1 SAMUEL

1 ਸਮੂਏਲ

ਭੂਮਿਕਾ

ਸਮੂਏਲ ਦੀ ਪਹਿਲੀ ਪੁਸਤਕ ਇਸਰਾਏਲ ਵਿੱਚ ਨਿਆਈਆਂ ਤੋਂ ਲੈ ਕੇ ਰਾਜਤੰਤਰ ਦੀ ਸਥਾਪਨਾ ਤੱਕ ਦਾ ਵਰਣਨ ਕਰਦੀ ਹੈ । ਇਸਰਾਏਲ ਦੇ ਰਾਸ਼ਟਰੀ ਜੀਵਨ ਵਿੱਚ ਇਹ ਬਦਲਾਅ ਮੁੱਖ ਰੂਪ ਵਿੱਚ ਤਿੰਨ ਵਿਅਕਤੀਆਂ ਦੇ ਆਲੇ-ਦੁਆਲੇ ਘੁੰਮਦਾ ਹੈ । ਇਹ ਹਨ : ਸਮੂਏਲ – ਜੋ ਕਿ ਮਹਾਨ ਨਿਆਈਆਂ ਵਿੱਚੋਂ ਉੱਤਮ ਨਿਆਈਂ ਸੀ; ਸ਼ਾਊਲ – ਜੋ ਇਸਰਾਏਲ ਦਾ ਪਹਿਲਾ ਰਾਜਾ ਹੋਇਆ ਅਤੇ ਦਾਊਦ – ਸੱਤਾ ਵਿੱਚ ਆਉਣ ਤੋਂ ਪਹਿਲਾਂ ਉਸ ਦੇ ਸਹਾਇਕ ਕੰਮਾਂ ਦਾ ਵਰਣਨ ਸਮੂਏਲ ਅਤੇ ਸ਼ਾਊਲ ਦੇ ਵਰਣਨ ਦੇ ਨਾਲ-ਨਾਲ ਚੱਲਦਾ ਹੈ ।

ਪੁਰਾਣੇ ਨੇਮ ਦੀਆਂ ਹੋਰ ਪੁਸਤਕਾਂ ਦੇ ਵਾਂਗ ਇਸ ਪੁਸਤਕ ਦਾ ਵਿਸ਼ਾ ਵੀ ਇਹੋ ਹੈ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਨਾਲ ਸਫਲਤਾ ਮਿਲਦੀ ਹੈ ਅਤੇ ਆਗਿਆ ਨਾ ਮੰਨਣਾ ਬਿਪਤਾ ਵਿੱਚ ਲੈ ਕੇ ਜਾਂਦਾ ਹੈ ਇਹ ਪਰਮੇਸ਼ੁਰ ਵੱਲੋਂ ਜਾਜਕ ਏਲੀ ਦੁਆਰਾ ਆਖੇ ਗਏ ਵਚਨਾਂ ਵਿੱਚ ਸਪਸ਼ਟ ਰੂਪ ਵਿੱਚ ਦਰਸਾਇਆ ਗਿਆ ਹੈ । ਪਰਮੇਸ਼ੁਰ ਕਹਿੰਦਾ ਹੈ, “ਓਹ ਜਿਹੜੇ ਮੇਰਾ ਆਦਰ ਕਰਦੇ ਹਨ ਮੈਂ ਵੀ ਉਨ੍ਹਾਂ ਦਾ ਆਦਰ ਕਰਾਂਗਾ, ਪਰ ਓਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ” (2:30)

ਇਸ ਪੁਸਤਕ ਵਿੱਚ ਰਾਜਤੰਤਰ ਦੀ ਸਥਾਪਨਾ ਬਾਰੇ ਅਲੱਗ-ਅਲੱਗ ਭਾਵਨਾਵਾਂ ਦਾ ਵਰਣਨ ਮਿਲਦਾ ਹੈ । ਪਰਮੇਸ਼ੁਰ ਆਪ ਇਸਰਾਏਲ ਦਾ ਰਾਜਾ ਮੰਨਿਆ ਜਾਂਦਾ ਸੀ, ਪਰ ਉਨ੍ਹਾਂ ਦੀ ਰਾਜਾ ਦੇ ਲਈ ਬੇਨਤੀ ਦੇ ਕਾਰਨ ਪਰਮੇਸ਼ੁਰ ਨੇ ਉਨ੍ਹਾਂ ਲਈ ਇੱਕ ਰਾਜਾ ਚੁਣਿਆ । ਮਹੱਤਵਪੂਰਨ ਗੱਲ ਇਹ ਸੀ ਕਿ ਇਸਰਾਏਲ ਅਤੇ ਇਸ ਦਾ ਰਾਜਾ ਪਰਮੇਸ਼ੁਰ ਦੇ ਨਿਆਂ ਅਤੇ ਅਗਵਾਈ ਦੇ ਅਧੀਨ ਰਹਿੰਦੇ ਸਨ (2:7-10) ਪਰਮੇਸ਼ੁਰ ਦੀ ਬਿਵਸਥਾ ਦੇ ਅਨੁਸਾਰ ਸਾਰੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਸਨ, ਭਾਵੇਂ ਉਹ ਗਰੀਬ ਜਾਂ ਅਮੀਰ ਹੋਣ ।

ਰੂਪ-ਰੇਖਾ:

ਇਸਰਾਏਲ ਦੇ ਨਿਆਈਂ ਦੇ ਰੂਪ ਵਿੱਚ ਸਮੂਏਲ 1:1 – 7:17

ਸ਼ਾਊਲ ਦਾ ਰਾਜਾ ਬਣਨਾ 8:1 – 10:27

ਸ਼ਾਊਲ ਦੇ ਰਾਜ ਦੇ ਪਹਿਲੇ ਕੁਝ ਸਾਲ 11:1 – 15:35

ਦਾਊਦ ਅਤੇ ਸ਼ਾਊਲ 16:1 – 30:31

ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀ ਮੌਤ 31:1 – 13

1

ਅਲਕਾਨਾਹ ਅਤੇ ਉਸ ਦਾ ਪਰਿਵਾਰ ਸ਼ਿਲੋਹ ਵਿੱਚ

1ਇਫ਼ਰਾਈਮ ਦੇ ਪਹਾੜ ਵਿੱਚ ਰਾਮਾਤੈਮ ਸੋਫ਼ੀਮ ਦਾ ਇੱਕ ਮਨੁੱਖ ਸੀ ਅਤੇ ਜਿਸ ਦਾ ਨਾਮ ਅਲਕਾਨਾਹ ਸੀ, ਜੋ ਯਰੋਹਾਮ ਦਾ ਪੁੱਤਰ ਸੀ, ਜੋ ਅਲੀਹੂ ਦਾ ਪੁੱਤਰ ਜੋ ਤੋਹੁ ਦਾ ਪੁੱਤਰ, ਜੋ ਸੂਫ਼ ਇਫ਼ਰਾਥੀ ਦਾ ਪੁੱਤਰ ਸੀ । 2ਉਹ ਦੀਆਂ ਦੋ ਪਤਨੀਆਂ ਸਨ । ਇਕ ਦਾ ਨਾਮ ਹੰਨਾਹ ਅਤੇ ਦੂਜੀ ਦਾ ਨਾਮ ਪਨਿੰਨਾਹ ਸੀ । ਪਨਿੰਨਾਹ ਦੇ ਦੋ ਪੁੱਤਰ ਸਨ, ਪਰ ਹੰਨਾਹ ਦੇ ਸੰਤਾਨ ਨਹੀਂ ਸੀ ।

3ਇਹ ਮਨੁੱਖ ਹਰੇਕ ਸਾਲ ਆਪਣੇ ਸ਼ਹਿਰ ਤੋਂ ਸ਼ਿਲੋਹ ਵਿੱਚ ਸੈਨਾਵਾਂ ਦੇ ਯਹੋਵਾਹ ਦੀ ਉਸਤਤ ਕਰਨ ਅਤੇ ਭੇਟ ਚੜ੍ਹਾਉਣ ਜਾਂਦਾ ਹੁੰਦਾ ਸੀ ਅਤੇ ਏਲੀ ਦੇ ਦੋ ਪੁੱਤਰ ਹਾਫ਼ਨੀ ਅਤੇ ਫੀਨਹਾਸ ਯਹੋਵਾਹ ਦੇ ਜਾਜਕ ਸਨ । 4ਅਜਿਹਾ ਹੋਇਆ ਜਦੋਂ ਅਲਕਾਨਾਹ ਭੇਂਟ ਚੜ੍ਹਾਉਂਦਾ ਹੁੰਦਾ ਸੀ ਤਾਂ ਆਪਣੀ ਪਤਨੀ ਪਨਿੰਨਾਹ ਨੂੰ ਅਤੇ ਉਹ ਦੇ ਪੁੱਤਰਾਂ ਅਤੇ ਧੀਆਂ ਨੂੰ ਉਸ ਵਿੱਚੋਂ ਹਿੱਸਾ ਦਿੰਦਾ ਹੁੰਦਾ ਸੀ । 5ਪਰ ਹੰਨਾਹ ਨੂੰ ਦੁੱਗਣਾ ਹਿੱਸਾ ਦਿੰਦਾ ਸੀ ਕਿਉਂ ਜੋ ਉਹ ਹੰਨਾਹ ਨੂੰ ਪਿਆਰ ਕਰਦਾ ਸੀ, ਕਿਉਂਕਿ ਯਹੋਵਾਹ ਨੇ ਉਸ ਦੀ ਕੁੱਖ ਬੰਦ ਕਰ ਛੱਡੀ ਸੀ । 6ਉਹ ਦੀ ਸੌਂਕਣ ਹੰਨਾਹ ਨੂੰ ਖਿਝਾਉਣ ਲਈ ਬਹੁਤ ਛੇੜਦੀ ਸੀ, ਕਿਉਂ ਜੋ ਯਹੋਵਾਹ ਨੇ ਉਹ ਦੀ ਕੁੱਖ ਬੰਦ ਕਰ ਛੱਡੀ ਸੀ । 7ਹਰੇਕ ਸਾਲ ਜਦ ਉਹ ਯਹੋਵਾਹ ਦੇ ਘਰ ਜਾਂਦਾ ਸੀ ਤਦ ਇਸੇ ਤਰ੍ਹਾਂ ਉਹ ਨੂੰ ਖਿਝਾਉਂਦੀ ਸੀ ਇਸ ਲਈ ਉਹ ਰੋਂਦੀ ਰਹਿੰਦੀ ਅਤੇ ਕੁਝ ਨਾ ਖਾਂਦੀ ਸੀ । 8ਸੋ ਅਜਿਹਾ ਹੋਇਆ ਜੋ ਉਹ ਦੇ ਪਤੀ ਅਲਕਾਨਾਹ ਨੇ ਉਹ ਨੂੰ ਆਖਿਆ, ਹੇ ਹੰਨਾਹ, ਤੂੰ ਕਿਉਂ ਰੋਂਦੀ ਹੈਂ ਅਤੇ ਖਾਂਦੀ ਕਿਉਂ ਨਹੀਂ ਅਤੇ ਤੇਰਾ ਮਨ ਕਿਉਂ ਕੁੜਦਾ ਰਹਿੰਦਾ ਹੈ ? ਭਲਾ, ਕੀ ਮੈਂ ਤੇਰੇ ਲਈ ਦਸ ਪੁੱਤਰਾਂ ਨਾਲੋਂ ਚੰਗਾ ਨਹੀਂ ?

ਹੰਨਾਹ ਅਤੇ ਏਲੀ

9ਜਦ ਉਹ ਸ਼ਿਲੋਹ ਵਿੱਚ ਖਾ ਪੀ ਚੁੱਕੇ ਤਾਂ ਹੰਨਾਹ ਉੱਠੀ ਅਤੇ ਉਸ ਵੇਲੇ ਏਲੀ ਜਾਜਕ ਯਹੋਵਾਹ ਦੀ ਹੈਕਲ ਦੀ ਚੁਗਾਠ ਕੋਲ ਗੱਦੀ ਉੱਤੇ ਬੈਠਾ ਹੋਇਆ ਸੀ । 10ਹੰਨਾਹ ਦਾ ਮਨ ਬਹੁਤ ਉਦਾਸ ਹੋਇਆ ਸੋ ਉਹ ਨੇ ਯਹੋਵਾਹ ਦੀ ਅੱਗੇ ਪ੍ਰਾਰਥਨਾ ਕੀਤੀ ਅਤੇ ਭੁੱਬਾਂ ਮਾਰ-ਮਾਰ ਰੋਈ 11ਅਤੇ ਉਹ ਨੇ ਸੁੱਖਣਾ ਸੁੱਖੀ ਅਤੇ ਆਖਿਆ, ਹੇ ਸੈਨਾਵਾਂ ਦੇ ਯਹੋਵਾਹ, ਜੋ ਤੂੰ ਆਪਣੀ ਦਾਸੀ ਦੇ ਦੁੱਖ ਵੱਲ ਧਿਆਨ ਕਰੇ ਅਤੇ ਮੈਨੂੰ ਚੇਤੇ ਕਰੇ ਅਤੇ ਆਪਣੀ ਦਾਸੀ ਨੂੰ ਨਾ ਭੁਲਾਵੇਂ ਅਤੇ ਆਪਣੀ ਦਾਸੀ ਨੂੰ ਪੁੱਤਰ ਦੇਵੇਂ ਤਾਂ ਮੈਂ ਉਹ ਨੂੰ ਜਿਨ੍ਹਾਂ ਚਿਰ ਉਹ ਜੀਉਂਦਾ ਰਹੇ ਯਹੋਵਾਹ ਨੂੰ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ ।

12ਜਦ ਉਹ ਯਹੋਵਾਹ ਦੇ ਅੱਗੇ ਪ੍ਰਾਰਥਨਾ ਕਰ ਰਹੀ ਸੀ ਤਾਂ ਏਲੀ ਨੇ ਉਹ ਦੇ ਚਿਹਰੇ ਵੱਲ ਵੇਖਿਆ । 13ਪਰ ਹੰਨਾਹ ਆਪਣੇ ਮਨ ਵਿੱਚ ਹੀ ਆਖਦੀ ਸੀ ਉਹ ਦੇ ਸਿਰਫ਼ ਬੁੱਲ ਹੀ ਹਿੱਲਦੇ ਸਨ ਪਰ ਉਹ ਦੀ ਆਵਾਜ਼ ਨਾ ਸੁਣਾਈ ਦਿੰਦੀ ਸੀ ਸੋ ਏਲੀ ਨੇ ਸਮਝਿਆ ਕਿ ਉਹ ਨਸ਼ੇ ਵਿੱਚ ਹੈ 14ਸੋ ਏਲੀ ਨੇ ਉਹ ਨੂੰ ਆਖਿਆ, ਤੂੰ ਕਿੰਨ੍ਹਾਂ ਚਿਰ ਨਸ਼ੇ ਵਿੱਚ ਰਹੇਂਗੀ ? ਤੂੰ ਆਪਣੀ ਖੁਮਾਰੀ ਨੂੰ ਛੱਡ 15ਤਦ ਹੰਨਾਹ ਨੇ ਉੱਤਰ ਦਿੱਤਾ ਅਤੇ ਆਖਿਆ, ਨਹੀਂ ਮੇਰੇ ਪ੍ਰਭੂ ਜੀ, ਮੈਂ ਤਾਂ ਉਦਾਸ ਮਨ ਦੀ ਔਰਤ ਹਾਂ । ਮੈਂ ਕਿਸੇ ਤਰ੍ਹਾਂ ਦੀ ਮੈ ਜਾਂ ਕੋਈ ਹੋਰ ਨਸ਼ਾ ਨਹੀਂ ਪੀਤਾ ਪਰ ਯਹੋਵਾਹ ਦੇ ਅੱਗੇ ਆਪਣੇ ਮਨ ਨੂੰ ਡੋਲ੍ਹਿਆ ਹੈ । 16ਤੂੰ ਆਪਣੀ ਦਾਸੀ ਨੂੰ ਬੁਰੀ ਇਸਤਰੀ ਨਾ ਜਾਣ । ਮੈਂ ਤਾਂ ਆਪਣੀਆਂ ਚਿੰਤਾਂ ਅਤੇ ਦੁੱਖਾਂ ਦੇ ਢੇਰ ਹੋਣ ਕਰਕੇ, ਹੁਣ ਤੱਕ ਬੋਲਦੀ ਰਹੀ ਹਾਂ । 17ਤਦ ਏਲੀ ਨੇ ਉੱਤਰ ਦਿੱਤਾ ਅਤੇ ਆਖਿਆ, ਸੁਖ ਸਾਂਦ ਹੋਵੇ ਅਤੇ ਇਸਰਾਏਲ ਦਾ ਪਰਮੇਸ਼ੁਰ ਤੇਰੀ ਬੇਨਤੀ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ । 18ਉਹ ਨੇ ਆਖਿਆ ਤੇਰੀ ਦਯਾ ਤੇਰੀ ਦਾਸੀ ਉੱਤੇ ਹੋਵੇ । ਤਦ ਉਸ ਇਸਤਰੀ ਨੇ ਜਾ ਕੇ ਰੋਟੀ ਖਾਧੀ ਅਤੇ ਫੇਰ ਉਸ ਦਾ ਚਿਹਰਾ ਉਦਾਸ ਨਾ ਹੋਇਆ ।

ਸਮੂਏਲ ਦਾ ਜਨਮ ਅਤੇ ਅਰਪਣ

19ਉਹਨਾਂ ਸਵੇਰੇ ਉੱਠ ਕੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ਅਤੇ ਮੁੜ ਕੇ ਰਾਮਾਹ ਵਿੱਚ ਆਪਣੇ ਘਰ ਆਏ । ਤਦ ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸੰਗ ਕੀਤਾ ਸੋ ਯਹੋਵਾਹ ਨੇ ਉਸ ਨੂੰ ਚੇਤੇ ਕੀਤਾ, 20ਹੰਨਾਹ ਦੇ ਗਰਭਵਤੀ ਹੋਣ ਦੇ ਪਿੱਛੋਂ ਜਦ ਦਿਨ ਪੂਰੇ ਹੋਏ ਤਾਂ ਉਸਨੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਮ ਸਮੂਏਲ ਰੱਖਿਆ ਕਿਉਂ ਜੋ ਉਹ ਨੇ ਆਖਿਆ ਭਈ ਮੈਂ ਉਹ ਨੂੰ ਯਹੋਵਾਹ ਕੋਲੋਂ ਮੰਗ ਕੇ ਲਿਆ ਹੈ ।

21ਉਹ ਮਨੁੱਖ ਅਲਕਾਨਾਹ ਆਪਣੇ ਸਾਰੇ ਟੱਬਰ ਨਾਲ ਉਸ ਸਾਲ ਦੀ ਭੇਟ ਅਤੇ ਸੁੱਖਣਾ ਯਹੋਵਾਹ ਅੱਗੇ ਚੜਾਉਣ ਨੂੰ ਗਿਆ । 22ਪਰ ਹੰਨਾਹ ਨਾ ਗਈ ਕਿਉਂ ਜੋ ਉਹ ਨੇ ਆਪਣੇ ਪਤੀ ਨੂੰ ਆਖਿਆ, ਜਿਨ੍ਹਾਂ ਚਿਰ ਬਾਲਕ ਦਾ ਦੁੱਧ ਨਾ ਛੁਡਾਇਆ ਜਾਵੇ ਮੈਂ ਇੱਥੇ ਹੀ ਰਹਾਂਗੀ ਅਤੇ ਫੇਰ ਉਹ ਨੂੰ ਲੈ ਕੇ ਜਾਵਾਂਗੀ ਜੋ ਉਹ ਯਹੋਵਾਹ ਦੇ ਸਾਹਮਣੇ ਆ ਜਾਵੇ ਅਤੇ ਫੇਰ ਸਦਾ ਉੱਥੇ ਹੀ ਰਹੇ । 23ਇਸ ਲਈ ਉਹ ਦੇ ਪਤੀ ਅਲਕਾਨਾਹ ਨੇ ਉਸ ਨੂੰ ਆਖਿਆ, ਜੋ ਤੈਨੂੰ ਚੰਗਾ ਲੱਗੇ ਉਹੀ ਕਰ । ਜਦ ਤੱਕ ਤੂੰ ਉਸ ਦਾ ਦੁੱਧ ਨਾ ਛੁਡਾਵੇਂ ਇੱਥੇ ਹੀ ਰਹਿ । ਸਿਰਫ ਯਹੋਵਾਹ ਆਪਣੇ ਬਚਨ ਨੂੰ ਪੂਰਾ ਕਰੇ । ਇਸ ਲਈ ਉਹ ਇਸਤਰੀ ਉੱਥੇ ਠਹਿਰੀ ਰਹੀ ਅਤੇ ਆਪਣੇ ਪੁੱਤਰ ਨੂੰ ਦੁੱਧ ਚੁੰਘਾਉਂਦੀ ਰਹੀ, ਜਦ ਤੱਕ ਉਸ ਦਾ ਦੁੱਧ ਨਾ ਛੁਡਾਇਆ ਗਿਆ ।

24ਜਦ ਉਹ ਨੇ ਉਸ ਦਾ ਦੁੱਧ ਛੁਡਾਇਆ ਤਾਂ ਉਸ ਨੂੰ ਆਪਣੇ ਨਾਲ ਲੈ ਗਈ ਅਤੇ ਤਿੰਨ ਸਾਲਾਂ ਦਾ ਵੱਛਾ, ਦਸ ਕਿਲੋ ਆਟਾ ਅਤੇ ਦਾਖ਼ਰਸ ਦੀ ਇੱਕ ਮਸ਼ਕ ਆਪਣੇ ਨਾਲ ਲੈ ਲਈ ਅਤੇ ਉਸ ਬਾਲਕ ਨੂੰ ਸ਼ਿਲੋਹ ਵਿੱਚ ਯਹੋਵਾਹ ਦੇ ਘਰ ਲੈ ਆਈ ਉਹ ਬਾਲਕ ਅਜੇ ਨਿਆਣਾ ਹੀ ਸੀ । 25ਤਦ ਉਨ੍ਹਾਂ ਨੇ ਵੱਛੇ ਨੂੰ ਭੇਂਟ ਚੜਾਇਆ ਅਤੇ ਬਾਲਕ ਨੂੰ ਏਲੀ ਕੋਲ ਲੈ ਆਏ 26ਅਤੇ ਉਹ ਬੋਲੀ, ਹੇ ਮੇਰੇ ਸੁਆਮੀ, ਤੇਰੇ ਜੀਵਨ ਦੀ ਸਹੁੰ, ਹੇ ਸੁਆਮੀ, ਮੈਂ ਉਹੋ ਇਸਤਰੀ ਹਾਂ ਜਿਸ ਨੇ ਤੇਰੇ ਕੋਲ ਇੱਥੇ ਖੜ੍ਹੇ ਹੋ ਕੇ ਯਹੋਵਾਹ ਦੇ ਅੱਗੇ ਪ੍ਰਾਰਥਨਾ ਕੀਤੀ ਸੀ 27ਮੈਂ ਇਸ ਬਾਲਕ ਦੇ ਲਈ ਪ੍ਰਾਰਥਨਾ ਕੀਤੀ ਸੀ ਸੋ ਯਹੋਵਾਹ ਨੇ ਮੇਰੀ ਬੇਨਤੀ ਜੋ ਮੈਂ ਉਸ ਕੋਲੋਂ ਮੰਗੀ ਸੀ, ਪੂਰੀ ਕੀਤੀ 28ਇਸ ਲਈ ਮੈਂ ਵੀ ਇਹ ਨੂੰ ਯਹੋਵਾਹ ਨੂੰ ਦੇ ਦਿੱਤਾ ਹੈ । ਜਦ ਤੱਕ ਇਹ ਜੀਉਂਦਾ ਰਹੇ, ਇਹ ਯਹੋਵਾਹ ਨੂੰ ਦਿੱਤਾ ਹੋਇਆ ਹੀ ਰਹੇ ਅਤੇ ਉਸ ਨੇ ਯਹੋਵਾਹ ਨੂੰ ਉੱਥੇ ਮੱਥਾ ਟੇਕਿਆ ।

2

ਹੰਨਾਹ ਦੀ ਪ੍ਰਾਰਥਨਾ

1ਹੰਨਾਹ ਨੇ ਪ੍ਰਾਰਥਨਾ ਕਰ ਕੇ ਆਖਿਆ,

ਮੇਰਾ ਮਨ ਯਹੋਵਾਹ ਦੇ ਕਾਰਨ ਮਗਨ ਹੈ ।

ਯਹੋਵਾਹ ਨੇ ਮੇਰਾ ਸਿੰਗ ਉੱਚਾ ਕੀਤਾ ਹੈ ।

ਮੇਰਾ ਮੂੰਹ ਮੇਰੇ ਵੈਰੀਆਂ ਦੇ ਸਾਹਮਣੇ ਖੋਲ੍ਹਿਆ ਗਿਆ,

ਕਿਉਂ ਜੋ ਮੈਂ ਤੇਰੀ ਮੁਕਤੀ ਤੋਂ ਅਨੰਦ ਹੋਈ ।

2ਯਹੋਵਾਹ ਵਰਗਾ ਕੋਈ ਪਵਿੱਤਰ ਨਹੀਂ,

ਤੇਰੇ ਬਿਨ੍ਹਾਂ ਕੋਈ ਪਰਮੇਸ਼ੁਰ ਨਹੀਂ,

ਕੋਈ ਸਾਡੇ ਪਰਮੇਸ਼ੁਰ ਵਰਗੀ ਚੱਟਾਨ ਨਹੀਂ ।

3ਹੰਕਾਰ ਦੀਆਂ ਗੱਲਾਂ ਹੋਰ ਨਾ ਆਖ,

ਅਤੇ ਆਕੜ ਦੀ ਗੱਲ ਤੇਰੇ ਮੂੰਹੋਂ ਨਾ ਨਿਕਲੇ,

ਯਹੋਵਾਹ ਤਾਂ ਗਿਆਨ ਦਾ ਪਰਮੇਸ਼ੁਰ ਹੈ,

ਅਤੇ ਉਹ ਕਰਨੀਆਂ ਦੇ ਅਨੁਸਾਰ ਹਿਸਾਬ ਕਰਦਾ ਹੈ ।

4ਸੂਰਵੀਰਾਂ ਦੇ ਤੀਰ ਟੁੱਟ ਗਏ,

ਅਤੇ ਉਹ ਜੋ ਠੇਡੇ ਖਾਂਦੇ ਸਨ ਉਨ੍ਹਾਂ ਦੇ ਲੱਕ ਬਲ ਨਾਲ ਕੱਸੇ ਗਏ ।

5ਉਹ ਜੋ ਰੱਜੇ ਹੋਏ ਸਨ ਆਪ ਹੀ ਰੋਟੀ ਦੇ ਲਈ ਮਜ਼ਦੂਰ ਹੋ ਗਏ,

ਅਤੇ ਉਹ ਜੋ ਭੁੱਖੇ ਸਨ ਉਨ੍ਹਾਂ ਦੀ ਭੁੱਖ ਮਿਟ ਗਈ,

ਇਥੋਂ ਤੱਕ ਜੋ ਬੇਓਲਾਦ ਸਨ ਉਹਨਾਂ ਦੇ ਸੱਤ ਜੰਮੇ,

ਅਤੇ ਜਿਹ ਦੇ ਢੇਰ ਸਾਰੇ ਬਾਲ ਬੱਚੇ ਸਨ ਉਹ ਕਮਜ਼ੋਰ ਪੈ ਗਈ ।

6ਯਹੋਵਾਹ ਮਾਰਦਾ ਹੈ ਅਤੇ ਜਿਵਾਉਂਦਾ ਹੈ,

ਉਹੋ ਪਤਾਲ ਵਿੱਚ ਉਤਾਰਦਾ ਹੈ ਅਤੇ ਉਹੋ ਹੀ ਉੱਪਰ ਚੁੱਕਦਾ ਹੈ ।

7ਯਹੋਵਾਹ ਹੀ ਕੰਗਾਲ ਕਰਦਾ ਹੈ ਅਤੇ ਧਨਵਾਨ ਕਰਦਾ ਹੈ,

ਉਹੀ ਨੀਵਾਂ ਕਰਦਾ ਹੈ ਅਤੇ ਉੱਚਾ ਕਰਦਾ ਹੈ ।

8ਗਰੀਬ ਨੂੰ ਮਿੱਟੀ ਵਿੱਚੋਂ ਚੁੱਕਦਾ ਹੈ,

ਅਤੇ ਕੰਗਾਲ ਨੂੰ ਰੁੜ੍ਹੀ ਵਿੱਚੋਂ ਕੱਢਦਾ ਹੈ,

ਤਾਂ ਜੋ ਉਹ ਨੂੰ ਪਤਵੰਤਾਂ ਵਿੱਚ ਬਿਠਾਵੇ,

ਅਤੇ ਮਹਿਮਾ ਦੀ ਗੱਦੀ ਦਾ ਅਧਿਕਾਰੀ ਬਣਾਵੇ ।

ਧਰਤੀ ਦੇ ਥੰਮ ਤਾਂ ਯਹੋਵਾਹ ਦੇ ਹੀ ਹਨ,

ਅਤੇ ਉਸ ਨੇ ਸੰਸਾਰ ਦੀ ਨੀਂਹ ਉਨ੍ਹਾਂ ਉੱਤੇ ਰੱਖੀ ਹੈ ।

9ਉਹ ਆਪਣੇ ਸੰਤਾਂ ਦੇ ਪੈਰਾਂ ਦੀ ਰਾਖੀ ਕਰੇਗਾ,

ਪਰ ਦੁਸ਼ਟ ਚੁੱਪ ਚੁਪੀਤੇ ਅੰਧਕਾਰ ਵਿੱਚ ਪਏ ਰਹਿਣਗੇ,

ਕਿਉਂ ਜੋ ਕੋਈ ਵੀ ਮਨੁੱਖ ਆਪਣੇ ਬਲ ਨਾਲ ਨਹੀਂ ਜਿੱਤਦਾ ।

10ਯਹੋਵਾਹ ਦੇ ਵਿਰੋਧੀ ਮਿਟਾਏ ਜਾਣਗੇ,

ਉਹ ਸੁਰਗ ਵੱਲੋਂ ਉਨ੍ਹਾਂ ਉੱਤੇ ਗੱਜੇਗਾ,

ਯਹੋਵਾਹ ਧਰਤੀ ਦੀਆਂ ਹੱਦਾਂ ਦਾ ਨਿਆਂ ਕਰੇਗਾ,

ਉਹ ਆਪਣੇ ਰਾਜੇ ਨੂੰ ਜ਼ੋਰ ਦੇਵੇਗਾ,

ਅਤੇ ਆਪਣੇ ਮਸੀਹ ਦੇ ਸਿੰਗ ਨੂੰ ਉੱਚਾ ਕਰੇਗਾ ।

11ਤਦ ਅਲਾਕਾਨਾਹ ਰਾਮਾਹ ਵੱਲ ਆਪਣੇ ਘਰ ਗਿਆ ਅਤੇ ਉਹ ਬਾਲਕ ਏਲੀ ਜਾਜਕ ਦੇ ਅੱਗੇ ਯਹੋਵਾਹ ਦੀ ਸੇਵਾ ਕਰਦਾ ਰਿਹਾ ।

ਏਲੀ ਦੇ ਪੁੱਤਰ

12ਹੁਣ ਏਲੀ ਦੇ ਪੁੱਤਰ ਦੁਸ਼ਟ ਸਨ । ਉਨ੍ਹਾਂ ਨੇ ਯਹੋਵਾਹ ਨੂੰ ਨਾ ਜਾਣਿਆ । 13ਜਾਜਕਾਂ ਦੀ ਰੀਤ ਇਹ ਸੀ ਕਿ ਜਦ ਕੋਈ ਮਨੁੱਖ ਭੇਂਟ ਚੜ੍ਹਾਉਂਦਾ ਸੀ ਤਾਂ ਜਾਜਕ ਦਾ ਸੇਵਕ ਮਾਸ ਪਕਾਉਣ ਦੇ ਵੇਲੇ ਇੱਕ ਤ੍ਰਿਸੂਲ ਹੱਥ ਦੇ ਵਿੱਚ ਲੈ ਕੇ ਆਉਂਦਾ ਸੀ 14ਅਤੇ ਉਹ ਨੂੰ ਮਾਸ ਵਿੱਚ ਜੋ ਕੜਾਹੇ, ਦੇਕਚੇ, ਵੱਲਟੋਹੀ ਜਾਂ ਸਗਲੇ ਵਿੱਚ ਹੋਵੇ ਖੋਭਦਾ ਸੀ ਅਤੇ ਜਿਨ੍ਹਾਂ ਤ੍ਰਿਸੂਲ ਨਾਲ ਨਿੱਕਲੇ ਸੋ ਸਾਰਾ ਜਾਜਕ ਆਪ ਲੈਂਦਾ ਸੀ ਅਤੇ ਉਹ ਸ਼ੀਲੋਹ ਵਿੱਚ ਸਭਨਾਂ ਇਸਰਾਏਲੀਆਂ ਨਾਲ ਜੋ ਉੱਥੇ ਜਾਂਦੇ ਸਨ ਅਜਿਹਾ ਹੀ ਕਰਦੇ ਸਨ । 15ਅਜਿਹਾ ਵੀ ਹੁੰਦਾ ਸੀ ਜੋ ਉਨ੍ਹਾਂ ਦੀ ਚਰਬੀ ਸੜਨ ਤੋਂ ਪਹਿਲਾਂ ਜਾਜਕ ਦਾ ਸੇਵਕ ਆਉਂਦਾ ਸੀ ਅਤੇ ਜਿਸ ਨੇ ਭੇਟ ਚੜ੍ਹਾਈ ਹੋਵੇ ਉਸ ਮਨੁੱਖ ਨੂੰ ਆਖਦਾ ਸੀ ਕਿ ਜਾਜਕ ਨੂੰ ਭੁੰਨਣ ਲਈ ਮਾਸ ਦੇ ਕਿਉਂ ਜੋ ਉਹ ਤੈਥੋਂ ਬਣਿਆ ਹੋਇਆ ਮਾਸ ਨਹੀਂ ਸਗੋਂ ਕੱਚਾ ਮਾਸ ਹੀ ਲਵੇਗਾ । 16ਅਤੇ ਜੇ ਉਹ ਨੂੰ ਕੋਈ ਆਖੇ ਕਿ ਅਜੇ ਉਸ ਚਰਬੀ ਨੂੰ ਸੜ ਲੈਣ ਦੇ ਤਾਂ ਫੇਰ ਜਿੰਨਾ ਤੇਰਾ ਜੀ ਕਰੇ ਲੈ ਜਾਈਂ ਤਾਂ ਉਹ ਉਸ ਨੂੰ ਅੱਗੋਂ ਆਖਦਾ, ਨਹੀਂ, ਤੂੰ ਮੈਨੂੰ ਹੁਣੇ ਦੇਹ ! ਨਹੀਂ ਤਾਂ ਮੈਂ ਖੋਹ ਲਵਾਂਗਾ ! 17ਇਸ ਕਰਕੇ ਉਨ੍ਹਾਂ ਜੁਆਨਾਂ ਦਾ ਪਾਪ ਯਹੋਵਾਹ ਦੇ ਅੱਗੇ ਬਹੁਤ ਵੱਡਾ ਸੀ, ਕਿਉਂ ਜੋ ਲੋਕ ਯਹੋਵਾਹ ਦੀ ਭੇਂਟ ਨੂੰ ਤੁੱਛ ਜਾਣਦੇ ਸਨ ।

ਬਾਲਕ ਸਮੂਏਲ ਸ਼ਿਲੋਹ ਵਿੱਚ

18ਪਰ ਸਮੂਏਲ ਜੋ ਬਾਲਕ ਸੀ, ਸੂਤੀ ਏਫ਼ੋਦ ਪਹਿਨ ਕੇ ਯਹੋਵਾਹ ਦੇ ਅੱਗੇ ਸੇਵਾ ਕਰਦਾ ਹੁੰਦਾ ਸੀ । 19ਅਤੇ ਉਹ ਦੀ ਮਾਤਾ ਉਹ ਦੇ ਲਈ ਇੱਕ ਨਿੱਕਾ ਜਿਹਾ ਚੋਗਾ ਬਣਾ ਕੇ ਹਰੇਕ ਸਾਲ ਲਿਆਉਂਦੀ ਸੀ, ਜਦ ਉਹ ਆਪਣੇ ਪਤੀ ਦੇ ਨਾਲ ਸਾਲ ਭਰ ਦੀ ਭੇਂਟ ਚੜ੍ਹਾਉਣ ਆਉਂਦੀ ਸੀ । 20ਸੋ ਏਲੀ ਨੇ ਅਲਕਾਨਾਹ ਤੇ ਉਸ ਦੀ ਪਤਨੀ ਨੂੰ ਅਸੀਸ ਦੇ ਕੇ ਆਖਿਆ, ਯਹੋਵਾਹ ਤੈਨੂੰ ਇਸ ਇਸਤਰੀ ਤੋਂ, ਉਸ ਬੇਨਤੀ ਦੇ ਬਦਲੇ ਜੋ ਯਹੋਵਾਹ ਤੋਂ ਮੰਗੀ ਸੀ ਅੰਸ ਦੇਵੇ । ਸੋ ਉਹ ਆਪਣੇ ਘਰ ਗਏ

21ਫੇਰ ਹੰਨਾਹ ਉੱਤੇ ਯਹੋਵਾਹ ਨੇ ਕਿਰਪਾ ਕੀਤੀ ਅਤੇ ਉਹ ਗਰਭਵਤੀ ਹੋਈ ਅਤੇ ਉਹ ਨੇ ਤਿੰਨ ਪੁੱਤਰ ਤੇ ਦੋ ਧੀਆਂ ਨੂੰ ਜਨਮ ਦਿੱਤਾ ਅਤੇ ਉਹ ਦਾ ਬਾਲਕ ਸਮੂਏਲ ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ ।

ਏਲੀ ਅਤੇ ਉਸ ਦੇ ਪੁੱਤਰ

22ਏਲੀ ਵੱਡੀ ਉਮਰ ਦਾ ਹੋ ਗਿਆ ਅਤੇ ਉਸ ਨੇ ਉਹ ਸਭ ਕੁਝ ਸੁਣਿਆ ਜੋ ਉਸ ਦੇ ਪੁੱਤਰ ਇਸਰਾਏਲ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਸਨ ਅਤੇ ਕਿਵੇਂ ਉਨ੍ਹਾਂ ਇਸਤਰੀਆਂ ਨਾਲ ਜੋ ਮੰਡਲੀ ਦੇ ਡੇਰੇ ਦੇ ਬੂਹੇ ਕੋਲ ਸੇਵਾ ਕਰਨ ਲਈ ਇਕੱਠੀਆਂ ਹੁੰਦੀਆਂ ਸਨ, ਉਹਨਾਂ ਨਾਲ ਸੰਗ ਕਰਦੇ ਸਨ । 23ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਅਜਿਹੇ ਕੰਮ ਕਿਉਂ ਕਰਦੇ ਹੋ ? ਕਿਉਂ ਮੈਂ ਤੁਹਾਡੀ ਬਦੀ ਸਭਨਾਂ ਲੋਕਾਂ ਕੋਲੋਂ ਸੁਣਦਾ ਹਾਂ, 24ਨਾ ਮੇਰੇ ਪੁੱਤਰੋ । ਕਿਉਂ ਜੋ ਇਹ ਚੰਗੀ ਖ਼ਬਰ ਨਹੀਂ, ਜਿਹੜੀ ਮੈਂ ਸੁਣਦਾ ਹਾਂ ਕਿ ਤੁਸੀਂ ਯਹੋਵਾਹ ਦੀ ਪਰਜਾ ਦੇ ਪਾਪ ਦਾ ਕਾਰਨ ਬਣਦੇ ਹੋ । 25ਜੇ ਇੱਕ ਮਨੁੱਖ ਦੂਜੇ ਮਨੁੱਖ ਦਾ ਪਾਪ ਕਰੇ ਤਾਂ ਪਰਮੇਸ਼ੁਰ ਉਹ ਦਾ ਨਿਆਂ ਕਰੇਗਾ ਪਰ ਜੇ ਕੋਈ ਮਨੁੱਖ ਯਹੋਵਾਹ ਦਾ ਪਾਪ ਕਰੇ ਤਾਂ ਉਹ ਦੀ ਸਿਫਾਰਸ਼ ਕੌਣ ਕਰੇਗਾ ? ਫਿਰ ਵੀ ਉਨ੍ਹਾਂ ਨੇ ਆਪਣੇ ਪਿਤਾ ਦਾ ਕਹਿਣਾ ਨਾ ਮੰਨਿਆ ਕਿਉਂ ਜੋ ਯਹੋਵਾਹ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ । 26ਉਹ ਬਾਲਕ ਸਮੂਏਲ ਵਧਦਾ ਗਿਆ ਅਤੇ ਯਹੋਵਾਹ ਅਤੇ ਮਨੁੱਖਾਂ ਦੇ ਅੱਗੇ ਉਸ ਦੀ ਚੰਗੀ ਪਹਿਚਾਣ ਸੀ ।

ਏਲੀ ਦੇ ਪਰਿਵਾਰ ਦੇ ਵਿਰੋਧ ਵਿੱਚ ਭਵਿੱਖਬਾਣੀ

27ਤਦ ਇੱਕ ਪਰਮੇਸ਼ੁਰ ਦੇ ਬੰਦੇ ਨੇ ਏਲੀ ਕੋਲ ਆ ਕੇ ਆਖਿਆ, ਯਹੋਵਾਹ ਇਉਂ ਆਖਦਾ ਹੈ, ਭਲਾ, ਮੈਂ ਤੇਰੇ ਪਿਤਾ ਦੇ ਘਰਾਣੇ ਉੱਤੇ ਜਦ ਉਹ ਮਿਸਰ ਵਿੱਚ ਫਿਰਊਨ ਦੇ ਘਰਾਣੇ ਦੀ ਗ਼ੁਲਾਮੀ ਵਿੱਚ ਸਨ, ਪਰਗਟ ਨਹੀਂ ਹੋਇਆ ? 28ਕੀ ਮੈਂ ਉਸ ਨੂੰ ਇਸਰਾਏਲ ਦੇ ਸਾਰਿਆਂ ਗੋਤਾਂ ਵਿੱਚੋਂ ਨਹੀਂ ਚੁਣ ਲਿਆ ਕਿ ਉਹ ਮੇਰਾ ਜਾਜਕ ਬਣੇ ਅਤੇ ਮੇਰੀ ਜਗਵੇਦੀ ਉੱਤੇ ਭੇਂਟ ਚੜ੍ਹਾਵੇ, ਧੂਪ ਧੁਖਾਵੇ, ਮੇਰੇ ਅੱਗੇ ਏਫ਼ੋਦ ਪਹਿਨੇ ਅਤੇ ਮੈਂ ਸਾਰੀਆਂ ਭੇਟਾਂ ਜੋ ਇਸਰਾਏਲੀ ਅੱਗ ਨਾਲ ਚੜ੍ਹਾਉਂਦੇ ਹਨ ਤੇਰੇ ਪਿਤਾ ਦੇ ਟੱਬਰ ਨੂੰ ਨਹੀਂ ਦਿੱਤੀਆਂ ? 29ਫੇਰ ਤੁਸੀਂ ਕਿਉਂ ਮੇਰੀ ਉਸ ਕੁਰਬਾਨੀ ਅਤੇ ਮੇਰੀ ਭੇਟ ਨੂੰ ਜੋ ਮੇਰੀ ਆਗਿਆ ਨਾਲ ਮੇਰੇ ਘਰ ਵਿੱਚ ਚੜ੍ਹਾਈ ਜਾਂਦੀ ਹੈ ਨਿਰਾਦਰ ਕਰਦੇ ਹੋ ਅਤੇ ਤੂੰ ਕਿਉਂ ਆਪਣੇ ਪੁੱਤਰਾਂ ਦਾ ਮੇਰੇ ਨਾਲੋਂ ਵੱਧ ਆਦਰ ਕਰਦਾ ਹੈਂ, ਤੁਸੀਂ ਮੇਰੀ ਪਰਜਾ ਇਸਰਾਏਲ ਦੀਆਂ ਚੰਗੀਆਂ-ਚੰਗੀਆਂ ਭੇਟਾਂ ਨੂੰ ਖਾ ਕੇ ਮੋਟੇ ਬਣੇ ? 30ਸੋ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਵਾਕ ਹੈ ਕਿ ਮੈਂ ਆਖਿਆ ਸੀ ਕਿ ਤੇਰਾ ਟੱਬਰ ਅਤੇ ਤੇਰੇ ਪਿਤਾ ਦਾ ਟੱਬਰ ਸਦਾ ਮੇਰੇ ਅੱਗੇ ਤੁਰੇ, ਪਰ ਹੁਣ ਯਹੋਵਾਹ ਦਾ ਵਾਕ ਹੈ ਕਿ ਇਹ ਮੈਥੋਂ ਦੂਰ ਹੋਵੇ ਕਿਉਂ ਜੋ ਉਹ ਜਿਹੜੇ ਮੇਰਾ ਆਦਰ ਕਰਦੇ ਹਨ, ਮੈਂ ਉਨ੍ਹਾਂ ਦਾ ਆਦਰ ਕਰਾਂਗਾ ਪਰ ਉਹ ਜੋ ਮੇਰੀ ਨਿੰਦਿਆ ਕਰਦੇ ਹਨ ਸੋ ਤੁੱਛ ਸਮਝੇ ਜਾਣਗੇ । 31ਵੇਖ, ਉਹ ਦਿਨ ਆਉਂਦੇ ਹਨ, ਜੋ ਮੈਂ ਤੇਰੀ ਬਾਂਹ ਅਤੇ ਤੇਰੇ ਪਿਤਾ ਦੇ ਟੱਬਰ ਦੀ ਬਾਂਹ ਨੂੰ ਅਜਿਹੀ ਵੱਢ ਸੁੱਟਾਂਗਾ ਜੋ ਤੇਰੇ ਘਰ ਵਿੱਚ ਕੋਈ ਵੱਡੀ ਉਮਰ ਦਾ ਨਾ ਹੋਵੇਗਾ । 32ਅਤੇ ਉਸ ਸਾਰੀ ਭਲਿਆਈ ਦੇ ਵਿੱਚ ਜੋ ਉਹ ਇਸਰਾਏਲ ਨਾਲ ਕਰੇਗਾ ਤੂੰ ਘਰ ਵਿੱਚ ਦੁੱਖ ਵੇਖੇਂਗਾ ਅਤੇ ਤੇਰੀ ਸੰਤਾਨ ਵਿੱਚ ਕੋਈ ਬੁੱਢਾ ਨਾ ਹੋਵੇਗਾ । 33ਵੇਖ, ਮੈਂ ਤੇਰੇ ਘਰਾਣੇ ਵਿਚੋਂ ਹਰੇਕ ਤੋਂ ਜਗਵੇਦੀ ਦੀ ਸੇਵਾ ਨਾ ਖੋਵਾਂਗਾ, ਪਰ ਤੇਰੀਆਂ ਅੱਖਾਂ ਵੇਖਦੀਆਂ ਰਹਿ ਜਾਣਗੀਆਂ ਅਤੇ ਤੇਰਾ ਮਨ ਦੁਖੀ ਹੋਵੇਗਾ, ਤੇਰੇ ਘਰ ਦਾ ਸਾਰਾ ਵਾਧਾ ਜੁਆਨੀ ਵਿੱਚ ਹੀ ਮਰ ਖਪ ਜਾਵੇਗਾ । 34ਜੋ ਤੇਰੇ ਦੋਹਾਂ ਪੁੱਤਰਾਂ ਹਾਫ਼ਨੀ ਅਤੇ ਫਨੀਹਾਸ ਉੱਤੇ ਬੀਤੇਗਾ ਸੋ ਤੇਰੇ ਲਈ ਇਹ ਇੱਕ ਨਿਸ਼ਾਨੀ ਹੋਵੇਗੀ, ਉਹ ਦੋਵੇਂ ਦੇ ਦੋਵੇਂ ਇੱਕੋ ਦਿਨ ਹੀ ਮਰ ਜਾਣਗੇ । 35ਮੈਂ ਆਪਣੇ ਲਈ ਇੱਕ ਧਰਮੀ ਜਾਜਕ ਖੜ੍ਹਾ ਕਰਾਂਗਾ, ਜੋ ਮੇਰੇ ਮਨ ਅਤੇ ਜੀਅ ਦੇ ਅਨੁਸਾਰ ਕਰੇਗਾ ਅਤੇ ਮੈਂ ਉਹ ਦੇ ਲਈ ਇੱਕ ਪੱਕਾ ਘਰ ਬਣਾਵਾਂਗਾ ਅਤੇ ਉਹ ਸਦਾ ਮੇਰੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ-ਅੱਗੇ ਤੁਰੇਗਾ । 36ਅਤੇ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਤੇਰੇ ਘਰ ਵਿੱਚ ਬਚ ਜਾਵੇਗਾ ਉਹ ਇੱਕ ਟੁੱਕੜਾ ਚਾਂਦੀ ਅਤੇ ਇੱਕ ਟੁੱਕੜੇ ਰੋਟੀ ਦੇ ਲਈ ਉਹ ਦੇ ਅੱਗੇ ਮੱਥਾ ਟੇਕੇਗਾ ਅਤੇ ਉਹ ਆਖੇਗਾ, ਜਾਜਕਾਈ ਦਾ ਕੋਈ ਕੰਮ ਮੈਨੂੰ ਦੇ, ਤਾਂ ਜੋ ਮੈਨੂੰ ਇੱਕ ਟੁੱਕੜਾ ਰੋਟੀ ਮਿਲ ਜਾਵੇ ।

3

ਸਮੂਏਲ ਨੂੰ ਯਹੋਵਾਹ ਦਾ ਦਰਸ਼ਣ

1ਉਹ ਬਾਲਕ ਸਮੂਏਲ ਏਲੀ ਦੇ ਸਾਹਮਣੇ ਯਹੋਵਾਹ ਦੀ ਸੇਵਾ ਕਰਦਾ ਸੀ ਅਤੇ ਉਨ੍ਹਾਂ ਦਿਨਾਂ ਵਿੱਚ ਯਹੋਵਾਹ ਦਾ ਬਚਨ ਬਹੁਤ ਦੁਰਲੱਭ ਸੀ ਕਿਉਂ ਜੋ ਦਰਸ਼ਣ ਘੱਟ ਹੁੰਦਾ ਸੀ । 2ਅਤੇ ਅਜਿਹਾ ਹੋਇਆ ਜਦ ਏਲੀ ਆਪਣੇ ਥਾਂ ਲੰਮਾ ਪਿਆ ਸੀ ਅਤੇ ਉਹ ਦੀਆਂ ਅੱਖੀਆਂ ਅਜਿਹੀਆਂ ਧੁੰਦਲੀਆਂ ਹੋਣ ਲੱਗੀਆਂ ਜੋ ਉਹ ਵੇਖ ਨਹੀਂ ਸਕਦਾ ਸੀ । 3ਪਰਮੇਸ਼ੁਰ ਦਾ ਦੀਵਾ, ਜੋ ਯਹੋਵਾਹ ਦੀ ਹੈਕਲ ਵਿੱਚ ਜਿੱਥੇ ਪਰਮੇਸ਼ੁਰ ਦਾ ਸੰਦੂਕ ਸੀ ਜੋ ਅਜੇ ਨਹੀਂ ਬੁੱਝਿਆ ਸੀ ਅਤੇ ਸਮੂਏਲ ਲੰਮਾ ਪਿਆ ਹੋਇਆ ਸੀ । 4ਤਦ ਯਹੋਵਾਹ ਨੇ ਸਮੂਏਲ ਨੂੰ ਬੁਲਾਇਆ ਅਤੇ ਉਹ ਨੇ ਆਖਿਆ, ਮੈਂ ਹਾਜ਼ਰ ਹਾਂ, 5ਅਤੇ ਭੱਜ ਕੇ ਏਲੀ ਕੋਲ ਗਿਆ ਅਤੇ ਆਖਿਆ, ਤੂੰ ਜੋ ਮੈਨੂੰ ਬੁਲਾਇਆ ਹੈ ਮੈਂ ਹਾਜ਼ਰ ਹਾਂ । ਪਰ ਉਹ ਬੋਲਿਆ, ਮੈਂ ਤਾਂ ਨਹੀਂ ਬੁਲਾਇਆ । ਵਾਪਿਸ ਜਾ ਕੇ ਲੰਮਾ ਪੈ ਜਾ । ਸੋ ਉਹ ਜਾ ਕੇ ਲੰਮਾ ਪੈ ਗਿਆ । 6ਯਹੋਵਾਹ ਨੇ ਸਮੂਏਲ ਨੂੰ ਫੇਰ ਬੁਲਾਇਆ ਅਤੇ ਸਮੂਏਲ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ । ਉਸ ਨੇ ਆਖਿਆ, ਹੇ ਮੇਰੇ ਪੁੱਤਰ, ਮੈਂ ਨਹੀਂ ਬੁਲਾਇਆ । ਵਾਪਿਸ ਜਾ ਕੇ ਲੰਮਾ ਪੈ ਜਾ । 7ਪਰ ਸਮੂਏਲ ਅਜੇ ਯਹੋਵਾਹ ਨੂੰ ਨਹੀਂ ਜਾਣਦਾ ਸੀ ਅਤੇ ਨਾ ਹੀ ਯਹੋਵਾਹ ਦਾ ਬਚਨ ਉਸ ਉੱਤੇ ਪਰਗਟ ਹੋਇਆ ਸੀ । 8ਫੇਰ ਯਹੋਵਾਹ ਨੇ ਤੀਜੀ ਵਾਰੀ ਸਮੂਏਲ ਨੂੰ ਬੁਲਾਇਆ ਅਤੇ ਉਹ ਉੱਠ ਕੇ ਏਲੀ ਕੋਲ ਗਿਆ ਅਤੇ ਆਖਿਆ, ਮੈਂ ਹਾਜ਼ਰ ਹਾਂ, ਤੂੰ ਜੋ ਮੈਨੂੰ ਬੁਲਾਇਆ ਹੈ । ਤਦ ਏਲੀ ਨੇ ਜਾਣ ਲਿਆ ਜੋ ਯਹੋਵਾਹ ਨੇ ਬਾਲਕ ਨੂੰ ਬੁਲਾਇਆ ਹੋਣਾ ਹੈ । 9ਤਦ ਏਲੀ ਨੇ ਸਮੂਏਲ ਨੂੰ ਆਖਿਆ, ਜਾ ਲੰਮਾ ਪੈ ਜਾ ਅਤੇ ਅਜਿਹਾ ਹੋਵੇਗਾ ਕਿ ਜਦ ਉਹ ਤੈਨੂੰ ਪੁਕਾਰੇ ਤਾਂ ਤੂੰ ਆਖੀ, ਹੇ ਯਹੋਵਾਹ ਬੋਲ, ਤੇਰਾ ਦਾਸ ਸੁਣਦਾ ਹੈ । ਸੋ ਸਮੂਏਲ ਆਪਣੇ ਥਾਂ ਜਾ ਕੇ ਲੰਮਾ ਪੈ ਗਿਆ ।

10ਤਦ ਯਹੋਵਾਹ ਆਇਆ ਅਤੇ ਖੜ੍ਹੇ ਹੋ ਕੇ ਪਹਿਲਾਂ ਦੀ ਤਰ੍ਹਾਂ ਸੱਦਿਆ, "ਸਮੂਏਲ, ਸਮੂਏਲ । " ਤਦ ਸਮੂਏਲ ਨੇ ਕਿਹਾ, ਬੋਲ ਕਿਉਂ ਜੋ ਤੇਰਾ ਦਾਸ ਸੁਣਦਾ ਹੈ । 11ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਵੇਖ, ਮੈਂ ਇਸਰਾਏਲ ਦੇ ਵਿੱਚ ਇੱਕ ਅਜਿਹਾ ਕੰਮ ਕਰਾਂਗਾ ਜਿਸ ਨੂੰ ਸੁਣਨ ਵਾਲੇ ਕੰਬਣਗੇ, 12ਸੋ ਉਸ ਦਿਨ ਮੈਂ ਏਲੀ ਉੱਤੇ ਸਭ ਕੁਝ ਆਦ ਤੋਂ ਅੰਤ ਤੱਕ ਲਿਆਵਾਂਗਾ ਜੋ ਮੈਂ ਉਸ ਦੇ ਟੱਬਰ ਦੇ ਲਈ ਆਖਿਆ ਸੀ । 13ਕਿਉਂ ਜੋ ਮੈਂ ਉਹ ਨੂੰ ਆਖਿਆ ਕਿ ਮੈਂ ਉਸ ਬੁਰਿਆਈ ਦੇ ਕਾਰਨ ਜਿਸ ਨੂੰ ਉਹ ਨੇ ਜਾਣ ਵੀ ਲਿਆ ਹੈ ਸਦੀਪਕ ਕਾਲ ਤੱਕ ਉਹ ਦੇ ਘਰ ਤੋਂ ਬਦਲਾ ਲਵਾਂਗਾ ਕਿਉਂ ਜੋ ਉਹ ਦੇ ਪੁੱਤਰਾਂ ਨੇ ਆਪਣੇ ਆਪ ਨੂੰ ਨੀਚ ਕੀਤਾ ਹੈ ਅਤੇ ਉਹ ਨੇ ਉਨ੍ਹਾਂ ਨੂੰ ਨਹੀਂ ਰੋਕਿਆ । 14ਇਸ ਕਰਕੇ ਏਲੀ ਦੇ ਟੱਬਰ ਵਿਖੇ ਮੈਂ ਸਹੁੰ ਖਾਧੀ ਹੈ ਜੋ ਏਲੀ ਦੇ ਟੱਬਰ ਦੀ ਬੁਰਿਆਈ, ਕਿਸੇ ਕੁਰਬਾਨੀ ਜਾਂ ਭੇਟ ਦੇ ਨਾਲ ਸਦਾ ਤੱਕ ਨਾ ਮਿਟੇ ।

15ਸਮੂਏਲ ਸਵੇਰ ਤੱਕ ਸੁੱਤਾ ਰਿਹਾ, ਫੇਰ ਉਸ ਨੇ ਯਹੋਵਾਹ ਦੇ ਘਰ ਦੇ ਬੂਹੇ ਖੋਲ੍ਹ ਦਿੱਤੇ ਅਤੇ ਸਮੂਏਲ ਏਲੀ ਨੂੰ ਉਸ ਦਰਸ਼ਣ ਨੂੰ ਦੱਸਣ ਤੋਂ ਡਰਦਾ ਸੀ । 16ਤਦ ਏਲੀ ਨੇ ਸਮੂਏਲ ਨੂੰ ਸੱਦ ਕੇ ਆਖਿਆ, ਹੇ ਮੇਰੇ ਪੁੱਤਰ ਸਮੂਏਲ ! ਉਹ ਬੋਲਿਆ, ਮੈਂ ਹਾਜ਼ਰ ਹਾਂ । 17ਤਦ ਉਹ ਨੇ ਪੁੱਛਿਆ, ਉਹ ਕਿਹੜੀ ਗੱਲ ਸੀ ਜੋ ਤੈਨੂੰ ਯਹੋਵਾਹ ਨੇ ਆਖੀ ਹੈ ? ਮੈਥੋਂ ਨਾ ਲੁਕਾਵੀਂ । ਜੇ ਕਦੀ ਉਨ੍ਹਾਂ ਗੱਲਾਂ ਵਿੱਚੋਂ ਜੋ ਉਸ ਨੇ ਤੈਨੂੰ ਆਖੀਆਂ ਹਨ, ਤੂੰ ਕੁਝ ਵੀ ਲੁਕਾਂਵੇ ਤਾਂ ਪਰਮੇਸ਼ੁਰ ਤੇਰੇ ਨਾਲ ਉਵੇਂ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਕਰੇ ! 18ਤਦ ਸਮੂਏਲ ਨੇ ਉਹ ਨੂੰ ਸਾਰਾ ਬਚਨ ਦੱਸ ਦਿੱਤਾ ਅਤੇ ਉਸ ਕੋਲੋਂ ਕੁਝ ਨਾ ਲੁਕਾਇਆ । ਉਹ ਬੋਲਿਆ, ਉਹ ਯਹੋਵਾਹ ਹੀ ਹੈ । ਜੋ ਚਾਹੇ ਸੋ ਕਰੇ ।

19ਸਮੂਏਲ ਵੱਧਦਾ ਗਿਆ ਅਤੇ ਯਹੋਵਾਹ ਉਹ ਦੇ ਅੰਗ-ਸੰਗ ਸੀ ਅਤੇ ਉਸ ਨੇ ਉਹ ਦੀ ਆਖੀ ਕੋਈ ਗੱਲ ਧਰਤੀ ਉੱਤੇ ਵਿਅਰਥ ਨਾ ਜਾਣ ਦਿੱਤੀ । 20ਅਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਾਰਾ ਇਸਰਾਏਲ ਜਾਣ ਗਿਆ ਜੋ ਸਮੂਏਲ ਯਹੋਵਾਹ ਦਾ ਨਬੀ ਠਹਿਰਾਇਆ ਗਿਆ ਸੀ । 21ਅਤੇ ਯਹੋਵਾਹ ਸ਼ੀਲੋਹ ਵਿੱਚ ਫੇਰ ਪ੍ਰਗਟ ਹੋਇਆ, ਕਿਉਂ ਜੋ ਯਹੋਵਾਹ ਨੇ ਆਪਣੇ ਆਪ ਨੂੰ ਸ਼ੀਲੋਹ ਵਿੱਚ ਸਮੂਏਲ ਉੱਤੇ ਆਪਣੇ ਬਚਨ ਨਾਲ ਪ੍ਰਗਟ ਕੀਤਾ ਸੀ ।

4

ਨੇਮ ਦੇ ਸੰਦੂਕ ਦਾ ਖੋਹ ਲਿਆ ਜਾਣਾ

1ਸਮੂਏਲ ਦੀ ਗੱਲ ਸਾਰੇ ਇਸਰਾਏਲ ਵਿੱਚ ਫੈਲ ਗਈ । ਇਸਰਾਏਲੀ ਫ਼ਲਿਸਤੀਆਂ ਨਾਲ ਲੜਨ ਨੂੰ ਨਿੱਕਲੇ ਅਤੇ ਅਬਨਅਜ਼ਰ ਦੇ ਨੇੜੇ ਤੰਬੂ ਲਾਏ ਅਤੇ ਫ਼ਲਿਸਤੀਆਂ ਨੇ ਅਫੇਕ ਵਿੱਚ ਤੰਬੂ ਲਾਏ । 2ਤਦ ਫ਼ਲਿਸਤੀਆਂ ਨੇ ਇਸਰਾਏਲ ਦਾ ਸਾਹਮਣਾ ਕਰਨ ਨੂੰ ਆਪਣੀ ਕਤਾਰ ਬੰਨ੍ਹੀ ਅਤੇ ਜਦੋਂ ਲੜਾਈ ਵੱਧ ਗਈ ਤਾਂ ਇਸਰਾਏਲੀ ਫ਼ਲਿਸਤੀਆਂ ਤੋਂ ਹਾਰ ਗਏ ਅਤੇ ਉਨ੍ਹਾਂ ਨੇ ਇਸਰਾਏਲੀਆਂ ਦੀ ਫ਼ੌਜ ਵਿੱਚੋਂ ਜੋ ਮੈਦਾਨ ਵਿੱਚ ਸੀ, ਚਾਰ ਹਜ਼ਾਰ ਦੇ ਲਗਭਗ ਮਨੁੱਖ ਵੱਢ ਸੁੱਟੇ । 3ਜਦ ਲੋਕ ਛਾਉਣੀ ਵਿੱਚ ਮੁੜ ਆਏ ਤਾਂ ਇਸਰਾਏਲ ਦੇ ਬਜ਼ੁਰਗਾਂ ਨੇ ਆਖਿਆ, ਯਹੋਵਾਹ ਨੇ ਸਾਨੂੰ ਫ਼ਲਿਸਤੀਆਂ ਦੇ ਅੱਗੇ ਅੱਜ ਹਾਰ ਕਿਉਂ ਦਿੱਤੀ ? ਆਓ, ਅਸੀਂ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਸ਼ੀਲੋਹ ਤੋਂ ਆਪਣੇ ਕੋਲ ਲੈ ਆਈਏ ਕਿ ਉਹ ਸਾਡੇ ਵਿਚਕਾਰ ਹੋ ਕੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਛੁਡਾਵੇ । 4ਸੋ ਉਹਨਾਂ ਨੇ ਸ਼ੀਲੋਹ ਵਿੱਚ ਲੋਕ ਭੇਜੇ ਜੋ ਸੈਨਾਵਾਂ ਦੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ, ਜੋ ਦੋ ਕਰੂਬੀਆਂ ਦੇ ਵਿਚਕਾਰ ਬਿਰਾਜਮਾਨ ਹੈ, ਉੱਥੋਂ ਲੈ ਆਉਣ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਕੋਲ ਉੱਥੇ ਸਨ ।

5ਅਤੇ ਜਿਸ ਵੇਲੇ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਆ ਪਹੁੰਚਿਆ ਤਦ ਸਾਰੇ ਇਸਰਾਏਲ ਨੇ ਵੱਡੀ ਅਵਾਜ਼ ਨਾਲ ਜੈਕਾਰਾ ਬੁਲਾਇਆ, ਜਿਸ ਨਾਲ ਧਰਤੀ ਕੰਬ ਉੱਠੀ । 6ਜਦ ਫ਼ਲਿਸਤੀਆਂ ਨੇ ਜੈਕਾਰੇ ਦੀ ਅਵਾਜ਼ ਸੁਣੀ ਤਾਂ ਬੋਲੇ, ਇਨ੍ਹਾਂ ਇਬਰਾਨੀਆਂ ਦੀ ਛਾਉਣੀ ਵਿੱਚ ਇਹ ਜੈਕਾਰੇ ਦੀ ਕਿਹੋ ਜਿਹੀ ਅਵਾਜ਼ ਹੈ ? ਫੇਰ ਉਨ੍ਹਾਂ ਨੇ ਜਾਣਿਆ ਕਿ ਯਹੋਵਾਹ ਦੇ ਨੇਮ ਦਾ ਸੰਦੂਕ ਛਾਉਣੀ ਵਿੱਚ ਪਹੁੰਚ ਗਿਆ ਹੈ । 7ਤਦ ਫ਼ਲਿਸਤੀ ਡਰ ਗਏ ਕਿਉਂ ਜੋ ਉਨ੍ਹਾਂ ਨੇ ਆਖਿਆ, ਪਰਮੇਸ਼ੁਰ ਛਾਉਣੀ ਵਿੱਚ ਆ ਗਿਆ ਹੈ ! ਅਤੇ ਬੋਲੇ,ਸਾਡੇ ਉੱਤੇ ਹਾਇ ! ਕਿਉਂ ਜੋ ਅੱਜ ਤੋਂ ਪਹਿਲਾਂ ਅਜਿਹੀ ਗੱਲ ਕਦੀ ਨਹੀਂ ਹੋਈ । 8ਹਾਇ ! ਅਜਿਹੇ ਬਲਵੰਤ ਪਰਮੇਸ਼ੁਰ ਦੇ ਹੱਥੋਂ ਸਾਨੂੰ ਕੌਣ ਬਚਾਵੇਗਾ ? ਇਹ ਉਹ ਦੇਵਤੇ ਹਨ ਜਿਨ੍ਹਾਂ ਨੇ ਮਿਸਰੀਆਂ ਨੂੰ ਉਜਾੜ ਵਿੱਚ ਸਭ ਪ੍ਰਕਾਰ ਦੀਆਂ ਬਵਾਂ ਨਾਲ ਮਾਰਿਆ ਸੀ । 9ਹੇ ਫ਼ਲਿਸਤੀਓ, ਤੁਸੀਂ ਤਕੜੇ ਹੋਵੇ ਅਤੇ ਮਰਦ ਬਣੋ ਜੋ ਤੁਸੀਂ ਇਬਰਾਨੀਆਂ ਦੇ ਗ਼ੁਲਾਮ ਨਾ ਬਣੋ ਜਿਵੇਂ ਉਹ ਤੁਹਾਡੇ ਗ਼ੁਲਾਮ ਬਣੇ ਸਨ, ਸਗੋਂ ਮਰਦ ਬਣੋ ਅਤੇ ਲੜੋ !

