ ਦੇ ਅੰਗ ਨੂੰ ਖਾ ਜਾਵੇਗੀ, ਮੌਤ ਦਾ ਜੇਠਾ ਉਸ ਦੇ ਅੰਗਾਂ ਨੂੰ ਨਿਗਲ ਲਵੇਗਾ । 14ਆਪਣੇ ਜਿਸ ਤੰਬੂ ਉੱਤੇ ਉਹ ਭਰੋਸਾ ਰੱਖਦਾ ਸੀ, ਉਹ ਪੁੱਟਿਆ ਜਾਵੇਗਾ, ਅਤੇ ਉਸ ਨੂੰ ਖੌਫ਼ਨਾਕ ਰਾਜੇ ਕੋਲ ਪਹੁੰਚਾਇਆ ਜਾਵੇਗਾ ! 15ਜਿਹੜਾ ਉਹ ਦਾ ਨਹੀਂ ਉਹ ਉਸ ਦੇ ਤੰਬੂ ਵਿੱਚ ਵੱਸੇਗਾ, ਅਤੇ ਉਹ ਦੇ ਵਸੇਬੇ ਉੱਤੇ ਗੰਧਕ ਸੁੱਟੀ ਜਾਵੇਗੀ । 16ਹੇਠੋਂ ਉਹ ਦੀਆਂ ਜੜ੍ਹਾਂ ਸੁੱਕ ਜਾਣਗੀਆਂ, ਉੱਪਰੋਂ ਉਹ ਦੀਆਂ ਟਹਿਣੀਆਂ ਕੁਮਲਾ ਜਾਣਗੀਆਂ 17ਉਹ ਦੀ ਯਾਦ ਧਰਤੀ ਉੱਤੋਂ ਮਿਟ ਜਾਵੇਗੀ, ਅਤੇ ਉਹ ਦਾ ਨਾਮ ਦੇਸ ਵਿੱਚ ਨਾ ਰਹੇਗਾ । 18ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ, ਅਤੇ ਸੰਸਾਰ ਤੋਂ ਖਦੇੜ ਦੇਣਗੇ । 19ਅਤੇ ਉਹ ਦੇ ਲੋਕਾਂ ਵਿੱਚ ਨਾ ਉਹ ਦਾ ਪੁੱਤਰ, ਨਾ ਪੋਤਾ ਹੋਵੇਗਾ, ਨਾ ਉਹ ਦੇ ਟਿਕਾਣਿਆਂ ਵਿੱਚ ਕੋਈ ਬਾਕੀ ਰਹੇਗਾ । 20ਪੱਛਮ ਦੇ ਲੋਕ ਉਹ ਦੇ ਦਿਨ ਉੱਤੇ ਹੈਰਾਨ ਹੋਣਗੇ ਅਤੇ ਪੂਰਬ ਦੇ ਵਾਸੀ ਸਹਿਮ ਜਾਣਗੇ । 21ਨਿਸੰਗ ਕੁਧਰਮੀਆਂ ਦੇ ਵਸੇਬੇ ਇਹੋ ਜਿਹੇ ਹੋ ਜਾਂਦੇ ਹਨ, ਜੋ ਪਰਮੇਸ਼ੁਰ ਨੂੰ ਨਹੀਂ ਜਾਣਦਾ ਉਸ ਦਾ ਸਥਾਨ ਅਜਿਹਾ ਹੀ ਹੋ ਜਾਂਦਾ ਹੈ ।"

19

ਅਯੂੱਬ ਦਾ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ, 2"ਤੁਸੀਂ ਕਦੋਂ ਤੱਕ ਮੇਰੀ ਜਾਨ ਨੂੰ ਸਤਾਓਗੇ, ਅਤੇ ਮੈਨੂੰ ਗੱਲਾਂ ਨਾਲ ਚੂਰ-ਚੂਰ ਕਰੋਗੇ ? 3ਹੁਣ ਦਸ ਵਾਰ ਤੁਸੀਂ ਮੈਨੂੰ ਲੱਜਿਆਵਾਨ ਕੀਤਾ, ਤੁਸੀਂ ਸ਼ਰਮ ਨਹੀਂ ਕਰਦੇ ਜੋ ਤੁਸੀਂ ਮੇਰੇ ਨਾਲ ਸਖ਼ਤੀ ਕਰਦੇ ਹੋ ? 4ਮੰਨ ਲਓ ਕਿ ਮੇਰੇ ਕੋਲੋਂ ਭੁੱਲ ਹੋਈ ਤਾਂ ਵੀ ਮੇਰੀ ਭੁੱਲ ਮੇਰੇ ਉੱਤੇ ਹੀ ਰਹੇਗੀ । 5ਜੇ ਤੁਸੀਂ ਸੱਚ-ਮੁੱਚ ਮੇਰੇ ਵਿਰੁੱਧ ਆਪਣੇ ਆਪ ਨੂੰ ਵਡਿਆਉਂਦੇ ਹੋ, ਅਤੇ ਮੇਰੀ ਬੇਇੱਜ਼ਤੀ ਕਰਕੇ ਮੇਰੇ ਨਾਲ ਬਹਿਸ ਕਰਦੇ ਹੋ, 6ਤਾਂ ਹੁਣ ਜਾਣ ਲਓ ਕਿ ਪਰਮੇਸ਼ੁਰ ਹੀ ਨੇ ਮੈਨੂੰ ਝੁਕਾਇਆ ਹੈ, ਅਤੇ ਮੈਨੂੰ ਆਪਣੇ ਜਾਲ ਵਿੱਚ ਫਸਾਇਆ ਹੈ ।

7ਵੇਖੋ ਮੈਂ "ਜ਼ੁਲਮ, ਜ਼ੁਲਮ !" ਪੁਕਾਰਦਾ ਹਾਂ, ਪਰ ਕੋਈ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਸਹਾਇਤਾ ਲਈ ਦੁਹਾਈ ਦਿੰਦਾ ਹਾਂ ਪਰ ਕੋਈ ਨਿਆਂ ਨਹੀਂ ਕਰਦਾ ! 8ਉਹ ਨੇ ਮੇਰੇ ਰਾਹ ਨੂੰ ਬੰਦ ਕੀਤਾ ਤਾਂ ਜੋ ਮੈਂ ਲੰਘ ਨਾ ਸਕਾਂ, ਅਤੇ ਮੇਰੇ ਰਸਤਿਆਂ ਵਿੱਚ ਹਨੇਰਾ ਕਰ ਦਿੱਤਾ ਹੈ । 9ਉਹ ਨੇ ਮੇਰਾ ਪਰਤਾਪ ਮੇਰੇ ਉੱਤੋਂ ਲਾਹ ਲਿਆ, ਅਤੇ ਮੇਰੇ ਸਿਰ ਦਾ ਮੁਕਟ ਲੈ ਲਿਆ ਹੈ । 10ਉਹ ਨੇ ਮੈਨੂੰ ਚੌਂਹਾਂ ਪਾਸਿਆਂ ਤੋਂ ਤੋੜ ਸੁੱਟਿਆ, ਜਦੋਂ ਤੱਕ ਮੈਂ ਮੁੱਕ ਨਾ ਗਿਆ, ਅਤੇ ਮੇਰੀ ਆਸ ਨੂੰ ਰੁੱਖ ਵਾਂਗੂੰ ਪੁੱਟ ਸੁੱਟਿਆ ਹੈ । 11ਉਹ ਨੇ ਆਪਣੇ ਕ੍ਰੋਧ ਨੂੰ ਮੇਰੇ ਉੱਤੇ ਭੜਕਾਇਆ ਹੈ, ਅਤੇ ਮੈਨੂੰ ਆਪਣੇ ਵਿਰੋਧੀਆਂ ਵਿੱਚ ਗਿਣ ਲਿਆ ਹੈ ! 12ਉਹ ਦੇ ਜੱਥੇ ਇਕੱਠੇ ਹੋ ਕੇ ਆਉਂਦੇ, ਅਤੇ ਮੇਰੇ ਵਿਰੁੱਧ ਆਪਣਾ ਰਾਹ ਤਿਆਰ ਕਰਦੇ ਹਨ, ਅਤੇ ਮੇਰੇ ਤੰਬੂ ਦੇ ਆਲੇ-ਦੁਆਲੇ ਡੇਰੇ ਲਾਉਂਦੇ ਹਨ ।

13ਉਹ ਨੇ ਮੇਰੇ ਭਰਾ ਮੈਥੋਂ ਦੂਰ ਕਰ ਦਿੱਤੇ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਥੋਂ ਬਿਲਕੁਲ ਬੇਗਾਨੇ ਹੋ ਗਏ । 14ਮੇਰੇ ਅੰਗ ਸਾਕ ਕੰਮ ਨਾ ਆਏ, ਅਤੇ ਮੇਰੇ ਜਾਣ-ਪਛਾਣ ਵਾਲੇ ਮੈਨੂੰ ਭੁੱਲ ਗਏ । 15ਮੇਰੇ ਘਰ ਵਿੱਚ ਰਹਿਣ ਵਾਲੇ ਸਗੋਂ ਮੇਰੀਆਂ ਦਾਸੀਆਂ ਵੀ ਮੈਨੂੰ ਓਪਰਾ ਗਿਣਦੀਆਂ ਹਨ, ਉਹਨਾਂ ਦੀ ਨਿਗਾਹ ਵਿੱਚ ਮੈਂ ਪਰਦੇਸੀ ਹਾਂ । 16ਮੈਂ ਆਪਣੇ ਨੌਕਰ ਨੂੰ ਬੁਲਾਉਂਦਾ ਪਰ ਉਹ ਜਵਾਬ ਨਹੀਂ ਦਿੰਦਾ, ਮੈਨੂੰ ਉਹ ਦੀ ਮਿੰਨਤ ਕਰਨੀ ਪੈਂਦੀ ਹੈ । 17ਮੇਰਾ ਸਾਹ ਮੇਰੀ ਪਤਨੀ ਲਈ ਘਿਣਾਉਣਾ ਹੈ, ਅਤੇ ਮੇਰੇ ਆਪਣੇ ਭਰਾ ਮੈਥੋਂ ਘਿਣ ਕਰਦੇ ਹਨ । 18ਮੁੰਡੇ ਵੀ ਮੈਨੂੰ ਤੁੱਛ ਜਾਣਦੇ ਹਨ, ਜੇ ਮੈਂ ਉੱਠਾਂ ਤਾਂ ਉਹ ਮੈਨੂੰ ਮਿਹਣੇ ਮਾਰਦੇ ਹਨ ! 19ਮੇਰੇ ਸਾਰੇ ਗੂੜ੍ਹੇ ਮਿੱਤਰ ਮੈਥੋਂ ਨਫ਼ਰਤ ਕਰਦੇ ਹਨ, ਅਤੇ ਮੇਰੇ ਪਿਆਰੇ ਮੇਰੇ ਵਿਰੁੱਧ ਹੋ ਗਏ ਹਨ । 20ਮੇਰੀਆਂ ਹੱਡੀਆਂ ਮੇਰੀ ਖੱਲ ਅਤੇ ਮੇਰੇ ਮਾਸ ਵਿੱਚ ਸੁੰਗੜ ਗਈਆਂ ਹਨ, ਅਤੇ ਮੈਂ ਮੌਤ ਤੋਂ ਵਾਲ-ਵਾਲ ਬਚਿਆ ਹਾਂ !

21ਹੇ ਮੇਰੇ ਮਿੱਤਰੋ, ਮੇਰੇ ਉੱਤੇ ਤਰਸ ਖਾਓ, ਤਰਸ ਖਾਓ, ਕਿਉਂ ਜੋ ਪਰਮੇਸੁਰ ਦੇ ਹੱਥ ਨੇ ਮੈਨੂੰ ਮਾਰਿਆ ਹੈ ! 22ਤੁਸੀਂ ਪਰਮੇਸ਼ੁਰ ਵਾਂਗੂੰ ਕਿਉਂ ਮੇਰੇ ਪਿੱਛੇ ਪਏ ਹੋ ? ਅਤੇ ਮੇਰੇ ਮਾਸ ਨੂੰ ਕਿਉਂ ਨਹੀਂ ਛੱਡਦੇ ?

23ਕਾਸ਼ ਕਿ ਹੁਣ ਮੇਰੀਆਂ ਗੱਲਾਂ ਲਿਖੀਆਂ ਜਾਂਦੀਆਂ ! ਕਾਸ਼ ਕਿ ਉਹ ਪੋਥੀ ਵਿੱਚ ਲਿਖੀਆਂ ਜਾਂਦੀਆਂ, 24ਉਹ ਲੋਹੇ ਦੀ ਲਿਖਣ ਨਾਲ ਅਤੇ ਸਿੱਕੇ ਨਾਲ ਸਦਾ ਲਈ ਚੱਟਾਨ ਵਿੱਚ ਉੱਕਰੀਆਂ ਜਾਂਦੀਆਂ ! 25ਮੈਂ ਤਾਂ ਜਾਣਦਾ ਹਾਂ ਕਿ ਮੇਰਾ ਛੁਟਕਾਰਾ ਦੇਣ ਵਾਲਾ ਜੀਉਂਦਾ ਹੈ, ਅਤੇ ਅੰਤ ਵਿੱਚ ਉਹ ਧਰਤੀ ਉੱਤੇ ਖੜ੍ਹਾ ਹੋਵੇਗਾ, 26ਅਤੇ ਆਪਣੀ ਇਸ ਚਮੜੀ ਦੇ ਨਾਸ ਹੋਣ ਦੇ ਬਾਅਦ ਵੀ ਮੈਂ ਆਪਣੇ ਸਰੀਰ ਵਿੱਚ ਹੋ ਕੇ ਪਰਮੇਸ਼ੁਰ ਦਾ ਦਰਸ਼ਣ ਪਾਵਾਂਗਾ । 27ਮੈਂ ਆਪ ਉਸ ਨੂੰ ਆਪਣੀਆਂ ਅੱਖਾਂ ਨਾਲ ਵੇਖਾਂਗਾ, ਮੈਂ ਆਪ - ਕੋਈ ਹੋਰ ਨਹੀਂ । ਮੇਰਾ ਦਿਲ ਮੇਰੇ ਅੰਦਰ ਕਿਵੇਂ ਇਸ ਗੱਲ ਨੂੰ ਲੋਚਦਾ ਹੈ !

28ਜੇ ਤੁਸੀਂ ਆਖੋ ਕਿ ਕਿਵੇਂ ਅਸੀਂ ਉਹ ਦੇ ਪਿੱਛੇ ਪਈਏ ! ਤਾਂ ਵੀ ਧਰਮ ਦੀ ਗੱਲ ਮੇਰੇ ਵਿੱਚ ਪਾਈ ਜਾਵੇਗੀ, 29ਤੁਸੀਂ ਤਲਵਾਰ ਦੀ ਧਾਰ ਤੋਂ ਡਰੋ, ਕਿਉਂ ਕ੍ਰੋਧ ਦਾ ਫਲ ਤਲਵਾਰ ਨਾਲ ਦੰਡ ਦੇ ਯੋਗ ਹੈ, ਤਾਂ ਜੋ ਤੁਸੀਂ ਜਾਣ ਲਓ ਕਿ ਨਿਆਂ ਹੁੰਦਾ ਹੈ ।"

20

ਸੋਫ਼ਰ ਦਾ ਤਰਕ

1ਤਦ ਸੋਫ਼ਰ ਨਅਮਾਤੀ ਨੇ ਉੱਤਰ ਦੇ ਕੇ ਆਖਿਆ, 2"ਮੇਰੀਆਂ ਬੈਚੈਨ ਸੋਚਾਂ ਮੈਨੂੰ ਜਵਾਬ ਦੇਣ ਲਈ ਮਜ਼ਬੂਰ ਕਰਦੀਆਂ ਹਨ । 3ਮੈਂ ਉਹ ਝਿੜਕੀ ਸੁਣਦਾ ਜੋ ਮੈਨੂੰ ਸ਼ਰਮਿੰਦਾ ਕਰਦੀ ਹੈ, ਅਤੇ ਮੇਰਾ ਆਤਮਾ ਆਪਣੀ ਸਮਝ ਅਨੁਸਾਰ ਮੈਨੂੰ ਉੱਤਰ ਦਿੰਦਾ ਹੈ ।

4ਕੀ ਤੂੰ ਇਹ ਮੁੱਢ ਤੋਂ ਨਹੀਂ ਜਾਣਦਾ, ਜਦ ਤੋਂ ਆਦਮੀ ਧਰਤੀ ਉੱਤੇ ਰੱਖਿਆ ਗਿਆ, 5ਕਿ ਦੁਸ਼ਟਾਂ ਦਾ ਜੈਕਾਰਾ ਥੋੜ੍ਹੇ ਚਿਰ ਲਈ ਹੈ, ਅਤੇ ਕੁਧਰਮੀਆਂ ਦਾ ਅਨੰਦ ਇੱਕ ਪਲ ਦਾ ਹੈ ? 6ਜੇ ਉਹ ਦੀ ਉਚਿਆਈ ਅਕਾਸ਼ ਤੱਕ ਵੀ ਪਹੁੰਚੇ, ਅਤੇ ਉਹ ਦਾ ਸਿਰ ਬੱਦਲਾਂ ਨੂੰ ਜਾ ਲੱਗੇ, 7ਤਾਂ ਵੀ ਉਹ ਆਪਣੇ ਬਿਸ਼ਟੇ ਵਾਂਗੂੰ ਸਦਾ ਲਈ ਨਾਸ ਹੋ ਜਾਵੇਗਾ, ਉਹ ਦੇ ਵੇਖਣ ਵਾਲੇ ਆਖਣਗੇ, ਉਹ ਕਿੱਥੇ ਹੈ ? 8ਉਹ ਸੁਫ਼ਨੇ ਵਾਂਗੂੰ ਉੱਡ ਜਾਵੇਗਾ, ਅਤੇ ਨਾ ਲੱਭੇਗਾ ਅਤੇ ਰਾਤ ਨੂੰ ਵੇਖੇ ਦਰਸ਼ਣ ਵਾਂਗੂੰ ਨਾ ਰਹੇਗਾ । 9ਜਿਹੜੀ ਅੱਖ ਨੇ ਉਸ ਨੂੰ ਵੇਖਿਆ ਉਹ ਫੇਰ ਨਹੀਂ ਵੇਖੇਗੀ, ਅਤੇ ਉਸ ਦੇ ਥਾਂ ਤੇ ਉਸ ਦਾ ਕੁਝ ਪਤਾ ਨਾ ਰਹੇਗਾ, 10ਉਹ ਦੇ ਬੱਚੇ ਕੰਗਾਲਾਂ ਤੋਂ ਮਦਦ ਮੰਗਣਗੇ, ਅਤੇ ਉਹ ਦੇ ਹੀ ਹੱਥ ਉਹ ਦਾ ਮਾਲ-ਧਨ ਮੋੜਨਗੇ । 11ਉਹ ਦੀਆਂ ਹੱਡੀਆਂ ਜੁਆਨੀ ਦੇ ਬਲ ਨਾਲ ਭਰੀਆਂ ਹੋਈਆਂ ਤਾਂ ਹਨ, ਪਰ ਉਹ ਉਸ ਦੇ ਨਾਲ ਮਿੱਟੀ ਵਿੱਚ ਰਲ ਜਾਵੇਗਾ ।

12ਭਾਵੇਂ ਬੁਰਿਆਈ ਉਹ ਦੇ ਮੂੰਹ ਵਿੱਚ ਮਿੱਠੀ ਲੱਗੇ, ਅਤੇ ਉਹ ਆਪਣੀ ਜੀਭ ਦੇ ਹੇਠ ਉਹ ਨੂੰ ਲੁਕਾਵੇ, 13ਭਾਵੇਂ ਉਹ ਉਸ ਨੂੰ ਬਚਾ ਰੱਖੇ ਅਤੇ ਛੱਡੇ ਨਾ, ਅਤੇ ਆਪਣੇ ਸੰਘ ਵਿੱਚ ਦਬਾ ਕੇ ਰੱਖੇ, 14ਤਾਂ ਵੀ ਉਹ ਦੀ ਰੋਟੀ ਉਹ ਦੀਆਂ ਆਂਦਰਾਂ ਵਿੱਚ ਪਲਟ ਜਾਂਦੀ ਹੈ, ਉਹ ਉਸ ਦੇ ਅੰਦਰ ਸੱਪਾਂ ਦਾ ਜ਼ਹਿਰ ਹੋ ਜਾਂਦੀ ਹੈ । 15ਉਹ ਦੌਲਤ ਨੂੰ ਨਿਗਲ ਤਾਂ ਗਿਆ ਹੈ ਪਰ ਉਹ ਨੂੰ ਫਿਰ ਉਗਲੇਗਾ, ਪਰਮੇਸ਼ੁਰ ਉਹ ਨੂੰ ਉਸ ਦੇ ਢਿੱਡ ਵਿੱਚੋਂ ਕੱਢ ਲਵੇਗਾ । 16ਉਹ ਨਾਗਾਂ ਦਾ ਵਿਸ ਚੂਸੇਗਾ, ਸੱਪ ਦਾ ਡੰਗ ਉਹ ਨੂੰ ਮਾਰ ਸੁੱਟੇਗਾ ! 17ਉਹ ਨਦੀਆਂ ਨੂੰ ਨਾ ਵੇਖੇਗਾ ਅਰਥਾਤ ਸ਼ਹਿਦ ਅਤੇ ਦਹੀਂ ਦੀਆਂ ਵਗਦੀਆਂ ਨਦੀਆਂ ਨੂੰ । 18ਉਹ ਆਪਣੀ ਕਸ਼ਟ ਨਾਲ ਕੀਤੀ ਹੋਈ ਕਮਾਈ ਨੂੰ ਮੋੜ ਦੇਵੇਗਾ ਪਰ ਆਪ ਉਸ ਨੂੰ ਨਹੀਂ ਨਿਗਲੇਗਾ, ਉਹ ਆਪਣੇ ਲੈਣ-ਦੇਣ ਦੇ ਲਾਭ ਦੇ ਅਨੁਸਾਰ ਖੁਸ਼ੀ ਨਾ ਮਨਾਏਗਾ, 19ਕਿਉਂ ਜੋ ਉਸ ਨੇ ਗਰੀਬਾਂ ਨੂੰ ਦਬਾਇਆ ਅਤੇ ਤਿਆਗ ਦਿੱਤਾ, ਉਸ ਨੇ ਘਰਾਂ ਨੂੰ ਖੋਹ ਲਿਆ ਜਿਹੜੇ ਉਸ ਨੇ ਨਹੀਂ ਉਸਾਰੇ ।

20ਕਿਉਂ ਜੋ ਲਾਲਸਾ ਦੇ ਕਾਰਨ ਉਸ ਨੇ ਆਪਣੇ ਅੰਦਰ ਸ਼ਾਂਤੀ ਨਾ ਜਾਣੀ, ਇਸ ਲਈ ਉਹ ਆਪਣੀਆਂ ਮਨ ਭਾਉਣੀਆਂ ਚੀਜ਼ਾਂ ਨਾ ਬਚਾ ਸਕੇਗਾ । 21ਕੋਈ ਵੀ ਚੀਜ਼ ਉਸ ਦੇ ਨਿਗਲਣ ਤੋਂ ਬਾਕੀ ਨਾ ਬਚੀ, ਇਸ ਕਾਰਨ ਉਹ ਦੀ ਖੁਸ਼ਹਾਲੀ ਬਣੀ ਨਾ ਰਹੇਗੀ । 22ਉਹ ਆਪਣੀ ਭਰਪੂਰੀ ਦੀ ਬਹੁਤਾਇਤ ਵਿੱਚ ਵੀ ਲੋੜਵੰਦ ਰਹੇਗਾ, ਤਦ ਹਰੇਕ ਦੁਖਿਆਰੇ ਦਾ ਹੱਥ ਉਹ ਦੇ ਉੱਤੇ ਆਵੇਗਾ । 23ਜਦ ਉਹ ਆਪਣਾ ਪੇਟ ਭਰਨ ਨੂੰ ਹੋਵੇ ਤਦ ਪਰਮੇਸ਼ੁਰ ਆਪਣਾ ਕਹਿਰ ਉਸ ਉੱਤੇ ਘੱਲੇਗਾ ਅਤੇ ਉਹ ਦੇ ਰੋਟੀ ਖਾਣ ਦੇ ਵੇਲੇ ਉਹ ਉਸ ਉੱਤੇ ਆ ਪਵੇਗਾ । 24ਉਹ ਲੋਹੇ ਦੇ ਹਥਿਆਰ ਤੋਂ ਭੱਜੇਗਾ ਅਤੇ ਪਿੱਤਲ ਦਾ ਧਣੁਖ ਉਹ ਨੂੰ ਵਿੰਨ੍ਹ ਸੁੱਟੇਗਾ, 25ਉਹ ਉਸ ਤੀਰ ਨੂੰ ਬਾਹਰ ਖਿੱਚਦਾ ਅਤੇ ਉਹ ਉਸ ਦੇ ਸਰੀਰ ਵਿੱਚੋਂ ਬਾਹਰ ਆਉਂਦਾ ਹੈ, ਤਦ ਉਹ ਦੀ ਚਮਕਦੀ ਹੋਈ ਨੋਕ ਉਹ ਦੇ ਪਿੱਤੇ ਵਿੱਚੋਂ ਨਿੱਕਲੇਗੀ, ਅਤੇ ਖੌਫ਼ ਉਸ ਦੇ ਉੱਤੇ ਆ ਪਵੇਗਾ । 26ਉਸ ਦੇ ਖ਼ਜ਼ਾਨਿਆਂ ਉੱਤੇ ਘੁੱਪ ਹਨੇਰਾ ਛਾ ਜਾਵੇਗਾ, ਅਣਸੁਲਗੀ ਅੱਗ ਉਹ ਨੂੰ ਭਸਮ ਕਰੇਗੀ, ਜੋ ਕੁਝ ਉਹ ਦੇ ਤੰਬੂ ਵਿੱਚ ਬਾਕੀ ਹੈ, ਉਸ ਨੂੰ ਵੀ ਭਸਮ ਕਰ ਦੇਵੇਗੀ ! 27ਅਕਾਸ਼ ਉਹ ਦੀ ਬਦੀ ਨੂੰ ਪਰਗਟ ਕਰੇਗਾ, ਅਤੇ ਧਰਤੀ ਉਹ ਦੇ ਵਿਰੁੱਧ ਖੜ੍ਹੀ ਹੋਵੇਗੀ । 28ਉਹ ਦੇ ਘਰ ਦਾ ਮਾਲ ਰੁੜ੍ਹ ਜਾਵੇਗਾ, ਪਰਮੇਸ਼ੁਰ ਦੇ ਕ੍ਰੋਧ ਦੇ ਦਿਨ ਵਿੱਚ ਉਹ ਵਗ ਜਾਵੇਗਾ, 29ਪਰਮੇਸ਼ੁਰ ਵੱਲੋਂ ਦੁਸ਼ਟ ਮਨੁੱਖ ਦਾ ਇਹੋ ਹੀ ਹਿੱਸਾ ਹੈ, ਇਹ ਪਰਮੇਸ਼ੁਰ ਵੱਲੋਂ ਉਹ ਦੇ ਲਈ ਮੁਕੱਰਰ ਕੀਤੀ ਹੋਈ ਮਿਰਾਸ ਹੈ !"

21

ਅਯੂੱਬ ਦਾ ਸੋਫ਼ਰ ਨੂੰ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ, 2"ਗੌਰ ਨਾਲ ਮੇਰੀ ਗੱਲ ਸੁਣੋ, ਅਤੇ ਇਹੋ ਤੁਹਾਡੀ ਤੱਸਲੀ ਹੋਵੇ । 3ਮੈਨੂੰ ਥੋੜ੍ਹਾ ਸਹਿ ਲਓ ਤਾਂ ਜੋ ਮੈਂ ਬੋਲਾਂ, ਅਤੇ ਮੇਰੇ ਬੋਲਣ ਤੋਂ ਬਾਅਦ ਤੁਸੀਂ ਠੱਠਾ ਕਰਿਓ !

