Hosea
ਹੋਸ਼ੇਆ
ਭੂਮਿਕਾ
721 ਈ. ਪੂ. ਵਿੱਚ ਸਾਮਰਿਯਾ ਦੇ ਪਤਨ ਤੋਂ ਪਹਿਲਾਂ ਮੁਸ਼ਕਿਲ ਭਰੇ ਸਮੇਂ ਦੇ ਵਿੱਚ, ਨਬੀ ਹੋਸ਼ੇਆ ਨੇ ਨਬੀ ਆਮੋਸ ਤੋਂ ਬਾਅਦ ਇਸਰਾਏਲ ਦੇ ਉਤਰੀ ਰਾਜ ਵਿੱਚ ਪ੍ਰਚਾਰ ਕੀਤਾ ਸੀ । ਉਹ ਲੋਕਾਂ ਦੇ ਮੂਰਤੀ ਪੂਜਾ ਦੇ ਵਿੱਚ ਫਸਣ ਅਤੇ ਪਰਮੇਸ਼ੁਰ ਦੇ ਲਈ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ, ਬਹੁਤ ਚਿੰਤਾ ਵਿੱਚ ਸੀ । ਹੋਸ਼ੇਆ ਨੇ ਇੱਕ ਵਿਭਚਾਰਣ ਔਰਤ ਦੇ ਨਾਲ ਆਪਣੇ ਵਿਆਹ ਦੇ ਦੁਆਰਾ ਇਸ ਅਵਿਸ਼ਵਾਸ ਨੂੰ ਬਹੁਤ ਹੌਂਸਲੇ ਦੇ ਨਾਲ ਦਰਸਾਇਆ । ਜਿਵੇਂ ਉਸ ਦੀ ਪਤਨੀ ਗੋਮਰ ਉਸ ਦੇ ਪ੍ਰਤੀ ਵਿਸ਼ਵਾਸਘਾਤੀ ਬਣ ਗਈ ਸੀ, ਉਸੇ ਤਰ੍ਹਾਂ ਪਰਮੇਸ਼ੁਰ ਦੇ ਲੋਕਾਂ ਨੇ ਪ੍ਰਭੂ ਨੂੰ ਤਿਆਗ ਦਿੱਤਾ ਸੀ । ਇਸ ਕਾਰਨ ਇਸਰਾਏਲ ਉੱਤੇ ਪਰਮੇਸ਼ੁਰ ਦੀ ਸਜ਼ਾ ਆਵੇਗੀ । ਪਰ ਅੰਤ ਦੇ ਵਿੱਚ ਆਪਣੇ ਲੋਕਾਂ ਦੇ ਲਈ ਪਰਮੇਸ਼ੁਰ ਦੇ ਅਨੰਤ ਪ੍ਰੇਮ ਦੀ ਜਿੱਤ ਹੋਵੇਗੀ, ਉਸ ਇਸ ਜਾਤੀ ਨੂੰ ਫਿਰ ਤੋਂ ਸਵੀਕਾਰ ਕਰੇਗਾ ਅਤੇ ਆਪਣੇ ਨਾਲ ਉਸ ਦੇ ਸੰਬੰਧ ਨੂੰ ਫਿਰ ਤੋਂ ਸਥਾਪਿਤ ਕਰੇਗਾ । ਇਹ ਪ੍ਰੇਮ ਇਹਨਾਂ ਭਾਵੁਕ ਸ਼ਬਦਾਂ ਦੇ ਨਾਲ ਪਰਗਟ ਕੀਤਾ ਗਿਆ ਹੈ: "ਹੇ ਅਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ ? ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ ।" (11:8)
ਰੂਪ-ਰੇਖਾ
ਹੋਸ਼ੇਆ ਦਾ ਵਿਆਹ ਅਤੇ ਉਸ ਦਾ ਪਰਿਵਾਰ 1:1 - 3:5
ਇਸਰਾਏਲ ਦੇ ਵਿਰੋਧ ਵਿੱਚ ਸੰਦੇਸ਼ 4:1 - 13:16
ਪਛਤਾਵੇ ਅਤੇ ਵਾਅਦੇ ਦਾ ਸੰਦੇਸ਼ 14:1-9
11ਇਹ ਯਹੋਵਾਹ ਦੀ ਉਹ ਬਾਣੀ ਹੈ, ਜਿਹੜੀ ਬਏਰੀ ਦੇ ਪੁੱਤਰ ਹੋਸ਼ੇਆ ਨੂੰ ਉਸ ਸਮੇਂ ਆਈ, ਜਦੋਂ ਯਹੂਦਾਹ ਦੇ ਉੱਤੇ ਰਾਜਾ ਊਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦਾ ਰਾਜ ਸੀ ਅਤੇ ਇਸਰਾਏਲ ਦੇ ਉੱਤੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦਾ ਰਾਜ ਸੀ ।
ਹੋਸ਼ੇਆ ਦੀ ਪਤਨੀ ਅਤੇ ਬੱਚੇ
2ਜਦ ਯਹੋਵਾਹ ਪਹਿਲਾਂ ਹੋਸ਼ੇਆ ਦੇ ਰਾਹੀਂ ਬੋਲਿਆ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਆਖਿਆ, ਜਾ ਕੇ ਇੱਕ ਵੇਸਵਾ ਤੀਵੀਂ ਨਾਲ ਵਿਆਹ ਕਰ । ਉਹ ਵਿਭਚਾਰ ਦੇ ਬੱਚਿਆਂ ਨੂੰ ਜਨਮ ਦੇਵੇਗੀ । ਕਿਉਂ ਜੋ ਦੇਸ ਨੇ ਯਹੋਵਾਹ ਨੂੰ ਛੱਡ ਕੇ ਵੱਡਾ ਵਿਭਚਾਰ ਕੀਤਾ ਹੈ । 3ਤਾਂ ਉਸ ਨੇ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ । ਉਹ ਗਰਭਵਤੀ ਹੋਈ ਅਤੇ ਉਹ ਦੇ ਲਈ ਪੁੱਤਰ ਨੂੰ ਜਨਮ ਦਿੱਤਾ ।
4ਯਹੋਵਾਹ ਨੇ ਉਹ ਨੂੰ ਆਖਿਆ, ਉਸ ਦਾ ਨਾਮ ਯਿਜ਼ਰਏਲ ਰੱਖ, ਕਿਉਂ ਜੋ ਥੋੜ੍ਹੇ ਸਮੇਂ ਵਿੱਚ ਮੈਂ ਯਿਜ਼ਰਏਲ ਦੇ ਖ਼ੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਏਲ ਦੇ ਘਰਾਣੇ ਦੇ ਰਾਜ ਨੂੰ ਖਤਮ ਕਰ ਦਿਆਂਗਾ । 5ਫਿਰ ਉਸੇ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਇਸਰਾਏਲ ਦਾ ਧਣੁਖ ਯਿਜ਼ਰਏਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ ।
6ਉਹ ਫੇਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸ ਨੇ ਉਹ ਨੂੰ ਆਖਿਆ, ਇਸ ਦਾ ਨਾਮ ’’ਲੋ-ਰੁਹਾਮਾਹ’’ ਰੱਖ, ਕਿਉਂ ਜੋ ਮੈਂ ਫਿਰ ਇਸਰਾਏਲ ਦੇ ਘਰਾਣੇ ਉੱਤੇ ਹੋਰ ਰਹਿਮ ਨਹੀਂ ਕਰਾਂਗਾ ਅਤੇ ਉਹਨਾਂ ਨੂੰ ਕਦੇ ਵੀ ਮਾਫ਼ ਨਾ ਕਰਾਂਗਾ । 7ਪਰ ਮੈਂ ਯਹੂਦਾਹ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਧਣੁਖ, ਤਲਵਾਰ, ਲੜਾਈ, ਘੋੜਿਆਂ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ, ਸਗੋਂ ਯਹੋਵਾਹ ਉਹਨਾਂ ਦੇ ਪਰਮੇਸ਼ੁਰ ਦੇ ਦੁਆਰਾ ਬਚਾਵਾਂਗਾ ।
8ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਇਸਤਰੀ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ । 9ਤਾਂ ਉਸ ਨੂੰ ਆਖਿਆ, ਇਹ ਦਾ ਨਾਮ ’’ਲੋ-ਅੰਮੀ’’ ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ ।
ਇਸਰਾਏਲ ਦੀ ਪੁਨਰ ਸਥਾਪਨਾ
10ਇਸਰਾਏਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂੰ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ । ਇਸ ਤਰ੍ਹਾਂ ਹੋਵੇਗਾ ਕਿ ਜਿਸ ਥਾਂ ਉਹਨਾਂ ਨੂੰ ਕਿਹਾ ਗਿਆ ਸੀ, ’’ਤੁਸੀਂ ਮੇਰੀ ਪਰਜਾ ਨਹੀਂ ਹੋ’’ ਉੱਥੇ ਹੀ ਉਹਨਾਂ ਨੂੰ ਕਿਹਾ ਜਾਵੇਗਾ, ’’ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ ।’’ 11ਯਹੂਦੀ ਅਤੇ ਇਸਰਾਏਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ । ਉਹ ਇਸ ਦੇਸ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਯਿਜ਼ਰਏਲ ਦਾ ਦਿਨ ਮਹਾਨ ਹੋਵੇਗਾ ।
2ਯਹੋਵਾਹ ਦੀ ਦੁਲਹਨ
1ਆਪਣੇ ਭਰਾਵਾਂ ਨੂੰ ’’ਮੇਰੇ ਲੋਕ’’ ਅਤੇ ਆਪਣੀਆਂ ਭੈਣਾਂ ਨੂੰ ’’ਰਹਿਮ ਦੀਆਂ ਭਾਗਣਾਂ’’ ਆਖੋ ।
ਵਿਸ਼ਵਾਸਘਾਤੀ ਗੋਮਰ-ਵਿਸ਼ਵਾਸਘਾਤੀ ਇਸਰਾਏਲ
2ਆਪਣੀ ਮਾਂ ਦੇ ਨਾਲ ਝਗੜਾ ਕਰੋ !
ਉਹ ਤਾਂ ਮੇਰੀ ਪਤਨੀ ਨਹੀਂ ਹੈ
ਅਤੇ ਨਾ ਮੈਂ ਉਹ ਦਾ ਪਤੀ ਹਾਂ ।
ਉਹ ਆਪਣੇ ਵਿਭਚਾਰ ਨੂੰ ਆਪਣੇ ਅੱਗਿਓਂ ਅਤੇ
ਆਪਣੀ ਬੇਵਫ਼ਾਈ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ !
3ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਉਹ ਨੂੰ ਨੰਗੀ ਕਰ ਦੇਵਾਂ,
ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ ਉਸੇ ਤਰ੍ਹਾਂ ਫਿਰ ਕਰ ਦਿਆਂ,
ਉਹ ਨੂੰ ਉਜਾੜ ਵਾਂਗੂੰ ਬਣਾ ਦਿਆਂ,
ਉਹ ਨੂੰ ਇੱਕ ਸੁੱਕੀ ਧਰਤੀ ਵਾਂਗੂੰ ਠਹਿਰਾ ਦਿਆਂ
ਅਤੇ ਉਹ ਨੂੰ ਪਿਆਸ ਨਾਲ ਮਾਰ ਦਿਆਂ ।
4ਮੈਂ ਉਹ ਦੇ ਬੱਚਿਆਂ ਉੱਤੇ ਰਹਿਮ ਨਾ ਕਰਾਂਗਾ,
ਕਿਉਂ ਜੋ ਉਹ ਵਿਭਚਾਰ ਦੇ ਬੱਚੇ ਹਨ ।
5ਉਹਨਾਂ ਦੀ ਮਾਂ ਨੇ ਵਿਭਚਾਰ ਕੀਤਾ ਹੈ,
ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ,
ਕਿਉਂ ਜੋ ਉਹ ਨੇ ਆਖਿਆ,
ਮੈਂ ਆਪਣੇ ਪ੍ਰੇਮੀਆਂ ਦੇ ਮਗਰ ਜਾਵਾਂਗੀ,
ਜਿਹੜੇ ਮੈਨੂੰ ਮੇਰੀ ਰੋਟੀ ਅਤੇ ਪਾਣੀ ਦਿੰਦੇ ਹਨ,
ਮੇਰੀ ਉੱਨ, ਮੇਰੀ ਕਤਾਨ, ਮੇਰਾ ਤੇਲ ਅਤੇ ਮੇਰਾ ਸ਼ਰਬਤ ਵੀ !
6ਇਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ,
ਮੈਂ ਉਹ ਦੇ ਅੱਗੇ ਕੰਧ ਬਣਾ ਦਿਆਂਗਾ
ਤਾਂ ਕਿ ਉਸ ਨੂੰ ਆਪਣਾ ਰਾਹ ਨਾ ਮਿਲੇ ।
7ਉਹ ਆਪਣਿਆਂ ਪ੍ਰੇਮੀਆਂ ਦੇ ਪਿੱਛੇ ਜਾਵੇਗੀ,
ਪਰ ਉਹ ਉਹਨਾਂ ਨੂੰ ਨਾ ਪਾਵੇਗੀ,
ਉਹ ਉਹਨਾਂ ਨੂੰ ਭਾਲੇਗੀ ਪਰ ਪਾਵੇਗੀ ਨਾ,
ਤਾਂ ਉਹ ਆਖੇਗੀ, ਮੈਂ ਜਾਵਾਂਗੀ,
ਅਤੇ ਆਪਣੇ ਪਹਿਲੇ ਪਤੀ ਵੱਲ ਮੁੜਾਂਗੀ,
ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ ।
8ਉਹ ਨੇ ਨਾ ਜਾਣਿਆ ਕਿ ਮੈਂ ਹੀ ਉਹ ਨੂੰ
ਅੰਨ, ਨਵੀਂ ਮੈਅ ਅਤੇ ਤੇਲ ਦਿੰਦਾ ਸੀ,
ਅਤੇ ਉਹ ਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ,
ਜਿਹੜਾ ਉਹਨਾਂ ਨੇ ਬਆਲ ਲਈ ਵਰਤਿਆ !
9ਇਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਲਵਾਂਗਾ,
ਅਤੇ ਨਵੀਂ ਮੈਅ ਵੀ ਉਸ ਦੀ ਰੁੱਤ ਸਿਰ,
ਮੈਂ ਆਪਣੀ ਉੱਨ ਅਤੇ ਆਪਣੀ ਕਤਾਨ ਚੁੱਕ ਲਵਾਂਗਾ,
ਜੋ ਉਹ ਦੇ ਨੰਗੇਜ਼ ਨੂੰ ਢੱਕਣ ਲਈ ਸੀ ।
10ਹੁਣ ਮੈਂ ਉਹ ਦੀ ਵਾਸ਼ਨਾ ਨੂੰ ਉਹ ਦੇ ਪ੍ਰੇਮੀਆਂ ਦੇ ਸਾਹਮਣੇ ਖੋਲ੍ਹ ਦਿਆਂਗਾ,
ਅਤੇ ਕੋਈ ਉਹ ਨੂੰ ਮੇਰੇ ਹੱਥੋਂ ਛੁਡਾਵੇਗਾ ਨਾ !
11ਮੈਂ ਉਹ ਦੀ ਸਾਰੀ ਖੁਸ਼ੀ ਨੂੰ ਖਤਮ ਕਰ ਦਿਆਂਗਾ,
ਉਹ ਦੇ ਪਰਬ, ਉਹ ਦੀਆਂ ਅਮੱਸਿਆ, ਉਹ ਦੇ ਸਬਤ,
ਅਤੇ ਉਹ ਦੇ ਸਭ ਮਿਥੇ ਹੋਏ ਪਰਬ ।
12ਮੈਂ ਉਹ ਦੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰਾਂ ਨੂੰ ਵਿਰਾਨ ਕਰਾਂਗਾ,
ਜਿਨ੍ਹਾਂ ਦੇ ਬਾਰੇ ਉਸ ਨੇ ਆਖਿਆ, ਇਹ ਮੇਰੀ ਖਰਚੀ ਹੈ,
ਜਿਹ ਨੂੰ ਮੇਰੇ ਪ੍ਰੇਮੀਆਂ ਨੇ ਮੈਨੂੰ ਦਿੱਤਾ ਹੈ ।
ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ,
ਅਤੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ ।
13ਮੈਂ ਉਹ ਦੇ ਉੱਤੇ ਬਆਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ,
ਜਿਨ੍ਹਾਂ ਦੇ ਲਈ ਉਸ ਨੇ ਧੂਫ਼ ਧੁਖਾਈ,
ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ
ਉਹ ਆਪਣੇ ਪ੍ਰੇਮੀਆਂ ਦੇ ਪਿੱਛੇ ਗਈ,
ਪਰ ਮੈਨੂੰ ਭੁੱਲ ਗਈ, ਯਹੋਵਾਹ ਦਾ ਵਾਕ ਹੈ ।
ਆਪਣੇ ਲੋਕਾਂ ਦੇ ਲਈ ਪਰਮੇਸ਼ੁਰ ਦਾ ਪ੍ਰੇਮ
14ਇਸ ਲਈ ਵੇਖ, ਮੈਂ ਉਹ ਨੂੰ ਮੋਹ ਲਵਾਂਗਾ,
ਅਤੇ ਉਹ ਨੂੰ ਉਜਾੜ ਵਿੱਚ ਲੈ ਜਾਂਵਾਂਗਾ,
ਅਤੇ ਮੈਂ ਉਹ ਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ ।
15ਮੈਂ ਉਹ ਨੂੰ ਉੱਥੋਂ ਦੇ ਬਾਗ ਦਿਆਂਗਾ,
ਨਾਲੇ ਆਕੋਰ ਦੀ ਵਾਦੀ ਵੀ ਆਸਾ ਦੇ ਦਰਵਾਜ਼ੇ ਲਈ ।
ਉੱਥੇ ਉਹ ਉਸੇ ਤਰ੍ਹਾਂ ਉੱਤਰ ਦੇਵੇਗੀ, ਜਿਵੇਂ ਆਪਣੀ ਜੁਆਨੀ ਦੇ ਦਿਨ ਵਿੱਚ ਦਿੰਦੀ ਸੀ,
ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ ਤੋਂ ਉਤਾਹਾਂ ਆਈ ।
16ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ,
ਕਿ ਤੂੰ ਮੈਨੂੰ ’’ਮੇਰਾ ਪਤੀ’’ ਆਖੇਂਗੀ,
ਅਤੇ ਫੇਰ ਮੈਨੂੰ "ਮੇਰਾ ਬਆਲ" ਨਾ ਆਖੇਂਗੀ ।
17ਮੈਂ ਤਾਂ ਉਹ ਦੇ ਮੂੰਹੋਂ ਬਆਲਾਂ ਦੇ ਨਾਮ ਦੂਰ ਕਰਾਂਗਾ,
ਅਤੇ ਉਹ ਫੇਰ ਆਪਣੇ ਨਾਮ ਦੇ ਨਾਲ ਯਾਦ ਨਾ ਕੀਤੇ ਜਾਣਗੇ ।
18ਮੈਂ ਉਸ ਦਿਨ ਜੰਗਲੀ ਜਾਨਵਰਾਂ,
ਅਕਾਸ਼ ਦੇ ਪੰਛੀਆਂ ਅਤੇ ਜ਼ਮੀਨ ਦੇ ਘਿਸਰਨ ਵਾਲਿਆਂ ਨਾਲ
ਉਹਨਾਂ ਲਈ ਇੱਕ ਨੇਮ ਬੰਨ੍ਹਾਂਗਾ,
ਅਤੇ ਮੈਂ ਧਣੁਖ, ਤਲਵਾਰ ਅਤੇ ਜੁੱਧ ਨੂੰ ਦੇਸ ਵਿੱਚੋਂ ਭੰਨ ਸੁੱਟਾਂਗਾ,
ਅਤੇ ਮੈਂ ਉਹਨਾਂ ਨੂੰ ਚੈਨ ਨਾਲ ਲੇਟਣ ਦਿਆਂਗਾ ।
19ਮੈਂ ਤੈਨੂੰ ਸਦਾ ਲਈ ਆਪਣੀ ਦੁਲਹਨ ਬਣਾ ਲਵਾਂਗਾ,
ਹਾਂ, ਧਰਮ, ਇਨਸਾਫ਼, ਦਯਾ ਅਤੇ ਰਹਿਮ ਨਾਲ
ਮੈਂ ਤੈਨੂੰ ਆਪਣੀ ਦੁਲਹਨ ਬਣਾਵਾਂਗਾ,
20ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਦੁਲਹਨ ਬਣਾਵਾਂਗਾ,
ਅਤੇ ਤੂੰ ਯਹੋਵਾਹ ਨੂੰ ਜਾਣੇਂਗੀ ।
21ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ,
ਯਹੋਵਾਹ ਦਾ ਵਾਕ ਹੈ,
ਮੈਂ ਅਕਾਸ਼ਾਂ ਨੂੰ ਉੱਤਰ ਦਿਆਂਗਾ,
ਅਤੇ ਉਹ ਧਰਤੀ ਨੂੰ ਉੱਤਰ ਦੇਣਗੇ ।
22ਧਰਤੀ ਅੰਨ, ਨਵੀਂ ਮੈਅ ਅਤੇ ਤੇਲ ਨੂੰ ਉੱਤਰ ਦੇਵੇਗੀ,
ਅਤੇ ਉਹ ਯਿਜ਼ਰਾਏਲ ਨੂੰ ਉੱਤਰ ਦੇਣਗੇ ।
23ਮੈਂ ਉਹ ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ,
ਮੈਂ ਲੋ-ਰੁਹਾਮਾਹ ਉੱਤੇ ਰਹਿਮ ਕਰਾਂਗਾ,
ਅਤੇ ਲੋ-ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈਂ,
ਅਤੇ ਉਹ ਆਖੇਗਾ, ਮੇਰੇ ਪਰਮੇਸ਼ੁਰ !
3ਹੋਸ਼ੇਆ ਅਤੇ ਵਿਭਚਾਰਣ ਔਰਤ
1ਯਹੋਵਾਹ ਨੇ ਮੈਨੂੰ ਆਖਿਆ, ਫੇਰ ਜਾ, ਇੱਕ ਔਰਤ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਦਾਖਾਂ ਦੇ ਪੂੜਿਆਂ ਨੂੰ ਪਿਆਰ ਕਰਦੇ ਹਨ ।
2ਸੋ ਮੈਂ ਉਹ ਨੂੰ ਪੰਦਰਾਂ ਰੁਪਏ ਅਤੇ ਜੌਂ ਦਾ ਡੇਢ ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ 3ਅਤੇ ਮੈਂ ਉਹ ਨੂੰ ਆਖਿਆ, ਤੂੰ ਬਹੁਤ ਦਿਨਾਂ ਤੱਕ ਮੇਰੇ ਨਾਲ ਵੱਸੇਂਗੀ, ਤੂੰ ਨਾ ਵਿਭਚਾਰ ਕਰੇਂਗੀ, ਨਾ ਕਿਸੇ ਹੋਰ ਮਨੁੱਖ ਦੀ ਪਤਨੀ ਹੋਵੇਂਗੀ, ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ । 4ਇਸ ਤਰ੍ਹਾਂ ਇਸਰਾਏਲੀ ਵੀ ਬਹੁਤ ਦਿਨਾਂ ਤੱਕ ਬਿਨ੍ਹਾਂ ਰਾਜੇ ਤੇ ਹਾਕਮ ਦੇ, ਬਿਨ੍ਹਾਂ ਭੇਟ ਤੇ ਥੰਮ੍ਹ ਦੇ, ਬਿਨ੍ਹਾਂ ਏਫ਼ੋਦ ਤੇ ਤਰਾਫ਼ੀਮ ਦੇ ਰਹਿਣਗੇ । 5ਇਸ ਤੋਂ ਬਾਅਦ ਇਸਰਾਏਲੀ ਮੁੜਨਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਭਾਲਣਗੇ । ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ ।
4ਇਸਰਾਏਲ ਉੱਤੇ ਪਰਮੇਸ਼ੁਰ ਦਾ ਦੋਸ਼
1ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ,
ਇਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ,
ਕਿਉਂ ਜੋ ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ,
ਨਾ ਪਰਮੇਸ਼ੁਰ ਦਾ ਗਿਆਨ ਹੈ !