10ਸੋ ਫ਼ਲਿਸਤੀ ਲੜੇ ਅਤੇ ਇਸਰਾਏਲ ਉਹਨਾਂ ਤੋਂ ਹਾਰ ਗਿਆ ਅਤੇ ਉਹ ਆਪੋ ਆਪਣੇ ਤੰਬੂਆਂ ਵੱਲ ਨੱਠੇ ਅਤੇ ਉੱਥੇ ਬਹੁਤ ਲੜ੍ਹਾਈ ਹੋਈ ਕਿਉਂ ਜੋ ਤੀਹ ਹਜ਼ਾਰ ਇਸਰਾਏਲੀ ਮਾਰੇ ਗਏ, 11ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ ਅਤੇ ਏਲੀ ਦੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ ।

ਏਲੀ ਦੀ ਮੌਤ

12ਤਦ ਬਿਨਯਾਮੀਨ ਦਾ ਇੱਕ ਮਨੁੱਖ ਫ਼ੌਜ ਦੇ ਵਿੱਚੋਂ ਨੱਠਾ ਅਤੇ ਆਪਣੇ ਕੱਪੜੇ ਪਾੜੇ ਹੋਏ ਅਤੇ ਸਿਰ ਵਿੱਚ ਮਿੱਟੀ ਪਾਈ ਹੋਈ ਉਸੇ ਦਿਨ ਸ਼ੀਲੋਹ ਵਿੱਚ ਆਇਆ । 13ਜਦ ਉਹ ਆਇਆ ਤਾਂ ਵੇਖੋ,ਏਲੀ ਸੜਕ ਦੇ ਇੱਕ ਪਾਸੇ ਇੱਕ ਚੌਂਕੀ ਉੱਤੇ ਬੈਠ ਕੇ ਰਾਹ ਵੇਖਦਾ ਸੀ ਕਿਉਂ ਜੋ ਉਹ ਦਾ ਮਨ ਪਰਮੇਸ਼ੁਰ ਦੇ ਸੰਦੂਕ ਦੇ ਕਾਰਨ ਕੰਬਦਾ ਸੀ ਅਤੇ ਜਿਸ ਵੇਲੇ ਉਸ ਮਨੁੱਖ ਨੇ ਸ਼ਹਿਰ ਵਿੱਚ ਆ ਕੇ ਸੁਨੇਹਾ ਦਿੱਤਾ ਤਾਂ ਸਾਰਾ ਸ਼ਹਿਰ ਰੋਣ ਪਿੱਟਣ ਲੱਗਾ । 14ਜਦ ਵਿਰਲਾਪ ਦੀ ਅਵਾਜ਼ ਏਲੀ ਨੇ ਸੁਣੀ ਤਾਂ ਉਹ ਨੇ ਆਖਿਆ, ਇਹ ਕਿਹੋ ਜਿਹਾ ਰੌਲਾ ਪੈ ਗਿਆ ? ਅਤੇ ਉਸ ਮਨੁੱਖ ਨੇ ਛੇਤੀ ਨਾਲ ਏਲੀ ਨੂੰ ਆਣ ਕੇ ਖ਼ਬਰ ਦਿੱਤੀ । 15ਏਲੀ ਅਠਾਨਵਿਆਂ ਸਾਲਾਂ ਦਾ ਬੁੱਢਾ ਸੀ ਅਤੇ ਉਹ ਦੀਆਂ ਅੱਖੀਆਂ ਧੁੰਦਲੀਆਂ ਹੋ ਗਈਆਂ ਸਨ ਅਤੇ ਉਸ ਨੂੰ ਕੁਝ ਦਿਖਾਈ ਨਹੀਂ ਸੀ ਦਿੰਦਾ । 16ਸੋ ਉਸ ਮਨੁੱਖ ਨੇ ਏਲੀ ਨੂੰ ਆਖਿਆ, ਮੈਂ ਫ਼ੌਜ ਤੋਂ ਆਇਆ ਹਾਂ ਅਤੇ ਮੈਂ ਅੱਜ ਫ਼ੌਜ ਦੇ ਵਿੱਚੋਂ ਭੱਜ ਕੇ ਆਇਆ ਹਾਂ । ਉਹ ਬੋਲਿਆ, ਹੇ ਮੇਰੇ ਪੁੱਤਰ, ਕੀ ਖ਼ਬਰ ਹੈ ? 17ਉਸ ਨੇ ਉੱਤਰ ਦੇ ਕੇ ਆਖਿਆ, ਇਸਰਾਏਲ ਨੇ ਫ਼ਲਿਸਤੀਆਂ ਦੇ ਅੱਗੋਂ ਹਾਰ ਖਾਧੀ ਅਤੇ ਲੋਕਾਂ ਵਿੱਚ ਵੱਡੀ ਵਾਢ ਹੋਈ ਅਤੇ ਤੇਰੇ ਦੋਵੇਂ ਪੁੱਤਰ ਹਾਫ਼ਨੀ ਅਤੇ ਫ਼ੀਨਹਾਸ ਮਾਰੇ ਗਏ ਅਤੇ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ । 18ਤਦ ਅਜਿਹਾ ਹੋਇਆ ਕਿ ਜਿਸ ਵੇਲੇ ਉਹ ਨੇ ਪਰਮੇਸ਼ੁਰ ਦੇ ਸੰਦੂਕ ਦੀ ਗੱਲ ਸੁਣਾਈ ਤਾਂ ਉਹ ਚੌਂਕੀ ਉੱਤੋਂ ਪਿੱਠ ਭਾਰ ਦਰਵਾਜ਼ੇ ਕੋਲ ਡਿੱਗ ਪਿਆ, ਉਹ ਦੀ ਧੌਣ ਟੁੱਟ ਗਈ ਅਤੇ ਉਹ ਮਰ ਗਿਆ ਕਿਉਂ ਜੋ ਉਹ ਵੱਡੀ ਉਮਰ ਦਾ ਅਤੇ ਭਾਰਾ ਵੀ ਸੀ ਅਤੇ ਉਹ ਚਾਲੀ ਸਾਲ ਤੱਕ ਇਸਰਾਏਲ ਦਾ ਨਿਆਂ ਕਰਦਾ ਰਿਹਾ ।

ਫ਼ੀਨਹਾਸ ਦੀ ਵਿਧਵਾ ਦੀ ਮੌਤ

19ਉਸ ਦੀ ਨੂੰਹ ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਦੇ ਜਨਣ ਦਾ ਵੇਲਾ ਨੇੜੇ ਸੀ ਜਦ ਉਹ ਨੇ ਇਹ ਗੱਲਾਂ ਸੁਣੀਆਂ ਕਿ ਪਰਮੇਸ਼ੁਰ ਦਾ ਸੰਦੂਕ ਹੱਥੋਂ ਨਿੱਕਲ ਗਿਆ ਹੈ ਅਤੇ ਤੇਰਾ ਸਹੁਰਾ ਅਤੇ ਪਤੀ ਮਰ ਗਏ ਹਨ ਤਾਂ ਉਹ ਨੂੰ ਜਣਨ ਦੀਆਂ ਪੀੜ੍ਹਾਂ ਲੱਗੀਆਂ ਅਤੇ ਉਸਨੇ ਪੁੱਤਰ ਨੂੰ ਜਨਮ ਦਿੱਤਾ । 20ਅਤੇ ਉਹ ਦੇ ਮਰਨ ਦੇ ਵੇਲੇ ਉਨ੍ਹਾਂ ਇਸਤਰੀਆਂ ਨੇ ਜੋ ਉੱਥੇ ਸਨ ਉਹ ਨੂੰ ਆਖਿਆ, ਨਿਰਾਸ਼ ਨਾ ਹੋ ਕਿਉਂ ਜੋ ਤੂੰ ਪੁੱਤਰ ਨੂੰ ਜਨਮ ਦਿੱਤਾ ਹੈ ਪਰ ਉਹ ਨੇ ਉੱਤਰ ਨਾ ਦਿੱਤਾ ਸਗੋਂ ਧਿਆਨ ਵੀ ਨਾ ਕੀਤਾ । 21ਉਹ ਨੇ ਉਸ ਮੁੰਡੇ ਦਾ ਨਾਮ ਈਕਾਬੋਦ ਰੱਖਿਆ ਅਤੇ ਕਿਹਾ, ਇਸਰਾਏਲ ਤੋਂ ਪਰਤਾਪ ਜਾਂਦਾ ਰਿਹਾ, ਪਰਮੇਸ਼ੁਰ ਦਾ ਸੰਦੂਕ ਖੁੱਸ ਜੋ ਗਿਆ ਅਤੇ ਉਹ ਦੇ ਸਹੁਰੇ ਅਤੇ ਪਤੀ ਦੇ ਕਾਰਨ ਵੀ । 22ਅਤੇ ਉਹ ਬੋਲੀ, ਇਸਰਾਏਲ ਦਾ ਪਰਤਾਪ ਜਾਂਦਾ ਰਿਹਾ ਕਿਉਂ ਜੋ ਪਰਮੇਸ਼ੁਰ ਦਾ ਸੰਦੂਕ ਖੋਹ ਲਿਆ ਗਿਆ ।

5

ਨੇਮ ਦਾ ਸੰਦੂਕ ਫਲਿਸਤੀਆਂ ਦੇ ਦੇਸ ਵਿੱਚ

1ਫ਼ਲਿਸਤੀਆਂ ਨੇ ਪਰਮੇਸ਼ੁਰ ਦਾ ਸੰਦੂਕ, ਅਬਨ ਅਜ਼ਰ ਤੋਂ ਚੁੱਕ ਕੇ ਅਸ਼ਦੋਦ ਵਿੱਚ ਪਹੁੰਚਾ ਦਿੱਤਾ । 2ਜਦ ਫ਼ਲਿਸਤੀਆਂ ਨੇ ਪਰਮੇਸ਼ੁਰ ਦੇ ਸੰਦੂਕ ਨੂੰ ਖੋਹ ਲਿਆ ਤਾਂ ਉਹ ਉਸ ਨੂੰ ਦਾਗੋਨ ਦੇ ਮੰਦਰ ਵਿੱਚ ਲਿਆਏ ਅਤੇ ਦਾਗੋਨ ਕੋਲ ਰੱਖਿਆ । 3ਜਦ ਸਵੇਰ ਨੂੰ ਅਸ਼ਦੋਦੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ, ਤਦ ਉਨ੍ਹਾਂ ਨੇ ਦਾਗੋਨ ਨੂੰ ਚੁੱਕ ਕੇ ਉਹ ਦੇ ਥਾਂ ਉੱਤੇ ਉਹ ਨੂੰ ਫੇਰ ਖੜ੍ਹਾ ਕੀਤਾ । 4ਅਗਲੇ ਦਿਨ ਜਦ ਉਹ ਤੜਕੇ ਉੱਠੇ ਤਾਂ ਵੇਖੋ, ਦਾਗੋਨ ਯਹੋਵਾਹ ਦੇ ਸੰਦੂਕ ਅੱਗੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗਾ ਪਿਆ ਸੀ ਅਤੇ ਦਾਗੋਨ ਦਾ ਸਿਰ ਅਤੇ ਉਹ ਦੇ ਦੋਹਾਂ ਹੱਥਾਂ ਦੀਆਂ ਤਲੀਆਂ ਬੂਹੇ ਦੇ ਸਾਹਮਣੇ ਵੱਢੀਆਂ ਪਈਆਂ ਸਨ । ਉਹ ਦਾ ਸਿਰਫ਼ ਧੜ ਹੀ ਰਹਿ ਗਿਆ ਸੀ । 5ਇਸ ਲਈ ਅਸ਼ਦੋਦ ਵਿੱਚ ਦਾਗੋਨ ਦੇ ਪੁਜਾਰੀ ਅਤੇ ਉਹ ਸਾਰੇ ਜੋ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ ਅੱਜ ਤੱਕ ਬੂਹੇ ਦੇ ਸਾਹਮਣੇ ਪੈਰ ਨਹੀਂ ਧਰਦੇ ।

6ਪਰ ਯਹੋਵਾਹ ਦਾ ਹੱਥ ਅਸ਼ਦੋਦੀਆਂ ਉੱਤੇ ਭਾਰਾ ਪੈ ਗਿਆ ਅਤੇ ਉਸ ਨੇ ਉਨ੍ਹਾਂ ਦਾ ਨਾਸ਼ ਕੀਤਾ ਅਤੇ ਅਸ਼ਦੋਦ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਗਿਲ੍ਹਟੀਆਂ ਦੀ ਬਿਮਾਰੀ ਨਾਲ ਮਾਰਿਆ । 7ਜਦ ਅਸ਼ਦੋਦੀਆਂ ਨੇ ਜੋ ਕੁਝ ਹੋਇਆ ਉਹ ਵੇਖਿਆ ਤਾਂ ਉਨ੍ਹਾਂ ਨੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦਾ ਸੰਦੂਕ ਸਾਡੇ ਕੋਲ ਨਾ ਰਹੇ ਕਿਉਂ ਜੋ ਉਹ ਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਉੱਤੇ ਭਾਰਾ ਪਿਆ ਹੈ । 8ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਦਾ ਕੀ ਕਰੀਏ ? ਤਦ ਉਨ੍ਹਾਂ ਨੇ ਉੱਤਰ ਦਿੱਤਾ ਕਿ ਇਹ ਜਰੂਰੀ ਹੈ ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਗਥ ਨਗਰ ਵਿੱਚ ਲੈ ਜਾਣ, ਇਸ ਲਈ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਉੱਥੇ ਲੈ ਗਏ । 9ਜਦ ਉਹ ਉਸ ਨੂੰ ਉੱਥੇ ਲੈ ਗਏ ਤਾਂ ਅਜਿਹਾ ਹੋਇਆ ਜੋ ਯਹੋਵਾਹ ਦਾ ਹੱਥ ਉਸ ਸ਼ਹਿਰ ਨੂੰ ਨਾਸ਼ ਕਰਨ ਨੂੰ ਉਹ ਦੇ ਵਿਰੁੱਧ ਉੱਠਿਆ ਅਤੇ ਉਹ ਨੇ ਉਸ ਸ਼ਹਿਰ ਦੇ ਲੋਕਾਂ ਨੂੰ ਨਿੱਕਿਆਂ ਤੋਂ ਲੈ ਕੇ ਵੱਡਿਆਂ ਤੱਕ ਮਾਰਿਆ ਅਤੇ ਉਨ੍ਹਾਂ ਦੀਆਂ ਗੁਦਾਂ ਵਿੱਚ ਰਸੋਲੀਆਂ ਨਿੱਕਲੀਆਂ । 10ਤਦ ਉਨ੍ਹਾਂ ਨੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਨੂੰ ਭੇਜਿਆ ਪਰ ਜਿਸ ਵੇਲੇ ਪਰਮੇਸ਼ੁਰ ਦਾ ਸੰਦੂਕ ਅਕਰੋਨ ਵਿੱਚ ਪਹੁੰਚਿਆ ਤਦ ਅਜਿਹਾ ਹੋਇਆ ਜੋ ਅਕਰੋਨੀ ਚੀਕ ਉੱਠੇ, ਕਿ ਉਹ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਸਾਡੇ ਵਿੱਚ ਇਸ ਲਈ ਲਿਆਏ ਹਨ, ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ਼ ਕਰਨ । 11ਸੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਸਰਦਾਰਾਂ ਨੂੰ ਸੱਦ ਕੇ ਇੱਕਠਿਆਂ ਕੀਤਾ ਅਤੇ ਆਖਿਆ, ਕਿ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜੋ ਤਾਂ ਜੋ ਉਹ ਆਪਣੇ ਸਥਾਨ ਤੇ ਜਾਵੇ ਜੋ ਸਾਡਾ ਅਤੇ ਸਾਡੇ ਲੋਕਾਂ ਦਾ ਨਾਸ ਨਾ ਕਰੇ ਕਿਉਂ ਜੋ ਸਾਰਾ ਸ਼ਹਿਰ ਮੌਤ ਦੀ ਘਬਰਾਹਟ ਨਾਲ ਡਰ ਗਿਆ ਸੀ । ਉੱਥੇ ਪਰਮੇਸ਼ੁਰ ਦਾ ਹੱਥ ਅੱਤ ਭਾਰਾ ਸੀ । 12ਉਹ ਲੋਕ ਜੋ ਮਰੇ ਨਹੀਂ ਸਨ, ਉਹ ਗਿਲ੍ਹਟੀਆਂ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਸ਼ਹਿਰ ਦੀ ਦੁਹਾਈ ਅਕਾਸ਼ ਤੱਕ ਪਹੁੰਚ ਗਈ ।

6

ਨੇਮ ਦੇ ਸੰਦੂਕ ਨੂੰ ਵਾਪਸ ਲਿਆਂਦਾ ਜਾਣਾ

1ਸੋ ਯਹੋਵਾਹ ਦਾ ਸੰਦੂਕ ਸੱਤ ਮਹੀਨਿਆਂ ਤੱਕ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ । 2ਤਦ ਫ਼ਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਆਖਿਆ, ਕਿ ਯਹੋਵਾਹ ਦੇ ਇਸ ਸੰਦੂਕ ਨੂੰ ਅਸੀਂ ਕੀ ਕਰੀਏ ? ਸਾਨੂੰ ਦੱਸੋ ਕਿ ਕਿਸ ਤਰ੍ਹਾਂ ਉਸ ਨੂੰ ਉਹ ਦੇ ਸਥਾਨ ਵਿੱਚ ਪਹੁੰਚਾਈਏ । 3ਉਹਨਾਂ ਨੇ ਕਿਹਾ, ਜੇ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਭੇਜਦੇ ਹੋ ਤਾਂ ਖਾਲੀ ਨਾ ਭੇਜੋ ਸਗੋਂ ਇੱਕ ਦੋਸ਼ ਦੀ ਭੇਟ ਉਹ ਦੇ ਨਾਲ ਜ਼ਰੂਰ ਭੇਜ ਦਿਓ ਤਾਂ ਤੁਸੀਂ ਚੰਗੇ ਹੋ ਜਾਓਗੇ ਅਤੇ ਤੁਸੀਂ ਜਾਣ ਲਓਗੇ ਉਸਦਾ ਹੱਥ ਤੁਹਾਡੇ ਉੱਤੋਂ ਕਿਉਂ ਨਹੀਂ ਚੁਕਿਆ ਗਿਆ । 4ਤਦ ਉਨ੍ਹਾਂ ਨੇ ਪੁੱਛਿਆ ਅਸੀਂ ਦੋਸ਼ ਦੀ ਭੇਟ ਲਈ ਕੀ ਭੇਜੀਏ ? ਉਹ ਬੋਲੇ, ਫ਼ਲਿਸਤੀ ਸਰਦਾਰਾਂ ਦੀ ਗਿਣਤੀ ਅਨੁਸਾਰ ਪੰਜ ਸੋਨੇ ਦੇ ਚੂਹੇ ਅਤੇ ਪੰਜ ਸੋਨੇ ਦੀਆਂ ਗਿਲਟੀਆਂ ਕਿਉਂ ਜੋ ਤੁਸੀਂ ਸਭਨਾਂ ਉੱਤੇ ਅਤੇ ਤੁਹਾਡੇ ਸਰਦਾਰਾਂ ਉੱਤੇ ਇੱਕੋ ਜਿਹੀ ਬਵਾਂ ਹੈ । 5ਸੋ ਤੁਸੀਂ ਆਪਣੀਆਂ ਗਿਲਟੀਆਂ ਦੀਆਂ ਮੂਰਤਾਂ ਅਤੇ ਉਨ੍ਹਾਂ ਚੂਹਿਆਂ ਦੀਆਂ ਮੂਰਤਾਂ ਜੋ ਦੇਸ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਮਹਿਮਾ ਕਰੋ । ਹੋ ਸਕਦਾ ਹੈ ਕਿ ਉਹ ਤੁਹਾਥੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ ਉੱਤੋਂ ਆਪਣਾ ਹੱਥ ਚੁੱਕ ਲਵੇ । 6ਤੁਸੀਂ ਆਪਣੇ ਮਨ ਨੂੰ ਸਖ਼ਤ ਕਿਉਂ ਕਰਦੇ ਹੋ ਜਿਵੇਂ ਮਿਸਰੀਆਂ ਨੇ ਅਤੇ ਫਿਰਊਨ ਨੇ ਆਪਣੇ ਮਨਾਂ ਨੂੰ ਸਖ਼ਤ ਕੀਤਾ ? ਜਿਸ ਵੇਲੇ ਉਨ੍ਹਾਂ ਨੂੰ ਉਸ ਨੇ ਅਚਰਜ ਸ਼ਕਤੀਆਂ ਦਿਖਾਈਆਂ । ਭਲਾ, ਉਹਨਾਂ ਨੇ ਉਨ੍ਹਾਂ ਲੋਕਾਂ ਨੂੰ ਜਾਣ ਨਹੀਂ ਦਿੱਤਾ ਅਤੇ ਉਹ ਚੱਲੇ ਨਾ ਗਏ ? 7ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਓ ਅਤੇ ਦੋ ਲਵੇਰੀਆਂ ਗਊਆਂ ਨੂੰ ਗੱਡੀ ਹੇਠ ਜੋੜ ਲਓ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਪਿੱਛੇ ਘਰ ਰਹਿਣ ਦਿਓ । 8ਯਹੋਵਾਹ ਦਾ ਸੰਦੂਕ ਲੈ ਕੇ ਉਸ ਗੱਡੀ ਦੇ ਉੱਤੇ ਰੱਖੋ ਅਤੇ ਸੋਨੇ ਦੀਆਂ ਵਸਤਾਂ ਜੋ ਦੋਸ਼ ਦੀ ਭੇਟ ਲਈ ਉਹ ਦੇ ਕੋਲ ਭੇਜਦੇ ਹੋ ਇੱਕ ਸੰਦੂਕ ਵਿੱਚ ਪਾ ਕੇ ਉਹ ਦੇ ਇੱਕ ਪਾਸੇ ਧਰ ਦਿਓ ਅਤੇ ਉਹ ਨੂੰ ਵਿਦਾ ਕਰ ਦਿਓ ਜੋ ਤੁਰ ਜਾਵੇ । 9ਅਤੇ ਵੇਖੋ, ਜੇ ਉਹ ਆਪਣੇ ਦੇਸ ਦੇ ਰਾਹ ਬੈਤਸ਼ਮਸ਼ ਵੱਲ ਚੜ੍ਹੇ ਤਾਂ ਇਹ ਵੱਡੀ ਬਿਪਤਾ ਉਸੇ ਨੇ ਸਾਡੇ ਉੱਤੇ ਪਾਈ ਹੈ ਅਤੇ ਜੇ ਨਾ ਜਾਵੇ ਤਾਂ ਅਸੀਂ ਜਾਣਾਂਗੇ ਕਿ ਸਾਡੇ ਉੱਤੇ ਉਹ ਦਾ ਹੱਥ ਨਹੀਂ ਚੱਲਿਆ ਸਗੋਂ ਇਹ ਗੱਲ ਜੋ ਸਾਡੇ ਉੱਤੇ ਹੋਈ ਹੈ ਸੋ ਐਵੇਂ ਹੀ ਹੋਈ ਹੈ ।

10ਸੋ ਲੋਕਾਂ ਨੇ ਅਜਿਹਾ ਹੀ ਕੀਤਾ ਜੋ ਦੋ ਲਵੇਰੀਆਂ ਗਊਆਂ ਲਈਆਂ ਅਤੇ ਉਨ੍ਹਾਂ ਨੂੰ ਗੱਡੀ ਅੱਗੇ ਜੋਤਿਆ ਅਤੇ ਉਨ੍ਹਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ । 11ਅਤੇ ਯਹੋਵਾਹ ਦਾ ਸੰਦੂਕ ਅਤੇ ਸੋਨੇ ਦੇ ਚੂਹੇ ਅਤੇ ਆਪਣੀਆਂ ਗਿਲਟੀਆਂ ਦੀਆਂ ਮੂਰਤਾਂ ਦੇ ਸੰਦੂਕ ਨੂੰ ਗੱਡੀ ਵਿੱਚ ਰੱਖਿਆ । 12ਤਦ ਗਊਆਂ ਸਿੱਧੀਆਂ ਬੈਤਸ਼ਮਸ਼ ਦੇ ਰਾਹ ਵੱਲ ਤੁਰ ਪਈਆਂ ਅਤੇ ਉਸ ਸੜਕ ਉੱਤੇ ਤੁਰੀਆਂ ਅਤੇ ਅੜਿੰਗਦੀਆਂ ਜਾਂਦੀਆਂ ਸਨ ਅਤੇ ਸੱਜੇ ਖੱਬੇ ਪਾਸੇ ਨਾ ਮੁੜੀਆਂ ਅਤੇ ਫ਼ਲਿਸਤੀ ਸਰਦਾਰ ਉਨ੍ਹਾਂ ਦੇ ਪਿੱਛੇ ਬੈਤਸ਼ਮਸ਼ ਦੇ ਬੰਨ੍ਹੇ ਤੱਕ ਗਏ । 13ਬੈਤਸ਼ਮਸ਼ ਦੇ ਲੋਕ ਕਣਕ ਦੀਆਂ ਵਾਢੀਆਂ ਕਰਦੇ ਸਨ । ਜਦ ਉਨ੍ਹਾਂ ਨੇ ਅੱਖਾਂ ਚੁੱਕ ਕੇ ਸੰਦੂਕ ਨੂੰ ਵੇਖਿਆ ਤਾਂ ਵੇਖਦੇ ਸਾਰ ਅਨੰਦ ਹੋ ਗਏ । 14ਗੱਡੀ ਬੈਤਸ਼ਮਸ਼ੀ ਯਹੋਸ਼ੁਆ ਦੀ ਪੈਲੀ ਵਿੱਚ ਆਈ ਅਤੇ ਜਿੱਥੇ ਇੱਕ ਵੱਡਾ ਪੱਥਰ ਸੀ ਉੱਥੇ ਖਲੋ ਗਈ । ਸੋ ਉਨ੍ਹਾਂ ਨੇ ਗੱਡੀ ਦੀਆਂ ਲੱਕੜੀਆਂ ਨੂੰ ਚੀਰਿਆ ਅਤੇ ਗਊਆਂ ਨੂੰ ਹੋਮ ਦੀ ਬਲੀ ਕਰਕੇ ਯਹੋਵਾਹ ਲਈ ਚੜ੍ਹਾਇਆ । 15ਲੇਵੀਆਂ ਨੇ ਯਹੋਵਾਹ ਦੇ ਸੰਦੂਕ ਨੂੰ ਉਸ ਸੰਦੂਕ ਸਮੇਤ ਜੋ ਉਸ ਦੇ ਨਾਲ ਸੀ ਅਤੇ ਜਿਸ ਦੇ ਵਿੱਚ ਸੋਨੇ ਦੀਆਂ ਵਸਤਾਂ ਸਨ, ਹੇਠਾਂ ਉਤਾਰਿਆ ਅਤੇ ਉਹ ਨੂੰ ਉਸ ਵੱਡੇ ਪੱਥਰ ਉੱਤੇ ਧਰਿਆ ਅਤੇ ਬੈਤਸ਼ਮਸ਼ ਦੇ ਲੋਕਾਂ ਨੇ ਉਸੇ ਦਿਨ ਯਹੋਵਾਹ ਦੇ ਲਈ ਹੋਮ ਬਲੀਆਂ ਚੜ੍ਹਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ । 16ਜਦ ਉਨ੍ਹਾਂ ਪੰਜਾਂ ਫ਼ਲਿਸਤੀ ਸਰਦਾਰਾਂ ਨੇ ਇਹ ਡਿੱਠਾ ਤਾਂ ਉਹ ਉਸੇ ਦਿਨ ਅਕਰੋਨ ਨੂੰ ਮੁੜ ਗਏ ।

17ਇਹ ਸੋਨੇ ਦੀਆਂ ਗਿਲਟੀਆਂ ਜੋ ਫ਼ਲਿਸਤੀਆਂ ਨੇ ਦੋਸ਼ ਦੀ ਭੇਟ ਲਈ ਚੜ੍ਹਾਈਆਂ ਉਨ੍ਹਾਂ ਵਿੱਚੋਂ ਇੱਕ ਅਸ਼ਦੋਦ ਵੱਲੋਂ ਸੀ, ਇੱਕ ਅਜ਼ਾਹ ਦੀ, ਇੱਕ ਅਸ਼ਕਲੋਨ ਦੀ, ਇੱਕ ਗਥ ਦੀ ਅਤੇ ਇੱਕ ਅਕਰੋਨ ਦੀ 18ਅਤੇ ਇਹ ਸੋਨੇ ਦੇ ਚੂਹੇ ਫ਼ਲਿਸਤੀਆਂ ਦੇ ਪੰਜਾਂ ਸਰਦਾਰਾਂ ਦੀ ਗਿਣਤੀ ਅਨੁਸਾਰ ਸਨ ਭਾਵੇਂ ਗੜ੍ਹ ਵਾਲੇ ਸ਼ਹਿਰਾਂ ਦੇ ਭਾਵੇਂ ਬਾਹਰਲੇ ਪਿੰਡਾਂ ਦੇ ਜਿੰਨੇ ਅਬੇਲ ਦੇ ਵੱਡੇ ਪੱਥਰ ਤੱਕ ਸਨ ਜਿਹ ਦੇ ਉੱਤੇ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਰੱਖਿਆ ਸੀ । ਉਹ ਅੱਜ ਦੇ ਦਿਨ ਤੱਕ ਯਹੋਸ਼ੁਆ ਦੀ ਪੈਲੀ ਵਿੱਚ ਹੈ ।

19ਉਹ ਨੇ ਬੈਤਸ਼ਮਸ਼ ਦੇ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਦੇ ਵਿੱਚ ਵੇਖਿਆ ਸੋ ਉਸ ਨੇ ਪੰਜਾਹ ਹਜ਼ਾਰ ਤੇ ਸੱਤਰ ਮਨੁੱਖ ਉਨ੍ਹਾਂ ਵਿੱਚੋਂ ਮਾਰ ਸੁੱਟੇ ਅਤੇ ਉੱਥੋਂ ਦੇ ਲੋਕ ਦੁਖੀ ਹੋਏ ਇਸ ਲਈ ਜੋ ਯਹੋਵਾਹ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ । 20ਸੋ ਬੈਤਸ਼ਮਸ਼ ਦੇ ਲੋਕ ਬੋਲੇ, ਭਲਾ, ਕਿਸ ਦੀ ਹਿੰਮਤ ਹੈ ਜੋ ਕੋਈ ਇਸ ਪਵਿੱਤਰ ਯਹੋਵਾਹ ਪਰਮੇਸ਼ੁਰ ਦੇ ਅੱਗੇ ਖਲੋਵੇ ਅਤੇ ਉਹ ਸਾਡੇ ਕੋਲੋਂ ਕਿਸ ਦੇ ਵੱਲ ਜਾਵੇ ? 21ਤਦ ਉਨ੍ਹਾਂ ਨੇ ਕਿਰਯਥ ਯਾਰੀਮ ਦੇ ਲੋਕਾਂ ਵੱਲ ਦੂਤ ਘੱਲੇ ਅਤੇ ਆਖਿਆ, ਫ਼ਲਿਸਤੀ ਯਹੋਵਾਹ ਦੇ ਸੰਦੂਕ ਨੂੰ ਮੋੜ ਲਿਆਏ ਹਨ ਸੋ ਤੁਸੀਂ ਆਓ ਅਤੇ ਆਪਣੀ ਵੱਲ ਲੈ ਜਾਓ ।

7

1ਤਦ ਕਿਰਯਥ ਯਾਰੀਮ ਦੇ ਲੋਕ ਆਏ ਅਤੇ ਯਹੋਵਾਹ ਦੇ ਸੰਦੂਕ ਨੂੰ ਲੈ ਜਾ ਕੇ ਅਬੀਨਾਦਾਬ ਦੇ ਘਰ ਵਿੱਚ ਰੱਖ ਦਿੱਤਾ ਜੋ ਟਿੱਲੇ ਦੇ ਉੱਤੇ ਸੀ ਅਤੇ ਉਹ ਦੇ ਪੁੱਤਰ ਅਲਆਜ਼ਾਰ ਨੂੰ ਪਵਿੱਤਰ ਕੀਤਾ ਤਾਂ ਜੋ ਉਹ ਯਹੋਵਾਹ ਦੇ ਸੰਦੂਕ ਦੀ ਦੇਖਭਾਲ ਕਰੇ ।

ਨਿਆਈਂ ਹੋਣ ਤੇ ਸਮੂਏਲ ਨਬੀ ਦੇ ਕੰਮ

2ਅਤੇ ਅਜਿਹਾ ਹੋਇਆ ਜੋ ਉਸ ਵੇਲੇ ਤੋਂ ਜਦ ਸੰਦੂਕ ਕਿਰਯਥ ਯਾਰੀਮ ਵਿੱਚ ਰਿਹਾ ਕਾਫ਼ੀ ਸਮਾਂ ਬੀਤ ਗਿਆ, ਕਿਉਂ ਜੋ ਉਸ ਨੂੰ ਵੀਹ ਸਾਲ ਹੋ ਗਏ ਅਤੇ ਇਸਰਾਏਲ ਦੇ ਸਾਰੇ ਟੱਬਰ ਨੇ ਵਿਰਲਾਪ ਕਰਦੇ ਹੋਏ ਯਹੋਵਾਹ ਦੀ ਭਾਲ ਕੀਤੀ । 3ਸਮੂਏਲ ਨੇ ਇਸਰਾਏਲ ਦੇ ਸਾਰੇ ਟੱਬਰ ਨੂੰ ਸੱਦ ਕੇ ਆਖਿਆ, ਜੇ ਕਦੀ ਤੁਸੀਂ ਆਪਣੇ ਸਾਰੇ ਮਨ ਨਾਲ ਯਹੋਵਾਹ ਦੀ ਵੱਲ ਮੁੜੋ ਤਾਂ ਉਨ੍ਹਾਂ ਓਪਰਿਆਂ ਦੇਵਤਿਆਂ ਅਤੇ ਅਸ਼ਤਾਰੋਥ ਦੇਵੀਆਂ ਨੂੰ ਆਪਣੇ ਵਿਚਕਾਰੋਂ ਕੱਢ ਸੁੱਟੋ ਅਤੇ ਯਹੋਵਾਹ ਦੀ ਵੱਲ ਆਪਣੇ ਮਨਾਂ ਨੂੰ ਸੁਧਾਰੋ ਅਤੇ ਉਸੇ ਇੱਕ ਦੀ ਸੇਵਾ ਕਰੋ ਤਾਂ ਉਹ ਫ਼ਲਿਸਤੀਆਂ ਦੇ ਹੱਥੋਂ ਤੁਹਾਡਾ ਛੁਟਕਾਰਾ ਕਰੇਗਾ । 4ਤਦ ਇਸਰਾਏਲੀਆਂ ਨੇ ਬਆਲ ਤੇ ਅਸ਼ਤਾਰੋਥ ਨੂੰ ਕੱਢ ਸੁੱਟਿਆ ਅਤੇ ਸਿਰਫ਼ ਯਹੋਵਾਹ ਦੀ ਹੀ ਸੇਵਾ ਕੀਤੀ ।

5ਫੇਰ ਸਮੂਏਲ ਨੇ ਆਖਿਆ, ਮਿਸਫਾਹ ਵਿੱਚ ਸਾਰੇ ਇਸਰਾਏਲ ਨੂੰ ਇਕੱਠਿਆਂ ਕਰੋ ਤਾਂ ਮੈਂ ਤੁਹਾਡੇ ਲਈ ਯਹੋਵਾਹ ਦੇ ਅੱਗੇ ਬੇਨਤੀ ਕਰਾਂਗਾ । 6ਸੋ ਉਹ ਸਾਰੇ ਮਿਸਫਾਹ ਵਿੱਚ ਇਕੱਠੇ ਹੋਏ ਅਤੇ ਪਾਣੀ ਭਰ ਕੇ ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ ਅਤੇ ਉਸ ਦਿਨ ਵਰਤ ਰੱਖਿਆ ਅਤੇ ਉੱਥੇ ਬੋਲੇ, ਅਸੀਂ ਯਹੋਵਾਹ ਦੇ ਵਿਰੁੱਧ ਪਾਪ ਕੀਤਾ ਹੈ ! ਅਤੇ ਸਮੂਏਲ ਨੇ ਮਿਸਫਾਹ ਵਿੱਚ ਇਸਰਾਏਲੀਆਂ ਦਾ ਨਿਆਂ ਕੀਤਾ । 7ਜਦ ਫ਼ਲਿਸਤੀਆਂ ਨੇ ਸੁਣਿਆ ਕਿ ਇਸਰਾਏਲੀ ਮਿਸਫਾਹ ਵਿੱਚ ਇਕੱਠੇ ਹੋਏ ਹਨ ਤਾਂ ਉਨ੍ਹਾਂ ਦੇ ਸਰਦਾਰਾਂ ਨੇ ਇਸਰਾਏਲ ਉੱਤੇ ਹਮਲਾ ਕਰ ਦਿੱਤਾ ਸੋ ਇਸਰਾਏਲੀ ਇਹ ਸੁਣ ਕੇ ਫ਼ਲਿਸਤੀਆਂ ਕੋਲੋਂ ਡਰ ਗਏ । 8ਅਤੇ ਇਸਰਾਏਲੀਆਂ ਨੇ ਸਮੂਏਲ ਨੂੰ ਆਖਿਆ, ਚੁਪ ਨਾ ਰਹਿ ਪਰ ਯਹੋਵਾਹ ਸਾਡੇ ਪਰਮੇਸ਼ੁਰ ਦੇ ਅੱਗੇ ਸਾਡੇ ਲਈ ਤਰਲਾ ਕਰ ਜੋ ਉਹ ਸਾਨੂੰ ਫ਼ਲਿਸਤੀਆਂ ਦੇ ਹੱਥੋਂ ਬਚਾਵੇ । 9ਸਮੂਏਲ ਨੇ ਇੱਕ ਦੁੱਧ ਚੁੰਘਦਾ ਮੇਮਨਾ ਲੈ ਕੇ ਉਹ ਨੂੰ ਪੂਰੀ ਹੋਮ ਦੀ ਬਲੀ ਕਰਕੇ ਯਹੋਵਾਹ ਦੇ ਅੱਗੇ ਚੜ੍ਹਾਇਆ ਅਤੇ ਸਮੂਏਲ ਨੇ ਇਸਰਾਏਲ ਦੇ ਲਈ ਯਹੋਵਾਹ ਦੇ ਅੱਗੇ ਤਰਲੇ ਕੀਤੇ ਤਾਂ ਯਹੋਵਾਹ ਨੇ ਉਹ ਦੀ ਸੁਣ ਲਈ । 10ਜਿਸ ਵੇਲੇ ਸਮੂਏਲ ਉਸ ਹੋਮ ਦੀ ਬਲੀ ਨੂੰ ਚੜ੍ਹਾ ਰਿਹਾ ਸੀ ਤਦ ਫ਼ਲਿਸਤੀ ਇਸਰਾਏਲ ਦੇ ਸਾਹਮਣੇ ਲੜਨ ਲਈ ਨੇੜੇ ਆਏ ਤਦ ਯਹੋਵਾਹ ਫ਼ਲਿਸਤੀਆਂ ਦੇ ਉੱਤੇ ਉਸੇ ਦਿਨ ਵੱਡੀ ਗੜ੍ਹਕ ਨਾਲ ਗੱਜਿਆ ਅਤੇ ਉਨ੍ਹਾਂ ਨੂੰ ਘਬਰਾਹਟ ਵਿੱਚ ਪਾ ਦਿੱਤਾ ਅਤੇ ਉਹ ਇਸਰਾਏਲ ਅੱਗੇ ਹਾਰ ਗਏ । 11ਅਤੇ ਇਸਰਾਏਲ ਦੇ ਲੋਕਾਂ ਨੇ ਮਿਸਫਾਹ ਤੋਂ ਨਿੱਕਲ ਕੇ ਫ਼ਲਿਸਤੀਆਂ ਦਾ ਪਿੱਛਾ ਕੀਤਾ ਅਤੇ ਬੈਤਕਰ ਦੇ ਹੇਠ ਤੱਕ ਉਨ੍ਹਾਂ ਨੂੰ ਮਾਰਦੇ ਗਏ ।

12ਤਦ ਸਮੂਏਲ ਨੇ ਇੱਕ ਪੱਥਰ ਲੈ ਕੇ ਉਹ ਨੂੰ ਮਿਸਫਾਹ ਅਤੇ ਸ਼ੇਨ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਹ ਦਾ ਨਾਮ ਅਬਨਅਜ਼ਰ ਧਰਿਆ ਅਤੇ ਬੋਲਿਆ ਜੋ ਇੱਥੋਂ ਤੱਕ ਯਹੋਵਾਹ ਨੇ ਸਾਡੀ ਸਹਾਇਤਾ ਕੀਤੀ । 13ਸੋ ਫ਼ਲਿਸਤੀ ਹਾਰ ਗਏ ਅਤੇ ਇਸਰਾਏਲ ਦੀਆਂ ਹੱਦਾਂ ਵਿੱਚ ਫੇਰ ਕਦੀ ਨਾ ਆਏ ਅਤੇ ਯਹੋਵਾਹ ਦਾ ਹੱਥ ਸਮੂਏਲ ਦੇ ਜੀਵਨ ਭਰ ਫ਼ਲਿਸਤੀਆਂ ਦੇ ਵਿਰੁੱਧ ਰਿਹਾ । 14ਅਤੇ ਉਹ ਸ਼ਹਿਰ ਜੋ ਫ਼ਲਿਸਤੀਆਂ ਨੇ ਇਸਰਾਏਲ ਤੋਂ ਖੋਹ ਲਏ ਸਨ ਅਕਰੋਨ ਤੋਂ ਲੈ ਕੇ ਗਥ ਤੱਕ ਫੇਰ ਇਸਰਾਏਲ ਦੇ ਹੱਥ ਵਿੱਚ ਆ ਗਏ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਵੀ ਇਸਰਾਏਲ ਨੇ ਫ਼ਲਿਸਤੀਆਂ ਦੇ ਹੱਥੋਂ ਛੁਡਾਏ ਅਤੇ ਇਸਰਾਏਲ ਅਤੇ ਅਮੋਰੀਆਂ ਵਿੱਚ ਮੇਲ ਹੋਇਆ ।

15ਜਦ ਤੱਕ ਸਮੂਏਲ ਜੀਉਂਦਾ ਰਿਹਾ ਇਸਰਾਏਲ ਦਾ ਨਿਆਂ ਕਰਦਾ ਰਿਹਾ । 16ਅਤੇ ਹਰੇਕ ਸਾਲ ਬੈਤੇਲ ਅਤੇ ਗਿਲਗਾਲ ਅਤੇ ਮਿਸਫਾਹ ਵਿੱਚ ਫੇਰਾ ਕਰਦਾ ਸੀ ਅਤੇ ਉਨ੍ਹਾਂ ਸਾਰਿਆਂ ਥਾਵਾਂ ਵਿੱਚ ਇਸਰਾਏਲ ਦਾ ਨਿਆਂ ਕਰਦਾ ਸੀ । 17ਫੇਰ ਰਾਮਾਹ ਵਿੱਚ ਮੁੜ ਆਉਂਦਾ ਸੀ ਕਿਉਂ ਜੋ ਉੱਥੇ ਉਹ ਦਾ ਘਰ ਸੀ ਅਤੇ ਉੱਥੇ ਇਸਰਾਏਲ ਦਾ ਨਿਆਂ ਕਰਦਾ ਸੀ ਅਤੇ ਉੱਥੇ ਉਹ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ ।

8

ਇਸਰਾਏਲੀਆਂ ਦੁਆਰਾ ਇੱਕ ਰਾਜੇ ਦੀ ਮੰਗ

1ਜਦ ਸਮੂਏਲ ਵੱਡੀ ਉਮਰ ਦਾ ਹੋ ਗਿਆ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਇਸਰਾਏਲ ਉੱਤੇ ਨਿਆਂ ਕਰਨ ਲਈ ਨਿਯੁਕਤ ਕੀਤਾ । 2ਅਤੇ ਉਸ ਦੇ ਵੱਡੇ ਪੁੱਤਰ ਦਾ ਨਾਮ ਯੋਏਲ ਸੀ ਅਤੇ ਉਸ ਦੇ ਦੂਜੇ ਪੁੱਤਰ ਦਾ ਨਾਮ ਅੱਬਿਯਾਹ ਸੀ । ਇਹ ਦੋਵੇਂ ਬਏਰਸ਼ਬਾ ਵਿੱਚ ਨਿਆਂ - ਅਧਿਕਾਰੀ ਸਨ । 3ਪਰ ਉਸ ਦੇ ਪੁੱਤਰ ਉਸ ਦੇ ਰਾਹ ਉੱਤੇ ਨਾ ਚੱਲੇ ਸਗੋਂ ਝੂਠੀ ਕਮਾਈ ਦੇ ਮਗਰ ਲੱਗਦੇ ਅਤੇ ਰਿਸ਼ਵਤ ਲੈਂਦੇ ਅਤੇ ਨਿਆਂ ਵਿੱਚ ਪੱਖਪਾਤ ਕਰਦੇ ਸਨ ।

4ਤਦ ਸਾਰੇ ਇਸਰਾਏਲੀ ਬਜ਼ੁਰਗ ਇਕੱਠੇ ਹੋਏ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਏ, 5ਅਤੇ ਉਸ ਨੂੰ ਬੋਲੇ, ਵੇਖ, ਤੂੰ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਤੇਰੇ ਪੁੱਤਰ ਤੇਰੇ ਰਾਹ ਉੱਤੇ ਨਹੀਂ ਚੱਲਦੇ । ਸੋ ਹੁਣ ਤੂੰ ਸਾਡਾ ਨਿਆਂ ਕਰਨ ਲਈ ਕਿਸੇ ਨੂੰ ਸਾਡਾ ਰਾਜਾ ਠਹਿਰਾ ਦੇ, ਜਿਵੇਂ ਹੋਰਨਾਂ ਕੌਮਾਂ ਵਿੱਚ ਹੁੰਦਾ ਹੈ । 6ਪਰ ਇਹ ਗੱਲ ਜੋ ਉਨ੍ਹਾਂ ਨੇ ਆਖੀ ਜੋ ਸਾਡੇ ਲਈ ਇੱਕ ਰਾਜਾ ਠਹਿਰਾ ਦੇ ਜੋ ਸਾਡਾ ਨਿਆਂ ਕਰੇ ਸਮੂਏਲ ਨੂੰ ਬੁਰੀ ਲੱਗੀ ਅਤੇ ਸਮੂਏਲ ਨੇ ਯਹੋਵਾਹ ਅੱਗੇ ਬੇਨਤੀ ਕੀਤੀ । 7ਤਦ ਯਹੋਵਾਹ ਨੇ ਸਮੂਏਲ ਨੂੰ ਆਖਿਆ, ਲੋਕਾਂ ਦੀ ਅਵਾਜ਼ ਵੱਲ ਅਤੇ ਉਨ੍ਹਾਂ ਸਭਨਾਂ ਗੱਲਾਂ ਵੱਲ ਜੋ ਉਹ ਤੈਨੂੰ ਆਖਣ ਕੰਨ ਲਗਾ, ਕਿਉਂ ਜੋ ਉਨ੍ਹਾਂ ਨੇ ਤੈਨੂੰ ਨਹੀਂ ਤਿਆਗਿਆ ਸਗੋਂ ਮੈਨੂੰ ਤਿਆਗ ਦਿੱਤਾ ਹੈ ਜੋ ਮੈਂ ਉਨ੍ਹਾਂ ਉੱਤੇ ਰਾਜ ਨਾ ਕਰਾਂ । 8ਜਦੋਂ ਦਾ ਮੈਂ ਉਨ੍ਹਾਂ ਨੂੰ ਮਿਸਰ ਵਿਚੋਂ ਕੱਢ ਲਿਆਇਆ ਉਸ ਦਿਨ ਤੋਂ ਅੱਜ ਤੱਕ ਉਨ੍ਹਾਂ ਸਾਰਿਆਂ ਕੰਮਾਂ ਦੇ ਅਨੁਸਾਰ ਜੋ ਉਨ੍ਹਾਂ ਨੇ ਕੀਤੇ, ਜਿਵੇਂ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਹੋਰਨਾਂ ਦੇਵੀ-ਦੇਵਤਿਆਂ ਦੀ ਸੇਵਾ ਕੀਤੀ ਅਜਿਹਾ ਹੀ ਉਹ ਤੇਰੇ ਨਾਲ ਕਰਦੇ ਹਨ । 9ਇਸ ਲਈ ਉਨ੍ਹਾਂ ਦੀ ਗੱਲ ਤੂੰ ਸੁਣ । ਤੂੰ ਵੀ ਉਨ੍ਹਾਂ ਨੂੰ ਚੇਤਾਵਨੀ ਦੇ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਦੱਸ ਦੇ ਕਿ ਜਿਹੜਾ ਰਾਜਾ ਉਨ੍ਹਾਂ ਉੱਤੇ ਰਾਜ ਕਰੇਗਾ ਉਸ ਦਾ ਵਰਤਾਉ ਉਹਨਾਂ ਨਾਲ ਕਿਹੋ ਜਿਹਾ ਹੋਵੇਗਾ ।

10ਸਮੂਏਲ ਨੇ ਉਨ੍ਹਾਂ ਲੋਕਾਂ ਨੂੰ ਜੋ ਉਸ ਦੇ ਕੋਲੋਂ ਰਾਜੇ ਦੀ ਮੰਗ ਕਰਦੇ ਸਨ, ਯਹੋਵਾਹ ਦੀਆਂ ਸਾਰੀਆਂ ਗੱਲਾਂ ਦੱਸੀਆਂ । 11ਅਤੇ ਉਸ ਨੇ ਆਖਿਆ, ਜਿਹੜਾ ਤੁਹਾਡੇ ਉੱਤੇ ਰਾਜ ਕਰੇਗਾ ਉਸ ਰਾਜੇ ਦਾ ਇਹ ਵਰਤਾਉ ਹੋਵੇਗਾ, ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ ਆਪਣੇ ਲਈ ਅਤੇ ਆਪਣਿਆਂ ਰੱਥਾਂ ਦੇ ਲਈ ਅਤੇ ਆਪਣੇ ਘੋੜਿਆਂ ਦੇ ਲਈ ਨੌਕਰ ਰੱਖੇਗਾ ਅਤੇ ਉਹ ਉਸ ਦੇ ਰੱਥਾਂ ਦੇ ਅੱਗੇ ਭੱਜਣਗੇ । 12ਅਤੇ ਆਪਣੇ ਲਈ ਹਜ਼ਾਰਾਂ ਉੱਤੇ ਸਰਦਾਰ ਅਤੇ ਪੰਜਾਹਾਂ ਉੱਤੇ ਸਰਦਾਰ ਬਣਾਵੇਗਾ ਅਤੇ ਉਹਨਾਂ ਕੋਲੋ ਖੇਤੀ ਅਤੇ ਵਾਢੀ ਕਰਾਵੇਗਾ ਅਤੇ ਆਪਣੇ ਲਈ ਲੜਾਈ ਦੇ ਹਥਿਆਰ ਅਤੇ ਰੱਥਾਂ ਦਾ ਸਮਾਨ ਤਿਆਰ ਕਰਾਵੇਗਾ, 13ਅਤੇ ਤੁਹਾਡੀਆਂ ਧੀਆਂ ਤੋਂ ਰਸੋਈ ਦੇ ਕੰਮ ਕਰਾਵੇਗਾ, 14ਅਤੇ ਤੁਹਾਡੀਆਂ ਪੈਲੀਆਂ ਅਤੇ ਤੁਹਾਡੇ ਦਾਖਾਂ ਦੇ ਬਾਗਾਂ ਅਤੇ ਤੁਹਾਡੇ ਜ਼ੈਤੂਨ ਦੇ ਬਾਗਾਂ ਨੂੰ ਜੋ ਚੰਗੇ ਚੰਗੇ ਹੋਣਗੇ ਲੈ ਲਵੇਗਾ ਅਤੇ ਆਪਣੇ ਨੋਕਰਾਂ ਨੂੰ ਦੇ ਦੇਵੇਗਾ । 15ਅਤੇ ਤੁਹਾਡੇ ਬੀਜ ਅਤੇ ਦਾਖ ਦੇ ਬਾਗਾਂ ਦਾ ਦਸਵੰਧ ਲੈ ਕੇ ਆਪਣੇ ਖੁਸਰਿਆਂ ਅਤੇ ਆਪਣਿਆਂ ਸੇਵਕਾਂ ਨੂੰ ਦੇ ਦੇਵੇਗਾ । 16ਅਤੇ ਤੁਹਾਡੇ ਦਾਸ ਅਤੇ ਦਾਸੀਆਂ ਅਤੇ ਤੁਹਾਡੇ ਸੋਹਣੇ ਜੁਆਨਾਂ ਨੂੰ ਅਤੇ ਤੁਹਾਡੇ ਗਧਿਆਂ ਨੂੰ ਲੈ ਕੇ ਆਪਣੇ ਕੰਮ ਲਵੇਗਾ 17ਅਤੇ ਤੁਹਾਡੀਆਂ ਭੇਡਾਂ ਬੱਕਰੀਆਂ ਦਾ ਦਸਵੰਧ ਵੀ ਲਵੇਗਾ ਸੋ ਤੁਸੀਂ ਉਸ ਦੇ ਗ਼ੁਲਾਮ ਬਣੋਗੇ, 18ਅਤੇ ਤੁਸੀਂ ਉਸ ਰਾਜੇ ਦੇ ਕਾਰਨ ਜਿਸ ਨੂੰ ਤੁਸੀਂ ਆਪਣੇ ਲਈ ਚੁਣਿਆ ਹੈ ਉਸ ਦਿਨ ਦੁਹਾਈਆਂ ਦੇਵੋਂਗੇ, ਪਰ ਉਸ ਦਿਨ ਯਹੋਵਾਹ ਤੁਹਾਡੀ ਨਾ ਸੁਣੇਗਾ !

19ਫਿਰ ਵੀ ਲੋਕਾਂ ਨੇ ਸਮੂਏਲ ਦੀ ਗੱਲ ਨਾ ਮੰਨੀ ਅਤੇ ਆਖਿਆ, ਨਹੀਂ ਸਾਨੂੰ ਆਪਣੇ ਉੱਤੇ ਰਾਜ ਕਰਨ ਲਈ ਰਾਜੇ ਦੀ ਲੋੜ ਹੈ । 20ਜੋ ਅਸੀਂ ਵੀ ਹੋਰ ਸਾਰੀਆਂ ਕੌਮਾਂ ਵਰਗੇ ਹੋਈਏ ਅਤੇ ਸਾਡਾ ਰਾਜਾ ਸਾਡਾ ਨਿਆਂ ਕਰੇ ਅਤੇ ਸਾਡੇ ਅੱਗੇ-ਅੱਗੇ ਤੁਰੇ ਅਤੇ ਸਾਡੇ ਲਈ ਲੜਾਈ ਕਰੇ । 21ਤਦ ਸਮੂਏਲ ਨੇ ਲੋਕਾਂ ਦੀਆਂ ਸਾਰੀਆਂ ਗੱਲਾਂ ਸੁਣੀਆਂ ਅਤੇ ਯਹੋਵਾਹ ਨੂੰ ਦੱਸਿਆ । 22ਯਹੋਵਾਹ ਨੇ ਸਮੂਏਲ ਨੂੰ ਆਖਿਆ, ਤੂੰ ਉਹਨਾਂ ਦੀ ਗੱਲ ਮੰਨ ਅਤੇ ਉਹਨਾਂ ਲਈ ਇੱਕ ਰਾਜਾ ਚੁਣ । ਤਦ ਸਮੂਏਲ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, ਕਿ ਤੁਸੀਂ ਸਭ ਆਪੋ ਆਪਣੇ ਸ਼ਹਿਰਾਂ ਨੂੰ ਜਾਓ ।

9

ਸ਼ਾਊਲ ਦਾ ਸਮੂਏਲ ਨੂੰ ਮਿਲਣਾ

1ਬਿਨਯਾਮੀਨ ਦੇ ਗੋਤ ਦਾ ਇੱਕ ਮਨੁੱਖ ਸੀ ਜਿਸ ਦਾ ਨਾਮ ਕੀਸ਼ ਜੋ ਅਬੀਏਲ ਦਾ ਪੁੱਤਰ ਜੋ ਸਰੂਰ ਦਾ ਪੁੱਤਰ ਜੋ ਬਕੋਰਥ ਦਾ ਪੁੱਤਰ ਜੋ ਆਫਿਆਹ ਦਾ ਪੁੱਤਰ ਸੀ ਅਤੇ ਇਹ ਬਿਨਯਾਮੀਨੀ ਵੱਡਾ ਤਕੜਾ ਸੂਰਮਾ ਸੀ । 2ਉਹ ਦਾ ਇੱਕ ਸ਼ਾਊਲ ਨਾਮਕ ਇੱਕ ਜੁਆਨ ਪੁੱਤਰ ਸੀ ਜੋ ਬਹੁਤ ਸੋਹਣਾ ਸੀ ਅਤੇ ਇਸਰਾਏਲੀਆਂ ਵਿੱਚ ਉਸ ਨਾਲੋਂ ਵੱਧ ਸੋਹਣਾ ਹੋਰ ਕੋਈ ਮਨੁੱਖ ਨਹੀਂ ਸੀ । ਉਹ ਸਾਰਿਆਂ ਮਨੁੱਖਾਂ ਵਿੱਚ ਸਭਨਾਂ ਨਾਲੋਂ ਉੱਚਾ ਸੀ ।

3ਸ਼ਾਊਲ ਦੇ ਪਿਤਾ ਕੀਸ਼ ਦੀਆਂ ਗਧੀਆਂ ਗੁਆਚ ਗਈਆਂ ਇਸ ਲਈ ਕੀਸ਼ ਨੇ ਆਪਣੇ ਪੁੱਤਰ ਸ਼ਾਊਲ ਨੂੰ ਆਖਿਆ, ਸੇਵਕਾਂ ਵਿੱਚੋਂ ਇੱਕ ਨੂੰ ਆਪਣੇ ਨਾਲ ਲੈ ਅਤੇ ਜਾ ਕੇ ਗਧੀਆਂ ਨੂੰ ਲੱਭ । 4ਸੋ ਉਹ ਅਫਰਾਈਮ ਦੇ ਪਹਾੜ ਵੱਲ ਦੀ ਲੰਘਿਆ ਅਤੇ ਸ਼ਲੀਸ਼ਾਹ ਦੇ ਦੇਸ ਵਿੱਚੋਂ ਦੀ ਹੋ ਕੇ ਨਿੱਕਲ ਗਿਆ, ਪਰ ਉਹ ਨਾ ਲੱਭੀਆਂ ਤਦ ਉਹ ਸ਼ਾਲੀਮ ਦੇ ਦੇਸ ਵਿੱਚ ਗਏ ਅਤੇ ਉਹ ਉੱਥੇ ਵੀ ਨਾ ਸਨ । ਫੇਰ ਉਹ ਬਿਨਯਾਮੀਨੀਆਂ ਦੇ ਦੇਸ ਵਿੱਚ ਦੀ ਆਏ ਤਾਂ ਉੱਥੇ ਵੀ ਉਹਨਾਂ ਨੂੰ ਨਾ ਲੱਭੀਆਂ ।

5ਜਦ ਉਹ ਸੂਫ ਦੇ ਦੇਸ ਵਿੱਚ ਆਏ ਤਦ ਸ਼ਾਊਲ ਨੇ ਆਪਣੇ ਨਾਲ ਦੇ ਸੇਵਕ ਨੂੰ ਆਖਿਆ, ਚੱਲ, ਅਸੀਂ ਮੁੜ ਜਾਈਏ ਕਿਤੇ ਅਜਿਹਾ ਨਾ ਹੋਵੇ ਜੋ ਮੇਰਾ ਪਿਤਾ ਗਧੀਆਂ ਦੀ ਚਿੰਤਾ ਛੱਡ ਕੇ ਸਾਡੇ ਲਈ ਚਿੰਤਾ ਕਰੇ । 6ਸੇਵਕ ਨੇ ਆਖਿਆ, ਵੇਖ, ਇਸ ਸ਼ਹਿਰ ਦੇ ਵਿੱਚ ਇੱਕ ਪਰਮੇਸ਼ੁਰ ਦਾ ਦਾਸ ਹੈ ਅਤੇ ਉਹ ਬਹੁਤ ਆਦਰ ਜੋਗ ਹੈ ਅਤੇ ਜਿਵੇਂ ਉਹ ਆਖੇ ਸਭ ਕੁਝ ਉਸੇ ਤਰ੍ਹਾਂ ਹੁੰਦਾ ਹੈ । ਚੱਲੋ ਉਸ ਕੋਲ ਚੱਲੀਏ । ਹੋ ਸਕਦਾ ਹੈ, ਜਿਸ ਰਾਹ ਦੇ ਵਿੱਚ ਜਾਣਾ ਚੰਗਾ ਹੈ ਉਹ ਰਾਹ ਸਾਨੂੰ ਦੱਸੋ ? 7ਸ਼ਾਊਲ ਨੇ ਆਪਣੇ ਸੇਵਕ ਨੂੰ ਆਖਿਆ, ਜੇਕਰ ਅਸੀਂ ਉੱਥੇ ਜਾਈਏ ਤਾਂ ਅਸੀਂ ਉਸ ਲਈ ਕੀ ਲੈ ਜਾਈਏ ? ਰੋਟੀਆਂ ਤਾਂ ਸਾਡੇ ਭਾਂਡਿਆਂ ਵਿੱਚੋਂ ਮੁੱਕ ਗਈਆਂ ਹਨ ਅਤੇ ਪਰਮੇਸ਼ੁਰ ਦੇ ਦਾਸ ਲਈ ਸਾਡੇ ਕੋਲ ਕੋਈ ਸੁਗਾਤ ਨਹੀਂ ਹੈ । ਸਾਡੇ ਕੋਲ ਹੈ ਕੀ ? 8ਟਹਿਲੂਏ ਨੇ ਸ਼ਾਊਲ ਨੂੰ ਫੇਰ ਉੱਤਰ ਦਿੱਤਾ ਅਤੇ ਆਖਿਆ ਵੇਖ, ਇੱਕ ਚੁਆਨੀ ਮੇਰੇ ਕੋਲ ਹੈ ਸੋ ਮੈਂ ਉਸ ਪਰਮੇਸ਼ੁਰ ਦੇ ਜਨ ਨੂੰ ਦਿਆਗਾਂ ਕਿ ਉਹ ਸਾਨੂੰ ਸਾਡਾ ਰਾਹ ਦੱਸੇ । 9ਪੁਰਾਣੇ ਸਮਿਆਂ ਵਿੱਚ, ਇਸਰਾਏਲ ਵਿੱਚ ਜਦ ਕੋਈ ਮਨੁੱਖ ਪਰਮੇਸ਼ੁਰ ਕੋਲ ਸਲਾਹ ਕਰਨ ਦੇ ਲਈ ਜਾਂਦਾ ਸੀ ਤਾਂ ਇਉਂ ਆਖਦਾ ਸੀ ਕਿ ਆਓ ਅਸੀਂ ਦਰਸ਼ੀ ਕੋਲ ਜਾਈਏ ਕਿਉਂ ਜੋ ਉਹ ਜਿਹੜਾ ਹੁਣ ਨਬੀ ਕਹਾਉਂਦਾ ਹੈ ਪਿੱਛੇ ਉਹ ਨੂੰ ਦਰਸ਼ੀ ਆਖਦੇ ਸਨ । 10ਤਦ ਸ਼ਾਊਲ ਨੇ ਆਪਣੇ ਟਹਿਲੂਏ ਨੂੰ ਆਖਿਆ, ਚੰਗੀ ਗੱਲ ਹੈ । ਚੱਲ ਚੱਲੀਏ । ਸੋ ਉਹ ਸ਼ਹਿਰ ਨੂੰ ਆਏ ਜਿੱਥੇ ਉਹ ਪਰਮੇਸ਼ੁਰ ਦਾ ਬੰਦਾ ਸੀ ।

11ਸ਼ਹਿਰ ਵੱਲ ਟਿੱਲੇ ਉੱਤੇ ਚੜ੍ਹਦਿਆਂ ਉਹਨਾਂ ਨੂੰ ਕਈ ਕੁੜੀਆਂ ਮਿਲ ਪਈਆਂ ਜੋ ਪਾਣੀ ਭਰਨ ਚੱਲੀਆਂ ਸਨ ਅਤੇ ਉਹਨਾਂ ਨੇ ਉਨ੍ਹਾਂ ਨੂੰ ਪੁੱਛਿਆ, ਕੀ ਇੱਥੇ ਦਰਸ਼ੀ ਹੈ ? 12ਉਨ੍ਹਾਂ ਨੇ ਉਹਨਾਂ ਨੂੰ ਉੱਤਰ ਦੇ ਕੇ ਆਖਿਆ, ਹਾਂ ਜੀ, ਹੈ, ਵੇਖੋ, ਉਹ ਤੁਹਾਡੇ ਸਾਹਮਣੇ ਹੈ । ਛੇਤੀ ਜਾਓ ਕਿਉਂ ਜੋ ਉਹ ਅੱਜ ਹੀ ਸ਼ਹਿਰ ਵਿੱਚ ਆਇਆ ਹੈ ਇਸ ਲਈ ਜੋ ਅੱਜ ਦੇ ਦਿਨ ਲੋਕ ਉੱਚੇ ਥਾਂ ਵਿੱਚ ਬਲੀ ਚੜ੍ਹਾਉਂਦੇ ਹਨ । 13ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਤੁਸੀਂ ਉਹ ਨੂੰ ਉੱਚੇ ਥਾਂ ਵਿੱਚ ਰੋਟੀ ਖਾਣ ਲਈ ਜਾਣ ਤੋਂ ਪਹਿਲਾ ਤੁਰੰਤ ਮਿਲ ਲਵੋ ਕਿਉਂ ਜੋ ਜਦ ਤੱਕ ਉਹ ਨਾ ਜਾਵੇ ਲੋਕ ਖਾਂਦੇ ਨਹੀਂ ਇਸ ਜੋ ਉਹ ਬਲੀ ਨੂੰ ਅਸੀਸ ਦਿੰਦਾ ਹੈ ਤਾਂ ਉਹ ਦੇ ਪਿੱਛੋਂ ਪਰਾਹੁਣੇ ਖਾਂਦੇ ਹਨ । ਸੋ ਹੁਣ ਤੁਸੀਂ ਚੜ੍ਹੋ ਕਿਉਂ ਜੋ ਅੱਜ ਹੀ ਤੁਸੀਂ ਉਹ ਨੂੰ ਮਿਲੋਗੇ । 14ਸੋ ਉਹ ਸ਼ਹਿਰ ਨੂੰ ਗਏ ਅਤੇ ਜਦ ਸ਼ਹਿਰ ਵਿੱਚ ਵੜੇ ਤਾਂ ਵੇਖੋ ਸਮੂਏਲ ਉੱਚੇ ਥਾਂ ਨੂੰ ਜਾਣ ਲਈ ਉਹਨਾਂ ਦੇ ਸਾਹਮਣੇ ਬਾਹਰ ਨਿੱਕਲਿਆ ।

15ਯਹੋਵਾਹ ਨੇ ਸ਼ਾਊਲ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਸਮੂਏਲ ਨੂੰ ਆਖ ਦਿੱਤਾ ਸੀ । 16ਜੋ ਇਸੇ ਸਮੇਂ ਇੱਕ ਮਨੁੱਖ ਨੂੰ ਬਿਨਯਾਮੀਨ ਦੇ ਦੇਸ ਤੋਂ ਹੈ ਮੈਂ ਤੇਰੇ ਕੋਲ ਘੱਲਾਂਗਾ, ਸੋ ਤੂੰ ਉਹ ਨੂੰ ਅਭਿਸ਼ੇਕ ਕਰੀਂ ਜੋ ਉਹ ਮੇਰੀ ਪਰਜਾ ਇਸਰਾਏਲ ਦਾ ਪ੍ਰਧਾਨ ਬਣੇ ਅਤੇ ਮੇਰੀ ਪਰਜਾ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਵੇ ਕਿਉਂ ਜੋ ਮੈਂ ਆਪਣੀ ਪਰਜਾ ਵੱਲ ਧਿਆਨ ਕੀਤਾ ਹੈ ਇਸ ਲਈ ਜੋ ਉਨ੍ਹਾਂ ਦੀ ਦੁਹਾਈ ਮੇਰੇ ਤੱਕ ਪਹੁੰਚ ਗਈ ਹੈ । 17ਸੋ ਜਦ ਸਮੂਏਲ ਨੇ ਵੇਖਿਆ ਉਸੇ ਵੇਲੇ ਯਹੋਵਾਹ ਨੇ ਉਹ ਨੂੰ ਆਖਿਆ, ਵੇਖ ਇਹੋ ਉਹ ਮਨੁੱਖ ਹੈ ਜਿਸ ਦੇ ਲਈ ਮੈਂ ਤੈਨੂੰ ਕਿਹਾ ਸੀ, ਇਹੋ ਮੇਰੀ ਪਰਜਾ ਉੱਤੇ ਰਾਜ ਕਰੇਗਾ । 18ਇਸ ਲਈ ਸ਼ਾਊਲ ਡਿਉੜ੍ਹੀ ਵਿੱਚ ਸਮੂਏਲ ਕੋਲ ਪਹੁੰਚਿਆ ਅਤੇ ਉਹ ਨੂੰ ਆਖਿਆ, ਜੀ ਮੈਨੂੰ ਦੱਸੋ ਜੋ ਦਰਸ਼ੀ ਦਾ ਘਰ ਕਿੱਥੇ ਹੈ ? 19ਸਮੂਏਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਦਰਸ਼ੀ ਤਾਂ ਮੈਂ ਹੀ ਹਾਂ । ਮੇਰੇ ਅੱਗੇ-ਅੱਗੇ ਉੱਚੇ ਥਾਂ ਵੱਲ ਚੜ੍ਹ, ਜੋ ਤੁਸੀਂ ਅੱਜ ਮੇਰੇ ਨਾਲ ਭੋਜਨ ਕਰੋ ਅਤੇ ਸਵੇਰੇ ਮੈਂ ਤੈਨੂੰ ਵਿਦਾ ਕਰਾਂਗਾ ਅਤੇ ਜੋ ਕੁਝ ਤੇਰੇ ਮਨ ਵਿੱਚ ਹੈ ਉਹ ਸਭ ਤੈਨੂੰ ਦੱਸਾਂਗਾ । 20ਅਤੇ ਤੇਰੀਆਂ ਗਧੀਆਂ ਜਿਨ੍ਹਾਂ ਨੂੰ ਗਵਾਚਿਆਂ ਤਿੰਨ ਦਿਨ ਹੋ ਗਏ ਹਨ ਉਨ੍ਹਾਂ ਦੀ ਚਿੰਤਾ ਨਾ ਕਰ ਕਿਉਂ ਜੋ ਉਹ ਲੱਭ ਗਈਆਂ ਹਨ ਅਤੇ ਇਸਰਾਏਲ ਕਿਸ ਦੇ ਮੂੰਹ ਵੱਲ ਵੇਖਦਾ ਹੈ ? ਭਲਾ, ਤੇਰੇ ਅਤੇ ਤੇਰੇ ਪਿਤਾ ਦੇ ਸਾਰੇ ਟੱਬਰ ਵੱਲ ਨਹੀਂ ? 21ਸੋ ਸ਼ਾਊਲ ਨੇ ਉੱਤਰ ਦਿੱਤਾ, ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ ?