4ਕੀ ਮੈਂ ਕਿਸੇ ਮਨੁੱਖ ਨੂੰ ਸ਼ਿਕਾਇਤ ਕਰਦਾ ਹਾਂ ? ਫੇਰ ਮੇਰਾ ਆਤਮਾ ਬੇਚੈਨ ਕਿਉਂ ਨਾ ਹੋਵੇ ? 5ਮੇਰੀ ਵੱਲ ਵੇਖੋ ਅਤੇ ਹੈਰਾਨ ਹੋ ਜਾਓ, ਅਤੇ ਆਪਣਾ ਹੱਥ ਆਪਣੇ ਮੂੰਹ ਤੇ ਰੱਖੋ । 6ਜਦ ਮੈਂ ਯਾਦ ਕਰਦਾ ਹਾਂ ਤਾਂ ਮੈਂ ਘਬਰਾ ਜਾਂਦਾ ਹਾਂ, ਅਤੇ ਕੰਬਣੀ ਮੇਰੇ ਸਰੀਰ ਨੂੰ ਫੜ੍ਹ ਲੈਂਦੀ ਹੈ ! 7ਦੁਸ਼ਟ ਕਿਉਂ ਜੀਉਂਦੇ ਰਹਿੰਦੇ ਹਨ, ਸਗੋਂ ਬੁੱਢੇ ਵੀ ਹੋ ਜਾਂਦੇ ਅਤੇ ਮਾਲ-ਧਨ ਵਿੱਚ ਵੀ ਬਲਵਾਨ ਹੋ ਜਾਂਦੇ ਹਨ ? 8ਉਹਨਾਂ ਦਾ ਵੰਸ਼ ਉਹਨਾਂ ਦੇ ਸਨਮੁਖ, ਅਤੇ ਉਹਨਾਂ ਦੀ ਔਲਾਦ ਉਹਨਾਂ ਦੀਆਂ ਅੱਖਾਂ ਦੇ ਅੱਗੇ ਦ੍ਰਿੜ ਹੋ ਜਾਂਦੀ ਹੈ । 9ਉਹਨਾਂ ਦੇ ਘਰ ਭੈ ਰਹਿਤ ਅਤੇ ਸਲਾਮਤ ਹਨ, ਅਤੇ ਪਰਮੇਸ਼ੁਰ ਦਾ ਡੰਡਾ ਉਹਨਾਂ ਨੂੰ ਨਹੀਂ ਪੈਂਦਾ । 10ਉਹਨਾਂ ਦਾ ਸਾਨ੍ਹ ਗੱਭਣ ਕਰ ਦਿੰਦਾ ਹੈ ਅਤੇ ਨਾਕਾਮ ਨਹੀਂ ਹੁੰਦਾ, ਉਹਨਾਂ ਦੀਆਂ ਗਾਂਵਾਂ ਸੂੰਦੀਆਂ ਹਨ ਅਤੇ ਉਹਨਾਂ ਦਾ ਗਰਭ ਨਹੀਂ ਡਿੱਗਦਾ । 11ਉਹ ਆਪਣੇ ਨਿਆਣੇ ਇੱਜੜ ਵਾਂਗੂੰ ਬਾਹਰ ਘੱਲਦੇ ਹਨ, ਅਤੇ ਉਹਨਾਂ ਦੇ ਬੱਚੇ ਨੱਚਦੇ ਹਨ । 12ਉਹ ਡੱਫ਼ ਤੇ ਬਰਬਤ ਨਾਲ ਗਾਉਂਦੇ ਹਨ, ਅਤੇ ਬੀਨ ਦੀ ਅਵਾਜ਼ ਨਾਲ ਖੁਸ਼ੀ ਮਨਾਉਂਦੇ ਹਨ । 13ਉਹ ਆਪਣੇ ਦਿਨ ਸੁੱਖ ਨਾਲ ਕੱਟਦੇ ਹਨ, ਪਰ ਇੱਕ ਪਲ ਵਿੱਚ ਹੀ ਪਤਾਲ ਨੂੰ ਉਤਰ ਜਾਂਦੇ ਹਨ ! 14ਫੇਰ ਵੀ ਉਹ ਪਰਮੇਸ਼ੁਰ ਨੂੰ ਆਖਦੇ ਹਨ, ਸਾਥੋਂ ਦੂਰ ਹੋ, ਅਸੀਂ ਤੇਰੇ ਰਾਹਾਂ ਨੂੰ ਜਾਣਨਾ ਨਹੀਂ ਚਾਹੁੰਦੇ ! 15ਸਰਬ ਸ਼ਕਤੀਮਾਨ ਕੌਣ ਹੈ ਜੋ ਅਸੀਂ ਉਹ ਦੀ ਉਪਾਸਨਾ ਕਰੀਏ, ਅਤੇ ਸਾਨੂੰ ਕੀ ਲਾਭ ਜੋ ਅਸੀਂ ਉਹ ਦੇ ਅੱਗੇ ਬੇਨਤੀ ਕਰੀਏ ? 16ਵੇਖੋ, ਕੀ ਉਹਨਾਂ ਦੀ ਖੁਸ਼ਹਾਲੀ ਉਹਨਾਂ ਦੇ ਹੱਥ ਵਿੱਚ ਨਹੀਂ, ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੀ ਰਹੇ ।

17ਦੁਸ਼ਟਾਂ ਦਾ ਦੀਵਾ ਕਿੰਨੀ ਵਾਰੀ ਬੁੱਝ ਜਾਂਦਾ, ਅਤੇ ਉਹਨਾਂ ਦੀ ਬਿਪਤਾ ਉਹਨਾਂ ਉੱਤੇ ਆ ਪੈਂਦੀ ਹੈ, ਜਦ ਪਰਮੇਸ਼ੁਰ ਕ੍ਰੋਧ ਕਰਕੇ ਉਹਨਾਂ ਦੇ ਹਿੱਸੇ ਵਿੱਚ ਦੁੱਖ ਵੰਡਦਾ ਹੈ । 18ਉਹ ਪੌਣ ਦੀ ਉਡਾਈ ਹੋਈ ਤੂੜੀ ਵਾਂਗੂੰ ਹਨ, ਅਤੇ ਕੱਖ ਵਾਂਗੂੰ ਹਨ, ਜਿਸ ਨੂੰ ਵਾਵਰੋਲਾ ਉਡਾ ਕੇ ਲੈ ਜਾਂਦਾ ਹੈ । 19ਪਰਮੇਸ਼ੁਰ ਉਹ ਦੀ ਬਦੀ ਨੂੰ ਉਹ ਦੇ ਬੱਚਿਆਂ ਲਈ ਰੱਖ ਛੱਡਦਾ ਹੈ, ਉਹ ਹੀ ਉਸ ਦਾ ਬਦਲਾ ਉਹ ਨੂੰ ਦੇਵੇ ਜੋ ਉਹ ਜਾਣ ਲਵੇ । 20ਉਹ ਦੀਆਂ ਅੱਖਾਂ ਆਪਣੀ ਹੀ ਬਰਬਾਦੀ ਨੂੰ ਵੇਖਣ, ਅਤੇ ਉਹ ਸਰਬ ਸ਼ਕਤੀਮਾਨ ਦੇ ਕ੍ਰੋਧ ਦੇ ਪਿਆਲੇ ਵਿੱਚੋਂ ਪੀਵੇ । 21ਉਹ ਨੂੰ ਆਪਣੇ ਬਾਅਦ ਆਪਣੇ ਘਰਾਣੇ ਲਈ ਕੀ ਖੁਸ਼ੀ ਹੁੰਦੀ ਹੈ, ਜਦੋਂ ਉਸ ਨੂੰ ਦਿੱਤੇ ਹੋਏ ਮਹੀਨਿਆਂ ਦੀ ਗਿਣਤੀ ਮੁੱਕ ਜਾਂਦੀ ਹੈ ?

22ਕੀ ਕੋਈ ਪਰਮੇਸ਼ੁਰ ਨੂੰ ਸਿੱਖਿਆ ਦੇਵੇਗਾ ? ਉਹ ਤਾਂ ਉੱਚਿਆਂ-ਉੱਚਿਆਂ ਦਾ ਨਿਆਂ ਕਰਦਾ ਹੈ । 23ਕੋਈ ਆਪਣੀ ਪੂਰੀ ਸ਼ਕਤੀ ਵਿੱਚ ਮਰ ਜਾਂਦਾ ਹੈ, ਜਦ ਉਸ ਨੂੰ ਚੈਨ ਸੀ ਅਤੇ ਉਸਦਾ ਸੁੱਖ ਸੰਪੂਰਨ ਸੀ । 24ਉਹ ਦੀਆਂ ਦੋਹਨੀਆਂ ਦੁੱਧ ਨਾਲ ਭਰੀਆਂ ਹੋਈਆਂ ਹਨ, ਅਤੇ ਉਹ ਦੀਆਂ ਹੱਡੀਆਂ ਦਾ ਗੁੱਦਾ ਤਰ ਰਹਿੰਦਾ ਹੈ, 25ਅਤੇ ਕੋਈ ਆਪਣੀ ਜਾਨ ਦੀ ਕੁੜੱਤਣ ਵਿੱਚ ਮਰ ਜਾਂਦਾ, ਅਤੇ ਕੋਈ ਸੁੱਖ ਨਹੀਂ ਭੋਗਦਾ ਹੈ । 26ਉਹ ਦੋਵੇਂ ਮਿੱਟੀ ਵਿੱਚ ਰਲ ਜਾਂਦੇ ਹਨ, ਅਤੇ ਕੀੜੇ ਉਹਨਾਂ ਨੂੰ ਢੱਕ ਲੈਂਦੇ ਹਨ ।

27ਵੇਖੋ, ਮੈਂ ਤੁਹਾਡੇ ਖਿਆਲਾਂ ਨੂੰ ਜਾਣਦਾ ਹਾਂ, ਅਤੇ ਉਹਨਾਂ ਜੁਗਤੀਆਂ ਨੂੰ ਵੀ ਜਿਹਨਾਂ ਨਾਲ ਤੁਸੀਂ ਮੇਰੇ ਵਿਰੁੱਧ ਜ਼ੁਲਮ ਕਰਦੇ ਹੋ । 28ਤੁਸੀਂ ਤਾਂ ਕਹਿੰਦੇ ਹੋ ਪਤਵੰਤੇ ਦਾ ਘਰ ਕਿੱਥੇ ਹੈ, ਅਤੇ ਉਹ ਤੰਬੂ ਕਿੱਥੇ ਜਿਸ ਦੇ ਵਿੱਚ ਦੁਸ਼ਟ ਵੱਸਦੇ ਸਨ ? 29ਕੀ ਤੁਸੀਂ ਕਦੀ ਰਾਹ ਚੱਲਣ ਵਾਲਿਆਂ ਕੋਲੋਂ ਨਹੀਂ ਪੁੱਛਿਆ, ਅਤੇ ਉਹਨਾਂ ਦੇ ਨਿਸ਼ਾਨਾਂ ਨੂੰ ਨਹੀਂ ਪਹਿਚਾਣਦੇ ਹੋ, 30ਭਈ ਬੁਰਿਆਰ ਤਾਂ ਬਿਪਤਾ ਦੇ ਦਿਨ ਲਈ ਰੱਖਿਆ ਜਾਂਦਾ ਹੈ, ਉਹ ਕਹਿਰ ਦੇ ਦਿਨ ਲਈ ਲਿਆਇਆ ਜਾਂਦਾ ਹੈ ? 31ਕੌਣ ਉਹ ਦੇ ਰਾਹ ਨੂੰ ਉਹ ਦੇ ਸਨਮੁਖ ਦੱਸੇਗਾ, ਅਤੇ ਕੌਣ ਉਹ ਦੇ ਕੀਤੇ ਦਾ ਬਦਲਾ ਉਹ ਨੂੰ ਦੇਵੇਗਾ ? 32ਉਹ ਕਬਰ ਵਿੱਚ ਪਹੁੰਚਾਇਆ ਜਾਂਦਾ ਹੈ, ਅਤੇ ਉਹ ਦੀ ਕਬਰ ਉੱਤੇ ਪਹਿਰਾ ਦਿੱਤਾ ਜਾਂਦਾ ਹੈ । 33ਵਾਦੀ ਦੇ ਡਲੇ ਉਹ ਨੂੰ ਚੰਗੇ ਲੱਗਦੇ ਹਨ, ਜਿਵੇਂ ਉਸ ਤੋਂ ਪਹਿਲਾਂ ਅਣਗਿਣਤ ਲੋਕ ਜਾ ਚੁੱਕੇ ਹਨ, ਤਿਵੇਂ ਹੀ ਉਹ ਦੇ ਬਾਅਦ ਦੇ ਸਭ ਮਨੁੱਖ ਵੀ ਚਲੇ ਜਾਣਗੇ ।

34ਫੇਰ ਤੁਸੀਂ ਮੈਨੂੰ ਫੋਕੀਆਂ ਤਸੱਲੀਆਂ ਕਿਉਂ ਦਿੰਦੇ ਹੋ, ਕਿਉਂ ਜੋ ਤੁਹਾਡੇ ਉੱਤਰਾਂ ਵਿੱਚ ਤਾਂ ਬੇਈਮਾਨੀ ਹੀ ਪਾਈ ਜਾਂਦੀ ਹੈ ?"

22

ਤੀਸਰੀ ਗੱਲਬਾਤ (22:1-27:23)

ਅਲੀਫ਼ਜ਼ ਦਾ ਦੋਸ਼ ਲਾਉਣਾ

1ਫੇਰ ਅਲੀਫਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ, 2"ਕੀ ਕੋਈ ਮਨੁੱਖ ਪਰਮੇਸ਼ੁਰ ਲਈ ਲਾਭਦਾਇਕ ਹੋ ਸਕਦਾ ਹੈ ? ਸੱਚ-ਮੁੱਚ ਸਿਆਣਾ ਮਨੁੱਖ ਵੀ ਆਪਣੇ ਹੀ ਜੋਗਾ ਹੈ । 3ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖੁਸ਼ੀ ਹੈ ? ਜਾਂ ਤੇਰੀਆਂ ਖਰੀਆਂ ਚਾਲਾਂ ਨਾਲ ਉਹ ਨੂੰ ਕੀ ਲਾਭ ਹੁੰਦਾ ਹੈ ?

4ਕੀ ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ, ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ ? 5ਕੀ ਤੇਰੀ ਬੁਰਿਆਈ ਵੱਡੀ ਨਹੀਂ, ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਹੈ ? 6ਕਿਉਂਕਿ ਤੂੰ ਆਪਣੇ ਭਰਾਵਾਂ ਦੀਆਂ ਵਸਤਾਂ ਬੇਵਜ੍ਹਾ ਗਹਿਣੇ ਰੱਖ ਲਈਆਂ ਹਨ, ਅਤੇ ਨੰਗਿਆਂ ਦੇ ਵੀ ਕੱਪੜੇ ਲਾਹ ਲਏ ਹਨ । 7ਤੂੰ ਥੱਕੇ ਨੂੰ ਪਾਣੀ ਨਹੀਂ ਪਿਲਾਇਆ, ਅਤੇ ਭੁੱਖੇ ਨੂੰ ਰੋਟੀ ਦੇਣ ਤੋਂ ਇਨਕਾਰ ਕੀਤਾ । 8ਬਲਵੰਤ ਮਨੁੱਖ ਨੂੰ ਦੇਸ ਮਿਲ ਗਿਆ, ਅਤੇ ਜਿਹੜਾ ਮੰਨਿਆ-ਪ੍ਰਮੰਨਿਆ ਸੀ, ਉਹ ਉਸ ਵਿੱਚ ਵੱਸ ਗਿਆ । 9ਤੂੰ ਵਿਧਵਾਵਾਂ ਨੂੰ ਖਾਲੀ ਮੋੜ ਦਿੱਤਾ, ਅਤੇ ਯਤੀਮਾਂ ਦੀਆਂ ਬਾਹਾਂ ਭੰਨ ਦਿੱਤੀਆਂ । 10ਇਸ ਲਈ ਫੰਦੇ ਤੇਰੇ ਆਲੇ-ਦੁਆਲੇ ਹਨ, ਅਤੇ ਅਚਾਨਕ ਆਉਣ ਵਾਲੇ ਭੈ ਤੋਂ ਤੂੰ ਘਬਰਾਉਂਦਾ ਹੈ ! 11ਕੀ ਤੂੰ ਹਨੇਰੇ ਨੂੰ ਨਹੀਂ ਵੇਖਦਾ, ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ ਹੈ ?

12ਕੀ ਪਰਮੇਸ਼ੁਰ ਸਵਰਗ ਦੀ ਉਚਿਆਈ ਵਿੱਚ ਨਹੀਂ ? ਤਾਰਿਆਂ ਦੀ ਉਚਿਆਈ ਵੇਖ ਕਿ ਉਹ ਕਿੰਨੇ ਉੱਚੇ ਹਨ ! 13ਅਤੇ ਤੂੰ ਆਖਦਾ ਹੈਂ, ਪਰਮੇਸ਼ੁਰ ਕੀ ਜਾਣਦਾ ਹੈ ? ਕੀ ਉਹ ਘੁੱਪ ਹਨੇਰੇ ਵਿੱਚੋਂ ਨਿਆਂ ਕਰ ਸਕਦਾ ਹੈ ? 14ਬੱਦਲਾਂ ਦੀਆਂ ਘਟਾਂ ਉਹ ਦਾ ਪੜਦਾ ਹਨ, ਤਾਂ ਜੋ ਉਹ ਵੇਖ ਨਾ ਸਕੇ, ਅਤੇ ਉਹ ਤਾਂ ਅਕਾਸ਼ ਮੰਡਲ ਉੱਤੇ ਹੀ ਚਲਦਾ ਫਿਰਦਾ ਹੈ । 15ਕੀ ਤੂੰ ਉਸ ਪੁਰਾਣੇ ਰਾਹ ਨੂੰ ਫੜ੍ਹ ਕੇ ਰੱਖੇਂਗਾ, ਜਿਸ ਵਿੱਚ ਦੁਸ਼ਟ ਮਨੁੱਖ ਚਲਦੇ ਸਨ ? 16ਜਿਹੜੇ ਆਪਣੇ ਸਮੇਂ ਤੋਂ ਪਹਿਲਾਂ ਚੁੱਕੇ ਗਏ, ਜਿਹਨਾਂ ਦੀ ਨੀਂਹ ਦਰਿਆ ਨਾਲ ਰੁੜ੍ਹ ਗਈ, 17ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ ! ਅਤੇ ਸਰਬ ਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ ? 18ਤਾਂ ਵੀ ਉਸ ਨੇ ਉਹਨਾਂ ਦੇ ਘਰਾਂ ਨੂੰ ਉੱਤਮ ਪਦਾਰਥਾਂ ਨਾਲ ਭਰ ਦਿੱਤਾ, ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ ! 19ਧਰਮੀ ਵੇਖ ਕੇ ਖੁਸ਼ ਹੁੰਦੇ, ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ, 20ਸੱਚ-ਮੁੱਚ ਸਾਡੇ ਵਿਰੋਧੀ ਮਿੱਟ ਗਏ, ਅਤੇ ਅੱਗ ਨੇ ਉਹਨਾਂ ਦੀ ਰਹਿੰਦ-ਖੁਹੰਦ ਨੂੰ ਭੱਖ ਲਿਆ !

21ਪਰਮੇਸ਼ੁਰ ਦੇ ਨਾਲ ਮਿਲਿਆ ਰਹਿ ਅਤੇ ਸੁਖੀ ਰਹਿ, ਤਾਂ ਤੇਰੀ ਭਲਿਆਈ ਹੋਵੇਗੀ । 22ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ, ਅਤੇ ਉਹ ਦੇ ਬਚਨਾਂ ਨੂੰ ਆਪਣੇ ਦਿਲ ਵਿੱਚ ਰੱਖ । 23ਜੇ ਤੂੰ ਸਰਬ ਸ਼ਕਤੀਮਾਨ ਵੱਲ ਮੁੜੇਂ ਅਤੇ ਜੇ ਤੂੰ ਬਦੀ ਆਪਣੇ ਤੰਬੂਆਂ ਵਿੱਚੋਂ ਦੂਰ ਕਰੇਂ, ਤਾਂ ਤੂੰ ਬਣਿਆ ਰਹੇਂਗਾ, 24ਜੇ ਤੂੰ ਆਪਣਾ ਸੋਨਾ ਮਿੱਟੀ ਵਿੱਚ, ਸਗੋਂ ਓਫ਼ੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ ਦੇਵੇਂ, 25ਤਾਂ ਸਰਬ ਸ਼ਕਤੀਮਾਨ ਆਪ ਤੇਰਾ ਸੋਨਾ, ਅਤੇ ਤੇਰੀ ਅਣਮੁੱਲ ਚਾਂਦੀ ਹੋਵੇਗਾ । 26ਤਦ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ, ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ । 27ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ ਸੁਣੇਗਾ, ਅਤੇ ਤੂੰ ਆਪਣੀਆਂ ਸੁੱਖਣਾ ਪੂਰੀਆਂ ਕਰੇਂਗਾ । 28ਜੋ ਕੁਝ ਤੂੰ ਕਰਨਾ ਚਾਹੇਂ, ਉਹ ਤੇਰੇ ਲਈ ਠਹਿਰਾਈ ਜਾਵੇਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ । 29ਜਦ ਉਹ ਤੈਨੂੰ ਨੀਵਾਂ ਕਰਨ ਤਾਂ ਤੂੰ ਆਖੇਂਗਾ ਕਿ ਇਹ ਤਾਂ ਉੱਚਾ ਹੋਣਾ ਹੈ ! ਕਿਉਂਕਿ ਉਹ ਦੀਨ ਮਨੁੱਖ ਨੂੰ ਬਚਾਵੇਗਾ । 30ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਵੀ ਬਚਾਵੇਗਾ, ਹਾਂ, ਆਪਣੇ ਹੱਥਾਂ ਦੀ ਸ਼ੁੱਧਤਾ ਨਾਲ ਤੂੰ ਬਚਾਇਆ ਜਾਵੇਂਗਾ ।"

23

ਅਯੂੱਬ ਦਾ ਅਲੀਫ਼ਜ਼ ਨੂੰ ਉੱਤਰ

1ਤਦ ਅਯੂੱਬ ਨੇ ਉੱਤਰ ਦੇ ਕੇ ਆਖਿਆ, 2"ਅਜੇ ਵੀ ਮੇਰੀ ਸ਼ਿਕਾਇਤ ਜਾਰੀ ਹੈ, ਮੇਰੀ ਮਾਰ ਮੇਰੇ ਹੌਕਿਆਂ ਨਾਲੋਂ ਵੀ ਭਾਰੀ ਹੈ । 3ਕਾਸ਼ ਕਿ ਮੈਂ ਜਾਣਦਾ ਜੋ ਮੈਂ ਉਹ ਨੂੰ ਕਿੱਥੇ ਲੱਭਾਂ, ਤਾਂ ਮੈਂ ਉਹ ਦੇ ਬਿਰਾਜਣ ਦੇ ਸਥਾਨ ਤੱਕ ਜਾਂਦਾ ! 4ਮੈਂ ਆਪਣਾ ਮੁੱਕਦਮਾ ਉਹ ਦੇ ਸਾਹਮਣੇ ਪੇਸ਼ ਕਰਦਾ, ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ ! 5ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਹਨਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਕਿ ਉਹ ਮੈਨੂੰ ਕੀ ਆਖਦਾ । 6ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ । 7ਉੱਥੇ ਨੇਕ ਜਨ ਉਹ ਦੇ ਨਾਲ ਵਾਦ-ਵਿਵਾਦ ਕਰਦਾ, ਅਤੇ ਮੈਂ ਸਦਾ ਲਈ ਆਪਣੇ ਨਿਆਂਈ ਤੋਂ ਛੁਡਾਇਆ ਜਾਂਦਾ ।

8ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਉਹ ਮੈਨੂੰ ਮਿਲਦਾ ਨਹੀਂ, 9ਅਤੇ ਖੱਬੇ ਪਾਸੇ ਵੱਲ ਜਦੋਂ ਉਹ ਕੰਮ ਕਰਦਾ ਹੈ ਤਦ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਹੈ, ਪਰ ਮੈਂ ਉਹ ਨੂੰ ਵੇਖਦਾ ਨਹੀਂ । 10ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ । 11ਮੇਰੇ ਪੈਰ ਉਹ ਦੇ ਕਦਮਾਂ ਦੇ ਪਿੱਛੇ-ਪਿੱਛੇ ਚਲੇ, ਮੈਂ ਉਹ ਦੇ ਰਾਹ ਦੀ ਪਾਲਣਾ ਕੀਤੀ ਅਤੇ ਕੁਰਾਹੇ ਨਾ ਪਿਆ । 12ਉਹ ਦੇ ਬੁੱਲ੍ਹਾਂ ਦੇ ਹੁਕਮ ਤੋਂ ਮੈਂ ਨਾ ਹਟਿਆ ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਰੇ ਕਦਰ ਕੀਤੀ ।

13ਉਹ ਤਾਂ ਇੱਕੋ ਗੱਲ ਤੇ ਸਥਿਰ ਰਹਿੰਦਾ ਹੈ ਅਤੇ ਕੌਣ ਉਸ ਨੂੰ ਮੋੜ ਸਕਦਾ ਹੈ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ, 14ਕਿਉਂਕਿ ਜੋ ਕੁਝ ਮੇਰੇ ਲਈ ਠਹਿਰਾਇਆ ਗਿਆ ਹੈ ਉਸ ਨੂੰ ਉਹ ਪੂਰਾ ਕਰਦਾ ਹੈ, ਅਤੇ ਉਹ ਦੇ ਦਿਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਹੋਰ ਯੋਜਨਾਵਾਂ ਹਨ । 15ਇਸ ਲਈ ਮੈਂ ਉਹ ਦੇ ਸਨਮੁਖ ਭੈ ਖਾਂਦਾ ਹਾਂ, ਜਦ ਮੈਂ ਇਸ ਦੇ ਬਾਰੇ ਸੋਚਦਾ ਹਾਂ ਤਦ ਮੈਂ ਉਸ ਤੋਂ ਡਰ ਜਾਂਦਾ ਹਾਂ । 16ਪਰਮੇਸ਼ੁਰ ਨੇ ਮੇਰੇ ਦਿਲ ਨੂੰ ਕਮਜ਼ੋਰ ਬਣਾ ਦਿੱਤਾ, ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ ਹੈ । 17ਕਿਉਂ ਜੋ ਹਨੇਰੇ ਨੇ ਮੈਨੂੰ ਘੇਰਿਆ ਹੋਇਆ ਹੈ ਅਤੇ ਘੁੱਪ ਹਨੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ ।

24

1ਸਰਬ ਸ਼ਕਤੀਮਾਨ ਨੇ ਨਿਆਂ ਦੇ ਸਮੇਂ ਕਿਉਂ ਨਹੀਂ ਠਹਿਰਾਏ, ਅਤੇ ਜਿਹੜੇ ਉਸ ਨੂੰ ਜਾਣਦੇ ਹਨ, ਉਹ ਉਸ ਦੇ ਦਿਨਾਂ ਨੂੰ ਕਿਉਂ ਨਹੀਂ ਵੇਖਦੇ ? 2ਲੋਕ ਹੱਦਾਂ ਨੂੰ ਸਰਕਾ ਦਿੰਦੇ ਹਨ, ਉਹ ਇੱਜੜ ਨੂੰ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਚਾਰਦੇ ਹਨ । 3ਉਹ ਯਤੀਮਾਂ ਦਾ ਗਧਾ ਹੱਕ ਲੈ ਜਾਂਦੇ ਹਨ, ਉਹ ਵਿਧਵਾ ਦਾ ਬਲ਼ਦ ਗਹਿਣੇ ਰੱਖ ਲੈਂਦੇ ਹਨ । 4ਉਹ ਕੰਗਾਲਾਂ ਨੂੰ ਰਾਹ ਤੋਂ ਹਟਾਉਂਦੇ ਹਨ, ਅਤੇ ਦੇਸ ਦੇ ਮਸਕੀਨ ਇਕੱਠੇ ਲੁੱਕ ਜਾਂਦੇ ਹਨ । 5ਵੇਖੋ, ਉਹ ਉਜਾੜ ਦੇ ਜੰਗਲੀ ਗਧਿਆਂ ਵਾਂਗੂੰ ਆਪਣੇ ਕੰਮ ਅਤੇ ਭੋਜਣ ਪਦਾਰਥ ਭਾਲਣ ਲਈ ਨਿੱਕਲਦੇ ਹਨ । ਮੈਦਾਨ ਉਹਨਾਂ ਦੇ ਬੱਚਿਆਂ ਲਈ ਰੋਟੀ ਦਿੰਦਾ ਹੈ । 6ਉਹ ਖੇਤਾਂ ਵਿੱਚ ਚਾਰਾ ਵੱਢਦੇ ਹਨ, ਅਤੇ ਦੁਸ਼ਟ ਦੇ ਅੰਗੂਰੀ ਬਾਗਾਂ ਦੀ ਰਹਿੰਦ-ਖੁਹੰਦ ਚੁਗਦੇ ਹਨ । 7ਉਹ ਬਿਨ੍ਹਾਂ ਕੱਪੜੇ ਦੇ ਨੰਗੇ ਹੀ ਰਾਤ ਕੱਟਦੇ ਹਨ, ਅਤੇ ਉਹਨਾਂ ਕੋਲ ਪਾਲੇ ਵਿੱਚ ਉੱਤੇ ਲੈਣ ਨੂੰ ਕੁਝ ਨਹੀਂ । 8ਉਹ ਪਹਾੜਾਂ ਦੀ ਵਰਖਾ ਨਾਲ ਭਿੱਜ ਜਾਂਦੇ ਹਨ, ਓਟ ਨਾ ਹੋਣ ਦੇ ਕਾਰਨ ਚੱਟਾਨ ਨਾਲ ਚਿੰਬੜ ਜਾਂਦੇ ਹਨ । 9ਉਹ ਯਤੀਮ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ, ਅਤੇ ਮਸਕੀਨ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ, 10ਸੋ ਉਹ ਬਿਨ੍ਹਾਂ ਬਸਤਰ ਨੰਗੇ ਫਿਰਦੇ ਹਨ, ਅਤੇ ਭੁੱਖ ਦੇ ਮਾਰੇ ਭਰੀਆਂ ਚੁੱਗਦੇ ਹਨ । 11ਉਹ ਉਹਨਾਂ ਦੀਆਂ ਕੰਧਾਂ ਦੇ ਅੰਦਰ ਤੇਲ ਕੱਢਦੇ ਹਨ, ਉਹ ਉਹਨਾਂ ਦੀਆਂ ਹੌਦਾਂ ਵਿੱਚ ਅੰਗੂਰ ਪੀੜਦੇ ਹਨ, ਪਰ ਆਪ ਪਿਆਸੇ ਰਹਿੰਦੇ ਹਨ । 12ਸ਼ਹਿਰ ਵਿੱਚ ਲੋਕ ਹਾਉਂਕੇ ਭਰਦੇ ਹਨ, ਅਤੇ ਫੱਟੜਾਂ ਦੀ ਜਾਨ ਦੁਹਾਈ ਦਿੰਦੀ ਹੈ, ਪਰ ਪਰਮੇਸ਼ੁਰ ਇਸ ਜ਼ੁਲਮ ਦਾ ਹਿਸਾਬ ਨਹੀਂ ਕਰਦਾ !