2ਗਾਲੀਆਂ, ਝੂਠ, ਖ਼ੂਨ ਖਰਾਬਾ, ਚੋਰੀ, ਜ਼ਨਾਹ ਹੁੰਦੇ ਹਨ,
ਉਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ !
3ਇਸ ਲਈ ਦੇਸ ਸੋਗ ਕਰੇਗਾ,
ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ,
ਨਾਲੇ ਜੰਗਲੀ ਜਾਨਵਰ ਅਤੇ ਅਕਾਸ਼ ਦੇ ਪੰਛੀ, -
ਹਾਂ, ਸਮੁੰਦਰ ਦੀਆਂ ਮੱਛੀਆਂ ਵੀ ਖਤਮ ਹੋ ਜਾਣਗੀਆਂ !
ਜਾਜਕਾਂ ਦੇ ਉੱਤੇ ਪਰਮੇਸ਼ੁਰ ਦਾ ਦੋਸ਼
4ਪਰ ਕੋਈ ਝਗੜਾ ਨਾ ਕਰੇ, ਕੋਈ ਨਾ ਝਿੜਕੇ,
ਤੇਰੇ ਲੋਕ ਉਨ੍ਹਾਂ ਵਰਗੇ ਹਨ, ਜੋ ਜਾਜਕ ਨਾਲ ਝਗੜਦੇ ਹਨ ।
5ਦਿਨੇ ਤੂੰ ਠੋਕਰ ਖਾਵੇਂਗਾ,
ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ,
ਅਤੇ ਮੈਂ ਤੇਰੀ ਮਾਤਾ ਦਾ ਨਾਸ਼ ਕਰਾਂਗਾ ।
6ਮੇਰੀ ਪਰਜਾ ਗਿਆਨ ਤੋਂ ਬਿਨ੍ਹਾਂ ਨਾਸ਼ ਹੁੰਦੀ ਹੈ, -
ਕਿਉਂ ਜੋ ਤੂੰ ਗਿਆਨ ਨੂੰ ਰੱਦ ਕੀਤਾ,
ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ,
ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ,
ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਂਵਾਂਗਾ ।
7ਜਿਵੇਂ ਜਿਵੇਂ ਉਹ ਵਧੇ ਤਿਵੇਂ ਤਿਵੇਂ ਉਹਨਾਂ ਨੇ ਮੇਰਾ ਪਾਪ ਕੀਤਾ,
ਮੈਂ ਉਹਨਾਂ ਦੇ ਪਰਤਾਪ ਨੂੰ ਸ਼ਰਮਿੰਦਗੀ ਵਿੱਚ ਬਲਦ ਦਿਆਂਗਾ ।
8ਉਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ,
ਅਤੇ ਉਹਨਾਂ ਦੀ ਬਦੀ ਨੂੰ ਚਾਹੁੰਦੇ ਹਨ ।
9ਇਸ ਤਰ੍ਹਾਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, -
ਮੈਂ ਉਹਨਾਂ ਨੂੰ ਉਹਨਾਂ ਦੀਆਂ ਚਾਲਾਂ ਦੀ ਸਜ਼ਾ ਦਿਆਂਗਾ,
ਮੈਂ ਉਹਨਾਂ ਨੂੰ ਉਹਨਾਂ ਦੀਆਂ ਕਰਤੂਤਾਂ ਦਾ ਬਦਲਾ ਦਿਆਂਗਾ ।
10ਉਹ ਖਾਣਗੇ ਪਰ ਰੱਜਣਗੇ ਨਾ,
ਉਹ ਵਿਭਚਾਰ ਕਰਨਗੇ ਪਰ ਵਧਣਗੇ ਨਾ,
ਕਿਉਂ ਜੋ ਉਹਨਾਂ ਨੇ ਯਹੋਵਾਹ ਦਾ ਨਾਮ ਲੈਣਾ ਛੱਡ ਦਿੱਤਾ ।
ਪਰਮੇਸ਼ੁਰ ਦੇ ਦੁਆਰਾ ਮੂਰਤੀ ਪੂਜਾ ਦਾ ਵਿਰੋਧ
11ਵਿਭਚਾਰ, ਮਧ ਅਤੇ ਨਵੀਂ ਮੈਅ,
ਇਹ ਮੱਤ ਮਾਰ ਲੈਂਦੀਆਂ ਹਨ ।
12ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ,
ਅਤੇ ਉਹਨਾਂ ਦੀ ਸੋਟੀ ਉਹਨਾਂ ਨੂੰ ਦੱਸਦੀ ਹੈ,
ਵਿਭਚਾਰ ਦੀ ਰੂਹ ਨੇ ਉਹਨਾਂ ਨੂੰ ਭਟਕਾਇਆ ਹੋਇਆ ਹੈ,
ਉਹ ਆਪਣੇ ਪਰਮੇਸ਼ੁਰ ਦੀ ਅਧੀਨਤਾਈ ਵਿੱਚੋਂ ਬਾਹਰ ਜਾ ਕੇ ਵਿਭਚਾਰ ਕਰਦੇ ਹਨ ।
13ਉਹ ਪਹਾੜਾਂ ਦੀਆਂ ਚੋਟੀਆਂ ਉੱਤੇ ਬਲੀਆਂ ਚੜ੍ਹਾਉਂਦੇ ਹਨ,
ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ ਹੇਠ
ਧੂਫ਼ ਧੁਖਾਉਂਦੇ ਹਨ, ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ ।
ਇਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ ਹਨ,
ਇਸ ਲਈ ਤੁਹਾਡੀਆਂ ਵਹੁਟੀਆਂ ਹਰਾਮਕਾਰੀ ਕਰਦੀਆਂ ਹਨ ।
14ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ,
ਜਦ ਉਹ ਵਿਭਚਾਰ ਕਰਨ,
ਨਾ ਤੁਹਾਡੀਆਂ ਵਹੁਟੀਆਂ ਨੂੰ,
ਜਦ ਉਹ ਹਰਾਮਕਾਰੀ ਕਰਨ,
ਕਿਉਂ ਜੋ ਉਹ ਵੇਸਵਾਂ ਦੇ ਨਾਲ ਇਕੱਲੇ ਜਾਂਦੇ ਹਨ,
ਅਤੇ ਦੇਵ ਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ !
ਸਮਝ ਹੀਣ ਲੋਕ ਬਰਬਾਦ ਹੋ ਜਾਣਗੇ ।
15ਭਾਵੇਂ, ਹੇ ਇਸਰਾਏਲ, ਤੂੰ ਜ਼ਨਾਹ ਕਰੇਂ,
ਪਰ ਯਹੂਦਾਹ ਦੋਸ਼ੀ ਨਾ ਬਣੇ ।
ਗਿਲਗਾਲ ਨੂੰ ਨਾ ਆਓ,
ਬੇਤ-ਆਵਨ ਨੂੰ ਨਾ ਚੜ੍ਹੋ,
ਨਾ ਜੀਉਂਦੇ ਯਹੋਵਾਹ ਦੀ ਸਹੁੰ ਖਾਓ ।
16ਜ਼ਿੱਦੀ ਵੱਛੇ ਵਾਂਗੂੰ ਇਸਰਾਏਲ ਜ਼ਿੱਦੀ ਹੈ,
ਹੁਣ ਯਹੋਵਾਹ ਉਹਨਾਂ ਨੂੰ ਲੇਲੇ ਵਾਂਗੂੰ ਖੁਲ੍ਹੀ ਜੂਹ ਵਿੱਚ ਚਰਾਵੇਗਾ ।
17ਅਫ਼ਰਾਈਮ ਬੁੱਤਾਂ ਨੂੰ ਜੱਫੀ ਪਾ ਬੈਠਾ ਹੈ,
ਉਹ ਨੂੰ ਛੱਡ ਦਿਓ !
18ਸ਼ਰਾਬੀਆਂ ਦਾ ਜੱਥਾ ਬਣਾ ਕੇ ਉਹ ਪੁੱਜ ਕੇ ਵਿਭਚਾਰ ਕਰਦੇ ਹਨ,
ਉਹ ਦੇ ਹਾਕਮ ਸ਼ਰਮਿੰਦਗੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ ।
19ਇੱਕ ਹਵਾ ਨੇ ਉਹ ਨੂੰ ਆਪਣੇ ਪਰਾਂ ਵਿੱਚ ਵਲ੍ਹੇਟਿਆ ਹੈ,
ਅਤੇ ਉਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ ਖਾਣਗੇ ।
51ਹੇ ਜਾਜਕੋ, ਇਹ ਨਾ ਸੁਣੋ !
ਹੇ ਇਸਰਾਏਲ ਦੇ ਘਰਾਣੇ ਵਾਲਿਓ, ਧਿਆਨ ਦਿਓ !
ਹੇ ਰਾਜਾ ਦੇ ਘਰਾਣੇ ਵਾਲਿਓ, ਕੰਨ ਲਾਓ !