22ਤਦ ਸਮੂਏਲ ਨੇ ਸ਼ਾਊਲ ਨੂੰ ਅਤੇ ਉਹ ਦੇ ਦਾਸ ਨੂੰ ਚੁਬਾਰੇ ਵਿੱਚ ਲੈ ਆਂਦਾ ਅਤੇ ਉਹਨਾਂ ਨੂੰ ਪਰਾਹੁਣਿਆਂ ਦੇ ਵਿੱਚ ਜੋ ਲਗਭਗ ਤੀਹ ਲੋਕ ਸਨ ਉੱਚੇ ਥਾਂ ਵਿੱਚ ਬਿਠਾਇਆ । 23ਸਮੂਏਲ ਨੇ ਲਾਂਗਰੀ ਨੂੰ ਆਖਿਆ, ਉਹ ਟੁੱਕੜਾ ਜੋ ਮੈਂ ਤੈਨੂੰ ਆਖਿਆ ਸੀ, ਰੱਖ ਛੱਡੀਂ, ਉਸ ਨੂੰ ਲੈ ਆ । 24ਲਾਂਗਰੀ ਨੇ ਇੱਕ ਮਾਸ ਦਾ ਵੱਡਾ ਟੁੱਕੜਾ ਜੋ ਉਹ ਦੇ ਉੱਤੇ ਸੀ, ਚੁੱਕ ਕੇ ਸ਼ਾਊਲ ਦੇ ਅੱਗੇ ਲਿਆ ਕੇ ਰੱਖਿਆ ਅਤੇ ਸਮੂਏਲ ਨੇ ਆਖਿਆ ਵੇਖ, ਇਹ ਜੋ ਰੱਖਿਆ ਹੋਇਆ ਹੈ ਸੋ ਆਪਣੇ ਅੱਗੇ ਰੱਖ ਕੇ ਖਾ ਇਸ ਲਈ ਕਿ ਉਹ ਠਹਿਰਾਏ ਹੋਏ ਸਮੇਂ ਦਾ ਤੇਰੇ ਲਈ ਰੱਖਿਆ ਹੋਇਆ ਹੈ ਕਿਉਂ ਜੋ ਮੈਂ ਆਖਿਆ, ਮੈਂ ਲੋਕਾਂ ਨੂੰ ਨਿਉਂਦਾ ਦਿੱਤਾ ਹੈ ।

ਸੋ ਸ਼ਾਊਲ ਨੇ ਉਸ ਦਿਨ ਸਮੂਏਲ ਨਾਲ ਭੋਜਨ ਕੀਤਾ । 25ਜਦ ਉਹ ਉੱਚੇ ਥਾਂ ਤੋਂ ਸ਼ਹਿਰ ਨੂੰ ਗਏ ਤਾਂ ਉਸ ਨੇ ਘਰ ਦੀ ਛੱਤ ਉੱਤੇ ਸ਼ਾਊਲ ਨਾਲ ਗੱਲਾਂ ਕੀਤੀਆਂ ।

ਸਮੂਏਲ ਦੁਆਰਾ ਰਾਜਾ ਹੋਣ ਲਈ ਸ਼ਾਊਲ ਨੂੰ ਮਸਹ ਕੀਤਾ ਜਾਣਾ

26ਅਤੇ ਉਹ ਸਵੇਰੇ ਹੀ ਉੱਠੇ ਅਤੇ ਅਜਿਹਾ ਹੋਇਆ ਜਾਂ ਦਿਨ ਚੜ੍ਹਨ ਲੱਗਾ ਤਾਂ ਸਮੂਏਲ ਨੇ ਸ਼ਾਊਲ ਨੂੰ ਘਰ ਦੀ ਛੱਤ ਉੱਤੇ ਫੇਰ ਸੱਦਿਆ ਅਤੇ ਆਖਿਆ, ਉੱਠ ਜੋ ਮੈਂ ਤੈਨੂੰ ਵਿਦਾ ਕਰਾਂ । ਸੋ ਸ਼ਾਊਲ ਉੱਠਿਆ, ਉਹ ਅਤੇ ਸਮੂਏਲ ਬਾਹਰ ਚੱਲੇ ਗਏ । 27ਜਦ ਉਹ ਸ਼ਹਿਰ ਦੇ ਸਿਰੇ ਵੱਲ ਉੱਤਰਦੇ ਪਏ ਸਨ ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਆਪਣੇ ਦਾਸ ਨੂੰ ਆਗਿਆ ਦੇ ਜੋ ਸਾਡੇ ਤੋਂ ਅੱਗੇ-ਅੱਗੇ ਹੋ ਤੁਰੇ, ਸੋ ਉਹ ਅੱਗੇ ਹੋ ਗਿਆ, ਪਰ ਤੂੰ ਹੁਣ ਖੜ੍ਹਾ ਰਹਿ ਤਾਂ ਜੋ ਮੈਂ ਪਰਮੇਸ਼ੁਰ ਦਾ ਬਚਨ ਤੈਨੂੰ ਸੁਣਾਵਾਂ ।

10

1ਫੇਰ ਸਮੂਏਲ ਨੇ ਇੱਕ ਕੁੱਪੀ ਤੇਲ ਉਹ ਦੇ ਸਿਰ ਉੱਤੇ ਉਂਡੇਲ ਦਿੱਤਾ ਅਤੇ ਉਸ ਨੂੰ ਚੁੰਮ ਕੇ ਆਖਿਆ, ਕੀ ਯਹੋਵਾਹ ਨੇ ਤੈਨੂੰ ਇਸ ਕਰਕੇ ਅਭਿਸ਼ੇਕ ਨਹੀਂ ਕੀਤਾ ਜੋ ਤੂੰ ਉਹ ਦੀ ਵਿਰਾਸਤ ਦਾ ਪ੍ਰਧਾਨ ਬਣੇਂ ? 2ਅੱਜ ਜਦ ਤੂੰ ਮੇਰੇ ਕੋਲੋਂ ਵਿਦਾ ਹੋਵੇਂਗਾ ਤਾਂ ਬਿਨਯਾਮੀਨ ਦੀ ਹੱਦ ਵਿੱਚ ਰਾਖ਼ੇਲ ਦੀ ਕਬਰ ਸਲਸਾਹ ਕੋਲ ਤੈਨੂੰ ਦੋ ਲੋਕ ਮਿਲਣਗੇ ਅਤੇ ਉਹ ਤੈਨੂੰ ਆਖਣਗੇ ਕਿ ਜਿਨ੍ਹਾਂ ਨੂੰ ਤੂੰ ਲੱਭਣ ਗਿਆ ਸੀ ਉਹ ਗਧੀਆਂ ਲੱਭ ਗਈਆਂ ਹਨ, ਵੇਖ, ਹੁਣ ਤੇਰਾ ਪਿਤਾ ਗਧੀਆਂ ਵੱਲੋਂ ਬੇਫ਼ਿਕਰ ਹੋ ਕੇ ਤੁਹਾਡੇ ਲਈ ਚਿੰਤਾ ਕਰਦਾ ਹੈ ਅਤੇ ਆਖਦਾ ਹੈ, ਮੈਂ ਆਪਣੇ ਪੁੱਤਰ ਲਈ ਕੀ ਕਰਾਂ ? 3ਫਿਰ ਤੂੰ ਉੱਥੋਂ ਲੰਘੇਂਗਾ ਅਤੇ ਤਬੋਰ ਦੇ ਬਲੂਤ ਹੇਠ ਪਹੁੰਚੇਗਾ ਤਾਂ ਉੱਥੋਂ ਤਿੰਨ ਲੋਕ ਜੋ ਪਰਮੇਸ਼ੁਰ ਦੇ ਅੱਗੇ ਬੈਤੇਲ ਵਿੱਚ ਜਾਂਦੇ ਹੋਣਗੇ ਤੈਨੂੰ ਮਿਲਣਗੇ । ਇੱਕ ਬੱਕਰੀ ਦੇ ਤਿੰਨ ਬੱਚੇ ਅਤੇ ਦੂਜਾ ਤਿੰਨ ਰੋਟੀਆਂ ਅਤੇ ਤੀਜੇ ਨੇ ਦਾਖ਼ਰਸ ਦੀ ਮਸ਼ਕ ਚੁੱਕੀ ਹੋਵੇਗੀ । 4ਉਹ ਤੈਨੂੰ ਸੁੱਖ-ਸਾਂਦ ਪੁੱਛਣਗੇ ਅਤੇ ਤੈਨੂੰ ਦੋ ਰੋਟੀਆਂ ਦੇਣਗੇ ਸੋ ਤੂੰ ਉਨ੍ਹਾਂ ਦੇ ਹੱਥੋਂ ਲੈ ਲਵੀਂ, 5ਇਸ ਤੋਂ ਬਾਅਦ ਤੂੰ ਪਰਮੇਸ਼ੁਰ ਦੇ ਪਰਬਤ ਦੇ ਨੇੜੇ ਜਿੱਥੇ ਫ਼ਲਿਸਤੀਆਂ ਦੀ ਚੌਂਕੀ ਹੈ ਪਹੁੰਚੇਗਾ ਅਤੇ ਅਜਿਹਾ ਹੋਵੇਗਾ ਜਦ ਤੂੰ ਉੱਥੇ ਸ਼ਹਿਰ ਵਿੱਚ ਦਾਖਿਲ ਹੋਵੇਂ ਤਾਂ ਇੱਕ ਨਬੀਆਂ ਦੀ ਟੋਲੀ ਤੈਨੂੰ ਮਿਲੇਗੀ ਜੋ ਉੱਥੇ ਉੱਚੇ ਸਥਾਨ ਤੋਂ ਉੱਤਰਦੀ ਹੋਵੇਗੀ ਅਤੇ ਉਹ ਰਬਾਬ, ਖੰਜਰੀ, ਬੰਸਰੀ ਤੇ ਬੀਨ ਆਪਣੇ ਅੱਗੇ ਲਈ ਆਉਂਦੇ ਹੋਣਗੇ ਅਤੇ ਉਹ ਅਗੰਮ ਵਾਕ ਕਰਦੇ ਹੋਣਗੇ । 6ਤਦ ਯਹੋਵਾਹ ਦਾ ਆਤਮਾ ਤੇਰੇ ਉੱਤੇ ਆਵੇਗਾ ਅਤੇ ਤੂੰ ਵੀ ਉਨ੍ਹਾਂ ਦੇ ਨਾਲ ਅਗੰਮ ਵਾਕ ਬੋਲੇਂਗਾ ਸਗੋਂ ਤੂੰ ਇੱਕ ਅਲੱਗ ਤਰ੍ਹਾਂ ਦਾ ਮਨੁੱਖ ਬਣ ਜਾਵੇਗਾਂ 7ਅਤੇ ਅਜਿਹਾ ਹੋਵੇਗਾ ਜਦ ਇਹ ਨਿਸ਼ਾਨੀਆਂ ਤੇਰੇ ਉੱਤੇ ਪਰਗਟ ਹੋਣ, ਫਿਰ ਜਿਸ ਕੰਮ ਨੂੰ ਕਰਨ ਦਾ ਤੈਨੂੰ ਮੌਕਾ ਮਿਲੇ ਉਸ ਨੂੰ ਕਰਨ ਵਿੱਚ ਲੱਗ ਜਾਣਾ; ਕਿਉਂ ਜੋ ਪਰਮੇਸ਼ੁਰ ਤੇਰੇ ਸੰਗ ਹੈ । 8ਤੂੰ ਮੇਰੇ ਨਾਲੋਂ ਪਹਿਲਾਂ ਗਿਲਗਾਲ ਵੱਲ ਜਾ, ਮੈਂ ਤੇਰੇ ਕੋਲ ਆਵਾਂਗਾ ਜੋ ਹੋਮ ਦੀਆਂ ਬਲੀਆਂ ਅਤੇ ਸੁਖ ਸਾਂਦ ਦੀਆਂ ਬਲੀਆਂ ਚੜ੍ਹਾਵਾਂ । ਤੂੰ ਸੱਤਾਂ ਦਿਨਾਂ ਤੱਕ ਉੱਥੇ ਰਹਿ ਜਦ ਤੱਕ ਮੈਂ ਤੇਰੇ ਕੋਲ ਨਾ ਪਹੁੰਚਾ ਅਤੇ ਦੱਸਾਂ ਜੋ ਤੈਨੂੰ ਕੀ ਕਰਨਾ ਹੋਵੇਗਾ ।

9ਜਿਵੇਂ ਹੀ ਉਹ ਸਮੂਏਲ ਕੋਲੋਂ ਮੁੜਿਆ ਤੇ ਪਿੱਠ ਫੇਰੀ ਤਾਂ ਉਸੇ ਵੇਲੇ ਪਰਮੇਸ਼ੁਰ ਨੇ ਉਸ ਨੂੰ ਇੱਕ ਨਵਾਂ ਮਨ ਦਿੱਤਾ ਅਤੇ ਉਹ ਸਭ ਨਿਸ਼ਾਨੀਆਂ ਉਸੇ ਦਿਨ ਪ੍ਰਗਟ ਹੋ ਗਈਆਂ । 10ਜਦ ਉਹ ਉਸ ਪਰਬਤ ਨੂੰ ਆਏ ਤਾਂ ਵੇਖੋ, ਉਸ ਨੂੰ ਇੱਕ ਨਬੀਆਂ ਦੀ ਟੋਲੀ ਮਿਲੀ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਜ਼ੋਰ ਨਾਲ ਆਇਆ ਅਤੇ ਉਹ ਵੀ ਉਨ੍ਹਾਂ ਨਾਲ ਅਗੰਮ ਵਾਕ ਬੋਲਣ ਲੱਗ ਪਿਆ 11ਅਤੇ ਜਦ ਉਹ ਦੇ ਜਾਣਨ ਵਾਲਿਆਂ ਨੇ ਉਹ ਨੂੰ ਨਬੀਆਂ ਦੇ ਵਿਚਕਾਰ ਅਗੰਮ ਵਾਕ ਬੋਲਦਿਆਂ ਦੇਖਿਆ ਤਾਂ ਇੱਕ ਦੂਜੇ ਨੂੰ ਆਖਣ ਲੱਗੇ, ਕੀਸ਼ ਦੇ ਪੁੱਤਰ ਨੂੰ ਕੀ ਹੋਇਆ ? ਕੀ ਸ਼ਾਊਲ ਵੀ ਨਬੀਆਂ ਦੇ ਵਿੱਚ ਹੈ ? 12ਉਨ੍ਹਾਂ ਵਿੱਚੋਂ ਇੱਕ ਨੇ ਉੱਤਰ ਦੇ ਕੇ ਆਖਿਆ, ਭਲਾ ਉਹਨਾਂ ਦਾ ਪਿਤਾ ਕੌਣ ਹੈ ? ਤਦੋਂ ਦੀ ਇਹ ਕਹਾਉਤ ਬਣ ਗਈ, "ਭਲਾ, ਸ਼ਾਊਲ ਵੀ ਨਬੀਆਂ ਵਿੱਚੋਂ ਹੈ ? " 13ਜਦ ਉਹ ਅਗੰਮ ਵਾਕ ਬੋਲ ਚੁੱਕਿਆ ਤਾਂ ਉੱਚੇ ਥਾਂ ਨੂੰ ਗਿਆ ।

14ਉੱਥੇ ਸ਼ਾਊਲ ਦੇ ਚਾਚੇ ਨੇ ਉਹ ਨੂੰ ਅਤੇ ਉਹ ਦੇ ਟਹਿਲੂਏ ਨੂੰ ਆਖਿਆ, ਤੁਸੀਂ ਕਿੱਥੇ ਗਏ ਸੀ ? ਉਹ ਨੇ ਆਖਿਆ, ਗਧੀਆਂ ਨੂੰ ਲੱਭਣ ਅਤੇ ਜਦ ਅਸੀਂ ਵੇਖਿਆ ਜੋ ਉਹ ਸਾਨੂੰ ਨਾ ਮਿਲੀਆਂ ਤਦ ਅਸੀਂ ਸਮੂਏਲ ਕੋਲ ਗਏ । 15ਫੇਰ ਸ਼ਾਊਲ ਦਾ ਚਾਚਾ ਬੋਲਿਆ, ਮੈਨੂੰ ਦੱਸ, ਸਮੂਏਲ ਨੇ ਤੈਨੂੰ ਕੀ ਆਖਿਆ ? 16ਸ਼ਾਊਲ ਨੇ ਆਪਣੇ ਚਾਚੇ ਨੂੰ ਕਿਹਾ, ਉਸ ਨੇ ਸਾਨੂੰ ਸਿੱਧਾ ਆਖ ਦਿੱਤਾ ਕਿ ਗਧੀਆਂ ਲੱਭ ਪਈਆਂ ਹਨ ਪਰ ਜਿਹੜੀ ਉਹ ਨੂੰ ਸਮੂਏਲ ਨੇ ਰਾਜ ਦੀ ਗੱਲ ਆਖੀ ਸੀ ਉਹ ਨਾ ਦੱਸੀ ।

ਰਾਜਾ ਦੇ ਰੂਪ ਵਿੱਚ ਸ਼ਾਊਲ ਦਾ ਸਵਾਗਤ

17ਇਹ ਦੇ ਪਿੱਛੋਂ ਸਮੂਏਲ ਨੇ ਮਿਸਫਾਹ ਵਿੱਚ ਲੋਕਾਂ ਨੂੰ ਸੱਦ ਕੇ ਯਹੋਵਾਹ ਦੇ ਸਾਹਮਣੇ ਇੱਕਠਿਆਂ ਕੀਤਾ । 18ਅਤੇ ਇਸਰਾਏਲੀਆਂ ਨੂੰ ਆਖਿਆ ਜੋ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ, ਕਿ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਸਭਨਾਂ ਰਜਵਾੜਿਆਂ ਦੇ ਹੱਥੋਂ ਜਿਹੜੇ ਤੁਹਾਡੇ ਉੱਤੇ ਅਨ੍ਹੇਰ ਕਰਦੇ ਸਨ ਛੁਡਾ ਦਿੱਤਾ । 19ਪਰ ਅੱਜ ਤੁਸੀਂ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਜਿਸ ਨੇ ਤੁਹਾਡੀਆਂ ਸਾਰੀਆਂ ਬੁਰਿਆਈਆਂ ਅਤੇ ਤੁਹਾਡੇ ਦੁੱਖਾਂ ਤੋਂ ਤੁਹਾਡਾ ਛੁਟਕਾਰਾ ਕੀਤਾ ਤੁਸੀਂ ਉਹ ਨੂੰ ਆਖਿਆ, ਹਾਂ, ਸਾਡੇ ਲਈ ਇੱਕ ਰਾਜਾ ਨਿਯੁਕਤ ਕਰ । ਸੋ ਹੁਣ ਇੱਕ-ਇੱਕ ਗੋਤ ਪਿੱਛੇ ਹਜ਼ਾਰ ਹਜ਼ਾਰ ਤੁਸੀਂ ਆਪਣੇ ਆਪ ਨੂੰ ਯਹੋਵਾਹ ਦੇ ਅੱਗੇ ਹਾਜ਼ਰ ਕਰੋ ।

20ਜਦ ਸਮੂਏਲ ਨੇ ਇਸਰਾਏਲ ਦੇ ਸਾਰੇ ਗੋਤਾਂ ਨੂੰ ਇੱਕਠਿਆਂ ਕੀਤਾ ਤਾਂ ਬਿਨਯਾਮੀਨ ਗੋਤ ਦੇ ਨਾਮ ਤੇ ਪਰਚੀ ਨਿਕਲੀ 21ਅਤੇ ਜਦ ਉਹ ਨੇ ਬਿਨਯਾਮੀਨ ਦੇ ਗੋਤ ਨੂੰ ਉਸ ਦੇ ਟੱਬਰਾਂ ਦੇ ਅਨੁਸਾਰ ਨਜ਼ਦੀਕ ਬੁਲਾਇਆ ਤਾਂ ਮਤਰੀ ਦੇ ਟੱਬਰ ਦਾ ਨਾਮ ਨਿੱਕਲਿਆ ਅਤੇ ਫੇਰ ਕੀਸ਼ ਦੇ ਪੁੱਤਰ ਸ਼ਾਊਲ ਦਾ ਨਾਮ ਨਿੱਕਲਿਆ ਅਤੇ ਜਦ ਉਨ੍ਹਾਂ ਨੇ ਉਹ ਨੂੰ ਭਾਲਿਆ ਤਾਂ ਉਹ ਨਾ ਲੱਭਿਆ । 22ਸੋ ਉਨ੍ਹਾਂ ਨੇ ਫੇਰ ਯਹੋਵਾਹ ਕੋਲੋਂ ਪੁੱਛਿਆ, ਕੋਈ ਹੋਰ ਮਨੁੱਖ ਐਥੇ ਆਵੇਗਾ ਕਿ ਨਹੀਂ ? ਯਹੋਵਾਹ ਨੇ ਆਖਿਆ, ਵੇਖੋ, ਉਹ ਸਮਾਨ ਵਿੱਚ ਲੁੱਕ ਰਿਹਾ ਹੈ । 23ਤਦ ਉਹ ਭੱਜ ਕੇ ਉੱਥੋਂ ਉਸ ਨੂੰ ਲੈ ਆਏ ਅਤੇ ਜਦ ਉਹ ਲੋਕਾਂ ਦੇ ਵਿਚਕਾਰ ਖੜ੍ਹਾ ਹੋਇਆ ਤਾਂ ਉਹ ਸਭਨਾਂ ਤੋਂ ਵੱਧ ਲੰਮਾ ਸੀ ਕਿਉਂ ਜੋ ਸਾਰੇ ਉਸ ਦੇ ਮੋਢੇ ਤੱਕ ਹੀ ਆਉਂਦੇ ਸਨ । 24ਸਮੂਏਲ ਨੇ ਲੋਕਾਂ ਨੂੰ ਆਖਿਆ, ਜਿਸ ਨੂੰ ਯਹੋਵਾਹ ਨੇ ਚੁਣਿਆ ਹੈ ਉਹ ਨੂੰ ਤੁਸੀਂ ਵੇਖੋ ਜੋ ਸਾਰਿਆਂ ਲੋਕਾਂ ਵਿੱਚ ਇਹ ਦੇ ਵਰਗਾ ਕੋਈ ਨਹੀਂ । ਤਦ ਸਾਰੇ ਲੋਕਾਂ ਨੇ ਜੈਕਾਰਾ ਬੁਲਾ ਕੇ ਆਖਿਆ, ਰਾਜਾ ਜਿਉਂਦਾ ਰਹੇ !

25ਫੇਰ ਸਮੂਏਲ ਨੇ ਲੋਕਾਂ ਨੂੰ ਰਾਜ ਦਾ ਵਰਣਨ ਕੀਤਾ ਅਤੇ ਪੋਥੀ ਵਿੱਚ ਲਿਖ ਕੇ ਯਹੋਵਾਹ ਦੇ ਸਾਹਮਣੇ ਰੱਖ ਦਿਤਾ । ਸਮੂਏਲ ਨੇ ਸਾਰੇ ਲੋਕਾਂ ਨੂੰ ਵਿਦਾ ਕੀਤਾ ਕਿ ਹਰ ਕੋਈ ਆਪੋ ਆਪਣੇ ਘਰ ਜਾਵੇ । 26ਸ਼ਾਊਲ ਵੀ ਗਿਬਆਹ ਨੂੰ ਆਪਣੇ ਘਰ ਗਿਆ ਅਤੇ ਲੋਕਾਂ ਦੀ ਇੱਕ ਟੋਲੀ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ੁਰ ਨੇ ਉਭਾਰਿਆ ਸੀ ਉਹ ਦੇ ਨਾਲ ਗਈ । 27ਪਰ ਕੁਝ ਬੁਰੇ ਲੋਕ ਬੋਲੇ, ਇਹ ਮਨੁੱਖ ਸਾਨੂੰ ਕਿਵੇਂ ਬਚਾਵੇਗਾ ? ਅਤੇ ਉਹ ਦੀ ਨਿੰਦਿਆ ਕੀਤੀ ਅਤੇ ਉਹ ਦੇ ਲਈ ਨਜ਼ਰਾਨਾ ਨਾ ਲਿਆਏ । ਪਰ ਉਸ ਨੇ ਸਾਰੀ ਗੱਲ ਨੂੰ ਸੁਣ ਕੇ ਅਣਸੁਣੀ ਕਰ ਦਿੱਤੀ ।

11

ਸ਼ਾਊਲ ਦੀ ਅਮੋਨੀਆਂ ਉੱਤੇ ਜਿੱਤ

1ਤਦ ਅੰਮੋਨੀ ਨਾਹਾਸ਼ ਨੇ ਹਮਲਾ ਕੀਤਾ ਅਤੇ ਯਾਬੇਸ਼-ਗਿਲਆਦ ਦੇ ਸਾਹਮਣੇ ਡੇਰੇ ਲਾਏ । ਤਦ ਯਾਬੇਸ਼ ਦੇ ਸਭਨਾਂ ਲੋਕਾਂ ਨੇ ਨਾਹਾਸ਼ ਨੂੰ ਆਖਿਆ, ਸਾਡੇ ਨਾਲ ਫੈਸਲਾ ਕਰੋ ਤਾਂ ਅਸੀਂ ਤੁਹਾਡੀ ਸੇਵਾ ਕਰਾਂਗੇ । 2ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਇਸ ਗੱਲ ਉੱਤੇ ਮੈਂ ਤੁਹਾਡੇ ਨਾਲ ਫੈਂਸਲਾ ਕਰਾਂਗਾ ਜੋ ਮੈਂ ਤੁਹਾਡੇ ਸਾਰਿਆਂ ਦੀਆਂ ਸੱਜੀਆਂ ਅੱਖਾਂ ਕੱਢ ਸੁੱਟਾਂ ਅਤੇ ਜਿਸ ਨਾਲ ਮੈਂ ਸਾਰੇ ਇਸਰਾਏਲ ਦਾ ਅਪਮਾਨ ਕਰਾਂ ! 3ਤਦ ਯਾਬੇਸ਼ ਦੇ ਬਜ਼ੁਰਗਾਂ ਨੇ ਉਹ ਨੂੰ ਆਖਿਆ, ਸਾਨੂੰ ਸੱਤਾਂ ਦਿਨਾਂ ਦਾ ਸਮਾਂ ਦਿਓ ਤਾਂ ਜੋ ਅਸੀਂ ਸਾਰੇ ਇਸਰਾਏਲ ਵਿੱਚ ਦੂਤ ਭੇਜੀਏ, ਜੇ ਸਾਨੂੰ ਕੋਈ ਬਚਾਉਣ ਵਾਲਾ ਨਾ ਮਿਲਿਆ ਤਾਂ ਅਸੀਂ ਤੁਹਾਡੇ ਕੋਲ ਆਵਾਂਗੇ । 4ਤਦ ਸ਼ਾਊਲ ਦੇ ਗਿਬਆਹ ਵਿੱਚ ਦੂਤ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਹ ਸੁਨੇਹਾ ਸੁਣਾਇਆ । ਤਦ ਸਭ ਲੋਕ ਭੁੱਬਾਂ ਮਾਰ ਕੇ ਰੋਣ ਲੱਗੇ ।

5ਅਤੇ ਵੇਖੋ, ਸ਼ਾਊਲ ਪੈਲੀ ਤੋਂ ਬਲ਼ਦਾਂ ਦੇ ਮਗਰ ਆ ਰਿਹਾ ਸੀ ਅਤੇ ਸ਼ਾਊਲ ਨੇ ਆਖਿਆ, ਕੀ ਗੱਲ ਹੋਈ ਜੋ ਲੋਕ ਰੋਂਦੇ ਪਏ ਹਨ ? ਉਨ੍ਹਾਂ ਨੇ ਯਾਬੇਸ਼ ਦੇ ਲੋਕਾਂ ਦਾ ਸੁਨੇਹਾ ਆਖ ਸੁਣਾਇਆ । 6ਜਿਸ ਵੇਲੇ ਸ਼ਾਊਲ ਨੇ ਇਹ ਖ਼ਬਰ ਸੁਣੀ ਉਸੇ ਵੇਲੇ ਉਹ ਦੇ ਉੱਤੇ ਪਰਮੇਸ਼ੁਰ ਦਾ ਆਤਮਾ ਜ਼ੋਰ ਨਾਲ ਆਇਆ, ਉਹ ਦਾ ਕ੍ਰੋਧ ਭੜਕਿਆ 7ਅਤੇ ਉਸ ਨੇ ਇੱਕ ਬਲ਼ਦਾਂ ਦੀ ਜੋੜੀ ਲੈ ਲਈ ਅਤੇ ਉਨ੍ਹਾਂ ਨੂੰ ਵੱਢ ਕੇ ਟੋਟੇ-ਟੋਟੇ ਕੀਤਾ, ਅਤੇ ਉਨ੍ਹਾਂ ਨੂੰ ਦੂਤਾਂ ਦੇ ਹੱਥ ਇਸਰਾਏਲ ਦੀਆਂ ਸਾਰਿਆਂ ਹੱਦਾਂ ਵਿੱਚ ਭੇਜ ਦਿੱਤਾ ਅਤੇ ਇਹ ਆਖਿਆ, ਜੋ ਕੋਈ ਸ਼ਾਊਲ ਅਤੇ ਸਮੂਏਲ ਦੇ ਮਗਰ ਨਾ ਆਵੇਗਾ ਉਹ ਦੇ ਬਲ਼ਦਾਂ ਨਾਲ ਅਜਿਹਾ ਹੀ ਕੀਤਾ ਜਾਵੇਗਾ । ਤਦ ਯਹੋਵਾਹ ਦਾ ਡਰ ਲੋਕਾਂ ਉੱਤੇ ਛਾ ਗਿਆ ਅਤੇ ਉਹ ਇੱਕ ਮਨ ਹੋ ਕੇ ਬਾਹਰ ਨਿਕਲੇ । 8ਅਤੇ ਸ਼ਾਊਲ ਨੇ ਉਹਨਾਂ ਨੂੰ ਬਜ਼ਕ ਵਿੱਚ ਗਿਣਿਆ ਸੋ ਇਸਰਾਏਲੀ ਤਿੰਨ ਲੱਖ ਸਨ ਅਤੇ ਯਹੂਦਾਹ ਦੇ ਮਨੁੱਖ ਤੀਹ ਹਜ਼ਾਰ ਸਨ । 9ਸੋ ਉਹਨਾਂ ਨੇ ਉਨ੍ਹਾਂ ਦੂਤਾਂ ਨੂੰ ਜੋ ਆਏ ਸਨ ਆਖਿਆ ਕਿ ਤੁਸੀਂ ਯਾਬੇਸ਼ ਗਿਲਆਦ ਦੇ ਮਨੁੱਖਾਂ ਨੂੰ ਇਹ ਆਖੋ ਜੋ ਜਿਸ ਵੇਲੇ ਧੁੱਪ ਤੇਜ ਹੋਵੇਗੀ ਤਦ ਤੁਹਾਨੂੰ ਛੁਟਕਾਰਾ ਮਿਲੇਗਾ । ਸੋ ਦੂਤਾਂ ਨੇ ਯਾਬੇਸ਼ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਅਤੇ ਉਹਨਾਂ ਨੇ ਬਹੁਤ ਆਨੰਦ ਮਨਾਇਆ । 10ਤਦ ਯਾਬੇਸ਼ ਦੇ ਮਨੁੱਖਾਂ ਨੇ ਉਨ੍ਹਾਂ ਨੂੰ ਆਖਿਆ, ਕੱਲ ਅਸੀਂ ਤੁਹਾਡੇ ਕੋਲ ਨਿੱਕਲ ਆਵਾਂਗੇ ਅਤੇ ਜੋ ਤੁਸੀਂ ਚੰਗਾ ਜਾਣੋ ਸੋ ਸਭ ਕੁਝ ਸਾਡੇ ਨਾਲ ਕਰੋ । 11ਅਤੇ ਸਵੇਰ ਨੂੰ ਸ਼ਾਊਲ ਨੇ ਲੋਕਾਂ ਦੀਆਂ ਤਿੰਨ ਟੋਲੀਆਂ ਬਣਾਈਆਂ ਅਤੇ ਉਹ ਪਹਿਲੇ ਪਹਿਰ ਡੇਰੇ ਦੇ ਵਿੱਚ ਆ ਵੜਿਆ ਅਤੇ ਅੰਮੋਨੀਆਂ ਨੂੰ ਮਾਰਿਆ ਅਤੇ ਦਿਨ ਚੜਨ ਤੱਕ ਅਜਿਹਾ ਮਾਰਦੇ ਰਹੇ ਕਿ ਜਿਹੜੇ ਬਚ ਗਏ ਸੋ ਅਜਿਹੇ ਬਿਖ਼ਰ ਗਏ, ਜੋ ਦੋ ਲੋਕ ਵੀ ਇਕੱਠੇ ਨਾ ਰਹੇ ।

12ਤਦ ਲੋਕਾਂ ਨੇ ਸਮੂਏਲ ਨੂੰ ਆਖਿਆ, ਉਹ ਕੌਣ ਹੈ ਜਿਸ ਨੇ ਆਖਿਆ ਸੀ ਕਿ ਸ਼ਾਊਲ ਸਾਡੇ ਉੱਤੇ ਰਾਜ ਕਰੇਗਾ ? ਉਨ੍ਹਾਂ ਲੋਕਾਂ ਨੂੰ ਲੈ ਆਓ ਜੋ ਅਸੀਂ ਉਨ੍ਹਾਂ ਨੂੰ ਮਾਰ ਸੁੱਟੀਏ ! 13ਸ਼ਾਊਲ ਨੇ ਆਖਿਆ, ਅੱਜ ਦੇ ਦਿਨ ਕੋਈ ਮਾਰਿਆ ਨਾ ਜਾਏ ਕਿਉਂ ਜੋ ਅੱਜ ਦੇ ਦਿਨ ਯਹੋਵਾਹ ਨੇ ਇਸਰਾਏਲ ਦਾ ਛੁਟਕਾਰਾ ਕੀਤਾ ਹੈ ।

14ਤਦ ਸਮੂਏਲ ਨੇ ਪਰਜਾ ਨੂੰ ਆਖਿਆ, ਆਓ, ਅਸੀਂ ਗਿਲਗਾਲ ਨੂੰ ਚੱਲੀਏ ਕਿ ਉੱਥੇ ਰਾਜ ਨੂੰ ਦੂਜੀ ਵਾਰ ਫਿਰ ਸਥਾਪਿਤ ਕਰੀਏ । 15ਸਾਰੀ ਪਰਜਾ ਗਿਲਗਾਲ ਨੂੰ ਗਈ ਅਤੇ ਗਿਲਗਾਲ ਵਿੱਚ ਯਹੋਵਾਹ ਦੇ ਸਾਹਮਣੇ ਉਨ੍ਹਾਂ ਨੇ ਸ਼ਾਊਲ ਨੂੰ ਰਾਜਾ ਠਹਿਰਾਇਆ ਅਤੇ ਉਨ੍ਹਾਂ ਨੇ ਉੱਥੇ ਯਹੋਵਾਹ ਦੇ ਅੱਗੇ ਸੁਖ-ਸਾਂਦ ਦੀਆਂ ਬਲੀਆਂ ਚੜ੍ਹਾਈਆਂ ਅਤੇ ਉੱਥੇ ਸ਼ਾਊਲ ਨੇ ਅਤੇ ਸਾਰੇ ਇਸਰਾਏਲੀ ਮਨੁੱਖਾਂ ਨੇ ਵੱਡੀ ਖੁਸ਼ੀ ਮਨਾਈ ।

12

ਸਮੂਏਲ ਦਾ ਸੰਦੇਸ਼

1ਫਿਰ ਸਮੂਏਲ ਨੇ ਸਾਰੇ ਇਸਰਾਏਲ ਨੂੰ ਆਖਿਆ, ਜੋ ਕੁਝ ਤੁਸੀਂ ਮੈਨੂੰ ਕਿਹਾ ਮੈਂ ਤੁਹਾਡੀ ਗੱਲ ਨੂੰ ਮੰਨ ਲਿਆ ਹੈ ਅਤੇ ਤੁਹਾਡੇ ਉੱਤੇ ਇੱਕ ਰਾਜਾ ਠਹਿਰਾ ਦਿੱਤਾ ਹੈ । 2ਹੁਣ ਵੇਖੋ, ਇਹ ਰਾਜਾ ਤੁਹਾਡੇ ਅੱਗੇ-ਅੱਗੇ ਤੁਰਦਾ ਹੈ; ਅਤੇ ਮੈਂ ਹੁਣ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ, ਮੇਰੇ ਪੁੱਤਰ ਤੁਹਾਡੇ ਨਾਲ ਹਨ ਅਤੇ ਮੈਂ ਆਪਣੀ ਛੋਟੀ ਉਮਰ ਤੋਂ ਅੱਜ ਤੱਕ ਤੁਹਾਡੇ ਅੱਗੇ ਚੱਲਦਾ ਰਿਹਾ । 3ਵੇਖੋ, ਮੈਂ ਹਾਜ਼ਰ ਹਾਂ, ਯਹੋਵਾਹ ਦੇ ਅਤੇ ਉਸ ਦੇ ਅਭਿਸ਼ੇਕ ਕੀਤੇ ਹੋਏ ਦੇ ਅੱਗੇ ਮੇਰੇ ਲਈ ਗਵਾਹੀ ਭਰੋ । ਮੈਂ ਕਿਸ ਦਾ ਬਲ਼ਦ ਲਿਆ ਜਾਂ ਕਿਸ ਦਾ ਗਧਾ ਲਿਆ ? ਮੈਂ ਕਿਸ ਨਾਲ ਕੁਧਰਮ ਕੀਤਾ ਜਾਂ ਕਿਸ ਉੱਤੇ ਅਨ੍ਹੇਰ ਮਾਰਿਆ ? ਅਤੇ ਕਿਸ ਕੋਲੋਂ ਮੈਂ ਰਿਸ਼ਵਤ ਲਈ ਹੈ ਤਾਂ ਜੋ ਅਣਦੇਖਾ ਕਰ ਕੇ ਨਿਆਂ ਕਰਨ ਲਈ ਅੰਨ੍ਹਾ ਹੋ ਜਾਂਵਾਂ ਦੱਸੋ ? ਅਤੇ ਮੈਂ ਤੁਹਾਨੂੰ ਮੋੜ ਦਿਆਂਗਾ । 4ਤਦ ਉਨ੍ਹਾਂ ਨੇ ਆਖਿਆ, ਤੂੰ ਸਾਡੇ ਨਾਲ ਕੋਈ ਕੁਧਰਮ ਨਹੀਂ ਕੀਤਾ, ਨਾ ਸਾਡੇ ਉੱਤੇ ਕੁਝ ਅਨ੍ਹੇਰ ਮਾਰਿਆ ਹੈ ਅਤੇ ਨਾ ਹੀ ਤੂੰ ਕਿਸੇ ਦੇ ਹੱਥੋਂ ਕੁਝ ਲਿਆ ਹੈ । 5ਤਦ ਉਸ ਨੇ ਆਖਿਆ, ਯਹੋਵਾਹ ਤੁਹਾਡੇ ਉੱਤੇ ਗਵਾਹ ਅਤੇ ਉਹ ਦਾ ਅਭਿਸ਼ੇਕ ਕੀਤਾ ਹੋਇਆ, ਅੱਜ ਦੇ ਦਿਨ ਗਵਾਹ ਹੈ ਜੋ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਲੱਭਿਆ । ਉਹ ਬੋਲੇ, ਹਾਂ ਉਹ ਗਵਾਹ ਹੈ ।

6ਫੇਰ ਸਮੂਏਲ ਨੇ ਲੋਕਾਂ ਨੂੰ ਆਖਿਆ, ਹਾਂ, ਉਹ ਯਹੋਵਾਹ ਹੈ, ਜਿਸ ਨੇ ਮੂਸਾ ਤੇ ਹਾਰੂਨ ਨੂੰ ਠਹਿਰਾਇਆ ਅਤੇ ਤੁਹਾਡੇ ਪਿਓ ਦਾਦਿਆ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ । 7ਹੁਣ ਚੁੱਪ ਕਰਕੇ ਖੜ੍ਹੇ ਹੋ ਜਾਓ, ਕਿਉਂ ਜੋ ਮੈਂ ਯਹੋਵਾਹ ਦੇ ਸਾਹਮਣੇ ਉਨ੍ਹਾਂ ਸਾਰਿਆਂ ਦੀ ਭਲਿਆਈਆਂ ਦੇ ਕਾਰਨ ਜੋ ਯਹੋਵਾਹ ਨੇ ਤੁਹਾਡੇ ਪੁਰਖਿਆਂ ਉੱਤੇ ਕੀਤੀਆਂ, ਤੁਹਾਡੇ ਨਾਲ ਵਿਚਾਰ ਕਰਾਂਗਾ । 8ਜਿਸ ਵੇਲੇ ਯਾਕੂਬ ਮਿਸਰ ਵਿੱਚ ਆਇਆ ਅਤੇ ਤੁਹਾਡੇ ਪੁਰਖਿਆਂ ਨੇ ਯਹੋਵਾਹ ਦੇ ਅੱਗੇ ਦੁਹਾਈ ਦਿੱਤੀ ਤਦ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਉਹ ਤੁਹਾਡੇ ਪੁਰਖਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਏ ਅਤੇ ਉਹਨਾਂ ਨੂੰ ਇੱਥੇ ਵਸਾਇਆ । 9ਫੇਰ ਜਦ ਉਹਨਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਛੱਡ ਦਿੱਤਾ ਤਾਂ ਉਸ ਨੇ ਉਹਨਾਂ ਨੂੰ ਹਸੋਰ ਦੇ ਸੈਨਾਪਤੀ ਸੀਸਰਾ ਦੇ ਹੱਥ, ਫ਼ਲਿਸਤੀਆਂ ਦੇ ਹੱਥ ਅਤੇ ਮੋਆਬ ਦੇ ਰਾਜਾ ਦੇ ਹੱਥ ਕਰ ਦਿੱਤਾ ਅਤੇ ਉਹ ਉਹਨਾਂ ਨਾਲ ਲੜੇ । 10ਫੇਰ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦੇ ਕੇ ਆਖਿਆ, ਅਸੀਂ ਪਾਪ ਕੀਤਾ ਕਿਉਂ ਜੋ ਅਸੀਂ ਯਹੋਵਾਹ ਨੂੰ ਛੱਡਿਆ ਅਤੇ ਬਆਲੀਮ ਤੇ ਅਸ਼ਤਾਰੋਥ ਦੀ ਪੂਜਾ ਕੀਤੀ । ਪਰ ਜੇ ਹੁਣ ਤੂੰ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਡਾਵੇਂ ਤਾਂ ਅਸੀਂ ਤੇਰੀ ਹੀ ਉਪਾਸਨਾ ਕਰਾਂਗੇ । 11ਫੇਰ ਯਹੋਵਾਹ ਨੇ ਯਰੁਬਆਲ ਅਤੇ ਬਦਾਨ ਅਤੇ ਯਿਫਤਾਹ ਅਤੇ ਸਮੂਏਲ ਨੂੰ ਭੇਜਿਆ ਅਤੇ ਤੁਹਾਨੂੰ ਤੁਹਾਡੇ ਵੈਰੀਆਂ ਦੇ ਹੱਥੋਂ ਜੋ ਤੁਹਾਡੇ ਚੁਫੇਰੇ ਸਨ, ਛੁਟਕਾਰਾ ਦਿੱਤਾ ਅਤੇ ਤੁਸੀਂ ਸੁੱਖ ਨਾਲ ਵੱਸ ਗਏ । 12ਜਦ ਤੁਸੀਂ ਦੇਖਿਆ ਕਿ ਅੰਮੋਨੀਆਂ ਦੇ ਰਾਜਾ ਨਾਹਾਸ਼ ਨੇ ਤੁਹਾਡੇ ਉੱਤੇ ਹਮਲਾ ਕੀਤਾ ਤਾਂ ਤੁਸੀਂ ਮੈਨੂੰ ਆਖਿਆ ਕਿ ਹਾਂ, ਸਾਨੂੰ ਇੱਕ ਰਾਜੇ ਦੀ ਲੋੜ ਹੈ ਜੋ ਸਾਡੇ ਉਤੇ ਰਾਜ ਕਰੇ, ਜਦ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡਾ ਰਾਜਾ ਸੀ 13ਹੁਣ ਵੇਖੋ, ਇਹ ਤੁਹਾਡਾ ਰਾਜਾ ਹੈ ਜਿਸ ਨੂੰ ਤੁਸੀਂ ਚੁਣ ਲਿਆ ਅਤੇ ਜਿਸ ਨੂੰ ਤੁਸੀਂ ਮੰਗਿਆ ਅਤੇ ਵੇਖੋ, ਯਹੋਵਾਹ ਨੇ ਤੁਹਾਡੇ ਉੱਤੇ ਰਾਜਾ ਠਹਿਰਾ ਦਿੱਤਾ ਹੈ । 14ਜੇ ਯਹੋਵਾਹ ਕੋਲੋਂ ਡਰਦੇ ਰਹੋਗੇ, ਉਹ ਦੀ ਉਪਾਸਨਾ ਕਰੋਗੇ, ਉਹ ਦਾ ਬਚਨ ਮੰਨੋਗੇ ਅਤੇ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਨਾ ਕਰੋਗੇ ਤਾਂ ਤੁਸੀਂ ਅਤੇ ਜਿਹੜਾ ਰਾਜਾ ਤੁਹਾਡੇ ਉੱਤੇ ਰਾਜ ਕਰਦਾ ਹੈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਦੇ ਜਾਓਗੇ । 15ਪਰ ਜੇ ਤੁਸੀਂ ਯਹੋਵਾਹ ਦਾ ਬਚਨ ਨਾ ਮੰਨੋਗੇ ਅਤੇ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਰੋਗੇ ਤਾਂ ਯਹੋਵਾਹ ਦਾ ਹੱਥ ਤੁਹਾਡੇ ਵਿਰੁੱਧ ਹੋਵੇਗਾ ਜਿਸ ਤਰ੍ਹਾਂ ਤੁਹਾਡੇ ਪੁਰਖਿਆਂ ਦੇ ਵਿਰੁੱਧ ਹੁੰਦਾ ਸੀ । 16ਸੋ ਹੁਣ ਤੁਸੀਂ ਖੜ੍ਹੇ ਹੋ ਜਾਓ ਅਤੇ ਇਹ ਵੱਡੀ ਗੱਲ ਜੋ ਯਹੋਵਾਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਰੇਗਾ ਵੇਖੋ । 17ਕੀ, ਅੱਜ ਕਣਕ ਵੱਢਣ ਦਾ ਸਮਾਂ ਨਹੀਂ ? ਮੈਂ ਯਹੋਵਾਹ ਨੂੰ ਪੁਕਾਰਾਂਗਾ ਜੋ ਬੱਦਲਾਂ ਨੂੰ ਗਰਜਾਵੇ ਅਤੇ ਮੀਂਹ ਘੱਲੇ ਇਸ ਕਰਕੇ ਜੋ ਤੁਸੀਂ ਜਾਣੋ ਅਤੇ ਵੇਖੋ, ਜੋ ਯਹੋਵਾਹ ਕੋਲੋਂ ਰਾਜਾ ਮੰਗਣ ਦਾ ਇੱਕ ਵੱਡਾ ਪਾਪ ਕੀਤਾ ਹੈ । 18ਇਸ ਤੋਂ ਬਾਅਦ ਸਮੂਏਲ ਨੇ ਯਹੋਵਾਹ ਨੂੰ ਪੁਕਾਰਿਆ ਅਤੇ ਉਸੇ ਵੇਲੇ ਗਰਜਣ ਹੋਈ ਅਤੇ ਯਹੋਵਾਹ ਨੇ ਮੀਂਹ ਭੇਜਿਆ । ਤਦ ਸਭ ਲੋਕ ਯਹੋਵਾਹ ਕੋਲੋਂ ਅਤੇ ਸਮੂਏਲ ਕੋਲੋਂ ਬਹੁਤ ਡਰ ਗਏ ।

19ਤਦ ਸਾਰੇ ਲੋਕਾਂ ਨੇ ਸਮੂਏਲ ਨੂੰ ਆਖਿਆ, ਆਪਣੇ ਦਾਸਾਂ ਦੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਬੇਨਤੀ ਕਰ ਜੋ ਅਸੀਂ ਮਰ ਨਾ ਜਾਈਏ ਕਿਉਂ ਜੋ ਅਸੀਂ ਆਪਣੇ ਸਾਰੇ ਪਾਪਾਂ ਨਾਲੋਂ ਵੱਧ ਇਹ ਬੁਰਿਆਈ ਕੀਤੀ ਹੈ ਜੋ ਆਪਣੇ ਲਈ ਇੱਕ ਰਾਜਾ ਮੰਗਿਆ ! 20ਤਦ ਸਮੂਏਲ ਨੇ ਲੋਕਾਂ ਨੂੰ ਆਖਿਆ, ਡਰੋ ਨਹੀ ! ਇਹ ਸਭ ਬੁਰਿਆਈ ਤਾਂ ਤੁਸੀਂ ਕੀਤੀ ਹੈ ਪਰ ਯਹੋਵਾਹ ਦੇ ਮਗਰ ਚੱਲਣ ਤੋਂ ਫਿਰ ਪਿੱਛੇ ਨਾ ਮੁੜਿਓ, ਸਗੋਂ ਆਪਣੇ ਮਨਾਂ ਨਾਲ ਯਹੋਵਾਹ ਦੀ ਉਪਾਸਨਾ ਕਰੋ । 21ਅਤੇ ਤੁਸੀਂ ਵਿਅਰਥ ਗੱਲਾਂ ਦੇ ਮਗਰ ਲੱਗ ਕੇ ਪਿੱਛੇ ਨਾ ਹਟੋ, ਜਿਸ ਦੇ ਵਿੱਚੋਂ ਕੁਝ ਲਾਭ ਜਾਂ ਛੁਟਕਾਰਾ ਨਹੀਂ ਹੁੰਦਾ, ਉਹ ਸਭ ਵਿਅਰਥ ਹੈ, 22ਕਿਉਂ ਜੋ ਯਹੋਵਾਹ ਆਪਣੇ ਵੱਡੇ ਨਾਮ ਦੇ ਕਾਰਨ ਆਪਣੀ ਪਰਜਾ ਦਾ ਤਿਆਗ ਨਾ ਕਰੇਗਾ ਇਸ ਲਈ ਜੋ ਯਹੋਵਾਹ ਨੇ ਆਪਣੀ ਹੀ ਮਰਜ਼ੀ ਨਾਲ ਤੁਹਾਨੂੰ ਆਪਣੀ ਪਰਜਾ ਬਣਾਇਆ ਹੈ । 23ਅਤੇ ਮੇਰੇ ਤੋਂ ਅਜਿਹਾ ਨਾ ਹੋਵੇ ਜੋ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਛੱਡ ਕੇ ਯਹੋਵਾਹ ਦੇ ਵਿਰੁੱਧ ਪਾਪ ਕਰਾਂ । ਸਗੋਂ ਮੈਂ ਤੁਹਾਨੂੰ ਉਹ ਰਾਹ ਦੱਸਦਾ ਰਹਾਂਗਾ ਜੋ ਭਲਾ ਅਤੇ ਸਿੱਧਾ ਹੈ । 24ਤੁਸੀਂ ਸਿਰਫ਼ ਇਹ ਕਰੋ ਕਿ ਯਹੋਵਾਹ ਦਾ ਡਰ ਮੰਨੋ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਸੱਚੀ ਉਪਾਸਨਾ ਕਰੋ । ਧਿਆਨ ਕਰੋ ਜੋ ਤੁਹਾਡੇ ਲਈ ਉਸ ਨੇ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ । 25ਪਰ ਜੇ ਕਦੀ ਤੁਸੀਂ ਅੱਗੇ ਨੂੰ ਵੀ ਬੁਰਿਆਈ ਕਰੋਗੇ ਤਾਂ ਤੁਸੀਂ ਅਤੇ ਤੁਹਾਡਾ ਰਾਜਾ ਦੋਵੇਂ ਮਿਟਾਏ ਜਾਓਗੇ !