13ਇਹ ਉਹ ਹਨ ਜਿਹੜੇ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ । 14ਖ਼ੂਨੀ ਸਵੇਰੇ ਹੀ ਉੱਠਦਾ ਹੈ, ਉਹ ਮਸਕੀਨ ਤੇ ਕੰਗਾਲ ਨੂੰ ਵੱਢ ਸੁੱਟਦਾ ਹੈ, ਅਤੇ ਰਾਤ ਨੂੰ ਉਹ ਚੋਰ ਬਣ ਜਾਂਦਾ ਹੈ । 15ਵਿਭਚਾਰੀ ਦੀ ਅੱਖ ਸ਼ਾਮ ਨੂੰ ਉਡੀਕਦੀ ਹੈ, ਉਹ ਕਹਿੰਦਾ ਹੈ, ਕੋਈ ਮੈਨੂੰ ਨਹੀਂ ਵੇਖੇਗਾ ! ਅਤੇ ਆਪਣੇ ਮੂੰਹ ਉੱਤੇ ਪੜਦਾ ਪਾ ਲੈਂਦਾ ਹੈ । 16ਹਨੇਰੇ ਵਿੱਚ ਉਹ ਘਰਾਂ ਵਿੱਚ ਸੰਨ੍ਹ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ, 17ਕਿਉਂ ਜੋ ਸਵੇਰ ਉਹਨਾਂ ਸਾਰਿਆਂ ਲਈ ਮੌਤ ਦੇ ਸਾਯੇ ਵਰਗੀ ਹੈ, ਉਹ ਤਾਂ ਮੌਤ ਦੇ ਸਾਯੇ ਦੇ ਭੈ ਨਾਲ ਮਿੱਤਰਤਾ ਰੱਖਦੇ ਹਨ ।

18ਉਹ ਪਾਣੀਆਂ ਉੱਤੇ ਛੇਤੀ ਰੁੜ੍ਹ ਜਾਂਦੇ ਹਨ, ਧਰਤੀ ਵਿੱਚ ਉਹਨਾਂ ਦਾ ਵਿਰਸਾ ਸਰਾਪਿਆ ਹੋਇਆ ਹੈ, ਉਹ ਆਪਣੇ ਅੰਗੂਰੀ ਬਾਗ਼ਾਂ ਦੇ ਰਾਹ ਵੱਲ ਨਹੀਂ ਮੁੜਦੇ । 19ਖ਼ੁਸ਼ਕੀ ਅਤੇ ਗਰਮੀ ਬਰਫ਼ਾਨੀ ਪਾਣੀਆਂ ਨੂੰ ਸੁਕਾ ਦਿੰਦੀਆਂ ਹਨ, ਤਿਵੇਂ ਪਤਾਲ ਪਾਪੀਆਂ ਨੂੰ ਵੀ ਸੁਕਾ ਦਿੰਦਾ ਹੈ । 20ਕੁੱਖ ਉਹ ਨੂੰ ਭੁੱਲ ਜਾਵੇਗੀ, ਕੀੜਾ ਉਹ ਨੂੰ ਸੁਆਦ ਨਾਲ ਖਾ ਜਾਵੇਗਾ, ਉਹ ਫੇਰ ਯਾਦ ਨਾ ਕੀਤਾ ਜਾਵੇਗਾ, ਇਸ ਤਰ੍ਹਾਂ ਬਦੀ ਰੁੱਖ ਵਾਂਗੂੰ ਤੋੜੀ ਜਾਵੇਗੀ । 21ਉਹ ਬਾਂਝ ਨੂੰ ਜਿਹੜੀ ਜਣਦੀ ਨਹੀਂ ਲੁੱਟ ਲੈਂਦਾ ਹੈ, ਅਤੇ ਵਿਧਵਾ ਨਾਲ ਨੇਕੀ ਨਹੀਂ ਕਰਦਾ । 22ਪਰ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਤਕੜਿਆਂ ਨੂੰ ਖਿੱਚ ਲੈਂਦਾ ਹੈ, ਭਾਵੇਂ ਉਹ ਸਥਿਰ ਹੋ ਜਾਵੇ ਤਾਂ ਵੀ ਉਸ ਨੂੰ ਜੀਵਨ ਦੀ ਆਸ ਨਹੀਂ ਰਹਿੰਦੀ । 23ਉਹ ਉਹਨਾਂ ਨੂੰ ਸੁੱਖ ਨਾਲ ਰਹਿਣ ਦਿੰਦਾ ਹੈ ਅਤੇ ਉਹ ਸਾਂਭੇ ਜਾਂਦੇ ਹਨ, ਪਰ ਉਸ ਦੀਆਂ ਅੱਖਾਂ ਉਹਨਾਂ ਦੇ ਰਾਹਾਂ ਉੱਤੇ ਹਨ । 24ਉਹ ਥੋੜ੍ਹੇ ਚਿਰ ਲਈ ਉੱਚੇ ਕੀਤੇ ਜਾਂਦੇ ਹਨ, ਫੇਰ ਉਹ ਹੁੰਦੇ ਹੀ ਨਹੀਂ, ਉਹ ਨਿਵਾਏ ਜਾਂਦੇ ਹਨ, ਉਹ ਦੂਜਿਆਂ ਵਾਂਗੂੰ ਸਮੇਟੇ ਜਾਂਦੇ ਹਨ, ਅਤੇ ਅੰਨ ਦੇ ਸਿੱਟਿਆਂ ਵਾਂਗੂੰ ਵੱਢੇ ਜਾਂਦੇ ਹਨ !

25ਜੇ ਇਹ ਇਸੇ ਤਰ੍ਹਾਂ ਨਹੀਂ ਤਾਂ ਕੌਣ ਮੈਨੂੰ ਝੂਠਾ ਸਾਬਿਤ ਕਰੇਗਾ ਅਤੇ ਮੇਰੀਆਂ ਗੱਲਾਂ ਨੂੰ ਅਕਾਰਥ ਠਹਿਰਾਵੇਗਾ ?"

25

ਬਿਲਦਦ ਦਾ ਕਥਨ

1ਤਦ ਬਿਲਦਦ ਸ਼ੂਹੀ ਨੇ ਉੱਤਰ ਦੇ ਕੇ ਆਖਿਆ, 2"ਰਾਜ ਅਤੇ ਭੈ ਉਸ ਦੇ ਅੰਗ-ਸੰਗ ਹਨ, ਉਹ ਆਪਣੇ ਉੱਚਿਆਂ ਸਥਾਨਾਂ ਵਿੱਚ ਸੁੱਖ-ਸਾਂਦ ਕਾਇਮ ਕਰਦਾ ਹੈ । 3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ ਅਤੇ ਕੌਣ ਹੈ ਜਿਸ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ ? 4ਫੇਰ ਮਨੁੱਖ ਪਰਮੇਸ਼ੁਰ ਦੇ ਅੱਗੇ ਕਿਵੇਂ ਧਰਮੀ ਠਹਿਰ ਸਕਦਾ ਹੈ, ਅਤੇ ਇਸਤਰੀ ਦੁਆਰਾ ਜੰਮਿਆ ਕਿਵੇਂ ਨਿਰਮਲ ਹੋ ਸਕਦਾ ਹੈ ? 5ਵੇਖ, ਉਸ ਦੀ ਨਿਗਾਹ ਵਿੱਚ ਚੰਦ ਵਿੱਚ ਵੀ ਚਮਕ ਨਹੀਂ, ਅਤੇ ਤਾਰੇ ਵੀ ਨਿਰਮਲ ਨਹੀਂ ਠਹਿਰਦੇ । 6ਫੇਰ ਮਨੁੱਖ ਕੀ ਹੈ, ਜਿਹੜਾ ਕੀੜਾ ਹੀ ਹੈ, ਆਦਮੀ ਦਾ ਪੁੱਤਰ, ਜਿਹੜਾ ਕਿਰਮ ਹੀ ਹੈ ?"

26

ਅਯੂੱਬ ਦਾ ਉੱਤਰ

1ਫੇਰ ਅਯੂੱਬ ਨੇ ਉੱਤਰ ਦੇ ਕੇ ਆਖਿਆ, 2"ਤੂੰ ਨਿਰਬਲ ਦੀ ਸਹਾਇਤਾ ਕਿਵੇਂ ਕੀਤੀ, ਅਤੇ ਬਲਹੀਣ ਬਾਂਹ ਨੂੰ ਕਿਵੇਂ ਬਚਾਇਆ ! 3ਤੂੰ ਬੁੱਧਹੀਣ ਨੂੰ ਕਿਹੋ ਜਿਹੀ ਸਲਾਹ ਦਿੱਤੀ, ਅਤੇ ਖਰਾ ਗਿਆਨ ਬਹੁਤ ਪਰਗਟ ਕੀਤਾ ! 4ਤੂੰ ਕਿਸਨੂੰ ਇਹ ਗੱਲਾਂ ਦੱਸੀਆਂ, ਅਤੇ ਕਿਸ ਦੇ ਆਤਮਾ ਨੇ ਤੇਰੇ ਮੂੰਹੋਂ ਗੱਲ ਕੀਤੀ ?

5ਬਹੁਤ ਦਿਨਾਂ ਦੇ ਮਰੇ ਹੋਏ ਲੋਕ ਪਾਣੀਆਂ ਵਿੱਚ ਅਤੇ ਉਸ ਵਿੱਚ ਰਹਿਣ ਵਾਲਿਆਂ ਦੇ ਹੇਠ ਕੰਬਦੇ ਹਨ ! 6ਪਤਾਲ ਉਹ ਦੇ ਅੱਗੇ ਨੰਗਾ ਹੈ, ਅਤੇ ਨਰਕ ਬੇਪੜਦਾ ਹੈ । 7ਉਹ ਉੱਤਰ ਦੇਸ ਨੂੰ ਖਾਲੀ ਸਥਾਨ ਉੱਤੇ ਫੈਲਾਉਂਦਾ ਹੈ, ਉਹ ਧਰਤੀ ਨੂੰ ਬਿਨ੍ਹਾਂ ਸਹਾਰੇ ਦੇ ਲਟਕਾਉਂਦਾ ਹੈ ! 8ਉਹ ਪਾਣੀਆਂ ਨੂੰ ਆਪਣੀਆਂ ਘਟਾਂ ਵਿੱਚ ਬੰਨ੍ਹਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫਟਦੇ । 9ਉਹ ਆਪਣੇ ਸਿੰਘਾਸਣ ਦੇ ਸਾਹਮਣੇ ਬੱਦਲ ਫੈਲਾ ਕੇ ਉਸ ਨੂੰ ਢੱਕ ਕੇ ਰੱਖਦਾ ਹੈ । 10ਉਹ ਨੇ ਪਾਣੀਆਂ ਦੀ ਹੱਦ, ਚਾਨਣ ਅਤੇ ਹਨੇਰੇ ਦੀ ਹੱਦ ਤੱਕ ਠਹਿਰਾ ਰੱਖੀ ਹੈ । 11ਅਕਾਸ਼ ਦੇ ਥੰਮ੍ਹ ਹਿੱਲਦੇ ਹਨ, ਅਤੇ ਉਸ ਦੀ ਝਿੜਕੀ ਤੋਂ ਹੈਰਾਨ ਹੁੰਦੇ ਹਨ ! 12ਉਹ ਆਪਣੇ ਬਲ ਤੋਂ ਸਮੁੰਦਰ ਨੂੰ ਉਛਾਲ ਦਿੰਦਾ ਹੈ, ਅਤੇ ਆਪਣੀ ਬੁੱਧ ਨਾਲ ਰਾਹਬ ਨੂੰ ਮਾਰ ਸੁੱਟਦਾ ਹੈ । 13ਉਹ ਦੇ ਸਾਹ ਨਾਲ ਅਕਾਸ਼-ਮੰਡਲ ਸ਼ੁੱਧ ਹੋ ਜਾਂਦਾ ਹੈ, ਉਹ ਦੇ ਹੱਥ ਨੇ ਉੱਡਣੇ ਸੱਪ ਨੂੰ ਵਿੰਨ੍ਹ ਸੁੱਟਿਆ ਹੈ । 14ਵੇਖੋ, ਇਹ ਸਭ ਉਸ ਦੇ ਕੰਮਾਂ ਦੀ ਝਲਕ ਹੀ ਹੈ, ਅਤੇ ਅਸੀਂ ਉਸ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ ! ਫੇਰ ਕੌਣ ਉਸ ਦੀ ਸਮਰੱਥਾ ਦੀ ਗਰਜ ਨੂੰ ਸਮਝ ਸਕਦਾ ਹੈ ?"

27

ਅਯੂੱਬ ਦਾ ਉੱਤਰ

1ਫੇਰ ਅਯੂੱਬ ਨੇ ਆਪਣਾ ਤਰਕ ਦੇ ਕੇ ਆਖਿਆ, 2"ਜੀਉਂਦੇ ਪਰਮੇਸ਼ੁਰ ਦੀ ਸਹੁੰ ਜਿਸ ਨੇ ਮੇਰਾ ਨਿਆਂ ਪਲਟਾ ਦਿੱਤਾ, ਨਾਲੇ ਸਰਬ ਸ਼ਕਤੀਮਾਨ ਦੀ ਜਿਸ ਨੇ ਮੇਰੀ ਜਾਨ ਨੂੰ ਕੌੜਾ ਕੀਤਾ ! 3ਜਿੰਨਾ ਚਿਰ ਮੇਰਾ ਪ੍ਰਾਣ ਮੇਰੇ ਵਿੱਚ ਹੈ, ਅਤੇ ਪਰਮੇਸ਼ੁਰ ਦਾ ਸਾਹ ਮੇਰੀਆਂ ਨਾਸਾਂ ਵਿੱਚ ਹੈ, 4ਮੇਰਾ ਮੂੰਹ ਬਦੀ ਦੀਆਂ ਗੱਲਾਂ ਨਾ ਕਰੇਗਾ, ਮੇਰੀ ਜੀਭ ਝੂਠ ਨਾ ਬੋਲੇਗੀ ! 5ਇਹ ਮੈਥੋਂ ਦੂਰ ਹੋਵੇ ਕਿ ਮੈਂ ਤੁਹਾਨੂੰ ਧਰਮੀ ਠਹਿਰਾਵਾਂ, ਮੈਂ ਆਪਣੇ ਮਰਨ ਤੱਕ ਆਪਣੀ ਖਰਿਆਈ ਨੂੰ ਨਾ ਛੱਡਾਂਗਾ । 6ਮੈਂ ਆਪਣਾ ਧਰਮ ਤਕੜਾਈ ਨਾਲ ਫੜ੍ਹਿਆ, ਅਤੇ ਉਹ ਨੂੰ ਨਾ ਜਾਣ ਦਿਆਂਗਾ, ਮੇਰਾ ਦਿਲ ਮੈਨੂੰ ਉਮਰ ਭਰ ਉਲਾਹਮਾ ਨਾ ਦੇਵੇਗਾ ।

7ਮੇਰਾ ਵੈਰੀ ਦੁਸ਼ਟ ਵਾਂਗੂੰ, ਅਤੇ ਮੇਰਾ ਵਿਰੋਧੀ ਬੁਰਿਆਰ ਵਾਂਗੂੰ ਹੋਵੇ । 8ਭਗਤੀਹੀਣ ਨੂੰ ਕੀ ਆਸ ਹੈ ਜਦ ਉਹ ਕੱਟਿਆ ਜਾਵੇ, ਜਦ ਪਰਮੇਸ਼ੁਰ ਉਹ ਦੀ ਜਾਨ ਲੈ ਲਵੇ ? 9ਜਦ ਦੁੱਖ ਉਹ ਦੇ ਉੱਤੇ ਆਵੇ ਤਾਂ ਕੀ ਪਰਮੇਸ਼ੁਰ ਉਹ ਦੀ ਦੁਹਾਈ ਸੁਣੇਗਾ ? 10ਕੀ ਉਹ ਸਰਬ ਸ਼ਕਤੀਮਾਨ ਵਿੱਚ ਮਗਨ ਰਹੇਗਾ, ਅਤੇ ਹਰ ਵੇਲੇ ਪਰਮੇਸ਼ੁਰ ਨੂੰ ਪੁਕਾਰੇਗਾ ?

11ਮੈਂ ਤੁਹਾਨੂੰ ਪਰਮੇਸ਼ੁਰ ਦੇ ਹੱਥ ਦੀ ਸ਼ਕਤੀ ਬਾਰੇ ਸਿਖਾਵਾਂਗਾ, ਜੋ ਕੁਝ ਸਰਬ ਸ਼ਕਤੀਮਾਨ ਦੇ ਵਿਖੇ ਹੈ, ਮੈਂ ਨਾ ਲੁਕਾਵਾਂਗਾ । 12ਵੇਖੋ, ਤੁਸੀਂ ਸਾਰਿਆਂ ਨੇ ਇਸ ਨੂੰ ਵੇਖਿਆ ਹੈ ਫਿਰ ਤੁਸੀਂ ਕਿਉਂ ਨਿਕੰਮੀਆਂ ਗੱਲਾਂ ਕਰਦੇ ਹੋ ?

13ਇਹ ਪਰਮੇਸ਼ੁਰ ਵੱਲੋਂ ਦੁਸ਼ਟਾਂ ਦਾ ਹਿੱਸਾ ਹੈ, ਅਤੇ ਜ਼ਾਲਮਾਂ ਦਾ ਵਿਰਸਾ, ਜੋ ਉਹ ਸਰਬ ਸ਼ਕਤੀਮਾਨ ਤੋਂ ਲੈਂਦੇ ਹਨ, ਉਹ ਇਹੋ ਹੀ ਹੈ । 14ਜੇਕਰ ਉਹ ਦੇ ਪੁੱਤਰ ਬਹੁਤੇ ਹੋ ਜਾਣ ਤਾਂ ਵੀ ਤਲਵਾਰ ਉਹਨਾਂ ਦਾ ਹਿੱਸਾ ਹੈ, ਅਤੇ ਉਹ ਦੀ ਅੰਸ ਰੋਟੀ ਨਾਲ ਨਾ ਰੱਜੇਗੀ । 15ਉਹ ਦੇ ਬਚੇ ਹੋਏ ਲੋਕ ਮਰ ਕੇ ਦੱਬੇ ਜਾਣਗੇ, ਅਤੇ ਉਹ ਦੀਆਂ ਵਿਧਵਾਵਾਂ ਨਾ ਰੋਣਗੀਆਂ । 16ਜੇ ਉਹ ਧੂੜ ਵਾਂਗੂੰ ਚਾਂਦੀ ਦੇ ਢੇਰ ਲਾ ਲਵੇ, ਅਤੇ ਮਿੱਟੀ ਦੇ ਢੇਰਾਂ ਵਾਂਗੂੰ ਬਸਤਰ ਤਿਆਰ ਕਰੇ, 17ਉਹ ਤਿਆਰ ਤਾਂ ਕਰਾਵੇਗਾ ਪਰ ਧਰਮੀ ਉਸ ਨੂੰ ਪਾਉਣਗੇ, ਅਤੇ ਉਹ ਦੀ ਚਾਂਦੀ ਬੇਦੋਸ਼ੇ ਆਪਸ ਵਿੱਚ ਵੰਡ ਲੈਣਗੇ । 18ਉਹ ਆਪਣਾ ਘਰ ਮੱਕੜੀ ਵਾਂਗੂੰ ਬਣਾਉਂਦਾ ਹੈ, ਅਤੇ ਇੱਕ ਝੌਂਪੜੀ ਵਾਂਗੂੰ ਜਿਸ ਨੂੰ ਕੋਈ ਰਾਖਾ ਬਣਾਉਂਦਾ ਹੈ । 19ਉਹ ਧਨੀ ਹੋ ਕੇ ਲੰਮਾ ਪੈਂਦਾ ਹੈ, ਪਰ ਉਹ ਅਜਿਹਾ ਨਹੀਂ ਰਹੇਗਾ, ਉਹ ਆਪਣੀਆਂ ਅੱਖਾਂ ਖੋਲ੍ਹਦਾ ਅਤੇ ਉਹ ਦਾ ਕੁਝ ਰਹਿੰਦਾ ਹੀ ਨਹੀਂ, 20ਭੈ ਹੜ੍ਹ ਵਾਂਗੂੰ ਉਹ ਦੇ ਉੱਤੇ ਆ ਪੈਂਦਾ ਹੈ, ਅਤੇ ਤੂਫ਼ਾਨ ਰਾਤ ਦੇ ਵੇਲੇ ਉਸ ਨੂੰ ਉਡਾ ਕੇ ਲੈ ਜਾਂਦਾ ਹੈ । 21ਪੂਰਬੀ ਹਵਾ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ ਉਹ ਚਲਾ ਜਾਂਦਾ ਹੈ, ਉਹ ਉਸ ਨੂੰ ਉਸ ਦੇ ਥਾਂ ਤੋਂ ਹੂੰਝ ਕੇ ਲੈ ਜਾਂਦੀ ਹੈ । 22ਕਿਉਂਕਿ ਪਰਮੇਸ਼ੁਰ ਬਿਨ੍ਹਾਂ ਤਰਸ ਖਾਧੇ ਉਸ ਉੱਤੇ ਬਿਪਤਾ ਪਵੇਗਾ, ਉਹ ਉਸ ਦੇ ਹੱਥੋਂ ਸਿਰ ਤੇ ਪੈਰ ਰੱਖ ਕੇ ਨੱਠੇਗਾ । 23ਲੋਕ ਉਸ ਦੇ ਉੱਤੇ ਤਾੜੀਆਂ ਵਜਾਉਣਗੇ, ਅਤੇ ਉਸ ਉੱਤੇ ਫੁੰਕਾਰਨਗੇ ਕਿ ਉਹ ਆਪ ਸਥਾਨ ਤੇ ਨਾ ਰਹਿ ਸਕੇਗਾ ।

28

ਬੁੱਧ ਦੀ ਪ੍ਰਸੰਸਾ

1ਚਾਂਦੀ ਲਈ ਤਾਂ ਖਾਨ ਹੁੰਦੀ ਹੈ, ਅਤੇ ਸੋਨੇ ਲਈ ਸਥਾਨ ਜਿੱਥੇ ਉਸ ਨੂੰ ਤਾਇਆ ਜਾਂਦਾ ਹੈ । 2ਲੋਹਾ ਮਿੱਟੀ ਤੋਂ ਕੱਢਿਆ ਜਾਂਦਾ ਹੈ, ਅਤੇ ਧਾਤ ਨੂੰ ਢਾਲ ਕੇ ਤਾਂਬਾ ਬਣਾਇਆ ਜਾਂਦਾ ਹੈ । 3ਮਨੁੱਖ ਹਨੇਰੇ ਨੂੰ ਦੂਰ ਕਰ ਕੇ ਸਰਹੱਦ ਤੱਕ ਘੁੱਪ ਹਨੇਰ ਅਤੇ ਮੌਤ ਦੇ ਸਾਯੇ ਵਿੱਚ, ਪੱਥਰਾਂ ਦੀ ਭਾਲ ਕਰਦਾ ਹੈ । 4ਉਹ ਅਬਾਦੀ ਤੋਂ ਦੂਰ ਸੁਰੰਗ ਖੋਦਦੇ ਹਨ, ਜਿੱਥੇ ਮਨੁੱਖਾਂ ਦੇ ਪੈਰ ਵੀ ਨਹੀਂ ਪੈਂਦੇ, ਉਹ ਮਨੁੱਖਾਂ ਤੋਂ ਦੂਰ ਲਟਕਦੇ ਅਤੇ ਝੂਲਦੇ ਹਨ । 5ਧਰਤੀ ਤੋਂ ਰੋਟੀ ਤਾਂ ਮਿਲਦੀ ਹੈ, ਪਰ ਉਹ ਦਾ ਹੇਠਲਾ ਹਿੱਸਾ ਅੱਗ ਜਿਹਾ ਬਣ ਜਾਂਦਾ ਹੈ । 6ਇਸ ਦੀਆਂ ਚੱਟਾਨਾਂ ਨੀਲਮ ਦਾ ਥਾਂ ਹਨ, ਅਤੇ ਉਸ ਵਿੱਚ ਸੋਨੇ ਦੇ ਜ਼ੱਰੇ ਹਨ ।

7ਸ਼ਿਕਾਰੀ ਪੰਛੀ ਉਸ ਦੇ ਰਾਹ ਨੂੰ ਨਹੀਂ ਜਾਣਦਾ, ਨਾ ਬਾਜ਼ ਦੀ ਅੱਖ ਨੇ ਉਸ ਨੂੰ ਵੇਖਿਆ ਹੈ । 8ਘਾਤਕ ਜਾਨਵਰ ਉਸ ਵਿੱਚ ਨਹੀਂ ਚਲੇ ਹਨ, ਨਾ ਬੱਬਰ ਸ਼ੇਰ ਉਸ ਉੱਤੋਂ ਲੰਘਿਆ ਹੈ ।

9ਮਨੁੱਖ ਆਪਣਾ ਹੱਥ ਚਕਮਕ ਪੱਥਰ ਉੱਤੇ ਲਾਉਂਦਾ ਹੈ, ਉਹ ਪਹਾੜਾਂ ਨੂੰ ਮੁੱਢੋਂ ਉਲੱਦ ਦਿੰਦਾ ਹੈ । 10ਉਹ ਚੱਟਾਨਾਂ ਵਿੱਚ ਨਾਲੇ ਖੋਦਦਾ ਹੈ ਅਤੇ ਉਹ ਦੀ ਅੱਖ ਹਰੇਕ ਬਹੁਮੁੱਲੀ ਵਸਤੂ ਨੂੰ ਵੇਖਦੀ ਹੈ । 11ਉਹ ਨਦੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ ।

12ਪਰ ਬੁੱਧ ਕਿੱਥੇ ਲੱਭੇ, ਅਤੇ ਸਮਝ ਦਾ ਥਾਂ ਕਿੱਥੇ ਹੈ ? 13ਮਨੁੱਖ ਉਹ ਦਾ ਮੁੱਲ ਨਹੀਂ ਜਾਣਦਾ, ਅਤੇ ਉਹ ਜੀਉਂਦਿਆਂ ਦੇ ਦੇਸ ਵਿੱਚ ਨਹੀਂ ਲੱਭਦੀ ਹੈ । 14ਡੂੰਘਿਆਈ ਕਹਿੰਦੀ ਹੈ, "ਉਹ ਮੇਰੇ ਵਿੱਚ ਨਹੀਂ ਹੈ" ਅਤੇ ਸਮੁੰਦਰ ਕਹਿੰਦਾ ਹੈ, "ਉਹ ਮੇਰੇ ਕੋਲ ਨਹੀਂ ਹੈ ।" 15ਉਹ ਕੁੰਦਨ ਸੋਨੇ ਨਾਲ ਮੁੱਲ ਨਹੀਂ ਲਈ ਜਾਂਦੀ, ਨਾ ਉਹ ਦੇ ਮੁੱਲ ਲਈ ਚਾਂਦੀ ਤੋਲੀਦੀ ਹੈ । 16ਓਫ਼ੀਰ ਦੇ ਸੋਨੇ ਤੋਂ ਉਹ ਦੀ ਕੀਮਤ ਭਰ ਨਹੀਂ ਹੁੰਦੀ, ਨਾ ਬਹੁਮੁੱਲੇ ਸੁਲੇਮਾਨੀ ਪੱਥਰ ਤੋਂ, ਨਾ ਨੀਲਮ ਤੋਂ । 17ਸੋਨਾ ਅਤੇ ਕੱਚ ਉਹ ਦੇ ਤੁੱਲ ਨਹੀਂ ਹੋ ਸਕਦੇ ਹਨ, ਨਾ ਉਹ ਕੁੰਦਨ ਸੋਨੇ ਦੇ ਗਹਿਣਿਆਂ ਦੇ ਬਦਲੇ ਮਿਲ ਸਕਦੀ ਹੈ । 18ਮੂੰਗੇ ਅਤੇ ਬਲੌਰ ਦੀ ਉਸ ਦੇ ਅੱਗੇ ਕੀ ਤੁਲਣਾ ਹੈ ? ਸਗੋਂ ਬੁੱਧ ਦਾ ਮੁੱਲ ਮੋਤੀਆਂ ਨਾਲੋਂ ਵੀ ਵੱਧ ਹੈ । 19ਕੂਸ਼ ਦਾ ਪੁਖਰਾਜ ਉਹ ਦੇ ਤੁੱਲ ਨਹੀਂ, ਨਾ ਖ਼ਾਲਸ ਸੋਨੇ ਵਿੱਚ ਉਹ ਦੀ ਕੀਮਤ ਹੋ ਸਕਦੀ ਹੈ ।

20ਬੁੱਧ ਫੇਰ ਕਿੱਥੋਂ ਆਉਂਦੀ ਹੈ, ਅਤੇ ਸਮਝ ਦਾ ਥਾਂ ਕਿੱਥੇ ਹੈ ? 21ਉਹ ਤਾਂ ਹਰੇਕ ਜੀਵ ਦੀਆਂ ਅੱਖਾਂ ਤੋਂ ਲੁਕੀ ਹੋਈ ਹੈ, ਅਤੇ ਅਕਾਸ਼ ਦੇ ਪੰਛੀਆਂ ਤੋਂ ਛਿਪੀ ਹੋਈ ਹੈ । 22ਵਿਨਾਸ਼ ਤੇ ਮੌਤ ਆਖਦੀਆਂ ਹਨ, "ਅਸੀਂ ਸਿਰਫ਼ ਉਹ ਦੀ ਚਰਚਾ ਸੁਣੀ ਹੈ ।" 23ਪਰ ਪਰਮੇਸ਼ੁਰ ਉਸ ਦਾ ਰਾਹ ਸਮਝਦਾ ਹੈ, ਅਤੇ ਉਹ ਉਸ ਦਾ ਥਾਂ ਜਾਣਦਾ ਹੈ, 24ਕਿਉਂ ਜੋ ਉਹੋ ਧਰਤੀ ਦੀਆਂ ਹੱਦਾਂ ਤੱਕ ਨਿਗਾਹ ਮਾਰਦਾ ਹੈ, ਅਤੇ ਜੋ ਕੁਝ ਅਕਾਸ਼ ਦੇ ਹੇਠ ਹੈ ਉਹ ਵੇਖਦਾ ਹੈ । 25ਜਦ ਉਹ ਨੇ ਹਵਾ ਲਈ ਵਜ਼ਨ ਠਹਿਰਾਇਆ, ਅਤੇ ਪਾਣੀਆਂ ਨੂੰ ਮਾਪ ਨਾਲ ਮਿਣਿਆ, 26ਜਦ ਉਹ ਨੇ ਮੀਂਹ ਲਈ ਬਿਧੀ ਬਣਾਈ, ਅਤੇ ਗਰਜਦੀ ਬਿਜਲੀ ਲਈ ਰਾਹ ਠਹਿਰਾਇਆ, 27ਤਦ ਉਸ ਨੇ ਬੁੱਧ ਨੂੰ ਵੇਖਿਆ ਅਤੇ ਦੱਸਿਆ, ਉਸ ਨੇ ਉਹ ਨੂੰ ਕਾਇਮ ਕੀਤਾ ਸਗੋਂ ਉਹ ਨੂੰ ਖੋਜਿਆ, 28ਅਤੇ ਉਸ ਨੇ ਮਨੁੱਖ ਨੂੰ ਆਖਿਆ, "ਵੇਖ, ਪ੍ਰਭੂ ਦਾ ਭੈ, ਉਹੀ ਬੁੱਧ ਹੈ, ਅਤੇ ਬਦੀ ਤੋਂ ਦੂਰ ਰਹਿਣਾ ਹੀ ਸਮਝ ਹੈ !"