ਕਿਉਂ ਜੋ ਤੁਹਾਡਾ ਨਿਆਂ ਆ ਗਿਆ ਹੈ,
ਤੂੰ ਮਿਸਪਾਹ ਲਈ ਫੰਦਾ ਹੋਇਆ ਹੈਂ,
ਅਤੇ ਤਾਬੋਰ ਉੱਤੇ ਇੱਕ ਵਿਛਾਇਆ ਹੋਇਆ ਜਾਲ ।
2ਬਾਗੀ ਵੱਢਣ ਟੁੱਕਣ ਵਿੱਚ ਨਾਸ਼ ਹੋ ਰਹੇ ਹਨ,
ਪਰ ਮੈਂ ਉਹਨਾਂ ਸਾਰਿਆਂ ਨੂੰ ਸੁਧਾਰਨ ਵਾਲਾ ਹਾਂ ।
3ਮੈਂ ਅਫ਼ਰਾਈਮ ਨੂੰ ਜਾਣਦਾ ਹਾਂ,
ਅਤੇ ਇਸਰਾਏਲ ਮੇਰੇ ਤੋਂ ਲੁਕਿਆ ਹੋਇਆ ਨਹੀਂ,
ਹੇ ਅਫ਼ਰਾਈਮ, ਤੂੰ ਹੁਣ ਵਿਭਚਾਰ ਕੀਤਾ,
ਇਸਰਾਏਲ ਪਲੀਤ ਹੋ ਗਈ ।
ਮੂਰਤੀ ਪੂਜਾ ਦੇ ਵਿਰੋਧ ਵਿੱਚ ਹੋਸ਼ੇਆ ਦੀ ਚੇਤਾਵਨੀ
4ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਉਹਨਾਂ ਦੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੀਆਂ,
ਕਿਉਂ ਜੋ ਵਿਭਚਾਰ ਦੀ ਰੂਹ ਉਹਨਾਂ ਦੇ ਅੰਦਰ ਹੈ,
ਅਤੇ ਉਹ ਯਹੋਵਾਹ ਨੂੰ ਨਹੀਂ ਜਾਣਦੇ ।
5ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ,
ਇਸਰਾਏਲ ਅਤੇ ਅਫ਼ਰਾਈਮ ਆਪਣੀ ਬਦੀ ਦੇ ਕਾਰਨ ਠੋਕਰ ਖਾਣਗੇ,
ਯਹੂਦਾਹ ਵੀ ਉਹਨਾਂ ਦੇ ਨਾਲ ਠੋਕਰ ਖਾਵੇਗਾ ।
6ਉਹ ਆਪਣੇ ਇੱਜੜਾਂ ਅਤੇ ਵੱਗਾਂ ਨਾਲ
ਯਹੋਵਾਹ ਨੂੰ ਭਾਲਣ ਲਈ ਨਿੱਕਲਣਗੇ,
ਪਰ ਉਹ ਉਹਨਾਂ ਨੂੰ ਨਾ ਲੱਭਣਗੇ,
ਉਹ ਉਹਨਾਂ ਤੋਂ ਦੂਰ ਹੋ ਗਿਆ ਹੈ ।
7ਉਹਨਾਂ ਨੇ ਯਹੋਵਾਹ ਨਾਲ ਧੋਖਾ ਕੀਤਾ ਹੈ,
ਕਿਉਂ ਜੋ ਉਹਨਾਂ ਤੋਂ ਨਜ਼ਾਇਜ ਬੱਚੇ ਜੰਮੇ,
ਹੁਣ ਨਵਾਂ ਚੰਦ ਉਹਨਾਂ ਨੂੰ ਉਹਨਾਂ ਦੇ ਖੇਤਾਂ ਦੇ ਨਾਲ ਖਾ ਜਾਵੇਗਾ ।
ਇਸਰਾਏਲ ਅਤੇ ਯਹੂਦਾਹ ਦੇ ਵਿੱਚ ਯੁੱਧ
8ਗਿਬਆਹ ਵਿੱਚ ਨਰਸਿੰਗਾ ਫੂਕੋ !
ਰਾਮਾਹ ਵਿੱਚ ਤੁਰ੍ਹੀ !
ਬੈਤ-ਆਵਨ ਵਿੱਚ ਢੋਲ ਵਜਾਓ, -
ਹੇ ਬਿਨਯਾਮੀਨ, ਪਿੱਛੇ ਵੇਖ !
9ਝਿੜਕ ਦੇ ਦਿਨ ਅਫ਼ਰਾਈਮ ਵਿਰਾਨ ਹੋ ਜਾਵੇਗਾ,
ਇਸਰਾਏਲ ਦੇ ਗੋਤਾਂ ਵਿੱਚ ਮੈਂ ਓਹੀ ਦੱਸਦਾ ਹਾਂ ਜੋ ਪੱਕਾ ਹੈ ।
10ਯਹੂਦਾਹ ਦੇ ਹਾਕਮ ਬਾੜਿਆਂ ਦੇ ਭੰਨਣ ਵਾਲਿਆਂ ਵਰਗੇ ਹੋ ਗਏ ਹਨ,
ਮੈਂ ਆਪਣਾ ਕਹਿਰ ਪਾਣੀ ਵਾਂਗੂੰ ਉਨ੍ਹਾਂ ਦੇ ਉੱਤੇ ਵਹਾਵਾਂਗਾ !
11ਅਫ਼ਰਾਈਮ ਦਬਾਇਆ ਗਿਆ ਹੈ,
ਉਹ ਨਿਆਂ ਨਾਲ ਚਿੱਥਿਆ ਗਿਆ ਹੈ,
ਕਿਉਂ ਜੋ ਉਹ ਜ਼ਿੱਦ ਨਾਲ ਵਿਅਰਥ ਬਿਧੀਆਂ ਦੇ ਪਿੱਛੇ ਲੱਗਾ ਰਿਹਾ ।
12ਇਸ ਲਈ ਮੈਂ ਅਫ਼ਰਾਈਮ ਲਈ ਨਾਸ਼ ਕਰਨ ਵਾਲੇ ਕੀੜੇ ਵਾਂਗੂੰ,
ਅਤੇ ਯਹੂਦਾਹ ਦੇ ਘਰਾਣੇ ਲਈ ਘੁਣ ਵਾਂਗੂੰ ਹਾਂ ।
13ਜਦ ਅਫ਼ਰਾਈਮ ਨੇ ਆਪਣਾ ਰੋਗ ਵੇਖਿਆ,
ਅਤੇ ਯਹੂਦਾਹ ਨੇ ਆਪਣੇ ਜ਼ਖਮ ਨੂੰ,
ਤਾਂ ਅਫ਼ਰਾਈਮ ਅੱਸ਼ੂਰ ਨੂੰ ਗਿਆ,
ਅਤੇ ਇੱਕ ਝਗੜਾਲੂ ਰਾਜੇ ਕੋਲ ਸੁਨੇਹਾ ਭੇਜਿਆ,
ਪਰ ਉਹ ਤੁਹਾਨੂੰ ਚੰਗਾ ਨਹੀਂ ਕਰ ਸਕਦਾ,
ਨਾ ਤੁਹਾਡੇ ਜ਼ਖਮ ਨੂੰ ਠੀਕ ਕਰ ਸਕਦਾ ਹੈ ।
14ਮੈਂ ਤਾਂ ਆਫਰਾਈਮ ਲਈ ਬੱਬਰ ਸ਼ੇਰ ਵਾਂਗੂੰ ਹੋਵਾਂਗਾ,
ਅਤੇ ਯਹੂਦਾਹ ਦੇ ਘਰਾਣੇ ਲਈ ਜੁਆਨ ਸ਼ੇਰ ਵਾਂਗੂੰ,
ਮੈਂ, ਹਾਂ, ਮੈਂ ਹੀ ਪਾੜਾਂਗਾ ਅਤੇ ਚਲਾ ਜਾਂਵਾਂਗਾ,
ਮੈਂ ਚੁੱਕ ਲੈ ਜਾਂਵਾਂਗਾ ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ ।
15ਮੈਂ ਚਲਾ ਜਾਂਵਾਂਗਾ ਅਤੇ ਆਪਣੇ ਸਥਾਨ ਨੂੰ ਮੁੜਾਂਗਾ,
ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ,
ਅਤੇ ਮੇਰੇ ਦਰਸ਼ਨ ਦੇ ਖੋਜੀ ਨਾ ਹੋਣ ।
ਉਹ ਆਪਣੇ ਕਸ਼ਟ ਵਿੱਚ ਮੈਨੂੰ ਧਿਆਨ ਨਾਲ ਭਾਲਣਗੇ ।
6ਪਛਤਾਵਾ ਕਰਨ ਦਾ ਦਿਖਾਵਾ
1ਆਓ, ਅਸੀਂ ਯਹੋਵਾਹ ਵੱਲ ਮੁੜੀਏ,
ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ,
ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ ।
2ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ,
ਤੀਜੇ ਦਿਨ ਉਹ ਸਾਨੂੰ ਉਠਾਵੇਗਾ,
ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ !
3ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ,
ਉਹ ਦਾ ਨਿੱਕਲਣਾ ਸਵੇਰ ਦੇ ਚਾਨਣ ਵਾਂਗੂੰ ਪੱਕਾ ਹੈ,
ਉਹ ਸਾਡੇ ਕੋਲ ਵਰਖਾ ਵਾਂਗੂੰ ਆਵੇਗਾ,
ਆਖਰੀ ਵਰਖਾ ਵਾਂਗੂੰ ਜਿਹੜੀ ਭੂਮੀ ਨੂੰ ਸਿੰਜਦੀ ਹੈ ।
4ਹੇ ਅਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ ?
ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ ?
ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ,
ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ ।
5ਇਸ ਲਈ ਮੈਂ ਆਪਣਿਆਂ ਨਬੀਆਂ ਦੇ ਰਾਹੀਂ ਵੱਢ ਸੁੱਟਿਆ,
ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ,
ਅਤੇ ਮੇਰੇ ਨਿਆਂ ਚਾਨਣ ਵਾਂਗੂੰ ਨਿੱਕਲਦੇ ਹਨ ।
6ਮੈਂ ਦਯਾ ਚਾਹੁੰਦਾ ਹਾਂ, ਨਾ ਕਿ ਬਲੀਦਾਨ,
ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ ।
7ਉਹਨਾਂ ਨੇ ਆਦਮ ਵਾਂਗੂੰ ਨੇਮ ਦੀ ਉਲੰਘਣਾ ਕੀਤੀ,
ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ ।
8ਗਿਲਆਦ ਕੁਕਰਮੀਆਂ ਦੀ ਨਗਰੀ ਹੈ,
ਉਹ ਖੂਨ ਨਾਲ ਲਿੱਬੜੀ ਹੋਈ ਹੈ ।
9ਜਿਵੇਂ ਡਾਕੂਆਂ ਦੇ ਜੱਥੇ ਕਿਸੇ ਮਨੁੱਖ ਦੀ ਘਾਤ ਵਿੱਚ ਬਹਿੰਦੇ ਹਨ,
ਤਿਵੇਂ ਜਾਜਕ ਇਕੱਠੇ ਹੋਏ ਹੋਏ ਹਨ,
ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ,
ਹਾਂ, ਉਹ ਬਦਕਾਰੀ ਕਰਦੇ ਹਨ !
10ਇਸਰਾਏਲ ਦੇ ਘਰਾਣੇ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ,
ਉੱਥੇ ਅਫ਼ਰਾਈਮ ਦਾ ਵਿਭਚਾਰ ਸੀ,
ਇਸਰਾਏਲ ਪਲੀਤ ਹੋ ਗਿਆ ਹੈ ।
11ਨਾਲੇ, ਹੇ ਯਹੂਦਾਹ, ਤੇਰੇ ਲਈ ਵਾਢੀ ਠਹਿਰਾਈ ਹੋਈ ਹੈ,
ਜਦ ਮੈਂ ਆਪਣੀ ਪਰਜਾ ਗੁਲਾਮੀ ਤੋਂ ਮੋੜ ਲਿਆਵਾਂਗਾ ।
71ਜਦ ਮੈਂ ਇਸਰਾਏਲ ਨੂੰ ਚੰਗਾ ਕਰਨ ਲੱਗਾ,
ਤਾਂ ਅਫ਼ਰਾਈਮ ਦੀ ਬਦੀ ਪਰਗਟ ਹੋ ਗਈ,
ਨਾਲੇ ਸਾਮਰਿਯਾ ਦੀ ਬੁਰਿਆਈ ਵੀ, -
ਕਿਉਂਕਿ ਉਹ ਝੂਠ ਮਾਰਦੇ ਹਨ,
ਚੋਰ ਅੰਦਰ ਆ ਵੜਦੇ ਹਨ,
ਡਾਕੂਆਂ ਦੇ ਜੱਥੇ ਬਾਹਰ ਲੁੱਟਦੇ ਹਨ ।
2ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ
ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ,
ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ,
ਉਹ ਮੇਰੇ ਸਨਮੁਖ ਹਨ ।
ਰਾਜ ਮਹਿਲ ਦੇ ਵਿੱਚ ਬਗਾਵਤ ਦੀ ਸਾਜਿਸ਼
3ਉਹ ਆਪਣੀਆਂ ਬਦੀਆਂ ਨਾਲ ਰਾਜਾ ਨੂੰ
ਅਤੇ ਆਪਣਿਆਂ ਝੂਠਾਂ ਨਾਲ ਹਾਕਮਾਂ ਨੂੰ ਖੁਸ਼ ਕਰਦੇ ਹਨ ।
4ਉਹ ਸਾਰੇ ਦੇ ਸਾਰੇ ਵਿਭਚਾਰੀ ਹਨ,
ਉਹ ਉਸ ਤੰਦੂਰ ਵਾਂਗੂੰ ਹਨ ਜੋ ਭਠਿਆਰਾ ਗਰਮ ਕਰਦਾ ਹੈ,
ਆਟਾ ਗੁੰਨ੍ਹਣ ਤੋਂ ਖਮੀਰ ਹੋਣ ਤੱਕ,
ਉਹ ਅੱਗ ਭੜਕਾਉਣ ਤੋਂ ਰੁਕਿਆ ਰਹਿੰਦਾ ਹੈ ।
5ਸਾਡੇ ਰਾਜੇ ਦੇ ਦਿਨ
ਹਾਕਮ ਮੈਅ ਦੀ ਗਰਮੀ ਨਾਲ ਬੀਮਾਰ ਹੋ ਗਏ,
ਉਸ ਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ ।
6ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂੰ ਤਿਆਰ ਕੀਤਾ,
ਜਦ ਉਹ ਘਾਤ ਵਿੱਚ ਬਹਿੰਦੇ ਹਨ,
ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ,
ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂੰ ਬਲ ਉੱਠਦਾ ਹੈ ।
7ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂੰ ਤੱਤੇ ਹਨ,
ਅਤੇ ਉਹ ਆਪਣੇ ਨਿਆਈਆਂ ਨੂੰ ਖਾ ਜਾਂਦੇ ਹਨ,
ਉਹਨਾਂ ਦੇ ਸਾਰੇ ਰਾਜੇ ਡਿੱਗ ਪਏ,
ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ ।
ਇਸਰਾਏਲ ਅਤੇ ਹੋਰ ਜਾਤੀਆਂ
8ਅਫ਼ਰਾਈਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ,
ਅਫ਼ਰਾਈਮ ਇੱਕ ਚਪਾਤੀ ਹੈ ਜੋ ਉਲਟਾਈ ਨਾ ਗਈ !