13

ਫਲਿਸਤੀਆਂ ਦੇ ਵਿਰੁੱਧ ਯੁੱਧ

1ਸ਼ਾਊਲ ਤੀਹ ਸਾਲ ਦਾ ਸੀ ਜਦ ਉਹ ਰਾਜ ਕਰਨ ਲੱਗਾ, ਅਤੇ ਉਸ ਨੇ ਇਸਰਾਏਲ ਉੱਤੇ ਦੋ ਸਾਲ ਰਾਜ ਕੀਤਾ ।

2ਤਦ ਸ਼ਾਊਲ ਨੇ ਇਸਰਾਏਲ ਦੇ ਤਿੰਨ ਹਜ਼ਾਰ ਮਨੁੱਖਾਂ ਨੂੰ ਆਪਣੇ ਲਈ ਚੁਣ ਲਿਆ, ਦੋ ਹਜ਼ਾਰ ਮਿਕਮਾਸ਼ ਵਿੱਚ, ਬੈਤੇਲ ਦੇ ਪਹਾੜ ਵਿੱਚ ਸ਼ਾਊਲ ਦੇ ਨਾਲ ਰਹੇ ਅਤੇ ਇੱਕ ਹਜ਼ਾਰ ਬਿਨਯਾਮੀਨ ਦੇ ਗਿਬਆਹ ਵਿੱਚ ਯੋਨਾਥਾਨ ਦੇ ਨਾਲ ਰਹੇ । ਉਸ ਨੇ ਬਾਕੀ ਸਭਨਾਂ ਨੂੰ ਆਪੋ ਆਪਣੇ ਡੇਰੇ ਵੱਲ ਵਿਦਾ ਕੀਤਾ । 3ਯੋਨਾਥਾਨ ਨੇ ਫ਼ਲਿਸਤੀਆਂ ਦੀ ਚੌਂਕੀ ਦੇ ਸਿਪਾਹੀਆਂ ਨੂੰ ਜੋ ਗਿਬਆਹ ਵਿੱਚ ਸਨ ਮਾਰਿਆ, ਇਹ ਗੱਲ ਜਦੋਂ ਫ਼ਲਿਸਤੀਆਂ ਨੇ ਸੁਣੀ ਅਤੇ ਸ਼ਾਊਲ ਨੇ ਤੁਰ੍ਹੀ ਦੀ ਆਵਾਜ਼ ਨਾਲ ਸਾਰੇ ਦੇਸ ਵਿੱਚ ਮੁਨਾਦੀ ਸੁਣਾਈ, ਜੋ ਇਬਰਾਨੀ ਸੁਣ ਲੈਣ ! 4ਅਤੇ ਇਹ ਗੱਲ ਸਾਰੇ ਇਸਰਾਏਲ ਨੇ ਸੁਣੀ ਜੋ ਸ਼ਾਊਲ ਨੇ ਫ਼ਲਿਸਤੀਆਂ ਦੀ ਇੱਕ ਚੌਂਕੀ ਦੇ ਸਿਪਾਹੀ ਮਾਰ ਸੁੱਟੇ ਅਤੇ ਜੋ ਫ਼ਲਿਸਤੀਆਂ ਦੀ ਨਜ਼ਰ ਵਿੱਚ ਇਸਰਾਏਲੀ ਵੀ ਘਿਣਾਉਣੇ ਹੋ ਗਏ ਅਤੇ ਸ਼ਾਊਲ ਕੋਲ ਗਿਲਗਾਲ ਵਿੱਚ ਇਕੱਠੇ ਹੋਏ ।

5ਫ਼ਲਿਸਤੀ ਵੀ ਇਸਰਾਏਲ ਨਾਲ ਲੜ੍ਹਾਈ ਕਰਨ ਲਈ ਇਕੱਠੇ ਹੋਏ । ਉਨ੍ਹਾਂ ਕੋਲ ਤੀਹ ਹਜ਼ਾਰ ਰੱਥ ਅਤੇ ਛੇ ਹਜ਼ਾਰ ਸਵਾਰ ਸਨ ਅਤੇ ਸਮੁੰਦਰ ਦੀ ਰੇਤ ਦੀ ਤਰ੍ਹਾਂ ਬਹੁਤੇ ਲੋਕ ਸਨ । ਸੋ ਉਹਨਾਂ ਚੜ੍ਹਾਈ ਕੀਤੀ ਅਤੇ ਬੈਤ-ਆਵਨ ਦੇ ਪੂਰਬ ਵੱਲ ਮਿਕਮਾਸ਼ ਵਿੱਚ ਡੇਰੇ ਲਾਏ । 6ਜਦ ਇਸਰਾਏਲੀਆਂ ਨੇ ਦੇਖਿਆ ਜੋ ਅਸੀਂ ਮੁਸ਼ਕਿਲ ਵਿੱਚ ਹਾਂ ਇਸ ਲਈ ਉਹ ਲੋਕ ਗੁਫਾਵਾਂ, ਝਾੜੀਆਂ, ਚੱਟਾਨਾਂ, ਗੜ੍ਹਾਂ ਅਤੇ ਟੋਇਆਂ ਵਿੱਚ ਜਾ ਲੁੱਕੇ । 7ਕਈ ਇਬਰਾਨੀ ਯਰਦਨੋਂ ਪਾਰ ਗਾਦ ਅਤੇ ਗਿਲਆਦ ਦੇ ਦੇਸ ਨੂੰ ਚੱਲੇ ਗਏ, ਪਰ ਸ਼ਾਊਲ ਗਿਲਗਾਲ ਵਿੱਚ ਹੀ ਰਿਹਾ, ਅਤੇ ਉਹ ਸਭ ਲੋਕ ਕੰਬਦੇ ਹੋਏ ਉਹਨਾਂ ਦੇ ਪਿੱਛੇ ਚੱਲ ਪਏ ।

8ਉਹ ਉੱਥੇ ਸਮੂਏਲ ਦੇ ਠਹਿਰਾਏ ਹੋਏ ਸਮੇਂ ਦੇ ਅਨੁਸਾਰ, ਸੱਤਾਂ ਦਿਨਾਂ ਤੱਕ ਉਡੀਕ ਕਰਦਾ ਰਿਹਾ, ਪਰ ਸਮੂਏਲ ਗਿਲਗਲ ਵਿੱਚ ਨਾ ਆਇਆ ਅਤੇ ਸਾਰੇ ਲੋਕ ਉਹ ਦੇ ਕੋਲੋਂ ਇੱਧਰ-ਉੱਧਰ ਹੋ ਗਏ । 9ਤਦ ਸ਼ਾਊਲ ਨੇ ਆਖਿਆ, ਹੋਮ ਦੀ ਬਲੀ ਅਤੇ ਸੁੱਖ-ਸਾਂਦ ਦੀ ਭੇਟ ਮੇਰੇ ਕੋਲ ਲੈ ਆਓ ਅਤੇ ਉਸ ਨੇ ਹੋਮ ਦੀ ਬਲੀ ਚੜ੍ਹਾਈ । 10ਅਤੇ ਜਿਸ ਵੇਲੇ ਉਹ ਹੋਮ ਦੀ ਬਲੀ ਚੜ੍ਹਾ ਚੁੱਕਾ ਤਾਂ ਵੇਖੋ, ਸਮੂਏਲ ਵੀ ਪਹੁੰਚ ਗਿਆ ਅਤੇ ਸ਼ਾਊਲ ਉਸ ਨੂੰ ਮਿਲਣ ਲਈ ਉਸ ਦੀ ਸੁੱਖ-ਸਾਂਦ ਪੁੱਛਣ ਨਿੱਕਲਿਆ । 11ਸਮੂਏਲ ਨੇ ਪੁੱਛਿਆ, ਤੂੰ ਕੀ ਕੀਤਾ ? ਸ਼ਾਊਲ ਬੋਲਿਆ, ਮੈਂ ਜਦੋਂ ਵੇਖਿਆ ਕਿ ਲੋਕ ਮੇਰੇ ਕੋਲੋਂ ਇੱਧਰ-ਉੱਧਰ ਹੋ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇੱਕਠੇ ਹੋਏ । 12ਤਦ ਮੈਂ ਆਖਿਆ ਜੋ ਫ਼ਲਿਸਤੀ ਮੇਰੇ ਉੱਤੇ ਗਿਲਗਾਲ ਵਿੱਚ ਹਮਲਾ ਕਰਨਗੇ ਅਤੇ ਮੈਂ ਹੁਣ ਤੱਕ ਯਹੋਵਾਹ ਦੀ ਕਿਰਪਾ ਦੀ ਬੇਨਤੀ ਨਹੀਂ ਕੀਤੀ ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਹੋਮ ਦੀ ਬਲੀ ਚੜ੍ਹਾਈ । 13ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੂਰਖਤਾਈ ਕੀਤੀ ਹੈ ਕਿਉਂ ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ ਜੋ ਉਸ ਨੇ ਤੈਨੂੰ ਦਿੱਤੀ ਸੀ, ਨਹੀਂ ਤਾਂ ਯਹੋਵਾਹ ਹੁਣ ਤੋਂ ਸਦੀਪਕ ਕਾਲ ਤੱਕ ਤੇਰਾ ਰਾਜ ਇਸਰਾਏਲ ਵਿੱਚ ਠਹਿਰਾ ਦਿੰਦਾ । 14ਹੁਣ ਤੇਰਾ ਰਾਜ ਕਾਇਮ ਨਾ ਰਹੇਗਾ ਕਿਉਂ ਜੋ ਯਹੋਵਾਹ ਨੇ ਇੱਕ ਆਪਣੇ ਮਨ ਦੇ ਅਨੁਸਾਰ ਮਨੁੱਖ ਨੂੰ ਲੱਭ ਲਿਆ ਅਤੇ ਯਹੋਵਾਹ ਨੇ ਆਪਣੇ ਲੋਕਾਂ ਦਾ ਪਰਧਾਨ ਬਣਨ ਲਈ ਉਹ ਨੂੰ ਆਗਿਆ ਕੀਤੀ ਕਿਉਂ ਜੋ ਤੂੰ ਯਹੋਵਾਹ ਦੀ ਆਗਿਆ ਨੂੰ ਨਹੀਂ ਮੰਨਿਆ, ਜੋ ਉਸ ਨੇ ਤੈਨੂੰ ਦਿੱਤੀ ਸੀ ।

15ਸਮੂਏਲ ਉੱਠਿਆ ਅਤੇ ਗਿਲਗਾਲ ਤੋਂ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਗਿਆ । ਤਦ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਗਿਣਿਆ ਜੋ ਉਹ ਦੇ ਕੋਲ ਸਨ, ਅਤੇ ਉਹ ਮਨੁੱਖ ਲਗਭਗ ਛੇ ਸੌ ਸਨ । 16ਅਤੇ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਅਤੇ ਉਨ੍ਹਾਂ ਦੇ ਨਾਲ ਦੇ ਲੋਕ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਡੇਰੇ ਲਾਈ ਬੈਠੇ ਸਨ । 17ਫ਼ਲਿਸਤੀਆਂ ਦੇ ਦਲ ਤੋਂ ਲੁਟੇਰੇ ਤਿੰਨ ਟੋਲੀਆਂ ਬਣਾ ਕੇ ਨਿੱਕਲੇ । ਇੱਕ ਟੋਲੀ ਸ਼ੂਆਲ ਦੇ ਦੇਸ ਨੂੰ ਓਫਰਾਹ ਦੇ ਰਾਹ ਵੱਲ ਗਈ । 18ਦੂਜੀ ਟੋਲੀ ਬੈਤ-ਹੋਰੋਨ ਦੇ ਰਾਹ ਆਈ ਅਤੇ ਤੀਜੀ ਟੋਲੀ ਉਸ ਬੰਨੇ ਦੇ ਰਾਹ ਤੁਰੀ ਜਿਹੜਾ ਸਬੋਈਮ ਦੀ ਖੱਡ ਦੇ ਉੱਤੇ ਉਜਾੜ ਦੇ ਪਾਸੇ ਸੀ ।

19ਉਸ ਵੇਲੇ ਇਸਰਾਏਲ ਦੇ ਸਾਰੇ ਦੇਸ ਵਿੱਚ ਇੱਕ ਲੁਹਾਰ ਵੀ ਨਹੀਂ ਮਿਲਦਾ ਸੀ, ਕਿਉਂ ਜੋ ਫ਼ਲਿਸਤੀਆਂ ਨੇ ਆਖਿਆ ਸੀ, ਅਜਿਹਾ ਨਾ ਹੋਵੇ ਜੋ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਣਾਉਣ, 20ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਦੇ ਕੋਲ ਸੱਭੇ ਆਪੋ ਆਪਣੇ ਹਲ ਫਾਲੇ ਅਤੇ ਆਪਣੀ ਕਹੀ ਅਤੇ ਆਪਣਾ ਕੁਹਾੜਾ ਅਤੇ ਆਪਣੀ ਦਾਤੀ ਤਿੱਖੇ ਕਰਾਉਣ ਲਈ ਜਾਂਦੇ ਸਨ । 21ਪਰ ਦਾਤੀਆਂ, ਹੱਲ੍ਹ ਫਾਲਾਂ, ਤ੍ਰਿਸ਼ੂਲ ਅਤੇ ਕੁਹਾੜਿਆਂ ਦੇ ਲਈ ਅਤੇ ਆਰਾਂ ਨੂੰ ਤਿੱਖਿਆਂ ਕਰਨ ਲਈ ਉਨ੍ਹਾਂ ਕੋਲ ਰੇਤੀਆਂ ਸਨ । 22ਇਸ ਲਈ ਅਜਿਹਾ ਹੋਇਆ ਜੋ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ, ਕਿਸੇ ਦੇ ਹੱਥ ਵਿੱਚ ਇੱਕ ਤਲਵਾਰ ਅਤੇ ਇੱਕ ਬਰਛੀ ਵੀ ਨਹੀਂ ਸੀ, ਪਰ ਉਹ ਸ਼ਾਊਲ ਅਤੇ ਉਹ ਦੇ ਪੁੱਤਰ ਯੋਨਾਥਾਨ ਦੇ ਕੋਲ ਸਨ । 23ਤਦ ਫ਼ਲਿਸਤੀਆਂ ਦੀ ਚੋਂਕੀ ਦੇ ਸਿਪਾਹੀ ਮਿਕਮਾਸ਼ ਦੀ ਘਾਟੀ ਤੱਕ ਪਹੁੰਚ ਗਏ ।

14

ਯੋਨਾਥਾਨ ਦੀ ਜਿੱਤ

1ਇੱਕ ਦਿਨ ਸ਼ਾਊਲ ਦੇ ਪੁੱਤਰ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸ਼ਤ੍ਰ ਚੁੱਕਦਾ ਸੀ ਆਖਿਆ, ਆਓ, ਅਸੀਂ ਫ਼ਲਿਸਤੀਆਂ ਦੀ ਚੌਂਕੀ ਵੱਲ ਚੱਲੀਏ, ਪਰ ਉਸ ਨੇ ਆਪਣੇ ਪਿਤਾ ਨੂੰ ਨਾ ਦੱਸਿਆ । 2ਸ਼ਾਊਲ ਗਿਬਆਹ ਦੇ ਰਾਹ ਵਿੱਚ ਇੱਕ ਅਨਾਰ ਦੇ ਬਿਰਛ ਹੇਠ ਰੁਕਿਆ, ਜੋ ਮਿਗਰੋਨ ਵਿੱਚ ਸੀ ਅਤੇ ਲਗਭਗ ਛੇ ਸੌ ਮਨੁੱਖ ਉਸ ਦੇ ਨਾਲ ਸਨ । 3ਆਹੀਯਾਹ ਅਹੀਟੂਬ ਦਾ ਪੁੱਤਰ ਜੋ ਈਕਾਬੋਦ ਦਾ ਭਰਾ ਸੀ, ਫ਼ੀਨਹਾਸ ਦਾ ਪੋਤ੍ਰਾ ਅਤੇ ਏਲੀ ਦਾ ਪੜਪੋਤ੍ਰਾ ਸੀ, ਸ਼ੀਲੋਹ ਵਿੱਚ ਏਫ਼ੋਦ ਪਹਿਨੇ ਹੋਏ ਯਹੋਵਾਹ ਦਾ ਜਾਜਕ ਸੀ ਅਤੇ ਲੋਕਾਂ ਨੂੰ ਖ਼ਬਰ ਨਾ ਹੋਈ ਜੋ ਯੋਨਾਥਾਨ ਚਲਿਆ ਗਿਆ ਹੈ । 4ਉਸ ਦਰੇ ਵਿੱਚ, ਜਿੱਥੋਂ ਯੋਨਾਥਾਨ ਚਾਹੁੰਦਾ ਸੀ ਜੋ ਫ਼ਲਿਸਤੀਆਂ ਦੀ ਚੌਂਕੀ ਉੱਤੇ ਜਾ ਪਈਏ, ਇੱਕ ਪਾਸੇ ਵੱਡਾ ਤਿੱਖਾ ਪਹਾੜ ਸੀ ਅਤੇ ਦੂਏ ਪਾਸੇ ਵੀ ਇੱਕ ਵੱਡਾ ਤਿੱਖਾ ਪਹਾੜ ਸੀ । ਇੱਕ ਦਾ ਨਾਮ ਬੋਸੇਸ ਅਤੇ ਦੂਜੇ ਦਾ ਨਾਮ ਸਨਹ ਸੀ । 5ਇੱਕ ਪਹਾੜ ਦਾ ਮੂੰਹ ਮਿਕਮਾਸ਼ ਦੇ ਉੱਤਰ ਵੱਲ ਸੀ ਅਤੇ ਦੂਜਾ ਦੱਖਣ ਵੱਲ ਗਾਬਾ ਦੇ ਸਾਹਮਣੇ ਸੀ ।

6ਤਦ ਯੋਨਾਥਾਨ ਨੇ ਉਸ ਜੁਆਨ ਨੂੰ ਜੋ ਉਹ ਦੇ ਸ਼ਸਤਰ ਚੁੱਕਦਾ ਸੀ ਆਖਿਆ, ਚੱਲ ਅਸੀਂ ਉੱਥੇ ਉਨ੍ਹਾਂ ਅਸੁੰਨਤੀਆਂ ਦੀ ਚੌਂਕੀ ਵੱਲ ਚੱਲੀਏ, ਕੀ ਜਾਣੀਏ ਜੋ ਯਹੋਵਾਹ ਸਾਡੀ ਮਦਦ ਕਰੇ ਕਿਉਂ ਜੋ ਯਹੋਵਾਹ ਲਈ ਕੁਝ ਔਖਾ ਨਹੀਂ ਜੋ ਬਹੁਤਿਆਂ ਨਾਲ ਜਾਂ ਥੋੜ੍ਹੇ ਲੋਕਾਂ ਦੇ ਰਾਹੀਂ ਛੁਟਕਾਰਾ ਦੇਵੇ । 7ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਉਸ ਨੂੰ ਆਖਿਆ, ਜੋ ਤੁਹਾਡੇ ਮਨ ਵਿੱਚ ਹੈ ਸੋ ਕਰੋ; ਤੁਰੋ ਅਤੇ ਵੇਖੋ, ਮੈਂ ਤਾਂ ਤੁਹਾਡੀ ਮਰਜ਼ੀ ਦੇ ਅਨੁਸਾਰ ਤੁਹਾਡੇ ਨਾਲ ਹੀ ਹਾਂ । 8ਤਦ ਯੋਨਾਥਾਨ ਬੋਲਿਆ, ਵੇਖ, ਅਸੀਂ ਉਨ੍ਹਾਂ ਲੋਕਾਂ ਕੋਲ ਪਾਰ ਲੰਘ ਕੇ ਉਨ੍ਹਾਂ ਕੋਲ ਆਪਣੇ ਆਪ ਨੂੰ ਪ੍ਰਗਟ ਕਰਾਂਗੇ । 9ਜੇ ਉਹ ਸਾਨੂੰ ਇਹ ਆਖਣ, ਜਦ ਤੱਕ ਅਸੀਂ ਤੁਹਾਡੇ ਕੋਲ ਨਾ ਆਈਏ ਠਹਿਰ ਜਾਓ ਤਾਂ ਅਸੀਂ ਆਪਣੇ ਥਾਂ ਖੜ੍ਹੇ ਰਹਾਂਗੇ ਅਤੇ ਉਨ੍ਹਾਂ ਉੱਤੇ ਚੜਾਈ ਨਾ ਕਰਾਂਗੇ । 10ਪਰ ਜੇ ਉਹ ਐਉਂ ਆਖਣ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਚੜ੍ਹਾਂਗੇ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਸਾਡੇ ਹੱਥ ਸੌਂਪ ਦਿੱਤਾ ਹੈ ਅਤੇ ਇਹ ਸਾਡੇ ਲਈ ਇੱਕ ਨਿਸ਼ਾਨੀ ਹੋਵੇਗੀ । 11ਤਦ ਉਹਨਾਂ ਦੋਹਾਂ ਨੇ ਫ਼ਲਿਸਤੀਆਂ ਦੀ ਚੌਂਕੀ ਅੱਗੇ ਆਪਣੇ ਆਪ ਨੂੰ ਪਰਗਟ ਕੀਤਾ ਅਤੇ ਫ਼ਲਿਸਤੀ ਬੋਲੇ, ਵੇਖੋ, ਇਬਰਾਨੀ ਉਨ੍ਹਾਂ ਖੁੱਡਾਂ ਵਿੱਚੋਂ ਨਿੱਕਲੇ ਆਉਂਦੇ ਹਨ ਜਿੱਥੇ ਉਹ ਲੁੱਕੇ ਸਨ । 12ਤਦ ਚੌਂਕੀ ਦੇ ਮਨੁੱਖਾਂ ਨੇ ਯੋਨਾਥਾਨ ਅਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਸਾਡੇ ਕੋਲ ਚੜ੍ਹ ਆਓ ਤਾਂ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ । ਸੋ ਯੋਨਾਥਾਨ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਹੁਣ ਮੇਰੇ ਮਗਰ ਚੜ੍ਹ ਆ ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਵੱਸ ਪਾ ਦਿੱਤਾ ਹੈ । 13ਅਤੇ ਯੋਨਾਥਾਨ ਆਪਣੇ ਹੱਥਾਂ ਅਤੇ ਪੈਰਾਂ ਦੇ ਭਾਰ ਚੜ੍ਹ ਗਿਆ, ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਉਹ ਦੇ ਮਗਰ ਹੋਇਆ ਅਤੇ ਉਹ ਯੋਨਾਥਾਨ ਦੇ ਅੱਗੇ ਡਿੱਗਦੇ ਜਾਂਦੇ ਸਨ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਵੀ ਉਹ ਦੇ ਮਗਰ ਮਗਰ ਮਾਰੀ ਜਾਂਦਾ ਸੀ । 14ਸੋ ਇਹ ਪਹਿਲੀ ਮਾਰ ਜੋ ਯੋਨਾਥਾਨ ਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਵੀਹਕੁ ਮਨੁੱਖਾਂ ਦੀ ਸੀ ਅਤੇ ਅੱਧੀ ਕੁ ਬਿਘਾ ਪੈਲੀ ਵਿੱਚ ਹੋਈ । 15ਤਦ ਡੇਰੇ ਅਤੇ ਮੈਦਾਨ ਅਤੇ ਸਾਰਿਆਂ ਲੋਕਾਂ ਵਿੱਚ ਕੰਬਣੀ ਛਿੜ ਪਈ ਅਤੇ ਉਹ ਚੌਂਕੀ ਵਾਲੇ ਅਤੇ ਲੁਟੇਰੇ ਵੀ ਕੰਬੇ ਅਤੇ ਧਰਤੀ ਵਿੱਚ ਭੂਚਾਲ ਆਇਆ ਅਤੇ ਇਹ ਜਾਣੋ ਪਰਮੇਸ਼ੁਰ ਵੱਲੋਂ ਕੰਬਣੀ ਸੀ ।

ਫਲਿਸਤੀਆਂ ਦੀ ਹਾਰ

16ਸ਼ਾਊਲ ਦੇ ਪਹਿਰੇਦਾਰਾਂ ਨੇ ਜੋ ਬਿਨਯਾਮੀਨ ਦੇ ਗਿਬਆਹ ਵਿੱਚ ਸਨ ਵੇਖਿਆ ਕਿ ਉਹ ਭੀੜ ਘੱਟਦੀ ਜਾਂਦੀ ਹੈ ਅਤੇ ਉਹ ਇੱਧਰ-ਉੱਧਰ ਤੁਰੇ ਜਾਂਦੇ ਸਨ । 17ਤਦ ਸ਼ਾਊਲ ਨੇ ਆਪਣੇ ਨਾਲ ਦੇ ਲੋਕਾਂ ਨੂੰ ਆਖਿਆ, ਗਿਣਤੀ ਕਰਕੇ ਵੇਖੋ ਜੋ ਸਾਡੇ ਵਿੱਚੋਂ ਕੌਣ ਗਿਆ ਹੈ । ਜਦ ਉਨ੍ਹਾਂ ਗਿਣਿਆ ਤਾਂ ਵੇਖੋ, ਯੋਨਾਥਾਨ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਨਾ ਲੱਭਾ । 18ਉਸ ਵੇਲੇ ਸ਼ਾਊਲ ਨੇ ਅਹੀਯਾਹ ਨੂੰ ਆਖਿਆ, ਪਰਮੇਸ਼ੁਰ ਦਾ ਸੰਦੂਕ ਇੱਥੇ ਲੈ ਆਓ । ਉਸ ਸਮੇਂ ਪਰਮੇਸ਼ੁਰ ਦਾ ਸੰਦੂਕ ਇਸਰਾਏਲੀਆਂ ਦੇ ਵਿਚਕਾਰ ਸੀ । 19ਜਿਸ ਵੇਲੇ ਸ਼ਾਊਲ ਜਾਜਕ ਦੇ ਨਾਲ ਗੱਲ ਕਰਦਾ ਸੀ ਤਾਂ ਫ਼ਲਿਸਤੀਆਂ ਦੇ ਡੇਰੇ ਵਿੱਚ ਜੋ ਰੌਲਾ ਪਿਆ ਸੋ ਵੱਧਦਾ ਜਾਂਦਾ ਸੀ ਅਤੇ ਸ਼ਾਊਲ ਨੇ ਜਾਜਕ ਨੂੰ ਆਖਿਆ, ਆਪਣਾ ਹੱਥ ਹਟਾ ਲੈ । 20ਤਦ ਸ਼ਾਊਲ ਅਤੇ ਸਾਰੇ ਲੋਕ ਜੋ ਉਹ ਦੇ ਨਾਲ ਸਨ ਇਕੱਠੇ ਹੋਏ ਅਤੇ ਲੜਾਈ ਨੂੰ ਆਏ ਅਤੇ ਵੇਖੋ, ਸਭ ਕਿਸੇ ਦੀ ਤਲਵਾਰ ਆਪਣੇ ਨਾਲ ਦੇ ਉੱਤੇ ਚੱਲੀ ਅਤੇ ਵੱਡੀ ਹੱਲ-ਚੱਲ ਪੈ ਗਈ । 21ਉਹ ਇਬਰਾਨੀ ਜੋ ਪਹਿਲਾਂ ਫ਼ਲਿਸਤੀਆਂ ਦੇ ਨਾਲ ਸਨ ਅਤੇ ਜੋ ਚੁਫੇਰਿਓਂ ਇਕੱਠੇ ਹੋ ਕੇ ਉਹ ਦੇ ਨਾਲ ਡੇਰੇ ਵਿੱਚ ਆਏ ਸਨ ਸੋ ਮੁੜ ਕੇ ਉਨ੍ਹਾਂ ਹੀ ਇਸਰਾਏਲੀਆਂ ਵਿੱਚ ਜੋ ਸ਼ਾਊਲ ਅਤੇ ਯੋਨਾਥਾਨ ਦੇ ਸੰਗ ਸਨ, ਰਲ ਗਏ । 22ਉਨ੍ਹਾਂ ਸਭਨਾਂ ਇਸਰਾਏਲੀ ਮਨੁੱਖਾਂ ਨੇ ਵੀ ਜੋ ਅਫ਼ਰਾਈਮ ਦੇ ਪਹਾੜ ਵਿੱਚ ਲੁਕ ਗਏ ਸਨ ਜਦ ਇਹ ਸੁਣਿਆ ਭਈ ਫ਼ਲਿਸਤੀ ਭੱਜ ਗਏ ਉਸੇ ਵੇਲੇ ਨਿੱਕਲ ਕੇ ਉਹਨਾਂ ਨੇ ਵੀ ਲੜਾਈ ਵਿੱਚ ਉਨ੍ਹਾਂ ਦਾ ਪਿੱਛਾ ਕੀਤਾ । 23ਸੋ ਯਹੋਵਾਹ ਨੇ ਉਸ ਦਿਨ ਇਸਰਾਏਲ ਨੂੰ ਛੁਟਕਾਰਾ ਦਿੱਤਾ ਅਤੇ ਲੜਾਈ ਬੈਤਆਵਨ ਦੇ ਦੂਏ ਪਾਸੇ ਤੱਕ ਪਹੁੰਚ ਗਈ ।

ਯੁੱਧ ਦੇ ਬਾਅਦ ਦੀਆਂ ਘਟਨਾਵਾਂ

24ਇਸਰਾਏਲੀ ਮਨੁੱਖ ਉਸ ਦਿਨ ਬਹੁਤ ਔਖੇ ਸਨ ਕਿਉਂ ਜੋ ਸ਼ਾਊਲ ਨੇ ਲੋਕਾਂ ਨੂੰ ਸਹੁੰ ਚੁਕਾ ਕੇ ਇਉਂ ਆਖਿਆ ਸੀ ਕਿ ਜਿਹੜਾ ਅੱਜ ਸ਼ਾਮਾਂ ਤੱਕ ਭੋਜਨ ਚੱਖੇ, ਉਹ ਦੇ ਉੱਤੇ ਸਰਾਪ ਹੋਵੇ ਇਸ ਕਾਰਨ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ ਸੋ ਉਹਨਾਂ ਲੋਕਾਂ ਵਿੱਚੋਂ ਕਿਸੇ ਨੇ ਭੋਜਨ ਨਾ ਚੱਖਿਆ ਸੀ । 25ਸਭ ਲੋਕ ਇੱਕ ਜੰਗਲ ਵਿੱਚ ਜਾ ਪੁੱਜੇ ਅਤੇ ਉੱਥੇ ਜ਼ਮੀਨ ਉੱਤੇ ਸ਼ਹਿਦ ਸੀ । 26ਜਿਸ ਵੇਲੇ ਇਹ ਲੋਕ ਉਸ ਜੰਗਲ ਵਿੱਚ ਅੱਪੜੇ ਤਾਂ ਵੇਖੋ, ਉੱਥੇ ਸ਼ਹਿਦ ਚੌਂਦਾ ਪਿਆ ਸੀ ਪਰ ਕੋਈ ਵੀ ਆਪਣੇ ਮੂੰਹ ਵੱਲ ਹੱਥ ਨਾ ਲੈ ਕੇ ਗਿਆ ਕਿਉਂ ਜੋ ਲੋਕ ਉਸ ਸਹੁੰ ਤੋਂ ਡਰੇ । 27ਪਰ ਜਿਸ ਵੇਲੇ ਉਹ ਦੇ ਪਿਤਾ ਨੇ ਲੋਕਾਂ ਕੋਲੋਂ ਸਹੁੰ ਚੁਕਾਈ ਸੀ ਉਸ ਵੇਲੇ ਯੋਨਾਥਾਨ ਨੇ ਨਹੀਂ ਸੁਣਿਆ ਸੀ ਅਤੇ ਉਹ ਨੇ ਆਪਣੀ ਸੋਟੀ ਦੇ ਸਿਰੇ ਨੂੰ ਸ਼ਹਿਦ ਦੇ ਛੱਤੇ ਦੇ ਵਿੱਚ ਵਾੜਿਆ ਅਤੇ ਹੱਥ ਮੂੰਹ ਵੱਲ ਕੀਤਾ ਅਤੇ ਉਹ ਦੀਆਂ ਅੱਖਾਂ ਵਿੱਚ ਰੋਸ਼ਨੀ ਆਈ । 28ਤਦ ਉਹਨਾਂ ਲੋਕਾਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਤੁਹਾਡੇ ਪਿਤਾ ਨੇ ਲੋਕਾਂ ਕੋਲੋਂ ਸਹੁੰ ਚੁਕਾ ਕੇ ਆਖਿਆ ਸੀ ਕਿ ਜਿਹੜਾ ਮਨੁੱਖ ਅੱਜ ਦੇ ਦਿਨ ਭੋਜਨ ਖਾਵੇ ਉਹ ਦੇ ਉੱਤੇ ਸਰਾਪ ਹੋਵੇ ਅਤੇ ਉਸ ਵੇਲੇ ਲੋਕ ਥੱਕੇ ਹੋਏ ਸਨ । 29ਯੋਨਾਥਾਨ ਬੋਲ੍ਹਿਆ, ਮੇਰੇ ਪਿਤਾ ਨੇ ਦੇਸ ਨੂੰ ਦੁੱਖ ਦਿੱਤਾ । ਵੇਖੋ, ਮੈਂ ਥੋੜਾ ਜਿਹਾ ਸ਼ਹਿਦ ਚੱਖਿਆ ਤਾਂ ਮੇਰੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ । 30ਜੇ ਕਦੀ ਸਾਰੇ ਲੋਕ ਵੈਰੀਆਂ ਦੀ ਲੁੱਟ ਵਿੱਚੋਂ ਜੋ ਉਹਨਾਂ ਨੇ ਪਾਈ ਸੀ ਰੱਜ ਕੇ ਖਾਂਦੇ ਤਾਂ ਕਿਨ੍ਹਾ ਵਧੇਰੇ ਚੰਗਾ ਹੁੰਦਾ । ਭਲਾ, ਅਜਿਹਾ ਨਹੀਂ ਹੁੰਦਾ ਜੋ ਇਸ ਵੇਲੇ ਫ਼ਲਿਸਤੀਆਂ ਦਾ ਇਸ ਨਾਲੋਂ ਵੀ ਹੋਰ ਵਧੇਰੇ ਨਾਸ਼ ਹੁੰਦਾ ?

31ਸੋ ਉਹਨਾਂ ਨੇ ਉਸ ਦਿਨ ਮਿਕਮਾਸ਼ ਤੋਂ ਲੈ ਕੇ ਅਯਾਲੋਨ ਤੱਕ ਫ਼ਲਿਸਤੀਆਂ ਨੂੰ ਮਾਰਿਆ ਸੋ ਲੋਕ ਬਹੁਤ ਥੱਕੇ ਪਏ ਸਨ । 32ਲੋਕ ਲੁੱਟ ਦੇ ਮਾਲ ਉੱਤੇ ਆਣ ਪਏ ਅਤੇ ਭੇਡਾਂ ਅਤੇ ਬਲ਼ਦਾਂ ਨੂੰ ਫੜ੍ਹ ਕੇ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਮੇਤ ਖਾ ਗਏ । 33ਜਦ ਸ਼ਾਊਲ ਨੂੰ ਖ਼ਬਰ ਹੋਈ ਜੋ ਵੇਖੋ, ਲੋਕ ਯਹੋਵਾਹ ਦਾ ਪਾਪ ਕਰਦੇ ਹਨ ਸੋ ਲਹੂ ਸਮੇਤ ਖਾਂਦੇ ਜਾਂਦੇ ਹਨ । ਉਹ ਬੋਲਿਆ, ਤੁਸੀਂ ਪਾਪ ਕੀਤਾ ਸੋ ਮੇਰੇ ਸਾਹਮਣੇ ਇੱਕ ਵੱਡਾ ਪੱਥਰ ਰੇੜ੍ਹ ਲਿਆਓ । 34ਫੇਰ ਸ਼ਾਊਲ ਨੇ ਆਖਿਆ, ਲੋਕਾਂ ਦੇ ਵਿੱਚ ਫੈਲ ਜਾਓ ਅਤੇ ਉਹਨਾਂ ਨੂੰ ਆਖੋ ਕਿ ਹਰ ਕੋਈ ਮਨੁੱਖ ਆਪੋ ਆਪਣੇ ਬਲ਼ਦ ਅਤੇ ਆਪੋ-ਆਪਣੀ ਭੇਡ ਮੇਰੇ ਕੋਲ ਲੈ ਆਵੇ ਅਤੇ ਐਥੇ ਵੱਢ ਕੇ ਖਾਵੇ ਪਰ ਲਹੂ ਸਮੇਤ ਖਾ ਕੇ ਯਹੋਵਾਹ ਦਾ ਪਾਪ ਨਾ ਕਰੇ । ਉਸ ਰਾਤ ਲੋਕਾਂ ਵਿੱਚੋਂ ਹਰੇਕ ਮਨੁੱਖ ਆਪੋ ਆਪਣੇ ਬਲ਼ਦ ਉੱਥੇ ਲੈ ਆਇਆ ਅਤੇ ਉੱਥੇ ਹੀ ਵੱਢਿਆ । 35ਅਤੇ ਸ਼ਾਊਲ ਨੇ ਯਹੋਵਾਹ ਦੇ ਲਈ ਇੱਕ ਜਗਵੇਦੀ ਬਣਾਈ । ਇਹ ਪਹਿਲੀ ਜਗਵੇਦੀ ਹੈ ਜੋ ਉਸ ਨੇ ਯਹੋਵਾਹ ਦੇ ਲਈ ਬਣਾਈ ।

36ਫੇਰ ਸ਼ਾਊਲ ਨੇ ਆਖਿਆ, ਆਓ ਰਾਤ ਨੂੰ ਫ਼ਲਿਸਤੀਆਂ ਦਾ ਪਿੱਛਾ ਕਰੀਏ ਅਤੇ ਸਵੇਰ ਹੋਣ ਤੱਕ ਉਨ੍ਹਾਂ ਨੂੰ ਲੁੱਟੀਏ ਅਤੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਨੂੰ ਵੀ ਨਾ ਛੱਡੀਏ ਅਤੇ ਉਹ ਬੋਲੇ, ਜੋ ਕੁਝ ਤੁਹਾਨੂੰ ਭਾਵੇ ਸੋ ਕਰੋ । ਤਦ ਜਾਜਕ ਬੋਲਿਆ, ਆਓ, ਪਰਮੇਸ਼ੁਰ ਦੇ ਨੇੜੇ ਹੋਈਏ । 37ਇਸ ਤੋਂ ਬਾਅਦ ਸ਼ਾਊਲ ਨੇ ਪਰਮੇਸ਼ੁਰ ਤੋਂ ਸਲਾਹ ਪੁੱਛੀ ਕੀ ਮੈਂ ਫ਼ਲਿਸਤੀਆਂ ਦਾ ਪਿੱਛਾ ਕਰਾਂ ? ਕੀ ਤੂੰ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਸੌਂਪੇਗਾ ? ਪਰ ਉਸ ਨੇ ਉਸ ਦਿਨ ਉਹ ਨੂੰ ਕੁਝ ਉੱਤਰ ਨਾ ਦਿੱਤਾ । 38ਤਦ ਸ਼ਾਊਲ ਨੇ ਆਖਿਆ, ਲੋਕਾਂ ਦੇ ਸਾਰੇ ਸਰਦਾਰ ਮੇਰੇ ਨੇੜੇ ਆਉਣ ਅਤੇ ਵੇਖਣ ਜੋ ਅੱਜ ਦੇ ਦਿਨ ਕਿਵੇਂ ਪਾਪ ਹੋਇਆ ਹੈ । 39ਕਿਉਂ ਜੋ ਜਿਉਂਦੇ ਯਹੋਵਾਹ ਦੀ ਸਹੁੰ ਜੋ ਇਸਰਾਏਲ ਦਾ ਛੁਟਕਾਰਾ ਕਰਦਾ ਹੈ ਜੇ ਮੇਰੇ ਪੁੱਤਰ ਯੋਨਾਥਾਨ ਤੋਂ ਵੀ ਹੋਵੇ ਤਾਂ ਉਹ ਜਰੂਰ ਮਾਰਿਆ ਜਾਵੇ ਅਤੇ ਸਾਰਿਆਂ ਲੋਕਾਂ ਵਿੱਚੋਂ ਕਿਸੇ ਮਨੁੱਖ ਨੇ ਉਸ ਦਾ ਉੱਤਰ ਨਾ ਦਿੱਤਾ 40ਤਦ ਉਸ ਨੇ ਸਾਰੇ ਇਸਰਾਏਲ ਨੂੰ ਆਖਿਆ, ਤੁਸੀਂ ਸਾਰੇ ਇੱਕ ਪਾਸੇ ਹੋਵੋ ਅਤੇ ਮੈਂ ਅਤੇ ਮੇਰਾ ਪੁੱਤਰ ਯੋਨਾਥਾਨ ਦੂਜੇ ਪਾਸੇ ਹੋਈਏ । ਤਦ ਲੋਕ ਸ਼ਾਊਲ ਨੂੰ ਬੋਲੇ, ਜੋ ਤੁਹਾਨੂੰ ਚੰਗਾ ਲੱਗੇ ਉਹੀ ਕਰੋ । 41ਸ਼ਾਊਲ ਨੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਆਖਿਆ, ਸੱਚੀ ਗੱਲ ਦੱਸ । ਤਦ ਸ਼ਾਊਲ ਅਤੇ ਯੋਨਾਥਾਨ ਫੜੇ ਗਏ, ਪਰ ਲੋਕ ਬਚ ਗਏ । 42ਤਦ ਸ਼ਾਊਲ ਨੇ ਆਖਿਆ ਮੇਰੇ ਅਤੇ ਮੇਰੇ ਪੁੱਤਰ ਯੋਨਾਥਾਨ ਦੇ ਨਾਮ ਉੱਤੇ ਪਰਚੀ ਪਾਓ । ਤਦ ਯੋਨਾਥਾਨ ਦੇ ਨਾਮ ਦੀ ਪਰਚੀ ਨਿਕਲੀ ।

43ਸ਼ਾਊਲ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਦੱਸ, ਤੂੰ ਕੀ ਕੀਤਾ ਹੈ ? ਯੋਨਾਥਾਨ ਨੇ ਉਸ ਨੂੰ ਦੱਸਿਆ ਅਤੇ ਆਖਿਆ, ਮੈਂ ਤਾਂ ਨਿਰੀ ਸੋਟੀ ਦੀ ਨੁਕਰ ਨਾਲ ਥੋੜਾ ਜਿਹਾ ਸ਼ਹਿਦ ਚੱਖਿਆ ਸੀ ਅਤੇ ਵੇਖੋ ਮੈਂ ਹੁਣ ਮਰ ਰਿਹਾ ਹਾਂ । 44ਸ਼ਾਊਲ ਨੇ ਆਖਿਆ, ਮੇਰਾ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਅਤੇ ਇਸ ਤੋਂ ਵੀ ਵੱਧ ਪਰ ਹੇ ਯੋਨਾਥਾਨ, ਤੈਨੂੰ ਜ਼ਰੂਰ ਮਰਨਾ ਪਵੇਗਾ । 45ਤਦ ਲੋਕਾਂ ਨੇ ਸ਼ਾਊਲ ਨੂੰ ਆਖਿਆ, ਕੀ ਯੋਨਾਥਾਨ ਮਰ ਜਾਉ ਜਿਸ ਨੇ ਇਸਰਾਏਲ ਦੇ ਲਈ ਅਜਿਹਾ ਵੱਡਾ ਛੁਟਕਾਰਾ ਕੀਤਾ ਹੈ ? ਪਰਮੇਸ਼ੁਰ ਨਾ ਕਰੇ ! ਜਿਉਂਦੇ ਪਰਮੇਸ਼ੁਰ ਦੀ ਸਹੁੰ, ਉਹ ਦਾ ਇੱਕ ਵਾਲ ਵੀ ਧਰਤੀ ਉੱਤੇ ਨਾ ਡਿੱਗੇਗਾ ਕਿਉਂ ਜੋ ਉਹ ਨੇ ਅੱਜ ਪਰਮੇਸ਼ੁਰ ਦੇ ਨਾਲ ਕੰਮ ਕੀਤਾ ਹੈ । ਸੋ ਲੋਕਾਂ ਨੇ ਯੋਨਾਥਾਨ ਨੂੰ ਬਚਾਇਆ ਜੋ ਉਹ ਮਾਰਿਆ ਨਾ ਗਿਆ । 46ਫੇਰ ਸ਼ਾਊਲ ਨੇ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਹਟ ਕੇ ਉਤਾਹਾਂ ਮੁੜ ਗਿਆ ਅਤੇ ਫ਼ਲਿਸਤੀ ਆਪਣੇ ਥਾਂ ਨੂੰ ਗਏ ।

ਸ਼ਾਊਲ ਦਾ ਰਾਜ ਅਤੇ ਉਸ ਦਾ ਪਰਿਵਾਰ

47ਸੋ ਸ਼ਾਊਲ ਨੇ ਇਸਰਾਏਲ ਦੇ ਉੱਤੇ ਰਾਜ ਕੀਤਾ ਅਤੇ ਆਪਣੇ ਵੈਰੀਆਂ ਨਾਲ ਚੁਫੇਰਿਓਂ ਮੋਆਬ ਦੇ ਅਤੇ ਅੰਮੋਨੀਆਂ ਦੇ ਨਾਲ ਅਤੇ ਅਦੋਮ ਦੇ ਅਤੇ ਸੋਬਾਹ ਦੇ ਰਾਜਿਆਂ ਨਾਲ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਜਿਸ ਪਾਸੇ ਉਹ ਮੂੰਹ ਕਰਦਾ ਸੀ ਉਸੇ ਪਾਸੇ ਉਹ ਉਨ੍ਹਾਂ ਨੂੰ ਦੁੱਖ ਦਿੰਦਾ ਸੀ । 48ਫੇਰ ਉਸ ਨੇ ਬਹਾਦਰੀ ਕਰ ਕੇ ਅਮਾਲੇਕੀਆਂ ਨੂੰ ਮਾਰਿਆ ਅਤੇ ਇਸਰਾਏਲੀਆਂ ਨੂੰ ਉਨ੍ਹਾਂ ਦੇ ਲੁਟੇਰਿਆਂ ਦੇ ਹੱਥੋਂ ਛੁਡਾਇਆ ।

49ਸ਼ਾਊਲ ਦੇ ਪੁੱਤਰਾਂ ਦੇ ਨਾਮ ਇਹ ਸਨ, ਯੋਨਾਥਾਨ, ਯਿਸ਼ਵੀ, ਮਾਲਕਿਸ਼ੂਆ ਅਤੇ ਉਹ ਦੀਆਂ ਦੋਹਾਂ ਧੀਆਂ ਦੇ ਨਾਮ ਇਹ ਸਨ, ਵੱਡੀ ਦਾ ਨਾਮ ਮੇਰਬ ਅਤੇ ਛੋਟੀ ਦਾ ਨਾਮ ਮੀਕਲ । 50ਅਤੇ ਸ਼ਾਊਲ ਦੀ ਪਤਨੀ ਦਾ ਨਾਮ ਆਹੀਨੋਆਮ ਸੀ ਜੋ ਅਹੀਮਅਸ ਦੀ ਧੀ ਸੀ ਅਤੇ ਉਹ ਦੇ ਸੈਨਾਪਤੀ ਦਾ ਨਾਮ ਅਬੀਨੇਰ ਸੀ ਜੋ ਸ਼ਾਊਲ ਦੇ ਚਾਚੇ ਨੇਰ ਦਾ ਪੁੱਤਰ ਸੀ । 51ਸ਼ਾਊਲ ਦੇ ਪਿਤਾ ਦਾ ਨਾਮ ਕੀਸ਼ ਸੀ ਅਤੇ ਅਬੀਨੇਰ ਦਾ ਪਿਤਾ ਨੇਰ ਅਬੀਏਲ ਦਾ ਪੁੱਤਰ ਸੀ ।

52ਸ਼ਾਊਲ ਦੀ ਸਾਰੀ ਉਮਰ ਫ਼ਲਿਸਤੀਆਂ ਨਾਲ ਡਾਢੀ ਲੜਾਈ ਹੁੰਦੀ ਰਹੀ ਅਤੇ ਜਦ ਸ਼ਾਊਲ ਕਿਸੇ ਮਨੁੱਖ ਜਾਂ ਸੂਰਬੀਰ ਮਨੁੱਖ ਨੂੰ ਦੇਖਦਾ ਸੀ ਤਾਂ ਉਹ ਨੂੰ ਆਪਣੇ ਕੋਲ ਰੱਖ ਲੈਂਦਾ ਸੀ ।

15

ਅਮਾਲੇਕੀਆਂ ਦੇ ਵਿਰੁੱਧ ਯੁੱਧ

1ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈਨੂੰ ਯਹੋਵਾਹ ਨੇ ਭੇਜਿਆ ਹੈ ਜੋ ਮੈਂ ਤੈਨੂੰ ਅਭਿਸ਼ੇਕ ਕਰਾਂ, ਇਸ ਕਰਕੇ ਜੋ ਤੂੰ ਉਹ ਦੀ ਪਰਜਾ ਇਸਰਾਏਲ ਦਾ ਰਾਜਾ ਬਣੇਂ ਸੋ ਹੁਣ ਯਹੋਵਾਹ ਦਾ ਬਚਨ ਸੁਣ । 2ਸੈਨਾਵਾਂ ਦਾ ਯਹੋਵਾਹ ਇਉਂ ਆਖਦਾ ਹੈ, ਮੈਨੂੰ ਯਾਦ ਹੈ ਜੋ ਕੁਝ ਅਮਾਲੇਕ ਨੇ ਇਸਰਾਏਲ ਨਾਲ ਕੀਤਾ ਜਿਸ ਵੇਲੇ ਉਹ ਮਿਸਰੋਂ ਨਿੱਕਲ ਆਏ ਤਾਂ ਉਹ ਕਿਵੇਂ ਉਹਨਾਂ ਦੇ ਰਾਹ ਵਿੱਚ ਵਿਰੋਧੀ ਬਣ ਕੇ ਆਇਆ । 3ਸੋ ਹੁਣ ਤੂੰ ਜਾ ਅਤੇ ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ ਮੂਲੋਂ ਨਾਸ਼ ਕਰ ਅਤੇ ਉਨ੍ਹਾਂ ਉੱਤੇ ਤਰਸ ਨਾ ਖਾ ਸਗੋਂ ਪੁਰਸ਼ ਅਤੇ ਇਸਤ੍ਰੀ, ਗੋਦ ਦੇ ਬਾਲ ਅਤੇ ਦੁੱਧ ਚੁੰਘਦੇ ਵੀ ਅਤੇ ਬਲ਼ਦ ਭੇੜ ਅਤੇ ਊਠ, ਗਧੇ ਤੱਕ ਸਾਰਿਆਂ ਨੂੰ ਵੱਢ ਸੁੱਟ ।

4ਸੋ ਸ਼ਾਊਲ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਤਲਾਇਮ ਵਿੱਚ ਉਹਨਾਂ ਦੀ ਗਿਣਤੀ ਕੀਤੀ । ਉਹ ਦੋ ਲੱਖ ਸਿਪਾਹੀ ਅਤੇ ਯਹੂਦੀ ਮਨੁੱਖ ਦਸ ਹਜ਼ਾਰ ਸਨ । 5ਸ਼ਾਊਲ ਨੇ ਅਮਾਲੇਕ ਨਗਰ ਦੀ ਘਾਟੀ ਦੇ ਵਿੱਚ ਘਾਤ ਲਾ ਕੇ ਉਹਨਾਂ ਨੂੰ ਬੈਠਾਇਆ । 6ਸ਼ਾਊਲ ਨੇ ਕੇਨੀਆਂ ਨੂੰ ਆਖਿਆ, ਤੁਸੀਂ ਇੱਥੋਂ ਜਾਓ, ਅਮਾਲੇਕੀਆਂ ਦੇ ਵਿੱਚੋਂ ਨਿੱਕਲ ਜਾਓ ਅਜਿਹਾ ਨਾ ਹੋਵੇ ਜੋ ਮੈਂ ਉਨ੍ਹਾਂ ਦੇ ਨਾਲ ਤੁਹਾਡਾ ਵੀ ਨਾਸ਼ ਕਰ ਦੇਵਾਂ ਇਸ ਲਈ ਜੋ ਤੁਸੀਂ ਸਾਰੇ ਇਸਰਾਏਲੀਆਂ ਉੱਤੇ ਕਿਰਪਾ ਕੀਤੀ ਸੀ ਜਿਸ ਵੇਲੇ ਉਹ ਮਿਸਰ ਵਿਚੋਂ ਨਿੱਕਲ ਆਏ ਸਨ । ਸੋ ਕੇਨੀ ਅਮਾਲੇਕੀਆਂ ਵਿੱਚੋਂ ਨਿੱਕਲ ਗਏ । 7ਤਦ ਸ਼ਾਊਲ ਨੇ ਅਮਾਲੇਕੀਆਂ ਨੂੰ ਹਵੀਲਾਹ ਤੋਂ ਲੈ ਕੇ ਸੂਰ ਤੱਕ ਜੋ ਮਿਸਰ ਦੇ ਪੂਰਬ ਵਿੱਚ ਹੈ ਮਾਰਿਆ । 8ਉਹਨਾਂ ਦੇ ਰਾਜਾ ਅਗਾਗ ਨੂੰ ਜਿਉਂਦਾ ਫੜ ਲਿਆ ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ । 9ਪਰ ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਚੰਗੀਆਂ ਭੇਡਾਂ ਅਤੇ ਬਲ਼ਦਾਂ ਅਤੇ ਮੋਟੇ-ਮੋਟੇ ਵੱਛਿਆਂ ਅਤੇ ਮੇਢਿਆਂ ਦੇ ਬੱਚਿਆਂ ਨੂੰ ਅਤੇ ਸਭ ਕੁਝ ਜੋ ਚੰਗਾ ਸੀ ਬਚਾ ਰੱਖਿਆ ਅਤੇ ਉਨ੍ਹਾਂ ਦਾ ਨਾਸ਼ ਕਰਨ ਵਿੱਚ ਰਾਜ਼ੀ ਨਾ ਹੋਏ ਪਰ ਸਾਰੀਆਂ ਵਸਤਾਂ ਜੋ ਮਾੜੀਆਂ ਅਤੇ ਨਿਕੰਮੀਆਂ ਸਨ ਉਨ੍ਹਾਂ ਦਾ ਸੱਤਿਆਨਾਸ ਕਰ ਦਿੱਤਾ ।

ਰਾਜਾ ਹੋਣ ਲਈ ਸ਼ਾਊਲ ਨੂੰ ਅਸਵੀਕਾਰ ਕੀਤਾ ਜਾਣਾ

10ਤਦ ਯਹੋਵਾਹ ਦਾ ਬਚਨ ਸਮੂਏਲ ਨੂੰ ਮਿਲਿਆ, 11ਮੈਂ ਪਛਤਾਉਂਦਾ ਹਾਂ ਜੋ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਕਿਉਂ ਜੋ ਉਹ ਮੇਰੇ ਪਿਛੇ ਚੱਲਣ ਤੋਂ ਮੁੜ ਗਿਆ ਹੈ ਅਤੇ ਉਸ ਨੇ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ । ਸਮੂਏਲ ਗੁੱਸੇ ਹੋਇਆ ਅਤੇ ਸਾਰੀ ਰਾਤ ਯਹੋਵਾਹ ਦੇ ਅੱਗੇ ਤਰਲੇ ਕਰਦਾ ਰਿਹਾ । 12ਜਦ ਸਮੂਏਲ ਸ਼ਾਊਲ ਨੂੰ ਮਿਲਣ ਲਈ ਤੜਕੇ ਉੱਠਿਆ ਤਾਂ ਸਮੂਏਲ ਨੂੰ ਖ਼ਬਰ ਹੋਈ ਜੋ ਸ਼ਾਊਲ ਕਰਮਲ ਨੂੰ ਆਇਆ ਹੋਇਆ ਹੈ ਅਤੇ ਵੇਖੋ, ਆਪਣੇ ਲਈ ਉਸ ਨੇ ਇੱਕ ਯਾਦਗਾਰ ਕਾਇਮ ਕੀਤੀ, ਅਤੇ ਲੰਘ ਕੇ ਗਿਲਗਾਲ ਵੱਲ ਚੱਲਾ ਗਿਆ । 13ਫੇਰ ਸਮੂਏਲ ਸ਼ਾਊਲ ਕੋਲ ਗਿਆ ਅਤੇ ਸ਼ਾਊਲ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ, ਮੈਂ ਯਹੋਵਾਹ ਦੀ ਆਗਿਆ ਅਨੁਸਾਰ ਕੰਮ ਕੀਤਾ । 14ਸਮੂਏਲ ਨੇ ਆਖਿਆ, ਫੇਰ ਭੇਡਾਂ ਦੀ ਮੈਂ ਮੈਂ ਅਤੇ ਬਲ਼ਦਾਂ ਦਾ ਅੜਾਉਣਾ ਕੀ ਹੈ, ਜੋ ਮੈਂ ਸੁਣਦਾ ਹਾਂ ? 15ਸ਼ਾਊਲ ਨੇ ਆਖਿਆ, ਉਹ ਇਨ੍ਹਾਂ ਨੂੰ ਅਮਾਲੇਕੀਆਂ ਵੱਲੋਂ ਲਿਆਏ ਹਨ ਅਤੇ ਲੋਕਾਂ ਨੇ ਚੰਗੀਆਂ-ਚੰਗੀਆਂ ਭੇਡਾਂ ਅਤੇ ਬਲ਼ਦਾਂ ਨੂੰ ਜਿਉਂਦੇ ਰੱਖਿਆ ਜੋ ਉਨ੍ਹਾਂ ਨੂੰ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਬਲੀ ਚੜ੍ਹਾਉਣ ਅਤੇ ਰਹਿੰਦੇ ਸਭਨਾਂ ਨੂੰ ਅਸੀਂ ਮੂਲੋਂ ਹੀ ਨਾਸ਼ ਕਰ ਸੁੱਟਿਆ । 16ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਠਹਿਰ ਜਾ ਅਤੇ ਅੱਜ ਰਾਤੀਂ ਜਿਹੜਾ ਯਹੋਵਾਹ ਨੇ ਮੈਨੂੰ ਆਖਿਆ ਹੈ ਉਹ ਮੈਂ ਤੈਨੂੰ ਦੱਸਾਂਗਾ ਤਾਂ ਸ਼ਾਊਲ ਬੋਲਿਆ ਦੱਸੋ ਜੀ ।

17ਸਮੂਏਲ ਨੇ ਆਖਿਆ, ਜਿਸ ਵੇਲੇ ਤੂੰ ਆਪਣੀ ਨਜ਼ਰ ਵਿੱਚ ਤੁੱਛ ਸੀ ਤਾਂ ਭਲਾ, ਇਸਰਾਏਲ ਦੇ ਗੋਤਾਂ ਦਾ ਤੂੰ ਪ੍ਰਧਾਨ ਨਹੀਂ ਠਹਿਰਾਇਆ ਗਿਆ ? ਯਹੋਵਾਹ ਨੇ ਇਸਰਾਏਲ ਦਾ ਰਾਜਾ ਬਣਨ ਲਈ ਤੈਨੂੰ ਅਭਿਸ਼ੇਕ ਕੀਤਾ । 18ਯਹੋਵਾਹ ਨੇ ਤੈਨੂੰ ਖ਼ਾਸ ਮਕਸਦ ਲਈ ਭੇਜਿਆ ਅਤੇ ਆਖਿਆ, ਜਾਹ ਅਤੇ ਉਨ੍ਹਾਂ ਪਾਪੀ ਅਮਾਲੇਕੀਆਂ ਦਾ ਨਾਸ਼ ਕਰ ਜਦ ਤੱਕ ਉਹ ਨਸ਼ਟ ਨਾ ਹੋ ਜਾਣ ਉਨ੍ਹਾਂ ਨਾਲ ਲੜਾਈ ਕਰ । 19ਫੇਰ ਤੂੰ ਯਹੋਵਾਹ ਦੀ ਗੱਲ ਕਿਉਂ ਨਾ ਮੰਨੀ ਅਤੇ ਲੁੱਟ ਦੇ ਮਾਲ ਉੱਤੇ ਤੇਰਾ ਮਨ ਕਿਉਂ ਆ ਡਿੱਗਾ ਅਤੇ ਯਹੋਵਾਹ ਦੇ ਸਨਮੁਖ ਕਿਉਂ ਬੁਰਾਈ ਕੀਤੀ ? 20ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਤਾਂ ਯਹੋਵਾਹ ਦੀ ਆਗਿਆ ਮੰਨੀ ਹੈ ਅਤੇ ਜਿਸ ਦੇ ਵਿੱਚ ਯਹੋਵਾਹ ਨੇ ਮੈਨੂੰ ਭੇਜਿਆ ਉਸ ਰਾਹ ਤੁਰਿਆ ਹਾਂ ਅਤੇ ਅਮਾਲੇਕ ਦੇ ਰਾਜਾ ਅਗਾਗ ਨੂੰ ਲੈ ਆਇਆ ਹਾਂ ਅਤੇ ਅਮਾਲੇਕੀਆਂ ਨੂੰ ਮੂਲੋਂ ਨਾਸ਼ ਕੀਤਾ ਹੈ । 21ਪਰ ਲੋਕ ਲੁੱਟ ਦੇ ਵਿੱਚੋਂ ਭੇਡਾਂ ਅਤੇ ਬਲ਼ਦ ਅਰਥਾਤ ਚੰਗੀਆਂ-ਚੰਗੀਆਂ ਵਸਤਾਂ ਜਿਨ੍ਹਾਂ ਨੂੰ ਨਾਸ਼ ਕਰਨਾ ਚਾਹੀਦਾ ਸੀ, ਇਸ ਲਈ ਗਿਲਗਾਲ ਵਿੱਚ ਯਹੋਵਾਹ ਤੇਰੇ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ ਲਈ ਲੈ ਆਏ ਹਨ । 22ਸਮੂਏਲ ਬੋਲਿਆ,

ਭਲਾ, ਯਹੋਵਾਹ ਹੋਮ ਦੀਆਂ ਭੇਟਾਂ ਅਤੇ ਬਲੀਆਂ ਨਾਲ ਪਰਸੰਨ ਹੁੰਦਾ ਹੈ,

ਜਾਂ ਇਸ ਗੱਲ ਉੱਤੇ ਜੋ ਉਹ ਦੀ ਅਵਾਜ਼ ਸੁਣੀ ਜਾਵੇ ?