29

ਅਯੂੱਬ ਦਾ ਆਖ਼ਰੀ ਕਥਨ

1ਅਯੂੱਬ ਨੇ ਫੇਰ ਆਪਣਾ ਤਰਕ ਦੇ ਕੇ ਆਖਿਆ, 2"ਕਾਸ਼ ਕਿ ਮੇਰੇ ਹਾਲਾਤ ਪ੍ਰਾਚੀਨ ਮਹੀਨਿਆਂ ਜਿਹੇ ਹੁੰਦੇ, ਜਿਵੇਂ ਉਨ੍ਹਾਂ ਦਿਨਾਂ ਵਿੱਚ ਜਦ ਪਰਮੇਸ਼ੁਰ ਮੇਰੀ ਪਾਲਣਾ ਕਰਦਾ ਸੀ, 3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਹਨੇਰੇ ਵਿੱਚ ਚੱਲਦਾ ਸੀ, 4ਜਿਵੇਂ ਮੈਂ ਆਪਣੀ ਵਾਫ਼ਰੀ ਦੇ ਦਿਨਾਂ ਵਿੱਚ ਹੁੰਦਾ ਸੀ, ਜਦ ਪਰਮੇਸ਼ੁਰ ਦੀ ਮਿੱਤਰਤਾ ਮੇਰੇ ਤੰਬੂ ਉੱਤੇ ਹੀ ਸੀ, 5ਜਦ ਸਰਬ ਸ਼ਕਤੀਮਾਨ ਅਜੇ ਮੇਰੇ ਨਾਲ ਹੀ ਸੀ, ਅਤੇ ਮੇਰੇ ਬਾਲ ਬੱਚੇ ਮੇਰੇ ਆਲੇ-ਦੁਆਲੇ ਸਨ, 6ਤਦ ਮੇਰੇ ਕਦਮ ਦਹੀਂ ਨਾਲ ਧੋਤੇ ਜਾਂਦੇ, ਅਤੇ ਚੱਟਾਨ ਮੇਰੇ ਲਈ ਤੇਲ ਦੀਆਂ ਧਾਰਾਂ ਵਗਾਉਂਦੀ ਸੀ ।

7ਜਦ ਮੈਂ ਨਗਰ ਦੇ ਫਾਟਕ ਕੋਲ ਜਾਂਦਾ, ਜਦ ਮੈਂ ਚੌਂਕ ਵਿੱਚ ਆਪਣੀ ਚੌਂਕੀ ਤਿਆਰ ਕਰਦਾ ਸੀ, 8ਤਦ ਜੁਆਨ ਮੈਨੂੰ ਵੇਖ ਕੇ ਪਿੱਛੇ ਹਟ ਜਾਂਦੇ, ਅਤੇ ਬਜ਼ੁਰਗ ਉੱਠ ਖੜ੍ਹੇ ਹੁੰਦੇ ਸਨ । 9ਹਾਕਮ ਗੱਲਾਂ ਕਰਨੋਂ ਰੁੱਕ ਜਾਂਦੇ ਸਨ, ਅਤੇ ਆਪਣੇ ਹੱਥ ਮੂੰਹ ਉੱਤੇ ਰੱਖਦੇ ਸਨ । 10ਪ੍ਰਧਾਨਾਂ ਦੀ ਅਵਾਜ਼ ਬੰਦ ਹੋ ਜਾਂਦੀ, ਅਤੇ ਉਹਨਾਂ ਦੀ ਜੀਭ ਤਾਲੂ ਨਾਲ ਲੱਗ ਜਾਂਦੀ ਸੀ । 11ਜੋ ਕੋਈ ਮੈਨੂੰ ਸੁਣਦਾ ਤਾਂ ਉਹ ਮੈਨੂੰ ਧੰਨ ਆਖਦਾ ਸੀ, ਅਤੇ ਜਦ ਕੋਈ ਮੈਨੂੰ ਵੇਖਦਾ ਤਦ ਮੇਰੇ ਵਿਖੇ ਉਹ ਸਾਖੀ ਦਿੰਦਾ ਸੀ, 12ਕਿਉਂ ਜੋ ਮੈਂ ਮਸਕੀਨ ਨੂੰ ਛੁਡਾਉਂਦਾ ਸੀ ਜਦੋਂ ਉਹ ਦੁਹਾਈ ਦਿੰਦਾ, ਅਤੇ ਯਤੀਮ ਨੂੰ ਜਦੋਂ ਉਹ ਦਾ ਕੋਈ ਸਹਾਇਕ ਨਹੀਂ ਸੀ । 13ਨਾਸ ਹੋਣ ਵਾਲੇ ਵੀ ਮੈਨੂੰ ਬਰਕਤ ਦਿੰਦੇ ਸਨ, ਅਤੇ ਵਿਧਵਾ ਦਾ ਦਿਲ ਮੇਰੇ ਕਾਰਨ ਜੈਕਾਰਾ ਗਜਾਉਂਦਾ ਸੀ । 14ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ, ਮੇਰਾ ਨਿਆਂ ਚੋਗੇ ਅਤੇ ਪਗੜੀ ਜਿਹਾ ਸੀ, 15ਮੈਂ ਅੰਨ੍ਹਿਆਂ ਲਈ ਅੱਖਾਂ ਸੀ, ਅਤੇ ਲੰਗੜਿਆਂ ਲਈ ਪੈਰ ਠਹਿਰਦਾ ਸੀ, 16ਮੈਂ ਕੰਗਾਲਾਂ ਲਈ ਪਿਤਾ ਸੀ, ਅਤੇ ਮੈਂ ਨਾਵਾਕਿਫ਼ ਦੇ ਮੁੱਕਦਮੇ ਦੀ ਵੀ ਪੜਤਾਲ ਕਰਦਾ ਸੀ 17ਮੈਂ ਬੁਰਿਆਰ ਦੇ ਵੱਡੇ ਦੰਦ ਭੰਨ ਸੁੱਟਦਾ, ਅਤੇ ਉਹ ਦੇ ਦੰਦਾਂ ਤੋਂ ਸ਼ਿਕਾਰ ਖੋਹ ਲੈਂਦਾ ਸੀ ।

18ਤਦ ਮੈਂ ਸੋਚਦਾ ਸੀ, ਮੇਰੇ ਦਿਨ ਰੇਤ ਦੇ ਕਣਾਂ ਜਿੰਨੇ ਅਣਗਿਣਤ ਹੋਣਗੇ ਅਤੇ ਮੈਂ ਆਪਣੇ ਵਸੇਬੇ ਵਿੱਚ ਮਰਾਂਗਾ । 19ਮੇਰੀਆਂ ਜੜ੍ਹਾਂ ਪਾਣੀ ਤੱਕ ਫੈਲਦੀਆਂ ਹਨ, ਅਤੇ ਤ੍ਰੇਲ ਮੇਰੀਆਂ ਟਹਿਣੀਆਂ ਉੱਤੇ ਰਾਤ ਭਰ ਰਹਿੰਦੀ ਹੈ । 20ਮੇਰਾ ਪਰਤਾਪ ਬਣਿਆ ਰਹੇਗਾ, ਅਤੇ ਮੇਰਾ ਧਣੁਖ ਮੇਰੇ ਹੱਥ ਵਿੱਚ ਸਦਾ ਨਵਾਂ ਬਣਿਆ ਰਹੇਗਾ ।

21ਲੋਕ ਮੇਰੀ ਸੁਣਦੇ ਅਤੇ ਮੇਰੀ ਉਡੀਕ ਕਰਦੇ ਸਨ, ਅਤੇ ਮੇਰੀ ਸਲਾਹ ਲਈ ਚੁੱਪ ਰਹਿੰਦੇ ਸਨ । 22ਮੇਰੇ ਬੋਲਣ ਦੇ ਮਗਰੋਂ ਉਹ ਫੇਰ ਨਹੀਂ ਬੋਲਦੇ ਸਨ, ਅਤੇ ਮੇਰੀਆਂ ਗੱਲਾਂ ਉਹਨਾਂ ਉੱਤੇ ਮੀਂਹ ਦੀ ਤਰ੍ਹਾਂ ਵਰ੍ਹਦੀਆਂ ਸਨ । 23ਉਹ ਮੇਰੀ ਉਡੀਕ ਕਰਦੇ ਸਨ ਜਿਵੇਂ ਵਰਖਾ ਦੀ, ਅਤੇ ਆਪਣੇ ਮੂੰਹ ਖੋਲ੍ਹਦੇ ਸਨ ਜਿਵੇਂ ਅਖੀਰਲੇ ਮੀਂਹ ਲਈ 24ਜਦ ਉਹ ਬੇਆਸ ਹੁੰਦੇ ਤਾਂ ਮੈਂ ਉਹਨਾਂ ਨੂੰ ਮੁਸਕਰਾ ਕੇ ਪ੍ਰਸੰਨ ਕਰਦਾ ਸੀ ਅਤੇ ਮੇਰੇ ਮੁੱਖ ਦਾ ਚਾਨਣ ਉਹਨਾਂ ਲਈ ਬਹੁਮੁੱਲਾ ਸੀ । 25ਮੈਂ ਉਹਨਾਂ ਦਾ ਰਾਹ ਚੁਣਦਾ ਸੀ ਅਤੇ ਪਰਮੁੱਖ ਹੋ ਕੇ ਬਹਿੰਦਾ ਸੀ, ਅਤੇ ਅਜਿਹਾ ਵੱਸਦਾ ਜਿਵੇਂ ਫੌਜ ਵਿੱਚ ਰਾਜਾ, ਉਸ ਵਾਂਗੂੰ ਜਿਹੜਾ ਸੋਗੀਆਂ ਨੂੰ ਤਸੱਲੀ ਦਿੰਦਾ ਹੈ ।

30

1ਪਰ ਹੁਣ ਉਹ ਜਿਹੜੇ ਮੈਥੋਂ ਛੋਟੇ ਹਨ ਉਹ ਮੇਰੇ ਉੱਤੇ ਹੱਸਦੇ ਹਨ, ਜਿਹਨਾਂ ਦੇ ਪਿਉ-ਦਾਦਿਆਂ ਨੂੰ ਮੈਂ ਆਪਣੇ ਇੱਜੜ ਦੇ ਕੁੱਤਿਆਂ ਨਾਲ ਵੀ ਕੰਮ ਕਰਨ ਦੇ ਯੋਗ ਨਹੀਂ ਸਮਝਦਾ ਸੀ ! 2ਭਲਾ, ਉਹਨਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ ਦਿੰਦਾ, ਜਿਹਨਾਂ ਦਾ ਪੁਰਸ਼ਾਰਥ ਵੀ ਨਾਸ ਹੋ ਗਿਆ ਹੈ ? 3ਥੁੜ ਅਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ, ਉਹ ਸੁੱਕੀ ਭੂਮੀ ਨੂੰ ਚੱਟਦੇ ਹਨ, ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ । 4ਉਹ ਝਾੜੀਆਂ ਉੱਤੋਂ ਨਮਕੀਨ ਸਾਗ ਤੋੜਦੇ ਹਨ, ਅਤੇ ਝਾਊ ਦੀਆਂ ਜੜ੍ਹਾਂ ਉਹਨਾਂ ਦੀ ਰੋਟੀ ਹੈ । 5ਉਹ ਲੋਕਾਂ ਦੇ ਵਿੱਚੋਂ ਧੱਕੇ ਗਏ, ਲੋਕ ਉਹਨਾਂ ਉੱਤੇ ਇਸ ਤਰ੍ਹਾਂ ਚਿੱਲਾਉਂਦੇ ਜਿਵੇਂ ਚੋਰ ਉੱਤੇ ! 6ਭਿਆਨਕ ਘਾਟੀਆਂ ਵਿੱਚ, ਮਿੱਟੀ ਅਤੇ ਪੱਥਰਾਂ ਦੀਆਂ ਖੁੱਡਾਂ ਵਿੱਚ ਉਹ ਰਹਿੰਦੇ ਹਨ । 7ਝਾੜੀਆਂ ਦੇ ਵਿੱਚ ਉਹ ਹੀਂਗਦੇ ਹਨ, ਕੰਡਿਆਂ ਦੇ ਹੇਠ ਉਹ ਇਕੱਠੇ ਪਏ ਰਹਿੰਦੇ ਹਨ । 8ਉਹ ਮੂਰਖ ਦੀ ਅੰਸ, ਸਗੋਂ ਬੇਨਾਮਾਂ ਦੀ ਅੰਸ ਹਨ, ਜੋ ਦੇਸ ਤੋਂ ਕੁੱਟ-ਕੁੱਟ ਕੇ ਕੱਢੇ ਗਏ ਹਨ ।

9ਅਤੇ ਹੁਣ ਮੈਂ ਉਹਨਾਂ ਦਾ ਗੀਤ ਹੋਇਆ ਹਾਂ, ਅਤੇ ਉਹ ਮੇਰੇ ਉੱਤੇ ਮਿਹਣੇ ਮਾਰਦੇ ਹਨ ! 10ਉਹ ਮੈਥੋਂ ਘਿਣ ਖਾਂਦੇ, ਉਹ ਮੈਥੋਂ ਦੂਰ ਰਹਿੰਦੇ, ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ ਕਰਦੇ, 11ਕਿਉਂ ਜੋ ਪਰਮੇਸ਼ੁਰ ਨੇ ਮੈਨੂੰ ਬਲਹੀਣ ਅਤੇ ਤੁੱਛ ਬਣਾਇਆ ਹੈ, ਇਸ ਲਈ ਉਹ ਮੇਰੇ ਅੱਗੇ ਬੇ-ਲਗਾਮ ਹੋ ਗਏ ਹਨ ! 12ਮੇਰੇ ਸੱਜੇ ਪਾਸੇ ਬਜ਼ਾਰੂ ਲੋਕ ਉੱਠਦੇ ਹਨ, ਉਹ ਮੇਰੇ ਪੈਰ ਸਰਕਾ ਦਿੰਦੇ ਹਨ, ਅਤੇ ਮੈਨੂੰ ਨਾਸ ਕਰਨ ਵਾਲੇ ਰਾਹਾਂ ਨੂੰ ਬਣਾਉਂਦੇ ਹਨ । 13ਜਿਹਨਾਂ ਦਾ ਕੋਈ ਸਹਾਇਕ ਨਹੀਂ ਉਹ ਮੇਰੇ ਰਾਹਾਂ ਨੂੰ ਵਿਗਾੜਦੇ ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ ! 14ਉਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ, ਉਜਾੜ ਦੇ ਵਿੱਚੋਂ ਉਹ ਮੇਰੇ ਉੱਤੇ ਹਮਲਾ ਕਰਦੇ ਹਨ । 15ਭੈ ਮੇਰੇ ਉੱਤੇ ਮੁੜ ਪੈਂਦੇ, ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ, ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਗੂੰ ਜਾਂਦੀ ਰਹੀ ।

16ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲ੍ਹਦੀ ਹੈ, ਦੁੱਖ ਦੇ ਦਿਨ ਮੈਨੂੰ ਫੜ੍ਹਦੇ ਹਨ । 17ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ, ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ । 18ਵੱਡੇ ਜ਼ੋਰ ਨਾਲ ਉਹ ਮੇਰਾ ਰੂਪ ਬਦਲਦੀ ਹੈ, ਮੇਰੇ ਕੁੜਤੇ ਦੇ ਗਲਮੇ ਵਾਂਗੂੰ ਉਹ ਮੈਨੂੰ ਜਕੜਦੀ ਹੈ । 19ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ, ਅਤੇ ਮੈਂ ਖ਼ਾਕ ਤੇ ਰਾਖ ਵਰਗਾ ਹੋ ਗਿਆ ਹਾਂ !

20ਮੈਂ ਤੇਰੇ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ ਨਹੀਂ ਦਿੰਦਾ, ਮੈਂ ਖੜ੍ਹਾ ਹੁੰਦਾ ਹਾਂ ਪਰ ਤੂੰ ਸਿਰਫ਼ ਮੇਰੇ ਵੱਲ ਝਾਕਦਾ ਹੈਂ । 21ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ, ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈਂ ! 22ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈਂ, ਅਤੇ ਮੈਨੂੰ ਤੂਫਾਨਾਂ ਵਿੱਚ ਘੋਲ ਦਿੰਦਾ ਹੈਂ, 23ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੱਕ ਪਹੁੰਚਾਵੇਂਗਾ, ਅਤੇ ਉਸ ਵਾਸ ਤੱਕ ਜਿਹੜਾ ਸਾਰੇ ਜੀਉਂਦਿਆਂ ਲਈ ਠਹਿਰਾਇਆ ਗਿਆ ਹੈ ।

24ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ ਵਧਾਵੇਗਾ, ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ ? 25ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸੀ ? ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ ਸੀ ? 26ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਦ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਦ ਹਨੇਰਾ ਛਾ ਗਿਆ, 27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਆਰਾਮ ਨਹੀਂ ਪਾਉਂਦੀਆਂ, ਬੁਰੇ ਦਿਨ ਮੇਰੇ ਉੱਤੇ ਆ ਪਾਏ ਹਨ ! 28ਮੇਰਾ ਸਰੀਰ ਕਾਲਾ ਪੈ ਗਿਆ ਪਰ ਧੁੱਪ ਦੇ ਕਾਰਨ ਨਹੀਂ, ਮੈਂ ਸਭਾ ਵਿੱਚ ਉੱਠ ਕੇ ਸਹਾਇਤਾ ਲਈ ਦੁਹਾਈ ਦਿੰਦਾ ਹਾਂ ! 29ਮੈਂ ਗਿੱਦੜਾਂ ਦਾ ਭਰਾ, ਅਤੇ ਸ਼ੁਤਰ ਮੁਰਗ਼ ਦਾ ਸਾਥੀ ਹੋ ਗਿਆ ਹਾਂ, 30ਮੇਰੀ ਖੱਲ ਕਾਲੀ ਹੋ ਕੇ ਮੈਥੋਂ ਡਿੱਗਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ ਹਨ ! 31ਸੋ ਮੇਰੀ ਬਰਬਤ ਰੋਣ ਲਈ ਹੈ, ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ ਅਵਾਜ਼ ਲਈ ਹੈ ।

31

1ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਦ ਮੈਂ ਕੁਆਰੀ ਉੱਤੇ ਕਿਸ ਤਰ੍ਹਾਂ ਅੱਖ ਮਟਕਾਵਾਂ ? 2ਕਿਹੜਾ ਭਾਗ ਉੱਪਰੋਂ ਪਰਮੇਸ਼ੁਰ ਵੱਲੋਂ, ਅਤੇ ਕਿਹੜੀ ਮਿਰਾਸ ਉਚਿਆਈ ਤੋਂ ਸਰਬ ਸ਼ਕਤੀਮਾਨ ਵੱਲੋਂ ਹੁੰਦੀ ਹੈ ? 3ਕੀ ਇਹ ਕੁਧਰਮੀਆਂ ਦੇ ਲਈ ਬਿਪਤਾ ਨਹੀਂ, ਅਤੇ ਕੁਕਰਮੀਆਂ ਦੇ ਲਈ ਨਾਸ ਦਾ ਕਾਰਨ ਨਹੀਂ ? 4ਕੀ ਉਹ ਮੇਰਾ ਰਾਹ ਨਹੀਂ ਵੇਖਦਾ, ਅਤੇ ਮੇਰੇ ਸਭ ਕਦਮ ਨਹੀਂ ਗਿਣਦਾ ?

5ਜੇ ਮੈਂ ਵਿਅਰਥ ਨਾਲ ਚੱਲਿਆ ਹੋਵਾਂ, ਅਤੇ ਮੇਰਾ ਪੈਰ ਧੋਖੇ ਵੱਲ ਦੌੜਿਆ ਹੋਵੇ, - 6(ਤਾਂ ਉਹ ਮੈਨੂੰ ਧਰਮ ਤੁਲਾ ਉੱਤੇ ਤੋਲੇ, ਅਤੇ ਪਰਮੇਸ਼ੁਰ ਮੇਰੀ ਖਰਿਆਈ ਨੂੰ ਜਾਣੇ) 7ਜੇ ਮੇਰੇ ਕਦਮ ਕੁਰਾਹੇ ਪੈ ਗਏ ਹੋਣ ਅਤੇ ਮੇਰਾ ਦਿਲ ਮੇਰੀਆਂ ਅੱਖਾਂ ਦੇ ਮਗਰ ਚੱਲਿਆ ਹੋਵੇ, ਅਤੇ ਮੇਰੇ ਹੱਥਾਂ ਤੇ ਕੋਈ ਦਾਗ਼ ਲੱਗਾ ਹੋਵੇ, 8ਤਦ ਮੈਂ ਬੀਜਾਂ ਪਰ ਦੂਜਾ ਖਾਵੇ, ਅਤੇ ਮੇਰੀ ਪੈਦਾਵਾਰ ਪੁੱਟੀ ਜਾਵੇ !

9ਜੇ ਮੇਰਾ ਦਿਲ ਕਿਸੇ ਔਰਤ ਤੇ ਮੋਹਿਤ ਹੋ ਗਿਆ ਹੋਵੇ, ਅਤੇ ਮੈਂ ਆਪਣੇ ਗੁਆਂਢੀ ਦੇ ਬੂਹੇ ਉੱਤੇ ਘਾਤ ਲਾ ਕੇ ਬੈਠਾ ਹੋਵਾਂ, 10ਤਦ ਮੇਰੀ ਪਤਨੀ ਦੂਜੇ ਲਈ ਪੀਹੇ, ਅਤੇ ਪਰਾਏ ਪੁਰਖ ਉਸ ਨੂੰ ਭਰਿਸ਼ਟ ਕਰਨ ! 11ਕਿਉਂ ਜੋ ਉਹ ਅੱਤ ਬੁਰਾ ਦੋਸ਼ ਹੁੰਦਾ, ਅਤੇ ਉਹ ਨਿਆਂਈਆਂ ਦੁਆਰਾ ਸਜ਼ਾ ਦੇਣ ਯੋਗ ਬਦੀ ਹੁੰਦੀ ! 12ਉਹ ਤਾਂ ਇੱਕ ਅੱਗ ਹੈ ਜਿਹੜੀ ਸੜਨ ਤੱਕ ਭਸਮ ਕਰਦੀ ਹੈ, ਸਗੋਂ ਮੇਰੀ ਪੈਦਾਵਾਰ ਨੂੰ ਜੜ੍ਹਾਂ ਤੋਂ ਸਾੜ ਦਿੰਦੀ ਹੈ !

13ਜਦ ਮੇਰੇ ਦਾਸ ਜਾਂ ਦਾਸੀ ਨੇ ਮੇਰੇ ਵਿਰੁੱਧ ਸ਼ਿਕਾਇਤ ਕੀਤੀ ਹੋਵੇ, ਤਾਂ ਜੇਕਰ ਮੈਂ ਉਹਨਾਂ ਦਾ ਹੱਕ ਮਾਰਿਆ ਹੋਵੇ, 14ਤਾਂ ਜਦ ਪਰਮੇਸ਼ੁਰ ਉੱਠੇ ਤਦ ਮੈਂ ਕੀ ਕਰਾਂਗਾ, ਅਤੇ ਜਦ ਉਹ ਖ਼ਬਰ ਲਵੇ ਤਦ ਮੈਂ ਕੀ ਉੱਤਰ ਦੇਵਾਂਗਾ ? 15ਜਿਸ ਨੇ ਮੈਨੂੰ ਕੁੱਖ ਵਿੱਚ ਬਣਾਇਆ, ਕੀ ਉਹ ਨੇ ਉਸ ਨੂੰ ਵੀ ਨਹੀਂ ਬਣਾਇਆ ? ਅਤੇ ਇੱਕੋ ਹੀ ਨੇ ਸਾਨੂੰ ਗਰਭ ਵਿੱਚ ਨਹੀਂ ਰਚਿਆ ?

16ਜੇ ਮੈਂ ਗ਼ਰੀਬਾਂ ਦੀ ਇੱਛਿਆ ਨੂੰ ਪੂਰਾ ਨਾ ਕੀਤਾ ਹੋਵੇ, ਅਤੇ ਵਿਧਵਾ ਦੀਆਂ ਅੱਖਾਂ ਮੇਰੇ ਕਾਰਨ ਨਿਰਾਸ਼ ਹੋ ਗਈਆਂ ਹੋਣ, 17ਜਾਂ ਮੈਂ ਆਪਣੀ ਬੁਰਕੀ ਇਕੱਲਿਆਂ ਹੀ ਖਾਧੀ ਹੋਵੇ, ਅਤੇ ਯਤੀਮ ਨੇ ਉਸ ਤੋਂ ਨਾ ਖਾਧਾ ਹੋਵੇ, - 18ਕਿਉਂ ਜੋ ਮੇਰੀ ਜੁਆਨੀ ਤੋਂ ਉਹ ਮੇਰੇ ਨਾਲ ਪਲਿਆ ਜਿਵੇਂ ਪਿਤਾ ਨਾਲ, ਅਤੇ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਵਿਧਵਾ ਦੀ ਦੇਖਭਾਲ ਕੀਤੀ ਹੈ । 19ਜੇ ਮੈਂ ਕਿਸੇ ਨੂੰ ਬਿਨ੍ਹਾਂ ਕੱਪੜੇ ਦੇ ਮਰਦੇ, ਜਾਂ ਕੰਗਾਲ ਨੂੰ ਬਿਨ੍ਹਾਂ ਓੜਣੇ ਦੇ ਵੇਖਿਆ ਹੋਵੇ, 20ਜੇਕਰ ਮੈਂ ਆਪਣੀਆਂ ਭੇਡਾਂ ਦੀ ਉੱਨ ਦੇ ਕੱਪੜੇ ਉਨ੍ਹਾਂ ਨੂੰ ਨਾ ਦਿੱਤੇ ਹੋਣ, ਅਤੇ ਉਸ ਦੇ ਦਿਲ ਨੇ ਮੈਨੂੰ ਬਰਕਤ ਨਾ ਦਿੱਤੀ ਹੋਵੇ ਜਦ ਉਹ ਗਰਮ ਹੋਇਆ, 21ਜੇ ਮੈਂ ਆਪਣਾ ਹੱਥ ਯਤੀਮ ਉੱਤੇ ਚੁੱਕਿਆ ਹੋਵੇ, ਇਸ ਕਾਰਨ ਕਿ ਮੈਂ ਫਾਟਕ ਵਿੱਚ ਆਪਣੇ ਸਹਾਇਕਾਂ ਨੂੰ ਵੇਖਿਆ, 22ਤਦ ਮੇਰਾ ਮੌਰ ਮੋਢੇ ਤੋਂ ਡਿੱਗ ਜਾਵੇ, ਅਤੇ ਮੇਰੀ ਬਾਂਹ ਜੋੜ ਤੋਂ ਟੁੱਟ ਜਾਵੇ ! 23ਕਿਉਂ ਜੋ ਪਰਮੇਸ਼ੁਰ ਵੱਲੋਂ ਬਿਪਤਾ ਮੈਨੂੰ ਡਰਾਉਂਦੀ ਸੀ, ਅਤੇ ਉਹ ਦੇ ਪਰਤਾਪ ਦੇ ਕਾਰਨ ਮੈਂ ਕੁਝ ਨਹੀਂ ਕਰ ਸਕਦਾ ਸੀ ।

24ਜੇ ਮੈਂ ਸੋਨੇ ਉੱਤੇ ਆਪਣੀ ਆਸ ਰੱਖੀ ਹੁੰਦੀ, ਜਾਂ ਆਖਿਆ ਹੁੰਦਾ ਕਿ ਕੁੰਦਨ ਸੋਨੇ ਤੇ ਮੇਰਾ ਭਰੋਸਾ ਹੈ, - 25ਜੇ ਮੈਂ ਖੁਸ਼ੀ ਮਨਾਈ ਹੁੰਦੀ ਕਿ ਮੇਰਾ ਧਨ ਬਹੁਤ ਹੈ, ਅਤੇ ਮੇਰੇ ਹੱਥ ਨੇ ਬਥੇਰਾ ਕਮਾਇਆ ! - 26ਜੇ ਮੈਂ ਸੂਰਜ ਨੂੰ ਵੇਖਿਆ ਹੁੰਦਾ ਜਦ ਉਹ ਚਮਕਦਾ ਸੀ, ਜਾਂ ਚੰਦ ਨੂੰ ਜਦ ਉਹ ਸ਼ਾਨ ਨਾਲ ਚੱਲਦਾ ਸੀ, 27ਅਤੇ ਮੇਰਾ ਦਿਲ ਚੁੱਪਕੇ ਮੋਹਿਤ ਹੋ ਗਿਆ ਹੁੰਦਾ, ਅਤੇ ਉਹਨਾਂ ਨੂੰ ਸਨਮਾਨ ਦੇ ਕੇ ਮੈਂ ਆਪਣੇ ਹੱਥਾਂ ਨੂੰ ਚੁੰਮ ਲਿਆ ਹੁੰਦਾ, 28ਤਦ ਇਹ ਨਿਆਂਈਆਂ ਦੁਆਰਾ ਸਜ਼ਾ ਦੇਣ ਜੋਗ ਬਦੀ ਹੁੰਦੀ, ਕਿਉਂਕਿ ਅਜਿਹਾ ਕਰਕੇ ਮੈਂ ਸਵਰਗੀ ਪਰਮੇਸ਼ੁਰ ਦਾ ਇਨਕਾਰ ਕੀਤਾ ਹੁੰਦਾ ।

29ਜੇ ਮੈਂ ਆਪਣੇ ਵੈਰੀ ਦੇ ਨਾਸ ਤੋਂ ਅਨੰਦ ਹੋਇਆ ਹੁੰਦਾ, ਅਤੇ ਜਦ ਮੁਸੀਬਤ ਉਸ ਉੱਤੇ ਪਈ ਤਾਂ ਮੈਂ ਖੁਸ਼ੀ ਮਨਾਈ ਹੁੰਦੀ, 30( ਸਗੋਂ ਮੈਂ ਤਾਂ ਆਪਣੇ ਮੂੰਹ ਨੂੰ ਪਾਪ ਕਰਨ ਨਾ ਦਿੱਤਾ ਕਿ ਸਰਾਪ ਦੇ ਕੇ ਉਹ ਦੀ ਜਾਨ ਮੰਗਾਂ ) 31ਜੇ ਮੇਰੇ ਤੰਬੂਆਂ ਵਿੱਚ ਰਹਿਣ ਵਾਲਿਆਂ ਨੇ ਨਾ ਆਖਿਆ ਹੋਵੇ, ਭਈ ਕੌਣ ਹੈ ਜਿਹੜਾ ਉਸ ਦੇ ਘਰ ਦੇ ਮਾਸ ਤੋਂ ਨਾ ਰੱਜਿਆ ਹੋਵੇ ? 32( ਪਰਦੇਸੀ ਨੂੰ ਸੜਕ ਵਿੱਚ ਰਾਤ ਕੱਟਣੀ ਨਾ ਪਈ, ਪਰ ਮੈਂ ਆਪਣੇ ਦਰਵਾਜ਼ੇ ਨੂੰ ਰਾਹੀ ਲਈ ਖੋਲ੍ਹਦਾ ਸੀ ) - 33ਜੇ ਮੈਂ ਆਦਮ ਵਾਂਗੂੰ ਆਪਣਾ ਅਪਰਾਧ ਲੁਕਾਇਆ ਹੋਵੇ, ਅਤੇ ਆਪਣੀ ਬਦੀ ਆਪਣੇ ਸੀਨੇ ਵਿੱਚ ਲੁਕਾਈ ਹੋਵੇ, 34ਇਸ ਕਾਰਨ ਕਿ ਮੈਂ ਵੱਡੀ ਭੀੜ ਤੋਂ ਭੈ ਖਾਂਦਾ ਸੀ, ਨਾਲੇ ਘਰਾਣਿਆਂ ਦੀ ਘਿਣ ਨੇ ਮੈਨੂੰ ਅਜਿਹਾ ਡਰਾਇਆ ਕਿ ਮੈਂ ਚੁੱਪ ਵੱਟ ਲਈ ਅਤੇ ਦਰਵਾਜ਼ੇ ਤੋਂ ਬਾਹਰ ਨਾ ਨਿੱਕਲਿਆ, -