9ਓਪਰੇ ਉਸ ਦੀ ਸ਼ਕਤੀ ਨੂੰ ਖਾ ਗਏ,
ਅਤੇ ਉਹ ਇਹ ਨਹੀਂ ਜਾਣਦਾ ।
ਉਹ ਦੇ ਧੌਲੇ ਆਉਣ ਲੱਗ ਪਏ ਹਨ,
ਅਤੇ ਉਹ ਇਹ ਨਹੀਂ ਜਾਣਦਾ ।
10ਇਸਰਾਏਲ ਦਾ ਹੰਕਾਰ ਉਹ ਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ,
ਪਰ ਉਹ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਨਹੀਂ ਮੁੜਦੇ,
ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹ ਉਸ ਦੇ ਖੋਜੀ ਨਾ ਹੋਏ ।
11ਅਫ਼ਰਾਈਮ ਇੱਕ ਭੋਲੀ ਤੇ ਬੁੱਧਹੀਣ ਘੁੱਗੀ ਵਰਗਾ ਹੈ,
ਉਹ ਮਿਸਰ ਨੂੰ ਪੁਕਾਰਦੇ ਹਨ, ਅੱਸ਼ੂਰ ਨੂੰ ਜਾਂਦੇ ਹਨ !
12ਜਦ ਉਹ ਜਾਂਦੇ ਹਨ ਮੈਂ ਆਪਣਾ ਜਾਲ ਉਹਨਾਂ ਦੇ ਉੱਤੇ ਵਿਛਾਵਾਂਗਾ,
ਅਕਾਸ਼ ਦੇ ਪੰਛੀ ਵਾਂਗੂੰ ਮੈਂ ਉਹਨਾਂ ਨੂੰ ਹੇਠਾਂ ਲਾਹਵਾਂਗਾ,
ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ ।
13ਹਾਇ ਉਹਨਾਂ ਨੂੰ ! ਉਹ ਜੋ ਮੇਰੇ ਤੋਂ ਭਟਕ ਗਏ ।
ਬਰਬਾਦੀ ਉਹਨਾਂ ਲਈ ! ਉਹ ਜੋ ਮੇਰੇ ਅਪਰਾਧੀ ਹੋ ਗਏ ।
ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ,
ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ ।
14ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ,
ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿੱਲਾਉਂਦੇ ਹਨ ।
ਉਹ ਅੰਨ ਅਤੇ ਨਵੀਂ ਮੈਅ ਲਈ ਇਕੱਠੇ ਹੋ ਜਾਂਦੇ ਹਨ,
ਪਰ ਮੇਰੇ ਤੋਂ ਬਾਗੀ ਰਹਿੰਦੇ ਹਨ ।
15ਮੈਂ ਉਹਨਾਂ ਦੀ ਬਾਂਹ ਨੂੰ ਸਿਖਾਇਆ ਤੇ ਤਕੜਾ ਕੀਤਾ,
ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ ।
16ਉਹ ਮੁੜ ਜਾਂਦੇ ਹਨ ਪਰ ਅੱਤ ਮਹਾਨ ਵੱਲ ਨਹੀਂ,
ਉਹ ਨਕਲੀ ਧਣੁਖ ਵਰਗੇ ਹਨ ।
ਉਹਨਾਂ ਦੇ ਹਾਕਮ ਤਲਵਾਰ ਨਾਲ,
ਉਹਨਾਂ ਦੀ ਜ਼ਬਾਨ ਦੀ ਕਾਹਲੀ ਦੇ ਕਾਰਨ ਡਿੱਗ ਪੈਣਗੇ, -
ਇਹ ਮਿਸਰ ਦੇਸ ਵਿੱਚ ਉਹਨਾਂ ਦਾ ਠੱਠਾ ਹੋਵੇਗਾ ।
8ਮੂਰਤੀ ਪੂਜਾ ਦੇ ਲਈ ਇਸਰਾਏਲ ਦਾ ਵਿਰੋਧ
1ਆਪਣੇ ਬੁੱਲ੍ਹਾਂ ਨੂੰ ਤੁਰ੍ਹੀ ਲਾ !
ਉਹ ਉਕਾਬ ਵਾਂਗੂੰ ਯਹੋਵਾਹ ਦੇ ਭਵਨ ਉੱਤੇ ਹਨ,
ਕਿਉਂ ਜੋ ਉਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ,
ਮੇਰੀ ਬਿਵਸਥਾ ਦੇ ਵਿਰੁੱਧ ਅਪਰਾਧ ਕੀਤਾ ।
2ਉਹ ਮੇਰੀ ਦੁਹਾਈ ਦਿੰਦੇ ਹਨ, -
ਹੇ ਸਾਡੇ ਪਰਮੇਸ਼ੁਰ, ਅਸੀਂ ਜੋ ਇਸਰਾਏਲੀ ਹਾਂ, ਤੈਨੂੰ ਜਾਣਦੇ ਹਾਂ !
3ਇਸਰਾਏਲ ਨੇ ਭਲਿਆਈ ਨੂੰ ਰੱਦ ਕੀਤਾ,
ਵੈਰੀ ਉਹ ਦਾ ਪਿੱਛਾ ਕਰੇਗਾ ।
4ਉਹਨਾਂ ਨੇ ਰਾਜੇ ਬਣਾਏ, ਪਰ ਮੇਰੀ ਵੱਲੋਂ ਨਹੀਂ,
ਉਹਨਾਂ ਨੇ ਹਾਕਮ ਠਹਿਰਾਏ, ਪਰ ਮੈਂ ਨਹੀਂ ਜਾਣਿਆ ।
ਉਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ,
ਤਾਂ ਕਿ ਉਹ ਮਿਟਾਏ ਜਾਣ ।
5ਉਹ ਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਯਾ !
ਮੇਰਾ ਕ੍ਰੋਧ ਉਹਨਾਂ ਉੱਤੇ ਭੜਕਿਆ ।
ਉਹ ਕਦੋਂ ਸ਼ੁੱਧਤਾਈ ਤੱਕ ਪਹੁੰਚਣਗੇ ?
6ਇਸਰਾਏਲ ਤੋਂ ਇਹ ਤਾਂ ਹੈ
ਕਾਰੀਗਰ ਨੇ ਉਹ ਨੂੰ ਬਣਾਇਆ,
ਅਤੇ ਉਹ ਪਰਮੇਸ਼ੁਰ ਨਹੀਂ ਹੈ,
ਹਾਂ ਸਾਮਰਿਯਾ ਦਾ ਵੱਛਾ ਟੁੱਕੜੇ-ਟੁੱਕੜੇ ਕੀਤਾ ਜਾਵੇਗਾ ।
7ਉਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ !
ਕੋਈ ਖੜ੍ਹੀ ਫ਼ਸਲ ਨਹੀਂ,
ਸਿੱਟਾ ਆਟਾ ਨਹੀਂ ਦੇਵੇਗਾ,
ਜੇ, ਦੇਵੇ ਵੀ ਤਾਂ ਓਪਰੇ ਉਹ ਨੂੰ ਨਿਗਲ ਲੈਣਗੇ !
8ਇਸਰਾਏਲ ਨਿਗਲਿਆ ਗਿਆ,
ਹੁਣ ਉਹ ਕੌਮਾਂ ਦੇ ਵਿੱਚ ਨਾ-ਪਸੰਦ ਬਰਤਨ ਵਰਗਾ ਹੈ ।
9ਕਿਉਂ ਜੋ ਉਹ ਅੱਸ਼ੂਰ ਨੂੰ ਚੱਲੇ ਗਏ ਹਨ,
ਜਿਵੇਂ ਇੱਕ ਜੰਗਲੀ ਖੋਤਾ ਇਕੱਲਾ ਅਵਾਰਾ ਹੋਵੇ ।
ਅਫ਼ਰਾਈਮ ਨੇ ਕਿਰਾਏ ਉੱਤੇ ਯਾਰ ਲਏ ਹਨ ।
10ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ,
ਮੈਂ ਉਹਨਾਂ ਨੂੰ ਹੁਣ ਇਕੱਠਾ ਕਰਾਂਗਾ ।
ਉਹ ਰਾਜੇ ਅਤੇ ਹਾਕਮਾਂ ਦੇ ਭਾਰ ਤੋਂ ਘੱਟ ਹੋਣ ਲੱਗੇ ।
11ਇਸ ਲਈ ਕਿ ਅਫ਼ਰਾਈਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ,
ਉਹ ਉਸ ਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ ।
12ਮੈਂ ਉਸ ਦੇ ਲਈ ਆਪਣੀ ਬਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ,
ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ ।
13ਮੇਰੇ ਚੜ੍ਹਾਵੇ ਦੀਆਂ ਬਲੀਆਂ ਲਈ
ਉਹ ਮਾਸ ਚੜ੍ਹਾਉਂਦੇ ਹਨ ਅਤੇ ਖਾਂਦੇ ਹਨ,
ਪਰ ਯਹੋਵਾਹ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ।
ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ,
ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ, -
ਉਹ ਮਿਸਰ ਨੂੰ ਮੁੜ ਜਾਣਗੇ ।
14ਇਸਰਾਏਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ,
ਅਤੇ ਮਹਿਲ ਬਣਾਏ,
ਯਹੂਦਾਹ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ,
ਪਰ ਮੈਂ ਅੱਗ ਉਸ ਦੇ ਸ਼ਹਿਰਾਂ ਵਿੱਚ ਭੇਜਾਂਗਾ,
ਅਤੇ ਉਹ ਉਸ ਦੇ ਕਿਲਿਆਂ ਨੂੰ ਭਸਮ ਕਰ ਦੇਵੇਗੀ ।
9ਇਸਰਾਏਲ ਲਈ ਸਜ਼ਾ ਦੀ ਘੋਸ਼ਣਾ
1ਹੇ ਇਸਰਾਏਲ, ਅਨੰਦ ਨਾ ਹੋ,
ਉੱਮਤਾਂ ਵਾਂਗੂੰ ਖੁਸ਼ੀ ਨਾ ਮਨਾ !