ਵੇਖ, ਆਗਿਆ ਮੰਨਣਾ ਭੇਟਾਂ ਚੜ੍ਹਾਉਣ ਨਾਲੋਂ,

ਅਤੇ ਸਰੋਤਾ ਬਣਨਾ ਮੇਂਢੇਆਂ ਦੀ ਚਰਬੀ ਨਾਲੋਂ ਚੰਗਾ ਹੈ ।

23ਕਿਉਂ ਜੋ ਬਗਾਵਤ ਕਰਨਾ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੈ,

ਅਤੇ ਢੀਠਤਾ, ਮੂਰਤੀ ਪੂਜਾ ਜਿਹੀ ਹੈ ।

ਸੋ ਜਿਵੇਂ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਹੈ,

ਉਸੇ ਤਰ੍ਹਾਂ ਹੀ ਯਹੋਵਾਹ ਨੇ ਰਾਜਾ ਹੋਣ ਤੋਂ ਤੈਨੂੰ ਰੱਦਿਆ ਹੈ ।

24ਸ਼ਾਊਲ ਨੇ ਸਮੂਏਲ ਨੂੰ ਆਖਿਆ, ਮੈਂ ਪਾਪ ਕੀਤਾ ਕਿਉਂ ਜੋ ਯਹੋਵਾਹ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ 25ਸੋ ਹੁਣ ਦਯਾ ਕਰ ਕੇ ਮੇਰਾ ਪਾਪ ਮਾਫ਼ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਦੇ ਅੱਗੇ ਮੱਥਾ ਟੇਕਾ 26ਤਾਂ ਸਮੂਏਲ ਨੇ ਸ਼ਾਊਲ ਨੂੰ ਆਖਿਆ, ਮੈ ਤੇਰੇ ਨਾਲ ਨਹੀਂ ਜਾਂਵਾਂਗਾ ਕਿਉਂ ਜੋ ਤੂੰ ਯਹੋਵਾਹ ਦੇ ਬਚਨ ਨੂੰ ਰੱਦਿਆ ਅਤੇ ਯਹੋਵਾਹ ਨੇ ਇਸਰਾਏਲ ਉੱਤੇ ਰਾਜਾ ਰਹਿਣ ਤੋਂ ਤੈਨੂੰ ਰੱਦਿਆ ਹੈ । 27ਜਦ ਸਮੂਏਲ ਵਿਦਾ ਹੋਣ ਨੂੰ ਮੁੜਿਆ ਤਾਂ ਉਹ ਨੇ ਉਸ ਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਉਹ ਫਟ ਗਿਆ । 28ਤਦ ਸਮੂਏਲ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਰਾਜ ਜੋ ਤੂੰ ਇਸਰਾਏਲ ਉੱਤੇ ਕਰਦਾ ਸੀ ਅੱਜ ਤੇਰੇ ਨਾਲੋਂ ਵੱਖ ਕਰ ਦਿੱਤਾ ਹੈ ਅਤੇ ਤੇਰੇ ਇੱਕ ਗੁਆਂਢੀ ਨੂੰ ਦੇ ਦਿੱਤਾ ਜੋ ਤੇਰੇ ਨਾਲੋਂ ਚੰਗਾ ਹੈ । 29ਇਸਰਾਏਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਪਛਤਾਉਂਦਾ ਨਹੀਂ ਕਿਉਂ ਜੋ ਉਹ ਮਨੁੱਖ ਨਹੀਂ ਜੋ ਪਛਤਾਵੇ । 30ਤਦ ਉਹ ਨੇ ਆਖਿਆ, ਮੈਂ ਪਾਪ ਕੀਤਾ ਪਰ ਮੇਰੇ ਲੋਕਾਂ ਦੇ ਬਜ਼ੁਰਗਾਂ ਅਤੇ ਇਸਰਾਏਲ ਦੇ ਅੱਗੇ ਮੇਰਾ ਆਦਰ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਮੱਥਾ ਟੇਕਾਂ । 31ਤਦ ਸਮੂਏਲ ਸ਼ਾਊਲ ਦੇ ਮਗਰ ਮੁੜਿਆ ਅਤੇ ਸ਼ਾਊਲ ਨੇ ਯਹੋਵਾਹ ਦੇ ਅੱਗੇ ਮੱਥਾ ਟੇਕਿਆ ।

32ਤਦ ਸਮੂਏਲ ਨੇ ਆਖਿਆ, ਅਮਾਲੇਕੀਆਂ ਦੇ ਰਾਜਾ ਅਗਾਗ ਨੂੰ ਮੇਰੇ ਕੋਲ ਲੈ ਆਓ ਅਤੇ ਅਗਾਗ ਨਿਚਿੰਤ ਹੋ ਕੇ ਉਹ ਦੇ ਕੋਲ ਆਇਆ, ਅਗਾਗ ਨੇ ਆਖਿਆ, ਜ਼ਰੂਰ ਮੌਤ ਦੀ ਕੁੜੱਤਣ ਲੰਘ ਗਈ ਹੋਵੇਗੀ । 33ਪਰ ਸਮੂਏਲ ਨੇ ਆਖਿਆ, ਜਿਸ ਤਰ੍ਹਾਂ ਤੇਰੀ ਤਲਵਾਰ ਨੇ ਤੀਵੀਆਂ ਨੂੰ ਔਂਤਰਿਆਂ ਕੀਤਾ ਉਸੇ ਤਰ੍ਹਾਂ ਹੀ ਤੇਰੀ ਮਾਂ ਤੀਵੀਆਂ ਵਿੱਚੋਂ ਔਂਤਰੀ ਹੋਵੇਗੀ ਅਤੇ ਸਮੂਏਲ ਨੇ ਗਿਲਗਾਲ ਵਿੱਚ ਯਹੋਵਾਹ ਦੇ ਅੱਗੇ ਅਗਾਗ ਨੂੰ ਟੋਟੇ-ਟੋਟੇ ਕੀਤਾ ।

34ਸਮੂਏਲ ਰਾਮਾਹ ਨੂੰ ਗਿਆ ਅਤੇ ਸ਼ਾਊਲ ਆਪਣੇ ਘਰ ਨੂੰ ਗਿਬਆਹ ਵੱਲ ਚੜ੍ਹ ਗਿਆ, 35ਅਤੇ ਸਮੂਏਲ ਆਪਣੀ ਮੌਤ ਤੱਕ ਸ਼ਾਊਲ ਨੂੰ ਨਾ ਵੇਖਣ ਗਿਆ ਤਾਂ ਵੀ ਸਮੂਏਲ ਸ਼ਾਊਲ ਤੋਂ ਉਦਾਸ ਹੁੰਦਾ ਰਿਹਾ ਅਤੇ ਯਹੋਵਾਹ ਨੇ ਵੀ ਸ਼ਾਊਲ ਨੂੰ ਇਸਰਾਏਲ ਦਾ ਰਾਜਾ ਬਣਾਉਣ ਵਿੱਚ ਅਫ਼ਸੋਸ ਕੀਤਾ ।

16

ਦਾਊਦ ਨੂੰ ਰਾਜਾ ਹੋਣ ਲਈ ਮਸਹ ਕੀਤਾ ਜਾਣਾ

1ਯਹੋਵਾਹ ਨੇ ਸਮੂਏਲ ਨੂੰ ਆਖਿਆ, ਕਦੋਂ ਤੱਕ ਤੂੰ ਸ਼ਾਊਲ ਲਈ ਸੋਗ ਕਰਦਾ ਰਹੇਗਾਂ ਜਦ ਕਿ ਮੈਂ ਉਹ ਨੂੰ ਇਸਰਾਏਲ ਰਾਜਾ ਹੋਣ ਤੋਂ ਤਿਆਗ ਦਿੱਤਾ ਹੈ ? ਤੂੰ ਆਪਣੇ ਸਿੰਗ ਵਿੱਚ ਤੇਲ ਭਰ ਅਤੇ ਜਾ । ਮੈਂ ਤੈਨੂੰ ਬੈਤਲਹਮ ਵਿੱਚ ਯੱਸੀ ਦੇ ਕੋਲ ਭੇਜਦਾ ਹਾਂ ਕਿਉਂ ਜੋ ਉਹ ਦੇ ਪੁੱਤਰਾਂ ਵਿੱਚੋਂ ਇੱਕ ਨੂੰ ਮੈਂ ਰਾਜਾ ਹੋਣ ਲਈ ਚੁਣਿਆ ਹੈ । 2ਸਮੂਏਲ ਬੋਲਿਆ, ਮੈਂ ਕਿਸ ਤਰ੍ਹਾਂ ਜਾਂਵਾਂ ? ਜੇਕਰ ਸ਼ਾਊਲ ਇਹ ਸੁਣੇਗਾ ਤਾਂ ਮੈਨੂੰ ਮਾਰ ਸੁੱਟੇਗਾ । ਯਹੋਵਾਹ ਨੇ ਆਖਿਆ, ਇੱਕ ਵੱਛੀ ਆਪਣੇ ਨਾਲ ਲੈ ਜਾ ਅਤੇ ਇਸ ਤਰ੍ਹਾਂ ਆਖ ਕਿ ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ । 3ਜਦ ਤੂੰ ਬਲੀ ਚੜ੍ਹਾਵੇਂ ਤਾਂ ਯੱਸੀ ਨੂੰ ਸੱਦਾ ਦੇ ਅਤੇ ਫੇਰ ਜੋ ਤੈਨੂੰ ਕਰਨਾ ਹੋਵੇਗਾ ਉਹ ਮੈਂ ਤੈਨੂੰ ਦੱਸਾਂਗਾ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਅਭਿਸ਼ੇਕ ਕਰ । 4ਤਦ ਜਿਵੇਂ ਯਹੋਵਾਹ ਨੇ ਆਖਿਆ ਸੀ ਸਮੂਏਲ ਨੇ ਉਸੇ ਤਰ੍ਹਾਂ ਕੀਤਾ ਅਤੇ ਬੈਤਲਹਮ ਵਿੱਚ ਆਇਆ । ਸ਼ਹਿਰ ਦੇ ਬਜ਼ੁਰਗ ਉਹ ਦੇ ਆਉਣ ਤੋਂ ਕੰਬ ਕੇ ਬੋਲੇ, ਤੂੰ ਸ਼ਾਂਤੀ ਨਾਲ ਆਇਆ ਹੈ ਜਾਂ ਨਹੀਂ ? 5ਉਹ ਬੋਲਿਆ, ਹਾਂ, ਮੈਂ ਸ਼ਾਂਤੀ ਨਾਲ ਆਇਆ ਹਾਂ । ਮੈਂ ਯਹੋਵਾਹ ਦੇ ਅੱਗੇ ਭੇਟ ਚੜ੍ਹਾਉਣ ਆਇਆ ਹਾਂ । ਤੁਸੀਂ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਮੇਰੇ ਨਾਲ ਭੇਟ ਚੜ੍ਹਾਉਣ ਲਈ ਆਓ ਅਤੇ ਉਸ ਨੇ ਯੱਸੀ ਨੂੰ ਉਹ ਦੇ ਪੁੱਤਰਾਂ ਸਮੇਤ ਪਵਿੱਤਰ ਕੀਤਾ ਅਤੇ ਉਨ੍ਹਾਂ ਨੂੰ ਭੇਟ ਚੜ੍ਹਾਉਣ ਲਈ ਸੱਦਿਆ । 6ਜਦ ਉਹ ਆਏ ਤਦ ਸਮੂਏਲ ਨੇ ਅਲੀਆਬ ਨੂੰ ਵੇਖਿਆ ਅਤੇ ਸੋਚਿਆ, ਯਕੀਨਨ ਜੋ ਯਹੋਵਾਹ ਦੇ ਅੱਗੇ ਹੈ ਉਹੀ ਉਸ ਦਾ ਅਭਿਸ਼ੇਕ ਕੀਤਾ ਹੋਇਆ ਹੈ । 7ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, ਉਹ ਦੇ ਮੂੰਹ ਉੱਤੇ ਅਤੇ ਉਹ ਦੇ ਕੱਦ ਵੱਲ ਨਾ ਵੇਖ ਕਿਉਂ ਜੋ ਉਸ ਨੂੰ ਮੈਂ ਸਵੀਕਾਰ ਨਹੀਂ ਕੀਤਾ, ਯਹੋਵਾਹ ਦਾ ਵੇਖਣਾ ਮਨੁੱਖਾਂ ਵਰਗਾ ਨਹੀਂ । ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਦਿਲ ਨੂੰ ਵੇਖਦਾ ਹੈ । 8ਤਦ ਯੱਸੀ ਨੇ ਅਬੀਨਾਦਾਬ ਨੂੰ ਸੱਦਿਆ ਅਤੇ ਉਹ ਨੂੰ ਸਮੂਏਲ ਦੇ ਅੱਗੇ ਕੀਤਾ । ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ । 9ਫੇਰ ਯੱਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਉਹ ਬੋਲਿਆ, ਇਹ ਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ । 10ਯੱਸੀ ਨੇ ਆਪਣੇ ਸੱਤਾਂ ਹੀ ਪੁੱਤਰਾਂ ਨੂੰ ਸਮੂਏਲ ਦੇ ਅੱਗੇ ਕਰ ਦਿੱਤਾ ਸੋ ਸਮੂਏਲ ਨੇ ਯੱਸੀ ਨੂੰ ਆਖਿਆ, ਯਹੋਵਾਹ ਨੇ ਇਹਨਾਂ ਨੂੰ ਨਹੀਂ ਚੁਣਿਆ । 11ਸਮੂਏਲ ਨੇ ਯੱਸੀ ਨੂੰ ਪੁੱਛਿਆ, ਕੀ ਤੇਰੇ ਸਾਰੇ ਪੁੱਤਰ ਇਹੋ ਹੀ ਹਨ ? ਉਹ ਬੋਲਿਆ ਸਭ ਤੋਂ ਛੋਟਾ ਅਜੇ ਰਹਿੰਦਾ ਹੈ । ਉਹ ਇੱਜੜ ਨੂੰ ਚਰਾਉਂਦਾ ਹੈ । ਤਦ ਸਮੂਏਲ ਨੇ ਯੱਸੀ ਨੂੰ ਆਖਿਆ, ਉਹ ਨੂੰ ਸੱਦਾ ਭੇਜ ਕਿਉਂ ਜੋ ਜਦ ਤੱਕ ਉਹ ਇੱਥੇ ਨਾ ਆਵੇ ਅਸੀਂ ਨਹੀਂ ਬੈਠਾਂਗੇ । 12ਇਸ ਲਈ ਉਸ ਨੂੰ ਸੱਦਾ ਭੇਜਿਆ ਅਤੇ ਉਸ ਨੂੰ ਅੰਦਰ ਲੈ ਆਇਆ । ਉਸ ਦਾ ਰੰਗ ਲਾਲ, ਸੋਹਣੀਆਂ ਅੱਖਾਂ ਅਤੇ ਵੇਖਣ ਵਿੱਚ ਚੰਗਾ ਸੀ ਅਤੇ ਯਹੋਵਾਹ ਨੇ ਆਖਿਆ, ਉੱਠ ਅਤੇ ਇਹ ਨੂੰ ਅਭਿਸ਼ੇਕ ਕਰ ਕਿਉਂ ਜੋ ਇਹੋ ਹੀ ਹੈ । 13ਤਦ ਸਮੂਏਲ ਨੇ ਤੇਲ ਦਾ ਸਿੰਗ ਲੈ ਕੇ ਉਹ ਦੇ ਭਰਾਵਾਂ ਦੇ ਵਿੱਚ ਉਹ ਨੂੰ ਅਭਿਸ਼ੇਕ ਕੀਤਾ ਅਤੇ ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ ਅਤੇ ਸਮੂਏਲ ਉੱਠ ਕੇ ਰਾਮਾਹ ਨੂੰ ਵਿਦਾ ਹੋਇਆ ।

ਦਾਊਦ ਦਾ ਸ਼ਾਊਲ ਦੇ ਸਨਮੁੱਖ ਹਾਜਰ ਹੋਣਾ

14ਪਰ ਸ਼ਾਊਲ ਉੱਤੋਂ ਯਹੋਵਾਹ ਦਾ ਆਤਮਾ ਅਲੱਗ ਹੋ ਗਿਆ ਅਤੇ ਯਹੋਵਾਹ ਵੱਲੋਂ ਇੱਕ ਦੁਸ਼ਟ-ਆਤਮਾ ਉਹ ਨੂੰ ਘਬਰਾਉਣ ਲੱਗਾ । 15ਤਦ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਹੁਣ ਪਰਮੇਸ਼ੁਰ ਵੱਲੋਂ ਇੱਕ ਦੁਸ਼ਟ-ਆਤਮਾ ਤੁਹਾਨੂੰ ਘਬਰਾਉਂਦਾ ਹੈ । 16ਸਾਡਾ ਸੁਆਮੀ ਹੁਣ ਆਪਣੇ ਸੇਵਕਾਂ ਨੂੰ ਜੋ ਤੁਹਾਡੇ ਸਾਹਮਣੇ ਹਨ ਆਗਿਆ ਦੇਵੇ ਕਿ ਜੋ ਉਹ ਇੱਕ ਅਜਿਹਾ ਮਨੁੱਖ ਲੱਭਣ ਜਿਹੜਾ ਬਰਬਤ ਵਜਾਉਣ ਵਿੱਚ ਕੁਸ਼ਲ ਹੋਵੇ ਅਤੇ ਅਜਿਹਾ ਹੋਵੇਗਾ ਕਿ ਜਿਸ ਵੇਲੇ ਪਰਮੇਸ਼ੁਰ ਵੱਲੋਂ ਇਹ ਦੁਸ਼ਟ-ਆਤਮਾ ਤੁਹਾਡੇ ਉੱਤੇ ਆਵੇ ਤਾਂ ਉਹ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੁਸੀਂ ਚੰਗੇ ਹੋ ਜਾਓਗੇ । 17ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਠੀਕ ਹੈ, ਮੇਰੇ ਲਈ ਕਿਸੇ ਵਧੀਆ ਬਰਬਤ ਵਜਾਉਣ ਵਾਲੇ ਨੂੰ ਲੱਭੋ ਅਤੇ ਉਸ ਨੂੰ ਮੇਰੇ ਕੋਲ ਲੈ ਆਉ । 18ਸੋ ਉਸ ਵੇਲੇ ਉਹ ਦੇ ਸੇਵਕਾਂ ਵਿੱਚੋਂ ਇੱਕ ਨੇ ਕਿਹਾ, ਵੇਖ, ਮੈਂ ਬੈਤਲਹਮ ਦੇ ਯੱਸੀ ਦਾ ਇੱਕ ਪੁੱਤਰ ਵੇਖਿਆ ਹੈ ਜੋ ਵਜਾਉਣ ਵਿੱਚ ਕੁਸ਼ਲ ਹੈ, ਨਾਲੇ ਵੱਡਾ ਸੂਰਬੀਰ ਹੈ, ਜੋਧਾ ਹੈ, ਗੱਲਾਂ ਵਿੱਚ ਬਹੁਤ ਸਿਆਣਾ ਹੈ, ਸੋਹਣਾ ਹੈ ਅਤੇ ਯਹੋਵਾਹ ਉਹ ਦੇ ਨਾਲ ਹੈ । 19ਸੋ ਸ਼ਾਊਲ ਨੇ ਦੂਤਾਂ ਦੇ ਹੱਥ ਯੱਸੀ ਨੂੰ ਸੱਦਾ ਭੇਜਿਆ ਕਿ ਆਪਣੇ ਪੁੱਤਰ ਦਾਊਦ ਨੂੰ ਜੋ ਇੱਜੜ ਦੇ ਨਾਲ ਹੈ ਮੇਰੇ ਕੋਲ ਭੇਜ ਦੇ । 20ਤਦ ਯੱਸੀ ਨੇ ਇੱਕ ਗਧਾ ਜਿਸ ਦੇ ਉੱਤੇ ਰੋਟੀਆਂ ਲੱਦੀਆਂ ਸਨ ਅਤੇ ਇੱਕ ਮਸ਼ਕ ਮੈਅ ਦੀ ਅਤੇ ਬੱਕਰੀ ਦਾ ਇੱਕ ਬੱਚਾ ਲੈ ਕੇ ਆਪਣੇ ਪੁੱਤਰ ਦਾਊਦ ਦੇ ਹੱਥੀਂ ਸ਼ਾਊਲ ਕੋਲ ਭੇਜਿਆ । 21ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੇ ਸਾਹਮਣੇ ਆ ਖੜ੍ਹਾ ਹੋਇਆ ਅਤੇ ਉਸ ਨੇ ਦਾਊਦ ਦੇ ਨਾਲ ਬਹੁਤ ਪਿਆਰ ਕੀਤਾ ਅਤੇ ਉਹ ਉਸ ਦੇ ਸ਼ਸਤਰ ਚੁੱਕਣ ਵਾਲਾ ਬਣ ਗਿਆ । 22ਸ਼ਾਊਲ ਨੇ ਯੱਸੀ ਨੂੰ ਆਖ ਭੇਜਿਆ ਦਾਊਦ ਨੂੰ ਮੇਰੀ ਸੇਵਾ ਵਿੱਚ ਰਹਿਣ ਦੇ ਕਿਉਂ ਜੋ ਮੈਂ ਉਸ ਤੋਂ ਬਹੁਤ ਪ੍ਰਸੰਨ ਹਾਂ । 23ਤਾਂ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਦੁਸ਼ਟ-ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਤੇ ਆਉਂਦਾ ਸੀ ਤਾਂ ਦਾਊਦ ਬਰਬਤ ਲੈ ਕੇ ਵਜਾਉਂਦਾ ਸੀ ਅਤੇ ਸ਼ਾਊਲ ਨੂੰ ਤਾਜ਼ਗੀ ਮਿਲਦੀ ਸੀ ਅਤੇ ਉਹ ਚੰਗਾ ਹੋ ਜਾਂਦਾ ਸੀ ਤਾਂ ਉਹ ਦੁਸ਼ਟ-ਆਤਮਾ ਉਹ ਦੇ ਉੱਤੋਂ ਹੱਟ ਜਾਂਦਾ ਸੀ ।

17

ਗੋਲੀਅਥ ਵੱਲੋਂ ਸਾਰੇ ਇਸਰਾਏਲ ਨੂੰ ਚਣੌਤੀ

1ਹੁਣ ਫ਼ਲਿਸਤੀਆਂ ਨੇ ਲੜਾਈ ਦੇ ਲਈ ਆਪਣੇ ਦਲਾਂ ਨੂੰ ਇਕੱਠਾ ਕੀਤਾ ਅਤੇ ਯਹੂਦਾਹ ਦੇ ਸ਼ਹਿਰ ਸੋਕੋਹ ਵਿੱਚ ਇਕੱਠੇ ਹੋਏ ਅਤੇ ਸੋਕੋਹ ਅਤੇ ਅਜ਼ੇਕਾਹ ਦੇ ਵਿਚਕਾਰ ਅਫ਼ਸਦੰਮੀਮ ਵਿੱਚ ਡੇਰੇ ਲਾਏ । 2ਸ਼ਾਊਲ ਅਤੇ ਇਸਰਾਏਲ ਦੇ ਲੋਕਾਂ ਨੇ ਵੀ ਇਕੱਠੇ ਹੋ ਕੇ ਏਲਾਹ ਦੀ ਘਾਟੀ ਵਿੱਚ ਡੇਰੇ ਲਾਏ ਅਤੇ ਲੜਾਈ ਦੇ ਲਈ ਫ਼ਲਿਸਤੀਆਂ ਦੇ ਸਾਹਮਣੇ ਕਤਾਰਾਂ ਬੰਨ੍ਹੀਆਂ । 3ਇੱਕ ਪਾਸੇ ਦੇ ਪਹਾੜ ਉੱਤੇ ਫ਼ਲਿਸਤੀ ਖੜ੍ਹੇ ਸਨ ਅਤੇ ਦੂਜੇ ਪਾਸੇ ਦੇ ਪਹਾੜ ਉੱਤੇ ਇਸਰਾਏਲੀ ਖੜ੍ਹੇ ਸਨ ਅਤੇ ਉਨ੍ਹਾਂ ਦੋਹਾਂ ਦੇ ਵਿਚਕਾਰ ਇੱਕ ਘਾਟੀ ਸੀ । 4ਉਸ ਵੇਲੇ ਫ਼ਲਿਸਤੀਆਂ ਦੇ ਡੇਰੇ ਵਿੱਚੋਂ ਗਾਥੀ ਗੋਲਿਅਥ ਨਾਂ ਦਾ ਇੱਕ ਸੂਰਮਾ ਮਨੁੱਖ ਨਿੱਕਲਿਆ । ਉਹ ਦਾ ਕੱਦ ਛੇ ਹੱਥ ਅਤੇ ਇੱਕ ਗਿੱਠ ਉੱਚਾ ਸੀ । 5ਅਤੇ ਉਹ ਦੇ ਸਿਰ ਉੱਤੇ ਇੱਕ ਪਿੱਤਲ ਦਾ ਟੋਪ ਸੀ ਅਤੇ ਇੱਕ ਸੰਜੋ ਉਹ ਨੇ ਪਹਿਨੀ ਹੋਈ ਸੀ ਜੋ ਤੋਲ ਵਿੱਚ ਡੇਢ ਮਣ ਪਿੱਤਲ ਦੀ ਸੀ । 6ਅਤੇ ਉਹ ਦੀਆਂ ਦੋਹਾਂ ਲੱਤਾਂ ਉੱਤੇ ਪਿੱਤਲ ਦੇ ਕਵਚ ਸਨ ਅਤੇ ਉਹ ਦੇ ਦੋਹਾਂ ਮੋਢਿਆਂ ਦੇ ਵਿਚਕਾਰ ਪਿੱਤਲ ਦੀ ਬਰਛੀ ਸੀ । 7ਅਤੇ ਉਹ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ ਵਰਗਾ ਸੀ ਅਤੇ ਉਹ ਦੇ ਬਰਛੇ ਦਾ ਫਲ ਸਾਢੇ ਸੱਤ ਸੇਰ ਲੋਹੇ ਦਾ ਸੀ ਅਤੇ ਇੱਕ ਮਨੁੱਖ ਢਾਲ ਚੁੱਕ ਕੇ ਉਹ ਦੇ ਅੱਗੇ ਤੁਰਦਾ ਸੀ । 8ਸੋ ਉਹ ਨਿੱਕਲ ਕੇ ਖੜ੍ਹਾ ਹੋਇਆ ਅਤੇ ਇਸਰਾਏਲ ਦੇ ਦਲਾਂ ਵੱਲ ਉਹ ਨੇ ਪੁਕਾਰ ਕੇ ਆਖਿਆ, ਤੁਸੀਂ ਲੜਾਈ ਦੇ ਲਈ ਕਿਉਂ ਕਤਾਰ ਬੰਨ੍ਹੀ ਹੈ ? ਕੀ, ਮੈਂ ਫ਼ਲਿਸਤੀ ਨਹੀਂ ਅਤੇ ਤੁਸੀਂ ਸ਼ਾਊਲ ਦੇ ਦਾਸ ਨਹੀਂ ? ਸੋ ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਆਵੇ । 9ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗ਼ੁਲਾਮ ਬਣਾਂਗੇ ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹ ਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗ਼ੁਲਾਮ ਹੋਵੋਗੇ ਅਤੇ ਸਾਡੀ ਗ਼ੁਲਾਮੀ ਕਰੋਗੇ । 10ਫੇਰ ਉਹ ਫ਼ਲਿਸਤੀ ਬੋਲਿਆ,ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਲਲਕਾਰਦਾ ਹਾਂ । ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪਸ ਵਿੱਚ ਯੁੱਧ ਕਰੀਏ । 11ਜਿਸ ਵੇਲੇ ਸ਼ਾਊਲ ਅਤੇ ਸਾਰੇ ਇਸਰਾਏਲ ਨੇ ਉਸ ਫ਼ਲਿਸਤੀ ਦੀਆਂ ਗੱਲਾਂ ਸੁਣੀਆਂ ਤਾਂ ਉਹ ਘਬਰਾ ਗਏ ਅਤੇ ਡਰ ਗਏ ।

ਦਾਊਦ ਸ਼ਾਊਲ ਦੀ ਛਾਉਣੀ ਵਿੱਚ

12ਦਾਊਦ ਬੈਤਲਹਮ ਯਹੂਦਾਹ ਦੇ ਅਫਰਾਥੀ ਯੱਸੀ ਦਾ ਪੁੱਤਰ ਸੀ ਜਿਸ ਦੇ ਅੱਠ ਪੁੱਤਰ ਸਨ ਅਤੇ ਉਹ ਆਪ ਸ਼ਾਊਲ ਦੇ ਦਿਨਾਂ ਵਿੱਚ ਉਹ ਬਜ਼ੁਰਗ ਅਤੇ ਕਮਜ਼ੋਰ ਹੋ ਗਿਆ ਸੀ । 13ਯੱਸੀ ਦੇ ਤਿੰਨ ਵੱਡੇ ਪੁੱਤਰ ਲੜਾਈ ਦੇ ਵਿੱਚ ਸ਼ਾਊਲ ਦੇ ਮਗਰ ਜਾ ਲੱਗੇ ਅਤੇ ਉਨ੍ਹਾਂ ਤਿੰਨਾਂ ਵਿੱਚੋਂ ਜੋ ਲੜਨ ਗਏ ਸਨ ਉਹਨਾਂ ਵਿੱਚੋ ਜੇਠੇ ਦਾ ਨਾਮ ਅਲੀਆਬ ਸੀ ਅਤੇ ਦੂਜੇ ਦਾ ਨਾਮ ਅਬੀਨਾਦਾਬ ਅਤੇ ਤੀਜੇ ਦਾ ਨਾਮ ਸ਼ੰਮਾਹ ਸੀ । 14ਦਾਊਦ ਸਭ ਤੋਂ ਛੋਟਾ ਸੀ ਅਤੇ ਤਿੰਨ ਵੱਡੇ ਪੁੱਤਰ ਸ਼ਾਊਲ ਦੇ ਮਗਰ ਲੱਗੇ 15ਪਰ ਦਾਊਦ ਸ਼ਾਊਲ ਕੋਲੋਂ ਵੱਖਰਾ ਹੋ ਕੇ ਆਪਣੇ ਪਿਤਾ ਦੇ ਇੱਜੜ ਨੂੰ ਬੈਤਲਹਮ ਵਿੱਚ ਚਰਾਉਣ ਗਿਆ ਸੀ ।

16ਸੋ ਉਹ ਫ਼ਲਿਸਤੀ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਨੇੜੇ ਆਉਂਦਾ ਸੀ । ਚਾਲੀਆਂ ਦਿਨਾਂ ਤੱਕ ਉਹ ਆਪਣੇ ਆਪ ਨੂੰ, ਅੱਗੇ ਕਰਦਾ ਰਿਹਾ ।

17ਫੇਰ ਯੱਸੀ ਨੇ ਆਪਣੇ ਪੁੱਤਰ ਦਾਊਦ ਨੂੰ ਆਖਿਆ,ਇਹ ਪੰਜ ਸੇਰ ਭੁੰਨੇ ਹੋਏ ਦਾਣੇ ਅਤੇ ਇਹ ਦਸ ਰੋਟੀਆਂ ਲੈ ਕੇ ਆਪਣੇ ਭਰਾਵਾਂ ਕੋਲ ਛਾਉਣੀ ਵੱਲ ਜਾ । 18ਅਤੇ ਇਹ ਦਸ ਟਿੱਕੀਆਂ ਪਨੀਰ ਦੀਆਂ ਉਨ੍ਹਾਂ ਦੇ ਸੂਬੇਦਾਰ ਦੇ ਲਈ ਲੈ ਜਾ ਅਤੇ ਆਪਣੇ ਭਰਾਵਾਂ ਦਾ ਹਾਲ ਚਾਲ ਵੇਖ ਅਤੇ ਉਨ੍ਹਾਂ ਦੀ ਕੁਝ ਨਿਸ਼ਾਨੀ ਲੈ ਆ । 19ਉਸ ਵੇਲੇ ਸ਼ਾਊਲ ਅਤੇ ਇਸਰਾਏਲ ਦੇ ਸਭ ਲੋਕ ਏਲਾਹ ਦੀ ਘਾਟੀ ਚ ਫ਼ਲਿਸਤੀਆਂ ਦੇ ਨਾਲ ਲੜਦੇ ਪਏ ਸਨ ।

20ਦਾਊਦ ਨੇ ਸਵੇਰ ਦੇ ਵੇਲੇ ਉੱਠ ਕੇ ਭੇਡਾਂ ਨੂੰ ਰਾਖੇ ਦੇ ਕੋਲ ਛੱਡਿਆ ਅਤੇ ਜਿਵੇਂ ਯੱਸੀ ਨੇ ਉਹ ਨੂੰ ਆਖਿਆ ਸੀ ਵਸਤਾਂ ਲੈ ਕੇ ਤੁਰ ਪਿਆ ਅਤੇ ਜਿਸ ਵੇਲੇ ਦਲ ਲੜਨ ਲਈ ਨਿੱਕਲਦਾ ਅਤੇ ਲੜਾਈ ਦੇ ਲਈ ਲਲਕਾਰਦਾ ਸੀ ਉਸ ਸਮੇਂ ਉਹ ਮੋਰਚੇ ਵਿੱਚ ਪਹੁੰਚ ਗਿਆ । 21ਅਤੇ ਇਸਰਾਏਲ ਅਤੇ ਫ਼ਲਿਸਤੀਆਂ ਨੇ ਆਪੋ ਆਪਣੇ ਦਲ ਦੀਆਂ ਆਹਮੋ ਸਾਹਮਣੇ ਕਤਾਰਾਂ ਬੰਨ੍ਹੀਆਂ ਸਨ । 22ਸੋ ਦਾਊਦ ਨੇ ਆਪਣੀਆਂ ਵਸਤਾਂ ਉਹ ਦੇ ਕੋਲ ਰੱਖੀਆਂ ਜੋ ਸਮਾਨ ਦੀ ਰਾਖੀ ਕਰਦਾ ਸੀ, ਅਤੇ ਆਪ ਦਲ ਵੱਲ ਦੌੜ ਗਿਆ ਅਤੇ ਆ ਕੇ ਆਪਣੇ ਭਰਾਵਾਂ ਦੀ ਖ਼ਬਰ ਪੁੱਛੀ । 23ਉਹ ਉਨ੍ਹਾਂ ਨਾਲ ਅਜੇ ਗੱਲਾਂ ਕਰਦਾ ਹੀ ਸੀ ਜੋ ਵੇਖੋ, ਉਹ ਜ਼ੋਰਾਵਰ ਗਾਥੀ ਗੋਲਿਅਥ ਨਾਮ ਫ਼ਲਿਸਤੀ ਕਤਾਰਾਂ ਵਿੱਚੋਂ ਨਿੱਕਲਿਆ ਅਤੇ ਉਸ ਨੇ ਪਹਿਲਾਂ ਦੀ ਤਰ੍ਹਾਂ ਗੱਲਾਂ ਕੀਤੀਆਂ ਅਤੇ ਦਾਊਦ ਨੇ ਸੁਣੀਆਂ ।

24ਇਸਰਾਏਲ ਦੇ ਸਭ ਲੋਕ ਉਸ ਮਨੁੱਖ ਨੂੰ ਵੇਖ ਕੇ ਉਸ ਦੇ ਅੱਗੋਂ ਭੱਜੇ ਅਤੇ ਬਹੁਤ ਡਰ ਗਏ 25ਤਦ ਇਸਰਾਏਲ ਦੇ ਲੋਕਾਂ ਨੇ ਆਖਿਆ, ਤੁਸੀਂ ਇਸ ਮਨੁੱਖ ਨੂੰ ਵੇਖਿਆ ਜੋ ਨਿੱਕਲਿਆ ਹੈ । ਸੱਚ-ਮੁੱਚ ਇਹ ਤਾਂ ਇਸਰਾਏਲ ਨੂੰ ਸ਼ਰਮਿੰਦਾ ਕਰਨ ਲਈ ਆਇਆ ਹੈ ਅਤੇ ਅਜਿਹਾ ਹੋਵੇਗਾ ਭਈ ਜਿਹੜਾ ਉਸ ਨੂੰ ਮਾਰੇਗਾ ਤਾਂ ਰਾਜਾ ਉਹ ਨੂੰ ਵੱਡੇ ਧਨ ਨਾਲ ਧਨਵਾਨ ਕਰੇਗਾ ਅਤੇ ਆਪਣੀ ਧੀ ਉਸ ਦੇ ਨਾਲ ਵਿਆਹ ਦੇਵੇਗਾ ਅਤੇ ਉਹ ਦੇ ਪਿਤਾ ਦੇ ਟੱਬਰ ਨੂੰ ਇਸਰਾਏਲ ਵਿੱਚ ਅਜ਼ਾਦ ਕਰੇਗਾ । 26ਤਦ ਦਾਊਦ ਨੇ ਆਪਣੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਿਆ ਕਿ ਜਿਹੜਾ ਮਨੁੱਖ ਇਸ ਫ਼ਲਿਸਤੀ ਨੂੰ ਮਾਰੇ ਅਤੇ ਇਸ ਕਲੰਕ ਨੂੰ ਇਸਰਾਏਲ ਉੱਤੋਂ ਹਟਾਵੇ ਤਾਂ ਉਹ ਨੂੰ ਕੀ ਮਿਲੇਗਾ ਕਿਉਂ ਜੋ ਇਹ ਅਸੁੰਨਤੀ ਫ਼ਲਿਸਤੀ ਹੈ ਕੌਣ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰੇ ? 27ਲੋਕਾਂ ਨੇ ਇਸ ਤਰ੍ਹਾਂ ਦਾ ਉੱਤਰ ਦਿੱਤਾ ਕਿ ਜਿਹੜਾ ਉਸ ਨੂੰ ਮਾਰੇ ਉਸ ਮਨੁੱਖ ਨੂੰ ਇਹ ਇਹ ਮਿਲੇਗਾ ।

28ਉਸੇ ਵੇਲੇ ਉਹ ਦੇ ਵੱਡੇ ਭਰਾ ਅਲੀਆਬ ਨੇ ਉਹ ਦੀਆਂ ਗੱਲਾਂ ਸੁਣੀਆਂ ਜੋ ਉਹ ਲੋਕਾਂ ਨਾਲ ਕਰ ਰਿਹਾ ਸੀ ਅਤੇ ਅਲੀਆਬ ਦਾ ਕ੍ਰੋਧ ਦਾਊਦ ਉੱਤੇ ਭੜਕਿਆ ਅਤੇ ਉਹ ਬੋਲਿਆ, ਤੂੰ ਕਿਉਂ ਇੱਥੇ ਆਇਆ ਹੈਂ ਅਤੇ ਉੱਥੇ ਉਜਾੜ ਵਿੱਚ ਉਨ੍ਹਾਂ ਥੋੜੀਆਂ ਜਿਹੀਆਂ ਭੇਡਾਂ ਨੂੰ ਤੂੰ ਕਿਸ ਦੇ ਭਰੋਸੇ ਛੱਡ ਆਇਆ ਹੈਂ ? ਮੈਂ ਤੇਰਾ ਘਮੰਡ ਅਤੇ ਤੇਰੇ ਮਨ ਦੀ ਬੁਰਿਆਈ ਨੂੰ ਜਾਣਦਾ ਹਾਂ । ਤੂੰ ਲੜਾਈ ਵੇਖਣ ਨੂੰ ਹੀ ਆਇਆ ਹੈਂ 29ਦਾਊਦ ਬੋਲਿਆ, ਮੈਂ ਹੁਣ ਕੀ ਕੀਤਾ ਹੈ ? ਕੀ, ਮੈਂ ਗੱਲ ਵੀ ਨਹੀ ਕਰ ਸੱਕਦਾ ? । 30ਉਹ ਉਸ ਕੋਲੋਂ ਮੁੜ ਕੇ ਦੂਜੇ ਦੀ ਵੱਲ ਗਿਆ ਅਤੇ ਉਹੋ ਗੱਲਾਂ ਫੇਰ ਕੀਤੀਆਂ । ਸੋ ਲੋਕਾਂ ਨੇ ਉਹ ਨੂੰ ਪਹਿਲੇ ਵਰਗਾ ਹੀ ਉੱਤਰ ਦਿੱਤਾ ।

31ਅਤੇ ਜਦ ਉਹ ਗੱਲਾਂ ਜੋ ਦਾਊਦ ਨੇ ਆਖੀਆਂ ਸਨ ਸੁਣੀਆਂ ਗਈਆਂ ਤਾਂ ਉਹਨਾਂ ਨੇ ਸ਼ਾਊਲ ਕੋਲ ਉਨ੍ਹਾਂ ਦੀ ਖ਼ਬਰ ਦਿੱਤੀ ਅਤੇ ਉਸ ਨੇ ਉਹ ਨੂੰ ਆਪਣੇ ਕੋਲ ਬੁਲਾਇਆ । 32ਤਦ ਦਾਊਦ ਨੇ ਸ਼ਾਊਲ ਨੂੰ ਆਖਿਆ,ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰਾਵੇ । ਤੁਹਾਡਾ ਦਾਸ ਜਾਵੇਗਾ ਅਤੇ ਉਸ ਫ਼ਲਿਸਤੀ ਨਾਲ ਲੜੇਗਾ । 33ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫ਼ਲਿਸਤੀ ਦਾ ਸਾਹਮਣਾ ਕਰਨ ਅਤੇ ਉਸ ਦੇ ਨਾਲ ਲੜਨ ਯੋਗ ਨਹੀਂ ਹੈਂ ਕਿਉਂ ਜੋ ਤੂੰ ਮੁੰਡਾ ਹੀ ਹੈਂ ਅਤੇ ਉਹ ਬਚਪਨ ਤੋਂ ਹੀ ਯੋਧਾ ਹੈ । 34ਤਦ ਦਾਊਦ ਨੇ ਸ਼ਾਊਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਤਾ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ ਅਤੇ ਜਦ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ । 35ਤਦ ਮੈਂ ਉਹ ਦੇ ਮਗਰ ਨਿੱਕਲਿਆ ਅਤੇ ਉਸ ਨੂੰ ਮਾਰਿਆ ਅਤੇ ਉਸ ਦੇ ਮੂੰਹ ਵਿੱਚੋਂ ਉਹ ਨੂੰ ਛੁਡਾਇਆ ਅਤੇ ਜਦ ਉਸ ਨੇ ਮੇਰੇ ਉੱਤੇ ਹਮਲਾ ਕੀਤਾ ਤਾਂ ਮੈਂ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਮਾਰਿਆ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ । 36ਤੁਹਾਡੇ ਦਾਸ ਨੇ ਸ਼ੇਰ ਅਤੇ ਰਿੱਛ ਦੋਹਾਂ ਨੂੰ ਮਾਰਿਆ ਹੈ ਸੋ ਇਹ ਅਸੁੰਨਤੀ ਫ਼ਲਿਸਤੀ ਉਨ੍ਹਾਂ ਵਿੱਚੋਂ ਇੱਕ ਵਰਗਾ ਹੋਵੇਗਾ ਜੋ ਜਿਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਸ਼ਰਮਿੰਦਾ ਕਰ ਰਿਹਾ ਹੈ ! 37ਫੇਰ ਦਾਊਦ ਨੇ ਇਹ ਵੀ ਆਖਿਆ, ਜਿਸ ਯਹੋਵਾਹ ਨੇ ਮੈਨੂੰ ਸ਼ੇਰ ਦੇ ਪੰਜੇ ਅਤੇ ਰਿੱਛ ਦੇ ਪੰਜੇ ਤੋਂ ਛੁਡਾਇਆ ਹੈ ਉਹੋ ਹੀ ਮੈਨੂੰ ਉਸ ਫ਼ਲਿਸਤੀ ਦੇ ਹੱਥੋਂ ਛੁਡਾਵੇਗਾ । ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਜਾ ਫੇਰ ਅਤੇ ਯਹੋਵਾਹ ਤੇਰੇ ਨਾਲ ਹੋਵੇ । 38ਤਾਂ ਸ਼ਾਊਲ ਨੇ ਆਪਣੇ ਹਥਿਆਰ ਦਾਊਦ ਨੂੰ ਪਹਿਨਾਏ ਅਤੇ ਇੱਕ ਪਿੱਤਲ ਦਾ ਟੋਪ ਉਹ ਦੇ ਸਿਰ ਉੱਤੇ ਧਰਿਆ ਅਤੇ ਸੰਜੋ ਵੀ ਉਹ ਨੂੰ ਪਹਿਨਾਈ 39ਅਤੇ ਦਾਊਦ ਨੇ ਆਪਣੀ ਤਲਵਾਰ ਸੰਜੋ ਉੱਤੇ ਬੰਨ੍ਹੀ ਅਤੇ ਤੁਰਨ ਦਾ ਜਤਨ ਕੀਤਾ ਕਿਉਂ ਜੋ ਉਹ ਨੇ ਇਨਾਂ ਨੂੰ ਕਦੇ ਪਹਿਨਿਆ ਨਹੀਂ ਸੀ । ਤਦ ਦਾਊਦ ਨੇ ਸ਼ਾਊਲ ਨੂੰ ਆਖਿਆ, ਇਨ੍ਹਾਂ ਨਾਲ ਤਾਂ ਮੈਥੋਂ ਨਹੀਂ ਤੁਰਿਆ ਜਾਂਦਾ ਕਿਉਂ ਜੋ ਮੈਂ ਉਨ੍ਹਾਂ ਨੂੰ ਪਰਖਿਆ ਨਹੀਂ ਹੈ । ਸੋ ਦਾਊਦ ਨੇ ਉਹ ਸਭ ਆਪਣੇ ਉੱਤੋਂ ਉਤਾਰ ਦਿੱਤੇ । 40ਅਤੇ ਉਹ ਨੇ ਆਪਣੀ ਸੋਟੀ ਹੱਥ ਵਿੱਚ ਫੜ ਲਈ ਅਤੇ ਉਹ ਨੇ ਉਸ ਸੋਤੇ ਵਿੱਚੋਂ ਪੰਜ ਚੀਕਣੇ ਪੱਥਰ ਚੁਣ ਲਏ ਅਤੇ ਉਨ੍ਹਾਂ ਨੂੰ ਆਜੜੀ ਦੇ ਝੋਲੇ ਵਿੱਚ ਜੋ ਉਹ ਦੇ ਕੋਲ ਸੀ ਅਰਥਾਤ ਗੁਥਲੀ ਵਿੱਚ ਰੱਖ ਲਿਆ ਅਤੇ ਉਹ ਦਾ ਗੁਲੇਲ ਉਹ ਦੇ ਹੱਥ ਵਿੱਚ ਸੀ ਸੋ ਉਹ ਉਸ ਫ਼ਲਿਸਤੀ ਦੇ ਨੇੜੇ ਜਾਣ ਲੱਗਾ ।

ਦਾਊਦ ਨੇ ਗੋਲੀਅਥ ਨੂੰ ਮਾਰਿਆ

41ਤਦ ਫ਼ਲਿਸਤੀ ਤੁਰਿਆ ਅਤੇ ਦਾਊਦ ਦੇ ਨੇੜੇ ਆਉਣ ਲੱਗਾ ਅਤੇ ਉਸ ਦੀ ਢਾਲ ਚੁੱਕਣ ਵਾਲਾ ਉਸ ਦੇ ਅੱਗੇ ਸੀ । 42ਜਦ ਫ਼ਲਿਸਤੀ ਨੇ ਆਲੇ-ਦੁਆਲੇ ਵੇਖ ਕੇ ਦਾਊਦ ਨੂੰ ਵੇਖਿਆ ਤਾਂ ਉਹ ਨੂੰ ਤੁੱਛ ਜਾਣਿਆ ਕਿਉਂ ਜੋ ਉਹ ਮੁੰਡਾ ਹੀ ਸੀ । ਉਹ ਦਾ ਰੰਗ ਲਾਲ ਅਤੇ ਉਹ ਸੋਹਣੇ ਰੂਪ ਦਾ ਸੀ । 43ਸੋ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਕੀ, ਮੈਂ ਕੋਈ ਕੁੱਤਾ ਹਾਂ ਜੋ ਤੂੰ ਸੋਟੀ ਲੈ ਕੇ ਮੇਰੇ ਕੋਲ ਆਇਆ ਹੈਂ ? ਅਤੇ ਫ਼ਲਿਸਤੀ ਆਪਣੇ ਦੇਵਤਿਆਂ ਦੇ ਨਾਮ ਲੈ ਕੇ ਦਾਊਦ ਨੂੰ ਬੁਰਾ ਬੋਲਣ ਲੱਗਾ । 44ਤਦ ਫ਼ਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਸ ਅਕਾਸ਼ ਦੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਖੁਆਵਾਂ ! 45ਪਰ ਦਾਊਦ ਨੇ ਫ਼ਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ ਪਰ ਮੈਂ ਸੈਨਾਵਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੂੰ ਲਲਕਾਰਿਆ ਹੈ ਤੇਰੇ ਕੋਲ ਆਉਂਦਾ ਹਾਂ ! 46ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਅਤੇ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੈਥੋਂ ਵੱਖਰਾ ਕਰ ਦਿਆਂਗਾ ਅਤੇ ਅੱਜ ਹੀ ਫ਼ਲਿਸਤੀਆਂ ਦੇ ਦਲਾਂ ਦੀਆਂ ਲਾਸ਼ਾਂ ਅਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜਾਨਵਰਾਂ ਨੂੰ ਦੇਵਾਂਗਾ ਜੋ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ । 47ਅਤੇ ਇਸ ਸਾਰੇ ਦਲ ਨੂੰ ਵੀ ਖ਼ਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਯੁਧ ਯਹੋਵਾਹ ਦਾ ਹੈ ਅਤੇ ਉਹੋ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ !

48ਅਤੇ ਅਜਿਹਾ ਹੋਇਆ ਜਦ ਫ਼ਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਆਇਆ ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫ਼ਲਿਸਤੀ ਨਾਲ ਲੜਨ ਨੂੰ ਭੱਜਿਆ । 49ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹ ਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੁਲੇਲ ਵਿੱਚ ਰੱਖ ਕੇ ਫਿਲਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਿਆ !

50ਸੋ ਦਾਊਦ ਨੇ ਇੱਕ ਗੁਲੇਲ ਅਤੇ ਇੱਕ ਪੱਥਰ ਨਾਲ ਫ਼ਲਿਸਤੀ ਨੂੰ ਜਿੱਤ ਲਿਆ ਅਤੇ ਉਸ ਫ਼ਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਪਰ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ । 51ਇਸ ਕਰਕੇ ਦਾਊਦ ਭੱਜ ਕੇ ਫ਼ਲਿਸਤੀ ਦੇ ਉੱਤੇ ਚੜ੍ਹ ਖੜ੍ਹਾ ਹੋਇਆ ਅਤੇ ਉਸ ਦੀ ਤਲਵਾਰ ਫੜ੍ਹ ਕੇ ਮਿਆਨੋਂ ਖਿੱਚ ਲਈ ਅਤੇ ਉਸ ਨੂੰ ਮਾਰ ਕੇ ਉਸ ਦਾ ਸਿਰ ਉਸੇ ਤਲਵਾਰ ਨਾਲ ਵੱਢ ਸੁੱਟਿਆ ਅਤੇ ਜਦ ਫ਼ਲਿਸਤੀਆਂ ਨੇ ਆਪਣਾ ਸੂਰਮਾ ਮਰਿਆ ਹੋਇਆ ਵੇਖਿਆ ਤਾਂ ਉਹ ਭੱਜ ਗਏ । 52ਤਾਂ ਇਸਰਾਏਲ ਅਤੇ ਯਹੂਦਾਹ ਦੇ ਲੋਕ ਉੱਠੇ ਅਤੇ ਘਾਟੀ ਤੱਕ ਅਤੇ ਅਕਰੋਨ ਦੇ ਫਾਟਕਾਂ ਤੱਕ ਲਲਕਾਰਦੇ ਹੋਏ ਫ਼ਲਿਸਤੀਆਂ ਦੇ ਮਗਰ ਪਏ ਅਤੇ ਜਿਹੜੇ ਫ਼ਲਿਸਤੀਆਂ ਵਿੱਚੋਂ ਜਖ਼ਮੀ ਹੋ ਗਏ ਸੋ ਸਆਰੈਮ ਦੇ ਰਾਹ ਵਿੱਚ ਗਥ ਅਤੇ ਅਕਰੋਨ ਤੱਕ ਡਿੱਗਦੇ ਗਏ । 53ਤਦ ਇਸਰਾਏਲੀ ਫ਼ਲਿਸਤੀਆਂ ਦੇ ਮਗਰੋਂ ਮੁੜ ਆਏ ਅਤੇ ਉਨ੍ਹਾਂ ਦੇ ਡੇਰਿਆਂ ਨੂੰ ਲੁੱਟ ਲਿਆ । 54ਅਤੇ ਦਾਊਦ ਉਸ ਫ਼ਲਿਸਤੀ ਦਾ ਸਿਰ ਲੈ ਕੇ ਯਰੂਸ਼ਲਮ ਵਿੱਚ ਆਇਆ ਪਰ ਉਸ ਦੇ ਸ਼ਸਤਰਾਂ ਨੂੰ ਉਹ ਨੇ ਆਪਣੇ ਡੇਰੇ ਵਿੱਚ ਰੱਖਿਆ ।

ਦਾਊਦ ਨੂੰ ਸ਼ਾਊਲ ਦੇ ਸਾਹਮਣੇ ਲਿਆਂਦਾ ਜਾਣਾ

55ਜਿਸ ਵੇਲੇ ਸ਼ਾਊਲ ਨੇ ਦਾਊਦ ਨੂੰ ਫ਼ਲਿਸਤੀ ਨਾਲ ਲੜਨ ਲਈ ਜਾਂਦਿਆਂ ਵੇਖਿਆ ਤਾਂ ਉਸ ਨੇ ਸੈਨਾਪਤੀ ਅਬਨੇਰ ਕੋਲੋਂ ਪੁੱਛਿਆ, ਅਬਨੇਰ ਇਹ ਮੁੰਡਾ ਕਿਸ ਦਾ ਪੁੱਤਰ ਹੈ ? ਅਬਨੇਰ ਬੋਲਿਆ, ਹੇ ਮਹਾਰਾਜ, ਤੇਰੇ ਜੀਵਨ ਦੀ ਸਹੁੰ ਮੈਂ ਨਹੀ ਜਾਣਦਾ । 56ਤਦ ਰਾਜੇ ਨੇ ਆਖਿਆ, ਤੂੰ ਪਤਾ ਕਰ ਜੋ ਮੁੰਡਾ ਕਿਸ ਦਾ ਪੁੱਤਰ ਹੈ । 57ਸੋ ਜਦ ਦਾਊਦ ਉਸ ਫ਼ਲਿਸਤੀ ਨੂੰ ਵੱਢ ਕੇ ਮੁੜਿਆ ਤਾਂ ਅਬਨੇਰ ਨੇ ਉਹ ਨੂੰ ਫੜ੍ਹ ਲਿਆ ਅਤੇ ਸ਼ਾਊਲ ਕੋਲ ਲੈ ਗਿਆ ਅਤੇ ਫ਼ਲਿਸਤੀ ਦਾ ਸਿਰ ਉਹ ਦੇ ਹੱਥ ਵਿੱਚ ਸੀ । 58ਤਦ ਸ਼ਾਊਲ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਪੁੱਤਰ ਹੈਂ ? ਤਦ ਦਾਊਦ ਨੇ ਉੱਤਰ ਦਿੱਤਾ, ਮੈਂ ਤੁਹਾਡੇ ਦਾਸ ਬੈਤਲਹਮ ਦੇ ਵਾਸੀ ਯੱਸੀ ਦਾ ਪੁੱਤਰ ਹਾਂ ।

18

1ਅਜਿਹਾ ਹੋਇਆ ਜਦ ਉਹ ਨੇ ਸ਼ਾਊਲ ਨਾਲ ਗੱਲ ਕਰ ਲਈ ਤਾਂ ਯੋਨਾਥਾਨ ਦਾ ਜੀਅ ਦਾਊਦ ਦੇ ਨਾਲ ਇਸ ਤਰ੍ਹਾਂ ਮਿਲ ਗਿਆ ਕਿ ਯੋਨਾਥਾਨ ਨੇ ਉਹ ਨੂੰ ਆਪਣਾ ਮਿੱਤਰ ਬਣਾਇਆ । 2ਸ਼ਾਊਲ ਨੇ ਉਸ ਦਿਨ ਤੋਂ ਉਹ ਨੂੰ ਆਪਣੇ ਕੋਲ ਰੱਖਿਆ ਅਤੇ ਫੇਰ ਉਹ ਨੂੰ ਉਹ ਦੇ ਪਿਤਾ ਦੇ ਘਰ ਨਾ ਮੁੜਨ ਦਿੱਤਾ । 3ਯੋਨਾਥਾਨ ਨੇ ਦਾਊਦ ਨਾਲ ਆਪਸ ਵਿੱਚ ਨੇਮ ਬੰਨ੍ਹਿਆ ਕਿਉਂ ਜੋ ਉਹ ਉਸ ਨੂੰ ਆਪਣੇ ਪ੍ਰਾਣਾਂ ਦੇ ਸਮਾਨ ਪਿਆਰਾ ਜਾਣਦਾ ਸੀ । 4ਯੋਨਾਥਾਨ ਨੇ ਆਪਣਾ ਚੋਗਾ ਲਾਹ ਕੇ ਆਪਣੀ ਤਲਵਾਰ, ਧਣੁਖ ਪਟਕੇ ਨਾਲ, ਆਪਣੇ ਕੱਪੜੇ ਵੀ ਦਾਊਦ ਨੂੰ ਦੇ ਦਿੱਤੇ । 5ਜਿੱਥੇ ਕਿਤੇ ਸ਼ਾਊਲ ਉਹ ਨੂੰ ਭੇਜਦਾ ਸੀ, ਉੱਥੇ ਦਾਊਦ ਜਾਂਦਾ ਸੀ ਅਤੇ ਸਫ਼ਲ ਹੁੰਦਾ ਸੀ ਅਜਿਹਾ ਜੋ ਸ਼ਾਊਲ ਨੇ ਉਹ ਨੂੰ ਜੋਧਿਆਂ ਉੱਤੇ ਸਰਦਾਰ ਬਣਾਇਆ ਅਤੇ ਉਹ ਸਾਰੇ ਲੋਕਾਂ ਦੇ ਸਾਹਮਣੇ ਅਤੇ ਸ਼ਾਊਲ ਦੇ ਸੇਵਕਾਂ ਦੇ ਸਾਹਮਣੇ ਵੀ ਮੰਨਿਆ ਪਰਮੰਨਿਆ ਹੋਇਆ ਸੀ ।

ਸ਼ਾਊਲ ਦਾ ਦਾਊਦ ਤੋਂ ਕ੍ਰੋਧਿਤ ਹੋਣਾ

6ਉਹ ਇਸਤਰੀਆਂ ਗਾਉਂਦੀਆਂ ਨੱਚਦੀਆਂ ਅਨੰਦ ਨਾਲ ਡੱਫ਼ਾਂ ਅਤੇ ਚਿਕਾਰੇ ਵਜਾਉਂਦੀਆਂ ਹੋਈਆਂ ਸ਼ਾਊਲ ਰਾਜਾ ਦੇ ਮਿਲਣ ਨੂੰ ਨਿੱਕਲੀਆਂ । 7ਅਤੇ ਉਨ੍ਹਾਂ ਇਸਤਰੀਆਂ ਨੇ ਵਜਾਉਂਦੇ ਹੋਏ ਵਾਰੋ-ਵਾਰੀ ਗਾ ਕੇ ਆਖਿਆ,

ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ,

ਅਤੇ ਦਾਊਦ ਨੇ ਲੱਖਾਂ ਨੂੰ !

8ਤਦ ਸ਼ਾਊਲ ਨੂੰ ਬਹੁਤ ਕ੍ਰੋਧ ਆਇਆ ਅਤੇ ਇਹ ਗੱਲ ਉਸ ਨੂੰ ਬੁਰੀ ਲੱਗੀ ਅਤੇ ਉਹ ਬੋਲਿਆ, ਉਨ੍ਹਾਂ ਨੇ ਦਾਊਦ ਦੇ ਲਈ ਲੱਖਾਂ ਪਰ ਮੇਰੇ ਲਈ ਹਜ਼ਾਰਾਂ ਠਹਿਰਾਏ ! ਬੱਸ, ਹੁਣ ਰਾਜ ਤੋਂ ਬਿਨ੍ਹਾਂ ਹੋਰ ਉਹ ਨੂੰ ਕੀ ਮਿਲਣਾ ਬਾਕੀ ਹੈ ? 9ਉਸ ਦਿਨ ਤੋਂ ਬਾਅਦ ਦਾਊਦ ਸ਼ਾਊਲ ਦੀ ਅੱਖ ਵਿੱਚ ਰੜਕਣ ਲੱਗਾ ।

10ਅਗਲੇ ਦਿਨ ਅਜਿਹਾ ਹੋਇਆ ਜੋ ਪਰਮੇਸ਼ੁਰ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ । ਤਦ ਉਹ ਘਰ ਵਿੱਚ ਅਗੰਮ ਵਾਕ ਕਰਨ ਲੱਗ ਪਿਆ ਅਤੇ ਦਾਊਦ ਨੇ ਉਹ ਦੇ ਸਾਹਮਣੇ ਪਹਿਲਾਂ ਵਾਂਗੂੰ ਹੱਥ ਨਾਲ ਵਜਾਇਆ । ਉਸ ਵੇਲੇ ਸ਼ਾਊਲ ਦੇ ਹੱਥ ਵਿੱਚ ਇੱਕ ਭਾਲਾ ਸੀ । 11ਤਦ ਸ਼ਾਊਲ ਨੇ ਭਾਲਾ ਸੁੱਟ ਕੇ ਆਖਿਆ, ਮੈਂ ਦਾਊਦ ਨੂੰ ਕੰਧ ਨਾਲ ਵਿੰਨ ਦਿਆਂਗਾ ਪਰ ਦਾਊਦ ਉਹ ਦੇ ਸਾਹਮਣਿਓਂ ਦੂਜੀ ਵਾਰੀ ਵੀ ਬਚ ਨਿੱਕਲਿਆ ।

12ਸ਼ਾਊਲ ਦਾਊਦ ਕੋਲੋਂ ਡਰਦਾ ਸੀ ਕਿਉਂ ਜੋ ਯਹੋਵਾਹ ਉਹ ਦੇ ਨਾਲ ਸੀ ਅਤੇ ਸ਼ਾਊਲ ਕੋਲੋਂ ਵੱਖਰਾ ਹੋ ਗਿਆ । 13ਇਸ ਲਈ ਸ਼ਾਊਲ ਨੇ ਉਹ ਨੂੰ ਆਪਣੇ ਕੋਲੋਂ ਵੱਖਰਾ ਕੀਤਾ ਅਤੇ ਉਹ ਨੂੰ ਹਜ਼ਾਰਾਂ ਦਾ ਸਰਦਾਰ ਬਣਾਇਆ ਅਤੇ ਉਹ ਲੋਕਾਂ ਦੇ ਸਾਹਮਣੇ ਆਉਂਦਾ ਜਾਂਦਾ ਸੀ । 14ਦਾਊਦ ਆਪਣੇ ਸਾਰੇ ਰਾਹਾਂ ਵਿੱਚ ਸਫ਼ਲ ਹੁੰਦਾ ਸੀ ਅਤੇ ਯਹੋਵਾਹ ਉਹ ਦੇ ਨਾਲ ਸੀ । 15ਸੋ ਜਦ ਸ਼ਾਊਲ ਨੇ ਦੇਖਿਆ ਜੋ ਉਹ ਵੱਡੀ ਸਫ਼ਲਤਾ ਨਾਲ ਚਲਦਾ ਹੈ ਤਾਂ ਉਸ ਕੋਲੋਂ ਡਰਨ ਲੱਗ ਪਿਆ । 16ਪਰ ਸਾਰਾ ਇਸਰਾਏਲ ਅਤੇ ਯਹੂਦਾਹ ਦਾਊਦ ਨਾਲ ਪਿਆਰ ਕਰਦਾ ਸੀ ਕਿਉਂ ਜੋ ਉਹ ਉਹਨਾਂ ਦੇ ਅੱਗੇ ਆਉਂਦਾ ਜਾਂਦਾ ਹੁੰਦਾ ਸੀ ।

ਸ਼ਾਊਲ ਦੀ ਧੀ ਮੀਕਲ ਦਾ ਦਾਊਦ ਨਾਲ ਵਿਆਹ

17ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਵੇਖ ਮੇਰੀ ਵੱਡੀ ਧੀ ਮੇਰਬ ਹੈ । ਮੈਂ ਉਹਦਾ ਵਿਆਹ ਤੇਰੇ ਨਾਲ ਕਰ ਦਿਆਂਗਾ । ਤੂੰ ਸਿਰਫ਼ ਮੇਰੇ ਲਈ ਸੂਰਬੀਰ ਬਣ ਕੇ ਯਹੋਵਾਹ ਦੇ ਲਈ ਲੜਾਈ ਕਰ ਕਿਉਂ ਜੋ ਸ਼ਾਊਲ ਨੇ ਮਨ ਵਿੱਚ ਆਖਿਆ, ਕਿ ਉਹ ਦੇ ਉੱਤੇ ਮੇਰਾ ਹੱਥ ਨਾ ਚੱਲੇ ਸਗੋਂ ਉਹ ਦੇ ਉੱਤੇ ਫ਼ਲਿਸਤੀਆਂ ਦਾ ਹੱਥ ਹੀ ਚੱਲੇ । 18ਪਰ ਦਾਊਦ ਨੇ ਸ਼ਾਊਲ ਨੂੰ ਆਖਿਆ, ਮੈਂ ਹਾਂ ਕੌਣ ਅਤੇ ਮੇਰਾ ਜੀਵਨ ਕੀ ਹੈ ਅਤੇ ਇਸਰਾਏਲ ਵਿੱਚ ਮੇਰੇ ਪਿਤਾ ਦਾ ਟੱਬਰ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾਂ ? 19ਪਰ ਅਜਿਹਾ ਹੋਇਆ ਜਦ ਉਹ ਵੇਲਾ ਆਇਆ ਜੋ ਸ਼ਾਊਲ ਦੀ ਧੀ ਮੇਰਬ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਥੀ ਅਦਰੀਏਲ ਨਾਲ ਵਿਆਹੀ ਗਈ ।

20ਅਤੇ ਸ਼ਾਊਲ ਦੀ ਧੀ ਮੀਕਲ ਦਾਊਦ ਨਾਲ ਪ੍ਰੇਮ ਕਰਨ ਲੱਗੀ ਸੋ ਉਨ੍ਹਾਂ ਨੇ ਸ਼ਾਊਲ ਨੂੰ ਖ਼ਬਰ ਦਿੱਤੀ ਅਤੇ ਇਸ ਗੱਲ ਕਰਕੇ ਉਹ ਰਾਜ਼ੀ ਹੋਇਆ । 21ਤਦ ਸ਼ਾਊਲ ਨੇ ਆਖਿਆ, ਮੈਂ ਉਹ ਨੂੰ ਉਸ ਨਾਲ ਵਿਆਹਵਾਂਗਾ ਜੋ ਉਹ ਦੇ ਲਈ ਫਾਹੀ ਹੋਵੇ ਅਤੇ ਫ਼ਲਿਸਤੀਆਂ ਦਾ ਹੱਥ ਉਹ ਦੇ ਉੱਤੇ ਆਣ ਪਵੇ ਸੋ ਸ਼ਾਊਲ ਨੇ ਦਾਊਦ ਨੂੰ ਆਖਿਆ, ਭਈ ਇਸ ਤਰ੍ਹਾਂ ਤੂੰ ਅੱਜ ਹੀ ਮੇਰਾ ਜਵਾਈ ਬਣ ਜਾਵੇਂਗਾ । 22ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ ਕਿ ਦਾਊਦ ਨਾਲ ਹੌਲੀ ਜੇਹੇ ਗੱਲ ਕਰੋ ਅਤੇ ਆਖੋ, ਵੇਖ, ਰਾਜਾ ਤੇਰੇ ਨਾਲ ਰਾਜ਼ੀ ਹੈ ਅਤੇ ਉਸ ਦੇ ਸਾਰੇ ਸੇਵਕ ਤੈਨੂੰ ਪਿਆਰ ਕਰਦੇ ਹਨ । ਹੁਣ ਤੂੰ ਰਾਜਾ ਦਾ ਜਵਾਈ ਬਣ । 23ਤਦ ਸ਼ਾਊਲ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਕਹਿ ਸੁਣਾਈਆਂ ਅਤੇ ਦਾਊਦ ਬੋਲਿਆ, ਭਲਾ, ਇਹ ਤੁਹਾਨੂੰ ਕੋਈ ਛੋਟੀ ਜਿਹੀ ਗੱਲ ਦਿੱਸਦੀ ਹੈ ਜੋ ਮੈਂ ਰਾਜਾ ਦਾ ਜਵਾਈ ਬਣਾਂ ਕਿਉਂ ਜੋ ਮੈਂ ਕੰਗਾਲ ਅਤੇ ਤੁੱਛ ਮਨੁੱਖ ਹਾਂ ? 24ਤਾਂ ਸ਼ਾਊਲ ਦੇ ਸੇਵਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਦਾਊਦ ਇਉਂ ਆਖਦਾ ਹੈ । 25ਤਦ ਸ਼ਾਊਲ ਨੇ ਆਖਿਆ, ਤੁਸੀਂ ਦਾਊਦ ਨੂੰ ਆਖੋ ਕਿ ਰਾਜਾ ਕਿਸੇ ਤਰ੍ਹਾਂ ਦੀ ਕੀਮਤ ਨਹੀਂ ਮੰਗਦਾ ਸਗੋਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਇਸ ਲਈ ਜੋ ਰਾਜਾ ਦੇ ਵੈਰੀਆਂ ਤੋਂ ਬਦਲਾ ਲਿਆ ਜਾਵੇ । ਪਰ ਸ਼ਾਊਲ ਇਹ ਚਾਹੁੰਦਾ ਸੀ ਕਿ ਫ਼ਲਿਸਤੀਆਂ ਦੇ ਰਾਹੀਂ ਦਾਊਦ ਨੂੰ ਮਰਵਾ ਦੇਵੇ । 26ਜਦ ਉਹ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਆਖੀਆਂ, ਤਾਂ ਦਾਊਦ ਨੂੰ ਇਹ ਗੱਲ ਚੰਗੀ ਲੱਗੀ ਜੋ ਰਾਜਾ ਦਾ ਜਵਾਈ ਬਣਾਂ, ਕੁਝ ਦਿਨ ਰਹਿ ਗਏ ਸਨ । 27ਤਦ ਦਾਊਦ ਉੱਠਿਆ ਅਤੇ ਆਪਣੇ ਲੋਕਾਂ ਨੂੰ ਨਾਲ ਲੈ ਕੇ ਤੁਰਿਆ ਅਤੇ ਦੋ ਸੌ ਫ਼ਲਿਸਤੀ ਮਾਰੇ ਅਤੇ ਦਾਊਦ ਉਨ੍ਹਾਂ ਦੀਆਂ ਖਲੜੀਆਂ ਲੈ ਆਇਆ ਅਤੇ ਉਨ੍ਹਾਂ ਨੇ ਉਹ ਸਾਰਾ ਲੇਖਾ ਪੂਰਾ ਕਰਕੇ ਰਾਜੇ ਦੇ ਅੱਗੇ ਰੱਖ ਦਿੱਤੀਆਂ ਜੋ ਉਹ ਰਾਜੇ ਦਾ ਜਵਾਈ ਬਣੇ ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਹ ਨੂੰ ਵਿਆਹ ਦਿੱਤੀ । 28ਇਹ ਵੇਖ ਕੇ ਸ਼ਾਊਲ ਨੇ ਜਾਣ ਲਿਆ ਜੋ ਯਹੋਵਾਹ ਦਾਊਦ ਦੇ ਸੰਗ ਹੈ ਅਤੇ ਉਸ ਦੀ ਦੀ ਧੀ ਮੀਕਲ, ਦਾਊਦ ਦੇ ਨਾਲ ਪਿਆਰ ਕਰਦੀ ਸੀ । 29ਤਦ ਸ਼ਾਊਲ ਦਾਊਦ ਤੋਂ ਹੋਰ ਵੀ ਡਰ ਗਿਆ ਅਤੇ ਸ਼ਾਊਲ ਦਾਊਦ ਦਾ ਸਦਾ ਲਈ ਵੈਰੀ ਬਣ ਗਿਆ ।

30ਤਦ ਫ਼ਲਿਸਤੀਆਂ ਦੇ ਸਰਦਾਰ ਬਾਹਰ ਨਿੱਕਲ ਆਏ ਅਤੇ ਜਦ ਉਹ ਨਿੱਕਲ ਆਏ ਤਾਂ ਸ਼ਾਊਲ ਦੇ ਸੇਵਕਾਂ ਨਾਲੋਂ ਦਾਊਦ ਨੂੰ ਵੱਧ ਸਫ਼ਲਤਾ ਪ੍ਰਾਪਤ ਹੋਈ ਸੋ ਉਹ ਦਾ ਨਾਮ ਬਹੁਤ ਆਦਰ ਪਾ ਗਿਆ ।