35ਕਾਸ਼ ਕਿ ਕੋਈ ਮੇਰੀ ਸੁਣਦਾ ! ਵੇਖੋ, ਮੈਂ ਆਪਣੀ ਸਫ਼ਾਈ ਪੇਸ਼ ਕੀਤੀ ਹੈ, ਹੁਣ ਸਰਬ ਸ਼ਕਤੀਮਾਨ ਮੈਨੂੰ ਉੱਤਰ ਦੇਵੇ ! ਕਾਸ਼ ਕਿ ਮੇਰੇ ਉੱਤੇ ਦੋਸ਼ ਲਾਉਣ ਵਾਲੇ ਦੇ ਸ਼ਿਕਾਇਤਨਾਮੇ ਦੀ ਲਿਖਤ ਮੇਰੇ ਕੋਲ ਹੁੰਦੀ ! 36ਨਿਸੰਗ ਮੈਂ ਉਹ ਨੂੰ ਆਪਣੇ ਮੋਢੇ ਉੱਤੇ ਚੁੱਕਦਾ, ਮੈਂ ਉਹ ਨੂੰ ਆਪਣੇ ਸਿਰ ਉੱਤੇ ਪਗੜੀ ਵਾਂਗੂੰ ਬੰਨ੍ਹਦਾ, 37ਮੈਂ ਉਹ ਨੂੰ ਆਪਣੇ ਕਦਮਾਂ ਦਾ ਹਿਸਾਬ ਦਿੰਦਾ, ਮੈਂ ਉਹ ਦੇ ਅੱਗੇ ਇਸ ਤਰ੍ਹਾਂ ਪੇਸ਼ ਹੁੰਦਾ ਜਿਵੇਂ ਹਾਕਮ ਦੇ ਅੱਗੇ ।

38ਜੇ ਮੇਰੀ ਜ਼ਮੀਨ ਨੇ ਮੇਰੇ ਵਿਰੁੱਧ ਦੁਹਾਈ ਦਿੱਤੀ ਹੋਵੇ, ਅਤੇ ਉਹ ਦੇ ਸਿਆੜ ਇਕੱਠੇ ਰੋਏ ਹੋਣ, 39ਜੇ ਮੈਂ ਆਪਣੀ ਜ਼ਮੀਨ ਦੀ ਉਪਜ ਨੂੰ ਬਿਨ੍ਹਾਂ ਮਜ਼ਦੂਰੀ ਦਿੱਤੇ ਖਾਧਾ ਹੋਵੇ, ਜਾਂ ਉਹ ਦੇ ਮਾਲਕਾਂ ਦੀ ਜਾਨ ਲਈ ਹੋਵੇ, 40ਤਦ ਕਣਕ ਦੀ ਥਾਂ ਝਾੜੀਆਂ, ਅਤੇ ਜੌ ਦੀ ਥਾਂ ਜੰਗਲੀ ਘਾਹ ਉੱਗੇ ।" ਅਯੂੱਬ ਦੀਆਂ ਗੱਲਾਂ ਸਮਾਪਤ ਹੋਈਆਂ ।

32

ਅਲੀਹੂ ਦਾ ਤਰਕ (32:1-37:24)

1ਤਦ ਇਹਨਾਂ ਤਿੰਨਾਂ ਮਨੁੱਖਾਂ ਨੇ ਅਯੂੱਬ ਨੂੰ ਉੱਤਰ ਦੇਣਾ ਛੱਡ ਦਿੱਤਾ, ਕਿਉਂ ਜੋ ਉਹ ਆਪਣੀ ਨਿਗਾਹ ਵਿੱਚ ਧਰਮੀ ਸੀ 2ਫੇਰ ਬਰਕਏਲ ਬੂਜ਼ੀ ਦਾ ਪੁੱਤਰ ਅਲੀਹੂ ਜੋ ਰਾਮ ਦੇ ਟੱਬਰ ਦਾ ਸੀ, ਉਸ ਦਾ ਕ੍ਰੋਧ ਭੜਕਿਆ । ਉਹ ਦਾ ਕ੍ਰੋਧ ਅਯੂੱਬ ਉੱਤੇ ਇਸ ਲਈ ਭੜਕਿਆ ਕਿਉਂਕਿ ਉਸ ਨੇ ਆਪਣੇ ਆਪ ਨੂੰ ਨਿਰਦੋਸ਼ ਠਹਿਰਾਇਆ ਨਾ ਕਿ ਪਰਮੇਸ਼ੁਰ ਨੂੰ, 3ਅਤੇ ਉਹ ਦਾ ਕ੍ਰੋਧ ਉਹ ਦੇ ਤਿੰਨਾਂ ਮਿੱਤਰਾਂ ਉੱਤੇ ਵੀ ਭੜਕਿਆ ਕਿਉਂ ਜੋ ਉਹ ਅੱਯੂਬ ਨੂੰ ਉੱਤਰ ਨਾ ਦੇ ਸਕੇ, ਤਾਂ ਵੀ ਉਹਨਾਂ ਨੇ ਅਯੂੱਬ ਨੂੰ ਦੋਸ਼ੀ ਠਹਿਰਾਇਆ । 4ਅਲੀਹੂ ਅਯੂੱਬ ਨਾਲ ਗੱਲਾਂ ਕਰਨ ਲਈ ਠਹਿਰਿਆ ਰਿਹਾ ਕਿਉਂ ਜੋ ਉਹ ਉਮਰ ਵਿੱਚ ਉਸ ਤੋਂ ਵੱਡੇ ਸਨ । 5ਜਦ ਅਲੀਹੂ ਨੇ ਵੇਖਿਆ ਕਿ ਇਹਨਾਂ ਤਿੰਨਾਂ ਮਨੁੱਖਾਂ ਵਿੱਚੋਂ ਕੋਈ ਉੱਤਰ ਨਹੀਂ ਦਿੰਦਾ, ਤਾਂ ਉਸ ਦਾ ਕ੍ਰੋਧ ਭੜਕ ਗਿਆ ।

6ਤਦ ਬਰਕਏਲ ਬੂਜ਼ੀ ਦੇ ਪੁੱਤਰ ਅਲੀਹੂ ਨੇ ਉੱਤਰ ਦਿੱਤਾ ਅਤੇ ਆਖਿਆ, "ਮੈਂ ਅਜੇ ਜੁਆਨ ਹਾਂ, ਅਤੇ ਤੁਸੀਂ ਵੱਡੀ ਉਮਰ ਦੇ ਹੋ, ਇਸ ਲਈ ਮੈਂ ਰੁਕਿਆ ਰਿਹਾ ਅਤੇ ਤੁਹਾਨੂੰ ਆਪਣੇ ਵਿਚਾਰ ਦੱਸਣ ਤੋਂ ਡਰਦਾ ਸੀ । 7ਮੈਂ ਸੋਚਦਾ ਸੀ ਕਿ ਜੋ ਉਮਰ ਵਿੱਚ ਵੱਡੇ ਹਨ, ਉਹ ਬੋਲਣ ਅਤੇ ਬਹੁਤ ਸਾਲਾਂ ਦੇ ਹਨ ਉਹ ਬੁੱਧ ਸਿਖਾਉਣ, 8ਪਰੰਤੂ ਮਨੁੱਖ ਵਿੱਚ ਇੱਕ ਆਤਮਾ ਹੈ, ਅਤੇ ਸਰਬ ਸ਼ਕਤੀਮਾਨ ਦਾ ਸਾਹ ਉਹਨਾਂ ਨੂੰ ਸਮਝ ਦਿੰਦਾ ਹੈ । 9ਉਹ ਵੱਡੇ ਹੀ ਨਹੀਂ ਜਿਹੜੇ ਬੁੱਧਵਾਨ ਹਨ, ਅਤੇ ਸਿਰਫ਼ ਬਜ਼ੁਰਗ ਹੀ ਨਿਆਂ ਨੂੰ ਸਮਝਣ ਵਾਲੇ ਨਹੀਂ ਹੁੰਦੇ ।

10ਇਸ ਲਈ ਮੈਂ ਆਖਦਾ ਹਾਂ, ਮੇਰੀ ਸੁਣੋ, ਮੈਂ ਵੀ ਆਪਣੇ ਵਿਚਾਰ ਦੱਸਾਂਗਾ । 11ਵੇਖੋ, ਮੈਂ ਤੁਹਾਡੀਆਂ ਗੱਲਾਂ ਸੁਣਨ ਲਈ ਠਹਿਰਿਆ ਰਿਹਾ, ਮੈਂ ਤੁਹਾਡੀਆਂ ਦਲੀਲਾਂ ਉੱਤੇ ਕੰਨ ਲਾਇਆ, ਜਦ ਤੁਸੀਂ ਗੱਲਾਂ ਦੀ ਭਾਲ ਕਰਦੇ ਸੀ ! 12ਮੈਂ ਤੁਹਾਡੀਆਂ ਗੱਲਾਂ ਉੱਤੇ ਧਿਆਨ ਕੀਤਾ, ਵੇਖੋ, ਤੁਹਾਡੇ ਵਿੱਚ ਕੋਈ ਨਹੀਂ ਸੀ ਜਿਹੜਾ ਅਯੂੱਬ ਨੂੰ ਗਲਤ ਸਾਬਿਤ ਕਰ ਸਕਦਾ, ਜਾਂ ਉਹ ਦੀਆਂ ਗੱਲਾਂ ਦਾ ਉੱਤਰ ਦਿੰਦਾ । 13ਤੁਸੀਂ ਇਹ ਨਾ ਸਮਝੋ ਕਿ ਸਾਨੂੰ ਹੀ ਬੁੱਧ ਮਿਲੀ ਹੈ, ਕਿ ਪਰਮੇਸ਼ੁਰ ਹੀ ਉਸ ਦੇ ਤਰਕ ਨੂੰ ਰੱਦ ਕਰ ਸਕਦਾ ਹੈ ਨਾ ਕਿ ਮਨੁੱਖ, 14ਨਾ ਤਾਂ ਉਸ ਮੇਰੇ ਵਿਰੁੱਧ ਗੱਲਾਂ ਕੀਤੀਆਂ, ਅਤੇ ਨਾ ਮੈਂ ਤੁਹਾਡੇ ਵਿਤਰਕਾਂ ਨਾਲ ਉਸ ਨੂੰ ਉੱਤਰ ਦਿਆਂਗਾ ।

15ਉਹ ਘਬਰਾ ਗਏ ਅਤੇ ਹੋਰ ਉੱਤਰ ਨਹੀਂ ਦਿੱਤਾ, ਉਹਨਾਂ ਨੇ ਬੋਲਣਾ ਬੰਦ ਕਰ ਦਿੱਤਾ । 16ਕੀ ਮੈਂ ਠਹਿਰਿਆ ਰਹਾਂ ਜਦ ਕਿ ਉਹ ਬੋਲਦੇ ਨਹੀਂ, ਕਿਉਂ ਜੋ ਉਹ ਖੜ੍ਹੇ ਹਨ ਅਤੇ ਹੋਰ ਉੱਤਰ ਨਹੀਂ ਦਿੰਦੇ ? 17ਮੈਂ ਵੀ ਆਪਣੀ ਵਾਰ ਦਾ ਉੱਤਰ ਦਿਆਂਗਾ, ਮੈਂ ਵੀ ਆਪਣੇ ਵਿਚਾਰ ਦੱਸਾਂਗਾ । 18ਮੈਂ ਤਾਂ ਗੱਲਾਂ ਨਾਲ ਭਰਿਆ ਹੋਇਆ ਹਾਂ, ਅਤੇ ਮੇਰੇ ਅੰਦਰਲਾ ਆਤਮਾ ਮੈਨੂੰ ਮਜ਼ਬੂਰ ਕਰਦਾ ਹੈ । 19ਵੇਖੋ, ਮੇਰਾ ਮਨ ਉਸ ਮੈਅ ਦੀ ਤਰ੍ਹਾਂ ਹੈ, ਜਿਹੜੀ ਖੋਲ੍ਹੀ ਨਹੀਂ ਗਈ, ਨਵੀਆਂ ਮਸ਼ਕਾਂ ਦੀ ਤਰ੍ਹਾਂ ਉਹ ਪਾਟਣ ਵਾਲਾ ਹੈ । 20ਮੈਂ ਬੋਲਾਂਗਾ ਤਾਂ ਜੋ ਮੈਨੂੰ ਆਰਾਮ ਆਵੇ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਉੱਤਰ ਦਿਆਂਗਾ । 21ਮੈਂ ਕਦੀ ਕਿਸੇ ਮਨੁੱਖ ਦੀ ਪੱਖਪਾਤ ਨਹੀਂ ਕਰਾਂਗਾ, ਨਾ ਕਿਸੇ ਮਨੁੱਖ ਦੀ ਚਾਪਲੂਸੀ ਕਰਾਂਗਾ, 22ਕਿਉਂ ਜੋ ਮੈਨੂੰ ਕਿਸੇ ਦੀ ਚਾਪਲੂਸੀ ਕਰਨੀ ਆਉਂਦੀ ਹੀ ਨਹੀਂ, ਨਹੀਂ ਤਾਂ ਮੇਰਾ ਸਿਰਜਣਹਾਰ ਮੈਨੂੰ ਛੇਤੀ ਚੁੱਕ ਲਵੇਗਾ ।

33

1ਇਸ ਲਈ ਹੇ ਅਯੂੱਬ, ਹੁਣ ਮੇਰੀਆਂ ਗੱਲਾਂ ਸੁਣ, ਅਤੇ ਮੇਰੇ ਬਚਨਾਂ ਉੱਤੇ ਕੰਨ ਲਾ ! 2ਵੇਖ, ਮੈਂ ਆਪਣਾ ਮੂੰਹ ਖੋਲ੍ਹਿਆ ਹੈ, ਮੇਰੀ ਜੀਭ ਬੋਲਣ ਲਈ ਤਿਆਰ ਹੈ, 3ਮੇਰਾ ਬੋਲਣਾ ਮੇਰੇ ਦਿਲ ਦੀ ਸਿਧਿਆਈ ਨੂੰ ਪਰਗਟ ਕਰੇਗਾ, ਅਤੇ ਮੇਰੇ ਬੁੱਲ੍ਹ ਗਿਆਨ ਨੂੰ ਸਫ਼ਾਈ ਨਾਲ ਬੋਲਣਗੇ । 4ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਸਿਰਜਿਆ, ਸਰਬ ਸ਼ਕਤੀਮਾਨ ਦੇ ਸਾਹ ਨੇ ਮੈਨੂੰ ਜੀਵਨ ਦਿੱਤਾ । 5ਜੇ ਤੂੰ ਉੱਤਰ ਦੇ ਸਕਦਾ ਹੈਂ ਤਾਂ ਦੇ, ਮੇਰੇ ਸਨਮੁਖ ਆਪਣਾ ਤਰਕ ਤਿਆਰ ਕਰਕੇ ਖੜ੍ਹਾ ਹੋ ਜਾ ! 6ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹੀ ਹਾਂ, ਮੈਂ ਵੀ ਮਿੱਟੀ ਦੇ ਇੱਕ ਢੇਲੇ ਦਾ ਬਣਿਆ ਹੋਇਆ ਹਾਂ । 7ਵੇਖ, ਮੇਰੇ ਭੈ ਤੋਂ ਤੈਨੂੰ ਘਬਰਾਉਣ ਦੀ ਲੋੜ ਨਹੀਂ, ਮੇਰਾ ਦਾਵਾ ਤੇਰੇ ਉੱਤੇ ਭਾਰੀ ਨਾ ਹੋਵੇਗਾ ।

8ਸੱਚ-ਮੁੱਚ ਤੇਰੀਆਂ ਗੱਲਾਂ ਮੇਰੇ ਕੰਨਾਂ ਵਿੱਚ ਪਈਆਂ ਹਨ, ਤੇਰੇ ਬੋਲਣ ਦੀ ਅਵਾਜ਼ ਮੈਂ ਸੁਣੀ ਹੈ, 9ਭਈ ਮੈਂ ਤਾਂ ਸਾਫ਼ ਅਤੇ ਨਿਰਅਪਰਾਧ ਹਾਂ, ਮੈਂ ਪਾਕ ਅਤੇ ਨਿਰਦੋਸ਼ ਹਾਂ । 10ਪਰ ਵੇਖ, ਪਰਮੇਸ਼ੁਰ ਮੇਰੇ ਵਿਰੁੱਧ ਮੌਕਾ ਲੱਭਦਾ ਹੈ, ਉਹ ਮੈਨੂੰ ਆਪਣਾ ਵੈਰੀ ਗਿਣਦਾ ਹੈ । 11ਉਹ ਮੇਰੇ ਪੈਰਾਂ ਨੂੰ ਕਾਠ ਵਿੱਚ ਠੋਕ ਦਿੰਦਾ ਹੈ, ਉਹ ਮੇਰੇ ਸਾਰੇ ਰਾਹਾਂ ਨੂੰ ਤੱਕਦਾ ਰਹਿੰਦਾ ਹੈ ।

12ਪਰ ਵੇਖ, ਮੈਂ ਤੈਨੂੰ ਉੱਤਰ ਦਿੰਦਾ ਹਾਂ, ਤੂੰ ਇਸ ਵਿੱਚ ਧਰਮੀ ਨਹੀਂ, ਕਿਉਂ ਜੋ ਪਰਮੇਸ਼ੁਰ ਮਨੁੱਖ ਨਾਲੋਂ ਵੱਡਾ ਹੈ । 13ਤੂੰ ਕਿਉਂ ਉਹ ਦੇ ਵਿਰੁੱਧ ਝਗੜਦਾ ਹੈਂ ਕਿ ਉਹ ਤਾਂ ਆਪਣੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ ! 14ਕਿਉਂ ਜੋ ਪਰਮੇਸ਼ੁਰ ਇੱਕ ਵਾਰ ਬੋਲਦਾ ਹੈ, ਸਗੋਂ ਦੋ ਵਾਰ ਪਰ ਲੋਕ ਉਸ ਉੱਤੇ ਧਿਆਨ ਨਹੀਂ ਲਾਉਂਦੇ । 15ਸੁਫ਼ਨੇ ਵਿੱਚ ਜਾਂ ਰਾਤ ਦੇ ਦਰਸ਼ਣ ਵਿੱਚ, ਜਦ ਭਾਰੀ ਨੀਂਦ ਮਨੁੱਖਾਂ ਉੱਤੇ ਆ ਪੈਂਦੀ ਹੈ, ਅਤੇ ਜਦ ਉਹ ਆਪਣਿਆਂ ਬਿਸਤਰਿਆਂ ਉੱਤੇ ਸੌਂਦੇ ਹਨ, 16ਤਦ ਉਹ ਮਨੁੱਖਾਂ ਦੇ ਕੰਨ ਖੋਲ੍ਹਦਾ ਹੈ, ਅਤੇ ਉਹਨਾਂ ਨੂੰ ਚੇਤਾਵਨੀ ਦੇ ਕੇ ਡਰਾ ਦਿੰਦਾ ਹੈ, 17ਤਾਂ ਜੋ ਮਨੁੱਖ ਨੂੰ ਉਸ ਦੇ ਭੈੜੇ ਕੰਮਾਂ ਤੋਂ ਰੋਕੇ, ਅਤੇ ਮਨੁੱਖ ਨੂੰ ਹੰਕਾਰ ਤੋਂ ਦੂਰ ਰੱਖੇ । 18ਉਹ ਉਸ ਦੀ ਜਾਨ ਨੂੰ ਟੋਏ ਤੋਂ ਬਚਾਉਂਦਾ ਹੈ, ਅਤੇ ਉਸ ਦੇ ਜੀਵਨ ਨੂੰ ਤਲਵਾਰ ਨਾਲ ਨਾਸ਼ ਹੋਣ ਤੋਂ ।

19ਜਦ ਕਿਸੇ ਦੀ ਤਾੜਨਾ ਹੋਵੇ ਤਾਂ ਉਹ ਆਪਣੇ ਬਿਸਤਰੇ ਉੱਤੇ ਦਰਦ ਨਾਲ ਦੱਬ ਕੇ ਝੁੱਲਦਾ ਹੈ, ਅਤੇ ਆਪਣੀਆਂ ਹੱਡੀਆਂ ਵਿੱਚ ਰੋਜ਼ ਦੀ ਅਣ-ਬਣ ਨਾਲ ਵੀ । 20ਉਹ ਦਾ ਪ੍ਰਾਣ ਰੋਟੀ ਤੋਂ ਅਤੇ ਉਸ ਦੀ ਜਾਨ ਸੁਆਦਲੇ ਭੋਜਨ ਤੋਂ ਘਿਣ ਕਰਨ ਲਗਦੀ ਹੈ । 21ਉਸ ਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆਂ ਜਿਹੜੀਆਂ ਪਹਿਲਾਂ ਵਿਖਾਈ ਨਹੀਂ ਸਨ ਦਿੰਦੀਆਂ ਨਿੱਕਲ ਆਉਂਦੀਆਂ ਹਨ ! 22ਉਸ ਦੀ ਜਾਨ ਕਬਰ ਦੇ ਨੇੜੇ ਪਹੁੰਚਦੀ ਹੈ ਅਤੇ ਉਸ ਦਾ ਪ੍ਰਾਣ ਮੌਤ ਲਿਆਉਣ ਵਾਲਿਆਂ ਦੇ ਵੱਸ ਹੋ ਜਾਂਦਾ ਹੈ । 23ਹੁਣ ਜੇ ਉਸ ਦੇ ਕੋਲ ਕੋਈ ਦੂਤ ਹੋਵੇ ਜੋ ਹਜ਼ਾਰਾਂ ਵਿੱਚੋਂ ਇੱਕ ਹੋਵੇ ਜੋ ਉਸ ਨੂੰ ਅਰਥ ਕਰਕੇ ਦੱਸੇ ਕਿ ਮਨੁੱਖ ਦੇ ਲਈ ਕੀ ਠੀਕ ਹੈ । 24ਤਦ ਉਹ ਉਸ ਉੱਤੇ ਦਯਾ ਕਰਦਾ ਹੈ ਤੇ ਆਖਦਾ ਹੈ, ਉਸ ਨੂੰ ਟੋਏ ਵਿੱਚ ਪੈਣ ਤੋਂ ਬਚਾ ਲੈ, ਮੈਨੂੰ ਉਸ ਲਈ ਪ੍ਰਾਸਚਿੱਤ ਮਿਲ ਗਿਆ ਹੈ । 25ਉਸ ਦਾ ਮਾਸ ਬਾਲਕ ਨਾਲੋਂ ਵੱਧ ਹਰਿਆ-ਭਰਿਆ ਹੋ ਜਾਵੇਗਾ, ਉਸ ਦੀ ਜੁਆਨੀ ਦੇ ਦਿਨ ਵੱਲ ਮੁੜ ਆਉਣਗੇ । 26ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰੇਗਾ ਅਤੇ ਉਹ ਉਸ ਨੂੰ ਕਬੂਲ ਕਰੇਗਾ, ਉਹ ਖੁਸ਼ੀ ਨਾਲ ਪਰਮੇਸ਼ੁਰ ਦਾ ਦਰਸ਼ਣ ਕਰੇਗਾ, ਉਹ ਮਨੁੱਖ ਲਈ ਉਸ ਦਾ ਧਰਮ ਫੇਰ ਮੋੜ ਦੇਵੇਗਾ । 27ਉਹ ਮਨੁੱਖਾਂ ਦੇ ਅੱਗੇ ਗਾਉਣ ਲੱਗਦਾ ਅਤੇ ਆਖਣ ਲੱਗਦਾ ਹੈ, - ਮੈਂ ਪਾਪ ਕੀਤਾ ਅਤੇ ਸਿੱਧੀ ਗੱਲ ਨੂੰ ਉਲੱਦ ਦਿੱਤਾ ਪਰ ਉਸ ਦਾ ਬਦਲਾ ਮੈਥੋਂ ਨਾ ਲਿਆ ਗਿਆ । 28ਉਸ ਨੇ ਮੇਰੀ ਜਾਨ ਨੂੰ ਕਬਰ ਵਿੱਚ ਜਾਣ ਤੋਂ ਬਚਾਇਆ, ਮੇਰਾ ਪ੍ਰਾਣ ਚਾਨਣ ਨੂੰ ਵੇਖੇਗਾ !

29ਵੇਖ, ਇਹ ਸਾਰੇ ਕੰਮ ਪਰਮੇਸ਼ੁਰ ਮਨੁੱਖ ਦੇ ਨਾਲ, ਦੋ ਵਾਰ ਸਗੋਂ ਤਿੰਨ ਵਾਰ ਵੀ ਕਰਦਾ ਹੈ, 30ਤਾਂ ਜੋ ਉਸ ਦੀ ਜਾਨ ਨੂੰ ਕਬਰ ਤੋਂ ਬਚਾਵੇ ਅਤੇ ਉਹ ਜੀਉਂਦਿਆਂ ਦੇ ਚਾਨਣ ਨਾਲ ਪਰਕਾਸ਼ਤ ਹੋਵੇ ।

31ਹੇ ਅਯੂੱਬ, ਧਿਆਨ ਲਾ ਕੇ ਮੇਰੀ ਸੁਣ, ਚੁੱਪ ਵੱਟ ਤੇ ਮੈਂ ਬੋਲਾਂਗਾ । 32ਜੇ ਤੂੰ ਕੁੱਝ ਬੋਲਣਾ ਹੈ ਤਾਂ ਮੈਨੂੰ ਉੱਤਰ ਦੇ, ਬੋਲ, ਕਿਉਂ ਜੋ ਮੈਂ ਤੈਨੂੰ ਨਿਰਦੋਸ਼ ਠਹਿਰਾਉਣਾ ਚਾਹੁੰਦਾ ਹਾਂ । 33ਜੇ ਨਹੀਂ ਤਾਂ ਤੂੰ ਮੇਰੀ ਸੁਣ, ਚੁੱਪ ਵੱਟ, ਮੈਂ ਤੈਨੂੰ ਬੁੱਧ ਦੀਆਂ ਗੱਲਾਂ ਸਿਖਾਵਾਂਗਾ ।"

34

ਅਲੀਹੂ ਦਾ ਬਚਨ

1ਤਦ ਅਲੀਹੂ ਨੇ ਹੋਰ ਇਹ ਆਖਿਆ, 2"ਹੇ ਬੁੱਧਵਾਨੋ ! ਮੇਰੀਆਂ ਗੱਲਾਂ ਸੁਣੋ, ਹੇ ਗਿਆਨ ਵਾਲਿਓ ! ਮੇਰੇ ਵੱਲ ਕੰਨ ਲਾਓ । 3ਕਿਉਂ ਜੋ ਕੰਨ ਗੱਲਾਂ ਨੂੰ ਪਰਖਦੇ ਹਨ ਜਿਵੇਂ ਜੀਭ ਭੋਜਨ ਦੇ ਸੁਆਦ ਨੂੰ । 4ਜੋ ਠੀਕ ਹੈ ਅਸੀਂ ਆਪਣੇ ਲਈ ਚੁਣ ਲਈਏ, ਅਤੇ ਜੋ ਚੰਗਾ ਹੈ ਅਸੀਂ ਆਪਸ ਵਿੱਚ ਜਾਣ ਲਈਏ ।

5ਕਿਉਂ ਜੋ ਅਯੂੱਬ ਨੇ ਆਖਿਆ ਹੈ ਕਿ ਮੈਂ ਨਿਰਦੋਸ਼ ਹਾਂ ਅਤੇ ਪਰਮੇਸ਼ੁਰ ਮੇਰਾ ਨਿਆਂ ਕਰਨ ਤੋਂ ਮੁੱਕਰ ਗਿਆ ਹੈ । 6ਭਾਵੇਂ ਮੈਂ ਸੱਚਾ ਹਾਂ ਪਰ ਫੇਰ ਵੀ ਝੂਠਾ ਠਹਿਰਦਾ ਹਾਂ, ਭਾਵੇਂ ਮੈਂ ਨਿਰਅਪਰਾਧ ਹੀ ਹਾਂ, ਫੇਰ ਵੀ ਮੇਰਾ ਫੱਟ ਅਸਾਧ ਹੈ । 7ਅਯੂੱਬ ਵਰਗਾ ਕਿਹੜਾ ਮਨੁੱਖ ਹੈ, ਜਿਹੜਾ ਠੱਠਿਆਂ ਨੂੰ ਪਾਣੀ ਵਾਂਗੂੰ ਪੀਂਦਾ ਹੈ, 8ਅਤੇ ਕੁਕਰਮੀਆਂ ਦੀ ਸੰਗਤ ਵਿੱਚ ਚੱਲਦਾ, ਅਤੇ ਦੁਸ਼ਟ ਮਨੁੱਖਾਂ ਨਾਲ ਫਿਰਦਾ ਹੈ ? 9ਕਿਉਂ ਜੋ ਉਸ ਨੇ ਆਖਿਆ ਹੈ ਕਿ ਮਨੁੱਖ ਨੂੰ ਇਸ ਤੋਂ ਕੁਝ ਲਾਭ ਨਹੀਂ ਕਿ ਉਹ ਪਰਮੇਸ਼ੁਰ ਨਾਲ ਮਗਨ ਰਹੇ !