ਤੂੰ ਆਪਣੇ ਪਰਮੇਸ਼ੁਰ ਨੂੰ ਛੱਡ ਕੇ ਵਿਭਚਾਰ ਕੀਤਾ,
ਅੰਨ ਦੇ ਹਰ ਇੱਕ ਪਿੜ ਉੱਤੇ
ਤੂੰ ਆਪਣੀ ਵੇਸਵਾਗਿਰੀ ਦੀ ਕਮਾਈ ਨੂੰ ਪਿਆਰ ਕੀਤਾ ਹੈ !
2ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ,
ਅਤੇ ਨਵੀਂ ਮੈਅ ਉਸ ਤੋਂ ਥੁੜ ਜਾਵੇਗੀ ।
3ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ,
ਪਰ ਅਫ਼ਰਾਈਮ ਮਿਸਰ ਨੂੰ ਮੁੜੇਗਾ,
ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ ।
4ਉਹ ਯਹੋਵਾਹ ਲਈ ਮੈਅ ਨਾ ਡੋਹਲਣਗੇ,
ਉਹ ਉਸ ਨੂੰ ਪਸੰਦ ਨਾ ਆਉਣਗੇ,
ਉਹਨਾਂ ਦੇ ਚੜ੍ਹਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂੰ ਹੋਣਗੇ,
ਸਾਰੇ ਉਹ ਦੇ ਖਾਣ ਵਾਲੇ ਪਲੀਤ ਹੋਣਗੇ,
ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ,
ਉਹ ਯਹੋਵਾਹ ਦੇ ਭਵਨ ਵਿੱਚ ਨਾ ਆਵੇਗੀ ।
5ਤੁਸੀਂ ਪਰਬਾਂ ਦੇ ਦਿਨ ਲਈ,
ਅਤੇ ਯਹੋਵਾਹ ਦੇ ਪਰਬ ਦੇ ਦਿਨ ਲਈ ਕੀ ਕਰੋਗੇ ?
6ਵੇਖੋ ਤਾਂ, ਉਹ ਬਰਬਾਦੀ ਤੋਂ ਚੱਲੇ ਗਏ,
ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ,
ਮੋਫ਼ ਉਹਨਾਂ ਨੂੰ ਦਫਨ ਕਰੇਗਾ,
ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ,
ਬਿੱਛੂ ਬੂਟੀ ਉਨ੍ਹਾਂ ਉੱਤੇ ਕਬਜ਼ਾ ਕਰ ਲਵੇਗੀ,
ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ ।
7ਸਜ਼ਾ ਦੇ ਦਿਨ ਆ ਗਏ,
ਬਦਲੇ ਦੇ ਦਿਨ ਆ ਗਏ,
ਇਸਰਾਏਲ ਇਹ ਨੂੰ ਜਾਣੇਗਾ,
ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ,
ਤੇਰੀ ਬਦੀ ਦੀ ਵਾਫ਼ਰੀ ਦੇ ਕਾਰਨ,
ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ ।
8ਅਫ਼ਰਾਈਮ ਮੇਰੇ ਪਰਮੇਸ਼ੁਰ ਨਾਲ ਪਹਿਰੇਦਾਰ ਹੈ,
ਹੁਣ ਰਿਹਾ ਨਬੀ, - ਉਹ ਦੇ ਸਾਰੇ ਰਾਹਾਂ ਉੱਤੇ ਚਿੜੀਮਾਰ ਦਾ ਜਾਲ ਹੈ,
ਅਤੇ ਉਹ ਦੇ ਪਰਮੇਸ਼ੁਰ ਦੇ ਘਰ ਵਿੱਚ ਦੁਸ਼ਮਣੀ ਹੈ ।
9ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ,
ਜਿਵੇਂ ਗਿਬਆਹ ਦੇ ਦਿਨਾਂ ਵਿੱਚ,
ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ
ਉਹ ਉਹਨਾਂ ਦੇ ਪਾਪਾਂ ਦੀ ਖਬਰ ਲਵੇਗਾ ।
ਇਸਰਾਏਲ ਦਾ ਪਾਪ ਅਤੇ ਉਸ ਦਾ ਫਲ
10ਮੈਂ ਇਸਰਾਏਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂੰ ਪਾਇਆ,
ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਹੰਜ਼ੀਰ ਦੇ ਪਹਿਲੇ ਫਲ ਵਾਂਗੂੰ ਉਹ ਦੀ ਪਹਿਲੀ ਰੁੱਤ ਵਿੱਚ ਵੇਖਿਆ,
ਉਹ ਬਆਲ - ਪਓਰ ਨੂੰ ਗਏ,
ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ,
ਅਤੇ ਆਪਣੇ ਮਨ ਮੋਹਣੇ ਵਾਂਗੂੰ ਘਿਣਾਉਣੇ ਹੋ ਗਏ ।
11ਅਫ਼ਰਾਈਮ ਦਾ ਪਰਤਾਪ ਪੰਛੀ ਵਾਂਗੂੰ ਉੱਡ ਜਾਵੇਗਾ, -
ਨਾ ਜਣਨ, ਨਾ ਹਮਲ, ਨਾ ਗਰਭ !
12ਭਾਵੇਂ ਉਹ ਬੱਚੇ ਪਾਲਣ,
ਮੈਂ ਓਹਨਾਂ ਨੂੰ ਔਂਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ,
ਅਤੇ ਹਾਇ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਂਵਾਂਗਾ !
13ਅਫ਼ਰਾਈਮ, ਜਿਵੇਂ ਮੈਂ ਸੂਰ ਨੂੰ ਵੇਖਿਆ,
ਚੰਗੇ ਥਾਂ ਲਾਇਆ ਗਿਆ ਹੈ,
ਪਰ ਅਫ਼ਰਾਈਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ !
14ਹੇ ਯਹੋਵਾਹ, ਉਹਨਾਂ ਨੂੰ ਦੇ !
ਤੂੰ ਕੀ ਦੇਵੇਂਗਾ ?
ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ !
ਇਸਰਾਏਲ ਦਾ ਨਿਆਂ
15ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ,
ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ,
ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ
ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ,
ਮੈਂ ਉਹਨਾਂ ਨਾਲ ਫੇਰ ਪਿਆਰ ਨਾ ਕਰਾਂਗਾ,
ਉਹਨਾਂ ਦੇ ਸਾਰੇ ਹਾਕਮ ਬਾਗੀ ਹਨ ।
16ਅਫ਼ਰਾਈਮ ਮਾਰਿਆ ਗਿਆ,
ਉਹ ਦੀ ਜੜ੍ਹ ਸੁੱਕ ਗਈ, ਉਹ ਫਲ ਨਾ ਦੇਵੇਗੀ,
ਜੇ ਉਹ ਜਣਨ ਵੀ, ਮੈਂ ਉਹਨਾਂ ਦੀਆਂ ਕੁੱਖਾਂ ਦੇ ਲਾਡਲਿਆਂ ਨੂੰ ਮਾਰ ਦਿਆਂਗਾ ।
ਇਸਰਾਏਲ ਦੇ ਬਾਰੇ ਨਬੀ ਦੀ ਚੇਤਾਵਨੀ
17ਮੇਰਾ ਪਰਮੇਸ਼ੁਰ ਉਹਨਾਂ ਨੂੰ ਰੱਦ ਕਰ ਦੇਵੇਗਾ,
ਕਿਉਂ ਜੋ ਉਹ ਉਸ ਦੀ ਨਹੀਂ ਸੁਣਦੇ,
ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ ।
101ਇਸਰਾਏਲ ਹਰੀ ਭਰੀ ਬੇਲ ਹੈ,
ਜੋ ਫਲ ਦਿੰਦੀ ਹੈ ।
ਜਿੰਨਾ ਉਹ ਦਾ ਫਲ ਵਧਿਆ,
ਓਨੀਆਂ ਉਸ ਨੇ ਜਗਵੇਦੀਆਂ ਵਧਾਈਆਂ,
ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ,
ਤਿਵੇਂ ਉਹਨਾਂ ਨੇ ਥੰਮ੍ਹ ਚੰਗੇ ਬਣਾਏ ।
2ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ,
ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ,
ਉਹ ਉਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ ।
3ਹੁਣ ਉਹ ਤਾਂ ਆਖਣਗੇ, ਸਾਡਾ ਰਾਜਾ ਨਹੀਂ,
ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ,
ਅਤੇ ਰਾਜਾ ਸਾਡੇ ਲਈ ਕੀ ਕਰੇਗਾ ?
4ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ,
ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ,
ਸੋ ਨਿਆਂ ਜ਼ਹਿਰੀਲੇ ਪੌਦਿਆਂ ਵਾਂਗੂੰ
ਖੇਤ ਦੀਆਂ ਕਿਆਰੀਆਂ ਵਿੱਚ ਉੱਗ ਪੈਂਦਾ ਹੈ ।
5ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ,
ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ,
ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ,
ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ ।
6ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ,
ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ,
ਅਫ਼ਰਾਈਮ ਸ਼ਰਮ ਖਾਵੇਗਾ,
ਅਤੇ ਇਸਰਾਏਲ ਆਪਣੀ ਯੋਜਨਾ ਤੋਂ ਸ਼ਰਮਿੰਦਾ ਹੋਵੇਗਾ ।
7ਸਾਮਰਿਯਾ ਦਾ ਰਾਜਾ ਇਸ ਤਰ੍ਹਾਂ ਕੱਟਿਆ ਜਾਵੇਗਾ,
ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਹੁੰਦੇ ਹਨ ।
8ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ਼ ਕੀਤੇ ਜਾਣਗੇ,
ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ,
ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ !
ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ ।
ਪਰਮੇਸ਼ੁਰ ਵੱਲੋਂ ਇਸਰਾਏਲ ਦੇ ਉੱਤੇ ਸਜ਼ਾ ਦੀ ਘੋਸ਼ਣਾ
9ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ,
ਉਹ ਉੱਥੇ ਹੀ ਲੱਗੇ ਰਹੇ, -
ਭਲਾ, ਲੜਾਈ ਗਿਬਆਹ ਵਿੱਚ
ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ ?
10ਜਦ ਮੈਂ ਚਾਹਾਂ ਮੈਂ ਉਹਨਾਂ ਨੂੰ ਤਾੜਾਂਗਾ,
ਅਤੇ ਉੱਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ,
ਜਦ ਉਹ ਆਪਣੀਆਂ ਦੋ ਬੁਰਿਆਈਆਂ ਲਈ ਗੁਲਾਮ ਕੀਤੇ ਜਾਣਗੇ ।
11ਅਫ਼ਰਾਈਮ ਸਿਖਾਈ ਹੋਈ ਵੱਛੀ ਹੈ,
ਜਿਹੜੀ ਗਾਹ ਨੂੰ ਪਸੰਦ ਕਰਦੀ ਹੈ,
ਅਤੇ ਮੈਂ ਉਹ ਦੀ ਸੋਹਣੀ ਧੌਣ ਦਾ ਸਰਫਾ ਕੀਤਾ,
ਮੈਂ ਅਫ਼ਰਾਈਮ ਨੂੰ ਜੋਤਾਂਗਾ,
ਯਹੂਦਾਹ ਹਲ ਵਾਹੇਗਾ,
ਯਾਕੂਬ ਉਹ ਦੇ ਲਈ ਢੀਮਾ ਭੰਨੇਗਾ ।
12ਆਪਣੇ ਲਈ ਧਰਮ ਬੀਜੋ,
ਦਯਾ ਅਨੁਸਾਰ ਫ਼ਸਲ ਵੱਢੋ,
ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ,
ਇਹ ਯਹੋਵਾਹ ਨੂੰ ਖੋਜਣ ਦਾ ਸਮਾਂ ਹੈ,
ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰ੍ਹਾਵੇ ।
13ਤੁਸੀਂ ਦੁਸ਼ਟਪੁਣੇ ਦੀ ਵਾਹੀ ਕੀਤੀ,
ਤੁਸੀਂ ਬੁਰਿਆਈ ਵੱਢੀ,
ਤੁਸੀਂ ਝੂਠ ਦਾ ਫਲ ਖਾਧਾ,
ਕਿਉਂ ਜੋ ਤੂੰ ਆਪਣੇ ਰਾਹ ਉੱਤੇ,
ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ ਕੀਤਾ ।
14ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ,
ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ,
ਜਿਵੇਂ ਸ਼ਲਮਨ ਨੇ ਜੁੱਧ ਦੇ ਦਿਨ ਬੈਤ-ਅਰਬੇਲ ਨੂੰ ਬਰਬਾਦ ਕੀਤਾ,
ਮਾਂ ਬੱਚਿਆਂ ਸਣੇ ਪਟਕਾਈ ਗਈ ।
15ਇਸ ਲਈ ਬੈਤਏਲ ਤੁਹਾਡੀ ਵੱਡੀ ਬਦੀ ਦੇ ਕਾਰਨ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ,
ਸਵੇਰ ਨੂੰ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਹੀ ਮਿਟਾਇਆ ਜਾਵੇਗਾ !