19

ਸ਼ਾਊਲ ਦਾਊਦ ਉੱਤੇ ਹਮਲਾ ਕਰਦਾ ਹੈ

1ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਅਤੇ ਆਪਣੇ ਸਾਰਿਆਂ ਸੇਵਕਾਂ ਨੂੰ ਆਖਿਆ ਕਿ ਦਾਊਦ ਨੂੰ ਮਾਰ ਦਿਓ, ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ । 2ਸੋ ਯੋਨਾਥਾਨ ਨੇ ਦਾਊਦ ਨੂੰ ਆਖਿਆ, ਮੇਰਾ ਪਿਤਾ ਤੈਨੂੰ ਮਾਰਨਾ ਚਾਹੁੰਦਾ ਹੈ ਇਸ ਲਈ ਹੁਣ ਸਵੇਰ ਤੱਕ ਤੂੰ ਸਾਵਧਾਨ ਰਹਿ ਅਤੇ ਕਿਸੇ ਗੁਪਤ ਸਥਾਨ ਵਿੱਚ ਆਪ ਨੂੰ ਲੁਕਾ ਲੈ । 3ਅਤੇ ਮੈਂ ਬਾਹਰ ਜਾ ਕੇ ਉਸ ਮੈਦਾਨ ਵਿੱਚ ਜਿੱਥੇ ਤੂੰ ਹੋਵੇਂਗਾ ਆਪਣੇ ਪਿਤਾ ਦੇ ਕੋਲ ਖੜ੍ਹਾ ਹੋਵੇਂਗਾ ਅਤੇ ਆਪਣੇ ਪਿਤਾ ਨਾਲ ਤੇਰੇ ਵਿਖੇ ਗੱਲ ਕਰਾਂਗਾ ਅਤੇ ਜੋ ਕੁਝ ਮੈਨੂੰ ਪਤਾ ਲੱਗੇਗਾ ਤੈਨੂੰ ਦੱਸਾਂਗਾ । 4ਸੋ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਕੋਲ ਦਾਊਦ ਦੀ ਵਡਿਆਈ ਕੀਤੀ ਅਤੇ ਆਖਿਆ,ਰਾਜਾ ਆਪਣੇ ਦਾਸ ਦਾਊਦ ਦਾ ਦੋਸ਼ੀ ਨਾ ਬਣੇ । ਉਸ ਨੇ ਤੇਰਾ ਕੁਝ ਪਾਪ ਨਹੀਂ ਕੀਤਾ ਸਗੋਂ ਉਸ ਦੇ ਕੰਮ ਤੇਰੇ ਫਾਇਦੇ ਲਈ ਹਨ । 5ਕਿਉਂ ਜੋ ਉਸ ਨੇ ਆਪਣੀ ਜਾਨ ਆਪਣੀ ਤਲੀ ਉੱਤੇ ਰੱਖ ਕੇ ਫ਼ਲਿਸਤੀਆਂ ਨੂੰ ਵੱਢਿਆ ਅਤੇ ਯਹੋਵਾਹ ਨੇ ਇਸਰਾਏਲ ਨੂੰ ਵੱਡੀ ਫਤਹ ਬਖ਼ਸ਼ੀ ਅਤੇ ਇਹ ਵੇਖ ਕੇ ਤੂੰ ਵੀ ਪ੍ਰਸੰਨ ਹੋਇਆ ਸੀ । ਫੇਰ ਤੂੰ ਕਿਸ ਗੱਲ ਲਈ ਬੇਦੋਸ਼ੇ ਦੇ ਲਹੂ ਦਾ ਪਾਪ ਕਰਨਾ ਚਾਹੁੰਦਾ ਹੈਂ ਅਤੇ ਬਿਨ੍ਹਾਂ ਕਿਸੇ ਕਾਰਨ ਦਾਊਦ ਨੂੰ ਮਾਰਨਾਂ ਚਾਹੁੰਦਾ ਹੈ ? 6ਸ਼ਾਊਲ ਨੇ ਯੋਨਾਥਾਨ ਦੀ ਗੱਲ ਸੁਣੀ ਅਤੇ ਸਹੁੰ ਖਾ ਕੇ ਆਖਿਆ ਕਿ ਜਿਉਂਦੇ ਯਹੋਵਾਹ ਦੀ ਸਹੁੰ, ਉਹ ਨਾ ਮਾਰਿਆ ਜਾਵੇਗਾ । 7ਤਦ ਯੋਨਾਥਾਨ ਨੇ ਦਾਊਦ ਨੂੰ ਸੱਦ ਕੇ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ ਅਤੇ ਦਾਊਦ ਨੂੰ ਸ਼ਾਊਲ ਕੋਲ ਲੈ ਆਇਆ ਅਤੇ ਉਹ ਅੱਗੇ ਵਾਂਗੂੰ ਉਹ ਦੇ ਕੋਲ ਰਹਿਣ ਲੱਗਾ ।

8ਫੇਰ ਲੜਾਈ ਹੋਈ ਅਤੇ ਦਾਊਦ ਨਿੱਕਲਿਆ ਅਤੇ ਫ਼ਲਿਸਤੀਆਂ ਨਾਲ ਲੜਿਆ ਅਤੇ ਵੱਡੀ ਮਾਰ ਨਾਲ ਅਜਿਹਾ ਮਾਰਿਆ ਕਿ ਉਹ ਉਸ ਦੇ ਅੱਗੋਂ ਨੱਸ ਗਏ । 9ਯਹੋਵਾਹ ਵੱਲੋਂ ਉਹ ਦੁਸ਼ਟ-ਆਤਮਾ ਸ਼ਾਊਲ ਉੱਤੇ ਆਇਆ । ਉਹ ਆਪਣੇ ਘਰ ਵਿੱਚ ਇੱਕ ਭਾਲਾ ਆਪਣੇ ਹੱਥ ਵਿੱਚ ਫੜ੍ਹ ਕੇ ਬੈਠਾ ਹੋਇਆ ਸੀ ਅਤੇ ਦਾਊਦ ਹੱਥ ਨਾਲ ਵਜਾ ਰਿਹਾ ਸੀ । 10ਸ਼ਾਊਲ ਨੇ ਚਾਹਿਆ ਭਈ ਦਾਊਦ ਨੂੰ ਕੰਧ ਨਾਲ ਵਿੰਨ ਦੇਵੇ ਪਰ ਦਾਊਦ ਸ਼ਾਊਲ ਦੇ ਅੱਗੋਂ ਹੱਟ ਗਿਆ ਅਤੇ ਭਾਲਾ ਕੰਧ ਦੇ ਵਿੱਚ ਜਾ ਖੁੱਭਿਆ ਇਸ ਤਰ੍ਹਾਂ ਦਾਊਦ ਉਸ ਰਾਤ ਭੱਜ ਕੇ ਬਚ ਗਿਆ ।

11ਸ਼ਾਊਲ ਨੇ ਉਸ ਦੀ ਰਾਖੀ ਕਰਨ ਅਤੇ ਸਵੇਰੇ ਉਸ ਨੂੰ ਮਾਰ ਸੁੱਟਣ ਲਈ ਦਾਊਦ ਦੇ ਘਰ ਦੂਤ ਘੱਲੇ ਅਤੇ ਦਾਊਦ ਦੀ ਪਤਨੀ ਮੀਕਲ ਨੇ ਉਸ ਨੂੰ ਖ਼ਬਰ ਦੇ ਕੇ ਆਖਿਆ, ਜੇ ਤੂੰ ਅੱਜ ਰਾਤ ਨੂੰ ਆਪਣੀ ਜਾਨ ਨਾ ਬਚਾਵੇਂ ਤਾਂ ਕੱਲ ਮਾਰਿਆ ਜਾਵੇਂਗਾ । 12ਮੀਕਲ ਨੇ ਦਾਊਦ ਨੂੰ ਖਿੜਕੀ ਵਿੱਚੋਂ ਹੇਠਾਂ ਉਤਾਰ ਦਿੱਤਾ ਸੋ ਉਹ ਭੱਜ ਕੇ ਬਚ ਗਿਆ । 13ਤਦ ਮੀਕਲ ਨੇ ਇੱਕ ਘਰੇਲੂ ਬੁੱਤ ਲੈ ਕੇ ਮੰਜੇ ਉੱਤੇ ਲੰਮਾ ਪਾ ਦਿੱਤਾ ਅਤੇ ਬੱਕਰਿਆਂ ਦੇ ਚੰਮ ਦਾ ਸਿਰਹਾਣਾ ਬਣਾ ਕੇ ਉਹ ਦੇ ਸਿਰ ਵਾਲੇ ਪਾਸੇ ਧਰਿਆ ਅਤੇ ਕੱਪੜਾ ਉੱਤੇ ਤਾਣ ਦਿੱਤਾ । 14ਜਦ ਸ਼ਾਊਲ ਨੇ ਦਾਊਦ ਦੇ ਫੜਨ ਨੂੰ ਦੂਤ ਘੱਲੇ ਤਾਂ ਉਹ ਬੋਲੀ, ਉਹ ਤਾਂ ਬੀਮਾਰ ਹੈ । 15ਸ਼ਾਊਲ ਨੇ ਦਾਊਦ ਦੇ ਵੇਖਣ ਲਈ ਦੂਤਾਂ ਨੂੰ ਫੇਰ ਭੇਜਿਆ ਅਤੇ ਆਖਿਆ, ਉਹ ਨੂੰ ਮੰਜੇ ਸਮੇਤ ਮੇਰੇ ਕੋਲ ਚੁੱਕ ਲਿਆਓ ਜੋ ਮੈਂ ਉਹ ਨੂੰ ਮਾਰ ਸੁੱਟਾਂ । 16ਜਦ ਦੂਤ ਅੰਦਰ ਆਏ ਤਾਂ ਵੇਖੋ, ਮੰਜੇ ਉੱਤੇ ਉਹ ਬੁੱਤ ਲੰਮਾ ਪਿਆ ਹੋਇਆ ਹੈ ਅਤੇ ਉਹ ਦੀ ਸਿਰ ਵਾਲੇ ਪਾਸੇ ਬੱਕਰਿਆਂ ਦੀ ਖੱਲ ਦਾ ਸਿਰਹਾਣਾ ਰੱਖਿਆ ਹੋਇਆ ਹੈ । 17ਤਦ ਸ਼ਾਊਲ ਨੇ ਮੀਕਲ ਨੂੰ ਆਖਿਆ, ਤੂੰ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ ਜੋ ਮੇਰੇ ਵੈਰੀ ਨੂੰ ਤੋਰ ਦਿੱਤਾ ਅਤੇ ਉਹ ਬਚ ਗਿਆ ? ਸੋ ਮੀਕਲ ਨੇ ਸ਼ਾਊਲ ਨੂੰ ਉੱਤਰ ਦਿੱਤਾ, ਉਸ ਨੇ ਮੈਨੂੰ ਆਖਿਆ, ਮੈਨੂੰ ਜਾਣ ਦੇ । ਮੈਂ ਤੈਨੂੰ ਕਿਉਂ ਮਾਰ ਸੁੱਟਾਂ ?

18ਦਾਊਦ ਭੱਜ ਕੇ ਬਚ ਗਿਆ ਅਤੇ ਰਾਮਾਹ ਵਿੱਚ ਸਮੂਏਲ ਕੋਲ ਆਇਆ ਅਤੇ ਜੋ ਕੁਝ ਸ਼ਾਊਲ ਨੇ ਉਸ ਨਾਲ ਕੀਤਾ ਸੀ ਸੋ ਸਭ ਉਹ ਨੂੰ ਦੱਸ ਦਿੱਤਾ । ਤਦ ਉਹ ਅਤੇ ਸਮੂਏਲ ਨਾਯੋਥ ਵਿੱਚ ਜਾ ਕੇ ਰਹਿਣ ਲੱਗੇ । 19ਸ਼ਾਊਲ ਨੂੰ ਖ਼ਬਰ ਹੋਈ ਜੋ ਦਾਊਦ ਰਾਮਾਹ ਦੇ ਨਾਯੋਥ ਵਿੱਚ ਹੈ । 20ਤਦ ਸ਼ਾਊਲ ਨੇ ਦਾਊਦ ਦੇ ਫੜਨ ਲਈ ਦੂਤ ਘੱਲੇ ਅਤੇ ਉਨ੍ਹਾਂ ਨੇ ਜਦ ਵੇਖਿਆ ਕਿ ਇੱਕ ਨਬੀਆਂ ਦੀ ਟੋਲੀ ਹੈ ਅਤੇ ਉਹ ਅਗੰਮ ਵਾਕ ਕਰ ਰਹੇ ਹਨ ਅਤੇ ਸਮੂਏਲ ਉਨ੍ਹਾਂ ਦਾ ਆਗੂ ਬਣ ਕੇ ਖੜ੍ਹਾ ਹੋਇਆ ਹੈ ਤਾਂ ਪਰਮੇਸ਼ੁਰ ਦਾ ਆਤਮਾ ਸ਼ਾਊਲ ਦੇ ਦੂਤਾਂ ਉੱਤੇ ਆਇਆ ਅਤੇ ਉਹ ਵੀ ਅਗੰਮ ਬੋਲਣ ਲੱਗੇ । 21ਜਦ ਸ਼ਾਊਲ ਨੂੰ ਇਹ ਖ਼ਬਰ ਪਹੁੰਚੀ ਤਾਂ ਉਸ ਨੇ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ ਹਨ ਤਾਂ ਸ਼ਾਊਲ ਨੇ ਤੀਜੀ ਵਾਰੀ ਫੇਰ ਹੋਰ ਦੂਤ ਘੱਲੇ ਅਤੇ ਉਹ ਵੀ ਅਗੰਮ ਵਾਕ ਕਰਨ ਲੱਗੇ । 22ਤਦ ਉਹ ਆਪ ਰਾਮਾਹ ਨੂੰ ਗਿਆ ਅਤੇ ਉਸ ਵੱਡੇ ਖੂਹ ਕੋਲ ਜੋ ਸੇਕੂ ਵਿੱਚ ਹੈ ਪਹੁੰਚ ਗਿਆ ਅਤੇ ਉਸ ਨੇ ਪੁੱਛਿਆ, ਸਮੂਏਲ ਅਤੇ ਦਾਊਦ ਕਿੱਥੇ ਹਨ ? ਇੱਕ ਨੇ ਆਖਿਆ, ਵੇਖ ਉਹ ਤਾਂ ਰਾਮਾਹ ਦੇ ਨਾਯੋਥ ਵਿੱਚ ਹਨ । 23ਤਦ ਉਹ ਰਾਮਾਹ ਦੇ ਨਾਯੋਥ ਵੱਲ ਗਿਆ ਅਤੇ ਪਰਮੇਸ਼ੁਰ ਦਾ ਆਤਮਾ ਉਹ ਦੇ ਉੱਤੇ ਵੀ ਆਇਆ ਅਤੇ ਉਹ ਰਾਮਾਹ ਤੋਂ ਨਾਯੋਥ ਤੱਕ ਪਹੁੰਚਣ ਤੱਕ ਚਲਦੇ ਚਲਦੇ ਅਗੰਮ ਵਾਕ ਕਰਦਾ ਗਿਆ 24ਅਤੇ ਉਸ ਨੇ ਵੀ ਆਪਣੇ ਕੱਪੜੇ ਉਤਾਰ ਦਿਤੇ ਅਤੇ ਸਮੂਏਲ ਦੇ ਅੱਗੇ ਉਸੇ ਤਰ੍ਹਾਂ ਅਗੰਮ ਵਾਕ ਕਰਨ ਲੱਗਾ ਅਤੇ ਉਸ ਸਾਰੇ ਦਿਨ ਅਤੇ ਸਾਰੀ ਰਾਤ ਵਿੱਚ ਨੰਗਾ ਪਿਆ ਰਿਹਾ । ਸੋ ਇਹ ਕਹਾਉਤ ਚੱਲ ਪਈ " ਕੀ, ਸ਼ਾਊਲ ਵੀ ਨਬੀਆਂ ਵਿੱਚੋਂ ਹੈ ? "

20

ਯੋਨਾਥਾਨ ਦੁਆਰਾ ਦਾਊਦ ਦੀ ਸਹਾਇਤਾ

1ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਕੇ ਯੋਨਾਥਾਨ ਕੋਲ ਆਇਆ ਅਤੇ ਬੋਲਿਆ, ਮੈਂ ਕੀ ਕੀਤਾ ਹੈ ? ਮੇਰਾ ਕੀ ਅਪਰਾਧ ਹੈ ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ ? 2ਤਦ ਉਸ ਨੇ ਉਹ ਨੂੰ ਆਖਿਆ, ਪਰਮੇਸ਼ੁਰ ਇਸ ਤਰ੍ਹਾਂ ਨਾ ਕਰੇ ! ਤੂੰ ਨਾ ਮਾਰਿਆ ਜਾਵੇਂਗਾ । ਵੇਖ, ਮੇਰਾ ਪਿਤਾ ਮੈਨੂੰ ਦੱਸੇ ਬਿਨ੍ਹਾਂ ਕੋਈ ਵੀ ਵੱਡਾ ਜਾਂ ਛੋਟਾ ਕੰਮ ਨਹੀਂ ਕਰਦਾ ਅਤੇ ਇਹ ਗੱਲ ਮੇਰਾ ਪਿਤਾ ਮੇਰੇ ਤੋਂ ਕਿਵੇਂ ਲੁਕਾਵੇਗਾ ? ਅਜਿਹਾ ਨਾ ਹੋਵੇਗਾ । 3ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਤੇਰਾ ਪਿਤਾ ਚੰਗੀ ਤਰ੍ਹਾਂ ਜਾਣਦਾ ਹੈ ਜੋ ਮੇਰੇ ਉੱਤੇ ਤੇਰੀ ਦਯਾ ਦੀ ਨਿਗਾਹ ਹੈ ਅਤੇ ਉਸ ਨੇ ਆਖਿਆ, ਜੋ ਯੋਨਾਥਾਨ ਇਹ ਨਾ ਜਾਣੇ ਕਿ ਉਹ ਦੁੱਖੀ ਹੋਵੇ ਪਰ ਜਿਉਂਦੇ ਪਰਮੇਸ਼ੁਰ ਅਤੇ ਤੇਰੀ ਜਾਨ ਦੀ ਸਹੁੰ, ਮੇਰੇ ਅਤੇ ਮੌਤ ਦੇ ਵਿੱਚ ਸਿਰਫ਼ ਇੱਕ ਹੀ ਕਦਮ ਦੀ ਦੂਰੀ ਹੈ । 4ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਜੋ ਕੁਝ ਤੇਰਾ ਜੀ ਚਾਹੇ ਉਹੋ ਮੈਂ ਤੇਰੇ ਲਈ ਕਰਾਂਗਾ । 5ਦਾਊਦ ਨੇ ਯੋਨਾਥਾਨ ਨੂੰ ਆਖਿਆ, ਵੇਖ, ਕੱਲ ਨਵੇਂ ਚੰਨ ਦਾ ਤਿਉਹਾਰ ਹੈ ਅਤੇ ਮੇਰੇ ਲਈ ਜਰੂਰੀ ਹੈ ਜੋ ਉਸ ਦਿਨ ਮੈਂ ਰਾਜੇ ਨਾਲ ਭੋਜਨ ਕਰਾਂ ਪਰ ਤੂੰ ਮੈਨੂੰ ਇਜ਼ਾਜਤ ਦੇ ਜੋ ਮੈਂ ਤੀਜੇ ਦਿਨ ਦੀ ਸ਼ਾਮ ਤੱਕ ਖੇਤਾਂ ਵਿੱਚ ਲੁਕਿਆ ਰਹਾਂ । 6ਜੇ ਕਦੀ ਤੇਰਾ ਪਿਤਾ ਮੈਨੂੰ ਉੱਥੇ ਨਾ ਵੇਖੇ ਤਾਂ ਉਹ ਨੂੰ ਆਖੀਂ ਜੋ ਦਾਊਦ ਨੇ ਮੇਰੇ ਕੋਲੋਂ ਛੇਤੀ ਹੀ ਆਪਣੇ ਸ਼ਹਿਰ ਬੈਤਲਹਮ ਨੂੰ ਜਾਣ ਲਈ ਮਿੰਨਤ ਕਰ ਕੇ ਛੁੱਟੀ ਲਈ ਹੈ ਕਿਉਂ ਜੋ ਉੱਥੇ ਸਾਰੇ ਪਰਿਵਾਰ ਦੇ ਲਈ ਸਾਲ ਦੀ ਬਲੀ ਭੇਂਟ ਹੈ । 7ਸੋ ਜੇ ਉਹ ਬੋਲੇ," ਠੀਕ ਹੈ "ਤਾਂ ਸਮਝੀ ਸਭ ਕੁਝ ਠੀਕ ਠਾਕ ਹੈ, ਪਰ ਜੇ ਇਹ ਸੁਣ ਕੇ ਉਹ ਨੂੰ ਕ੍ਰੋਧ ਆਵੇ, ਤਾਂ ਸਮਝੀ ਕਿ ਉਸ ਨੇ ਮੈਨੂੰ ਮਾਰਨ ਦਾ ਪੱਕਾ ਫੈਸਲਾ ਕਰ ਲਿਆ ਹੈ । 8ਫੇਰ ਤੈਨੂੰ ਆਪਣੇ ਦਾਸ ਉੱਤੇ ਕਿਰਪਾ ਕਰਨ ਦੀ ਲੋੜ ਪਏਗੀ ਕਿਉਂ ਜੋ ਤੂੰ ਆਪਣੇ ਦਾਸ ਨੂੰ ਯਹੋਵਾਹ ਦੇ ਨੇਮ ਵਿੱਚ ਆਪਣੇ ਨਾਲ ਮਿਲਾਇਆ ਹੈ । ਤਦ ਵੀ ਜੇ ਕਦੀ ਮੇਰੇ ਵਿੱਚ ਕਮੀ ਹੋਵੇ ਤਾਂ ਤੂੰ ਆਪ ਹੀ ਮੈਨੂੰ ਮਾਰ ਸੁੱਟ ਪਰ ਤੂੰ ਆਪਣੇ ਪਿਤਾ ਦੇ ਹੱਥੋਂ ਕਿਉਂ ਮਰਨ ਦੇਵੇਂ ? 9ਤਦ ਯੋਨਾਥਾਨ ਬੋਲਿਆ, ਇਹ ਗੱਲ ਤੇਰੇ ਉੱਤੋਂ ਟਲ ਜਾਵੇ ਜੇ ਕਦੀ ਮੈਨੂੰ ਖ਼ਬਰ ਹੁੰਦੀ ਮੇਰਾ ਪਿਤਾ ਤੇਰੀ ਬੁਰਿਆਈ ਕਰਨਾ ਚਾਹੁੰਦਾ ਹੈ, ਕੀ ਮੈਂ ਤੈਨੂੰ ਖ਼ਬਰ ਨਾ ਕਰਦਾ ? 10ਫੇਰ ਦਾਊਦ ਨੇ ਯੋਨਾਥਾਨ ਨੂੰ ਆਖਿਆ, ਮੈਨੂੰ ਕੌਣ ਖ਼ਬਰ ਦੇਵੇ ? ਕੀ ਜਾਣੀਏ, ਤੇਰਾ ਪਿਤਾ ਤੈਨੂੰ ਅੱਗੋਂ ਸਖ਼ਤ ਜਵਾਬ ਦੇਵੇ । 11ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਅਸੀਂ ਖੇਤ ਵਿੱਚ ਚੱਲੀਏ ਸੋ ਉਹ ਦੋਵੋਂ ਖੇਤ ਵਿੱਚ ਗਏ ।

12ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਜਿਸ ਵੇਲੇ ਮੈਂ ਕੱਲ ਜਾਂ ਪਰਸੋਂ ਆਪਣੇ ਪਿਤਾ ਨੂੰ ਨਿਤਾਰਾਂ ਅਤੇ ਵੇਖ, ਜੇ ਉਹ ਦੀ ਨੀਤ ਦਾਊਦ ਦੇ ਭਲੇ ਵਿੱਚ ਹੋਵੇ ਅਤੇ ਤੇਰੇ ਕੋਲ ਖ਼ਬਰ ਨਾ ਘੱਲਾਂ ਅਤੇ ਤੈਨੂੰ ਨਾ ਦੱਸਾਂ । 13ਤਦ ਯਹੋਵਾਹ ਯੋਨਾਥਾਨ ਨਾਲ ਵੀ ਤੇਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ਅਤੇ ਜੇ ਕਦੀ ਮੇਰੇ ਪਿਤਾ ਦੀ ਨੀਤ ਤੇਰੇ ਵੱਲ ਮਾੜੀ ਹੋਵੇ ਤਦ ਵੀ ਮੈਂ ਤੈਨੂੰ ਦੱਸਾਂਗਾ ਅਤੇ ਵਿਦਾ ਕਰ ਦਿਆਂਗਾ ਜੋ ਤੂੰ ਸੁੱਖ ਨਾਲ ਤੁਰਿਆ ਜਾਵੇਂ ਅਤੇ ਯਹੋਵਾਹ ਤੇਰੇ ਨਾਲ ਹੋਵੇ ਜਿੱਕੁਰ ਮੇਰੇ ਪਿਤਾ ਦੇ ਨਾਲ ਸੀ 14ਅਤੇ ਤੂੰ ਸਿਰਫ ਮੇਰੇ ਜਿਉਂਦੇ ਜੀ ਮੇਰੇ ਉੱਤੇ ਯਹੋਵਾਹ ਦੀ ਕਿਰਪਾ ਕਰੇ, ਜੋ ਮੈਂ ਮਰ ਨਾ ਜਾਂਵਾਂ । 15ਸਗੋਂ ਜਿਸ ਵੇਲੇ ਯਹੋਵਾਹ ਤੇਰੇ ਸਾਰੇ ਵੈਰੀਆਂ ਨੂੰ ਧਰਤੀ ਉੱਤੋਂ ਨਾਸ਼ ਕਰ ਦੇਵੇ ਤਾਂ ਸਦੀਪਕ ਕਾਲ ਦੇ ਲਈ ਮੇਰੀ ਸੰਤਾਨ ਉੱਤੋਂ ਵੀ ਆਪਣੀ ਕਿਰਪਾ ਨਾ ਹਟਾਵੀਂ । 16ਸੋ ਯੋਨਾਥਾਨ ਨੇ ਦਾਊਦ ਦੇ ਪਰਿਵਾਰ ਨਾਲ ਇਹ ਵਾਇਦਾ ਕੀਤਾ ਅਤੇ ਆਖਿਆ, ਭਈ ਯਹੋਵਾਹ ਦਾਊਦ ਦੇ ਵੈਰੀਆਂ ਕੋਲੋਂ ਬਦਲਾ ਲਵੇ । 17ਯੋਨਾਥਾਨ ਨੇ ਦਾਊਦ ਕੋਲੋਂ ਦੋ ਵਾਰੀ ਸਹੁੰ ਚੁਕਾਈ ਇਸ ਲਈ ਜੋ ਉਸ ਨਾਲ ਉਹ ਦਾ ਬਹੁਤ ਪਿਆਰ ਸੀ ਅਤੇ ਉਸ ਨਾਲ ਆਪਣੇ ਪ੍ਰਾਣਾਂ ਦੇ ਸਮਾਨ ਪ੍ਰੀਤ ਰੱਖਦਾ ਸੀ ।

18ਤਦ ਯੋਨਾਥਾਨ ਨੇ ਦਾਊਦ ਨੂੰ ਆਖਿਆ ਕੱਲ ਨਵੇਂ ਚੰਨ ਦਾ ਤਿਉਹਾਰ ਹੋਵੇਗਾ ਅਤੇ ਤੈਨੂੰ ਯਾਦ ਕੀਤਾ ਜਾਵੇਗਾ ਕਿਉਂ ਜੋ ਤੇਰੀ ਜਗ੍ਹਾ ਖਾਲੀ ਰਹੇਗੀ । 19ਤੂੰ ਤਿੰਨਾਂ ਦਿਨਾਂ ਤੋਂ ਬਾਅਦ ਜਰੂਰ ਆਵੀਂ, ਜਿੱਥੇ ਤੂੰ ਉਸ ਦਿਨ ਲੁਕਿਆ ਸੀ, ਅੱਜਲ ਦੀ ਗੁਫਾ ਵਿੱਚ ਰਹੀ । 20ਮੈਂ ਆ ਕੇ ਉਸ ਵੱਲ ਤਿੰਨ ਤੀਰ ਚਲਾਵਾਂਗਾ ਜਿਵੇਂ ਕਿਸੇ ਨਿਸ਼ਾਨੇ ਤੇ ਚਲਾਈਦਾ ਹੈ । 21ਅਤੇ ਵੇਖ, ਉਸ ਵੇਲੇ ਮੈਂ ਇੱਕ ਮੁੰਡੇ ਨੂੰ ਭੇਜਾਂਗਾ ਜੋ ਤੀਰ ਲੱਭ ਕੇ ਲੈ ਆਵੇ । ਉਸ ਵੇਲੇ ਜੇ ਮੈਂ ਮੁੰਡੇ ਨੂੰ ਆਖਾਂ, ਵੇਖ, ਤੀਰ ਤੇਰੇ ਇਸ ਪਾਸੇ ਹਨ ਲੱਭ ਕੇ ਲਿਆ ਤਾਂ ਤੂੰ ਨਿੱਕਲ ਆਵੀਂ ਕਿਉਂ ਜੋ ਤੇਰੇ ਲਈ ਸੁੱਖ ਹੈ ਅਤੇ ਜਿਉਂਦੇ ਪਰਮੇਸ਼ੁਰ ਦੀ ਸਹੁੰ, ਔਖ ਨਹੀਂ ਹੈ । 22ਪਰ ਜੇ ਮੈਂ ਮੁੰਡੇ ਨੂੰ ਇਹ ਆਖਾਂ, ਵੇਖ, ਤੀਰ ਤੇਰੇ ਤੋਂ ਦੂਰ ਹਨ ਤਾਂ ਤੂੰ ਨਿੱਕਲ ਜਾ ਕਿਉਂ ਜੋ ਯਹੋਵਾਹ ਨੇ ਤੈਨੂੰ ਵਿਦਾ ਕੀਤਾ ਹੈ । 23ਉਸ ਗੱਲ ਦੇ ਉੱਤੇ ਜਿਹੜੀ ਮੈਂ ਅਤੇ ਤੂੰ ਕੀਤੀ ਹੈ ਵੇਖ,ਯਹੋਵਾਹ ਤੇਰੇ ਅਤੇ ਮੇਰੇ ਵਿਚਕਾਰ ਸਦਾ ਹੋਵੇ ।

24ਸੋ ਦਾਊਦ ਮੈਦਾਨ ਦੇ ਵਿੱਚ ਲੁਕਿਆ ਅਤੇ ਜਦ ਨਵਾਂ ਚੰਦ ਹੋਇਆ ਤਾਂ ਰਾਜਾ ਰੋਟੀ ਖਾਣ ਲਈ ਬੈਠਾ, 25ਅਤੇ ਰਾਜਾ ਆਪਣੀ ਰੀਤ ਅਨੁਸਾਰ ਉਸ ਚੌਂਕੀ ਉੱਤੇ ਬੈਠਾ ਜੋ ਕੰਧ ਦੇ ਲਾਗੇ ਸੀ ਅਤੇ ਯੋਨਾਥਾਨ ਉੱਠਿਆ ਅਤੇ ਅਬਨੇਰ ਸ਼ਾਊਲ ਦੇ ਇੱਕ ਪਾਸੇ ਵੱਲ ਬੈਠਾ, ਪਰ ਦਾਊਦ ਦੀ ਜਗ੍ਹਾ ਖਾਲੀ ਸੀ ।

26ਉਸ ਦਿਨ ਸ਼ਾਊਲ ਨੇ ਕੁਝ ਨਾ ਆਖਿਆ, ਕਿਉਂ ਜੋ ਉਸ ਨੇ ਵਿਚਾਰਿਆ ਕਿ ਇਸ ਦਾ ਕੋਈ ਨਾ ਕੋਈ ਕਾਰਨ ਹੋਵੇਗਾ । ਅਸ਼ੁੱਧ ਹੋਣਾ ਹੈ, ਜ਼ਰੂਰ ਹੀ ਅਸ਼ੁੱਧ ਹੋਵੇਗਾ । 27ਪਰ ਅਗਲੇ ਦਿਨ ਜੋ ਮਹੀਨੇ ਦਾ ਦੂਜਾ ਦਿਨ ਸੀ ਤਾਂ ਅਜਿਹਾ ਹੋਇਆ ਜੋ ਦਾਊਦ ਦਾ ਥਾਂ ਫੇਰ ਖਾਲੀ ਰਹੀ । ਤਦ ਸ਼ਾਊਲ ਨੇ ਆਪਣੇ ਪੁੱਤਰ ਯੋਨਾਥਾਨ ਨੂੰ ਆਖਿਆ, ਇਹ ਕੀ ਕਾਰਨ ਜੋ ਯੱਸੀ ਦਾ ਪੁੱਤਰ ਨਾ ਕੱਲ ਖਾਣ ਆਇਆ ਸੀ, ਨਾ ਅੱਜ ? 28ਤਦ ਯੋਨਾਥਾਨ ਨੇ ਸ਼ਾਊਲ ਨੂੰ ਉੱਤਰ ਦਿੱਤਾ ਜੋ ਦਾਊਦ ਨੇ ਮਿੰਨਤ ਕਰ ਕੇ ਬੈਤਲਹਮ ਨੂੰ ਜਾਣ ਦੀ ਛੁੱਟੀ ਮੈਥੋਂ ਲਈ ਹੈ । 29ਅਤੇ ਉਸ ਨੇ ਆਖਿਆ, ਮੈਨੂੰ ਛੁੱਟੀ ਦੇ ਕਿਉਂ ਜੋ ਸ਼ਹਿਰ ਵਿੱਚ ਸਾਡੇ ਪਰਿਵਾਰ ਦੀ ਇੱਕ ਬਲੀ ਭੇਟ ਹੈ ਅਤੇ ਮੇਰੇ ਭਰਾ ਨੇ ਮੈਨੂੰ ਉੱਥੇ ਹਾਜ਼ਿਰ ਹੋਣ ਲਈ ਆਖਿਆ ਹੈ ਅਤੇ ਹੁਣ ਜੇ ਕਦੀ ਮੈਂ ਤੁਹਾਡੇ ਵੇਖਣ ਵਿੱਚ ਕਿਰਪਾ ਜੋਗ ਹਾਂ ਤਾਂ ਮੈਨੂੰ ਛੁੱਟੀ ਦਿਉ ਕਿ ਮੈਂ ਆਪਣੇ ਭਰਾਵਾਂ ਨੂੰ ਜਾ ਮਿਲਾਂ । ਇਸ ਕਰਕੇ ਉਹ ਰਾਜੇ ਨਾਲ ਭੋਜਨ ਲਈ ਨਹੀਂ ਆਇਆ ।

30ਤਦ ਸ਼ਾਊਲ ਨੂੰ ਯੋਨਾਥਾਨ ਉਤੇ ਕ੍ਰੋਧ ਆਇਆ ਅਤੇ ਉਸ ਨੇ ਉਹ ਨੂੰ ਆਖਿਆ, ਹੇ ਦੁਸ਼ਟ ਦੇਸ ਧਰੋਹੀ ਦੇ ਪੁੱਤਰ ! ਭਲਾ, ਮੈਨੂੰ ਖ਼ਬਰ ਨਹੀਂ ਜੋ ਤੂੰ ਆਪਣੀ ਲੱਜ ਅਤੇ ਆਪਣੀ ਮਾਂ ਦੇ ਨੰਗੇਜ ਦੀ ਲੱਜ ਲਈ ਯੱਸੀ ਦੇ ਪੁੱਤਰ ਨੂੰ ਚੁਣ ਲਿਆ ਹੈ ? 31ਜਦ ਤੱਕ ਇਹ ਯੱਸੀ ਦਾ ਪੁੱਤਰ ਧਰਤੀ ਉੱਤੇ ਜੀਉਂਦਾ ਹੈ ਤਦ ਤੱਕ ਨਾ ਤੂੰ ਸਥਿਰ ਹੋਵੇਂਗਾ ਨਾ ਤੇਰਾ ਰਾਜ । ਹੁਣੇ ਮਨੁੱਖ ਘੱਲ ਅਤੇ ਉਹ ਨੂੰ ਮੇਰੇ ਕੋਲ ਲਿਆ ਕਿਉਂ ਜੋ ਉਹ ਜਰੂਰ ਮਾਰਿਆ ਜਾਵੇ । 32ਤਦ ਯੋਨਾਥਾਨ ਨੇ ਆਪਣੇ ਪਿਤਾ ਸ਼ਾਊਲ ਨੂੰ ਉੱਤਰ ਦਿੱਤਾ, ਉਹ ਕਿਉਂ ਮਾਰਿਆ ਜਾਵੇ ? ਉਸ ਨੇ ਅਜਿਹਾ ਕੀ ਕੀਤਾ ਹੈ ? 33ਤਦ ਸ਼ਾਊਲ ਨੇ ਉਸ ਦੇ ਮਾਰਨ ਲਈ ਭਾਲਾ ਚਲਾਇਆ । ਤਦ ਯੋਨਾਥਾਨ ਨੂੰ ਖ਼ਬਰ ਹੋਈ ਜੋ ਉਹ ਦੇ ਪਿਤਾ ਨੇ ਦਾਊਦ ਨੂੰ ਮਾਰਨ ਦਾ ਮਨ ਬਣਾ ਲਿਆ ਹੈ । 34ਸੋ ਯੋਨਾਥਾਨ ਵੱਡੇ ਕ੍ਰੋਧ ਨਾਲ ਭੋਜਨ ਦੀ ਮੇਜ ਤੋਂ ਉੱਠ ਗਿਆ ਅਤੇ ਮਹੀਨੇ ਦੇ ਦੂਜੇ ਦਿਨ ਕੁਝ ਭੋਜਨ ਨਾ ਖਾਧਾ ਕਿਉਂ ਜੋ ਉਹ ਦਾਊਦ ਦੇ ਕਾਰਨ ਵੱਡਾ ਦੁਖੀ ਹੋਇਆ ਕਿ ਉਹ ਦੇ ਪਿਤਾ ਨੇ ਦਾਊਦ ਦਾ ਬਹੁਤ ਨਿਰਾਦਰ ਕੀਤਾ ਸੀ ।

35ਸਵੇਰ ਨੂੰ ਯੋਨਾਥਾਨ ਉਸੇ ਵੇਲੇ ਜੋ ਦਾਊਦ ਨਾਲ ਠਹਿਰਾਇਆ ਹੋਇਆ ਸੀ ਮੈਦਾਨ ਵੱਲ ਗਿਆ ਅਤੇ ਇੱਕ ਛੋਟਾ ਮੁੰਡਾ ਉਹ ਦੇ ਨਾਲ ਸੀ । 36ਉਹ ਨੇ ਆਪਣੇ ਮੁੰਡੇ ਨੂੰ ਆਗਿਆ ਕੀਤੀ ਕਿ ਇਹ ਤੀਰ ਜੋ ਮੈਂ ਚਲਾਉਂਦਾ ਹਾਂ ਭੱਜ ਕੇ ਲੱਭ ਲਿਆ ਅਤੇ ਜਿਸ ਵੇਲੇ ਉਹ ਭੱਜਾ ਤਾਂ ਉਸ ਨੇ ਅਜਿਹਾ ਤੀਰ ਮਾਰਿਆ ਜੋ ਉਸ ਮੁੰਡੇ ਤੋਂ ਪਰੇ ਜਾ ਡਿੱਗਾ । 37ਅਤੇ ਜਦ ਉਹ ਮੁੰਡਾ ਉਸ ਤੀਰ ਕੋਲ ਜੋ ਯੋਨਾਥਾਨ ਨੇ ਮਾਰਿਆ ਸੀ ਪਹੁੰਚ ਗਿਆ ਤਾਂ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਕਿਹਾ, ਕੀ, ਤੀਰ ਤੇਰੇ ਤੋਂ ਪਰੇ ਨਹੀਂ ? 38ਨਾਲੇ ਯੋਨਾਥਾਨ ਨੇ ਮੁੰਡੇ ਨੂੰ ਪੁਕਾਰ ਕੇ ਆਖਿਆ, ਛੇਤੀ ਕਰ, ਛੇਤੀ ਹੋ ਢਿੱਲ ਨਾ ਲਾ ! ਸੋ ਯੋਨਾਥਾਨ ਦਾ ਮੁੰਡਾ ਤੀਰਾਂ ਨੂੰ ਇਕੱਠਿਆ ਕਰ ਕੇ ਆਪਣੇ ਮਾਲਕ ਕੋਲ ਲੈ ਆਇਆ । 39ਪਰ ਉਸ ਮੁੰਡੇ ਨੇ ਕੁਝ ਨਾ ਸਮਝਿਆ, ਸਿਰਫ਼ ਦਾਊਦ ਅਤੇ ਯੋਨਾਥਾਨ ਹੀ ਇਸ ਗੱਲ ਨੂੰ ਜਾਣਦੇ ਸਨ । 40ਫੇਰ ਯੋਨਾਥਾਨ ਨੇ ਆਪਣੇ ਹਥਿਆਰ ਉਸ ਮੁੰਡੇ ਨੂੰ ਦੇ ਕੇ ਆਖਿਆ, ਜਾ ਸ਼ਹਿਰ ਵੱਲ ਲੈ ਜਾ । 41ਜਦ ਉਹ ਮੁੰਡਾ ਚੱਲਿਆ ਗਿਆ ਤਾਂ ਦਾਊਦ ਦੱਖਣ ਵੱਲੋਂ ਨਿੱਕਲਿਆ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਿਆ ਅਤੇ ਤਿੰਨ ਵਾਰੀਂ ਮੱਥਾ ਟੇਕਿਆ ਅਤੇ ਉਹਨਾਂ ਨੇ ਆਪੋ ਵਿੱਚ ਇੱਕ ਦੂਜੇ ਨੂੰ ਚੁੰਮਿਆ ਅਤੇ ਦੋਵੇਂ ਇੱਕਠੇ ਰੋਏ, ਪਰ ਦਾਊਦ ਵੱਧ ਰੋਇਆ । 42ਯੋਨਾਥਾਨ ਨੇ ਦਾਊਦ ਨੂੰ ਆਖਿਆ, ਉਸ ਬਚਨ ਦੇ ਕਾਰਨ ਜੋ ਅਸੀਂ ਦੋਹਾਂ ਨੇ ਯਹੋਵਾਹ ਦੇ ਨਾਮ ਦੀ ਸਹੁੰ ਚੁੱਕ ਕੇ ਕੀਤਾ ਕਿ ਮੇਰੇ ਤੇਰੇ ਵਿੱਚ ਅਤੇ ਮੇਰੀ ਤੇਰੀ ਸੰਤਾਨ ਦੇ ਵਿੱਚ ਸਦਾ ਦੇ ਲਈ ਯਹੋਵਾਹ ਰਹੇ, ਤੂੰ ਸੁੱਖ ਨਾਲ ਜਾ । ਸੋ ਉਹ ਉੱਠ ਕੇ ਵਿਦਾ ਹੋਇਆ ਅਤੇ ਯੋਨਾਥਾਨ ਸ਼ਹਿਰ ਨੂੰ ਗਿਆ ।

21

ਦਾਊਦ ਸ਼ਾਊਲ ਕੋਲੋਂ ਭੱਜ ਜਾਂਦਾ ਹੈ

1ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਿਲਣ ਤੋਂ ਡਰਿਆ ਅਤੇ ਉਸ ਨੇ ਪੁੱਛਿਆ, ਤੂੰ ਇੱਕਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਕਿਉਂ ਨਹੀਂ ਹੈ ? 2ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਰਾਜਾ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਭੇਜਿਆ ਹੈ ਕਿਸੇ ਮਨੁੱਖ ਉੱਤੇ ਪਰਗਟ ਨਾ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ-ਫ਼ਲਾਨੇ ਥਾਂ ਬਿਠਾ ਦਿੱਤਾ ਹੈ । 3ਪਰ ਹੁਣ ਤੇਰੇ ਹੱਥ ਵਿੱਚ ਕੀ ਹੈ ? ਪੰਜ ਰੋਟੀਆਂ ਜਾਂ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇ । 4ਜਾਜਕ ਨੇ ਦਾਊਦ ਨੂੰ ਉੱਤਰ ਦੇ ਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤਰ ਰੋਟੀਆਂ ਹਨ ਜੇਕਰ ਕਦੀ ਜੁਆਨਾਂ ਨੇ ਸੱਚ-ਮੁੱਚ ਆਪਣੇ ਆਪ ਨੂੰ ਇਸਤਰੀਆਂ ਕੋਲੋਂ ਵੱਖਰਾ ਰੱਖਿਆ ਹੋਵੇ । 5ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ-ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਇਸਤਰੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਰਾਹ ਖ਼ਾਸ ਨਹੀ ਹੈ ਤਾਂ, ਉਹਨਾਂ ਦੇ ਭਾਂਡੇ ਅੱਜ ਕਿੰਨੇ ਵੱਧ ਸ਼ੁੱਧ ਹੋਣਗੇ । 6ਸੋ ਜਾਜਕ ਨੇ ਪਵਿੱਤਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਜੋ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਗਰਮ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ ।

7ਉਸ ਦਿਨ ਉੱਥੇ ਸ਼ਾਊਲ ਦੇ ਸੇਵਕਾਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਰੁੱਕਿਆ ਹੋਇਆ ਸੀ । ਉਹ ਦਾ ਨਾਮ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਚਰਵਾਹਿਆਂ ਦਾ ਮੁਖੀਆ ਸੀ ।

8ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਜਾਂ ਤਲਵਾਰ ਤਾਂ ਨਹੀਂ ? ਕਿਉਂ ਜੋ ਮੈਂ ਰਾਜਾ ਦੇ ਕੰਮ ਦੀ ਛੇਤੀ ਹੋਣ ਕਾਰਨ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ । 9ਸੋ ਜਾਜਕ ਨੇ ਆਖਿਆ, ਫ਼ਲਿਸਤੀ ਗੋਲਿਅਥ ਦੀ ਤਲਵਾਰ ਜਿਸ ਨੂੰ ਤੂੰ ਏਲਾਹ ਦੀ ਘਾਟੀ ਵਿੱਚ ਮਾਰਿਆ ਸੀ ਵੇਖ ਉਹ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਏਫ਼ੋਦ ਦੇ ਪਿੱਛੇ ਹੈ । ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨ੍ਹਾਂ ਹੋਰ ਇੱਥੇ ਕੋਈ ਹੋਰ ਤਲਵਾਰ ਨਹੀਂ । ਤਦ ਦਾਊਦ ਬੋਲਿਆ, ਉਸ ਦੇ ਵਰਗੀ ਤਾਂ ਹੋਰ ਕੋਈ ਹੈ ਹੀ ਨਹੀਂ । ਉਹੋ ਮੈਨੂੰ ਦੇ ।

10ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ । 11ਆਕੀਸ਼ ਦੇ ਸੇਵਕਾਂ ਨੇ ਉਹ ਨੂੰ ਆਖਿਆ, ਕੀ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਰਾਜਾ ਹੈ ? ਅਤੇ ਉਹ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ,

ਸ਼ਾਊਲ ਨੇ ਹਜ਼ਾਰਾਂ ਨੂੰ ਮਾਰਿਆ,

ਪਰ ਦਾਊਦ ਲੱਖਾਂ ਨੂੰ ?

12ਇਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਤੋਂ ਬਹੁਤ ਡਰਿਆ । 13ਤਦ ਉਹ ਨੇ ਉਸ ਦੇ ਅੱਗੇ ਦੂਸਰੀ ਚਾਲ ਚਲੀ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਪਾਗਲ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉੱਤੇ ਵਿਅਰਥ ਲਕੀਰਾਂ ਖਿਚਣ ਲੱਗਾ ਅਤੇ ਆਪਣੀਆਂ ਲਾਲਾਂ ਦਾਹੜੀ ਉੱਤੇ ਵਗਾਉਣ ਲੱਗਾ । 14ਤਦ ਆਕੀਸ਼ ਨੇ ਆਪਣੇ ਸੇਵਕਾਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ ! ਤੁਸੀਂ ਇਹ ਨੂੰ ਮੇਰੇ ਕੋਲ ਕਿਉਂ ਨੂੰ ਲਿਆਏ ਹੋ ? 15ਭਲਾ, ਮੈਨੂੰ ਪਾਗਲਾਂ ਦੀ ਕਮੀ ਹੈ ਜੋ ਤੁਸੀਂ ਉਸ ਨੂੰ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਨੂੰ ਮੇਰੇ ਕੋਲ ਲੈ ਆਏ ਹੋ ? ਕੀ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ ?

22

ਜਾਜਕਾਂ ਦੀ ਹੱਤਿਆ

1ਦਾਊਦ ਉੱਥੋਂ ਨਿੱਕਲ ਕੇ ਅਦੁੱਲਾਮ ਦੀ ਗੁਫਾ ਵਿੱਚ ਭੱਜ ਗਿਆ ਅਤੇ ਉਹ ਦੇ ਭਰਾ, ਉਹ ਦੇ ਪਿਤਾ ਦਾ ਸਾਰਾ ਟੱਬਰ ਇਹ ਸੁਣ ਕੇ ਉਹ ਦੇ ਕੋਲ ਉੱਥੇ ਆ ਗਏ । 2ਸਭ ਦੁੱਖੀ ਅਤੇ ਕਰਜਾਈ ਅਤੇ ਸਭ ਜੋ ਮੁਸ਼ਕਿਲ ਵਿੱਚ ਸਨ, ਉਹ ਦੇ ਕੋਲ ਆ ਗਏ ਅਤੇ ਉਹ ਉਨ੍ਹਾਂ ਦਾ ਪ੍ਰਧਾਨ ਬਣਿਆ ਅਤੇ ਚਾਰ ਸੌ ਮਨੁੱਖ ਉਹ ਦੇ ਨਾਲ ਹੋ ਗਏ ।

3ਉੱਥੋਂ ਦਾਊਦ ਮੋਆਬ ਦੇ ਮਿਸਫੇਹ ਨੂੰ ਗਿਆ ਅਤੇ ਮੋਆਬ ਦੇ ਰਾਜੇ ਨੂੰ ਆਖਿਆ, ਮੇਰੇ ਪਿਤਾ ਅਤੇ ਮੇਰੀ ਮਾਤਾ ਨੂੰ ਆਗਿਆ ਦੇ ਕਿ ਉਹ ਤੇਰੇ ਕੋਲ ਆ ਕੇ ਰਹਿਣ, ਜਦ ਤੱਕ ਮੈਂ ਨਾ ਜਾਣਾਂ ਜੋ ਪਰਮੇਸ਼ੁਰ ਮੇਰੇ ਨਾਲ ਕੀ ਕਰੇਗਾ । 4ਸੋ ਉਹ ਉਨ੍ਹਾਂ ਨੂੰ ਮੋਆਬ ਦੇ ਰਾਜੇ ਕੋਲ ਲੈ ਆਇਆ ਅਤੇ ਜਦ ਤੱਕ ਦਾਊਦ ਨੇ ਆਪਣੇ ਆਪ ਨੂੰ ਗੜ੍ਹ ਵਿੱਚ ਲੁਕਾ ਕੇ ਰੱਖਿਆ ਉਹ ਉਸ ਦੇ ਨਾਲ ਰਹੇ । 5ਤਦ ਗਾਦ ਨਬੀ ਨੇ ਦਾਊਦ ਨੂੰ ਆਖਿਆ, ਗੜ੍ਹ ਵਿੱਚ ਨਾ ਲੁਕਿਆ ਰਹਿ । ਚੱਲ ਅਤੇ ਯਹੂਦਾਹ ਦੇ ਦੇਸ ਵੱਲ ਨਿੱਕਲ ਜਾ । ਸੋ ਦਾਊਦ ਤੁਰਿਆ ਅਤੇ ਹਾਰਥ ਦੇ ਜੰਗਲ ਵਿੱਚ ਆ ਗਿਆ ।

6ਤਦ ਸ਼ਾਊਲ ਨੇ ਸੁਣਿਆ ਕਿ ਦਾਊਦ ਅਤੇ ਉਸ ਦੇ ਸਾਥੀਆਂ ਦਾ ਪਤਾ ਲੱਗ ਗਿਆ ਹੈ ਕਿਉਂ ਜੋ ਸ਼ਾਊਲ ਉਸ ਵੇਲੇ ਰਾਮਾਹ ਦੇ ਗਿਬਆਹ ਵਿੱਚ ਇੱਕ ਝਾਊ ਦੇ ਬਿਰਛ ਹੇਠ ਆਪਣਾ ਭਾਲਾ ਹੱਥ ਵਿੱਚ ਫੜੀ ਬੈਠਾ ਸੀ ਅਤੇ ਉਸ ਦੇ ਆਲੇ-ਦੁਆਲੇ ਉਸ ਦੇ ਸੇਵਕ ਖੜ੍ਹੇ ਸਨ । 7ਤਦ ਸ਼ਾਊਲ ਨੇ ਆਪਣੇ ਕਰਮਚਾਰੀਆਂ ਨੂੰ ਜੋ ਉਸ ਦੇ ਆਲੇ-ਦੁਆਲੇ ਖੜ੍ਹੇ ਸਨ ਆਖਿਆ, ਸੁਣੋ ਹੇ ਬਿਨਯਾਮੀਨੀਓ ! ਕੀ, ਯੱਸੀ ਦਾ ਪੁੱਤਰ ਤੁਹਾਡੇ ਵਿੱਚੋਂ ਹਰੇਕ ਨੂੰ ਪੈਲੀ ਅਤੇ ਦਾਖਾਂ ਦਾ ਬਾਗ ਦੇਵੇਗਾ ? 8ਅਤੇ ਤੁਹਾਨੂੰ ਸਭਨਾਂ ਨੂੰ ਸੈਂਕੜਿਆਂ ਅਤੇ ਹਜ਼ਾਰਾਂ ਦੇ ਪ੍ਰਧਾਨ ਬਣਾਵੇਗਾ ਜੋ ਤੁਸੀਂ ਸਾਰਿਆਂ ਨੇ ਮੇਰੇ ਵਿਰੋਧੀ ਬਣਨ ਦਾ ਮਨ ਬਣਾਇਆ ਹੈ ਅਤੇ ਅਜਿਹਾ ਹੋਰ ਕੋਈ ਨਹੀਂ ਜੋ ਮੈਨੂੰ ਦੱਸੇ ਕਿ ਮੇਰੇ ਪੁੱਤਰ ਨੇ ਯੱਸੀ ਦੇ ਪੁੱਤਰ ਨਾਲ ਨੇਮ ਕੀਤਾ ਹੈ ਅਤੇ ਤੁਹਾਡੇ ਵਿੱਚੋਂ ਵੀ ਅਜਿਹਾ ਕੋਈ ਨਹੀਂ ਜੋ ਮੇਰੇ ਲਈ ਉਦਾਸ ਹੋਵੇ ਅਤੇ ਮੈਨੂੰ ਦੱਸੇ ਜੋ ਮੇਰੇ ਵਿਰੁੱਧ ਛਹਿ ਲਾ ਕੇ ਬੈਠਣ ਨੂੰ ਜਿਵੇਂ ਅੱਜ ਦੇ ਦਿਨ ਹੈ ਮੇਰੇ ਪੁੱਤਰ ਨੇ ਮੇਰੇ ਸੇਵਕ ਨੂੰ ਚੁੱਕਿਆ ਹੈ ? 9ਤਦ ਦੋਏਗ ਅਦੋਮੀ ਨੇ ਜੋ ਸ਼ਾਊਲ ਦੇ ਸੇਵਕਾਂ ਕੋਲ ਖੜ੍ਹਾ ਸੀ ਉੱਤਰ ਦੇ ਕੇ ਆਖਿਆ, ਮੈਂ ਯੱਸੀ ਦੇ ਪੁੱਤਰ ਨੂੰ ਨੋਬ ਵਿੱਚ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਕੋਲ ਆਉਂਦਾ ਵੇਖਿਆ । 10ਉਹ ਦੇ ਲਈ ਉਸ ਨੇ ਯਹੋਵਾਹ ਕੋਲੋਂ ਪੁੱਛਿਆ ਅਤੇ ਉਹ ਨੂੰ ਰਾਹ ਲਈ ਭੋਜਨ ਵਸਤਾਂ ਦਿੱਤੀਆਂ ਅਤੇ ਫ਼ਲਿਸਤੀ ਗੋਲਿਅਥ ਦੀ ਤਲਵਾਰ ਉਹ ਨੂੰ ਦਿੱਤੀ ।

11ਤਦ ਰਾਜਾ ਨੇ ਅਹੀਟੂਬ ਦੇ ਪੁੱਤਰ ਅਹੀਮਲਕ ਜਾਜਕ ਨੂੰ ਅਤੇ ਉਹ ਦੇ ਪਿਤਾ ਦੇ ਸਾਰੇ ਟੱਬਰ ਨੂੰ ਅਤੇ ਉਨ੍ਹਾਂ ਜਾਜਕਾਂ ਨੂੰ ਜੋ ਟੋਬ ਵਿੱਚ ਸਨ ਸੱਦਾ ਭੇਜਿਆ ਅਤੇ ਉਹ ਸਭ ਰਾਜਾ ਕੋਲ ਆਏ । 12ਤਦ ਸ਼ਾਊਲ ਨੇ ਆਖਿਆ,ਹੇ ਅਹੀਟੂਬ ਦੇ ਪੁੱਤਰ ਤੂੰ ਸੁਣ ! ਉਹ ਬੋਲਿਆ, ਹੇ ਸੁਆਮੀ, ਮੈਂ ਹਾਜ਼ਰ ਹਾਂ । 13ਤਦ ਸ਼ਾਊਲ ਨੇ ਆਖਿਆ, ਤੂੰ ਅਤੇ ਯੱਸੀ ਦੇ ਪੁੱਤਰ ਨੇ ਮੇਰੇ ਵਿਰੁੱਧ ਸਾਜ਼ਿਸ਼ ਕਿਉਂ ਕੀਤੀ ? ਤੂੰ ਜੋ ਉਹ ਨੂੰ ਰੋਟੀ ਅਤੇ ਤਲਵਾਰ ਦਿੱਤੀ ਅਤੇ ਯਹੋਵਾਹ ਕੋਲੋਂ ਪੁੱਛਿਆ ਭਈ ਉਹ ਮੇਰੇ ਵਿਰੁੱਧ ਉੱਠੇ ਅਤੇ ਘਾਤ ਲਾ ਕੇ ਬੈਠੇ ਜਿਵੇਂ ਅੱਜ ਦੇ ਦਿਨ ਹੈ । 14ਤਦ ਅਹੀਮਲਕ ਨੇ ਰਾਜਾ ਨੂੰ ਉੱਤਰ ਦੇ ਕੇ ਆਖਿਆ, ਤੁਹਾਡੇ ਸਾਰਿਆਂ ਸੇਵਕਾਂ ਵਿੱਚੋਂ ਦਾਊਦ ਦੇ ਸਮਾਨ ਧਰਮੀ ਕੌਣ ਹੈ ਜੋ ਰਾਜਾ ਦਾ ਜਵਾਈ ਅਤੇ ਤੁਹਾਡੇ ਦਰਬਾਰ ਵਿੱਚ ਜਾਂਦਾ ਹੁੰਦਾ ਹੈ ਅਤੇ ਤੁਹਾਡੇ ਘਰ ਵਿੱਚ ਇਜ਼ਤ ਵਾਲਾ ਹੈ ? 15ਕੀ, ਮੈਂ ਉਸੇ ਵੇਲੇ ਉਹ ਦੇ ਲਈ ਪਰਮੇਸ਼ੁਰ ਕੋਲੋਂ ਪੁੱਛਿਆ ? ਇਹ ਗੱਲ ਮੈਥੋਂ ਦੂਰ ਹੋਵੇ । ਰਾਜਾ ਆਪਣੇ ਦਾਸ ਦਾ ਅਤੇ ਮੇਰੇ ਪਿਤਾ ਦੇ ਸਾਰੇ ਟੱਬਰ ਦਾ ਕੁਝ ਦੋਸ਼ ਨਾ ਗਿਣੇ ਕਿਉਂ ਜੋ ਤੁਹਾਡਾ ਸੇਵਕ ਇਨ੍ਹਾਂ ਗੱਲਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ । 16ਤਦ ਰਾਜਾ ਬੋਲਿਆ, ਅਹੀਮਲਕ,ਤੂੰ ਜ਼ਰੂਰ ਮਾਰਿਆ ਜਾਵੇਗਾ, ਤੂੰ ਅਤੇ ਤੇਰੇ ਪਿਤਾ ਦਾ ਸਾਰਾ ਟੱਬਰ ! 17ਫੇਰ ਰਾਜਾ ਨੇ ਉਨ੍ਹਾਂ ਸਿਪਾਹੀਆਂ ਨੂੰ ਜੋ ਉਹ ਦੇ ਕੋਲ ਖੜ੍ਹੇ ਸਨ ਆਗਿਆ ਕੀਤੀ, ਤੁਸੀਂ ਅੱਗੇ ਵੱਧੋ ਅਤੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟੋ ਕਿਉਂ ਜੋ ਇਹ ਦਾਊਦ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਨੇ ਜਾਣ ਲਿਆ ਸੀ ਭਈ ਇਹ ਭੱਜਿਆ ਹੋਇਆ ਹੈ ਅਤੇ ਮੈਨੂੰ ਖ਼ਬਰ ਨਾ ਕੀਤੀ । ਪਰ ਰਾਜਾ ਦੇ ਸੇਵਕਾਂ ਨੇ ਯਹੋਵਾਹ ਦੇ ਜਾਜਕਾਂ ਉੱਤੇ ਹੱਥ ਨਾ ਚੁੱਕਿਆ । 18ਤਦ ਰਾਜਾ ਨੇ ਦੋਏਗ ਨੂੰ ਆਖਿਆ, ਤੂੰ ਮੁੜ ਅਤੇ ਜਾਜਕਾਂ ਉੱਤੇ ਹਮਲਾ ਕਰ ! ਸੋ ਅਦੋਮੀ ਦੋਏਗ ਨੇ ਮੁੜ ਕੇ ਜਾਜਕਾਂ ਉੱਤੇ ਹਮਲਾ ਕੀਤਾ ਅਤੇ ਉਸ ਦਿਨ ਉਸ ਨੇ ਪਚਾਸੀ ਜਣਿਆਂ ਨੂੰ ਜਿਨ੍ਹਾਂ ਨੇ ਕਤਾਨ ਦੇ ਏਫ਼ੋਦ ਪਾਏ ਹੋਏ ਸਨ ਮਾਰ ਦਿੱਤਾ । 19ਜਾਜਕਾਂ ਦੇ ਸ਼ਹਿਰ ਨੂੰ ਉਸ ਨੇ ਤਲਵਾਰ ਦੀ ਧਾਰ ਨਾਲ ਮਾਰਿਆ ਅਤੇ ਉਹ ਦੇ ਪੁਰਖ, ਇਸਤਰੀਆਂ, ਬਾਲਕਾਂ, ਦੁੱਧ ਚੁੰਘਦੇ ਬੱਚਿਆਂ ਅਤੇ ਬਲ਼ਦਾਂ, ਖੋਤਿਆਂ ਅਤੇ ਭੇਡਾਂ ਨੂੰ ਤਲਵਾਰ ਦੀ ਧਾਰ ਨਾਲ ਮਾਰਿਆ ।

20ਅਤੇ ਅਹੀਟੂਬ ਦੇ ਪੁੱਤਰ ਅਹੀਮਲਕ ਦੇ ਪੁੱਤਰਾਂ ਵਿੱਚੋਂ ਇੱਕ ਜਣਾ ਜਿਸ ਦਾ ਨਾਮ ਅਬਯਾਥਾਰ ਸੀ ਬਚ ਨਿੱਕਲਿਆ ਅਤੇ ਦਾਊਦ ਵੱਲ ਭੱਜ ਗਿਆ । 21ਅਬਯਾਥਾਰ ਨੇ ਦਾਊਦ ਨੂੰ ਖ਼ਬਰ ਦਿੱਤੀ ਜੋ ਸ਼ਾਊਲ ਨੇ ਯਹੋਵਾਹ ਦੇ ਜਾਜਕਾਂ ਨੂੰ ਮਾਰ ਸੁੱਟਿਆ । 22ਦਾਊਦ ਨੇ ਅਬਯਾਥਾਰ ਨੂੰ ਆਖਿਆ, ਮੈਂ ਤਾਂ ਉਸੇ ਦਿਨ ਜਾਣ ਗਿਆ ਸੀ ਜਦ ਅਦੋਮੀ ਦੋਏਗ ਉੱਥੇ ਸੀ ਕਿ ਇਹ ਜ਼ਰੂਰ ਸ਼ਾਊਲ ਨੂੰ ਖ਼ਬਰ ਦੇਵੇਗਾ । ਤੇਰੇ ਪਿਤਾ ਦੇ ਸਾਰੇ ਟੱਬਰ ਦੇ ਵੱਢ ਸੁੱਟਣ ਦਾ ਮੁੱਢ ਮੈਂ ਹੀ ਹਾਂ । 23ਸੋ ਤੂੰ ਮੇਰੇ ਨਾਲ ਰਹਿ ਅਤੇ ਡਰ ਨਾ ਕਿਉਂ ਜੋ ਜਿਹੜਾ ਤੇਰੀ ਜਾਨ ਨੂੰ ਭਾਲਦਾ ਹੈ ਸੋ ਮੇਰੀ ਜਾਨ ਨੂੰ ਵੀ ਭਾਲਦਾ ਹੈ ਪਰ ਤੂੰ ਮੇਰੇ ਨਾਲ ਸੁਰੱਖਿਅਤ ਰਹੇਂਗਾ ।