10ਇਸ ਲਈ ਹੇ ਬੁੱਧਵਾਨੋ, ਮੇਰੀ ਸੁਣੋ ! ਇਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ ! 11ਕਿਉਂ ਜੋ ਉਹ ਮਨੁੱਖ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਬਦਲਾ ਦੇਵੇਗਾ, ਅਤੇ ਹਰੇਕ ਮਨੁੱਖ ਨੂੰ ਉਸ ਦੇ ਚਾਲ-ਚੱਲਣ ਅਨੁਸਾਰ ਫਲ ਦੁਆਉਂਦਾ ਹੈ । 12ਇਹ ਸੱਚੀ ਗੱਲ ਹੈ ਕਿ ਨਾ ਤਾਂ ਪਰਮੇਸ਼ੁਰ ਦੁਸ਼ਟਪੁਣਾ ਕਰਦਾ ਅਤੇ ਨਾ ਹੀ ਸਰਬ ਸ਼ਕਤੀਮਾਨ ਪੁੱਠੇ ਨਿਆਂ ਕਰਦਾ ਹੈ । 13ਕਿਸ ਨੇ ਉਸ ਨੂੰ ਧਰਤੀ ਉੱਤੇ ਇਖ਼ਤਿਆਰ ਦਿੱਤਾ, ਕਿਸ ਨੇ ਸਾਰੇ ਜਗਤ ਉੱਤੇ ਉਸ ਨੂੰ ਠਹਿਰਾਇਆ ? 14ਜੇ ਉਹ ਮਨੁੱਖ ਤੋਂ ਆਪਣਾ ਮਨ ਫੇਰ ਲਵੇ, ਜੇ ਉਹ ਉਸ ਦਾ ਆਤਮਾ ਅਤੇ ਉਸ ਦਾ ਸਾਹ ਆਪਣੇ ਕੋਲ ਇਕੱਠਾ ਕਰ ਲਵੇ, 15ਤਾਂ ਸਾਰੀ ਮਨੁੱਖ ਜਾਤੀ ਇਕੱਠੀ ਹੀ ਨਾਸ ਹੋ ਜਾਵੇਗੀ, ਅਤੇ ਮਨੁੱਖ ਫਿਰ ਮਿੱਟੀ ਵਿੱਚ ਰਲ ਜਾਵੇਗਾ ।

16ਜੇ ਸਮਝ ਹੈ ਤਾਂ ਇਸ ਨੂੰ ਸੁਣ, ਅਤੇ ਆਪਣਾ ਕੰਨ ਮੇਰੀਆਂ ਗੱਲਾਂ ਵੱਲ ਲਾ ! 17ਕੀ ਜਿਹੜਾ ਨਿਆਂ ਨਾਲ ਘਿਣ ਕਰਦਾ ਹੈ, ਰਾਜ ਕਰੇਗਾ ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਂਗਾ ? 18ਭਲਾ, ਰਾਜੇ ਨੂੰ ਕਦੀ ਆਖੀਦਾ ਹੈ ਕਿ ਤੂੰ ਨਿੰਕਮਾ ਹੈਂ ! ਜਾਂ ਪਤਵੰਤ ਨੂੰ ਕਿ ਤੁਸੀਂ ਦੁਸ਼ਟ ਹੋ ? 19ਜਿਹੜਾ ਹਾਕਮਾਂ ਦਾ ਪੱਖਪਾਤ ਨਹੀਂ ਕਰਦਾ, ਨਾ ਧਨੀ ਨੂੰ ਗ਼ਰੀਬ ਨਾਲੋਂ ਵੱਧ ਮੰਨਦਾ ਹੈ, ਕਿਉਂ ਜੋ ਉਹ ਸਾਰੇ ਦੇ ਸਾਰੇ ਉਹ ਦੇ ਹੱਥਾਂ ਦਾ ਕੰਮ ਹਨ ! 20ਉਹ ਇੱਕ ਦਮ ਅੱਧੀ ਰਾਤ ਨੂੰ ਮਰ ਜਾਂਦੇ, ਪਰਜਾ ਦੇ ਲੋਕ ਹਿਲਾਏ ਜਾਂਦੇ ਤੇ ਲੰਘ ਜਾਂਦੇ ਹਨ, ਅਤੇ ਜ਼ੋਰਾਵਰ ਬਿਨ੍ਹਾਂ ਹੱਥ ਲਾਏ ਚਲੇ ਜਾਂਦੇ ਹਨ ।

21ਕਿਉਂ ਜੋ ਪਰਮੇਸ਼ੁਰ ਦੀਆਂ ਅੱਖਾਂ ਮਨੁੱਖਾਂ ਦੇ ਮਾਰਗਾਂ ਉੱਤੇ ਲੱਗੀਆਂ ਰਹਿੰਦੀਆਂ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ । 22ਅਜਿਹਾ ਕੋਈ ਹਨੇਰਾ ਜਾਂ ਘੁੱਪ ਹਨੇਰਾ ਨਹੀਂ, ਜਿੱਥੇ ਕੁਕਰਮੀ ਲੁੱਕ ਜਾਣ, 23ਕਿਉਂ ਜੋ ਉਸ ਨੇ ਅਜੇ ਕਿਸੇ ਮਨੁੱਖ ਲਈ ਵੇਲਾ ਨਹੀਂ ਠਹਿਰਾਇਆ, ਕਿ ਪਰਮੇਸ਼ੁਰ ਕੋਲ ਨਿਆਂ ਲਈ ਜਾਵੇ । 24ਉਹ ਜ਼ੋਰਾਵਰਾਂ ਨੂੰ ਬਿਨ੍ਹਾਂ ਪੁੱਛ-ਗਿੱਛ ਦੇ ਚੂਰ-ਚੂਰ ਕਰ ਦਿੰਦਾ ਹੈ, ਅਤੇ ਉਹਨਾਂ ਦੇ ਥਾਂ ਦੂਜਿਆਂ ਨੂੰ ਖੜ੍ਹਾ ਕਰਦਾ ਹੈ । 25ਕਿਉਂ ਜੋ ਉਹ ਉਹਨਾਂ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਉਹਨਾਂ ਨੂੰ ਰਾਤ ਨੂੰ ਉਲੱਦ ਦਿੰਦਾ ਹੈ ਕਿ ਉਹ ਭੰਨੇ ਜਾਂਦੇ ਹਨ । 26ਉਹ ਉਹਨਾਂ ਨੂੰ ਸਭਨਾਂ ਦੇ ਵੇਖਦਿਆਂ ਦੁਸ਼ਟਾਂ ਵਾਂਗੂੰ ਮਾਰਦਾ ਹੈ, 27ਇਸ ਲਈ ਕਿ ਉਹ ਉਹ ਦੇ ਪਿੱਛੇ ਚੱਲਣ ਤੋਂ ਫਿਰ ਗਏ, ਅਤੇ ਉਹਨਾਂ ਨੇ ਉਸ ਦੇ ਕਿਸੇ ਰਾਹ ਦੀ ਪਰਵਾਹ ਨਹੀਂ ਕੀਤੀ, 28ਇੱਥੋਂ ਤੱਕ ਕਿ ਉਹਨਾਂ ਦੇ ਕਾਰਨ ਗਰੀਬਾਂ ਦੀ ਦੁਹਾਈ ਉਹ ਦੇ ਕੋਲ ਪਹੁੰਚੀ, ਅਤੇ ਮਸਕੀਨਾਂ ਦੀ ਦੁਹਾਈ ਉਸ ਨੇ ਸੁਣੀ । 29ਜਦ ਉਹ ਚੁੱਪ ਰਹਿੰਦਾ ਹੈ ਤਾਂ ਕੌਣ ਉਸ ਨੂੰ ਦੋਸ਼ੀ ਠਹਿਰਾ ਸਕਦਾ ਹੈ ਜਦ ਉਹ ਆਪਣਾ ਮੂੰਹ ਫੇਰ ਲਵੇ ਤਾਂ ਕੌਣ ਉਸ ਦਾ ਦਰਸ਼ਣ ਪਵੇਗਾ ? ਭਾਵੇਂ ਕੌਮ ਲਈ ਭਾਵੇਂ ਇੱਕ ਮਨੁੱਖ ਲਈ, ਉਹ ਦੋਹਾਂ ਨਾਲ ਇੱਕੋ ਜਿਹਾ ਵਿਹਾਰ ਕਰਦਾ ਹੈ, 30ਤਾਂ ਜੋ ਅਧਰਮੀ ਮਨੁੱਖ ਰਾਜ ਨਾ ਕਰੇ, ਨਾ ਲੋਕਾਂ ਨੂੰ ਆਪਣੇ ਜਾਲ ਵਿੱਚ ਫ਼ਸਾਵੇ ।

31ਭਲਾ, ਕਦੀ ਕਿਸੇ ਨੇ ਪਰਮੇਸ਼ੁਰ ਨੂੰ ਆਖਿਆ, ਮੈਂ ਦੰਡ ਝੱਲ ਲਿਆ ਹੈ, ਮੈਂ ਫੇਰ ਬਦੀ ਨਾ ਕਰਾਂਗਾ ? 32ਜੋ ਮੈਂ ਸਮਝ ਨਹੀਂ ਸਕਦਾ ਤੂੰ ਉਹ ਮੈਨੂੰ ਸਿਖਾ, ਜੇ ਮੈਂ ਬੁਰਿਆਈ ਕੀਤੀ ਹੋਵੇ ਤਾਂ ਮੈਂ ਫਿਰ ਨਹੀਂ ਕਰਾਂਗਾ ? 33ਕੀ ਪਰਮੇਸ਼ੁਰ ਤੈਨੂੰ ਤੇਰੀ ਇੱਛਿਆ ਅਨੁਸਾਰ ਫਲ ਦੇਵੇ ਜਦ ਕਿ ਤੂੰ ਉਸ ਵੱਲ ਫਿਰਨ ਤੋਂ ਇਨਕਾਰ ਕਰਦਾ ਹੈਂ ? ਕਿਉਂ ਜੋ ਇਸ ਦੀ ਚੋਣ ਤੂੰ ਕਰਨੀ ਹੈ ਨਾ ਕਿ ਮੈਂ, ਸੋ ਜੋ ਤੂੰ ਜਾਣਦਾ ਹੈ ਬੋਲ ਦੇ !

34ਗਿਆਨਵਾਨ ਮੈਨੂੰ ਆਖਣਗੇ, ਸਗੋਂ ਬੁੱਧਵਾਨ ਮਨੁੱਖ ਮੇਰੀ ਸੁਣ ਕੇ ਕਹਿਣਗੇ, 35ਅਯੂੱਬ ਬਿਨ੍ਹਾਂ ਸਮਝ ਦੇ ਬੋਲਦਾ ਹੈ, ਅਤੇ ਉਸ ਦਾ ਬੋਲ ਗਿਆਨ ਰਹਿਤ ਹੈ ! 36ਕਾਸ਼ ਕਿ ਅਯੂੱਬ ਅੰਤ ਤੱਕ ਪਰਤਾਇਆ ਜਾਂਦਾ, ਕਿਉਂਕਿ ਉਹ ਕੁਕਰਮੀਆਂ ਵਾਂਗੂੰ ਉੱਤਰ ਦਿੰਦਾ ਹੈ ! 37ਉਹ ਤਾਂ ਆਪਣੇ ਪਾਪ ਉੱਤੇ ਅਪਰਾਧ ਜੋੜਦਾ ਹੈ, ਸਾਡੇ ਵਿਰੁੱਧ ਤਾੜੀ ਮਾਰਦਾ ਹੈ, ਅਤੇ ਪਰਮੇਸ਼ੁਰ ਦੇ ਵਿਰੁੱਧ ਆਪਣੀਆਂ ਗੱਲਾਂ ਵਧਾਈ ਜਾਂਦਾ ਹੈ ।"

35

ਅਲੀਹੂ ਦਾ ਬਚਨ

1ਫੇਰ ਅਲੀਹੂ ਨੇ ਹੋਰ ਇਹ ਆਖਿਆ, 2"ਭਲਾ, ਤੂੰ ਇਸ ਨੂੰ ਠੀਕ ਸਮਝਦਾ ਹੈ, ਜੋ ਤੂੰ ਆਖਦਾ ਹੈਂ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵੱਧ ਹੈ ? 3ਕਿਉਂ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਕੀ ਲਾਭ ਹੈ ? ਮੈਨੂੰ ਪਾਪ ਕਰਨ ਜਾਂ ਨਾ ਕਰਨ ਨਾਲ ਕੀ ਫ਼ਰਕ ਪੈਂਦਾ ਹੈ ?

4ਮੈਂ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਇਕੱਠੇ ਉੱਤਰ ਦਿੰਦਾ ਹਾਂ । 5ਅਕਾਸ਼ ਵੱਲ ਤੱਕ ਅਤੇ ਵੇਖ, ਅਤੇ ਬੱਦਲਾਂ ਵੱਲ ਧਿਆਨ ਦੇ ਜੋ ਤੇਰੇ ਨਾਲੋਂ ਉੱਚੇ ਹਨ ! 6ਜੇ ਤੂੰ ਪਾਪ ਕੀਤਾ ਤਾਂ ਤੂੰ ਪਰਮੇਸ਼ੁਰ ਉੱਤੇ ਕੀ ਅਸਰ ਪਾਉਂਦਾ ਹੈ, ਅਤੇ ਜੇ ਤੇਰੇ ਅਪਰਾਧ ਵੱਧ ਜਾਣ ਤਾਂ ਉਸ ਨੂੰ ਕੀ ਫ਼ਰਕ ਪੈਂਦਾ ਹੈ ? 7ਜੇ ਤੂੰ ਧਰਮੀ ਹੈ ਤਾਂ ਤੂੰ ਉਹ ਨੂੰ ਕੀ ਦਿੰਦਾ ਹੈ, ਜਾਂ ਉਹ ਤੇਰੇ ਹੱਥੋਂ ਕੀ ਲੈਂਦਾ ਹੈ ? 8ਤੇਰੀ ਬਦੀ ਤੇਰੇ ਜਿਹੇ ਮਨੁੱਖਾਂ ਲਈ ਹੈ, ਅਤੇ ਤੇਰੇ ਧਰਮ ਦਾ ਫਲ ਵੀ ਆਦਮ ਵੰਸ਼ੀਆਂ ਲਈ ।

9ਬਹੁਤ ਜ਼ੁਲਮ ਹੋਣ ਦੇ ਕਾਰਨ ਉਹ ਚਿੱਲਾਉਂਦੇ ਹਨ, ਜ਼ੋਰਾਵਰਾਂ ਦੀ ਭੁਜਾ ਦੇ ਬਲ ਦੇ ਕਾਰਨ ਉਹ ਦੁਹਾਈ ਦਿੰਦੇ ਹਨ । 10ਪਰ ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਸਿਰਜਣਹਾਰ ਕਿੱਥੇ ਹੈ, ਜਿਹੜਾ ਰਾਤ ਨੂੰ ਵੀ ਗੀਤ ਬਖ਼ਸ਼ਦਾ ਹੈ ? 11ਜਿਹੜਾ ਸਾਨੂੰ ਧਰਤੀ ਦੇ ਪਸ਼ੂਆਂ ਨਾਲੋਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ ? 12ਉੱਥੇ ਉਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ, ਇਹ ਬੁਰਿਆਰ ਦੇ ਹੰਕਾਰ ਦੇ ਕਾਰਨ ਹੁੰਦਾ ਹੈ । 13ਪਰਮੇਸ਼ੁਰ ਸੱਚ-ਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ, ਅਤੇ ਸਰਬ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ, 14ਖ਼ਾਸ ਕਰਕੇ ਜਦ ਤੂੰ ਕਹਿੰਦਾ ਹੈ ਕਿ ਉਹ ਮੈਨੂੰ ਦਰਸ਼ਣ ਨਹੀਂ ਦਿੰਦਾ, ਇਹ ਮੁਕੱਦਮਾ ਉਹ ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈ ! 15ਪਰ ਹੁਣੇ ਤਾਂ ਉਸ ਨੇ ਕ੍ਰੋਧ ਵਿੱਚ ਆ ਕੇ ਦੰਡ ਨਹੀਂ ਦਿੱਤਾ, ਅਤੇ ਹੰਕਾਰ ਉੱਤੇ ਬਹੁਤਾ ਚਿੱਤ ਨਹੀਂ ਲਾਇਆ, 16ਇਸੇ ਕਾਰਨ ਅਯੂੱਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲ੍ਹਦਾ ਹੈ, ਅਤੇ ਬੁੱਧਹੀਣ ਗੱਲਾਂ ਨੂੰ ਵਧਾਉਂਦਾ ਹੈ ।"

36

1ਅਤੇ ਅਲੀਹੂ ਨੇ ਫੇਰ ਆਖਿਆ, 2"ਮੇਰੇ ਲਈ ਜ਼ਰਾ ਠਹਿਰ ਅਤੇ ਮੈਂ ਤੈਨੂੰ ਦੱਸਾਂਗਾ, ਕਿਉਂਕਿ ਪਰਮੇਸ਼ੁਰ ਦੇ ਪੱਖ ਵਿੱਚ ਹੋਰ ਵੀ ਗੱਲਾਂ ਆਖਣੀਆਂ ਹਨ । 3ਮੈਂ ਆਪਣਾ ਗਿਆਨ ਦੂਰੋਂ ਲਿਆਵਾਂਗਾ, ਅਤੇ ਮੈਂ ਆਪਣੇ ਸਿਰਜਣਹਾਰ ਨੂੰ ਧਰਮੀ ਠਹਿਰਾਵਾਂਗਾ, 4ਕਿਉ ਜੋ ਸੱਚ-ਮੁੱਚ ਮੇਰੀਆਂ ਗੱਲਾਂ ਝੂਠੀਆਂ ਨਹੀਂ ਹਨ, ਸੰਪੂਰਨ ਗਿਆਨਵਾਨ ਤੇਰੇ ਨਾਲ ਹੈ ।

5ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਕਿਸੇ ਨੂੰ ਤੁੱਛ ਨਹੀਂ ਜਾਣਦਾ, ਉਹ ਬਲ ਤੇ ਬੁੱਧ ਵਿੱਚ ਮਹਾਨ ਹੈ । 6ਉਹ ਦੁਸ਼ਟ ਨੂੰ ਜੀਉਂਦਾ ਨਹੀਂ ਰੱਖਦਾ, ਪਰ ਉਹ ਮਸਕੀਨਾਂ ਨੂੰ ਉਹਨਾਂ ਦਾ ਹੱਕ ਦਿੰਦਾ ਹੈ । 7ਉਹ ਧਰਮੀ ਵੱਲੋਂ ਅੱਖ ਨਹੀਂ ਫੇਰਦਾ, ਪਰ ਰਾਜਿਆਂ ਨਾਲ ਰਾਜ-ਗੱਦੀ ਉੱਤੇ ਉਹਨਾਂ ਨੂੰ ਸਦਾ ਲਈ ਬਿਠਾਉਂਦਾ ਹੈ ਅਤੇ ਉਹ ਉੱਚੇ ਕੀਤੇ ਜਾਂਦੇ ਹਨ । 8ਅਤੇ ਜੇਕਰ ਉਹ ਬੇੜੀਆਂ ਨਾਲ ਜਕੜੇ ਜਾਣ, ਅਤੇ ਮੁਸੀਬਤ ਦੀਆਂ ਰੱਸੀਆਂ ਨਾਲ ਬੰਨ੍ਹੇ ਜਾਣ, 9ਤਾਂ ਵੀ ਉਹ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ, ਨਾਲੇ ਉਹਨਾਂ ਦੇ ਅਪਰਾਧ ਪਰਗਟ ਕਰਦਾ ਹੈ ਕਿ ਉਹ ਘਮੰਡੀ ਹਨ । 10ਉਹ ਸਿੱਖਿਆ ਲਈ ਉਹਨਾਂ ਦੇ ਕੰਨ ਖੋਲ੍ਹਦਾ ਹੈ ਅਤੇ ਫ਼ਰਮਾਉਂਦਾ ਹੈ ਕਿ ਬੁਰਿਆਈ ਤੋਂ ਮੁੜੋ ! 11ਜੇ ਉਹ ਸੁਣ ਲੈਣ ਅਤੇ ਉਹ ਦੀ ਸੇਵਾ ਕਰਨ, ਤਦ ਉਹ ਆਪਣੇ ਦਿਨ ਭਲਿਆਈ ਵਿੱਚ, ਅਤੇ ਆਪਣੇ ਵਰ੍ਹੇ ਖੁਸ਼ਹਾਲੀ ਵਿੱਚ ਪੂਰੇ ਕਰਨਗੇ । 12ਪਰ ਜੇਕਰ ਉਹ ਨਾ ਸੁਣਨ, ਤਦ ਉਹ ਤਲਵਾਰ ਨਾਲ ਨਾਸ਼ ਹੋਣਗੇ, ਅਤੇ ਗਿਆਨ ਤੋਂ ਬਿਨ੍ਹਾਂ ਮਰਨਗੇ !

13ਪਰ ਉਹ ਦਿਲੋਂ ਭਗਤੀਹੀਣ ਹੋ ਕੇ ਕ੍ਰੋਧ ਵਧਾਉਂਦੇ ਹਨ, ਅਤੇ ਜਦ ਉਹ ਉਹਨਾਂ ਨੂੰ ਬੰਨ੍ਹਦਾ ਹੈ, ਤਾਂ ਵੀ ਉਹ ਦੁਹਾਈ ਨਹੀਂ ਦਿੰਦੇ । 14ਉਹ ਜੁਆਨੀ ਵਿੱਚ ਜਾਨ ਛੱਡ ਦਿੰਦੇ ਹਨ, ਅਤੇ ਪੁਰਖਗਾਮੀਆਂ ਵਿੱਚ ਉਹਨਾਂ ਦਾ ਜੀਵਨ ਮੁੱਕ ਜਾਂਦਾ ਹੈ । 15ਉਹ ਦੁਖਿਆਰੇ ਨੂੰ ਉਹ ਦੇ ਦੁੱਖਾਂ ਤੋਂ ਛੁਡਾਉਂਦਾ ਹੈ, ਅਤੇ ਉਹ ਉਹਨਾਂ ਨਾਲ ਜ਼ੁਲਮ ਦੇ ਸਮੇਂ ਵੀ ਗੱਲ ਕਰਦਾ ਹੈ । 16ਹਾਂ, ਉਹ ਨੇ ਤੈਨੂੰ ਦੁੱਖ ਦੇ ਮੂੰਹ ਤੋਂ ਕੱਢ ਕੇ ਅਜਿਹੇ ਖੁੱਲ੍ਹੇ ਥਾਂ ਵਿੱਚ ਪਹੁੰਚਾਉਂਦਾ ਹੈ ਜਿੱਥੇ ਕੋਈ ਤੰਗੀ ਨਹੀਂ, ਅਤੇ ਤੇਰੀ ਮੇਜ਼ ਉੱਤੇ ਚਿਕਨਾ ਭੋਜਨ ਪਰੋਸਦਾ ਹੈ । 17ਪਰ ਹੁਣ ਤੂੰ ਦੁਸ਼ਟਾਂ ਦੇ ਯੋਗ ਸਜ਼ਾ ਨਾਲ ਭਰਿਆ ਹੋਇਆ ਹੈ, ਸਜ਼ਾ ਅਤੇ ਨਿਆਂ ਤੈਨੂੰ ਫੜ੍ਹਦੇ ਹਨ । 18ਖ਼ਬਰਦਾਰ, ਕਿਤੇ ਕਹਿਰ ਤੈਨੂੰ ਠੱਠੇ ਲਈ ਪਰੇਰੇ, ਨਾ ਪਰਾਸਚਿੱਤ ਦਾ ਵਾਧਾ ਤੈਨੂੰ ਕੁਰਾਹੇ ਪਵੇ ! 19ਭਲਾ, ਤੇਰੀ ਦੁਹਾਈ ਜਾਂ ਸ਼ਕਤੀ ਦਾ ਸਾਰਾ ਜ਼ੋਰ ਤੈਨੂੰ ਛੁਡਾਵੇਗਾ ਕਿ ਤੂੰ ਦੁੱਖ ਵਿੱਚ ਨਾ ਪਵੇਂ ? 20ਉਸ ਰਾਤ ਲਈ ਨਾ ਲੋਚ, ਜਦੋਂ ਲੋਕ ਆਪਣੇ ਸਥਾਨਾਂ ਤੋਂ ਕੱਢੇ ਜਾਂਦੇ ਹਨ । 21ਚੌਕਸ ਰਹਿ, ਬੁਰਿਆਈ ਵੱਲ ਨਾ ਫਿਰ, ਕਿਉਂ ਜੋ ਤੂੰ ਦੁੱਖ ਤੋਂ ਜ਼ਿਆਦਾ ਇਸੇ ਨੂੰ ਚੁਣਿਆ ਹੈ ।

22ਵੇਖ, ਪਰਮੇਸ਼ੁਰ ਆਪਣੇ ਸਮਰੱਥਾ ਨਾਲ ਸ਼ਾਨਦਾਰ ਕੰਮ ਕਰਦਾ ਹੈ, ਉਹ ਦੇ ਤੁੱਲ ਸਿੱਖਿਆ ਦੇਣ ਵਾਲਾ ਕੌਣ ਹੈ ? 23ਕਿਸ ਨੇ ਉਹ ਦੇ ਲਈ ਉਹ ਦਾ ਰਸਤਾ ਠਹਿਰਾਇਆ, ਜਾਂ ਕੌਣ ਕਹਿ ਸਕਦਾ ਹੈ ਕਿ ਤੂੰ ਗਲਤੀ ਕੀਤੀ ਹੈ ? 24ਉਸ ਦੇ ਕੰਮਾਂ ਦੀ ਵਡਿਆਈ ਕਰਨਾ ਯਾਦ ਰੱਖ, ਜਿਸ ਦੀ ਉਸਤਤ ਦਾ ਗੀਤ ਮਨੁੱਖ ਗਾਉਂਦੇ ਹਨ । 25ਸਾਰੇ ਮਨੁੱਖਾਂ ਨੇ ਉਹ ਨੂੰ ਵੇਖਿਆ ਹੈ, ਮਨੁੱਖ ਉਹ ਨੂੰ ਦੂਰੋਂ ਤੱਕਦਾ ਹੈ । 26ਵੇਖ, ਪਰਮੇਸ਼ੁਰ ਮਹਾਨ ਹੈ ਅਤੇ ਅਸੀਂ ਉਹ ਨੂੰ ਨਹੀਂ ਜਾਣਦੇ, ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰ੍ਹੇ ਹੈ ।

27ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ, ਜਿਹੜੀਆਂ ਉਹ ਦੀ ਭਾਫ਼ ਤੋਂ ਮੀਂਹ ਬਣ ਕੇ ਵਰ੍ਹਦਿਆਂ ਹਨ, 28ਜਿਹਨਾਂ ਨੂੰ ਬੱਦਲ ਡੋਲ੍ਹਦੇ ਹਨ, ਅਤੇ ਉਹ ਮਨੁੱਖਾਂ ਉੱਤੇ ਬਹੁਤਾਇਤ ਨਾਲ ਵਰ੍ਹਦੀਆਂ ਹਨ । 29ਭਲਾ, ਕੋਈ ਘਟਾਂ ਦਾ ਫੈਲਣਾ ਅਤੇ ਉਹ ਦੇ ਮੰਡਪ ਦੀਆਂ ਗਰਜਾਂ ਸਮਝ ਸਕਦਾ ਹੈ ? 30ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਵੀ ਢੱਕਦਾ ਹੈ । 31ਉਹ ਤਾਂ ਇਹਨਾਂ ਦੇ ਰਾਹੀਂ ਦੇਸ-ਦੇਸ ਦੇ ਲੋਕਾਂ ਦਾ ਇਨਸਾਫ਼ ਕਰਦਾ ਹੈ, ਅਤੇ ਵਾਫ਼ਰੀ ਨਾਲ ਭੋਜਨ ਦਿੰਦਾ ਹੈ । 32ਉਹ ਆਪਣਾ ਹੱਥ ਬਿਜਲੀ ਨਾਲ ਭਰਦਾ ਹੈ, ਅਤੇ ਉਹ ਨੂੰ ਹੁਕਮ ਦਿੰਦਾ ਹੈ ਕਿ ਉਹ ਨਿਸ਼ਾਨੇ ਉੱਤੇ ਡਿੱਗੇ । 33ਉਹ ਦੀ ਕੜਕ ਆਉਣ ਵਾਲੇ ਤੂਫ਼ਾਨ ਦੀ ਖ਼ਬਰ ਦਿੰਦੀ ਹੈ, ਪਸ਼ੂ ਵੀ ਉਹ ਦੀ ਚੜ੍ਹਤ ਦੀ ਖ਼ਬਰ ਦਿੰਦੇ ਹਨ ।

37

1ਹਾਂ, ਇਸ ਗੱਲ ਤੇ ਵੀ ਮੇਰਾ ਦਿਲ ਕੰਬਦਾ ਹੈ, ਅਤੇ ਆਪਣੇ ਥਾਂ ਤੋਂ ਉੱਛਲਦਾ ਹੈ । 2ਉਹ ਦੇ ਗੱਜਣ ਦੀ ਅਵਾਜ਼ ਨੂੰ, ਅਤੇ ਉਹ ਗੂੰਜ ਜਿਹੜੀ ਉਹ ਦੇ ਮੂੰਹੋਂ ਨਿੱਕਲਦੀ ਹੈ, ਸੁਣੋ ! 3ਉਹ ਉਸ ਨੂੰ ਸਾਰੇ ਅਕਾਸ਼ ਦੇ ਹੇਠ ਅਤੇ ਆਪਣੀ ਬਿਜਲੀ ਨੂੰ ਧਰਤੀ ਦੀਆਂ ਹੱਦਾਂ ਤੱਕ ਭੇਜਦਾ ਹੈ । 4ਉਹ ਦੇ ਪਿੱਛੇ ਇੱਕ ਗੱਜਣ ਦਾ ਸ਼ਬਦ ਹੁੰਦਾ ਹੈ, ਉਹ ਆਪਣੀ ਸ਼ਾਨਦਾਰ ਅਵਾਜ਼ ਨਾਲ ਗੜ੍ਹਕਦਾ ਹੈ, ਅਤੇ ਜਦ ਉਹ ਦਾ ਸ਼ਬਦ ਸੁਣਾਈ ਦਿੰਦਾ ਹੈ ਤਾਂ ਬਿਜਲੀਆਂ ਲਗਾਤਾਰ ਚਮਕਦੀਆਂ ਹਨ ! 5ਪਰਮੇਸ਼ੁਰ ਅਦਭੁੱਤ ਤਰੀਕੇ ਨਾਲ ਆਪਣਾ ਸ਼ਬਦ ਸੁਣਾਉਂਦਾ ਹੈ, ਉਹ ਵੱਡੇ-ਵੱਡੇ ਕੰਮ ਕਰਦਾ ਹੈ ਜਿਹੜੇ ਅਸੀਂ ਸਮਝਦੇ ਨਹੀਂ । 6ਉਹ ਤਾਂ ਬਰਫ਼ ਨੂੰ ਆਖਦਾ ਹੈ, "ਧਰਤੀ ਉੱਤੇ ਡਿੱਗ !" ਨਾਲੇ ਮੀਂਹ ਦੀਆਂ ਫੁਹਾਰਾਂ ਨੂੰ, ਅਤੇ ਮੋਹਲੇਧਾਰ ਮੀਂਹ ਦੀਆਂ ਫੁਹਾਰਾਂ ਨੂੰ ਵੀ ਇਹੋ ਹੁਕਮ ਦਿੰਦਾ ਹੈ । 7ਉਹ ਸਭਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਰੋਕ ਦਿੰਦਾ ਹੈ ਤਾਂ ਜੋ ਉਸ ਦੇ ਬਣਾਏ ਹੋਏ ਸਾਰੇ ਮਨੁੱਖ ਉਹ ਦੇ ਕੰਮਾਂ ਨੂੰ ਜਾਣਨ । 8ਤਦ ਜੰਗਲੀ ਜਾਨਵਰ ਖੁੰਧਰਾਂ ਵਿੱਚ ਜਾਂਦੇ ਹਨ, ਅਤੇ ਆਪਣੇ ਘੁਰਨਿਆਂ ਵਿੱਚ ਜਾ ਵੱਸਦੇ ਹਨ । 9ਤੂਫ਼ਾਨ ਆਪਣੀ ਕੋਠੜੀ ਤੋਂ ਬਾਹਰ ਆਉਂਦਾ ਹੈ, ਅਤੇ ਖਿਲਾਰਨ ਵਾਲੀਆਂ ਹਵਾਵਾਂ ਨਾਲ ਪਾਲਾ ਆਉਂਦਾ ਹੈ । 10ਪਰਮੇਸ਼ੁਰ ਦੇ ਸਾਹ ਨਾਲ ਬਰਫ਼ ਪੈਂਦੀ ਹੈ, ਅਤੇ ਚੌੜੇ ਪਾਣੀ ਜੰਮ ਜਾਂਦੇ ਹਨ । 11ਹਾਂ, ਉਹ ਘਟਾਂ ਉੱਤੇ ਨਮੀ ਨੂੰ ਲੱਦਦਾ ਹੈ, ਉਹ ਆਪਣੀ ਬਿਜਲੀ ਦੇ ਬੱਦਲ ਨੂੰ ਦੂਰ ਤੱਕ ਫੈਲਾਉਂਦਾ ਹੈ । 12ਉਹ ਉਸ ਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ, ਭਈ ਜੋ ਕੁਝ ਉਹ ਹੁਕਮ ਦੇਵੇ, ਉਹ ਉਸ ਦੀ ਵਸਾਈ ਹੋਈ ਧਰਤੀ ਉੱਤੇ ਪੂਰਾ ਕਰਨ । 13ਭਾਵੇਂ ਤਾੜਨ ਲਈ, ਭਾਵੇਂ ਆਪਣੀ ਧਰਤੀ ਦੀ ਭਲਿਆਈ ਲਈ, ਭਾਵੇਂ ਮਨੁੱਖਾਂ ਉੱਤੇ ਦਯਾ ਕਰਨ ਲਈ ਉਸ ਨੂੰ ਭੇਜਦਾ ਹੈ ।

14ਹੇ ਅਯੂੱਬ, ਇਸ ਗੱਲ ਵੱਲ ਕੰਨ ਲਾ ਅਤੇ ਸੁਣ ਲੈ, ਚੁੱਪ-ਚਾਪ ਖੜ੍ਹਾ ਰਹਿ ਅਤੇ ਪਰਮੇਸ਼ੁਰ ਦੇ ਅਚੰਭਿਆਂ ਨੂੰ ਗੌਰ ਨਾਲ ਸੋਚ ! 15ਕੀ ਤੂੰ ਜਾਣਦਾ ਹੈਂ ਕਿ ਪਰਮੇਸ਼ੁਰ ਕਿਵੇਂ ਬੱਦਲਾਂ ਉੱਤੇ ਹੁਕਮ ਚਲਾਉਂਦਾ ਹੈ, ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ ? 16ਕੀ ਤੂੰ ਬੱਦਲਾਂ ਦਾ ਤੋਲਣਾ ਅਤੇ ਉਹ ਦੇ ਅਚੰਭੇ ਕੰਮ ਜੋ ਗਿਆਨ ਵਿੱਚ ਸੰਪੂਰਨ ਹਨ, ਜਾਣਦਾ ਹੈਂ ? 17ਤੂੰ ਜਿਸ ਦੇ ਬਸਤਰ ਗਰਮ ਹਨ, ਜਦ ਕਿ ਦੱਖਣੀ ਹਵਾ ਤੋਂ ਧਰਤੀ ਸੁੰਨ ਹੋ ਜਾਂਦੀ ਹੈ ? 18ਭਲਾ, ਤੂੰ ਉਹ ਦੇ ਨਾਲ ਅਕਾਸ਼ ਮੰਡਲ ਤਾਣ ਸਕਦਾ ਹੈ, ਜਿਹੜਾ ਢਾਲੇ ਹੋਏ ਸ਼ੀਸ਼ੇ ਵਾਂਗੂੰ ਨਿੱਗਰ ਹੈ ?