11ਬਾਗੀ ਇਸਰਾਏਲ ਦੇ ਲਈ ਪਰਮੇਸ਼ੁਰ ਦਾ ਪ੍ਰੇਮ
1ਜਦ ਇਸਰਾਏਲ ਬੱਚਾ ਸੀ ਮੈਂ ਉਹ ਨੂੰ ਪਿਆਰ ਕੀਤਾ,
ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ ।
2ਜਿੰਨਾ ਉਨ੍ਹਾਂ ਨੇ ਉਹਨਾਂ ਨੂੰ ਬੁਲਾਇਆ,
ਉੱਨੀ ਦੂਰ ਉਹ ਉਨ੍ਹਾਂ ਤੋਂ ਚੱਲੇ ਗਏ,
ਉਹਨਾਂ ਨੇ ਬਆਲਾਂ ਲਈ ਬਲੀਆਂ ਚੜ੍ਹਾਈਆਂ,
ਅਤੇ ਮੂਰਤੀਆਂ ਲਈ ਧੂਫ਼ ਧੁਖਾਈ ।
3ਮੈਂ ਅਫ਼ਰਾਈਮ ਨੂੰ ਤੁਰਨਾ ਸਿਖਾਇਆ,
ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ,
ਪਰ ਉਹਨਾਂ ਨਾ ਜਾਣਿਆ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ ।
4ਮੈਂ ਉਹਨਾਂ ਨੂੰ ਆਦਮੀ ਦੇ ਰੱਸਿਆਂ ਨਾਲ
ਅਤੇ ਪ੍ਰੇਮ ਦੇ ਬੰਧਨਾਂ ਨਾਲ ਖਿੱਚਿਆ ।
ਮੈਂ ਉਹਨਾਂ ਲਈ ਉਹ ਬਣਿਆ
ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਖੋਲ੍ਹਦਾ ਹੈ,
ਮੈਂ ਉਹਨਾਂ ਦੀ ਵੱਲ ਝੁਕ ਕੇ ਖੁਆਇਆ ।
5ਉਹ ਮਿਸਰ ਦੇਸ ਵਿੱਚ ਨਾ ਮੁੜਨਗੇ,
ਪਰ ਅੱਸ਼ੂਰ ਉਹਨਾਂ ਦਾ ਰਾਜਾ ਹੋਵੇਗਾ,
ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ ।
6ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ,
ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ,
ਅਤੇ ਉਹਨਾਂ ਦੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ ।
7ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ ਹਨ,
ਉਹ ਅੱਤ ਮਹਾਨ ਨੂੰ ਪੁਕਾਰਦੇ ਹਨ,
ਪਰ ਉਹ ਮਿਲ ਕੇ ਉਹ ਨੂੰ ਨਾ ਵਡਿਆਉਣਗੇ ।
8ਹੇ ਅਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡਾਂ ?
ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ ?
ਮੈਂ ਤੈਨੂੰ ਕਿਵੇਂ ਅਦਮਾਹ ਵਾਂਗੂੰ ਕਰਾਂ ?
ਮੈਂ ਤੇਰੇ ਨਾਲ ਕਿਵੇਂ ਸਬੋਈਮ ਵਾਂਗੂੰ ਵਰਤਾਵ ਕਰਾਂ ?
ਮੇਰਾ ਦਿਲ ਮੇਰੇ ਅੰਦਰ ਬਦਲ ਗਿਆ,
ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ ।
9ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਵਿਹਾਰ ਨਹੀਂ ਕਰਾਂਗਾ,
ਮੈਂ ਅਫ਼ਰਾਈਮ ਦੇ ਨਾਸ਼ ਕਰਨ ਲਈ ਨਹੀਂ ਮੁੜਾਂਗਾ ।
ਮੈਂ ਪਰਮੇਸ਼ੁਰ ਹਾਂ, ਇਨਸਾਨ ਨਹੀਂ,
ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ,
ਮੈਂ ਕ੍ਰੋਧ ਨਾਲ ਨਹੀਂ ਆਵਾਂਗਾ ।
10ਉਹ ਯਹੋਵਾਹ ਦੇ ਪਿੱਛੇ ਚੱਲਣਗੇ,
ਉਹ ਬਬਰ ਸ਼ੇਰ ਵਾਂਗੂੰ ਗੱਜੇਗਾ,
ਜਦ ਉਹ ਗੱਜੇਗਾ, ਉਹ ਦੇ ਪੁੱਤਰ ਕੰਬਦੇ ਹੋਏ ਪੱਛਮ ਵੱਲੋਂ ਆਉਣਗੇ ।
11ਉਹ ਮਿਸਰ ਵਿੱਚੋਂ ਪੰਛੀ ਵਾਂਗੂੰ,
ਅਤੇ ਅੱਸ਼ੂਰ ਦੇ ਦੇਸ ਵਿੱਚੋਂ ਘੁੱਗੀ ਵਾਂਗੂੰ ਕੰਬਦੇ ਹੋਏ ਆਉਣਗੇ,
ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ,
ਯਹੋਵਾਹ ਦਾ ਵਾਕ ਹੈ ।
ਇਸਰਾਏਲ ਅਤੇ ਯਹੂਦਾਹ ਦਾ ਵਿਰੋਧ
12ਅਫ਼ਰਾਈਮ ਨੇ ਮੈਨੂੰ ਝੂਠ ਨਾਲ,
ਅਤੇ ਇਸਰਾਏਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ ।
ਪਰ ਯਹੂਦਾਹ ਹੁਣ ਤੱਕ ਪਰਮੇਸ਼ੁਰ ਨਾਲ ਚੱਲਦਾ ਰਿਹਾ,
ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ ।
121ਅਫ਼ਰਾਈਮ ਹਵਾ ਖਾਂਦਾ ਹੈ,
ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ,
ਉਹ ਸਾਰਾ ਦਿਨ ਝੂਠ ਤੇ ਲੁੱਟ ਮਾਰ ਵਧਾਉਂਦੇ ਹਨ,
ਉਹ ਅੱਸ਼ੂਰ ਨਾਲ ਨੇਮ ਬੰਨ੍ਹਦਾ ਹੈ,
ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ ।
2ਯਹੋਵਾਹ ਦਾ ਯਹੂਦਾਹ ਨਾਲ ਝਗੜਾ ਹੈ,
ਉਹ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ,
ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗਾ ।
3ਉਸ ਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ,
ਅਤੇ ਆਪਣੀ ਜੁਆਨੀ ਵਿੱਚ ਪਰਮੇਸ਼ੁਰ ਨਾਲ ਘੋਲ ਕੀਤਾ,
4ਹਾਂ, ਉਸ ਨੇ ਦੂਤ ਨਾਲ ਘੋਲ ਕੀਤਾ ਅਤੇ ਪਰਬਲ ਪੈ ਗਿਆ,
ਉਸ ਨੇ ਰੋ ਕੇ ਉਹ ਦੀ ਦਯਾ ਮੰਗੀ,
ਉਸ ਨੇ ਉਹ ਨੂੰ ਬੈਤਏਲ ਵਿੱਚ ਲੱਭਾ,
ਅਤੇ ਉੱਥੇ ਉਹ ਸਾਡੇ ਨਾਲ ਬੋਲਿਆ,
5ਯਹੋਵਾਹ, ਸੈਨਾਂ ਦਾ ਪਰਮੇਸ਼ੁਰ,
ਯਹੋਵਾਹ ਉਸ ਦਾ ਯਾਦਗਾਰੀ ਨਾਮ ਹੈ !
6ਤੂੰ ਆਪਣੇ ਪਰਮੇਸ਼ੁਰ ਵੱਲ ਮੁੜ,
ਦਯਾ ਅਤੇ ਨਿਆਂ ਦੀ ਪਾਲਨਾ ਕਰ,
ਅਤੇ ਸਦਾ ਆਪਣੇ ਪਰਮੇਸ਼ੁਰ ਦੀ ਉਡੀਕ ਕਰ ।
7ਉਹ ਵਪਾਰੀ ਹੈ, ਉਹ ਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ,
ਉਹ ਧੱਕੇਖੋਰੀ ਨੂੰ ਪਿਆਰ ਕਰਦਾ ਹੈ ।
8ਅਫ਼ਰਾਈਮ ਕਹਿੰਦਾ ਹੈ, ਮੈਂ ਸੱਚ-ਮੁੱਚ ਧਨੀ ਹੋ ਗਿਆ ਹਾਂ,
ਮੈਂ ਆਪਣੇ ਲਈ ਧਨ ਜੋੜਿਆ ਹੈ,
ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ
ਜਿਹੜੀ ਪਾਪ ਹੈ, ਨਾ ਪਾਉਣਗੇ ।
9ਪਰ ਮੈਂ ਮਿਸਰ ਦੇਸ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ,
ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ,
ਜਿਵੇਂ ਮਿਥੇ ਹੋਏ ਪਰਬਾਂ ਦੇ ਦਿਨਾਂ ਵਿੱਚ ।
10ਮੈਂ ਨਬੀਆਂ ਨਾਲ ਗੱਲ ਕੀਤੀ,
ਮੈਂ ਦਰਸ਼ਣ ਤੇ ਦਰਸ਼ਣ ਦਿੱਤਾ,
ਅਤੇ ਨਬੀਆਂ ਦੇ ਰਾਹੀਂ ਦ੍ਰਿਸ਼ਟਾਂਤ ਵਰਤੇ ।
11ਜੇ ਗਿਲਆਦ ਵਿੱਚ ਬੁਰਿਆਈ ਹੈ,
ਉਹ ਜ਼ਰੂਰ ਨਿਕੰਮੇ ਹੋ ਜਾਣਗੇ,
ਉਹ ਗਿਲਗਾਲ ਵਿੱਚ ਵਹਿੜਕੇ ਕੱਟਦੇ ਹਨ,
ਪਰ ਉਹਨਾਂ ਦੀਆਂ ਜਗਵੇਦੀਆਂ,
ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ ।
12ਯਾਕੂਬ ਅਰਾਮ ਦੇ ਰੜ ਨੂੰ ਭੱਜ ਗਿਆ,
ਇਸਰਾਏਲ ਨੇ ਔਰਤ ਲਈ ਟਹਿਲ ਸੇਵਾ ਕੀਤੀ,
ਅਤੇ ਤੀਵੀਂ ਲਈ ਭੇਡਾਂ ਦੀ ਰਾਖੀ ਕੀਤੀ ।
13ਯਹੋਵਾਹ ਨਬੀ ਦੇ ਰਾਹੀਂ ਇਸਰਾਏਲ ਨੂੰ ਮਿਸਰੋਂ ਕੱਢ ਲੈ ਆਇਆ,
ਅਤੇ ਨਬੀ ਦੇ ਰਾਹੀਂ ਉਹ ਸੰਭਾਲੇ ਗਏ ।
14ਅਫ਼ਰਾਈਮ ਨੇ ਕੌੜਾ ਕ੍ਰੋਧ ਚੜ੍ਹਾਇਆ,
ਸੋ ਉਹ ਦੇ ਖ਼ੂਨ ਉਹ ਦੇ ਉੱਤੇ ਰੱਖੇ ਜਾਣਗੇ,
ਅਤੇ ਉਹ ਦੀ ਨਿੰਦਿਆ ਉਹ ਦਾ ਪ੍ਰਭੂ ਉਹ ਦੇ ਉੱਤੇ ਹੀ ਮੋੜੇਗਾ !