23

ਦਾਊਦ ਦੁਆਰਾ ਕਈਲਾਹ ਨਗਰ ਦੀ ਰੱਖਿਆ

1ਤਦ ਉਨ੍ਹਾਂ ਨੇ ਦਾਊਦ ਨੂੰ ਖ਼ਬਰ ਦੇ ਕੇ ਆਖਿਆ,ਵੇਖ ਫ਼ਲਿਸਤੀ ਕਈਲਾਹ ਨਗਰ ਨਾਲ ਲੜਦੇ ਹਨ ਅਤੇ ਫਸਲਾਂ ਨੂੰ ਲੁੱਟਦੇ ਹਨ । 2ਤਦ ਦਾਊਦ ਨੇ ਯਹੋਵਾਹ ਕੋਲੋਂ ਪੁੱਛਿਆ, ਕੀ ਮੈਂ ਜਾਂਵਾਂ ਅਤੇ ਉਨ੍ਹਾਂ ਫ਼ਲਿਸਤੀਆਂ ਨੂੰ ਮਾਰਾਂ ? ਯਹੋਵਾਹ ਨੇ ਦਾਊਦ ਨੂੰ ਆਖਿਆ,ਜਾ ਫ਼ਲਿਸਤੀਆਂ ਨੂੰ ਮਾਰ ਅਤੇ ਕਈਲਾਹ ਨਗਰ ਨੂੰ ਬਚਾ 3ਪਰ ਦਾਊਦ ਦੇ ਲੋਕਾਂ ਨੇ ਉਹ ਨੂੰ ਆਖਿਆ, ਵੇਖ, ਅਸੀਂ ਤਾਂ ਐਥੇ ਯਹੂਦਾਹ ਵਿੱਚ ਵੀ ਡਰ ਦੇ ਮਾਰੇ ਰਹਿ ਰਹੇ ਹਾਂ । ਫੇਰ ਜੇ ਅਸੀਂ ਕਈਲਾਹ ਨਗਰ ਵਿੱਚ ਜਾ ਕੇ ਫ਼ਲਿਸਤੀਆਂ ਦੀ ਫੌਜ ਦਾ ਸਾਹਮਣਾ ਕਰੀਏ ਤਾਂ ਕੀ ਵੱਧ ਡਰ ਦਾ ਸਾਹਮਣਾ ਨਹੀਂ ਕਰਨਗੇ ? 4ਤਦ ਦਾਊਦ ਨੇ ਯਹੋਵਾਹ ਕੋਲੋਂ ਫੇਰ ਪੁੱਛਿਆ, ਸੋ ਯਹੋਵਾਹ ਨੇ ਉੱਤਰ ਦਿੱਤਾ ਕਿ ਉੱਠ ਕਈਲਾਹ ਨਗਰ ਵੱਲ ਜਾ ਕਿਉਂ ਜੋ ਮੈਂ ਫ਼ਲਿਸਤੀਆਂ ਨੂੰ ਤੇਰੇ ਵੱਸ ਵਿੱਚ ਕਰ ਦਿਆਂਗਾ । 5ਸੋ ਦਾਊਦ ਅਤੇ ਉਹ ਦੇ ਮਨੁੱਖ ਕਈਲਾਹ ਨਗਰ ਗਏ ਅਤੇ ਫ਼ਲਿਸਤੀਆਂ ਨਾਲ ਲੜਾਈ ਕੀਤੀ ਅਤੇ ਉਨ੍ਹਾਂ ਦਾ ਮਾਲ ਡੰਗਰ ਲੈ ਆਏ ਅਤੇ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁਟਿਆ, ਸੋ ਦਾਊਦ ਨੇ ਕਈਲਾਹ ਵਾਸੀਆਂ ਨੂੰ ਬਚਾਇਆ ।

6ਅਤੇ ਅਜਿਹਾ ਹੋਇਆ ਜੋ ਜਿਸ ਵੇਲੇ ਅਹੀਮਲਕ ਦਾ ਪੁੱਤਰ ਅਬਯਾਥਾਰ ਭੱਜ ਕੇ ਕਈਲਾਹ ਨਗਰ ਵਿੱਚ ਦਾਊਦ ਕੋਲ ਗਿਆ ਤਾਂ ਉਹ ਦੇ ਹੱਥ ਵਿੱਚ ਇੱਕ ਚੋਗਾ ਸੀ ।

7ਸੋ ਸ਼ਾਊਲ ਨੂੰ ਖ਼ਬਰ ਮਿਲੀ ਕਿ ਦਾਊਦ ਕਈਲਾਹ ਨਗਰ ਵਿੱਚ ਪਹੁੰਚ ਗਿਆ ਹੈ ਅਤੇ ਸ਼ਾਊਲ ਬੋਲਿਆ, ਪਰਮੇਸ਼ੁਰ ਨੇ ਉਹ ਨੂੰ ਮੇਰੇ ਹੱਥ ਵਿੱਚ ਕਰ ਦਿੱਤਾ ਕਿਉਂ ਜੋ ਉਹ ਅਜਿਹੇ ਸ਼ਹਿਰ ਵਿੱਚ ਜਿਸ ਦੇ ਬੂਹੇ ਅਤੇ ਉਚੀ ਚਾਰ ਦੀਵਾਰੀ ਹੈ ਉਸ ਵਿੱਚ ਦਾਖਿਲ ਹੋ ਕੇ ਫਸ ਗਿਆ ਹੈ । 8ਸ਼ਾਊਲ ਨੇ ਆਪਣੇ ਸਾਰੇ ਲੋਕਾਂ ਨੂੰ ਇਕੱਠਿਆ ਕੀਤਾ ਕਿ ਉਹ ਯੁੱਧ ਕਰ ਕੇ ਅਤੇ ਕਈਲਾਹ ਨਗਰ ਵਿੱਚ ਜਾ ਕੇ ਦਾਊਦ ਨੂੰ ਅਤੇ ਉਹ ਦੇ ਸਾਥੀਆਂ ਨੂੰ ਘੇਰਾ ਪਾ ਲੈਣ । 9ਦਾਊਦ ਨੂੰ ਖ਼ਬਰ ਹੋਈ ਜੋ ਸ਼ਾਊਲ ਮੇਰੇ ਨਾਸ਼ ਦੀ ਯੋਜਨਾ ਤਿਆਰ ਕਰ ਰਿਹਾ ਹੈ ਤਾਂ ਉਸ ਨੇ ਅਬਯਾਥਾਰ ਜਾਜਕ ਨੂੰ ਆਖਿਆ, ਏਫ਼ੋਦ ਐਥੇ ਲੈ ਆ । 10ਦਾਊਦ ਨੇ ਆਖਿਆ, ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਤੇਰੇ ਦਾਸ ਨੇ ਜ਼ਰੂਰ ਸੁਣਿਆ ਹੈ ਕਿ ਸ਼ਾਊਲ ਦੀ ਇਹ ਯੋਜਨਾ ਹੈ ਜੋ ਕਈਲਾਹ ਨਗਰ ਵਿੱਚ ਆ ਕੇ ਮੇਰੇ ਕਾਰਨ ਸ਼ਹਿਰ ਦਾ ਹੀ ਨਾਸ਼ ਕਰ ਦੇਵੇ । 11ਕੀ, ਕਈਲਾਹ ਦੇ ਲੋਕ ਮੈਨੂੰ ਉਹ ਦੇ ਹੱਥ ਦੇ ਦੇਣਗੇ ਅਤੇ ਜਿਵੇਂ ਤੇਰੇ ਦਾਸ ਨੇ ਸੁਣਿਆ ਹੈ ਸ਼ਾਊਲ ਆਵੇਗਾ ? ਹੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ,ਤੂੰ ਆਪਣੇ ਦਾਸ ਨੂੰ ਦੱਸ । ਯਹੋਵਾਹ ਨੇ ਆਖਿਆ ਹਾਂ, "ਉਹ ਆਵੇਗਾ" । 12ਤਦ ਦਾਊਦ ਨੇ ਆਖਿਆ, ਕੀ, ਕਈਲਾਹ ਦੇ ਲੋਕ ਮੈਨੂੰ ਅਤੇ ਮੇਰੇ ਲੋਕਾਂ ਨੂੰ ਸ਼ਾਊਲ ਦੇ ਹੱਥ ਦੇ ਦੇਣਗੇ ਜਾਂ ਨਹੀਂ ? ਯਹੋਵਾਹ ਨੇ ਆਖਿਆ, ਉਹ ਦੇ ਦੇਣਗੇ । 13ਤਦ ਦਾਊਦ ਆਪਣੇ ਲੋਕਾਂ ਨਾਲ ਜੋ ਲਗਭਗ ਛੇ ਸੌ ਮਨੁੱਖ ਸਨ ਉੱਠਿਆ ਅਤੇ ਕਈਲਾਹ ਨਗਰ ਵਿੱਚੋਂ ਨਿੱਕਲ ਗਿਆ ਅਤੇ ਜਿੱਥੇ ਕਿਤੇ ਉਨ੍ਹਾਂ ਨੂੰ ਰਾਹ ਲੱਭਾ ਉੱਧਰ ਹੀ ਤੁਰ ਗਏ । ਸ਼ਾਊਲ ਨੂੰ ਖ਼ਬਰ ਮਿਲੀ ਜੋ ਦਾਊਦ ਕਈਲਾਹ ਨਗਰ ਵਿੱਚੋਂ ਨਿੱਕਲ ਗਿਆ ਹੈ ਤਾਂ ਉਹ ਉੱਥੇ ਨਾ ਗਿਆ ।

ਦਾਊਦ ਪਹਾੜੀ ਦੇਸ ਵਿੱਚ

14ਦਾਊਦ ਜੰਗਲ ਦੇ ਵਿੱਚ ਪੱਕਿਆਂ ਥਾਵਾਂ ਦੇ ਵਿੱਚ ਰਹਿਣ ਲੱਗਾ ਅਤੇ ਪਹਾੜੀ ਦੇਸ ਦੇ ਜ਼ੀਫ ਦੀ ਉਜਾੜ ਵਿੱਚ ਜਾ ਟਿਕਿਆ ਅਤੇ ਸ਼ਾਊਲ ਦਿਨੋਂ ਦਿਨ ਉਹ ਦੀ ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਹ ਨੂੰ ਉਸ ਦੇ ਹੱਥ ਵਿੱਚ ਨਾ ਦਿੱਤਾ । 15ਜਦ ਦਾਊਦ ਜਾਣ ਗਿਆ ਜੋ ਸ਼ਾਊਲ ਮੇਰੀ ਜਾਨ ਲੈਣ ਲਈ ਨਿੱਕਲਿਆ ਹੈ ਉਸ ਵੇਲੇ ਦਾਊਦ ਜ਼ੀਫ ਦੀ ਜੰਗਲ ਦੇ ਇੱਕ ਬਣ ਵਿੱਚ ਸੀ । 16ਸ਼ਾਊਲ ਦਾ ਪੁੱਤਰ ਯੋਨਾਥਾਨ ਉੱਠਿਆ ਅਤੇ ਦਾਊਦ ਦੇ ਕੋਲ ਜੰਗਲ ਵਿੱਚ ਜਾ ਕੇ ਉਸ ਨੂੰ ਪਰਮੇਸ਼ੁਰ ਵਿੱਚ ਤੱਸਲੀ ਦਿੱਤੀ । 17ਉਹ ਨੂੰ ਆਖਿਆ, ਤੂੰ ਡਰ ਨਹੀਂ ਕਿਉਂ ਜੋ ਮੇਰੇ ਪਿਤਾ ਸ਼ਾਊਲ ਦਾ ਹੱਥ ਤੇਰੇ ਕੋਲ ਨਾ ਪਹੁੰਚੇਗਾ ਅਤੇ ਤੂੰ ਇਸਰਾਏਲ ਦਾ ਰਾਜਾ ਹੋਵੇਂਗਾ ਅਤੇ ਮੈਂ ਤੇਰੇ ਤੋਂ ਦੂਜੇ ਦਰਜੇ ਤੇ ਹੋਵਾਂਗਾ ਅਤੇ ਇਹ ਗੱਲ ਮੇਰਾ ਪਿਤਾ ਸ਼ਾਊਲ ਵੀ ਜਾਣਦਾ ਹੈ । 18ਸੋ ਉਨ੍ਹਾਂ ਦੋਹਾਂ ਨੇ ਯਹੋਵਾਹ ਦੇ ਅੱਗੇ ਬਚਨ ਕੀਤਾ ਅਤੇ ਦਾਊਦ ਜੰਗਲ ਵਿੱਚ ਠਹਿਰਿਆ ਰਿਹਾ ਅਤੇ ਯੋਨਾਥਾਨ ਆਪਣੇ ਘਰ ਚਲਾ ਗਿਆ ।

19ਤਦ ਜ਼ੀਫੀ ਸ਼ਾਊਲ ਕੋਲ ਗਿਬਆਹ ਵਿੱਚ ਚੜ੍ਹ ਆਏ ਅਤੇ ਬੋਲੇ, ਭਲਾ, ਦਾਊਦ ਸਾਡੇ ਵਿੱਚਕਾਰ ਜੰਗਲ ਦੇ ਪੱਕਿਆਂ ਥਾਵਾਂ ਵਿੱਚ ਹਕੀਲਾਹ ਦੇ ਪਹਾੜ ਉੱਤੇ ਜੋ ਯਸ਼ੀਮੋਨ ਦੇ ਦੱਖਣ ਵੱਲ ਹੈ, ਲੁਕਿਆ ਹੋਇਆ ਨਹੀਂ ਰਹਿੰਦਾ ਹੈ ? 20ਸੋ ਹੇ ਰਾਜਾ, ਹੁਣ ਜੇਕਰ ਤੁਹਾਡੀ ਆਉਣ ਦੀ ਮਰਜ਼ੀ ਹੈ ਤਾਂ ਆ ਜਾਓ ਅਤੇ ਉਸ ਨੂੰ ਰਾਜੇ ਨੂੰ ਫੜਵਾਉਣਾ ਸਾਡਾ ਕੰਮ ਹੈ । 21ਤਦ ਸ਼ਾਊਲ ਬੋਲਿਆ, ਯਹੋਵਾਹ ਵੱਲੋਂ ਤੁਸੀਂ ਧੰਨ ਹੋਵੋ ਕਿਉਂ ਜੋ ਤੁਸੀਂ ਮੇਰੇ ਉੱਤੇ ਦਯਾ ਕੀਤੀ ਹੈ । 22ਹੁਣ ਤੁਰੋ ਅਤੇ ਹੋਰ ਤਿਆਰੀ ਕਰੋ ਅਤੇ ਲੱਭੋ ਅਤੇ ਵੇਖੋ ਜੋ ਉਹ ਦਾ ਟਿਕਾਣਾ ਕਿੱਥੇ ਹੈ ਅਤੇ ਉੱਥੇ ਉਹ ਨੂੰ ਕਿਸ ਨੇ ਵੇਖਿਆ ਹੈ ਕਿਉਂ ਜੋ ਮੈਨੂੰ ਖ਼ਬਰ ਹੈ ਕਿ ਉਹ ਵੱਡੀ ਚਤਰਾਈ ਨਾਲ ਚੱਲਦਾ ਹੈ । 23ਸੋ ਤੁਸੀਂ ਵੇਖੋ ਅਤੇ ਉਨ੍ਹਾਂ ਟਿਕਾਣਿਆਂ ਨੂੰ ਭਾਲੋ ਜਿੱਥੇ ਉਹ ਲੁਕਿਆ ਰਹਿੰਦਾ ਹੈ ਅਤੇ ਚੰਗੀ ਤਰ੍ਹਾਂ ਖ਼ਬਰ ਲੈ ਕੇ ਮੇਰੇ ਕੋਲ ਮੁੜ ਆਓ । ਫੇਰ ਮੈਂ ਤੁਹਾਡੇ ਨਾਲ ਜਾਂਵਾਂਗਾ ਅਤੇ ਅਜਿਹਾ ਹੋਵੇਗਾ ਜੇ ਉਹ ਇਸ ਦੇਸ ਵਿੱਚ ਕਿਤੇ ਹੋਵੇ ਤਾਂ ਮੈਂ ਉਹ ਨੂੰ ਯਹੂਦਾਹ ਦੇ ਹਜ਼ਾਰਾਂ ਵਿੱਚੋਂ ਲੱਭ ਲਵਾਂਗਾ । 24ਸੋ ਉਹ ਉੱਠੇ ਅਤੇ ਸ਼ਾਊਲ ਦੇ ਅੱਗੇ ਜ਼ੀਫ ਨੂੰ ਗਏ । ਉਸ ਵੇਲੇ ਦਾਊਦ ਆਪਣਿਆਂ ਲੋਕਾਂ ਸਮੇਤ ਮਾਓਨ ਦੀ ਉਜਾੜ ਵਿੱਚ ਯਸ਼ੀਮੋਨ ਦੇ ਦੱਖਣ ਵੱਲ ਇੱਕ ਮੈਦਾਨ ਵਿੱਚ ਸੀ । 25ਸ਼ਾਊਲ ਅਤੇ ਉਹ ਦੇ ਲੋਕ ਵੀ ਉਸ ਨੂੰ ਲੱਭਣ ਤੁਰੇ ਅਤੇ ਦਾਊਦ ਨੂੰ ਵੀ ਖ਼ਬਰ ਹੋ ਗਈ ਸੋ ਉਹ ਉਸ ਪੱਥਰ ਕੋਲ ਲਹਿ ਗਿਆ ਅਤੇ ਮਾਓਨ ਦੀ ਉਜਾੜ ਵਿੱਚ ਠਹਿਰਿਆ ਰਿਹਾ ਅਤੇ ਇਹ ਸੁਣ ਕੇ ਸ਼ਾਊਲ ਵੀ ਮਾਓਨ ਦੀ ਉਜਾੜ ਵਿੱਚ ਦਾਊਦ ਦੇ ਮਗਰ ਲੱਗਾ । 26ਸੋ ਸ਼ਾਊਲ ਪਹਾੜ ਦੇ ਇਸ ਪਾਸੇ ਵੱਲ ਜਾਂਦਾ ਸੀ ਅਤੇ ਦਾਊਦ ਆਪਣੇ ਲੋਕਾਂ ਸਮੇਤ ਪਹਾੜ ਦੇ ਉਸ ਪਾਸੇ ਵੱਲ ਅਤੇ ਦਾਊਦ ਨੇ ਸ਼ਾਊਲ ਦੇ ਡਰ ਨਾਲ ਨਿੱਕਲਣ ਵਿੱਚ ਵੱਡੀ ਛੇਤੀ ਕੀਤੀ ਕਿਉਂ ਜੋ ਸ਼ਾਊਲ ਅਤੇ ਉਹ ਦੇ ਲੋਕਾਂ ਨੇ ਦਾਊਦ ਅਤੇ ਉਸ ਦੇ ਲੋਕਾਂ ਨੂੰ ਫੜਨ ਦੇ ਲਈ ਚੁਫ਼ੇਰਿਓਂ ਘੇਰ ਲਿਆ ਸੀ । 27ਉਸ ਵੇਲੇ ਇੱਕ ਸੰਦੇਸ਼ਵਾਹਕ ਸ਼ਾਊਲ ਕੋਲ ਆ ਕੇ ਬੋਲਿਆ, ਛੇਤੀ ਨਾਲ ਆ ਜਾਓ ਕਿਉਂ ਜੋ ਫ਼ਲਿਸਤੀਆਂ ਨੇ ਦੇਸ ਉੱਤੇ ਹਮਲਾ ਕੀਤਾ ਹੈ । 28ਸੋ ਸ਼ਾਊਲ ਦਾਊਦ ਦੇ ਮਗਰ ਲੱਗਣੋਂ ਹਟਿਆ ਅਤੇ ਫ਼ਲਿਸਤੀਆਂ ਦੇ ਵਿਰੁੱਧ ਹੋਇਆ । ਇਸ ਲਈ ਉਨ੍ਹਾਂ ਨੇ ਉਸ ਥਾਂ ਦਾ ਨਾਮ "ਰਿਹਾਈ ਦੀ ਚਟਾਨ ਰੱਖਿਆ । 29ਦਾਊਦ ਉੱਥੋਂ ਨਿੱਕਲ ਕੇ ਏਨ ਗਦੀ ਦੇ ਗੜ੍ਹਾਂ ਵਿੱਚ ਆ ਕੇ ਰਹਿਣ ਲੱਗ ਪਿਆ ।

24

ਦਾਊਦ ਸ਼ਾਊਲ ਉੱਤੇ ਹੱਥ ਨਹੀਂ ਉਠਾਉਂਦਾ

1ਅਜਿਹਾ ਹੋਇਆ ਜਦ ਸ਼ਾਊਲ ਫ਼ਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹ ਨੂੰ ਖ਼ਬਰ ਦਿੱਤੀ ਕਿ ਵੇਖੋ,ਦਾਊਦ ਏਨ ਗਦੀ ਦੀ ਉਜਾੜ ਵਿੱਚ ਹੈ । 2ਤਦ ਸ਼ਾਊਲ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹ ਦੇ ਮਨੁੱਖਾਂ ਨੂੰ ਭਾਲਣ ਤੁਰਿਆ । 3ਜਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ । ਉੱਥੇ ਇੱਕ ਗੁਫ਼ਾ ਸੀ ਸੋ ਸ਼ਾਊਲ ਜੰਗਲ ਪਾਣੀ ਫਿਰਨ ਲਈ ਉਸ ਗੁਫ਼ਾ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣਿਆਂ ਮਨੁੱਖਾਂ ਸਮੇਤ ਉਸੇ ਗੁਫ਼ਾ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ । 4ਦਾਊਦ ਦੇ ਮਨੁੱਖਾਂ ਨੇ ਉਹ ਨੂੰ ਆਖਿਆ, ਵੇਖੋ, ਉਹ ਦਿਨ ਆਇਆ ਹੈ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਕਿ ਵੇਖ, ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹ ਦੇ ਨਾਲ ਕਰਨ ਤੇਰੇ ਹੱਥ ਵਿੱਚ ਕਰ ਦਿਆਂਗਾ । ਤਦ ਦਾਊਦ ਨੇ ਚੁਪ-ਚਾਪ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆ । 5ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਬੇਚੈਨ ਹੋ ਗਿਆ ਇਸ ਲਈ ਕਿ ਉਸ ਨੇ ਉਹ ਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ । 6ਅਤੇ ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾਹ ਨਾ ਕਰੇ ਕਿ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਅਭਿਸ਼ੇਕ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਅਭਿਸ਼ੇਕ ਕੀਤਾ ਹੋਇਆ ਹੈ । 7ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਇਹ ਗੱਲਾਂ ਸੁਣਾ ਕੇ ਰੋਕਿਆ ਅਤੇ ਉਨ੍ਹਾਂ ਨੂੰ ਸ਼ਾਊਲ ਉੱਤੇ ਹੱਥ ਨਾ ਚਲਾਉਣ ਦਿੱਤਾ ਅਤੇ ਸ਼ਾਊਲ ਗੁਫ਼ਾ ਵਿੱਚੋਂ ਉੱਠ ਨਿੱਕਲ ਕੇ ਆਪਣੇ ਰਾਹ ਤੁਰਿਆ ।

8ਇਹ ਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਗੁਫ਼ਾ ਵਿੱਚੋਂ ਨਿੱਕਲਿਆ ਅਤੇ ਸ਼ਾਊਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਮਹਾਰਾਜ ਰਾਜਾ ! ਜਦ ਸ਼ਾਊਲ ਨੇ ਪਿਛੇ ਮੁੜ ਕੇ ਜਦ ਡਿੱਠਾ ਤਾਂ ਦਾਊਦ ਨੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ । 9ਦਾਊਦ ਨੇ ਸ਼ਾਊਲ ਨੂੰ ਆਖਿਆ, ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਿਉਂ ਕੰਨ ਲਾਉਂਦਾ ਹੈ ਜਿਹੜੇ ਆਖਦੇ ਹਨ ਭਈ ਵੇਖੋ, ਦਾਊਦ ਤੁਹਾਡੀ ਬੁਰਿਆਈ ਚਾਹੁੰਦਾ ਹੈ ? 10ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਦੇਖਿਆ ਜੋ ਯਹੋਵਾਹ ਨੇ ਅੱਜ ਹੀ ਕਿਸ ਤਰ੍ਹਾਂ ਤੈਨੂੰ ਗੁਫ਼ਾ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ ਅਤੇ ਕਈਆਂ ਨੇ ਮੈਨੂੰ ਆਖਿਆ ਵੀ, ਉਹ ਨੂੰ ਮਾਰ ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ ਕਿਉਂ ਜੋ ਉਹ ਯਹੋਵਾਹ ਦਾ ਅਭਿਸ਼ੇਕ ਕੀਤਾ ਹੋਇਆ ਹੈ । 11ਹੇ ਮੇਰੇ ਪਿਤਾ, ਵੇਖ, ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ ਮੈਂ ਤੇਰੀ ਚੱਦਰ ਦਾ ਪੱਲਾ ਕੱਟ ਲਿਆ ਪਰ ਤੈਨੂੰ ਨਾ ਮਾਰਿਆ । ਸੋ ਹੁਣ ਤੂੰ ਇਸ ਗੱਲ ਤੋਂ ਜਾਣ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ ਤਾਂ ਵੀ ਤੂੰ ਮੇਰੀ ਜਿੰਦ ਦਾ ਨਾਸ ਕਰਨ ਦੀ ਭਾਲ ਵਿੱਚ ਲੱਗਾ ਰਹਿੰਦਾ ਹੈਂ । 12ਮੇਰਾ ਤੇਰਾ ਨਿਆਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾਂ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ । 13ਜਿਵੇਂ ਪੁਰਾਣਿਆਂ ਦੀ ਅਖਾਉਤ ਵਿੱਚ ਹੈ ਭਈ ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ । 14ਇਸਰਾਏਲ ਦਾ ਰਾਜਾ ਕਿਸ ਦੇ ਮਗਰ ਨਿੱਕਲਿਆ ਹੈ ਅਤੇ ਤੂੰ ਕਿਸ ਦਾ ਪਿੱਛਾ ਕਰਨ ਲਈ ਆਇਆ ਹੈਂ ? ਭਲਾ, ਮਰੇ ਹੋਏ ਕੁੱਤੇ ਦਾ ਜਾਂ ਇੱਕ ਪਿੱਸੂ ਦਾ ! 15ਫੇਰ ਯਹੋਵਾਹ ਹੀ ਨਿਆਈ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ ।

16ਅਜਿਹਾ ਹੋਇਆ ਜਦ ਦਾਊਦ ਨੇ ਇਹ ਗੱਲਾਂ ਸ਼ਾਊਲ ਨੂੰ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤਰ ਦਾਊਦ, ਇਹ ਤੇਰੀ ਅਵਾਜ਼ ਹੈ ? ਅਤੇ ਸ਼ਾਊਲ ਉੱਚੀ ਅਵਾਜ਼ ਨਾਲ ਰੋਇਆ 17ਤਦ ਉਸ ਨੇ ਦਾਊਦ ਨੂੰ ਆਖਿਆ, ਤੂੰ ਮੇਰੇ ਤੋਂ ਵੱਧ ਧਰਮੀ ਹੈਂ ਕਿਉਂ ਜੋ ਮੈਂ ਤੇਰੇ ਨਾਲ ਬੁਰਿਆਈ ਕੀਤੀ ਪਰ ਤੂੰ ਉਹ ਦੇ ਬਦਲੇ ਮੇਰੇ ਨਾਲ ਭਲਿਆਈ ਕੀਤੀ ਹੈ । 18ਅੱਜ ਤੂੰ ਪ੍ਰਗਟ ਕੀਤਾ ਜੋ ਤੂੰ ਮੇਰੇ ਨਾਲ ਭਲਿਆਈ ਕੀਤੀ ਜਦ ਕਿ ਜੋ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਪਰ ਤੂੰ ਮੈਨੂੰ ਨਾ ਮਾਰਿਆ । 19ਜੇ ਕਦੀ ਕੋਈ ਮਨੁੱਖ ਆਪਣੇ ਵੈਰੀ ਨੂੰ ਟੱਕਰ ਜਾਵੇ ਤਾਂ ਕੀ, ਉਹ ਨੂੰ ਸੁਖ-ਸਾਂਦ ਨਾਲ ਛੱਡ ਦਿੰਦਾ ਹੈ ? ਸੋ ਯਹੋਵਾਹ ਉਸ ਭਲਿਆਈ ਦੇ ਥਾਂ ਜੋ ਤੂੰ ਅੱਜ ਮੇਰੇ ਨਾਲ ਕੀਤੀ ਹੈ ਤੇਰੇ ਨਾਲ ਵੀ ਭਲਿਆਈ ਕਰੇ । 20ਵੇਖ, ਹੁਣ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਸੱਚ-ਮੁੱਚ ਤੂੰ ਰਾਜਾ ਬਣੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥ ਵਿੱਚ ਹੋਵੇਗਾ । 21ਸੋ ਤੂੰ ਮੇਰੇ ਨਾਲ ਯਹੋਵਾਹ ਦੀ ਸਹੁੰ ਖਾ ਕੇ ਇਉਂ ਆਖ ਜੋ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਦਾ ਨਾਸ ਨਾ ਕਰਾਂਗਾ ਅਤੇ ਤੇਰੇ ਪਿਤਾ ਦੇ ਟੱਬਰ ਵਿੱਚੋਂ ਤੇਰੇ ਨਾਮ ਨੂੰ ਨਾ ਮਿਟਾਵਾਂਗਾ । 22ਸੋ ਦਾਊਦ ਨੇ ਸ਼ਾਊਲ ਨਾਲ ਸਹੁੰ ਖਾਧੀ ਅਤੇ ਸ਼ਾਊਲ ਘਰ ਨੂੰ ਚੱਲਿਆ ਗਿਆ ਪਰ ਦਾਊਦ ਅਤੇ ਉਹ ਦੇ ਲੋਕ ਗੜ੍ਹ ਵਿੱਚ ਜਾ ਬੈਠੇ ।

25

ਸਮੂਏਲ ਦੀ ਮੌਤ

1ਸਮੂਏਲ ਮਰ ਗਿਆ ਅਤੇ ਸਾਰੇ ਇਸਰਾਏਲੀਆਂ ਨੇ ਇੱਕਠਿਆਂ ਹੋ ਕੇ ਉਹ ਦਾ ਸੋਗ ਕੀਤਾ ਅਤੇ ਰਾਮਾਹ ਵਿੱਚ ਉਹ ਦੇ ਹੀ ਘਰ ਉਹ ਨੂੰ ਦੱਬਿਆ ਅਤੇ ਦਾਊਦ ਉੱਠ ਕੇ ਪਾਰਾਨ ਦੀ ਉਜਾੜ ਵੱਲ ਚਲਾ ਗਿਆ ।

ਦਾਊਦ ਅਤੇ ਅਬੀਗੈਲ

2ਉੱਥੇ ਮਾਓਨ ਵਿੱਚ ਇੱਕ ਮਨੁੱਖ ਸੀ ਜਿਹ ਦਾ ਕਾਰੋਬਾਰ ਕਰਮਲ ਵਿੱਚ ਸੀ । ਇਹ ਬਹੁਤ ਧਨਵਾਨ ਮਨੁੱਖ ਸੀ ਅਤੇ ਤਿੰਨ ਹਜ਼ਾਰ ਭੇਡ ਅਤੇ ਇੱਕ ਹਜ਼ਾਰ ਬੱਕਰੀਆਂ ਉਹ ਦੇ ਕੋਲ ਸੀ ਅਤੇ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ । 3ਉਸ ਮਨੁੱਖ ਦਾ ਨਾਮ ਨਾਬਾਲ ਅਤੇ ਉਹ ਦੀ ਇਸਤਰੀ ਦਾ ਨਾਮ ਅਬੀਗੈਲ ਸੀ । ਇਹ ਇਸਤਰੀ ਵੱਡੀ ਸਿਆਣੀ ਅਤੇ ਰੂਪਵੰਤੀ ਸੀ ਪਰ ਉਹ ਮਨੁੱਖ ਵੱਡਾ ਬੋਲ ਵਿਗਾੜ ਅਤੇ ਖੋਟਾ ਸੀ ਅਤੇ ਉਹ ਕਾਲੇਬ ਦੀ ਸੰਤਾਨ ਵਿੱਚੋਂ ਸੀ । 4ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ । 5ਸੋ ਦਾਊਦ ਨੇ ਦਸ ਜੁਆਨ ਘੱਲੇ ਅਤੇ ਦਾਊਦ ਨੇ ਉਨ੍ਹਾਂ ਜੁਆਨਾਂ ਨੂੰ ਆਖਿਆ, ਤੁਸੀਂ ਨਾਬਾਲ ਕੋਲ ਕਰਮਲ ਨੂੰ ਤੁਰ ਜਾਓ ਅਤੇ ਮੇਰਾ ਨਾਮ ਲੈ ਕੇ ਉਹ ਦੀ ਸੁਖ-ਸਾਂਦ ਪੁੱਛੋ । 6ਅਤੇ ਉਸ ਵਡਭਾਗੀ ਮਨੁੱਖ ਨੂੰ ਇਉਂ ਆਖੋ, ਤੇਰੀ ਸਲਾਮਤੀ, ਤੇਰੇ ਘਰ ਦੀ ਸਲਾਮਤੀ ਅਤੇ ਉਨ੍ਹਾਂ ਸਭਨਾਂ ਦੀ ਜੋ ਤੇਰੇ ਨਾਲ ਹਨ ਸਲਾਮਤੀ ਹੋਵੇ ! 7ਮੈਂ ਹੁਣ ਸੁਣਿਆ ਹੈ ਜੋ ਤੇਰੇ ਕੋਲ ਉੱਨ ਕਤਰਨ ਵਾਲੇ ਹਨ ਅਤੇ ਜਦ ਤੇਰੇ ਆਜੜੀ ਸਾਡੇ ਨਾਲ ਸਨ, ਅਸੀਂ ਉਨ੍ਹਾਂ ਨੂੰ ਕੁਝ ਦੁੱਖ ਨਹੀਂ ਦਿੱਤਾ ਅਤੇ ਜਿੰਨਾ ਚਿਰ ਉਹ ਕਰਮਲ ਵਿੱਚ ਸਨ ਉਨ੍ਹਾਂ ਦਾ ਕੁਝ ਨਹੀਂ ਗੁਆਚਿਆ । 8ਤੂੰ ਆਪਣੇ ਜੁਆਨਾਂ ਕੋਲੋਂ ਪੁੱਛ, ਉਹ ਜ਼ਰੂਰ ਤੈਨੂੰ ਦੱਸਣਗੇ ਸੋ ਸਾਡੇ ਇਹ ਜੁਆਨ ਤੁਹਾਡੀ ਨਿਗਾਹ ਵਿੱਚ ਦਯਾ ਜੋਗ ਹੋਣ ਕਿਉਂ ਜੋ ਅਸੀਂ ਭਲੇ ਦਿਨ ਆਏ ਹਾਂ । ਜੋ ਕੁਝ ਤੇਰੇ ਹੱਥ ਆਵੇ ਆਪਣੇ ਸੇਵਕਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਬਖ਼ਸ਼ ਦੇ ।

9ਸੋ ਦਾਊਦ ਦੇ ਜੁਆਨਾਂ ਨੇ ਦਾਊਦ ਦਾ ਨਾਮ ਲੈ ਕੇ ਉਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆ ਕੇ ਆਖਿਆ, ਤਾਂ ਚੁੱਪ ਕਰ ਰਹੇ । 10ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਉੱਤਰ ਦੇ ਕੇ ਆਖਿਆ, ਭਲਾ, ਦਾਊਦ ਹੈ ਕੌਣ ਅਤੇ ਯੱਸੀ ਦਾ ਪੁੱਤਰ ਕੌਣ ? ਅੱਜ-ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ । 11ਭਲਾ, ਮੈਂ ਆਪਣੀ ਰੋਟੀ ਅਤੇ ਪਾਣੀ ਅਤੇ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਨ੍ਹਾਂ ਲੋਕਾਂ ਨੂੰ ਲਿਆ ਦੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ ? 12ਦਾਊਦ ਦੇ ਜੁਆਨ ਹਟ ਕੇ ਤੁਰ ਪਏ ਅਤੇ ਮੁੜ ਆਏ ਅਤੇ ਉਨ੍ਹਾਂ ਸਭਨਾਂ ਗੱਲਾਂ ਦੇ ਅਨੁਸਾਰ ਉਹ ਨੂੰ ਸੁਨੇਹਾ ਆ ਦਿੱਤਾ । 13ਤਦ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸੱਭੋ ਆਪੋ ਆਪਣੀਆਂ ਤਲਵਾਰਾਂ ਬੰਨ੍ਹੋ । ਸੋ ਸਭਨਾਂ ਨੇ ਆਪੋ-ਆਪਣੀ ਤਲਵਾਰ ਬੰਨ ਲਈ ਅਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ ਅਤੇ ਚਾਰ ਸੌ ਜੁਆਨ ਦਾਊਦ ਦੇ ਨਾਲ ਤੁਰ ਪਏ ਅਤੇ ਦੋ ਸੌ ਨਿੱਕ ਸੁੱਕ ਕੋਲ ਠਹਿਰੇ ।

14ਪਰ ਉਨ੍ਹਾਂ ਜੁਆਨਾਂ ਵਿੱਚੋਂ ਇੱਕ ਨੇ ਨਾਬਾਲ ਦੀ ਇਸਤਰੀ ਅਬੀਗੈਲ ਨੂੰ ਆਖਿਆ, ਵੇਖੋ, ਦਾਊਦ ਨੇ ਉਜਾੜ ਵਿੱਚੋਂ ਸਾਡੇ ਮਾਲਕ ਕੋਲ ਸੁਖ-ਸਾਂਦ ਪੁੱਛਣ ਲਈ ਦੂਤ ਘੱਲੇ ਪਰ ਉਸ ਨੇ ਉਨ੍ਹਾਂ ਨੂੰ ਝਿੜਕਿਆ । 15ਪਰ ਉਨ੍ਹਾਂ ਲੋਕਾਂ ਨੇ ਸਾਡੇ ਨਾਲ ਵੱਡੀ ਭਲਿਆਈ ਕੀਤੀ ਅਤੇ ਸਾਨੂੰ ਕੁਝ ਦੁੱਖ ਨਹੀਂ ਹੋਇਆ ਅਤੇ ਜਿੰਨਾ ਚਿਰ ਅਸੀਂ ਉਨ੍ਹਾਂ ਵਿੱਚ ਰਹੇ ਅਤੇ ਮੈਦਾਨਾਂ ਵਿੱਚ ਸੀ ਉੱਨਾ ਚਿਰ ਸਾਡਾ ਕੁਝ ਨਹੀਂ ਗੁਆਚਿਆ । 16ਸਗੋਂ ਜਿੰਨਾ ਚਿਰ ਅਸੀਂ ਉਨ੍ਹਾਂ ਦੇ ਨਾਲ ਭੇਡਾਂ ਬੱਕਰੀਆਂ ਚਰਾਉਂਦੇ ਰਹੇ ਤਾਂ ਰਾਤ ਨੂੰ ਵੀ ਅਤੇ ਦਿਨ ਨੂੰ ਵੀ ਅਸੀਂ ਕੰਧ ਵਰਗੀ ਸੁਰਖਿਆ ਵਿੱਚ ਸੀ । 17ਸੋ ਹੁਣ ਸਮਝੋ ਅਤੇ ਵਿਚਾਰੋ ਜੋ ਤੁਸੀਂ ਕੀ ਕਰੋਗੇ ਕਿਉਂ ਜੋ ਸਾਡੇ ਮਾਲਕ ਉੱਤੇ ਅਤੇ ਉਹ ਦੇ ਸਾਰੇ ਟੱਬਰ ਉੱਤੇ ਬਦੀ ਪੈਣ ਵਾਲੀ ਹੈ । ਉਹ ਤਾਂ ਅਜਿਹਾ ਦੁਸ਼ਟ ਦਾ ਪੁੱਤਰ ਹੈ ਜੋ ਉਹ ਦੇ ਅੱਗੇ ਕੋਈ ਗੱਲ ਨਹੀਂ ਕਰ ਸਕਦਾ ।

18ਤਦ ਅਬੀਗੈਲ ਫੁਰਤੀ ਨਾਲ ਉੱਠੀ ਅਤੇ ਦੋ ਸੌ ਰੋਟੀਆਂ ਅਤੇ ਦੋ ਮਸ਼ਕਾਂ ਮੈ ਦੀਆਂ ਅਤੇ ਪੰਜ ਭੇਡਾਂ ਰਿੰਨੀਆਂ ਹੋਈਆਂ ਅਤੇ ਪੰਜ ਟੋਪੇ ਭੁੰਨੇ ਹੋਏ ਦਾਣੇ ਅਤੇ ਇੱਕ ਸੌ ਗੁੱਛਾ ਸੌਗੀ ਦਾ ਅਤੇ ਦੋ ਸੌ ਪਿੰਨੀ ਹੰਜੀਰਾਂ ਦੀ ਲੈ ਕੇ ਖੋਤਿਆਂ ਉੱਤੇ ਲੱਦ ਲਿਆ । 19ਅਤੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਅੱਗੇ ਤੁਰੋ । ਵੇਖੋ, ਮੈਂ ਤੁਹਾਡੇ ਮਗਰ ਮਗਰ ਆਉਂਦੀ ਹਾਂ ਪਰ ਉਸ ਨੇ ਆਪਣੇ ਪਤੀ ਨਾਬਾਲ ਨੂੰ ਨਾ ਦੱਸਿਆ । 20ਅਜਿਹਾ ਹੋਇਆ ਜਿਸ ਵੇਲੇ ਉਹ ਖੋਤੇ ਉੱਤੇ ਚੜ੍ਹ ਕੇ ਪਹਾੜ ਦੇ ਰਾਹ ਵੱਲੋਂ ਲਹਿ ਗਈ ਉਸ ਵੇਲੇ ਦਾਊਦ ਵੀ ਆਪਣਿਆਂ ਲੋਕਾਂ ਸਮੇਤ ਉਹ ਦੇ ਸਾਹਮਣੇ ਲਹਿੰਦਾ ਆਇਆ ਅਤੇ ਉਹ ਉਸ ਨੂੰ ਮਿਲ ਪਈ । 21ਦਾਊਦ ਨੇ ਆਖਿਆ ਸੀ ਕਿ ਜੋ ਕੁਝ ਮਾਲ ਇਹ ਦਾ ਉਜਾੜ ਵਿੱਚ ਹੈ ਸੀ ਸੋ ਮੈਂ ਵਿਅਰਥ ਹੀ ਉਹ ਅਜਿਹੀ ਰਾਖੀ ਕਰਦਾ ਰਿਹਾ ਜੋ ਉਹ ਦੇ ਸਾਰੇ ਮਾਲ ਵਿੱਚੋਂ ਰਤਾ ਵੀ ਨਾ ਗੁਆਚਿਆ ਅਤੇ ਉਸ ਨੇ ਭਲਿਆਈ ਦੇ ਥਾਂ ਮੇਰੇ ਨਾਲ ਬੁਰਿਆਈ ਕੀਤੀ । 22ਸੋ ਜੇ ਕਦੀ ਮੈਂ ਸਵੇਰੇ ਤੱਕ ਉਹ ਦੇ ਸਾਰੇ ਮਨੁੱਖਾਂ ਵਿੱਚੋਂ ਇੱਕ ਨੂੰ ਵੀ ਜੋ ਕੰਧ ਦੇ ਨਾਲ ਮੂਤ੍ਰੇ ਛੱਡ ਦੇਵਾਂ ਤਾਂ ਪਰਮੇਸ਼ੁਰ ਦਾਊਦ ਦੇ ਵੈਰੀਆਂ ਨਾਲ ਵੀ ਅਜਿਹਾ ਹੀ ਕਰੇ ਸਗੋਂ ਉਸ ਨਾਲੋਂ ਵੀ ਵੱਧ ।

23ਜਦ ਅਬੀਗੈਲ ਨੇ ਦਾਊਦ ਨੂੰ ਦੇਖਿਆ ਤਾਂ ਛੇਤੀ ਕੀਤੀ ਅਤੇ ਖੋਤੇ ਉਤੋਂ ਹੇਠਾਂ ਉਤਰ ਕੇ ਦਾਊਦ ਦੇ ਅੱਗੇ ਮੂੰਹ ਪਰਨੇ ਡਿੱਗ ਪਈ ਅਤੇ ਧਰਤੀ ਤੇ ਮੱਥਾ ਟੇਕਿਆ । 24ਉਹ ਦੇ ਪੈਰਾਂ ਉੱਤੇ ਡਿੱਗ ਕੇ ਬੋਲਣ ਲੱਗੀ, ਮੇਰੇ ਉੱਤੇ, ਹੇ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਨੂੰ ਤੁਹਾਡੇ ਕੰਨ ਵਿੱਚ ਇੱਕ ਗੱਲ ਆਖਣ ਦੀ ਪਰਵਾਨਗੀ ਦਿਓ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ ਲਓ । 25ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ ਵੱਲ ਅਰਥਾਤ ਉਸ ਨਾਬਾਲ ਵੱਲ ਧਿਆਨ ਨਾ ਕਰੇ ਕਿਉਂ ਜੋ ਜਿਹਾ ਉਹ ਦਾ ਨਾਮ ਹੈ ਤਿਹਾ ਹੀ ਉਹ ਹੈ । ਉਹ ਦਾ ਨਾਮ ਨਾਬਾਲ ਹੈ ਅਤੇ ਮੂਰਖਤਾਈ ਉਹ ਦੇ ਨਾਲ ਹੈ ਅਤੇ ਮੈਂ ਜੋ ਤੁਹਾਡੀ ਦਾਸੀ ਹਾਂ ਸੋ ਮੇਰੇ ਮਹਾਰਾਜ ਦੇ ਜੁਆਨਾਂ ਨੂੰ ਜਿਨ੍ਹਾਂ ਨੂੰ ਤੁਸੀਂ ਭੇਜਿਆ, ਵੇਖਿਆ ਨਹੀਂ ਸੀ । 26ਸੋ ਹੁਣ ਹੇ ਮੇਰੇ ਮਹਾਰਾਜ, ਜਿਉਂਦੇ ਪਰਮੇਸ਼ੁਰ ਦੀ ਸਹੁੰ, ਅਤੇ ਤੇਰੀ ਜਿੰਦ ਦੀ ਸਹੁੰ, ਕਿਉਂ ਜੋ ਯਹੋਵਾਹ ਨੇ ਤੁਹਾਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਨਾਲ ਬਦਲੇ ਲੈਣੋਂ ਹਟਾਇਆ ਸੋ ਤੁਹਾਡੇ ਵੈਰੀ ਅਤੇ ਉਹ ਜੋ ਮੇਰੇ ਮਹਾਰਾਜ ਦੀ ਬੁਰਿਆਈ ਲੋਚਦੇ ਹਨ ਨਾਬਾਲ ਵਰਗੇ ਹੋਣ ! 27ਹੁਣ ਇਹ ਭੇਟ ਜੋ ਤੁਹਾਡੀ ਦਾਸੀ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ ਸੋ ਉਨ੍ਹਾਂ ਜੁਆਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ । 28ਦਯਾ ਕਰਕੇ ਆਪਣੀ ਦਾਸੀ ਦਾ ਦੋਸ਼ ਮਾਫ਼ ਕਰੋ ਕਿਉਂ ਜੋ ਯਹੋਵਾਹ ਮੇਰੇ ਮਹਾਰਾਜ ਦਾ ਇੱਕ ਪੱਕਾ ਘਰ ਜ਼ਰੂਰ ਬਣਾਵੇਗਾ ਇਸ ਲਈ ਜੋ ਮੇਰਾ ਮਹਾਰਾਜ ਯਹੋਵਾਹ ਦੀਆਂ ਲੜਾਈਆਂ ਲੜਦਾ ਹੈ ਅਤੇ ਤੁਹਾਡੇ ਸਾਰੇ ਜੀਵਨ ਵਿੱਚ ਤੁਹਾਥੋਂ ਕੋਈ ਬੁਰਿਆਈ ਨਹੀਂ ਲੱਭੀ । 29ਤਾਂ ਵੀ ਤੁਹਾਡੇ ਮਗਰ ਲੱਗਣ ਅਤੇ ਤੁਹਾਡੀ ਜਿੰਦ ਨੂੰ ਲੱਭਣ ਵਾਸਤੇ ਇੱਕ ਜਣਾ ਉੱਠਿਆ ਹੈ ਪਰ ਮੇਰੇ ਮਹਾਰਾਜ ਦੀ ਜਿੰਦ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਕੋਲ ਜੀਉਣ ਦੀ ਗੱਠੜੀ ਵਿੱਚ ਬੰਨ੍ਹੀ ਰਹੇਗੀ ਪਰ ਤੁਹਾਡੇ ਵੈਰੀਆਂ ਦੇ ਪ੍ਰਾਣਾਂ ਨੂੰ ਉਹ ਅਜਿਹਾ ਚਲਾਵੇਗਾ ਜਿਹਾ ਕਿਸੇ ਗੋਪੀਏ ਵਿੱਚੋਂ । 30ਅਤੇ ਅਜਿਹਾ ਹੋਵੇਗਾ, ਜਿਸ ਵੇਲ ਯਹੋਵਾਹ ਆਪਣੇ ਆਖਣ ਦੇ ਅਨੁਸਾਰ ਸਾਰੀਆਂ ਭਲਿਆਈਆਂ ਮੇਰੇ ਮਹਾਰਾਜ ਨਾਲ ਕਰ ਛੱਡੇ ਅਤੇ ਤੁਹਾਨੂੰ ਇਸਰਾਏਲ ਦਾ ਪਰਧਾਨ ਠਹਿਰਾਵੇ । 31ਤਾਂ ਇਹ ਗੱਲ ਤੁਹਾਨੂੰ ਔਖ ਦਾ ਕਾਰਨ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕਲੇਸ਼ ਨਾ ਹੋਵੇਗਾ ਜੋ ਮੈਂ ਵਿਅਰਥ ਲਹੂ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ ਪਰ ਜਿਸ ਵੇਲੇ ਯਹੋਵਾਹ ਮੇਰੇ ਮਹਾਰਾਜ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਟਹਿਲਣ ਨੂੰ ਚੇਤੇ ਕਰੋ ।

32ਦਾਊਦ ਨੇ ਅਬੀਗੈਲ ਨੂੰ ਆਖਿਆ, ਮੁਬਾਰਕ ਹੈ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਜਿਸ ਨੇ ਤੈਨੂੰ ਅੱਜ ਮੈਨੂੰ ਮਿਲਣ ਨੂੰ ਭੇਜਿਆ ਹੈ । 33ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਤੂੰ ਹੈਂ ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਦੇ ਬਦਲਾ ਲੈਣ ਤੋਂ ਹਟਾਇਆ । 34ਕਿਉਂ ਜੋ ਸੱਚੀ ਮੁੱਚੀ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸਹੁੰ, ਜਿਸ ਨੇ ਮੈਨੂੰ ਤੁਹਾਡੇ ਨਾਲ ਬੁਰਿਆਈ ਕਰਨ ਤੋਂ ਹਟਾਇਆ ਜੇ ਕਦੀ ਤੂੰ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਸਵੇਰੇ ਤੱਕ ਨਾਬਾਲ ਦਾ ਇੱਕ ਵੀ ਪੁਰਖ ਨਾ ਛੱਡਦਾ ! 35ਅਤੇ ਦਾਊਦ ਨੇ ਉਹ ਦੇ ਹੱਥੋਂ ਜੋ ਕੁਝ ਉਹ ਉਸ ਦੇ ਕੋਲ ਲੈ ਆਈ ਸੀ ਲੈ ਲਿਆ ਅਤੇ ਉਹ ਨੂੰ ਆਖਿਆ, ਆਪਣੇ ਘਰ ਸੁਖ ਸਾਂਦ ਨਾਲ ਜਾ । ਵੇਖ, ਮੈਂ ਤੇਰੀ ਗੱਲ ਸੁਣ ਲਈ ਹੈ ਅਤੇ ਤੇਰੀ ਅਰਜ਼ ਨੂੰ ਮੰਨ ਲਿਆ ।

36ਤਦ ਅਬੀਗੈਲ ਨਾਬਾਲ ਕੋਲ ਆਈ ਅਤੇ ਵੇਖੋ, ਉਹ ਆਪਣੇ ਘਰ ਵਿੱਚ ਜੱਗ ਕਰਦਾ ਸੀ ਜਿਵੇਂ ਕੋਈ ਰਾਜਾ ਜੱਗ ਕਰੇ ਅਤੇ ਨਾਬਾਲ ਦਾ ਜੀਅ ਉਹ ਦੇ ਵਿੱਚ ਵੱਡਾ ਅਨੰਦ ਸੀ ਬਹੁਤ ਜੋ ਪੀਤੀ ਸੀ ਸੋ ਉਸ ਨੇ ਪਰਭਾਤ ਤੱਕ ਉਹ ਨੂੰ ਥੋੜਾ ਬਹੁਤ ਕੁਝ ਨਾ ਆਖਿਆ । 37ਅਤੇ ਅਜਿਹਾ ਹੋਇਆ ਜੋ ਪਰਭਾਤ ਨੂੰ ਜਿਸ ਵੇਲੇ ਨਾਬਾਲ ਦਾ ਨਸ਼ਾ ਉਤਰ ਗਿਆ ਤਾਂ ਉਹ ਦੀ ਇਸਤਰੀ ਨੇ ਉਹ ਨੂੰ ਸਾਰੀ ਗੱਲ ਦੱਸੀ ਤਾਂ ਉਹ ਦਾ ਮਨ ਉਹ ਦੇ ਵਿੱਚ ਮਰ ਗਿਆ ਅਤੇ ਉਹ ਪੱਥਰ ਵਰਗਾ ਹੋ ਗਿਆ । 38ਅਜਿਹਾ ਹੋਇਆ ਜੋ ਦਸਾਂ ਦਿਨਾਂ ਪਿੱਛੋਂ ਯਹੋਵਾਹ ਨੇ ਨਾਬਾਲ ਨੂੰ ਅਜਿਹਾ ਮਾਰਿਆ ਜੋ ਉਹ ਮਰ ਗਿਆ ।

39ਦਾਊਦ ਨੇ ਸੁਣਿਆ ਜੋ ਨਾਬਾਲ ਮਰ ਗਿਆ ਹੈ ਤਾਂ ਆਖਿਆ, ਮੁਬਾਰਕ ਹੈ ਯਹੋਵਾਹ ਜਿਸ ਨੇ ਨਾਬਾਲ ਦੇ ਹੱਥੋਂ ਮੇਰੀ ਨਿੰਦਿਆ ਦਾ ਬਦਲਾ ਲਿਆ ਅਤੇ ਆਪਣੇ ਦਾਸ ਨੂੰ ਬੁਰਿਆਈ ਤੋਂ ਬਚਾਇਆ ਕਿਉਂ ਜੋ ਯਹੋਵਾਹ ਨੇ ਨਾਬਾਲ ਦੀ ਬੁਰਾਈ ਨੂੰ ਉਸੇ ਦੇ ਸਿਰ ਉੱਤੇ ਪਾਇਆ । ਤਾਂ ਦਾਊਦ ਨੇ ਸੇਵਕ ਘੱਲੇ ਅਤੇ ਅਬੀਗੈਲ ਨਾਲ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਗੱਲਾਂ ਕੀਤੀਆਂ । 40ਜਦ ਦਾਊਦ ਦੇ ਸੇਵਕ ਅਬੀਗੈਲ ਕੋਲ ਕਰਮਲ ਵਿੱਚ ਆਏ ਤਾਂ ਉਨ੍ਹਾਂ ਨੇ ਉਸ ਨੂੰ ਆਖਿਆ, ਦਾਊਦ ਨੇ ਸਾਨੂੰ ਤੁਹਾਡੇ ਕੋਲ ਭੇਜਿਆ ਹੈ ਜੋ ਅਸੀਂ ਤੁਹਾਨੂੰ ਉਹ ਦੀ ਪਤਨੀ ਬਣਨ ਲਈ ਲੈ ਜਾਈਏ । 41ਤਦ ਉਹ ਉੱਠੀ ਅਤੇ ਧਰਤੀ ਉੱਤੇ ਮੂੰਹ ਪਰਨੇ ਡਿੱਗ ਪਈ ਅਤੇ ਬੋਲੀ, ਵੇਖੋ ਤੁਹਾਡੀ ਦਾਸੀ ਆਪਣੇ ਮਹਾਰਾਜ ਦੇ ਸੇਵਕਾਂ ਦੇ ਪੈਰ ਧੋਣ ਵਾਲੀ ਸੇਵਕਣੀ ਠਹਿਰੇ । 42ਅਤੇ ਅਬੀਗੈਲ ਨੇ ਛੇਤੀ ਕੀਤੀ ਅਤੇ ਉੱਠ ਕੇ ਖੋਤੇ ਉੱਤੇ ਚੜ੍ਹ ਬੈਠੀ ਅਤੇ ਆਪਣੀਆਂ ਪੰਜ ਸਹੇਲੀਆਂ ਜੋ ਉਹ ਦੇ ਨਾਲ ਸਨ, ਲੈ ਲਈਆਂ ਅਤੇ ਦਾਊਦ ਦੇ ਦੂਤਾਂ ਦੇ ਨਾਲ ਤੁਰ ਪਈ ਅਤੇ ਉਹ ਦੀ ਪਤਨੀ ਬਣੀ ।

43ਦਾਊਦ ਨੇ ਯਿਜ਼ਰਏਲ ਵਿੱਚੋਂ ਅਹੀਨੋਅਮ ਨੂੰ ਵੀ ਪਤਨੀ ਬਣਾਇਆ ਸੋ ਉਹ ਦੋਵੇਂ ਉਹ ਦੀਆਂ ਪਤਨੀਆਂ ਬਣ ਗਈਆਂ । 44ਪਰ ਸ਼ਾਊਲ ਨੇ ਆਪਣੀ ਧੀ ਮੀਕਲ ਜੋ ਦਾਊਦ ਦੀ ਪਤਨੀ ਸੀ ਲੈਸ਼ ਦੇ ਪੁੱਤਰ ਗੱਲੀਮੀ ਫਲਟੀ ਨੂੰ ਦੇ ਦਿੱਤੀ ਸੀ ।

26

ਦਾਊਦ ਦੁਬਾਰਾ ਫਿਰ ਸ਼ਾਊਲ ਉੱਤੇ ਹੱਥ ਨਹੀਂ ਉਠਾਉਂਦਾ

1ਜ਼ੀੱਫੀ ਲੋਕ ਗਿਬਆਹ ਨੂੰ ਸ਼ਾਊਲ ਕੋਲ ਆਣ ਕੇ ਬੋਲੇ, ਕੀ, ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ ? 2ਸੋ ਸ਼ਾਊਲ ਉੱਠਿਆ ਅਤੇ ਤਿੰਨ ਹਜ਼ਾਰ ਚੁਣਵੇਂ ਇਸਰਾਏਲੀ ਜੁਆਨ ਆਪਣੇ ਨਾਲ ਲੈ ਕੇ ਜ਼ੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ । 3ਸ਼ਾਊਲ ਨੇ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ ਪਰ ਦਾਊਦ ਉਜਾੜ ਦੇ ਵਿੱਚ ਠਹਿਰਿਆ ਸੋ ਉਸ ਨੇ ਵੇਖਿਆ ਜੋ ਸ਼ਾਊਲ ਮੇਰੇ ਮਗਰੇ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ । 4ਤਾਂ ਦਾਊਦ ਨੇ ਭੇਤੀਆਂ ਨੂੰ ਭੇਜਿਆ ਅਤੇ ਜਾਣਿਆ ਜੋ ਸ਼ਾਊਲ ਸੱਚ-ਮੁੱਚ ਆਇਆ ਹੈ । 5ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰਿਆਂ ਕੋਲ ਆਇਆ, ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤਰ ਅਬੀਨੇਰ ਵੀ ਜੋ ਉਹ ਦਾ ਸੈਨਾਪਤੀ ਸੀ ਵੇਖਿਆ ਅਤੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹ ਦੇ ਆਲੇ-ਦੁਆਲੇ ਡੇਰੇ ਲਾਏ ਹੋਏ ਸਨ ।

6ਤਦ ਦਾਊਦ ਨੇ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤਰ ਅਬੀਸ਼ਈ ਨੂੰ ਜੋ ਯੋਆਬ ਦਾ ਭਰਾ ਸੀ ਆਖਿਆ, ਸ਼ਾਊਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ ? ਅਬੀਸ਼ਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ । 7ਸੋ ਦਾਊਦ ਅਤੇ ਅਬੀਸ਼ਈ ਰਾਤ ਨੂੰ ਉਨ੍ਹਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ, ਉਸ ਵੇਲੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਉਹ ਦੀ ਬਰਛੀ ਉਹ ਦੀ ਸਿਰਹਾਣੇ ਧਰਤੀ ਵਿੱਚ ਗੱਡੀ ਹੋਈ ਸੀ ਅਤੇ ਅਬੀਨੇਰ ਅਤੇ ਸਿਪਾਹੀ ਉਹ ਦੇ ਉਦਾਲੇ ਪਏ ਹੋਏ ਸਨ । 8ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ । ਜੇ ਹੁਣ ਆਗਿਆ ਕਰੋ ਤਾਂ ਮੈਂ ਉਹ ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ ! 9ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ ? 10ਦਾਊਦ ਨੇ ਇਹ ਵੀ ਆਖਿਆ, ਜਿਉਂਦੇ ਯਹੋਵਾਹ ਦੀ ਸਹੁੰ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ । 11ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ ਪਰ ਤੂੰ ਉਸ ਦੇ ਸਿਰਹਾਣੇ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ । 12ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਊਲ ਦੇ ਸਿਰਹਾਣੇ ਤੋਂ ਲੈ ਲਿਆ ਅਤੇ ਉਹ ਤੁਰ ਗਏ ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਵੇਖਿਆ ਅਤੇ ਨਾ ਹੀ ਜਾਣਿਆ ਅਤੇ ਕੋਈ ਨਾ ਜਾਗਿਆ ਕਿਉਂ ਜੋ ਉਹ ਸਭ ਸੁੱਤੇ ਪਏ ਸਨ ਇਸ ਕਰਕੇ ਜੋ ਯਹੋਵਾਹ ਵੱਲੋਂ ਉਨ੍ਹਾਂ ਉੱਤੇ ਘੂਕ ਨੀਂਦ ਆਈ ਹੋਈ ਸੀ ।

13ਫੇਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਹਾੜ ਦੀ ਟੀਸੀ ਉੱਤੇ ਜਾ ਖੜ੍ਹਾ ਹੋਇਆ ਅਤੇ ਉਨ੍ਹਾਂ ਦੇ ਵਿੱਚਕਾਰ ਵੱਡੀ ਵਿੱਥ ਸੀ 14ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤਰ ਅਬੀਨੇਰ ਵੱਲ ਹਾਕਾਂ ਮਾਰ ਕੇ ਆਖਿਆ,ਹੇ ਅਬੀਨੇਰ ਉੱਤਰ ਨਹੀਂ ਦਿੰਦਾ ? ਤਦ ਅਬੀਨੇਰ ਨੇ ਉੱਤਰ ਦੇ ਕੇ ਆਖਿਆ,ਤੂੰ ਕੌਣ ਹੈਂ ਜੋ ਰਾਜਾ ਨੂੰ ਹਾਕਾਂ ਮਾਰਦਾ ਹੈਂ ? 15ਤਦ ਦਾਊਦ ਨੇ ਅਬੀਨੇਰ ਨੂੰ ਆਖਿਆ,ਭਲਾ,ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ ? ਫੇਰ ਕੀ ਹੋਇਆ ਜੋ ਤੂੰ ਆਪਣੇ ਸੁਆਮੀ ਰਾਜਾ ਦੀ ਰਾਖੀ ਨਹੀਂ ਕੀਤੀ ? ਕਿਉਂ ਜੋ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਰਾਜਾ ਦੇ ਮਾਰਨ ਨੂੰ ਵੜ ਗਿਆ ਸੀ 16ਸੋ ਇਹ ਕੰਮ ਤਾਂ ਤੂੰ ਕੁਝ ਚੰਗਾ ਨਹੀਂ ਕੀਤਾ । ਜਿਉਂਦੇ ਯਹੋਵਾਹ ਦੀ ਸਹੁੰ,ਤੁਸੀਂ ਵੱਢਣ ਜੋਗੇ ਹੋ ਕਿਉਂ ਜੋ ਤੁਸੀਂ ਆਪਣੇ ਮਾਲਕ ਦੀ ਜੋ ਯਹੋਵਾਹ ਦਾ ਅਭਿਸ਼ੇਕ ਹੋਇਆ ਹੈ ਰਾਖੀ ਨਹੀਂ ਕੀਤੀ ਅਤੇ ਹੁਣ ਵੇਖੋ,ਰਾਜਾ ਦੀ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਹ ਦੇ ਸਿਰਹਾਣੇ ਕੋਲ ਸੀ ਕਿੱਥੇ ਹੈ ?

17ਤਦ ਸ਼ਾਊਲ ਨੇ ਦਾਊਦ ਦੀ ਅਵਾਜ਼ ਸਿਆਣ ਕੇ ਆਖਿਆ,ਹੇ ਮੇਰੇ ਪੁੱਤਰ ਦਾਊਦ,ਇਹ ਤੇਰੀ ਅਵਾਜ਼ ਹੈ ? ਦਾਊਦ ਬੋਲਿਆ ਜੀ,ਮੇਰੇ ਮਹਾਰਾਜ ਅਤੇ ਰਾਜਾ,ਇਹ ਮੇਰੀ ਹੀ ਅਵਾਜ਼ ਹੈ 18ਤਾਂ ਉਸ ਨੇ ਆਖਿਆ,ਮੇਰਾ ਮਹਾਰਾਜ ਆਪਣੇ ਸੇਵਕ ਦੇ ਪਿਛੇ ਇਸ ਤਰ੍ਹਾਂ ਕਾਹਨੂੰ ਲੱਗਾ ਹੋਇਆ ਹੈ ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ ? 19ਸੋ ਹੁਣ ਹੇ ਮਹਾਰਾਜ ਰਾਜਾ,ਆਪਣੇ ਸੇਵਕ ਦੀ ਸੁਣ । ਜੇ ਕਦੀ ਯਹੋਵਾਹ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਭੇਟ ਮੰਨ ਲਵੇ ਅਤੇ ਜੇ ਕਦੀ ਮਨੁੱਖਾਂ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾਹ ਦੇ ਅੱਗੋਂ ਉਨ੍ਹਾਂ ਉੱਤੇ ਸਰਾਪ ਹੋਵੇ ਕਿਉਂ ਜੋ ਅੱਜ ਉਨ੍ਹਾਂ ਨੇ ਯਹੋਵਾਹ ਦੀ ਦਿੱਤੀ ਹੋਈ ਮਿਲਖ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ,ਜਾ,ਹੋਰਨਾਂ ਦੇਵਤਿਆਂ ਦੀ ਪੂਜਾ ਕਰ 20ਸੋ ਹੁਣ ਯਹੋਵਾਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ ਕਿਉਂ ਜੋ ਇਸਰਾਏਲ ਦਾ ਰਾਜਾ ਇੱਕ ਪਿੱਸੂ ਲੱਭਣ ਨੂੰ ਨਿੱਕਲਿਆ ਹੈ ਜਿਵੇ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ ।

21ਤਦ ਸ਼ਾਊਲ ਨੇ ਆਖਿਆ,ਮੈਂ ਪਾਪ ਕੀਤਾ,ਹੇ ਮੇਰੇ ਪੁੱਤਰ ਦਾਊਦ,ਮੁੜ ਆ ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ,ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਕੀਮਤੀ ਹੋਈ । ਵੇਖ,ਮੈਂ ਮੂਰਖ ਬਣਿਆ ਅਤੇ ਵੱਡੀ ਭੁੱਲ ਕੀਤੀ ! 22ਦਾਊਦ ਨੇ ਉੱਤਰ ਦੇ ਕੇ ਆਖਿਆ,ਵੇਖ,ਰਾਜਾ ਦੀ ਬਰਛੀ ਹੈ ਸੋ ਜੁਆਨਾਂ ਵਿੱਚੋਂ ਕੋਈ ਆਣ ਕੇ ਉਹ ਨੂੰ ਲੈ ਜਾਵੇ 23ਅਤੇ ਯਹੋਵਾਹ ਸਾਰੇ ਮਨੁੱਖਾਂ ਨੂੰ ਆਪੋ-ਆਪਣੀ ਨੀਤ ਅਤੇ ਭਲਮਾਣਸੀ ਦੇ ਅਨੁਸਾਰ ਫਲ ਦੇਵੇ ਕਿਉਂ ਜੋ ਯਹੋਵਾਹ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ ਪਰ ਮੈਂ ਨਹੀਂ ਚਾਹਿਆ ਜੋ ਯਹੋਵਾਹ ਦੇ ਅਭਿਸ਼ੇਕ ਹੋਏ ਉੱਤੇ ਹੱਥ ਚਲਾਵਾਂ 24ਵੇਖ,ਜਿਵੇਂ ਤੇਰੀ ਜਾਨ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲੱਭ ਦਿੱਸੀ ਹੈ ਤੇਹੀ ਹੀ ਮੇਰੀ ਜਿੰਦ ਯਹੋਵਾਹ ਦੀ ਨਿਗਾਹ ਵਿੱਚ ਕੀਮਤ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁਖਾਂ ਵਿੱਚੋਂ ਛੁਟਕਾਰਾ ਦੇਵੇ 25ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈ ਤੂੰ, ਹੇ ਮੇਰੇ ਪੁੱਤਰ ਦਾਊਦ ਤੂੰ ਵੱਡੇ-ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ । ਸੋ ਦਾਊਦ ਆਪਣੇ ਰਾਹ ਤੁਰ ਗਿਆ ਅਤੇ ਸ਼ਾਊਲ ਆਪਣੇ ਥਾਂ ਨੂੰ ਮੁੜ ਗਿਆ ।

27

ਦਾਊਦ ਫਲਿਸਤੀਆਂ ਦੇ ਵਿੱਚ ਸ਼ਰਣ ਲੈਂਦਾ ਹੈ

1ਦਾਊਦ ਨੇ ਆਪਣੇ ਮਨ ਵਿੱਚ ਆਖਿਆ ਕਿ ਹੁਣ ਮੈਂ ਕਿਸੇ ਦਿਨ ਸ਼ਾਊਲ ਦੇ ਹੱਥ ਨਾਲ ਤਬਾਹ ਹੋ ਜਾਂਵਾਂਗਾ । ਫੇਰ ਮੇਰੇ ਲਈ ਇਹ ਦੇ ਨਾਲੋਂ ਹੋਰ ਕੋਈ ਚੰਗੀ ਸਲਾਹ ਨਹੀਂ ਜੋ ਮੈਂ ਤੇਜੀ ਨਾਲ ਭੱਜ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਜਾ ਵੱਸਾਂ ਅਤੇ ਸ਼ਾਊਲ ਇਸਰਾਏਲ ਦੇ ਬੰਨਿਆਂ ਵਿੱਚੋਂ ਮੇਰੇ ਲੱਭਣ ਤੋਂ ਨਿਰਾਸ ਹੋ ਜਾਵੇਗਾ ਤਾਂ ਉਹ ਦੇ ਹੱਥੋਂ ਮੈਂ ਛੁੱਟ ਜਾਂਵਾਂਗਾ 2ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਛੇ ਸੌ ਜੁਆਨਾਂ ਨੂੰ ਲੈ ਕੇ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਲੰਘ ਗਿਆ 3ਆਕੀਸ਼ ਦੇ ਨਾਲ ਦਾਊਦ ਗਥ ਵਿੱਚ ਰਿਹਾ ਅਰਥਾਤ ਉਹ ਅਤੇ ਉਹ ਦੇ ਲੋਕ ਜਿਨ੍ਹਾਂ ਵਿੱਚੋਂ ਸਭ ਕੋਈ ਆਪੋ ਆਪਣੇ ਟੱਬਰ ਸਮੇਤ ਸੀ ਅਤੇ ਦਾਊਦ ਆਪਣੀਆਂ ਦੋਹਾਂ ਪਤਨੀਆਂ ਦੇ ਨਾਲ ਅਰਥਾਤ ਅਹੀਨੋਅਮ ਯਿਜ਼ਰਾਏਲਣ ਅਤੇ ਕਰਮੇਲਣੀ ਅਬੀਗੈਲ ਜੋ ਨਾਬਾਲ ਦੀ ਇਸਤਰੀ ਸੀ 4ਅਤੇ ਸ਼ਾਊਲ ਨੂੰ ਖ਼ਬਰ ਹੋਈ ਜੋ ਦਾਊਦ ਗਥ ਨੂੰ ਭੱਜ ਗਿਆ ਸੋ ਉਹ ਉਸ ਦੇ ਲੱਭਣ ਲਈ ਫੇਰ ਨਾ ਨਿੱਕਲਿਆ ।

5ਦਾਊਦ ਨੇ ਆਕੀਸ਼ ਨੂੰ ਆਖਿਆ,ਜੇ ਤੇਰੀ ਨਿਗਾਹ ਵਿੱਚ ਮੈਂ ਦਯਾ ਜੋਗ ਹਾਂ ਤਾਂ ਉਹ ਮੈਨੂੰ ਦੇਸ ਦੇ ਕਿਸੇ ਸ਼ਹਿਰ ਵਿੱਚ ਵੱਸਣ ਲਈ ਥਾਂ ਦੇ ਦੇਣ ਕਿਉਂ ਜੋ ਤੇਰਾ ਸੇਵਕਾਂ ਰਾਜਧਾਨੀ ਵਿੱਚ ਤੇਰੇ ਕੋਲ ਕਾਹਨੂੰ ਰਹੇ ? 6ਤਦ ਆਕੀਸ਼ ਨੇ ਉਸ ਦਿਨ ਉਹ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਸੋ ਸਿਕਲਗ ਅੱਜ ਤੱਕ ਯਹੂਦਾਹ ਦੇ ਰਾਜਾ ਦਾ ਹੈ

7ਜਿੰਨਾ ਚਿਰ ਦਾਊਦ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ਸੋ ਪੂਰਾ ਇੱਕ ਸਾਲ ਅਤੇ ਚਾਰ ਮਹੀਨੇ ਸਨ । 8ਦਾਊਦ ਅਤੇ ਉਹ ਦੇ ਮਨੁੱਖਾਂ ਨੇ ਚੜ੍ਹ ਕੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹੱਲਾ ਕੀਤਾ ਅਤੇ ਉਹ ਸ਼ੂਰ ਦੇ ਰਾਹੋਂ ਲੈ ਕੇ ਮਿਸਰ ਦੇ ਬੰਨੇ ਤੱਕ ਉਸ ਦੇਸ ਵਿੱਚ ਪਹਿਲੇ ਸਮੇਂ ਤੋਂ ਵੱਸਦੇ ਸਨ 9ਅਤੇ ਦਾਊਦ ਨੇ ਉਸ ਦੇਸ ਨੂੰ ਜਿੱਤ ਲਿਆ ਅਤੇ ਕਿਸੇ ਇਸਤ੍ਰੀ ਪੁਰਖ, ਕਿਸੇ ਨੂੰ ਜਿਉਂਦੇ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ,ਡੰਗਰ,ਖੋਤੇ,ਊਠ ਅਤੇ ਲੁੱਟ ਲਏ ਅਤੇ ਆਕੀਸ਼ ਕੋਲ ਮੁੜ ਆਇਆ 10ਤਾਂ ਆਕੀਸ਼ ਨੇ ਪੁੱਛਿਆ, ਅੱਜ ਤੁਹਾਡਾ ਰਾਹ ਕਿੱਧਰ ਸੀ ? ਦਾਊਦ ਨੇ ਆਖਿਆ,ਯਹੂਦਾਹ ਦੇ ਦੱਖਣ ਵੱਲ ਅਤੇ ਯਰਾਹਮਿਏਲੀਆਂ ਦੇ ਦੱਖਣ ਵੱਲ ਅਤੇ ਕੇਨੀਆਂ ਦੇ ਦੱਖਣ ਵੱਲ 11ਅਤੇ ਦਾਊਦ ਕਿਸੇ ਇੱਕ ਪੁਰਸ਼ ਜਾਂ ਇਸਤ੍ਰੀ ਨੂੰ ਵੀ ਗਥ ਵਿੱਚ ਨਾ ਲਿਆਇਆ ਜੋ ਕਿਤੇ ਇਹ ਸਾਡੇ ਵਿਰੁੱਧ ਨਾ ਖ਼ਬਰ ਜਾ ਦੇਣ ਕਿ ਦਾਊਦ ਨੇ ਅਜਿਹਾ ਕੰਮ ਕੀਤਾ ਹੈ । ਜਦ ਤੱਕ ਉਹ ਫ਼ਲਿਸਤੀਆਂ ਦੇ ਦੇਸ ਵਿੱਚ ਰਿਹਾ ਉਸ ਦੀ ਇਹੋ ਮਰਜਾਦਾ ਰਹੀ 12ਆਕੀਸ਼ ਨੇ ਦਾਊਦ ਦੀ ਗੱਲ ਉੱਤੇ ਪਰਤੀਤ ਕੀਤੀ ਅਤੇ ਆਖਿਆ, ਭਈ ਉਸ ਨੇ ਆਪਣੇ ਲੋਕ ਇਸਰਾਏਲ ਨਾਲ ਅਜਿਹਾ ਕੰਮ ਕੀਤਾ ਹੈ ਜੋ ਉਹ ਉਸ ਤੋਂ ਬਹੁਤ ਨਫ਼ਰਤ ਕਰਦੇ ਹੋਣਗੇ ਇਸ ਲਈ ਉਹ ਸਦਾ ਮੇਰਾ ਸੇਵਕ ਰਹੇਗਾ ।

28

1ਉਨੀਂ ਦਿਨੀਂ ਅਜਿਹਾ ਹੋਇਆ ਜੋ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਨ ਲਈ ਆਪਣੇ ਦਲਾਂ ਨੂੰ ਇਕੱਠਿਆਂ ਕੀਤਾ । ਤਦ ਆਕੀਸ਼ ਨੇ ਦਾਊਦ ਨੂੰ ਆਖਿਆ,ਤੂੰ ਸੱਚ ਜਾਣ ਜੋ ਤੈਨੂੰ ਅਤੇ ਤੇਰੇ ਲੋਕਾਂ ਨੂੰ ਮੇਰੇ ਨਾਲ ਲੜਾਈ ਵਿੱਚ ਜਾਣਾ ਪਵੇਗਾ 2ਸੋ ਦਾਊਦ ਨੇ ਆਕੀਸ਼ ਨੂੰ ਆਖਿਆ,ਤੈਨੂੰ ਜ਼ਰੂਰ ਮਲੂਮ ਹੋ ਜਾਵੇਗਾ ਜੋ ਤੇਰੇ ਸੇਵਕ ਕੋਲੋਂ ਕਿੰਨਾ ਕੁ ਕੰਮ ਹੋਵੇਗਾ ਅਤੇ ਆਕੀਸ਼ ਨੇ ਦਾਊਦ ਨੂੰ ਆਖਿਆ,ਤਾਂ ਸਦਾ ਦੇ ਲਈ ਮੈਂ ਤੈਨੂੰ ਆਪਣੇ ਸਿਰ ਦਾ ਰਾਖਾ ਬਣਾਵਾਂਗਾ ।

ਸ਼ਾਊਲ ਅਤੇ ਜਾਦੂਗਰਨੀ

3ਸਮੂਏਲ ਮਰ ਗਿਆ ਸੀ ਅਤੇ ਸਾਰੇ ਇਸਰਾਏਲ ਨੇ ਉਹ ਦਾ ਅਫ਼ਸੋਸ ਕੀਤਾ ਅਤੇ ਉਸੇ ਦੇ ਸ਼ਹਿਰ ਵਿੱਚ ਜੋ ਰਾਮਾਹ ਸੀ ਉਹ ਨੂੰ ਦੱਬ ਦਿੱਤਾ ਅਤੇ ਸ਼ਾਊਲ ਨੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਦੇ ਭੂਤ ਮਿੱਤ੍ਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਕੱਢ ਦਿੱਤਾ ਸੀ ।

4ਸੋ ਫ਼ਲਿਸਤੀਆਂ ਨੇ ਇਕੱਠੇ ਹੋ ਕੇ ਸ਼ੂਨੇਮ ਵਿੱਚ ਆ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲ ਨੂੰ ਇਕੱਠਿਆਂ ਕੀਤਾ, ਉਨ੍ਹਾਂ ਨੇ ਗਿਲਬੋਆ ਵਿੱਚ ਡੇਰੇ ਲਾਏ । 5ਜਦ ਸ਼ਾਊਲ ਨੇ ਫ਼ਲਿਸਤੀਆਂ ਦਾ ਦਲ ਦੇਖਿਆ ਤਾਂ ਡਰ ਗਿਆ ਅਤੇ ਉਹ ਦਾ ਮਨ ਡਾਢਾ ਕੰਬਿਆ 6ਅਤੇ ਜਿਸ ਵੇਲੇ ਸ਼ਾਊਲ ਨੇ ਯਹੋਵਾਹ ਕੋਲੋਂ ਸਲਾਹ ਪੁੱਛੀ ਤਾਂ ਯਹੋਵਾਹ ਨੇ ਉਹ ਨੂੰ ਨਾ ਸੁਫਨਿਆਂ ਦੇ ਨਾ ਊਰੀਮ ਦੇ ਅਤੇ ਨਾ ਨਬੀਆਂ ਦੇ ਰਾਹੀਂ ਕੁਝ ਉੱਤਰ ਦਿੱਤਾ । 7ਤਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਆਖਿਆ, ਮੇਰੇ ਲਈ ਕੋਈ ਅਜਿਹੀ ਇਸਤਰੀ ਭਾਲੋ ਜਿਸ ਦੇ ਭੂਤ ਮਿੱਤ੍ਰ ਹੋਣ ਜੋ ਮੈਂ ਉਸ ਦੇ ਕੋਲ ਜਾਂਵਾਂ ਅਤੇ ਉਸ ਕੋਲੋਂ ਪੁੱਛਾਂ । ਸੋ ਉਹ ਦੇ ਸੇਵਕਾਂ ਨੇ ਉਹ ਨੂੰ ਆਖਿਆ, ਵੇਖੋ, ਏਨਦੋਰ ਵਿੱਚ ਇੱਕ ਇਸਤਰੀ ਹੈ ਜਿਸ ਦਾ ਭੂਤ ਮਿੱਤ੍ਰ ਹੈ ।

8ਸੋ ਸ਼ਾਊਲ ਨੇ ਆਪਣਾ ਭੇਸ ਬਦਲ ਕੇ ਹੋਰ ਕੱਪੜੇ ਪਾ ਕੇ ਗਿਆ ਅਤੇ ਦੋ ਜਣੇ ਉਹ ਦੇ ਨਾਲ ਸਨ ਅਤੇ ਰਾਤ ਨੂੰ ਉਸ ਇਸਤਰੀ ਕੋਲ ਗਿਆ ਅਤੇ ਉਸ ਨੂੰ ਆਖਿਆ, ਦਯਾ ਕਰ ਕੇ ਆਪਣੇ ਭੂਤ ਮਿੱਤ੍ਰ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸ ਦਾ ਨਾਮ ਮੈਂ ਤੈਨੂੰ ਦੱਸਾਂ ਉਹ ਨੂੰ ਮੇਰੇ ਲਈ ਬੁਲਾ ਲਿਆ । 9ਤਦ ਉਸ ਇਸਤਰੀ ਨੇ ਉਹ ਨੂੰ ਆਖਿਆ, ਵੇਖ, ਤੂੰ ਜਾਣਦਾ ਹੈਂ ਜੋ ਸ਼ਾਊਲ ਨੇ ਕੀ ਕੀਤਾ, ਕਿਵੇਂ ਉਹ ਨੇ ਉਨ੍ਹਾਂ ਨੂੰ ਜਿਨ੍ਹਾਂ ਦੇ ਭੂਤ ਮਿੱਤ੍ਰ ਸਨ ਅਤੇ ਦਿਓਯਾਰਾਂ ਨੂੰ ਦੇਸ ਵਿੱਚੋਂ ਮੁਕਾ ਸੁੱਟਿਆ । ਫੇਰ ਤੂੰ ਮੇਰੀ ਜਾਨ ਨੂੰ ਕਾਹਨੂੰ ਫਸਾਉਂਦਾ ਹੈਂ ਜੋ ਮੈਨੂੰ ਮਰਵਾ ਸੁੱਟੇ ? 10ਤਦ ਸ਼ਾਊਲ ਨੇ ਯਹੋਵਾਹ ਦੀ ਸਹੁੰ ਚੁੱਕ ਕੇ ਆਖਿਆ, ਭਈ ਜਿਉਂਦੇ ਯਹੋਵਾਹ ਦੀ ਸਹੁੰ, ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਹੀਂ ਮਿਲੇਗੀ । 11ਤਦ ਉਹ ਇਸਤਰੀ ਬੋਲੀ, ਮੈਂ ਤੇਰੇ ਲਈ ਕਿਸਨੂੰ ਬੁਲਾਵਾਂ ? ਉਹ ਬੋਲਿਆ, ਮੇਰੇ ਲਈ ਸਮੂਏਲ ਨੂੰ ਬੁਲਵਾ । 12ਜਿਸ ਵੇਲੇ ਉਸ ਇਸਤਰੀ ਨੇ ਸਮੂਏਲ ਨੂੰ ਵੇਖਿਆ ਤਾਂ ਉੱਚੀ ਅਵਾਜ਼ ਨਾਲ ਚਿੱਲਾਈ ਅਤੇ ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂ ਜੋ ਸ਼ਾਊਲ ਤਾਂ ਤੁਸੀਂ ਹੀ ਹੋ ! 13ਤਦ ਰਾਜਾ ਨੇ ਉਸ ਨੂੰ ਆਖਿਆ, ਘਾਬਰ ਨਾ । ਤੂੰ ਕੀ ਵੇਖਿਆ ਹੈ ? ਉਸ ਇਸਤਰੀ ਨੇ ਸ਼ਾਊਲ ਨੂੰ ਆਖਿਆ, ਮੈਂ ਇੱਕ ਦੇਵਤੇ ਨੂੰ ਧਰਤੀ ਵਿੱਚੋਂ ਨਿੱਕਲਦੇ ਵੇਖਦੀ ਹਾਂ । 14ਤਦ ਉਹ ਨੇ ਉਸ ਨੂੰ ਆਖਿਆ, ਉਹ ਦੇ ਰੰਗ ਰੂਪ ਬਾਰੇ ਦੱਸ ! ਉਹ ਬੋਲੀ, ਇੱਕ ਬੁੱਢਾ ਮਨੁੱਖ ਉੱਪਰ ਆਉਂਦਾ ਹੈ ਅਤੇ ਚੱਦਰ ਨਾਲ ਢੱਕਿਆ ਹੋਇਆ ਹੈ । ਤਦ ਸ਼ਾਊਲ ਨੇ ਜਾਣਿਆ ਜੋ ਉਹ ਸਮੂਏਲ ਹੀ ਹੈ ਅਤੇ ਉਹ ਨੇ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ।

15ਤਦ ਸਮੂਏਲ ਨੇ ਸ਼ਾਊਲ ਨੂੰ ਆਖਿਆ, ਤੂੰ ਮੇਰੇ ਸੁਖ ਵਿੱਚ ਕਾਹਨੂੰ ਭੰਗ ਪਾਇਆ ਜੋ ਮੈਨੂੰ ਸੱਦਿਆ ? ਸ਼ਾਊਲ ਬੋਲਿਆ, ਮੈਂ ਬਹੁਤ ਦੁਖ ਵਿੱਚ ਪਿਆ ਹੋਇਆ ਹਾਂ ਕਿਉਂ ਜੋ ਫ਼ਲਿਸਤੀ ਮੇਰੇ ਨਾਲ ਲੜਦੇ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਕੁਝ ਉੱਤਰ ਨਹੀਂ ਦਿੰਦਾ ਨਾ ਨਬੀਆਂ ਦੇ ਰਾਹੀਂ ਨਾ ਹੀ ਸੁਫ਼ਨਿਆਂ ਦੇ । ਇਸ ਲਈ ਮੈਂ ਤੈਨੂੰ ਸੱਦਿਆ ਹੈ ਜੋ ਤੂੰ ਮੈਨੂੰ ਦੱਸੇ ਭਈ ਮੈਂ ਕੀ ਕਰਾਂ । 16ਤਦ ਸਮੂਏਲ ਨੇ ਆਖਿਆ, ਜਦ ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਵੈਰੀ ਬਣਿਆ ਹੈ ਤਾਂ ਫੇਰ ਮੈਨੂੰ ਕਿਉਂ ਪੁੱਛਦਾ ਹੈਂ ? 17ਯਹੋਵਾਹ ਨੇ ਤਾਂ ਆਪਣੀ ਵੱਲੋਂ ਉਹੋ ਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਗੁਆਂਢੀ ਦਾਊਦ ਨੂੰ ਦੇ ਦਿੱਤਾ । 18ਇਸ ਲਈ ਜੋ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕ ਦੇ ਨਾਲ ਉਹ ਦੇ ਕ੍ਰੋਧ ਦੀ ਅੱਗ ਅਨੁਸਾਰ ਕੰਮ ਨਾ ਕੀਤਾ ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਇਹ ਕੀਤਾ । 19ਅਤੇ ਯਹੋਵਾਹ ਤੇਰੇ ਸਮੇਤ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਅਤੇ ਤੇਰੇ ਪੁੱਤਰ ਮੇਰੇ ਕੋਲ ਹੋਵੋਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ।

20ਤਦ ਸ਼ਾਊਲ ਉਸੇ ਵੇਲੇ ਧਰਤੀ ਉੱਤੇ ਲੰਮਾ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬਹੁਤ ਡਰ ਗਿਆ ਅਤੇ ਉਹ ਦੇ ਵਿੱਚ ਕੁਝ ਸਾਹ ਸਤ ਨਾ ਰਿਹਾ ਕਿਉਂ ਜੋ ਉਹ ਨੇ ਸਾਰਾ ਦਿਨ ਅਤੇ ਸਾਰੀ ਰਾਤ ਰੋਟੀ ਨਹੀਂ ਖਾਧੀ ਸੀ । 21ਤਦ ਉਹ ਇਸਤਰੀ ਸ਼ਾਊਲ ਕੋਲ ਆਈ ਅਤੇ ਜਦ ਵੇਖਿਆ ਜੋ ਉਹ ਅੱਤ ਘਬਰਾ ਗਿਆ ਹੈ ਤਾਂ ਉਸ ਨੇ ਉਹ ਨੂੰ ਆਖਿਆ, ਵੇਖੋ, ਤੁਹਾਡੀ ਦਾਸੀ ਨੇ ਤੁਹਾਡੀ ਗੱਲ ਮੰਨੀ ਅਤੇ ਮੈਂ ਆਪਣੀ ਜਾਨ ਆਪਣੇ ਹੱਥ ਦੀ ਤਲੀ ਉੱਤੇ ਰੱਖੀ ਅਤੇ ਜੋ ਗੱਲਾਂ ਤੁਸੀਂ ਮੈਨੂੰ ਆਖੀਆਂ ਸਨ ਸੋ ਮੰਨ ਲਈਆਂ । 22ਸੋ ਹੁਣ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਜੋ ਤੁਸੀਂ ਵੀ ਆਪਣੀ ਦਾਸੀ ਦੀ ਗੱਲ ਮੰਨੋ ਕਰੋ ਅਤੇ ਪਰਵਾਨਗੀ ਦਿਓ ਜੋ ਮੈਂ ਤੁਹਾਡੇ ਲਈ ਰੋਟੀ ਲੈ ਆਵਾਂ । ਤੁਸੀਂ ਉਹ ਨੂੰ ਖਾਓ ਭਈ ਜਿਸ ਵੇਲੇ ਤੁਸੀਂ ਆਪਣੇ ਰਾਹ ਵਿੱਚ ਤੁਰੋ ਤਾਂ ਜ਼ੋਰ ਹੋਵੇ । 23ਪਰ ਉਹ ਨੇ ਨਾ ਮੰਨਿਆ ਅਤੇ ਆਖਿਆ, ਮੈਂ ਨਹੀਂ ਖਾਂਦਾ ਪਰ ਉਹ ਦੇ ਸੇਵਕਾਂ ਨੇ ਉਸ ਇਸਤਰੀ ਨਾਲ ਰਲ ਕੇ ਉਹ ਨੂੰ ਵੱਡੀ ਖਿੱਚ ਕੀਤੀ ਤਾਂ ਉਹ ਨੇ ਉਨ੍ਹਾਂ ਦਾ ਆਖਿਆ ਮੰਨਿਆ ਅਤੇ ਧਰਤੀ ਉੱਤੋਂ ਉੱਠ ਕੇ ਮੰਜੇ ਉੱਤੇ ਬੈਠ ਗਿਆ । 24ਅਤੇ ਉਸ ਇਸਤਰੀ ਦੇ ਘਰ ਵਿੱਚ ਇੱਕ ਮੋਟਾ ਵੱਛਾ ਸੀ ਸੋ ਉਸ ਨੇ ਉਹ ਨੂੰ ਛੇਤੀ ਨਾਲ ਕੱਟਿਆ ਅਤੇ ਆਟਾ ਲੈ ਕੇ ਗੁੰਨਿਆ ਅਤੇ ਪਤੀਰੀਆਂ ਰੋਟੀਆਂ ਪਕਾਈਆਂ 25ਅਤੇ ਸ਼ਾਊਲ ਅਤੇ ਉਹ ਦੇ ਸੇਵਕਾਂ ਦੇ ਅੱਗੇ ਲਿਆ ਕੇ ਰੱਖੀਆਂ ਅਤੇ ਉਨ੍ਹਾਂ ਨੇ ਖਾਧਾ ਤਦ ਉਹ ਉਸੇ ਰਾਤ ਉੱਥੋਂ ਚੱਲ ਪਏ ।

29

ਫਲਿਸਤੀ ਦਾਊਦ ਉੱਤੇ ਸ਼ੱਕ ਕਰਦੇ ਹਨ

1ਸੋ ਫ਼ਲਿਸਤੀਆਂ ਦੇ ਸਾਰੇ ਦਲ ਅਫੇਕ ਵਿੱਚ ਇਕੱਠੇ ਹੋਏ ਸਨ ਅਤੇ ਇਸਰਾਏਲੀਆਂ ਨੇ ਇੱਕ ਪਾਣੀ ਦੇ ਸੋਤੇ ਦੇ ਨੇੜੇ ਜੋ ਯਿਜ਼ਰਾਏਲ ਵਿੱਚ ਹੈ ਆ ਡੇਰੇ ਲਾਏ 2ਅਤੇ ਫ਼ਲਿਸਤੀਆਂ ਦੇ ਸਰਦਾਰ ਸੈਂਕੜਿਆਂ ਤੇ ਹਜ਼ਾਰਾਂ ਦੇ ਨਾਲ ਅੱਗੇ-ਅੱਗੇ ਜਾਂਦੇ ਸਨ ਪਰ ਦਾਊਦ ਆਪਣੇ ਮਨੁੱਖਾਂ ਸਮੇਤ ਪਿੱਛੇ-ਪਿੱਛੇ ਆਕੀਸ਼ ਨਾਲ ਆਉਂਦਾ ਸੀ 3ਤਦ ਫ਼ਲਿਸਤੀ ਸਰਦਾਰਾਂ ਦੇ ਆਖਿਆ,ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ ? ਆਕੀਸ਼ ਨੇ ਫ਼ਲਿਸਤੀ ਸਰਦਾਰਾਂ ਨੂੰ ਆਖਿਆ, ਭਲਾ, ਇਹ ਦਾਊਦ ਇਸਰਾਏਲ ਦੇ ਰਾਜਾ ਸ਼ਾਊਲ ਦਾ ਦਾਸ ਨਹੀਂ ਜੋ ਐੱਨੇ ਦਿਨਾਂ ਅਤੇ ਐੱਨੇ ਸਾਲਾਂ ਤੋਂ ਮੇਰੇ ਨਾਲ ਹੈ ਅਤੇ ਜਦੋਂ ਦਾ ਉਹ ਮੇਰੇ ਕੋਲ ਆਇਆ ਹੈ ਮੈਂ ਉਹ ਦੇ ਵਿੱਚ ਕੋਈ ਖੋਟ ਨਹੀਂ ਵੇਖੀ ? 4ਤਦ ਫ਼ਲਿਸਤੀਆਂ ਦੇ ਹਾਕਮ ਉਹ ਦੇ ਨਾਲ ਗੁੱਸੇ ਹੋਏ ਅਤੇ ਫ਼ਲਿਸਤੀ ਹਾਕਮਾਂ ਨੇ ਉਹ ਨੂੰ ਆਖਿਆ ਕਿ ਇਸ ਮਨੁੱਖ ਨੂੰ ਐੱਥੋਂ ਮੋੜ ਦਿਓ ਜੋ ਉਹ ਆਪਣੇ ਥਾਂ ਵੱਲ ਜੋ ਤੁਸੀਂ ਉਹ ਦੇ ਲਈ ਠਹਿਰਾਇਆ ਹੈ ਮੁੜ ਜਾਵੇ ਪਰ ਸਾਡੇ ਨਾਲ ਰਲ ਕੇ ਲੜਾਈ ਵਿੱਚ ਨਾ ਜਾਵੇ ਕੀ ਜਾਣੀਏ ਜੋ ਉਹ ਲੜਾਈ ਵੇਲੇ ਸਾਡੇ ਨਾਲ ਵੈਰ ਕਰੇ ਕਿਉਂ ਜੋ ਉਹ ਆਪਣੇ ਮਾਲਕ ਨਾਲ ਕਿਵੇਂ ਮੇਲ ਕਰੇਗਾ ? ਭਲਾ,ਇਨ੍ਹਾਂ ਲੋਕਾਂ ਦੇ ਸਿਰਾਂ ਨੂੰ ਵੱਡ ਕੇ ਨਹੀਂ ਕਰੇਗਾ ? 5ਭਲਾ,ਇਹ ਉਹ ਦਾਊਦ ਨਹੀਂ ਜਿਸ ਦੇ ਲਈ ਉਹ ਨੱਚਦੀਆਂ ਹੋਈਆਂ ਗਾਉਂਦੀਆਂ ਸਨ,

ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ,

ਅਤੇ ਦਾਊਦ ਨੇ ਲੱਖਾਂ ਨੂੰ ?

6ਤਦ ਆਕੀਸ਼ ਨੇ ਦਾਊਦ ਨੂੰ ਸੱਦ ਕੇ ਆਖਿਆ,ਜਿਉਂਦੇ ਯਹੋਵਾਹ ਦੀ ਸਹੁੰ,ਸੱਚ-ਮੁੱਚ ਤੂੰ ਸਿੱਧਾ ਹੀ ਹੈਂ ਅਤੇ ਮੇਰੇ ਨਾਲ ਦਲ ਵਿੱਚ ਤੇਰਾ ਆਉਣਾ ਜਾਣਾ ਮੈਨੂੰ ਚੰਗਾ ਦਿੱਸਿਆ ਕਿਉਂ ਜੋ ਜਿਸ ਦਿਨ ਦਾ ਤੂੰ ਮੇਰੇ ਕੋਲ ਆਇਆ ਹੈਂ ਅੱਜ ਤੱਕ ਮੈਂ ਤੇਰੇ ਵਿੱਚ ਕੋਈ ਔਗੁਣ ਨਹੀਂ ਲੱਭਾ ਪਰ ਸਰਦਾਰ ਤੇਰੇ ਨਾਲ ਰਾਜ਼ੀ ਨਹੀਂ 7ਸੋ ਹੁਣ ਤੂੰ ਮੁੜ ਅਤੇ ਸੁਖ ਨਾਲ ਚੱਲਿਆ ਜਾ ਜੋ ਫ਼ਲਿਸਤੀ ਪ੍ਰਧਾਨ ਤੇਰੇ ਨਾਲ ਗੁੱਸਾ ਨਾ ਹੋਣ । 8ਤਦ ਦਾਊਦ ਨੇ ਆਕੀਸ਼ ਨੂੰ ਆਖਿਆ,ਮੈਂ ਕੀ ਕੀਤਾ ਹੈ ਅਤੇ ਜਿਸ ਸਮੇਂ ਦਾ ਮੈਂ ਤੇਰੇ ਕੋਲ ਆਇਆ ਹਾਂ ਉਦੋਂ ਦਾ ਅੱਜ ਤੱਕ ਤੂੰ ਮੇਰੇ ਵਿੱਚ ਕੀ ਵੇਖਿਆ ਹੈ ਜੋ ਮੈਂ ਆਪਣੇ ਸੁਆਮੀ ਰਾਜਾ ਦੇ ਵੈਰੀਆਂ ਨਾਲ ਲੜਨ ਲਈ ਨਾ ਜਾਂਵਾਂ ? 9ਤਦ ਆਕੀਸ਼ ਨੇ ਦਾਊਦ ਨੂੰ ਉੱਤਰ ਦਿੱਤਾ,ਇਹ ਤਾਂ ਮੈਂ ਜਾਣਦਾ ਹਾਂ ਅਤੇ ਤੂੰ ਮੇਰੇ ਵੇਖਣ ਵਿੱਚ ਪਰਮੇਸ਼ੁਰ ਦੇ ਦੂਤ ਵਰਗਾ ਭਲਾ ਹੈਂ ਪਰ ਫ਼ਲਿਸਤੀ ਹਾਕਮਾਂ ਨੇ ਕਿਹਾ ਕਿ ਉਹ ਸਾਡੇ ਨਾਲ ਲੜਾਈ ਵਿੱਚ ਨਾ ਜਾਏ 10ਸੋ ਹੁਣ ਤੂੰ ਸਵੇਰੇ ਆਪਣੇ ਮਾਲਕ ਦੇ ਸੇਵਕਾਂ ਸਮੇਤ ਜੋ ਇੱਥੇ ਤੇਰੇ ਨਾਲ ਆਏ ਹਨ ਉੱਠ ਕੇ ਛੇਤੀ ਸਵੇਰ ਹੁੰਦੇ ਹੀ ਵਿਦਾ ਹੋ ਜਾਈਂ 11ਸੋ ਦਾਊਦ ਆਪਣਿਆਂ ਮਨੁੱਖਾਂ ਨਾਲ ਤੜਕੇ ਹੀ ਉੱਠਿਆ ਜੋ ਪਰਭਾਤ ਨੂੰ ਉੱਥੋਂ ਤੁਰ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਮੁੜ ਜਾਵੇ ਅਤੇ ਫ਼ਲਿਸਤੀਆਂ ਨੇ ਯਿਜ਼ਰਾਏਲ ਤੇ ਚੜਾਈ ਕੀਤੀ ।

30

ਅਮਾਲੇਕੀਆਂ ਦੇ ਵਿਰੁੱਧ ਯੁੱਧ

1ਜਦ ਦਾਊਦ ਆਪਣੇ ਸਾਥੀਆਂ ਨਾਲ ਤੀਜੇ ਦਿਨ ਸਿਕਲਗ ਵਿੱਚ ਪਹੁੰਚਿਆ, ਤਦ ਅਮਾਲੇਕੀਆਂ ਨੇ ਦੱਖਣੀ ਦੇਸ ਅਤੇ ਸਿਕਲਗ ਉੱਤੇ ਹਮਲਾ ਕੀਤਾ, ਅਤੇ ਸਿਕਲਗ ਨੂੰ ਮਾਰਿਆ ਅਤੇ ਉਹ ਨੂੰ ਸਾੜ ਸੁੱਟਿਆ । 2ਅਤੇ ਜਿਹੜੀਆਂ ਇਸਤਰੀਆਂ ਉੱਥੇ ਸਨ ਉਹਨਾਂ ਨੂੰ ਅਤੇ ਜਿਨ੍ਹੇ ਵੀ ਨਿੱਕੇ ਵੱਡੇ ਸਨ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ । ਪਰ ਕਿਸੇ ਨੂੰ ਮਾਰਿਆ ਨਹੀਂ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚੱਲ ਪਏ । 3ਜਦ ਦਾਊਦ ਅਤੇ ਉਸ ਦੇ ਸਾਥੀ ਸ਼ਹਿਰ ਵਿੱਚ ਵੜੇ ਤਾਂ ਵੇਖੋ, ਉਹ ਅੱਗ ਨਾਲ ਸੜਿਆ ਪਿਆ ਸੀ ਅਤੇ ਉਨ੍ਹਾਂ ਦੀਆਂ ਇਸਤਰੀਆਂ ਅਤੇ ਉਨ੍ਹਾਂ ਦੇ ਪੁੱਤਰ ਅਤੇ ਧੀਆਂ ਸਾਰੇ ਗ਼ੁਲਾਮ ਹੋ ਗਏ ਸਨ । 4ਤਦ ਦਾਊਦ ਅਤੇ ਉਹ ਦੇ ਨਾਲ ਦੇ ਲੋਕ ਉੱਚੀ ਅਵਾਜ਼ ਨਾਲ ਅਜਿਹਾ ਰੋਏ ਜੋ ਹੋਰ ਰੋਣ ਦਾ ਉਨ੍ਹਾਂ ਵਿੱਚ ਜ਼ੋਰ ਨਾ ਰਿਹਾ । 5ਦਾਊਦ ਦੀਆਂ ਦੋਵੇਂ ਪਤਨੀਆਂ, ਯਿਜ਼ਰਾਏਲੀ ਅਹੀਨੋਅਮ ਅਤੇ ਅਬੀਗੈਲ ਵੀ ਜੋ ਅੱਗੇ ਕਰਮਲੀ ਨਾਬਾਲ ਦੀ ਇਸਤਰੀ ਸੀ, ਗ਼ੁਲਾਮ ਬਣ ਗਈਆਂ ਸਨ । 6ਦਾਊਦ ਵੱਡੇ ਸੰਕਟ ਵਿੱਚ ਪਿਆ ਕਿਉਂ ਜੋ ਲੋਕ ਉਹ ਨੂੰ ਵੱਟੇ ਮਾਰਨ ਦੀ ਯੋਜਨਾ ਬਣਾ ਰਹੇ ਸਨ ਇਸ ਲਈ ਜੋ ਸੱਭੇ ਆਪੋ ਆਪਣੇ ਪੁੱਤਰਾਂ ਧੀਆਂ ਵੱਲੋਂ ਬਹੁਤ ਦੁਖੀ ਸਨ । ਪਰ ਦਾਊਦ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਕਰ ਆਪਣੇ ਆਪ ਨੂੰ ਤਕੜਾ ਕੀਤਾ

7ਅਤੇ ਦਾਊਦ ਨੇ ਅਹੀਮਲਕ ਦੇ ਪੁੱਤਰ ਅਬਯਾਥਾਰ ਜਾਜਕ ਨੂੰ ਆਖਿਆ, ਮੈਂ ਤੇਰੇ ਅੱਗੇ ਬੇਨਤੀ ਕਰਨਾ ਜੋ ਐੱਥੇ ਮੇਰੇ ਕੋਲ ਏਫੋਦ ਲੈ ਆ । ਸੋ ਅਬਯਾਥਾਰ ਉੱਥੇ ਦਾਊਦ ਕੋਲ ਏਫੋਦ ਲੈ ਆਇਆ 8ਤਾਂ ਦਾਊਦ ਨੇ ਯਹੋਵਾਹ ਕੋਲੋਂ ਗੱਲ ਪੁੱਛੀ ਅਤੇ ਆਖਿਆ, ਮੈਂ ਉਸ ਦਲ ਦਾ ਪਿਛਾ ਕਰਨ ਜਾਂਵਾਂ ਕਿ ਨਹੀਂ ? ਕੀ ਮੈਂ ਉਨ੍ਹਾਂ ਕੋਲ ਪਹੁੰਚਾਗਾ ਜਾਂ ਨਹੀਂ ? ਉਸ ਨੇ ਉੱਤਰ ਦਿੱਤਾ, ਪਿਛਾ ਕਰ ਕਿਉਂ ਜੋ ਜ਼ਰੂਰ ਤੂੰ ਉਨ੍ਹਾਂ ਕੋਲ ਪਹੁੰਚੇਗਾ ਅਤੇ ਨਿਸੰਗ ਤੂੰ ਉਨ੍ਹਾਂ ਕੋਲੋਂ ਸਭ ਕੁਝ ਛੁਡਾ ਲਵੇਂਗਾ । 9ਸੋ ਦਾਊਦ ਅਤੇ ਉਹ ਦੇ ਨਾਲ ਦੇ ਛੇ ਸੌ ਮਨੁੱਖ ਬਸੋਰ ਦੇ ਨਾਲੇ ਤੱਕ ਆਏ, ਅਤੇ ਉਹ ਜੋ ਪਿੱਛੇ ਛੱਡੇ ਗਏ ਸੋ ਉੱਥੇ ਹੀ ਰਹੇ । 10ਪਰ ਦਾਊਦ ਮਗਰ ਲੱਗਾ ਰਿਹਾ ਉਹ ਅਤੇ ਚਾਰ ਸੌ ਮਨੁੱਖ ਬਾਕੀ ਜੋ ਦੋ ਸੌ ਪਿੱਛੇ ਰਹਿ ਗਏ ਸਨ ਜੋ ਅਜਿਹੇ ਥੱਕ ਗਏ ਸਨ ਕਿ ਬਸੋਰ ਦੇ ਨਾਲੇ ਦੇ ਪਾਰ ਨਾ ਲੰਘ ਸੱਕੇ ।

11ਉਨ੍ਹਾਂ ਨੂੰ ਮੈਦਾਨ ਵਿੱਚ ਇੱਕ ਮਿਸਰੀ ਮਨੁੱਖ ਮਿਲਿਆ, ਸੋ ਉਹ ਨੂੰ ਦਾਊਦ ਕੋਲ ਲੈ ਆਏ ਅਤੇ ਉਹ ਨੂੰ ਰੋਟੀ ਦਿੱਤੀ ਅਤੇ ਉਹ ਨੇ ਖਾਧੀ ਅਤੇ ਉਹ ਨੂੰ ਪਾਣੀ ਵੀ ਪਿਲਾਇਆ । 12ਨਾਲੇ ਉਨ੍ਹਾਂ ਨੇ ਇੱਕ ਹਜੀਰ ਦੀ ਪਿੰਨੀ ਅਤੇ ਦੋ ਗੁੱਛੇ ਸੌਗੀ ਦੇ ਉਹ ਨੂੰ ਦਿੱਤੇ ਅਤੇ ਜਦ ਉਹ ਨੇ ਖਾਧੇ ਤਾਂ ਉਹ ਦੇ ਵਿੱਚ ਜਾਨ ਆ ਗਈ ਕਿਉਂ ਜੋ ਉਹ ਨੇ ਤਿੰਨ ਦਿਨ ਅਤੇ ਤਿੰਨ ਰਾਤਾਂ ਤੋਂ ਨਾ ਰੋਟੀ ਖਾਧੀ,ਨਾ ਹੀ ਪਾਣੀ ਪੀਤਾ ਸੀ । 13ਤਦ ਦਾਊਦ ਨੇ ਉਹ ਨੂੰ ਪੁੱਛਿਆ, ਤੂੰ ਕਿਸ ਦਾ ਬੰਦਾ ਹੈਂ ਅਤੇ ਤੂੰ ਕਿਥੋਂ ਦਾ ਹੈ ? ਉਹ ਬੋਲਿਆ, ਜੀ ਮੈਂ ਇੱਕ ਮਿਸਰੀ ਜੁਆਨ ਹਾਂ ਅਤੇ ਇੱਕ ਅਮਾਲੇਕੀ ਦਾ ਸੇਵਕ ਹਾਂ ਅਤੇ ਮੇਰਾ ਮਾਲਕ ਮੈਨੂੰ ਛੱਡ ਗਿਆ ਹੈ ਕਿਉਂ ਜੋ ਤਿੰਨ ਦਿਨ ਹੋਏ ਹਨ ਤਾਂ ਮੈਂ ਬੀਮਾਰ ਪੈ ਗਿਆ । 14ਅਸੀਂ ਕਰੇਤੀਆਂ ਦੇ ਦੱਖਣ ਅਤੇ ਯਹੂਦਾਹ ਦੇ ਦੇਸ ਉੱਤੇ ਅਤੇ ਕਾਲੇਬ ਦੇ ਦੱਖਣ ਉੱਤੇ ਵੀ ਲੁੱਟ ਮਾਰ ਕੀਤੀ ਸੀ ਅਤੇ ਸਿਕਲਗ ਨੂੰ ਅਸੀਂ ਅੱਗ ਨਾਲ ਸਾੜ ਸੁੱਟਿਆ । 15ਤਦ ਦਾਊਦ ਨੇ ਉਹ ਨੂੰ ਆਖਿਆ, ਭਲਾ, ਤੂੰ ਮੈਨੂੰ ਉਹਨਾਂ ਦੇ ਕੋਲ ਪਹੁੰਚਾ ਸਕਦਾ ਹੈਂ ? ਉਹ ਬੋਲਿਆ, ਮੇਰੇ ਨਾਲ ਪਰਮੇਸ਼ੁਰ ਦੀ ਸਹੁੰ ਚੁਕ ਜੋ ਤੂੰ ਮੈਨੂੰ ਜਾਨੋਂ ਨਾ ਮਾਰੇਂਗਾ ਅਤੇ ਨਾ ਮੇਰੇ ਮਾਲਕ ਦੇ ਹੱਥ ਮੈਨੂੰ ਸੌਪੇਂਗਾ ਤਾਂ ਮੈਂ ਉਹਨਾਂ ਕੋਲ ਤੈਨੂੰ ਪਹੁੰਚਾਵਾਂਗਾ ।

16ਜਦ ਉਹ ਉਸ ਨੂੰ ਉੱਥੇ ਲੈ ਗਿਆ ਤਾਂ ਵੇਖੋ, ਉਹ ਸਾਰੀ ਧਰਤੀ ਉੱਤੇ ਖਿੰਡੇ ਹੋਏ ਸਨ ਅਤੇ ਉਸ ਢੇਰ ਸਾਰੀ ਲੁੱਟ ਦੇ ਕਾਰਨ ਜੋ ਉਨ੍ਹਾਂ ਨੇ ਫ਼ਲਿਸਤੀਆਂ ਦੇ ਦੇਸ ਅਤੇ ਯਹੂਦਾਹ ਦੇ ਦੇਸ ਵਿੱਚੋਂ ਲੁੱਟੀ ਸੀ ਖਾਂਦੇ-ਪੀਂਦੇ ਅਤੇ ਨੱਚਦੇ ਸਨ । 17ਦਾਊਦ ਨੇ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਜੇ ਦਿਨ ਸ਼ਾਮ ਤੱਕ ਉਨ੍ਹਾਂ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ ਸਿਰਫ਼ ਚਾਰ ਸੌ ਜੁਆਨ ਊਠਾਂ ਉੱਤੇ ਚੜ੍ਹ ਕੇ ਭੱਜ ਨਿੱਕਲੇ । 18ਅਤੇ ਜੋ ਕੁਝ ਅਮਾਲੇਕੀ ਨਾਲ ਲੈ ਗਏ ਸਨ ਦਾਊਦ ਨੇ ਸਭ ਨੂੰ ਛੁਡਾ ਲਿਆ ਅਤੇ ਦਾਊਦ ਨੇ ਆਪਣੀਆਂ ਦੋਹਾਂ ਪਤਨੀਆਂ ਨੂੰ ਵੀ ਛੁਡਾਇਆ । 19ਉਨ੍ਹਾਂ ਦੀ ਕਿਸੇ ਵਸਤੂ ਦਾ ਘਾਟਾ ਨਾ ਹੋਇਆ, ਨਾ ਨਿੱਕੀ ਨਾ ਵੱਡੀ, ਨਾ ਧੀ ਨਾ ਪੁੱਤਰ, ਨਾ ਲੁੱਟ ਨਾ ਕੋਈ ਵਸਤੂ ਜੋ ਉਨ੍ਹਾਂ ਆਪਣੇ ਲਈ ਲੁੱਟੀ ਸੀ, ਦਾਊਦ ਨੇ ਸਭ ਕੁਝ ਮੋੜ ਲਿਆਂਦਾ । 20ਅਤੇ ਦਾਊਦ ਨੇ ਸਾਰੇ ਇੱਜੜ ਅਤੇ ਡੰਗਰ ਲੈ ਲਏ ਅਤੇ ਉਨ੍ਹਾਂ ਨੂੰ ਰਹਿੰਦੇ ਡੰਗਰਾਂ ਦੇ ਅੱਗੇ ਹੱਕ ਦਿੱਤਾ ਅਤੇ ਆਖਦੇ ਸਨ ਜੋ ਇਹ ਦਾਊਦ ਦੀ ਲੁੱਟ ਹੈ ।

21ਦਾਊਦ ਉਨ੍ਹਾਂ ਦੋ ਸੌ ਮਨੁੱਖਾਂ ਕੋਲ ਜੋ ਥੱਕ ਕੇ ਦਾਊਦ ਦੇ ਨਾਲ ਨਹੀਂ ਜਾ ਸੱਕੇ, ਜਿਹੜੇ ਉਨ੍ਹਾਂ ਨੇ ਬਸੋਰ ਦੇ ਨਾਲੇ ਕੋਲ ਹੀ ਰਹਿਣ ਦਿੱਤੇ ਸਨ ਮੁੜ ਆਇਆ ਅਤੇ ਉਹ ਦਾਊਦ ਦੇ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਮਿਲਣ ਨੂੰ ਨਿੱਕਲੇ ਅਤੇ ਜਦ ਦਾਊਦ ਉਨ੍ਹਾਂ ਲੋਕਾਂ ਦੇ ਨੇੜੇ ਆਇਆ ਤਾਂ ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ । 22ਉਸ ਵੇਲੇ ਜਿਹੜੇ ਦਾਊਦ ਦੇ ਨਾਲ ਗਏ ਸਨ ਉਹਨਾਂ ਵਿੱਚੋਂ ਸਭਨਾਂ ਦੁਸ਼ਟ ਅਤੇ ਬੁਰਿਆਰੇ ਲੋਕਾਂ ਨੇ ਆਖਿਆ, ਇਹ ਜੋ ਸਾਡੇ ਨਾਲ ਨਹੀਂ ਗਏ ਇਸ ਕਰਕੇ ਅਸੀਂ ਉਸ ਲੁੱਟ ਵਿੱਚੋਂ ਜੋ ਅਸੀਂ ਛੁਡਾਈ ਹੈ ਨਿਰਾ ਉਨ੍ਹਾਂ ਦੀਆਂ ਵਹੁਟੀਆਂ ਅਤੇ ਪੁੱਤਰਾਂ ਧੀਆਂ ਤੋਂ ਬਿਨ੍ਹਾਂ ਜੋ ਉਹ ਲੈ ਕੇ ਤੁਰ ਜਾਣ ਹੋਰ ਕੁਝ ਨਾ ਦਿਆਂਗੇ । 23ਤਾਂ ਦਾਊਦ ਬੋਲਿਆ, ਹੇ ਮੇਰੇ ਭਰਾਵੋ, ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਹੈ ਉਸ ਲੁੱਟ ਨਾਲ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂ ਜੋ ਉਸੇ ਨੇ ਸਾਨੂੰ ਬਚਾਇਆ ਅਤੇ ਜਿਸ ਨੇ ਸਾਨੂੰ ਲੁੱਟਿਆ ਸੀ ਉਹ ਦਲ ਸਾਡੇ ਹੱਥ ਵਿੱਚ ਕਰ ਦਿੱਤਾ । 24ਇਸ ਗੱਲ ਵਿੱਚ ਭਲਾ, ਤੁਹਾਡੀ ਕੌਣ ਸੁਣੇਗਾ ? ਕਿਉਂ ਜੋ ਜਿਵੇਂ ਜਿਹੜਾ ਕੋਈ ਲੜਾਈ ਵਿੱਚ ਜਾਂਦਾ ਹੈ, ਜੇਹੀ ਵੰਡ ਉਹ ਨੂੰ ਮਿਲਦੀ ਹੈ ਤੇਹਾ ਹੀ ਜਿਹੜਾ ਕੋਈ ਡੇਰੇ ਵਿੱਚ ਰਹੇ ਮਿਲੇਗੀ । ਦੋਹਾਂ ਦੀ ਇੱਕੋ ਜੇਹੀ ਵੰਡ ਹੋਵੇਗੀ । 25ਸੋ ਉਸ ਦਿਨ ਤੋਂ ਉਸ ਨੇ ਇਸਰਾਏਲ ਦੇ ਲਈ ਇਹ ਬਿਧੀ ਅਤੇ ਹੁਕਮ ਠਹਿਰਾ ਦਿੱਤਾ ਜੋ ਅੱਜ ਤੱਕ ਹੈ ।

26ਜਦ ਦਾਊਦ ਸਿਕਲਗ ਵਿੱਚ ਆਇਆ ਤਾਂ ਉਸ ਨੇ ਲੁੱਟ ਵਿੱਚੋਂ ਯਹੂਦਾਹ ਦੇ ਬਜ਼ੁਰਗਾਂ ਅਤੇ ਆਪਣੇ ਮਿੱਤ੍ਰਾਂ ਦੇ ਲਈ ਕੁਝ ਭੇਜਿਆ ਅਤੇ ਆਖਿਆ, ਵੇਖੋ,ਯਹੋਵਾਹ ਦੇ ਵੈਰੀਆਂ ਦੇ ਮਾਲ ਦੀ ਲੁੱਟ ਵਿੱਚੋਂ ਇਹ ਤੁਹਾਡੇ ਲਈ ਇੱਕ ਸੁਗਾਤ ਹੈ । 27ਅਤੇ ਜਿਹੜੇ ਬੈਤੇਲ ਵਿੱਚ ਸਨ ਉਨ੍ਹਾਂ ਕੋਲ ਭੇਜਿਆ ਅਤੇ ਉਨ੍ਹਾਂ ਕੋਲ ਜੋ ਦੱਖਣੀ ਰਾਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯੱਤੀਰ ਵਿੱਚ ਸਨ 28ਅਤੇ ਉਨ੍ਹਾਂ ਕੋਲ ਜੋ ਅਰੋਏਰ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਸਿਫਮੋਥ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਇਸ਼ਤਿਮੋਆ ਵਿੱਚ ਸਨ 29ਅਤੇ ਉਨ੍ਹਾਂ ਕੋਲ ਜੋ ਰਾਕਾਲ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਯਰਹਮਿਏਲੀਆਂ ਦੇ ਸ਼ਹਿਰਾਂ ਵਿੱਚ ਅਤੇ ਉਨ੍ਹਾਂ ਕੋਲ ਜੋ ਕੇਨੀਆਂ ਦੇ ਸ਼ਹਿਰਾਂ ਵਿੱਚ ਸਨ 30ਨਾਲੇ ਉਨ੍ਹਾਂ ਕੋਲ ਜੋ ਹਾਰਮਾਹ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਕੋਰਾਸ਼ਾਨ ਵਿੱਚ ਸਨ ਅਤੇ ਉਨ੍ਹਾਂ ਕੋਲ ਜੋ ਅਤਾਕ ਵਿੱਚ ਸਨ 31ਅਤੇ ਉਨ੍ਹਾਂ ਕੋਲ ਜੋ ਹਬਰੋਨ ਵਿੱਚ ਸਨ ਅਤੇ ਉਨ੍ਹਾਂ ਸਭਨਾਂ ਥਾਵਾਂ ਵਿੱਚ ਜਿੱਥੇ ਜਿੱਥੇ ਦਾਊਦ ਅਤੇ ਉਹ ਦੇ ਲੋਕ ਭੌਂਦੇ ਰਹੇ ਸਨ ਭੇਜਿਆ ।

31

ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀ ਮੌਤ

(1 ਇਤਿਹਾਸ 10:1-12)

1ਫੇਰ ਫ਼ਲਿਸਤੀਆਂ ਨੇ ਇਸਰਾਏਲ ਨਾਲ ਲੜਾਈ ਕੀਤੀ ਅਤੇ ਇਸਰਾਏਲੀ ਮਨੁੱਖ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ, ਅਤੇ ਗਿਲਬੋਆ ਦੇ ਪਹਾੜ ਵਿੱਚ ਮਾਰੇ ਗਏ । 2ਫ਼ਲਿਸਤੀਆਂ ਨੇ ਸ਼ਾਊਲ ਅਤੇ ਉਹ ਦੇ ਪੁੱਤਰਾਂ ਦਾ ਬਹੁਤ ਪਿੱਛਾ ਕੀਤਾ, ਯੋਨਾਥਾਨ ਅਤੇ ਅਬੀਨਾਦਾਬ ਅਤੇ ਮਲਕਿਸ਼ੂਆ, ਸ਼ਾਊਲ ਦੇ ਪੁੱਤਰਾਂ ਨੂੰ ਮਾਰ ਸੁੱਟਿਆ । 3ਸ਼ਾਊਲ ਨਾਲ ਲੜਾਈ ਵੱਧ ਗਈ ਅਤੇ ਤੀਰਅੰਦਾਜਾਂ ਨੇ ਉਹ ਨੂੰ ਲੱਭਾ ਅਤੇ ਤੀਰਅੰਦਾਜਾਂ ਦੇ ਹੱਥੋਂ ਉਹ ਬਹੁਤ ਦੁਖੀ ਹੋਇਆ । 4ਤਦ ਸ਼ਾਊਲ ਨੇ ਆਪਣੇ ਸ਼ਸਤਰ ਚੁੱਕਣ ਵਾਲੇ ਨੂੰ ਆਖਿਆ, ਆਪਣੀ ਤਲਵਾਰ ਨਾਲ ਮੈਨੂੰ ਵਿੰਨ ਦੇ ਕਿਤੇ ਅਜਿਹਾ ਨਾ ਹੋਵੇ ਜੋ ਇਹ ਅਸੁੰਨਤੀ ਆਉਣ ਅਤੇ ਮੈਨੂੰ ਵਿੰਨਣ ਅਤੇ ਮੇਰੇ ਨਾਲ ਮਖੌਲ ਕਰਨ । ਪਰ ਇਹ ਗੱਲ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਨਾ ਮੰਨੀ ਕਿਉਂ ਜੋ ਉਹ ਬਹੁਤ ਘਬਰਾ ਗਿਆ । ਤਦ ਸ਼ਾਊਲ ਤਲਵਾਰ ਫੜ੍ਹ ਕੇ ਉਹ ਦੇ ਉੱਤੇ ਡਿੱਗ ਪਿਆ । 5ਜਦ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਵੇਖਿਆ ਜੋ ਸ਼ਾਊਲ ਮਰ ਗਿਆ ਹੈ ਤਾਂ ਉਹ ਵੀ ਆਪਣੀ ਤਲਵਾਰ ਉੱਤੇ ਡਿੱਗ ਪਿਆ ਅਤੇ ਉਹ ਦੇ ਨਾਲ ਹੀ ਮਰ ਗਿਆ । 6ਸੋ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਅਤੇ ਉਹ ਦਾ ਸ਼ਸਤਰ ਚੁੱਕਣ ਵਾਲਾ ਅਤੇ ਉਹ ਦਾ ਸਾਰਾ ਘਰਾਣਾ ਉਸ ਦਿਨ ਇਕੱਠੇ ਹੀ ਮਰ ਗਏ । 7ਜਦ ਉਨ੍ਹਾਂ ਇਸਰਾਏਲੀ ਮਨੁੱਖਾਂ ਨੇ ਜੋ ਉਸ ਵਾਦੀ ਦੇ ਦੂਜੀ ਵੱਲ ਸਨ ਅਤੇ ਉਨ੍ਹਾਂ ਨੇ ਜੋ ਯਰਦਨੋਂ ਪਾਰ ਸਨ ਇਹ ਡਿੱਠਾ ਜੋ ਇਸਰਾਏਲ ਦੇ ਲੋਕ ਨੱਠੇ ਅਤੇ ਸ਼ਾਊਲ ਅਤੇ ਉਹ ਦੇ ਪੁੱਤਰ ਮਰੇ ਪਏ ਹਨ ਤਾਂ ਉਹ ਵੀ ਸ਼ਹਿਰਾਂ ਨੂੰ ਛੱਡ ਕੇ ਭੱਜ ਗਏ ਅਤੇ ਫ਼ਲਿਸਤੀ ਉਨ੍ਹਾਂ ਵਿੱਚ ਆਣ ਵੱਸੇ ।

8ਅਗਲੇ ਦਿਨ ਜਿਸ ਵੇਲੇ ਫ਼ਲਿਸਤੀ ਉਨ੍ਹਾਂ ਮਰਿਆਂ ਹੋਇਆਂ ਦੇ ਸ਼ਸਤਰ ਬਸਤਰ ਉਤਾਰਨ ਆਏ ਤਾਂ ਉਨ੍ਹਾਂ ਨੂੰ ਸ਼ਾਊਲ ਅਤੇ ਉਹ ਦੇ ਤਿੰਨੇ ਪੁੱਤਰ ਗਿਲਬੋਆ ਪਹਾੜ ਵਿੱਚ ਪਏ ਮਿਲੇ । 9ਸੋ ਉਨ੍ਹਾਂ ਨੇ ਉਸ ਦਾ ਸਿਰ ਵੱਢ ਸੁੱਟਿਆ ਅਤੇ ਉਹ ਦੇ ਸ਼ਸਤਰ ਲਾਹ ਕੇ ਫ਼ਲਿਸਤੀਆਂ ਦੇ ਦੇਸ ਵਿੱਚ ਘੱਲ ਦਿੱਤੇ ਜੋ ਉਨ੍ਹਾਂ ਦੇਵਤਿਆਂ ਦੇ ਮੰਦਰਾਂ ਵਿੱਚ ਅਤੇ ਲੋਕਾਂ ਵਿੱਚ ਉਸ ਦੀ ਖ਼ਬਰ ਦੇਣ । 10ਸੋ ਉਨ੍ਹਾਂ ਨੇ ਉਹ ਦੇ ਸ਼ਸਤਰਾਂ ਨੂੰ ਅਸ਼ਤਾਰੋਥ ਦੇਵੀ ਦੇ ਮੰਦਰ ਵਿੱਚ ਰੱਖਿਆ ਅਤੇ ਉਹ ਦੀ ਲਾਸ਼ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ । 11ਜਦ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਸੁਣਿਆ ਜੋ ਫ਼ਲਿਸਤੀਆਂ ਨੇ ਸ਼ਾਊਲ ਨਾਲ ਐਉਂ ਕੀਤਾ, 12ਤਾਂ ਉਨ੍ਹਾਂ ਵਿੱਚੋਂ ਸਭ ਸੂਰਮੇ ਉੱਠੇ, ਸਾਰੀ ਰਾਤ ਤੁਰੇ ਗਏ ਅਤੇ ਬੈਤ-ਸ਼ਾਨ ਦੀ ਕੰਧ ਉੱਤੋਂ ਉਹ ਦੇ ਪੁੱਤਰਾਂ ਦੀਆਂ ਲਾਸ਼ਾਂ ਸਮੇਤ ਉਹ ਦੀ ਲਾਸ਼ ਉਤਾਰ ਕੇ ਯਾਬੇਸ਼ ਵਿੱਚ ਮੁੜ ਆਏ ਅਤੇ ਉੱਥੇ ਉਨ੍ਹਾਂ ਨੂੰ ਸਾੜ ਦਿੱਤਾ । 13ਤਦ ਉਨ੍ਹਾਂ ਦੀਆਂ ਹੱਡੀਆਂ ਨੂੰ ਲਿਆ ਅਤੇ ਉਨ੍ਹਾਂ ਨੂੰ ਯਾਬੇਸ਼ ਵਿੱਚ ਬਲੂਤ ਦੇ ਬਿਰਛ ਹੇਠ ਦੱਬ ਦਿੱਤਾ ਅਤੇ ਸੱਤ ਦਿਨ ਤੱਕ ਵਰਤ ਰੱਖਿਆ ।