19ਸਾਨੂੰ ਸਮਝਾ ਭਈ ਅਸੀਂ ਉਹ ਨੂੰ ਕੀ ਆਖੀਏ, ਅਸੀਂ ਆਪਣੀਆਂ ਗੱਲਾਂ ਨੂੰ ਹਨੇਰੇ ਦੇ ਕਾਰਨ ਸੁਧਾਰ ਨਹੀਂ ਸਕਦੇ । 20ਭਲਾ, ਉਹ ਨੂੰ ਦੱਸਿਆ ਜਾਵੇ ਕਿ ਮੈਂ ਬੋਲਣਾ ਚਾਹੁੰਦਾ ਹਾਂ ? ਕੋਈ ਮਨੁੱਖ ਕਦੀ ਚਾਹੇਗਾ ਕਿ ਮੈਂ ਨਿਗਲ ਲਿਆ ਜਾਂਵਾਂ ? 21ਹੁਣੇ ਤਾਂ ਕੋਈ ਸੂਰਜ ਵੱਲ ਵੀ ਨਹੀਂ ਵੇਖ ਸਕਦਾ, ਜਿਹੜਾ ਬੱਦਲਾਂ ਵਿੱਚ ਚਮਕਦਾ ਹੈ, ਜਦ ਹਵਾ ਲੰਘ ਕੇ ਉਹਨਾਂ ਨੂੰ ਸਾਫ਼ ਕਰ ਦਿੰਦੀ ਹੈ । 22ਉੱਤਰ ਵੱਲੋਂ ਸੁਨਿਹਰੀ ਝਲਕ ਆਉਂਦੀ ਹੈ, ਪਰਮੇਸ਼ੁਰ ਭੈ ਯੋਗ ਤੇਜ ਤੋਂ ਸ਼ੋਭਾਮਾਨ ਹੈ ! 23ਸਰਬ ਸ਼ਕਤੀਮਾਨ ਨੂੰ ਜੋ ਸ਼ਕਤੀ ਵਿੱਚ ਮਹਾਨ ਹੈ ਅਤੇ ਜਿਸ ਦਾ ਭੇਤ ਅਸੀਂ ਨਹੀਂ ਪਾ ਸਕਦੇ, ਉਹ ਨਿਆਂ ਅਤੇ ਧਰਮ ਦੀ ਬਹੁਤਾਇਤ ਨੂੰ ਨਿਰਬਲ ਨਹੀਂ ਕਰਦਾ ! 24ਇਸ ਲਈ ਮਨੁੱਖ ਉਸ ਤੋਂ ਡਰਦੇ ਹਨ, ਉਹ ਆਪਣੀ ਨਜ਼ਰ ਵਿੱਚ ਬੁੱਧਵਾਨ ਹਨ, ਉਹਨਾਂ ਦੀ ਉਹ ਪਰਵਾਹ ਨਹੀਂ ਕਰਦਾ ।"

38

ਪਰਮੇਸ਼ੁਰ ਦਾ ਅਯੂੱਬ ਨੂੰ ਉੱਤਰ

1ਤਦ ਯਹੋਵਾਹ ਨੇ ਅਯੂੱਬ ਨੂੰ ਵਾਵਰੋਲੇ ਦੇ ਵਿੱਚੋਂ ਉੱਤਰ ਦਿੱਤਾ ਅਤੇ ਆਖਿਆ, 2"ਇਹ ਕੌਣ ਹੈ ਜਿਹੜਾ ਗਿਆਨਹੀਨ ਗੱਲਾਂ ਨਾਲ ਮੇਰੀ ਸਲਾਹ ਨੂੰ ਹਨੇਰੇ ਵਿੱਚ ਰੱਖਦਾ ਹੈ ? 3ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ ! ਮੈਂ ਤੈਥੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ !

4ਜਦ ਮੈਂ ਧਰਤੀ ਦੀ ਨੀਂਹ ਰੱਖੀ ਤਾਂ ਤੂੰ ਕਿੱਥੇ ਸੀ ? ਜੇ ਤੂੰ ਸਮਝ ਰੱਖਦਾ ਹੈ ਤਾਂ ਜਵਾਬ ਦੇ ! 5ਕਿਸ ਨੇ ਉਹ ਦਾ ਨਾਪ ਠਹਿਰਾਇਆ, ਤੂੰ ਤਾਂ ਜ਼ਰੂਰ ਹੀ ਜਾਣਦਾ ਹੋਵੇਂਗਾ, ਜਾਂ ਕਿਸ ਨੇ ਉਹ ਦੇ ਉੱਤੇ ਜ਼ਰੀਬ ਖਿੱਚੀ ? 6ਕਿਸ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ, ਜਾਂ ਕਿਸ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ, 7ਜਦ ਸਵੇਰ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ ਸਨ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤਰ ਨਾਰੇ ਮਾਰਦੇ ਸਨ ?

8ਜਾਂ ਕਿਸ ਨੇ ਸਮੁੰਦਰ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕੀਤਾ, ਜਦ ਉਹ ਕੁੱਖੋਂ ਫੁੱਟ ਨਿੱਕਲਿਆ ? 9ਜਦ ਮੈਂ ਬੱਦਲ ਨੂੰ ਉਹ ਦਾ ਲਿਬਾਸ ਪਹਿਨਾਇਆ, ਅਤੇ ਘੁੱਪ ਹਨੇਰੇ ਵਿੱਚ ਉਸ ਨੂੰ ਲਪੇਟ ਦਿੱਤਾ, 10ਅਤੇ ਉਹ ਦੀਆਂ ਹੱਦਾਂ ਠਹਿਰਾਈਆਂ, ਅਤੇ ਅਰਲ ਤੇ ਕਵਾੜ ਲਾਏ ? 11ਅਤੇ ਆਖਿਆ, ਐਥੇ ਤੱਕ ਹੀ ਆਈਂ, ਅੱਗੇ ਨਾ ਵਧੀਂ, ਅਤੇ ਐਥੇ ਹੀ ਤੇਰੀਆਂ ਠਾਠਾਂ ਮਾਰਦੀਆਂ ਲਹਿਰਾਂ ਰੁੱਕ ਜਾਣ !

12ਕੀ ਤੂੰ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ ਹੁਕਮ ਦਿੱਤਾ ? ਕੀ ਤੂੰ ਸਾਜਰੇ ਨੂੰ ਉਹ ਦਾ ਥਾਂ ਸਿਖਾਇਆ, 13ਭਈ ਉਹ ਧਰਤੀ ਦੀਆਂ ਹੱਦਾਂ ਨੂੰ ਫੜ੍ਹ ਲਵੇ, ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ ? 14ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ ਦੇ ਹੇਠੋਂ, ਤਦ ਸਾਰੀਆਂ ਵਸਤਾਂ ਜਾਣੋ ਬਸਤਰ ਪਹਿਨੇ ਵਿਖਾਈ ਦਿੰਦੀਆਂ ਹਨ, 15ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ ।

16ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ, ਜਾਂ ਡੂੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚਲਿਆ ਹੈਂ ? 17ਕੀ ਮੌਤ ਦੇ ਫਾਟਕ ਤੇਰੇ ਲਈ ਪਰਗਟ ਕੀਤੇ ਗਏ, ਜਾਂ ਘੋਰ ਅੰਧਕਾਰ ਦੇ ਫਾਟਕਾਂ ਨੂੰ ਤੂੰ ਵੇਖਿਆ ਹੈ ? 18ਕੀ ਤੂੰ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ ? ਤੂੰ ਦੱਸ, ਜੇ ਤੂੰ ਇਹ ਸਭ ਕੁਝ ਜਾਣਦਾ ਹੈ !

19ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਹਨੇਰੇ ਦਾ ਸਥਾਨ ਕਿੱਥੇ ਹੈ ? 20ਕੀ ਤੂੰ ਉਹ ਨੂੰ ਉਹ ਦੇ ਸਥਾਨ ਤੱਕ ਪਹੁੰਚਾ ਸਕਦਾ ਹੈਂ, ਅਤੇ ਉਹ ਦੇ ਘਰ ਦੇ ਰਾਹਾਂ ਨੂੰ ਜਾਣਦਾ ਹੈਂ । 21ਤੂੰ ਜ਼ਰੂਰ ਹੀ ਇਹ ਸਭ ਕੁਝ ਜਾਣਦਾ ਹੋਵੇਂਗਾ, ਕਿਉਂ ਜੋ ਤੂੰ ਉਸ ਵੇਲੇ ਜੰਮਿਆ ਸੀ, ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ !

22ਕੀ ਤੂੰ ਬਰਫ਼ ਦੇ ਖ਼ਜ਼ਾਨਿਆਂ ਕੋਲ ਗਿਆ, ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ, 23ਜਿਹਨਾਂ ਨੂੰ ਮੈਂ ਦੁੱਖ ਦੇ ਵੇਲੇ ਲਈ ਅਤੇ ਲੜਾਈ ਤੇ ਯੁੱਧ ਦੇ ਦਿਨਾਂ ਲਈ ਬਚਾ ਕੇ ਰੱਖਿਆ ਹੈ ? 24ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ, ਜਾਂ ਪੂਰਬੀ ਹਵਾ ਧਰਤੀ ਉੱਤੇ ਕਿਵੇਂ ਖਿਲਾਰੀ ਜਾਂਦੀ ਹੈ ? 25ਕਿਸ ਨੇ ਹੜ੍ਹਾਂ ਲਈ ਨਾਲੀ ਪੁੱਟੀ, ਜਾਂ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ, 26ਤਾਂ ਜੋ ਮਨੁੱਖਾਂ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ, ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ, 27ਭਈ ਉਜੜੇ ਅਤੇ ਸੁੰਨੇ ਦੇਸ ਨੂੰ ਰਜਾਵੇ, ਅਤੇ ਹਰਾ ਘਾਹ ਉਗਾਵੇ ? 28ਕੀ ਮੀਂਹ ਦਾ ਕੋਈ ਪਿਤਾ ਹੈ, ਜਾਂ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ ਹਨ ? 29ਕਿਸ ਦੇ ਗਰਭ ਤੋਂ ਬਰਫ਼ ਜੰਮੀ, ਜਾਂ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆ ? 30ਪਾਣੀ ਪੱਥਰ ਵਾਂਗੂੰ ਜੰਮ ਜਾਂਦੇ, ਅਤੇ ਡੂੰਘਿਆਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ ਹੈ ।

31ਕੀ ਤੂੰ ਕੱਚਪਚਿਆਂ ਦੇ ਬੰਧਨਾਂ ਨੂੰ ਬੰਨ੍ਹ ਸਕਦਾ, ਜਾਂ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸਕਦਾ ਹੈਂ ? 32ਕੀ ਤੂੰ ਰੁੱਤਾਂ ਨੂੰ ਸਮੇਂ ਸਿਰ ਬਦਲ ਸਕਦਾ ਹੈਂ, ਜਾਂ ਭਾਲੂ ਦੀ ਉਹ ਦੇ ਬੱਚਿਆਂ ਸਮੇਤ ਅਗਵਾਈ ਕਰ ਸਕਦਾ ਹੈਂ ? 33ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈਂ ? ਕੀ ਤੂੰ ਉਹ ਦਾ ਰਾਜ ਧਰਤੀ ਉੱਤੇ ਕਾਇਮ ਕਰ ਸਕਦਾ ਹੈਂ ?

34ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੱਕ ਉੱਚੀ ਕਰ ਸਕਦਾ ਹੈਂ, ਜੋ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ ? 35ਕੀ ਤੂੰ ਬਿਜਲੀਆਂ ਨੂੰ ਘੱਲ ਸਕਦਾ ਹੈਂ ਕਿ ਉਹ ਚਲੀਆਂ ਜਾਣ, ਅਤੇ ਉਹ ਤੈਨੂੰ ਆਖਣ, "ਅਸੀਂ ਹਾਜ਼ਰ ਹਾਂ" ? 36ਅੰਤਹਕਰਨ ਵਿੱਚ ਬੁੱਧੀ ਕਿਸ ਨੇ ਰੱਖੀ, ਜਾਂ ਮਨ ਵਿੱਚ ਕਿਸ ਨੇ ਸਮਝ ਬਖ਼ਸ਼ੀ ? 37ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸਕਦਾ ਹੈ, ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਲ੍ਹ ਸਕਦਾ ਹੈ, 38ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ, ਅਤੇ ਡਲੇ ਘੁਲ ਜਾਂਦੇ ਹਨ ?

39ਕੀ ਤੂੰ ਬੱਬਰ ਸ਼ੇਰਨੀ ਲਈ ਸ਼ਿਕਾਰ ਮਾਰ ਸਕਦਾ ਹੈਂ, ਅਤੇ ਬੱਬਰ ਸ਼ੇਰ ਦੇ ਬੱਚਿਆਂ ਦੀ ਭੁੱਖ ਨੂੰ ਮਿਟਾ ਸਕਦਾ ਹੈਂ, 40ਜਦ ਉਹ ਆਪਣੀਆਂ ਖੁੰਧਰਾਂ ਵਿੱਚ ਦਬਕੇ ਬੈਠੇ ਹਨ, ਅਤੇ ਝਾੜੀਆਂ ਵਿੱਚ ਛਹਿ ਲਾ ਕੇ ਰਹਿੰਦੇ ਹਨ ? 41ਕੌਣ ਪਹਾੜੀ ਕਾਂ ਲਈ ਉਹ ਦਾ ਚੋਗਾ ਤਿਆਰ ਕਰਦਾ ਹੈ, ਜਦ ਉਹ ਦੇ ਬੱਚੇ ਪਰਮੇਸ਼ੁਰ ਅੱਗੇ ਚਿੱਲਾਉਂਦੇ ਹਨ, ਅਤੇ ਚੋਗੇ ਤੋਂ ਬਿਨ੍ਹਾਂ ਉੱਡਦੇ ਫਿਰਦੇ ਹਨ ?

39

1ਕੀ ਤੂੰ ਪਹਾੜੀ ਬੱਕਰੀਆਂ ਦੇ ਸੂਣ ਦਾ ਵੇਲਾ ਜਾਣਦਾ ਹੈਂ ? ਕੀ ਤੂੰ ਹਿਰਨੀਆਂ ਦੀ ਪੀੜ ਨੂੰ ਵੇਖਦਾ ਹੈਂ ? 2ਕੀ ਤੂੰ ਉਹ ਮਹੀਨੇ ਜਿਹੜੇ ਉਹ ਪੂਰੇ ਕਰਦੀਆਂ ਹਨ ਗਿਣ ਸਕਦਾ ਹੈਂ, ਅਤੇ ਉਹ ਵੇਲਾ ਜਦ ਉਹ ਸੂੰਦੀਆਂ ਹਨ ਜਾਣਦਾ ਹੈਂ ? 3ਉਹ ਝੁਕ ਜਾਂਦੀਆਂ, ਉਹ ਆਪਣੇ ਬੱਚੇ ਜਣਦੀਆਂ ਹਨ, ਉਹ ਆਪਣੀਆਂ ਪੀੜਾਂ ਤੋਂ ਛੁੱਟ ਜਾਂਦੀਆਂ ਹਨ । 4ਉਹਨਾਂ ਦੇ ਬੱਚੇ ਤਕੜੇ ਹੋ ਜਾਂਦੇ, ਉਹ ਮੈਦਾਨ ਵਿੱਚ ਪਲਦੇ ਹਨ, ਉਹ ਨਿੱਕਲ ਜਾਂਦੇ ਹਨ ਅਤੇ ਮੁੜ ਉਹਨਾਂ ਕੋਲ ਨਹੀਂ ਆਉਂਦੇ ।

5ਕਿਸ ਨੇ ਜੰਗਲੀ ਗਧੇ ਨੂੰ ਖੁੱਲ੍ਹਾ ਛੱਡਿਆ, ਜਾਂ ਕਿਸ ਨੇ ਉਸ ਦੇ ਬੰਧਨ ਖੋਲ੍ਹੇ, 6ਉਸ ਦਾ ਨਿਵਾਸ ਮੈਂ ਖੁੱਲ੍ਹੇ ਮੈਦਾਨ ਨੂੰ ਠਹਿਰਾਇਆ, ਅਤੇ ਉਹ ਦਾ ਵਸੇਬਾ ਖ਼ਾਰੀ ਭੂਮੀ ਨੂੰ ? 7ਉਹ ਨਗਰ ਦੇ ਰੌਲੇ ਉੱਤੇ ਹੱਸਦਾ ਹੈ, ਉਹ ਹੱਕਣ ਵਾਲੇ ਦੇ ਸ਼ੋਰ ਨੂੰ ਨਹੀਂ ਸੁਣਦਾ । 8ਉਹ ਆਪਣੇ ਚਰਾਂਦ ਲਈ ਪਹਾੜਾਂ ਤੇ ਲੱਭਦਾ ਫਿਰਦਾ ਹੈ, ਉਹ ਹਰ ਇੱਕ ਹਰੀ ਚੀਜ਼ ਦੀ ਭਾਲ ਕਰਦਾ ਹੈ ।

9ਕੀ ਜੰਗਲੀ ਸਾਨ੍ਹ ਤੇਰੀ ਸੇਵਾ ਕਰੇਗਾ, ਜਾਂ ਤੇਰੀ ਖੁਰਲੀ ਉੱਤੇ ਰਾਤ ਕੱਟੇਗਾ ? 10ਕੀ ਤੂੰ ਜੰਗਲੀ ਸਾਨ੍ਹ ਨੂੰ ਰੱਸਿਆਂ ਨਾਲ ਬੰਨ੍ਹ ਕੇ ਆਪਣੇ ਵਾਹੁਣ ਵਿੱਚ ਚਲਾ ਸਕਦਾ ਹੈਂ ? ਜਾਂ ਉਹ ਘਾਟੀਆਂ ਵਿੱਚ ਤੇਰੇ ਪਿੱਛੇ-ਪਿੱਛੇ ਸੁਹਾਗਾ ਫੇਰੇਗਾ ? 11ਕੀ ਤੂੰ ਉਹ ਦੇ ਵੱਡੇ ਬਲ ਦੇ ਕਾਰਨ ਉਹ ਦੇ ਉੱਤੇ ਭਰੋਸਾ ਕਰੇਂਗਾ, ਅਤੇ ਆਪਣਾ ਕੰਮ-ਧੰਦਾ ਉਹ ਦੇ ਉੱਤੇ ਛੱਡੇਂਗਾ ? 12ਕੀ ਤੂੰ ਉਸ ਦਾ ਭਰੋਸਾ ਕਰੇਂਗਾ ਕਿ ਉਹ ਤੇਰਾ ਅਨਾਜ ਖਿੱਚ ਕੇ ਘਰ ਲਿਆਵੇ ਅਤੇ ਤੇਰੇ ਪਿੜ ਵਿੱਚ ਇਕੱਠਾ ਕਰੇ ?

13ਸ਼ੁਤਰ ਮੁਰਗੀ ਖੁਸ਼ੀ ਨਾਲ ਆਪਣੇ ਪਰ ਮਾਰਦੀ ਹੈ, ਪਰ ਕੀ ਉਹ ਦੇ ਖੰਭ ਅਤੇ ਪਰ ਦਯਾ ਪਰਗਟ ਕਰਦੇ ਹਨ ? 14ਉਹ ਤਾਂ ਆਪਣੇ ਆਂਡੇ ਧਰਤੀ ਦੇ ਹਵਾਲੇ ਕਰ ਦਿੰਦੀ ਹੈ, ਅਤੇ ਮਿੱਟੀ ਉੱਤੇ ਉਹਨਾਂ ਨੂੰ ਗਰਮ ਰੱਖਦੀ ਹੈ, 15ਅਤੇ ਭੁੱਲ ਜਾਂਦੀ ਹੈ ਕਿ ਪੈਰਾਂ ਨਾਲ ਉਹ ਤੋੜੇ ਜਾ ਸਕਦੇ ਹਨ, ਅਤੇ ਖੇਤ ਦਾ ਕੋਈ ਜਾਨਵਰ ਉਹਨਾਂ ਨੂੰ ਮਿੱਧ ਸਕਦਾ ਹੈ । 16ਉਹ ਆਪਣੇ ਬੱਚਿਆਂ ਨਾਲ ਸਖ਼ਤੀ ਕਰਦੀ ਹੈ, ਜਿਵੇਂ ਉਹ ਉਸ ਦੇ ਨਹੀਂ, ਭਾਵੇਂ ਉਸ ਦੀ ਪੀੜਾ ਅਕਾਰਥ ਜਾਵੇ, ਉਹ ਬੇਚਿੰਤ ਹੈ, 17ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਬੁੱਧਹੀਣ ਬਣਾਇਆ, ਅਤੇ ਉਸ ਨੂੰ ਸਮਝ ਨਹੀਂ ਬਖਸ਼ੀ । 18ਜਦ ਉਹ ਨੱਠਣ ਲਈ ਉੱਠਦੀ ਹੈ, ਤਾਂ ਘੋੜੇ ਅਤੇ ਉਸ ਦੇ ਅਸਵਾਰ ਉੱਤੇ ਹੱਸਦੀ ਹੈ !

19ਭਲਾ, ਤੂੰ ਘੋੜੇ ਨੂੰ ਸ਼ਕਤੀ ਦਿੱਤੀ ? ਕੀ ਤੂੰ ਉਹ ਦੀ ਧੌਣ ਉੱਤੇ ਝੂਲਦੀ ਹੋਈ ਅਯਾਲ ਪੁਆਈ ? 20ਕੀ ਟਿੱਡੀ ਵਾਂਗੂੰ ਟੱਪਣ ਦਾ ਬਲ ਤੂੰ ਉਸ ਨੂੰ ਦਿੰਦਾ ਹੈਂ ? ਉਹ ਦੇ ਫੁਰਾਟੇ ਦੀ ਸ਼ਾਨ ਭਿਆਣਕ ਹੈ ! 21ਉਹ ਵਾਦੀ ਵਿੱਚ ਟਾਪ ਮਾਰਦਾ ਹੈ, ਅਤੇ ਆਪਣੇ ਬਲ ਵਿੱਚ ਖੁਸ਼ ਹੁੰਦਾ ਹੈ, ਉਹ ਸ਼ਸਤਰਾਂ ਦੇ ਟਾਕਰੇ ਲਈ ਨਿੱਕਲਦਾ ਹੈ । 22ਉਹ ਡਰ ਉੱਤੇ ਹੱਸਦਾ ਹੈ ਅਤੇ ਘਬਰਾਉਂਦਾ ਨਹੀਂ, ਅਤੇ ਤਲਵਾਰ ਅੱਗੋਂ ਮੂੰਹ ਨਹੀਂ ਮੋੜਦਾ ! 23ਉਹ ਦੇ ਉੱਤੇ ਤਰਕਸ਼ ਖੜਕਦਾ ਹੈ, ਅਤੇ ਚਮਕਦਾ ਹੋਇਆ ਬਰਛਾ ਤੇ ਸਾਂਗ ਵੀ । 24ਉਹ ਜੋਸ਼ ਅਤੇ ਕਹਿਰ ਵਿੱਚ ਧਰਤੀ ਨੂੰ ਖਾਈ ਜਾਂਦਾ ਹੈ, ਜਦ ਤੁਰ੍ਹੀ ਦੀ ਅਵਾਜ਼ ਆਉਂਦੀ ਹੈ ਤਾਂ ਉਹ ਖੜ੍ਹਾ ਨਹੀਂ ਰਹਿੰਦਾ । 25ਜਦ ਤੁਰ੍ਹੀ ਵੱਜਦੀ ਹੈ, ਉਹ ਹਿਣਕਦਾ ਹੈ, ਅਤੇ ਲੜਾਈ ਨੂੰ ਦੂਰੋਂ ਸੁੰਘ ਲੈਂਦਾ ਹੈ, ਅਤੇ ਸੈਨਾਪਤੀ ਦੀ ਗੱਜ ਅਤੇ ਲਲਕਾਰ ਨੂੰ ਵੀ !

26ਕੀ ਬਾਜ ਤੇਰੀ ਸਮਝ ਨਾਲ ਉੱਡਦਾ ਹੈ, ਅਤੇ ਦੱਖਣ ਵੱਲ ਆਪਣੇ ਖੰਭਾਂ ਨੂੰ ਫੈਲਾਉਂਦਾ ਹੈ ? 27ਕੀ ਉਕਾਬ ਤੇਰੇ ਹੁਕਮ ਨਾਲ ਉੱਚਾ ਜਾਂਦਾ ਹੈ ਕਿ ਉਹ ਉਚਿਆਈ ਤੇ ਆਪਣਾ ਆਲ੍ਹਣਾ ਬਣਾਵੇ ? 28ਉਹ ਟਿੱਲੇ ਉੱਤੇ ਵੱਸਦਾ ਹੈ, ਟਿੱਲੇ ਦੀ ਟੀਸੀ ਉੱਤੇ ਅਤੇ ਪੱਕੇ ਸਥਾਨ ਵਿੱਚ ਰਹਿੰਦਾ ਹੈ । 29ਉੱਥੋਂ ਉਹ ਆਪਣਾ ਭੋਜਣ ਲੱਭ ਲੈਂਦਾ ਹੈ, ਉਹ ਦੀਆਂ ਅੱਖਾਂ ਦੂਰੋਂ ਤਾੜ ਲੈਂਦੀਆਂ ਹਨ । 30ਉਹ ਦੇ ਬੱਚੇ ਲਹੂ ਚੂਸਦੇ ਹਨ, ਅਤੇ ਜਿੱਥੇ ਵੱਢੇ ਲੋਕ ਹੁੰਦੇ ਹਨ, ਉੱਥੇ ਉਹ ਵੀ ਹੁੰਦਾ ਹੈ ।"

40

1ਫੇਰ ਯਹੋਵਾਹ ਨੇ ਅਯੂੱਬ ਨੂੰ ਇਹ ਵੀ ਆਖਿਆ, 2"ਕੀ ਝਗੜਾਲੂ ਸਰਬ ਸ਼ਕਤੀਮਾਨ ਨਾਲ ਲੜੇ ? ਜਿਹੜਾ ਪਰਮੇਸ਼ੁਰ ਨਾਲ ਬਹਿਸ ਕਰਦਾ ਹੈ, ਉਹ ਉੱਤਰ ਦੇਵੇ !

ਅਯੂੱਬ ਦਾ ਉੱਤਰ

3ਤਦ ਅਯੂੱਬ ਨੇ ਯਹੋਵਾਹ ਨੂੰ ਆਖਿਆ 4ਵੇਖ, ਮੈਂ ਨਿਕੰਮਾ ਹਾਂ, ਮੈਂ ਕੀ ਉੱਤਰ ਦੇਵਾਂ ? ਮੈਂ ਆਪਣਾ ਹੱਥ ਮੂੰਹ ਤੇ ਰੱਖਦਾ ਹਾਂ । 5ਇੱਕ ਵਾਰ ਮੈਂ ਬੋਲ ਚੁੱਕਿਆ, ਅਤੇ ਮੈਂ ਉੱਤਰ ਨਹੀਂ ਦਿਆਂਗਾ, ਸਗੋਂ ਦੋ ਵਾਰ ਅਤੇ ਹੁਣ ਮੈਂ ਕੁਝ ਹੋਰ ਨਾ ਆਖਾਂਗਾ !

ਪਰਮੇਸ਼ੁਰ ਦਾ ਅਯੂੱਬ ਨੂੰ ਉੱਤਰ

6ਅੱਗੋਂ ਯਹੋਵਾਹ ਨੇ ਅਯੂੱਬ ਨੂੰ ਵਾਵਰੋਲੇ ਵਿੱਚੋਂ ਉੱਤਰ ਦੇ ਕੇ ਆਖਿਆ, 7ਪੁਰਖ ਵਾਂਗੂੰ ਆਪਣੀ ਕਮਰ ਕੱਸ ਲੈ ! ਮੈਂ ਤੈਥੋਂ ਸਵਾਲ ਕਰਾਂਗਾ, ਅਤੇ ਤੂੰ ਮੈਨੂੰ ਉੱਤਰ ਦੇ !

8ਕੀ ਤੂੰ ਮੇਰੇ ਨਿਆਂ ਨੂੰ ਰੱਦ ਕਰੇਂਗਾ ? ਕੀ ਤੂੰ ਮੈਨੂੰ ਦੋਸ਼ੀ ਠਹਿਰਾਵੇਂਗਾ ਤਾਂ ਜੋ ਤੂੰ ਨਿਰਦੋਸ਼ ਠਹਿਰੇਂ ? 9ਕੀ ਤੇਰਾ ਬਲ ਪਰਮੇਸ਼ੁਰ ਵਰਗਾ ਹੈ, ਅਤੇ ਤੂੰ ਉਹ ਦੇ ਵਰਗੀ ਅਵਾਜ਼ ਨਾਲ ਗੱਜ ਸਕਦਾ ਹੈਂ ? । 10ਆਪਣੇ ਆਪ ਨੂੰ ਮਹਿਮਾ ਤੇ ਪਰਤਾਪ ਨਾਲ ਸਜਾ, ਅਤੇ ਆਦਰ ਅਤੇ ਤੇਜ ਨੂੰ ਪਹਿਨ ਲੈ ! 11ਆਪਣੇ ਕਹਿਰ ਦੇ ਹੜ੍ਹਾਂ ਨੂੰ ਵਗਾ ਦੇ, ਅਤੇ ਹਰੇਕ ਹੰਕਾਰੀ ਨੂੰ ਵੇਖ ਅਤੇ ਅਧੀਨ ਕਰ, - 12ਹਰੇਕ ਹੰਕਾਰੀ ਨੂੰ ਵੇਖ ਅਤੇ ਨੀਵਾਂ ਕਰ, ਅਤੇ ਦੁਸ਼ਟਾਂ ਨੂੰ ਉਹਨਾਂ ਦੇ ਥਾਂ ਵਿੱਚ ਮਿੱਧ ਸੁੱਟ ! 13ਉਹਨਾਂ ਨੂੰ ਇਕੱਠੇ ਧੂੜ ਵਿੱਚ ਲੁਕਾ ਦੇ, ਓਹਲੇ ਵਿੱਚ ਉਹਨਾਂ ਦੇ ਮੂੰਹ ਬੰਨ੍ਹ ਦੇ, 14ਤਦ ਮੈਂ ਵੀ ਮੰਨ ਲਵਾਂਗਾ, ਕਿ ਤੇਰਾ ਸੱਜਾ ਹੱਥ ਤੈਨੂੰ ਬਚਾ ਸਕਦਾ ਹੈ !

15ਜ਼ਰਾ ਦਰਿਆਈ ਘੋੜੇ ਨੂੰ ਵੇਖ, ਜਿਸ ਨੂੰ ਮੈਂ ਤੇਰੇ ਨਾਲ ਬਣਾਇਆ ਹੈ, ਉਹ ਬਲ਼ਦ ਵਾਂਗੂੰ ਘਾਹ ਖਾਂਦਾ ਹੈ । 16ਵੇਖ, ਉਹ ਦਾ ਬਲ ਉਹ ਦੀ ਕਮਰ ਵਿੱਚ ਹੈ, ਅਤੇ ਉਹ ਦਾ ਜ਼ੋਰ ਉਹ ਦੇ ਢਿੱਡ ਦੇ ਪੱਠਿਆਂ ਵਿੱਚ ਹੈ ! 17ਉਹ ਆਪਣੀ ਪੂਛ ਦਿਆਰ ਵਾਂਗੂੰ ਹਿਲਾਉਂਦਾ ਹੈ, ਉਹ ਦੇ ਪੱਟਾਂ ਦੀਆਂ ਨਾੜਾਂ ਇੱਕ ਦੂਜੀ ਨਾਲ ਮਿਲੀਆਂ ਹੋਈਆਂ ਹਨ । 18ਉਹ ਦੀਆਂ ਹੱਡੀਆਂ ਪਿੱਤਲ ਦੀਆਂ ਨਾਲੀਆਂ ਹਨ, ਉਹ ਦੇ ਅੰਗ ਲੋਹੇ ਦੇ ਅਰਲਾਂ ਵਾਂਗੂੰ ਹਨ । 19ਉਹ ਪਰਮੇਸ਼ੁਰ ਦੇ ਕੰਮਾਂ ਦਾ ਅਰੰਭ ਹੈ, ਉਹ ਦਾ ਸਿਰਜਣਹਾਰ ਹੀ ਆਪਣੀ ਤਲਵਾਰ ਉਹ ਦੇ ਨੇੜੇ ਲਿਆ ਸਕਦਾ ਹੈ ! 20ਪਹਾੜਾਂ ਉੱਤੇ ਉਸ ਦੇ ਲਈ ਚਾਰਾ ਮਿਲਦਾ ਹੈ, ਜਿੱਥੇ ਜੰਗਲ ਦੇ ਸਾਰੇ ਜਾਨਵਰ ਖੇਡਦੇ ਹਨ । 21ਕਮਲ ਦੇ ਫੁੱਲਾਂ ਹੇਠ ਅਤੇ ਕਾਨਿਆਂ ਤੇ ਖੋਭਿਆਂ ਦੀ ਓਟ ਦੇ ਹੇਠ ਉਹ ਲੇਟਦਾ ਹੈ । 22ਕਮਲ ਦੇ ਬੂਟੇ ਉਹ ਨੂੰ ਆਪਣੀ ਛਾਂ ਵਿੱਚ ਲੁਕਾ ਲੈਂਦੇ ਹਨ, ਨਾਲੇ ਦੀਆਂ ਬੈਂਤਾਂ ਉਹ ਨੂੰ ਘੇਰ ਲੈਂਦੀਆਂ ਹਨ । 23ਵੇਖ, ਜੇ ਦਰਿਆ ਰੋਹ ਵਿਖਾਵੇ, ਤਾਂ ਵੀ ਉਹ ਨਹੀਂ ਕੰਬਦਾ, ਭਾਵੇਂ ਯਰਦਨ ਮੂੰਹ ਤੱਕ ਚੜ੍ਹ ਜਾਵੇ, ਉਹ ਬੇਖੌਫ਼ ਰਹਿੰਦਾ ਹੈ । 24ਉਹ ਦੇ ਵੇਖਦਿਆਂ ਕੌਣ ਉਹ ਨੂੰ ਫੜ੍ਹ ਸਕਦਾ ਹੈ, ਜਾਂ ਫੰਦਾ ਲਾ ਕੇ ਉਹ ਨੂੰ ਨੱਥ ਸਕਦਾ ਹੈ ?

41

1ਕੀ ਤੂੰ ਮਗਰਮੱਛ ਨੂੰ ਕੁੰਡੀ ਨਾਲ ਬਾਹਰ ਖਿੱਚ ਸਕਦਾ ਹੈਂ, ਜਾਂ ਡੋਰੀ ਨਾਲ ਉਹ ਦੀ ਜੀਭ ਨੂੰ ਦਬਾ ਸਕਦਾ ਹੈਂ ? 2ਕੀ ਤੂੰ ਉਹ ਦੇ ਨੱਕ ਵਿੱਚ ਰੱਸਾ ਪਾ ਸਕਦਾ ਹੈਂ, ਜਾਂ ਉਹ ਦੇ ਜਬਾੜੇ ਨੂੰ ਮੇਖ ਨਾਲ ਵਿੰਨ੍ਹ ਸਕਦਾ ਹੈਂ ? 3ਕੀ ਉਹ ਤੇਰੇ ਅੱਗੇ ਬਹੁਤੀਆਂ ਮਿੰਨਤਾਂ ਕਰੇਗਾ, ਜਾਂ ਉਹ ਤੇਰੇ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ ? 4ਕੀ ਉਹ ਤੇਰੇ ਨਾਲ ਨੇਮ ਬੰਨ੍ਹੇਗਾ, ਤਾਂ ਜੋ ਤੂੰ ਉਹ ਨੂੰ ਸਦਾ ਤੱਕ ਆਪਣਾ ਗੁਲਾਮ ਰੱਖੇਂ ? 5ਕੀ ਤੂੰ ਉਹ ਦੇ ਨਾਲ ਉਸ ਤਰ੍ਹਾਂ ਖੇਡੇਂਗਾ ਜਿਵੇਂ ਪੰਛੀ ਨਾਲ, ਜਾਂ ਆਪਣੀਆਂ ਕੁੜੀਆਂ ਦਾ ਜੀ ਬਹਿਲਾਉਣ ਲਈ ਉਹ ਨੂੰ ਬੰਨ੍ਹ ਕੇ ਰੱਖੇਂਗਾ ? 6ਕੀ ਮਾਛੀ ਉਹ ਦਾ ਸੌਦਾ ਕਰਨਗੇ, ਕੀ ਉਹ ਵਪਾਰੀਆਂ ਵਿੱਚ ਉਹ ਨੂੰ ਵੰਡਣਗੇ ? 7ਕੀ ਤੂੰ ਉਹ ਦੀ ਖੱਲ ਨੂੰ ਬਰਛਿਆਂ ਨਾਲ ਵਿੰਨ੍ਹ ਸਕਦਾ ਹੈਂ, ਜਾਂ ਉਹ ਦੇ ਸਿਰ ਨੂੰ ਮਾਛੀਆਂ ਦੇ ਤ੍ਰਿਸੂਲਾਂ ਨਾਲ ? 8ਜੇਕਰ ਤੂੰ ਆਪਣਾ ਹੱਥ ਉਸ ਦੇ ਉੱਤੇ ਧਰੇਂ ਤਾਂ ਤੂੰ ਉਸ ਲੜਾਈ ਨੂੰ ਹਮੇਸ਼ਾ ਯਾਦ ਰੱਖੇਂਗਾ,- ਤੂੰ ਫੇਰ ਕਦੇ ਅਜਿਹਾ ਨਾ ਕਰੇਂਗਾ ! 9ਵੇਖ, ਉਸ ਨੂੰ ਫੜ੍ਹਨ ਦੀ ਆਸ ਰੱਖਣੀ ਵਿਅਰਥ ਹੈ, ਉਸ ਨੂੰ ਵੇਖਦਿਆਂ ਹੀ ਜੀਅ ਕੱਚਾ ਪੈ ਜਾਂਦਾ ਹੈ ? 10ਕੋਈ ਐਨੀ ਤੱਤੀ ਤਬੀਅਤ ਦਾ ਨਹੀਂ, ਜੋ ਉਹ ਦੇ ਛੇੜਨ ਦੀ ਹਿੰਮਤ ਕਰੇ, ਫੇਰ ਕੌਣ ਹੈ ਜੋ ਮੇਰੇ ਸਨਮੁੱਖ ਖੜ੍ਹਾ ਰਹਿ ਸਕੇ ? 11ਕਿਸ ਨੇ ਪਹਿਲਾਂ ਮੈਨੂੰ ਕੁਝ ਦਿੱਤਾ ਕਿ ਮੈਨੂੰ ਕੁਝ ਮੋੜਨਾ ਪਵੇ ? ਜੋ ਕੁਝ ਅਕਾਸ਼ ਦੇ ਹੇਠ ਹੈ, ਸੋ ਮੇਰਾ ਹੈ ।

12ਮੈਂ ਉਹ ਦੇ ਅੰਗਾਂ ਦੇ ਵਿਖੇ, ਅਤੇ ਉਹ ਦੇ ਮਹਾਂ-ਬਲ ਤੇ ਉਹ ਦੇ ਢਾਂਚੇ ਦੇ ਸੁਹੱਪਣ ਵਿਖੇ ਚੁੱਪ ਨਾ ਰਹਾਂਗਾ । 13ਕੌਣ ਉਹ ਦੇ ਉੱਪਰ ਦਾ ਲਿਬਾਸ ਉਤਾਰ ਸਕਦਾ ਹੈ ? ਕੌਣ ਉਹ ਦੇ ਦੋਹਾਂ ਜਬਾੜਿਆਂ ਵਿੱਚ ਆਵੇਗਾ ? 14ਕੌਣ ਉਹ ਦੇ ਮੂੰਹ ਦੇ ਕਵਾੜਾਂ ਨੂੰ ਖੋਲ੍ਹ ਸਕਦਾ ਹੈ ? ਉਹ ਦੇ ਦੰਦਾਂ ਦਾ ਘੇਰਾ ਭਿਆਣਕ ਹੈ ! 15ਉਹ ਦੇ ਛਿਲਕੇ ਦੀਆਂ ਧਾਰੀਆਂ ਉਹ ਦਾ ਘਮੰਡ ਹਨ, ਉਹ ਜਾਣੋ ਘੁੱਟ ਕੇ ਮੋਹਰ ਨਾਲ ਜੋੜਿਆਂ ਗਈਆਂ ਹਨ, 16ਉਹ ਇੱਕ ਦੂਜੇ ਦੇ ਐਨੇ ਨੇੜੇ ਹਨ ਕਿ ਹਵਾ ਵੀ ਉਹਨਾਂ ਦੇ ਵਿੱਚੋਂ ਦੀ ਨਹੀਂ ਲੰਘ ਸਕਦੀ । 17ਉਹ ਇੱਕ ਦੂਜੇ ਦੇ ਨਾਲ-ਨਾਲ ਹਨ, ਉਹ ਇਸ ਤਰ੍ਹਾਂ ਜੁੜੀਆਂ ਹੋਈਆਂ ਹਨ ਕਿ ਅਲੱਗ ਨਹੀਂ ਹੋ ਸਕਦੀਆਂ । 18ਉਹ ਦੀਆਂ ਛਿੱਕਾਂ ਤੋਂ ਚਾਨਣ ਚਮਕ ਉੱਠਦਾ ਹੈ, ਉਹ ਦੀਆਂ ਅੱਖਾਂ ਸਵੇਰ ਦੀਆਂ ਪਲਕਾਂ ਜਿਹੀਆਂ ਹਨ ! 19ਉਹ ਦੇ ਮੂੰਹੋਂ ਬਲਦੀਆਂ ਹੋਈਆਂ ਮਸ਼ਾਲਾਂ ਨਿੱਕਲਦੀਆਂ ਹਨ, ਅਤੇ ਅੱਗ ਦੀਆਂ ਚਿੰਗਿਆੜੀਆਂ ਉੱਡਦੀਆਂ ਹਨ । 20ਉਹ ਦੀਆਂ ਨਾਸਾਂ ਵਿੱਚੋਂ ਧੂੰਆਂ ਨਿੱਕਲਦਾ ਹੈ, ਜਿਵੇਂ ਉੱਬਲਦੀ ਦੇਗ ਜਾਂ ਧੁਖਦਿਆਂ ਕਾਨਿਆਂ ਤੋਂ ! 21ਉਹ ਦਾ ਸਾਹ ਕੋਲਿਆਂ ਨੂੰ ਸੁਲਗਾ ਦਿੰਦਾ ਹੈ, ਅਤੇ ਉਹ ਦੇ ਮੂੰਹੋਂ ਅੰਗਾਰੇ ਨਿੱਕਲਦੇ ਹਨ ! 22ਉਹ ਦੀ ਧੌਣ ਵਿੱਚ ਬਲ ਬਣਿਆ ਰਹਿੰਦਾ ਹੈ, ਅਤੇ ਭੈ ਉਹ ਦੇ ਅੱਗੇ ਨੱਚਦਾ ਹੈ ! 23ਉਹ ਦੇ ਮਾਸ ਦੀਆਂ ਤਹਿਆਂ ਸਟੀਆਂ ਹੋਈਆਂ ਹਨ, ਉਹ ਉਸ ਦੇ ਉੱਤੇ ਜੰਮੀਆਂ ਹੋਈਆਂ ਹਨ, ਉਹ ਹਿੱਲ ਨਹੀਂ ਸਕਦੀਆਂ । 24ਉਹ ਦਾ ਦਿਲ ਪੱਥਰ ਵਾਂਗੂੰ ਪੱਕਾ ਹੈ, ਸਗੋਂ ਚੱਕੀ ਦੇ ਹੇਠਲੇ ਪੁੜ ਵਾਂਗੂੰ ਪੱਕਾ ਹੈ । 25ਜਦ ਉਹ ਉੱਠਦਾ ਹੈ ਤਾਂ ਬਲਵਾਨ ਵੀ ਡਰ ਜਾਂਦੇ ਹਨ, ਉਹ ਘਬਰਾਹਟ ਨਾਲ ਸੁੱਧ-ਬੁੱਧ ਖੋਹ ਦਿੰਦੇ ਹਨ ! 26ਭਾਵੇਂ ਤਲਵਾਰ ਉਹ ਦੇ ਕੋਲ ਪਹੁੰਚੇ, ਉਸ ਤੋਂ ਕੁਝ ਨਹੀਂ ਬਣਦਾ, ਅਤੇ ਨਾ ਬਰਛੀ ਨਾ ਭਾਲੇ ਨਾ ਤੀਰ ਤੋਂ । 27ਉਹ ਲੋਹੇ ਨੂੰ ਕੱਖ ਵਰਗਾ ਅਤੇ ਪਿੱਤਲ ਨੂੰ ਗਲੀ ਹੋਈ ਲੱਕੜ ਸਮਝਦਾ ਹੈ ! 28ਤੀਰ ਉਹ ਨੂੰ ਭਜਾ ਨਹੀਂ ਸਕਦੇ, ਗੁਲੇਲ ਦੇ ਪੱਥਰ ਉਹ ਦੇ ਲਈ ਤਿਣਕੇ ਬਣ ਜਾਂਦੇ ਹਨ । 29ਲਾਠੀਆਂ ਵੀ ਤਿਣਕੇ ਦੇ ਤੁੱਲ ਗਿਣੀਆਂ ਜਾਂਦੀਆਂ ਹਨ, ਸਾਂਗ ਦੇ ਖੜਕਣ ਉੱਤੇ ਉਹ ਹੱਸਦਾ ਹੈ । 30ਉਹ ਦੇ ਹੇਠਲੇ ਹਿੱਸੇ ਤੇਜ਼ ਠੀਕਰਿਆਂ ਵਾਂਗੂੰ ਹਨ, ਉਹ ਜਾਣੋ ਚਿੱਕੜ ਉੱਤੇ ਫਲ੍ਹਾ ਫੇਰਦਾ ਹੈ । 31ਉਹ ਡੂੰਘੇ ਪਾਣੀਆਂ ਨੂੰ ਦੇਗ ਵਾਂਗੂੰ ਉਛਾਲ ਦਿੰਦਾ ਹੈ, ਉਹ ਸਮੁੰਦਰ ਨੂੰ ਮੱਲ੍ਹਮ ਦੀ ਡੱਬੀ ਵਾਂਗੂੰ ਬਣਾ ਦਿੰਦਾ ਹੈ । 32ਉਹ ਆਪਣੇ ਪਿੱਛੇ ਚਮਕੀਲਾ ਰਾਹ ਛੱਡਦਾ ਹੈ, ਭਈ ਜਾਣੋ ਡੂੰਘਿਆਈ ਉੱਤੇ ਧੌਲੇ ਆਏ ਹੋਏ ਹਨ । 33ਧਰਤੀ ਉੱਤੇ ਉਹ ਦੇ ਤੁੱਲ ਕੋਈ ਨਹੀਂ, ਉਹ ਬਿਨ੍ਹਾਂ ਖ਼ੌਫ਼ ਦੇ ਸਿਰਜਿਆ ਗਿਆ ! 34ਉਹ ਹਰੇਕ ਉੱਚੇ ਨੂੰ ਵੇਖਦਾ ਰਹਿੰਦਾ ਹੈ, ਉਹ ਸਾਰੇ ਘਮੰਡੀਆਂ ਉੱਤੇ ਰਾਜਾ ਹੈ ।"

42

ਅਯੂੱਬ ਦਾ ਪਰਮੇਸ਼ੁਰ ਨੂੰ ਉੱਤਰ

1ਫੇਰ ਅਯੂੱਬ ਨੇ ਯਹੋਵਾਹ ਨੂੰ ਉੱਤਰ ਦੇ ਕੇ ਆਖਿਆ, 2"ਮੈਂ ਜਾਣਦਾ ਹਾਂ ਕਿ ਤੂੰ ਸਭ ਕੁਝ ਕਰ ਸਕਦਾ ਹੈਂ, ਅਤੇ ਤੇਰਾ ਕੋਈ ਕਾਰਜ ਰੁੱਕ ਨਹੀਂ ਸਕਦਾ । 3ਤੂੰ ਪੁੱਛਿਆ, ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਮੇਰੀ ਯੋਜਨਾ ਨੂੰ ਢੱਕਦਾ ਹੈ ? ਮੈਂ ਤਾਂ ਉਹ ਹੀ ਬੋਲਿਆ ਜਿਸ ਨੂੰ ਮੈਂ ਨਹੀਂ ਸਮਝਦਾ, ਜੋ ਗੱਲਾਂ ਮੇਰੇ ਲਈ ਅਚਰਜ ਗੱਲਾਂ ਸਨ ਅਤੇ ਜਿਹਨਾਂ ਨੂੰ ਮੈਂ ਨਹੀਂ ਜਾਣਦਾ ਸੀ !

4ਤੂੰ ਆਖਿਆ, ਜ਼ਰਾ ਸੁਣ ਅਤੇ ਮੈਂ ਬੋਲਾਂਗਾ, ਮੈਂ ਤੇਰੇ ਤੋਂ ਸਵਾਲ ਕਰਦਾ ਹਾਂ, ਅਤੇ ਤੂੰ ਮੈਨੂੰ ਉੱਤਰ ਦੇ ! 5ਮੇਰੇ ਕੰਨਾਂ ਨੇ ਤੇਰੇ ਵਿਖੇ ਗੱਲਾਂ ਸੁਣੀਆਂ ਸਨ, ਪਰ ਹੁਣ ਮੇਰੀਆਂ ਅੱਖਾਂ ਤੈਨੂੰ ਵੇਖਦੀਆਂ ਹਨ । 6ਇਸ ਲਈ ਮੈਂ ਆਪਣੇ ਆਪ ਤੋਂ ਨਫ਼ਰਤ ਕਰਦਾ ਹਾਂ, ਅਤੇ ਮੈਂ ਮਿੱਟੀ ਤੇ ਸੁਆਹ ਵਿੱਚ ਬੈਠ ਕੇ ਪਛਤਾਉਂਦਾ ਹਾਂ ।"

ਅਯੂੱਬ ਦਾ ਡਾਢੀ ਪਰੀਖਿਆ ਤੋਂ ਛੁਟਕਾਰਾ

7ਫੇਰ ਅਜਿਹਾ ਹੋਇਆ ਕਿ ਜਦ ਯਹੋਵਾਹ ਇਹ ਗੱਲਾਂ ਅਯੂੱਬ ਨਾਲ ਕਰ ਚੁੱਕਿਆ, ਤਦ ਯਹੋਵਾਹ ਨੇ ਅਲੀਫ਼ਜ਼ ਤੇਮਾਨੀ ਨੂੰ ਆਖਿਆ, "ਮੇਰਾ ਕ੍ਰੋਧ ਤੇਰੇ ਉੱਤੇ ਅਤੇ ਤੇਰੇ ਦੋਹਾਂ ਮਿੱਤਰਾਂ ਉੱਤੇ ਭੜਕ ਉੱਠਿਆ ਹੈ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂੱਬ ਬੋਲਿਆ । 8ਇਸ ਲਈ ਹੁਣ ਆਪਣੇ ਲਈ ਸੱਤ ਬਲ਼ਦ ਅਤੇ ਸੱਤ ਮੇਂਢੇ ਲਓ, ਅਤੇ ਮੇਰੇ ਦਾਸ ਅਯੂੱਬ ਕੋਲ ਜਾਓ ਅਤੇ ਆਪਣੇ ਲਈ ਹੋਮ ਦੀ ਬਲੀ ਚੜ੍ਹਾਓ ਅਤੇ ਮੇਰਾ ਦਾਸ ਅਯੂੱਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ । ਮੈਂ ਤਾਂ ਉਸੇ ਦੀ ਪ੍ਰਾਰਥਨਾ ਕਬੂਲ ਕਰਾਂਗਾ, ਤਾਂ ਜੋ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾਈ ਦੇ ਅਨੁਸਾਰ ਵਰਤਾਓ ਨਾ ਕਰਾਂ, ਕਿਉਂ ਜੋ ਤੁਸੀਂ ਮੇਰੇ ਵਿਖੇ ਸੱਚ ਨਹੀਂ ਬੋਲੇ, ਜਿਵੇਂ ਮੇਰਾ ਦਾਸ ਅਯੂੱਬ ਬੋਲਿਆ ।" 9ਤਦ ਅਲੀਫ਼ਜ਼ ਤੇਮਾਨੀ, ਬਿਲਦਦ ਸ਼ੂਹੀ ਅਤੇ ਸੋਫ਼ਰ ਨਅਮਾਤੀ ਗਏ ਅਤੇ ਜਿਵੇਂ ਯਹੋਵਾਹ ਨੇ ਆਖਿਆ ਸੀ, ਉਸੇ ਤਰ੍ਹਾਂ ਹੀ ਕੀਤਾ ਅਤੇ ਯਹੋਵਾਹ ਨੇ ਅਯੂੱਬ ਦੀ ਪ੍ਰਾਰਥਨਾ ਨੂੰ ਕਬੂਲ ਕੀਤਾ । 10ਜਦ ਅਯੂੱਬ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕਰ ਚੁੱਕਿਆ, ਤਦ ਯਹੋਵਾਹ ਨੇ ਅਯੂੱਬ ਦੇ ਦੁੱਖਾਂ ਨੂੰ ਦੂਰ ਕਰ ਦਿੱਤਾ ਅਤੇ ਜੋ ਕੁਝ ਅਯੂੱਬ ਦੇ ਕੋਲ ਸੀ, ਉਸ ਦਾ ਦੁੱਗਣਾ ਯਹੋਵਾਹ ਨੇ ਉਸ ਨੂੰ ਦੇ ਦਿੱਤਾ । 11ਤਦ ਉਸ ਦੇ ਸਾਰੇ ਭਰਾ, ਸਾਰੀਆਂ ਭੈਣਾਂ ਅਤੇ ਉਹ ਦੇ ਸਾਰੇ ਜਾਣ-ਪਹਿਚਾਣ ਵਾਲੇ ਉਸ ਦੇ ਕੋਲ ਆਏ ਅਤੇ ਉਹਨਾਂ ਨੇ ਉਸ ਦੇ ਨਾਲ ਉਸ ਦੇ ਘਰ ਵਿੱਚ ਭੋਜਨ ਕੀਤਾ ਅਤੇ ਉਸ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਉਸ ਦੇ ਉੱਤੇ ਆਉਣ ਦਿੱਤੀ ਸੀ, ਅਫ਼ਸੋਸ ਕੀਤਾ ਅਤੇ ਉਸ ਨੂੰ ਤਸੱਲੀ ਦਿੱਤੀ ਅਤੇ ਹਰੇਕ ਨੇ ਉਹ ਨੂੰ ਇੱਕ-ਇੱਕ ਚਾਂਦੀ ਦਾ ਸਿੱਕਾ ਅਤੇ ਇੱਕ-ਇੱਕ ਸੋਨੇ ਦੀ ਅੰਗੂਠੀ ਦਿੱਤੀ । 12ਯਹੋਵਾਹ ਨੇ ਅਯੂੱਬ ਦੀ ਪਿਛਲੇ ਦਿਨਾਂ ਵਿੱਚ ਉਸ ਦੇ ਪਹਿਲੇ ਦਿਨਾਂ ਨਾਲੋਂ ਵੱਧ ਬਰਕਤ ਦਿੱਤੀ, ਅਤੇ ਉਹ ਦੇ ਕੋਲ ਚੌਦਾਂ ਹਜ਼ਾਰ ਇੱਜੜ, ਛੇ ਹਜ਼ਾਰ ਊਠ, ਇੱਕ ਹਜ਼ਾਰ ਜੋੜੀ ਬਲਦ ਅਤੇ ਇੱਕ ਹਜ਼ਾਰ ਗਧੀਆਂ ਹੋ ਗਈਆਂ । 13ਅਤੇ ਉਹ ਦੇ ਸੱਤ ਪੁੱਤਰ ਅਤੇ ਤਿੰਨ ਧੀਆਂ ਪੈਦਾ ਹੋਈਆਂ । 14ਉਸ ਨੇ ਪਹਿਲੀ ਧੀ ਦਾ ਨਾਮ ਯਮੀਮਾਹ, ਦੂਜੀ ਦਾ ਨਾਮ ਕਸੀਆਹ ਅਤੇ ਤੀਜੀ ਦਾ ਨਾਮ ਕਰਨ-ਹਪੂਕ ਰੱਖਿਆ, 15ਅਤੇ ਸਾਰੇ ਦੇਸ ਵਿੱਚ ਅਜਿਹੀਆਂ ਇਸਤਰੀਆਂ ਨਹੀਂ ਸਨ, ਜੋ ਅਯੂੱਬ ਦੀਆਂ ਧੀਆਂ ਨਾਲੋਂ ਰੂਪਵੰਤ ਹੋਣ, ਅਤੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਉਹਨਾਂ ਦੇ ਭਰਾਵਾਂ ਨਾਲ ਹਿੱਸਾ ਦਿੱਤਾ । 16ਇਸ ਤੋਂ ਬਾਅਦ ਅਯੂੱਬ ਇੱਕ ਸੌ ਚਾਲੀ ਸਾਲ ਤੱਕ ਜੀਉਂਦਾ ਰਿਹਾ ਅਤੇ ਉਸ ਨੇ ਆਪਣੇ ਪੁੱਤਰ ਅਤੇ ਆਪਣੇ ਪੋਤਰੇ ਚੌਥੀ ਪੀੜ੍ਹੀ ਤੱਕ ਵੇਖੇ । 17ਤਦ ਅਯੂੱਬ ਬਜ਼ੁਰਗ ਅਤੇ ਪੂਰੀ ਉਮਰ ਦਾ ਹੋ ਕੇ ਮਰ ਗਿਆ ।