13ਇਸਰਾਏਲ ਦਾ ਅੰਤਿਮ ਨਿਆਂ
1ਜਦ ਅਫ਼ਰਾਈਮ ਬੋਲਦਾ ਸੀ, ਤਾਂ ਕਾਂਬਾ ਆ ਪੈਂਦਾ ਸੀ,
ਉਹ ਇਸਰਾਏਲ ਵਿੱਚ ਉੱਚਾ ਕੀਤਾ ਗਿਆ,
ਪਰ ਉਸ ਨੇ ਬਆਲ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ ।
2ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ,
ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ,
ਆਪਣੀ ਸਮਝ ਦੇ ਅਨੁਸਾਰ ਬੁੱਤ,
ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ,
ਉਹ ਉਨ੍ਹਾਂ ਦੇ ਬਾਰੇ ਆਖਦੇ ਹਨ,
ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਿਆਂ ਨੂੰ ਚੁੰਮਣ !
3ਇਸ ਲਈ ਉਹ ਸਵੇਰ ਦੇ ਬੱਦਲ ਵਾਂਗੂੰ ਹੋਣਗੇ,
ਅਤੇ ਤ੍ਰੇਲ ਵਾਂਗੂੰ ਜਿਹੜੀ ਛੇਤੀ ਉੱਡ ਜਾਂਦੀ ਹੈ,
ਤੂੜੀ ਵਾਂਗੂੰ ਜਿਹ ਨੂੰ ਵਾਵਰੋਲਾ ਪਿੜ ਵਿੱਚੋਂ ਉਡਾ ਲੈ ਜਾਂਦਾ ਹੈ,
ਧੂੰਏਂ ਵਾਂਗੂੰ ਜਿਹੜਾ ਮੋਘ ਵਿੱਚੋਂ ਨਿੱਕਲਦਾ ਹੈ ।
4ਮੈਂ ਮਿਸਰ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ,
ਤੂੰ ਮੇਰੇ ਤੋਂ ਛੁੱਟ ਕੋਈ ਪਰਮੇਸ਼ੁਰ ਨਾ ਜਾਣ,
ਅਤੇ ਮੇਰੇ ਤੋਂ ਬਿਨ੍ਹਾਂ ਕੋਈ ਬਚਾਉਣ ਵਾਲਾ ਨਹੀਂ ।
5ਮੈਂ ਤੈਨੂੰ ਉਜਾੜ ਵਿੱਚ,
ਔੜ ਦੀ ਧਰਤੀ ਵਿੱਚ ਜਾਣਿਆ ਸੀ ।
6ਉਹ ਆਪਣੀਆਂ ਚਾਰਗਾਹਾਂ ਦੇ ਵਿਤ ਅਨੁਸਾਰ ਰੱਜ ਗਏ,
ਉਹ ਰੱਜ ਗਏ ਅਤੇ ਉਹਨਾਂ ਦਾ ਦਿਲ ਉੱਚਾ ਹੋ ਗਿਆ,
ਇਸ ਲਈ ਉਹ ਮੈਨੂੰ ਭੁੱਲ ਗਏ ।
7ਸੋ ਮੈਂ ਉਹਨਾਂ ਲਈ ਬਬਰ ਸ਼ੇਰ ਵਰਗਾ ਹੋਵਾਂਗਾ,
ਮੈਂ ਚੀਤੇ ਵਾਂਗੂੰ ਰਾਹ ਉੱਤੇ ਘਾਤ ਵਿੱਚ ਬੈਠਾਂਗਾ,
8ਮੈਂ ਰਿੱਛਣੀ ਵਾਂਗੂੰ ਜਿਹ ਦੇ ਬੱਚੇ ਗੁਆਚ ਗਏ ਹੋਣ
ਉਹਨਾਂ ਦੇ ਦਿਲ ਦਾ ਪੜਦਾ ਪਾੜ ਸੁੱਟਾਂਗਾ,
ਮੈਂ ਸ਼ੇਰਨੀ ਵਾਂਗੂੰ ਉੱਥੇ ਉਹਨਾਂ ਨੂੰ ਖਾ ਜਾਂਵਾਂਗਾ,
ਰੜ ਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ ।
9ਹੇ ਇਸਰਾਏਲ, ਇਹ ਤੇਰੀ ਬਰਬਾਦੀ ਹੈ
ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ ਵਿਰੁੱਧ ।
10ਹੁਣ ਤੇਰਾ ਰਾਜਾ ਕਿੱਥੇ ਹੈ,
ਕਿ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ ?
ਅਤੇ ਤੇਰੇ ਨਿਆਂਕਾਰ, ਜਿਨ੍ਹਾਂ ਦੇ ਬਾਰੇ ਤੂੰ ਆਖਿਆ,
ਮੈਨੂੰ ਰਾਜਾ ਅਤੇ ਹਾਕਮ ਦੇ ?
11ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਰਾਜਾ ਦਿੱਤਾ,
ਅਤੇ ਆਪਣੇ ਕਹਿਰ ਵਿੱਚ ਉਹ ਨੂੰ ਲੈ ਲਿਆ ।
12ਅਫ਼ਰਾਈਮ ਦੀ ਬਦੀ ਬੰਨ੍ਹੀ ਹੋਈ ਹੈ,
ਉਹ ਦਾ ਪਾਪ ਰੱਖਿਆ ਹੋਇਆ ਹੈ ।
13ਜਣਨ ਦੀਆਂ ਪੀੜਾਂ ਉਹ ਦੇ ਉੱਤੇ ਆ ਪਈਆਂ ਹਨ,
ਉਹ ਬੁੱਧਹੀਣ ਪੁੱਤਰ ਹੈ,
ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ ਆਉਂਦਾ ।
14ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ ?
ਕੀ ਮੈਂ ਮੌਤ ਤੋਂ ਉਹਨਾਂ ਦਾ ਛੁਟਕਾਰਾ ਦਿਆਂਗਾ ?
ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ ?
ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ ?
ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ !
15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ,
ਤਾਂ ਵੀ ਪੂਰਬੀ ਹਵਾ,
ਹਾਂ, ਯਹੋਵਾਹ ਦੀ ਪੌਣ ਉਜਾੜ ਤੋਂ ਆਵੇਗੀ,
ਤਾਂ ਉਹ ਦਾ ਸੋਤਾ ਸੁੱਕ ਜਾਵੇਗਾ,
ਅਤੇ ਉਹ ਦਾ ਚਸ਼ਮਾ ਖੁਸ਼ਕ ਹੋ ਜਾਵੇਗਾ,
ਉਹ ਉਸ ਦੇ ਖ਼ਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ ।
16ਸਾਮਰਿਯਾ ਆਪਣਾ ਦੋਸ਼ ਚੁੱਕੇਗਾ,
ਕਿਉਂ ਜੋ ਉਹ ਆਪਣੇ ਪਰਮੇਸ਼ੁਰ ਤੋਂ ਬਾਗੀ ਹੋ ਗਿਆ ਹੈ,
ਉਹ ਤਲਵਾਰ ਨਾਲ ਡਿੱਗਣਗੇ,
ਉਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ,
ਅਤੇ ਉਹਨਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ !
14ਹੋਸ਼ੇਆ ਦੀ ਇਸਰਾਏਲ ਨੂੰ ਬੇਨਤੀ
1ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ,
ਕਿਉਂ ਜੋ ਤੂੰ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ ।
2ਆਪਣੇ ਨਾਲ ਬਚਨਾਂ ਨੂੰ ਲੈ ਕੇ
ਯਹੋਵਾਹ ਵੱਲ ਮੁੜੋ,
ਉਹ ਨੂੰ ਆਖੋ,
ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ,
ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਭੇਟ ਚੜ੍ਹਾਵਾਂਗੇ ।
3ਅੱਸ਼ੂਰ ਸਾਨੂੰ ਨਹੀਂ ਬਚਾਵੇਗਾ,
ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜ੍ਹਾਂਗੇ,
ਅਤੇ ਅਸੀਂ ਫੇਰ ਆਪਣੇ ਹੱਥਾਂ ਦੇ ਕੰਮ ਨੂੰ ’’ਸਾਡਾ ਪਰਮੇਸ਼ੁਰ’’ ਨਹੀਂ ਮੰਨਾਂਗੇ ।
ਤੇਰੇ ਕੋਲੋਂ ਯਤੀਮ ਰਹਿਮ ਨੂੰ ਪ੍ਰਾਪਤ ਕਰਦਾ ਹੈ ।
ਪਰਮੇਸ਼ੁਰ ਵੱਲੋਂ ਇਸਰਾਏਲ ਦੇ ਲਈ ਨਵੇਂ ਜੀਵਨ ਦਾ ਵਾਅਦਾ
4ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ,
ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ,
ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹੱਟ ਗਿਆ ਹੈ ।
5ਮੈਂ ਇਸਰਾਏਲ ਲਈ ਤ੍ਰੇਲ ਵਾਂਗੂੰ ਹੋਵਾਂਗਾ,
ਉਹ ਸੋਸਨ ਵਾਂਗੂੰ ਹਰਾ-ਭਰਾ ਹੋਵੇਗਾ,
ਅਤੇ ਲਬਾਨੋਨ ਵਾਂਗੂੰ ਆਪਣੀ ਜੜ੍ਹ ਫੜੇਗਾ ।
6ਉਹ ਦੀਆਂ ਟਹਿਣੀਆਂ ਫੈਲਣਗੀਆਂ,
ਉਹ ਦਾ ਸੁਹੱਪਣ ਜ਼ੈਤੂਨ ਦੇ ਰੁੱਖ ਵਾਂਗੂੰ ਹੋਵੇਗਾ,
ਅਤੇ ਉਹ ਦੀ ਖੁਸ਼ਬੋ ਲਬਾਨੋਨ ਵਾਂਗੂੰ ।
7ਉਹ ਦੇ ਸਾਏ ਦੇ ਵਸਨੀਕ ਮੁੜਨਗੇ,
ਉਹ ਕਣਕ ਵਾਂਗੂੰ ਜੀਉਣਗੇ,
ਅਤੇ ਅੰਗੂਰੀ ਬੇਲ ਵਾਂਗੂੰ ਹਰੇ ਭਰੇ ਹੋ ਜਾਣਗੇ,
ਉਨ੍ਹਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਅ ਵਰਗੀ ਹੋਵੇਗੀ ।
8ਹੇ ਅਫ਼ਰਾਈਮ, ਫੇਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ ?
ਮੈਂ ਹੀ ਉੱਤਰ ਦਿੱਤਾ, ਅਤੇ ਉਸ ਤੇ ਧਿਆਨ ਲਾਵਾਂਗਾ,
ਮੈਂ ਹਰੇ ਸਰੂ ਵਾਂਗੂੰ ਹਾਂ,
ਤੇਰਾ ਫਲ ਮੇਰੇ ਤੋਂ ਹੀ ਮਿਲਦਾ ਹੈ ।
ਸਾਰ
9ਕੌਣ ਬੁੱਧਵਾਨ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ ?
ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ ?
ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ,
ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ,
ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ ।